ਭਾਰਤ ਬਨਾਮ ਬੰਗਲਾਦੇਸ਼: ਅਭਿਸ਼ੇਕ ਸ਼ਰਮਾ ਨੇ ਮੁੜ ਕੀਤਾ ਕਮਾਲ, ਅੰਮ੍ਰਿਤਸਰ ਦਾ ਮੁੰਡਾ ਇੱਥੋਂ ਤੱਕ ਕਿਵੇਂ ਪਹੁੰਚਿਆ, ਪਿਤਾ ਨੇ ਦੱਸੀ ਸੰਘਰਸ਼ ਦੀ ਕਹਾਣੀ

ਆਪਣੇ ਪਿਤਾ ਰਾਜ ਰਾਜ ਕੁਮਾਰ ਸ਼ਰਮਾ ਨਾਲ ਅਭਿਸ਼ੇਕ

ਤਸਵੀਰ ਸਰੋਤ, RAJ KUMAR SHARMA

ਤਸਵੀਰ ਕੈਪਸ਼ਨ, ਆਪਣੇ ਪਿਤਾ ਰਾਜ ਕੁਮਾਰ ਸ਼ਰਮਾ ਨਾਲ ਅਭਿਸ਼ੇਕ
    • ਲੇਖਕ, ਅਭੀਜੀਤ ਸ਼੍ਰੀਵਾਸਤਵ, ਭਰਤ ਸ਼ਰਮਾ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੀ ਬੰਗਲਾਦੇਸ਼ 'ਤੇ ਜਿੱਤ ਤੋਂ ਬਾਅਦ ਵਰਿੰਦਰ ਸਹਿਵਾਗ ਨੇ ਸੁਨੀਲ ਗਾਵਸਕਰ ਦੀ ਇੱਕ ਸਲਾਹ ਦਾ ਜ਼ਿਕਰ ਕੀਤਾ। ਗਾਵਸਕਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ 70 ਜਾਂ 80 ਦੇ ਸਕੋਰ 'ਤੇ ਪਹੁੰਚ ਜਾਓ ਤਾਂ 100 ਮਿਸ ਨਾ ਕਰੋ।

ਅਭਿਸ਼ੇਕ ਸ਼ਰਮਾ ਨੇ ਏਸ਼ੀਆ ਕੱਪ ਵਿੱਚ ਲਗਾਤਾਰ ਦੂਜੇ ਮੈਚ ਵਿੱਚ 70+ ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।

ਭਾਰਤ ਨੇ ਏਸ਼ੀਆ ਕੱਪ ਦੇ ਸੁਪਰ ਫੋਰ ਮੈਚ ਵਿੱਚ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

ਭਾਰਤ ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਪਾਕਿਸਤਾਨ ਜਾਂ ਬੰਗਲਾਦੇਸ਼ ਵਿੱਚੋਂ ਕਿਸੇ ਇੱਕ ਨਾਲ ਭਿੜੇਗਾ।

ਅਭਿਸ਼ੇਕ ਫਿਰ ਚਮਕੇ

ਅਭਿਸ਼ੇਕ ਸ਼ਰਮਾ

ਤਸਵੀਰ ਸਰੋਤ, Getty Images

ਅਭਿਸ਼ੇਕ ਸ਼ਰਮਾ ਦੀ ਬੱਲੇਬਾਜ਼ੀ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਨ੍ਹਾਂ ਨੂੰ ਲਗਾਤਾਰ ਦੂਜੇ ਮੈਚ ਲਈ ਪਲੇਅਰ ਆਫ਼ ਦ ਮੈਚ ਚੁਣਿਆ ਗਿਆ।

ਇਸ ਮੈਚ ਵਿੱਚ ਅਭਿਸ਼ੇਕ ਸ਼ਰਮਾ (75 ਦੌੜਾਂ), ਸ਼ੁਭਮਨ ਗਿੱਲ (29 ਦੌੜਾਂ), ਹਾਰਦਿਕ ਪਾਂਡਿਆ (38 ਦੌੜਾਂ), ਕੁਲਦੀਪ ਯਾਦਵ (ਤਿੰਨ ਵਿਕਟਾਂ), ਵਰੁਣ ਚੱਕਰਵਰਤੀ ਅਤੇ ਜਸਪ੍ਰੀਤ ਬੁਮਰਾਹ (ਦੋ-ਦੋ ਵਿਕਟਾਂ) ਨੇ ਬੰਗਲਾਦੇਸ਼ 'ਤੇ ਭਾਰਤ ਦੀ ਜਿੱਤ ਵਿੱਚ ਯੋਗਦਾਨ ਪਾਇਆ।

ਬੰਗਲਾਦੇਸ਼ ਲਈ ਸੈਫ ਹਸਨ ਨੇ ਸਭ ਤੋਂ ਵੱਧ 69 ਦੌੜਾਂ ਬਣਾਈਆਂ, ਜਦਕਿ ਪਰਵੇਜ਼ ਹੁਸੈਨ ਨੇ 21 ਦੌੜਾਂ ਦਾ ਯੋਗਦਾਨ ਪਾਇਆ।

ਸਿਰਫ਼ 37 ਗੇਂਦਾਂ 'ਤੇ ਆਪਣੀ 75 ਦੌੜਾਂ ਦੀ ਪਾਰੀ ਦੌਰਾਨ ਅਭਿਸ਼ੇਕ ਇਸ ਸਾਲ 500 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣੇ ਅਤੇ ਕਈ ਹੋਰ ਰਿਕਾਰਡ ਵੀ ਬਣਾਏ।

ਅਭਿਸ਼ੇਕ ਨੇ ਬੰਗਲਾਦੇਸ਼ ਵਿਰੁੱਧ ਆਪਣੀ 75 ਦੌੜਾਂ ਦੀ ਪਾਰੀ ਵਿੱਚ ਪੰਜ ਛੱਕੇ ਮਾਰੇ। ਜੁਲਾਈ 2024 ਤੋਂ ਹੁਣ ਤੱਕ ਉਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਟੀ-20 ਕਰੀਅਰ ਵਿੱਚ 58 ਛੱਕੇ ਮਾਰੇ ਹਨ।

ਆਈਸੀਸੀ ਦੇ ਸਥਾਈ ਮੈਂਬਰ ਦੇਸ਼ਾਂ ਦੇ ਬੱਲੇਬਾਜ਼ਾਂ ਵਿੱਚੋਂ ਜੁਲਾਈ 2024 ਤੋਂ ਹੁਣ ਤੱਕ ਸਭ ਤੋਂ ਵੱਧ ਛੱਕੇ (58) ਲਗਾਉਣ ਵਾਲੇ ਕ੍ਰਿਕਟਰ ਉਹੀ ਹਨ।

ਭਾਰਤ ਦੇ ਸੰਜੂ ਸੈਮਸਨ 37 ਛੱਕਿਆਂ ਨਾਲ ਦੂਜੇ ਸਥਾਨ 'ਤੇ ਰਹੇ। ਟੀ-20 ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ਾਂ ਵਿੱਚ ਅਭਿਸ਼ੇਕ ਸੱਤਵੇਂ ਸਥਾਨ 'ਤੇ ਹਨ।

ਮੈਚ ਮਗਰੋਂ ਕੀ ਬੋਲਿਆ ਅਭਿਸ਼ੇਕ ਦਾ ਪਰਿਵਾਰ

ਆਪਣੇ ਮਾਂ ਦੇ ਨਾਲ ਅਭਿਸ਼ੇਕ

ਤਸਵੀਰ ਸਰੋਤ, Abhishek Sharma/Insta

ਤਸਵੀਰ ਕੈਪਸ਼ਨ, ਆਪਣੀ ਮਾਂ ਦੇ ਨਾਲ ਅਭਿਸ਼ੇਕ

ਮੈਚ ਤੋਂ ਬਾਅਦ ਅਭਿਸ਼ੇਕ ਦੀ ਭੈਣ ਕੋਮਲ ਨੇ ਕਿਹਾ, "ਸੈਂਕੜੇ ਤੋਂ ਖੁੰਝਣਾ ਦੁਖਦਾਈ ਹੈ, ਪਰ ਇਹ ਖੇਡ ਦਾ ਹਿੱਸਾ ਹੈ ਅਤੇ ਮੈਨੂੰ ਯਕੀਨ ਹੈ ਕਿ ਉਹ ਇਸ ਟੂਰਨਾਮੈਂਟ ਵਿੱਚ ਸੈਂਕੜਾ ਬਣਾਏਗਾ।"

ਅਭਿਸ਼ੇਕ ਦੇ ਮਾਂ ਮੰਜੂ ਸ਼ਰਮਾ ਵੀ ਇੱਕ ਵਾਰ ਫਿਰ ਸੈਂਕੜਾ ਬਣਾਉਣ ਤੋਂ ਖੁੰਝਣ ਕਾਰਨ ਨਿਰਾਸ਼ ਹਨ। ਮੈਚ ਤੋਂ ਬਾਅਦ ਉਨ੍ਹਾਂ ਕਿਹਾ, "ਅਭਿਸ਼ੇਕ ਅੱਜ ਫਿਰ ਵਧੀਆ ਖੇਡਿਆ, ਪਰ ਉਹ ਸੈਂਕੜਾ ਬਣਾਉਣ ਤੋਂ ਖੁੰਝ ਗਿਆ... ਕੋਈ ਗੱਲ ਨਹੀਂ ਅਜੇ ਹੋਰ ਮੈਚ ਆਉਣਗੇ।"

ਅਭਿਸ਼ੇਕ ਪਾਕਿਸਤਾਨ ਵਿਰੁੱਧ ਵੀ ਸੈਂਕੜਾ ਬਣਾਉਣ ਤੋਂ ਖੁੰਝ ਗਏ ਸਨ।

'ਤੂੰ ਨਹੀਂ ਖੇਡਿਆ ਪਰ ਤੇਰਾ ਪੁੱਤ ਜ਼ਰੂਰ ਭਾਰਤ ਲਈ ਖੇਡੇਗਾ'

ਆਪਣੇ ਪਿਤਾ ਰਾਜ ਰਾਜ ਕੁਮਾਰ ਸ਼ਰਮਾ ਨਾਲ ਅਭਿਸ਼ੇਕ

ਤਸਵੀਰ ਸਰੋਤ, RAJ KUMAR SHARMA

ਬੀਬੀਸੀ ਹਿੰਦੀ ਦੇ ਪੱਤਰਕਾਰ ਭਰਤ ਸ਼ਰਮਾ ਨੇ ਉਨ੍ਹਾਂ ਦੇ ਪਿਤਾ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਦੇ ਪਿਤਾ ਨੇ ਦੱਸਿਆ, "ਮੈਂ ਫਰਸਟ ਕਲਾਸ ਕ੍ਰਿਕਟ ਖੇਡੀ ਹੈ। ਮੈਂ ਆਪਣੀ ਮਾਂ ਨੂੰ ਕਹਿੰਦਾ ਹੁੰਦਾ ਸੀ ਕਿ ਮੇਰੇ ਸਾਰੇ ਸਾਥੀ ਭਾਰਤ ਲਈ ਖੇਡਦੇ ਹਨ, ਪਰ ਮੈਂ ਨਹੀਂ ਖੇਡ ਸਕਿਆ। ਮੈਨੂੰ ਨਹੀਂ ਪਤਾ ਕਿ ਮੈਂ ਕਿਉਂ ਨਹੀਂ ਖੇਡ ਸਕਿਆ, ਸ਼ਾਇਦ ਇਹੀ ਰੱਬ ਦੀ ਮਰਜ਼ੀ ਹੈ। ਅਤੇ ਮੇਰੀ ਮਾਂ ਜਵਾਬ 'ਚ ਕਹਿੰਦੀ ਸੀ ਕਿ ਬੇਟਾ ਕੋਈ ਗੱਲ ਨਹੀਂ ਕਿ ਤੂੰ ਨਹੀਂ ਖੇਡਿਆ ਪਰ ਤੇਰਾ ਪੁੱਤ ਜ਼ਰੂਰ ਭਾਰਤ ਲਈ ਖੇਡੇਗਾ।"

ਰਾਜ ਕੁਮਾਰ ਸ਼ਰਮਾ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ਅਤੇ ਹੋਣ ਵੀ ਕਿਉਂ ਨਾ? ਉਨ੍ਹਾਂ ਦੀ ਮਾਂ ਜੋ ਕਹਿੰਦੀ ਸੀ ਉਹ ਹੁਣ ਹਕੀਕਤ ਬਣ ਗਈ ਹੈ।

ਉਹ ਅੱਗੇ ਕਹਿੰਦੇ ਹਨ, "ਇਹ ਇੱਕ ਸ਼ਾਨਦਾਰ ਸਮਾਂ ਹੈ, ਮੇਰੇ ਲਈ ਇੱਕ ਮਾਣ ਵਾਲਾ ਪਲ ਹੈ। ਹਰ ਮਾਤਾ-ਪਿਤਾ ਚਾਹੁੰਦਾ ਹੈ ਕਿ ਉਨ੍ਹਾਂ ਦਾ ਪੁੱਤਰ ਜਾਂ ਧੀ ਆਪਣੇ ਪੈਰਾਂ 'ਤੇ ਖੜ੍ਹਾ ਹੋਵੇ ਅਤੇ ਉਹ ਜੋ ਵੀ ਖੇਤਰ ਚੁਣੇ, ਉਸ ਵਿੱਚ ਚੰਗਾ ਕੰਮ ਕਰੇ।"

"ਸਾਡੇ ਪੁੱਤਰ ਨੇ ਕਈ ਸਾਲ ਪਹਿਲਾਂ ਬੱਲਾ ਚੁੱਕਿਆ ਸੀ, ਸੰਘਰਸ਼ ਕੀਤਾ ਸੀ ਅਤੇ ਬਹੁਤ ਮਿਹਨਤ ਕੀਤੀ। ਅੱਜ ਉਹ ਨਾ ਸਿਰਫ਼ ਭਾਰਤ ਲਈ ਖੇਡ ਰਿਹਾ ਹੈ, ਸਗੋਂ ਮੈਚ ਵੀ ਜਿੱਤਾ ਰਿਹਾ ਹੈ। ਇਹ ਦੇਖ ਕੇ ਮੇਰਾ ਦਿਲ ਖੁਸ਼ ਹੋ ਜਾਂਦਾ ਹੈ।"

ਰਾਜ ਕੁਮਾਰ ਸ਼ਰਮਾ, ਏਸ਼ੀਆ ਕੱਪ ਵਿੱਚ ਪਾਕਿਸਤਾਨ ਵਿਰੁੱਧ ਤੂਫਾਨੀ ਪਾਰੀ ਖੇਡਣ ਵਾਲੇ ਅਭਿਸ਼ੇਕ ਸ਼ਰਮਾ ਦੇ ਪਿਤਾ ਹਨ ਅਤੇ ਨਾਲ-ਨਾਲ ਉਨ੍ਹਾਂ ਦੇ ਕੋਚ, ਉਨ੍ਹਾਂ ਦੇ ਸੰਘਰਸ਼ ਦੇ ਸਾਥੀ ਵੀ ਰਹੇ ਹਨ ਅਤੇ ਹੁਣ ਆਪਣੇ ਪੁੱਤਰ ਦੀ ਸਫਲਤਾ ਦੇ ਗਵਾਹ ਬਣ ਰਹੇ ਹਨ।

ਪਿਤਾ ਨੇ ਤਿੰਨ ਜਾਂ ਚਾਰ ਸਾਲ ਦੀ ਉਮਰੇ ਫੜਾਇਆ ਸੀ ਪਲਾਸਟਿਕ ਦਾ ਬੱਲਾ

ਸਫਲਤਾ ਦੀ ਇਹ ਕਹਾਣੀ ਲਗਭਗ 22 ਸਾਲ ਪਹਿਲਾਂ ਅੰਮ੍ਰਿਤਸਰ, ਪੰਜਾਬ ਵਿੱਚ ਸ਼ੁਰੂ ਹੋਈ ਸੀ, ਜਦੋਂ ਅਭਿਸ਼ੇਕ ਨੇ ਤਿੰਨ ਜਾਂ ਚਾਰ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦਾ ਭਾਰੀ ਬੱਲਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ।

ਰਾਜ ਕੁਮਾਰ ਸ਼ਰਮਾ ਬੀਬੀਸੀ ਨੂੰ ਦੱਸਦੇ ਹਨ, "ਮੈਂ ਖੁਦ ਕ੍ਰਿਕਟ ਖੇਡਦਾ ਸੀ, ਇਸ ਲਈ ਮੇਰਾ ਸਮਾਨ ਅਤੇ ਕ੍ਰਿਕਟ ਕਿੱਟ ਘਰ 'ਚ ਇੱਧਰ-ਉੱਧਰ ਪਏ ਰਹਿੰਦੇ ਸਨ। ਅਭਿਸ਼ੇਕ ਲਗਭਗ ਤਿੰਨ ਜਾਂ ਚਾਰ ਸਾਲ ਦਾ ਹੋਵੇਗਾ ਜਦੋਂ ਉਸਨੇ ਮੇਰਾ ਸਮਾਨ ਅਤੇ ਬੱਲਾ ਚੁੱਕਣ ਦੀ ਕੋਸ਼ਿਸ਼ ਕੀਤੀ। ਭਾਰੀ ਹੋਣ ਕਾਰਨ ਉਹ ਇਸਨੂੰ ਚੁੱਕ ਨਹੀਂ ਸਕਿਆ ਸੀ। ਫਿਰ ਮੈਂ ਉਸ ਨੂੰ ਇੱਕ ਪਲਾਸਟਿਕ ਦਾ ਬੱਲਾ ਲਿਆ ਕੇ ਦਿੱਤਾ।"

ਉਨ੍ਹਾਂ ਕਿਹਾ, "ਉਹ ਉਸ ਬੱਲੇ ਨਾਲ ਬਹੁਤ ਵਧੀਆ ਸ਼ਾਟ ਮਾਰਦਾ ਸੀ। ਉਸ ਦੀ ਆਵਾਜ਼ ਸਾਫ਼ ਨਹੀਂ ਸੀ ਪਰ ਉਹ ਕਹਿੰਦਾ ਸੀ, 'ਪਾਪਾ, ਗੇਂਦ ਸੁੱਟੋ।' ਉਹ ਆਪਣੀਆਂ ਭੈਣਾਂ ਨੂੰ ਗੇਂਦ ਸੁੱਟਣ ਲਈ ਕਹਿੰਦਾ ਸੀ ਅਤੇ ਰਾਤ ਨੂੰ ਉਹ ਮੇਰੀ ਪਤਨੀ ਨੂੰ ਗੇਂਦਬਾਜ਼ੀ ਕਰਨ ਲਈ ਕਹਿੰਦਾ ਸੀ। ਇਸੇ ਤਰ੍ਹਾਂ ਬੱਲੇਬਾਜ਼ੀ ਕਰਦੇ ਕਰਦੇ ਉਸਦਾ ਜਨੂੰਨ ਉਸ ਨੂੰ ਇਸ ਪੱਧਰ 'ਤੇ ਲੈ ਪਹੁੰਚ ਗਿਆ।"

ਇਸ ਜਨੂੰਨ ਅਤੇ ਆਪਣੇ ਬੱਲੇ ਦੇ ਦਮ 'ਤੇ ਅਭਿਸ਼ੇਕ ਸ਼ਰਮਾ ਤੇਜ਼ੀ ਨਾਲ ਦੁਨੀਆਂ ਦੇ ਸਿਖਰਲੇ ਬੱਲੇਬਾਜ਼ਾਂ ਵਿੱਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ-

ਅਭਿਸ਼ੇਕ ਸ਼ਰਮਾ ਦਾ ਹੁਣ ਤੱਕ ਦਾ ਕਰੀਅਰ

ਅਭਿਸ਼ੇਕ ਸ਼ਰਮਾ

ਤਸਵੀਰ ਸਰੋਤ, SAJJAD HUSSAIN/AFP via Getty Images

ਆਪਣੇ ਛੋਟੇ ਪਰ ਪ੍ਰਭਾਵਸ਼ਾਲੀ ਟੀ-20 ਅੰਤਰਰਾਸ਼ਟਰੀ ਕਰੀਅਰ ਵਿੱਚ ਉਨ੍ਹਾਂ ਨੇ 21 ਮੈਚ ਖੇਡੇ ਹਨ, ਜਿਨ੍ਹਾਂ ਵਿੱਚ 708 ਦੌੜਾਂ ਬਣਾਈਆਂ ਹਨ। ਇਨ੍ਹਾਂ ਦੌੜਾਂ ਪਿੱਛੇ ਉਨ੍ਹਾਂ ਦੇ ਇਮਪੈਕਟ ਦੀ ਕਹਾਣੀ ਲੁਕੀ ਹੋਈ ਹੈ। ਉਨ੍ਹਾਂ ਨੇ ਇਹ ਦੌੜਾਂ 35.40 ਦੀ ਔਸਤ ਨਾਲ ਬਣਾਈਆਂ ਹਨ, ਜੋ ਕਿ ਟੀ-20 ਕ੍ਰਿਕਟ ਵਿੱਚ ਇੱਕ ਵਧੀਆ ਔਸਤ ਹੈ, ਅਤੇ 197.21 ਦੀ ਸਟ੍ਰਾਈਕ ਰੇਟ ਹੈ, ਜੋ ਕਿ ਕਿਸੇ ਵੀ ਓਪਨਿੰਗ ਬੱਲੇਬਾਜ਼ ਲਈ ਸ਼ਾਨਦਾਰ ਹੈ।

ਗੇਂਦਾਂ ਦੇ ਹਿਸਾਬ ਨਾਲ ਉਹ ਟੀ-20 ਕ੍ਰਿਕਟ ਵਿੱਚ 50 ਛੱਕੇ ਮਾਰਨ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ 331 ਗੇਂਦਾਂ ਵਿੱਚ ਇਹ ਰਿਕਾਰਡ ਹਾਸਲ ਕੀਤਾ ਹੈ। ਉਨ੍ਹਾਂ ਨੇ ਵੈਸਟਇੰਡੀਜ਼ ਦੇ ਏਵਿਨ ਲੁਈਸ ਦੇ ਰਿਕਾਰਡ ਨੂੰ ਤੋੜਿਆ ਹੈ ਜਿਨ੍ਹਾਂ ਨੇ 366 ਗੇਂਦਾਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ।

ਕ੍ਰਿਕਟ ਮਾਹਿਰ ਉਨ੍ਹਾਂ ਵਿੱਚ ਵਰਿੰਦਰ ਸਹਿਵਾਗ ਦਾ ਅਗਰੈਸ਼ਨ ਅਤੇ ਯੁਵਰਾਜ ਸਿੰਘ ਦਾ ਐਲੀਗੈਂਟ ਸਟਾਈਲ ਦੇਖਦੇ ਹਨ।

ਪਾਕਿਸਤਾਨ ਵਿਰੁੱਧ ਮੈਚ ਤੋਂ ਬਾਅਦ ਵਰਿੰਦਰ ਸਹਿਵਾਗ ਇੱਕ ਗੱਲਬਾਤ ਵਿੱਚ ਅਭਿਸ਼ੇਕ ਨੂੰ ਸਮਝਾ ਰਹੇ ਸਨ ਕਿ ਜਦੋਂ ਉਹ 70 ਤੱਕ ਪਹੁੰਚ ਜਾਓ ਤਾਂ ਉਸ ਨੂੰ ਸੈਂਕੜੇ ਵਿੱਚ ਬਦਲਿਆ ਕਰੋ।

ਸਹਿਵਾਗ ਨੇ ਕਿਹਾ ਸੀ, "ਇਹ ਗੱਲਾਂ ਬਾਅਦ ਵਿੱਚ ਯਾਦ ਆਉਂਦੀਆਂ ਹਨ, ਕਿਉਂਕਿ ਅਜਿਹੇ ਮੌਕੇ ਅਕਸਰ ਨਹੀਂ ਮਿਲਣਗੇ। ਮੈਂ ਕੀ ਦੱਸ ਰਿਹਾ ਹਾਂ, ਕੁਝ ਦੇਰ 'ਚ ਯੁਵਰਾਜ ਸਿੰਘ ਦਾ ਫ਼ੋਨ ਤੁਹਾਡੇ ਕੋਲ ਆਉਂਦਾ ਹੀ ਹੋਵੇਗਾ ਅਤੇ ਉਹ ਵੀ ਇਹੀ ਗੱਲ ਸਮਝਾਉਣਗੇ।"

ਸਹਿਵਾਗ ਦੀ ਗੱਲ ਸੁਣਨ ਤੋਂ ਬਾਅਦ ਅਭਿਸ਼ੇਕ ਕਹਿੰਦੇ ਹਨ, "ਜੀ ਹਾਂ, ਤੁਸੀਂ ਸਹੀ ਕਹਿ ਰਹੇ ਹੋ। ਮੈਂ ਵੀ ਇਸ 'ਤੇ ਕੰਮ ਕਰ ਰਿਹਾ ਹਾਂ। ਉਹ (ਯੁਵਰਾਜ) ਵੀ ਇਹੀ ਗੱਲ ਸਮਝਾਉਣਗੇ।"

ਇਸ ਮੈਚ ਵਿੱਚ ਅਭਿਸ਼ੇਕ ਨੇ ਸਿਰਫ਼ 39 ਗੇਂਦਾਂ 'ਤੇ 74 ਦੌੜਾਂ ਬਣਾਈਆਂ। ਉਹ ਲੰਬੇ ਸ਼ਾਟ ਮਾਰ ਰਹੇ ਸਨ ਅਤੇ ਜਿਸ ਗੇਂਦ 'ਤੇ ਉਹ ਆਊਟ ਹੋਏ ਉਸ ਵਿੱਚ ਜ਼ਿਆਦਾ ਦਮ ਨਹੀਂ ਸੀ, ਪਰ ਉਹ ਮਿਸਹਿੱਟ ਕਰ ਗਏ।

ਸਹਿਵਾਗ ਨੇ ਯੁਵਰਾਜ ਸਿੰਘ ਦਾ ਜ਼ਿਕਰ ਕਿਉਂ ਕੀਤਾ ਇਸਦੀ ਕਹਾਣੀ ਬਾਅਦ ਵਿੱਚ। ਪਹਿਲਾਂ, ਆਓ ਅਭਿਸ਼ੇਕ ਸ਼ਰਮਾ ਦੇ ਬਚਪਨ, ਟੀਨਏਜ ਅਤੇ ਜਵਾਨੀ ਦੇ ਸਫ਼ਰ 'ਤੇ ਇੱਕ ਨਜ਼ਰ ਮਾਰੀਏ।

ਅਭਿਸ਼ੇਕ ਸ਼ਰਮਾ ਦਾ ਸਫ਼ਰ

ਅਭਿਸ਼ੇਕ ਸ਼ਰਮਾ

ਤਸਵੀਰ ਸਰੋਤ, SAJJAD HUSSAIN/AFP via Getty Images

ਅਭਿਸ਼ੇਕ ਸ਼ਰਮਾ ਦੇ ਪਿਤਾ ਇੱਕ ਬੈਂਕ ਵਿੱਚ ਕੰਮ ਕਰਦੇ ਸਨ ਅਤੇ ਕ੍ਰਿਕਟ ਵੀ ਖੇਡਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਇੱਕ ਮਾਂ ਅਤੇ ਦੋ ਵੱਡੀਆਂ ਭੈਣਾਂ ਹਨ। ਇੱਕ ਭੈਣ ਇੱਕ ਅਧਿਆਪਕਾ ਹੈ, ਦੂਜੀ ਡਾਕਟਰ ਹੈ।

ਸ਼ਰਮਾ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹਨ, "ਜਦੋਂ ਮੈਂ ਮੈਦਾਨ 'ਤੇ ਜਾਂਦਾ ਸੀ, ਉਹ ਮੇਰੇ ਨਾਲ ਜਾਂਦਾ ਸੀ। ਮੈਂ ਵੱਡੇ ਬੱਚਿਆਂ ਨੂੰ ਸਿਖਲਾਈ ਦਿੰਦਾ ਸੀ ਅਤੇ ਕੋਚਿੰਗ ਦਿੰਦਾ ਸੀ। ਜਦੋਂ ਵੱਡੇ ਬੱਚੇ ਅਭਿਸ਼ੇਕ ਨੂੰ ਦੇਖਦੇ ਸਨ ਤਾਂ ਉਹ ਕਹਿੰਦੇ ਸਨ, 'ਤੁਹਾਡੇ ਬੇਟੇ ਵਿੱਚ ਬਹੁਤ ਟੈਲੇਂਟ ਹੈ।'"

"ਇਸਦਾ ਬੱਲਾ ਸਿੱਧਾ ਆਉਂਦਾ ਹੈ, ਉਹ ਸਿੱਧੇ ਸ਼ਾਟ ਮਾਰਦਾ ਹੈ ਅਤੇ ਜ਼ੋਰਦਾਰ ਨਾਲ ਮਾਰਦਾ ਹੈ। ਲੱਗਦਾ ਹੈ ਕਿ ਉਹ ਇੱਕ ਵੱਡਾ ਖਿਡਾਰੀ ਬਣ ਸਕਦਾ ਹੈ। ਜਦੋਂ ਮੈਂ ਉਸ ਦਾ ਜਨੂੰਨ ਦੇਖਿਆ, ਤਾਂ ਮੈਂ ਤੈਅ ਕਰ ਲਿਆ ਕਿ ਉਸਨੂੰ ਕ੍ਰਿਕਟ ਵਿੱਚ ਹੀ ਪਾਉਣਾ ਹੈ। ਮੈਂ ਸਿਲੈਕਟਰ ਸੀ, ਰੈਫਰੀ, ਕੋਚ ਸੀ, ਪਰ ਜਦੋਂ ਮੈਂ ਉਸਨੂੰ ਦੇਖਿਆ ਤਾਂ ਮੈਂ ਫੈਸਲਾ ਕੀਤਾ ਕਿ ਮੈਨੂੰ ਉਸ ਨੂੰ ਹੀ ਕੋਚਿੰਗ ਦੇਵਾਂ।"

ਅਤੇ ਅਜਿਹਾ ਨਹੀਂ ਹੈ ਕਿ ਅਭਿਸ਼ੇਕ ਨੇ ਕ੍ਰਿਕਟ ਖੇਡਦੇ ਸਮੇਂ ਪੜ੍ਹਾਈ ਨਹੀਂ ਕੀਤੀ। ਉਨ੍ਹਾਂ ਨੇ ਦਿੱਲੀ ਪਬਲਿਕ ਸਕੂਲ, ਅੰਮ੍ਰਿਤਸਰ ਵਿੱਚ ਪੜ੍ਹਾਈ ਕੀਤੀ ਅਤੇ ਹਰ ਕਲਾਸ ਵਿੱਚ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।

ਉਨ੍ਹਾਂ ਦੇ ਪਿਤਾ ਨੇ ਬੀਬੀਸੀ ਨੂੰ ਦੱਸਿਆ, "ਉਹ ਪੜ੍ਹਾਈ ਵਿੱਚ ਬਹੁਤ ਵਧੀਆ ਸੀ। ਉਹ ਟੂਰਨਾਮੈਂਟਾਂ ਦੇ ਵਿਚਕਾਰ ਆਉਂਦਾ ਸੀ, ਪੇਪਰ ਦਿੰਦਾ ਸੀ ਅਤੇ ਸ਼ਾਨਦਾਰ ਅੰਕ ਪ੍ਰਾਪਤ ਕਰਦਾ ਸੀ। ਉਸਦੇ ਕਦੇ ਵੀ ਕਿਸੇ ਵੀ ਕਲਾਸ ਵਿੱਚ ਘੱਟ ਨੰਬਰ ਨਹੀਂ ਆਏ। ਉਸ ਨੇ ਬੀਏ ਤੱਕ ਪੜ੍ਹਾਈ ਕੀਤੀ ਹੈ।''

ਅਭਿਸ਼ੇਕ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ

ਅਭਿਸ਼ੇਕ ਸ਼ਰਮਾ

ਤਸਵੀਰ ਸਰੋਤ, Abhishek Sharma/Insta

ਪਰ ਅਭਿਸ਼ੇਕ ਦੀ ਜ਼ਿੰਦਗੀ ਵਿੱਚ ਉਹ ਮੋੜ ਕਦੋਂ ਆਇਆ ਜਦੋਂ ਉਹ ਪੇਸ਼ੇਵਰ ਸੈੱਟਅੱਪ ਵਿੱਚ ਦਾਖਲ ਹੋਏ ਅਤੇ ਸ਼ੁਭਮਨ ਗਿੱਲ ਨਾਲ ਉਨ੍ਹਾਂ ਸੀ ਦੋਸਤੀ ਇੰਨੀ ਮਜ਼ਬੂਤ ਕਿਉਂ ਹੈ?

ਦਰਅਸਲ, ਕਈ ਸਾਲ ਪਹਿਲਾਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਅੰਡਰ-12 ਅਤੇ ਅੰਡਰ-14 ਟੀਮਾਂ ਬਣਾਈਆਂ ਅਤੇ ਇੱਕ ਕੈਂਪ ਦਾ ਆਯੋਜਨ ਕੀਤਾ। ਇਸਦਾ ਉਦੇਸ਼ ਨਵੇਂ ਖਿਡਾਰੀਆਂ ਨੂੰ ਅੱਗੇ ਲਿਆਉਣਾ ਸੀ। ਇਸਦੇ ਮੁਖੀ ਡੀਪੀ ਆਜ਼ਾਦ ਹੋਇਆ ਕਰਦੇ ਸਨ, ਜੋ ਕਪਿਲ ਦੇਵ ਦੇ ਗੁਰੂ ਸਨ। ਪੰਜਾਬ ਕ੍ਰਿਕਟ ਵਿੱਚ ਉਨ੍ਹਾਂ ਦਾ ਬਹੁਤ ਮਾਣ-ਸਨਮਾਣ ਸੀ।

ਇਸ ਦੇ ਲਈ ਸਾਰੇ ਪੰਜਾਬ ਤੋਂ ਤੀਹ ਬੱਚਿਆਂ ਦੀ ਚੋਣ ਕੀਤੀ ਗਈ ਸੀ। ਉਸ ਸਮੇਂ ਅਭਿਸ਼ੇਕ ਸ਼ਰਮਾ ਅਤੇ ਸ਼ੁਭਮਨ ਗਿੱਲ ਬੱਚੇ ਸਨ।

ਰਾਜ ਕੁਮਾਰ ਸ਼ਰਮਾ ਨੇ ਦੱਸਿਆ, "ਉਹ ਦੋਵੇਂ ਬਹੁਤ ਛੋਟੇ ਸਨ। ਆਜ਼ਾਦ ਜੀ ਨੇ ਕਿਹਾ ਕਿ ਇਨ੍ਹਾਂ ਵਿੱਚ ਨੈਚੁਰਲ ਟੈਲੇਂਟ ਹੈ। ਮੈਂ ਬੱਚਿਆਂ ਨੂੰ ਮਿਲਣ ਗਿਆ ਅਤੇ ਉਨ੍ਹਾਂ ਦਾ ਮੈਚ ਦੇਖਿਆ, ਆਜ਼ਾਦ ਅਤੇ ਅਰੁਣ ਬੇਦੀ ਵੀ ਉੱਥੇ ਸਨ। ਬੇਦੀ ਜੀ ਮੈਨੂੰ ਇੱਕ ਪਾਸੇ ਲੈ ਗਏ ਅਤੇ ਕਿਹਾ ਕਿ 30 ਬੱਚਿਆਂ ਵਿੱਚੋਂ ਇਹ ਦੋਵੇਂ ਸਭ ਤੋਂ ਖਾਸ ਸਨ। ਲਿਖ ਕੇ ਜੇਬ ਵਿੱਚ ਪਾ ਲਓ, ਇਹ ਦੋਵੇਂ ਭਾਰਤ ਲਈ ਖੇਡਣਗੇ ਅਤੇ ਪਾਰੀ ਦੀ ਓਪਨਿੰਗ ਕਰਨਗੇ।"

"ਉਸ ਤੋਂ ਬਾਅਦ ਫਿਰ ਆਜ਼ਾਦ ਆਏ। ਉਹ ਮੇਰੇ ਗੁਰੂ ਰਹੇ ਹਨ। ਮੈਂ ਉਨ੍ਹਾਂ ਦੇ ਪੈਰ ਛੂਹੇ ਅਤੇ ਉਨ੍ਹਾਂ ਨੇ ਕਿਹਾ, 'ਤੇਰੇ ਬੇਟੇ ਵਿੱਚ ਬਹੁਤ ਟੈਲੇਂਟ ਹੈ। ਜਦੋਂ ਵੀ ਉਹ ਬੱਲੇਬਾਜ਼ੀ ਕਰਨ ਲਈ ਆਉਂਦਾ ਹੈ, ਮੈਂ ਦੇਖਦਾ ਰਹਿ ਜਾਂਦਾ ਹਾਂ। ਇਹ ਬੱਚੇ ਅਸਾਧਾਰਣ ਹਨ। 'ਮੇਰੀ ਗੱਲ ਸਾਰੀ ਉਮਰ ਯਾਦ ਰੱਖਣਾ, ਇਹ ਦੋਵੇਂ ਭਾਰਤੀ ਟੀਮ ਲਈ ਖੇਡਣਗੇ'।''

ਇਨ੍ਹਾਂ ਦੋਵਾਂ ਕੋਚਾਂ ਦੇ ਸ਼ਬਦਾਂ ਨੇ ਰਾਜ ਕੁਮਾਰ ਸ਼ਰਮਾ ਦੇ ਇਰਾਦੇ ਨੂੰ ਮਜ਼ਬੂਤ ਕੀਤਾ। ਉਨ੍ਹਾਂ ਨੇ ਅਤੇ ਅਭਿਸ਼ੇਕ ਨੇ ਦਿਨ-ਰਾਤ ਮਿਹਨਤ ਕੀਤੀ। ਉਹ ਇੱਕ ਬੈਂਕ ਵਿੱਚ ਕੰਮ ਕਰਦੇ ਸਨ, ਪਰ ਛੁੱਟੀ ਲੈ ਕੇ ਅਭਿਸ਼ੇਕ ਨੂੰ ਕੋਚਿੰਗ ਦਿੰਦੇ ਸਨ।

ਜਦੋਂ ਅਭਿਸ਼ੇਕ ਅੰਡਰ-14 ਟੀਮ ਵਿੱਚ ਸਨ, ਤਾਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ 130-140 ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਵਾਉਂਦੇ ਸਨ। ਦੂਜੇ ਕੋਚ ਪੁੱਛਦੇ ਸਨ ਕਿ ਉਹ ਉਸ ਨੂੰ ਇੰਨੀ ਤੇਜ਼ ਗੇਂਦਬਾਜ਼ੀ ਕਿਉਂ ਕਰਵਾ ਰਿਹਾ ਹਨ। ਅਭਿਸ਼ੇਕ ਆਪਣੇ ਪਿਤਾ ਨੂੰ ਤੇਜ਼ ਗੇਂਦਬਾਜ਼ੀ ਕਰਨ ਲਈ ਕਹਿੰਦੇ ਸਨ, ਅਤੇ ਕਹਿੰਦੇ ਸਨ ਕਿ ਉਹ ਉਸ ਗੇਂਦ ਨੂੰ ਖੇਡਣ ਲਈ ਤਿਆਰ ਹਨ।

ਅਭਿਸ਼ੇਕ ਸ਼ਰਮਾ ਅੰਡਰ-16 ਟੀਮ ਵਿੱਚ ਪੰਜਾਬ ਦੇ ਕਪਤਾਨ ਸਨ। ਇੱਕ ਸੀਜ਼ਨ ਵਿੱਚ ਉਨ੍ਹਾਂ ਨੇ 1,200 ਦੌੜਾਂ ਬਣਾਈਆਂ ਅਤੇ 57 ਵਿਕਟਾਂ ਲਈਆਂ, ਜਿਸ ਤੋਂ ਬਾਅਦ ਬੀਸੀਸੀਆਈ ਨੇ ਉਨ੍ਹਾਂ ਨੂੰ ਨਮਨ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਫਿਰ ਉਨ੍ਹਾਂ ਨੂੰ ਅੰਡਰ-19 ਨੌਰਥ ਜ਼ੋਨ ਟੀਮ ਦਾ ਕਪਤਾਨ ਚੁਣਿਆ ਗਿਆ ਅਤੇ ਉਨ੍ਹਾਂ ਦੀ ਟੀਮ ਜਿੱਤ ਗਈ। ਫਿਰ ਉਨ੍ਹਾਂ ਨੇ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਪੜ੍ਹਾਈ ਕੀਤੀ, ਜਿੱਥੇ ਰਾਹੁਲ ਦ੍ਰਾਵਿੜ ਦੀ ਅਗਵਾਈ ਹੇਠ ਉਨ੍ਹਾਂ ਦੇ ਹੁਨਰ 'ਚ ਹੋਰ ਨਿਖਾਰ ਆਇਆ।

ਅਭਿਸ਼ੇਕ ਬਾਅਦ ਵਿੱਚ ਅੰਡਰ-19 ਇੰਡੀਆ ਟੀਮ ਦੇ ਕਪਤਾਨ ਬਣੇ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਟੀਮ ਨੇ ਸ਼੍ਰੀਲੰਕਾ ਵਿੱਚ ਏਸ਼ੀਆ ਕੱਪ ਜਿੱਤਿਆ।

ਅਭਿਸ਼ੇਕ ਦੀ ਖੇਡ ਵਿੱਚ ਇਸ ਨਿਖਾਰ ਨੇ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਸਟਾਰ ਯੁਵਰਾਜ ਸਿੰਘ ਦੇ ਨੇੜੇ ਲਿਆਂਦਾ।

ਅਭਿਸ਼ੇਕ ਦੀ ਯੁਵਰਾਜ ਸਿੰਘ ਨਾਲ ਮੁਲਾਕਾਤ

ਯੁਵਰਾਜ ਸਿੰਘ ਨਾਲ ਅਭਿਸ਼ੇਕ ਸ਼ਰਮਾ

ਤਸਵੀਰ ਸਰੋਤ, Abhishek Sharma/Insta

ਤਸਵੀਰ ਕੈਪਸ਼ਨ, ਯੁਵਰਾਜ ਸਿੰਘ ਨਾਲ ਅਭਿਸ਼ੇਕ ਸ਼ਰਮਾ

ਦੋਹਾਂ ਦੀ ਮੁਲਾਕਾਤ ਰਣਜੀ ਟਰਾਫੀ ਕਾਰਨ ਹੋਈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਚਾਹੁੰਦਾ ਸੀ ਕਿ ਅਭਿਸ਼ੇਕ ਅਤੇ ਸ਼ੁਭਮਨ ਨੂੰ ਰਣਜੀ ਟਰਾਫੀ ਵਿੱਚ ਮੌਕਾ ਦਿੱਤਾ ਜਾਵੇ। ਇਹ ਉਹ ਸਮਾਂ ਸੀ ਜਦੋਂ ਯੁਵਰਾਜ ਸਿੰਘ ਆਪਣੀ ਬਿਮਾਰੀ ਤੋਂ ਉਭਰਨ ਮਗਰੋਂ ਭਾਰਤੀ ਟੀਮ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਬੀਸੀਸੀਆਈ ਦੇ ਨਿਰਦੇਸ਼ਾਂ 'ਤੇ ਰਣਜੀ ਖੇਡਣ ਲਈ ਵਾਪਸ ਆਏ ਸਨ।

ਯੁਵਰਾਜ ਸਿੰਘ ਨੂੰ ਦੱਸਿਆ ਗਿਆ ਕਿ ਅੰਡਰ-19 ਟੀਮ ਤੋਂ ਦੋ ਮੁੰਡੇ ਆ ਰਹੇ ਹਨ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇੱਕ ਸਲਾਮੀ ਬੱਲੇਬਾਜ਼ ਹੈ ਅਤੇ ਦੂਜਾ ਖੱਬੇ ਹੱਥ ਦਾ ਸਪਿਨਰ ਹੈ।

ਰਾਜ ਕੁਮਾਰ ਸ਼ਰਮਾ ਯਾਦ ਕਰਦੇ ਹਨ, "ਯੁਵਰਾਜ ਨੇ ਕਿਹਾ ਕਿ ਮੈਨੂੰ ਬੱਲੇਬਾਜ਼ ਦੀ ਲੋੜ ਹੈ ਕਿਉਂਕਿ ਮੇਰੇ ਕੋਲ ਗੇਂਦਬਾਜ਼ ਹਨ। ਚੋਣਕਾਰਾਂ ਨੇ ਕਿਹਾ ਨਹੀਂ, ਸਾਨੂੰ ਦੋਵਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਇੱਕ ਮੈਚ ਵਿੱਚ ਤਿੰਨ ਜਾਂ ਚਾਰ ਖਿਡਾਰੀ ਜਲਦੀ ਆਊਟ ਹੋ ਗਏ ਸਨ। ਯੁਵਰਾਜ ਬੱਲੇਬਾਜ਼ੀ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਅਭਿਸ਼ੇਕ ਨੂੰ ਪੈਡ ਕਰਵਾ ਕੇ ਭੇਜੋ। ਫਿਰ ਉਹ ਆਏ ਅਤੇ ਯੁਵਰਾਜ ਦੇਖਦੇ ਰਹਿ ਗਏ। ਉਹ 40 'ਤੇ ਬੱਲੇਬਾਜ਼ੀ ਕਰ ਰਹੇ ਸਨ, ਅਭਿਸ਼ੇਕ ਆਏ ਅਤੇ ਤੇਜ਼-ਤਰਾਰ 100 ਦੌੜਾਂ ਬਣਾ ਗਏ।''

ਸ਼ਰਮਾ ਨੇ ਦੱਸਿਆ ਕਿ ਯੁਵਰਾਜ ਸਿੰਘ ਨੇ ਉਨ੍ਹਾਂ ਨੂੰ ਮੈਦਾਨ 'ਤੇ ਹੀ ਪੁੱਛਿਆ ਕਿ ਕੀ ਅਭਿਸ਼ੇਕ ਉਨ੍ਹਾਂ ਕੋਲ ਸਿਖਲਾਈ ਲੈਣਗੇ। ਅਭਿਸ਼ੇਕ ਨੇ ਜਵਾਬ ਦਿੱਤਾ ਕਿ ਉਹ ਯੁਵਰਾਜ ਨੂੰ ਆਪਣਾ ਆਦਰਸ਼, ਆਪਣਾ ਭਗਵਾਨ ਮੰਨਦੇ ਹਨ ਅਤੇ ਉਨ੍ਹਾਂ ਨੂੰ ਦੇਖ-ਦੇਖ ਕੇ ਖੇਡਣਾ ਸਿੱਖੇ ਹਨ। ਉਦੋਂ ਤੋਂ ਹੀ ਯੁਵਰਾਜ ਅਭਿਸ਼ੇਕ ਨੂੰ ਟਰੇਨਿੰਗ ਦੇ ਰਹੇ ਹਨ।

ਦੋਵਾਂ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ। ਇੱਕ ਅਜਿਹੇ ਹੀ ਵੀਡੀਓ ਵਿੱਚ ਯੁਵਰਾਜ ਸਿੰਘ ਅਭਿਸ਼ੇਕ ਸ਼ਰਮਾ ਨੂੰ ਕਹਿੰਦੇ ਹਨ, "ਤੂੰ ਨਾ ਸੁਧਰੀਂ, ਬਸ ਛੱਕੇ ਮਾਰੀ ਜਾਈਂ, ਥੱਲੇ ਨਾ ਖੇਡੀਂ (ਭਾਵ ਜ਼ਮੀਨੀ ਸ਼ਾਟ ਨਾ ਖੇਡੀਂ)।

ਅਭਿਸ਼ੇਕ ਦੇ ਪਿਤਾ ਦੱਸਦੇ ਹਨ, "ਯੁਵਰਾਜ ਉਸ ਨੂੰ ਸਿਖਲਾਈ ਦੇ ਰਹੇ ਹਨ। ਉਹ ਮੇਰੇ ਪੁੱਤਰ ਦਾ ਪੂਰਾ ਧਿਆਨ ਰੱਖਦੇ ਹਨ। ਉਨ੍ਹਾਂ ਨੇ ਉਸਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਤ ਬਣਾਇਆ ਹੈ। ਉਨ੍ਹਾਂ ਨੇ ਆਪਣੀ ਪੂਰੀ ਟੀਮ ਉਸ ਦੇ ਪਿੱਛੇ ਲਗਾ ਦਿੱਤੀ ਹੈ ਕਿ ਉਹ ਇੱਕ ਦਿਨ ਵੀ ਵਿਹਲਾ ਨਾ ਬੈਠੇ। ਜੇਕਰ ਇੱਕ ਵਰਲਡ ਕਲਾਸ ਆਲਰਾਊਂਡਰ ਸਿਖਲਾਈ ਦਿੰਦਾ ਹੈ, ਤਾਂ ਸੋਚ ਲਓ ਕਿ ਖਿਡਾਰੀ ਕਿੱਥੇ ਤੱਕ ਜਾ ਸਕਦਾ ਹੈ। ਇਹ ਤਾਂ ਸਿਰਫ਼ ਸ਼ੁਰੂਆਤ ਹੈ!''

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)