ਕੀ ਹੈਲਮੇਟ ਪਾਉਣ ਦਾ ਵਾਲ ਝੜਨ ਨਾਲ ਕੋਈ ਕਨੈਕਸ਼ਨ ਹੈ, ਵਾਲਾਂ ਨੂੰ ਝੜਨ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ

    • ਲੇਖਕ, ਓਂਕਾਰ ਕਰੰਬੇਲਕਰ
    • ਰੋਲ, ਬੀਬੀਸੀ ਪੱਤਰਕਾਰ

ਬਾਈਕ ਚਲਾਉਂਦੇ ਸਮੇਂ ਹੈਲਮੇਟ ਪਾਉਣਾ ਕਾਨੂੰਨੀ ਤੌਰ 'ਤੇ ਜ਼ਰੂਰੀ ਹੈ ਅਤੇ ਇਹ ਸੜਕੀ ਹਾਦਸਿਆਂ ਤੋਂ ਵੀ ਤੁਹਾਡੀ ਜਾਨ ਬਚਾਅ ਸਕਦੇ ਹਨ। ਹਲਾਂਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਹੈਲਮੇਟ ਪਾਉਣ ਨਾਲ ਉਨ੍ਹਾਂ ਦੇ ਵਾਲ ਖ਼ਰਾਬ ਹੋ ਜਾਂਦੇ ਹਨ ਅਤੇ ਝੜਨ ਲੱਗ ਜਾਂਦੇ ਹਨ।

ਕੁਝ ਲੋਕ ਕਹਿੰਦੇ ਹਨ ਕਿ ਤੰਗ ਹੈਲਮੇਟ ਸਿਰ ਦੀ ਚਮੜੀ 'ਤੇ ਦਬਾਅ ਪਾਉਂਦੇ ਹਨ, ਜਿਸ ਨਾਲ ਪਸੀਨਾ ਆਉਂਦਾ ਹੈ ਅਤੇ ਵਾਲ ਕਮਜ਼ੋਰ ਹੋ ਜਾਂਦੇ ਹਨ। ਉੱਥੇ ਹੀ ਹੋਰਨਾਂ ਦਾ ਮੰਨਣਾ ਹੈ ਕਿ ਹੈਲਮੇਟ ਵਿੱਚ ਇਕੱਠੀ ਹੋਈ ਧੂੜ, ਗੰਦਗੀ ਜਾਂ ਫੰਗਲ ਇਨਫੈਕਸ਼ਨ ਵਾਲਾਂ ਦੀਆਂ ਜੜ੍ਹਾਂ ਨੂੰ ਪ੍ਰਭਾਵਿਤ ਕਰਦੀ ਹੈ।

ਹੁਣ ਸਵਾਲ ਇਹ ਹੈ ਕਿ ਇਨ੍ਹਾਂ ਦਾਅਵਿਆਂ ਵਿੱਚ ਕਿੰਨੀ ਸੱਚਾਈ ਹੈ? ਕੀ ਹੈਲਮੇਟ ਪਾਉਣਾ ਵਾਲਾਂ ਦੇ ਝੜਨ ਦਾ ਕਾਰਨ ਬਣਦਾ ਹੈ ਅਤੇ ਮੈਡੀਕਲ ਮਾਹਰ ਇਨ੍ਹਾਂ ਦਾਅਵਿਆਂ ਬਾਰੇ ਕੀ ਕਹਿੰਦੇ ਹਨ?

ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ।

1. ਕੀ ਹੈਲਮੇਟ ਪਾਉਣ ਨਾਲ ਵਾਲ ਝੜਦੇ ਹਨ?

ਹੈਲਮੇਟ ਸਬੰਧੀ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਵਾਲ ਝੜਨ ਦਾ ਕਾਰਨ ਬਣਦੇ ਹਨ? ਇਨ੍ਹਾਂ ਗੱਲਾਂ ਨੂੰ ਮੰਨਣ ਲਈ ਕੋਈ ਵਿਗਿਆਨਕ ਆਧਾਰ ਨਹੀਂ ਹੈ। ਹਾਲਾਂਕਿ, ਕਈ ਵਾਰ ਹੈਲਮੇਟ ਸਿਰ 'ਤੇ ਰਗੜ ਪੈਦਾ ਕਰਦਾ ਹੈ, ਜਿਸ ਕਾਰਨ ਉੱਥੇ ਪਸੀਨਾ ਇਕੱਠਾ ਹੋ ਸਕਦਾ ਹੈ। ਇਹ ਸਿਰ ਦੀ ਚਮੜੀ ਜਾਂ ਵਾਲਾਂ ਦੇ ਨੇੜੇ ਦੀ ਚਮੜੀ ਨੂੰ ਪ੍ਰਭਾਵਿਤ ਕਰਦਾ ਹੈ।

ਜੇਕਰ ਹੈਲਮੇਟ ਅੰਦਰੋਂ ਗੰਦਾ ਹੈ, ਬਹੁਤ ਜ਼ਿਆਦਾ ਤੰਗ ਹੈ ਜਾਂ ਫੰਗਸ ਲੱਗੀ ਹੋਈ ਹੈ ਤਾਂ ਇਹ ਵਾਲਾਂ ਨੂੰ ਪ੍ਰਭਾਵਿਤ ਕਰੇਗਾ। ਹਾਲਾਂਕਿ, ਹੈਲਮੇਟ ਵਾਲ ਝੜਨ ਦਾ ਇਕੱਲਾ ਕਾਰਨ ਨਹੀਂ ਹਨ। ਨਿਯਮਤ ਤੌਰ 'ਤੇ ਵਾਲਾਂ ਦੀ ਸਫ਼ਾਈ ਅਤੇ ਹੈਲਮੇਟ ਦੇ ਅੰਦਰ ਦੀ ਸਫ਼ਾਈ, ਵਾਲਾਂ ਦਾ ਨੁਕਸਾਨ ਹੋਣ ਤੋਂ ਬਚਾਉਣ ਦਾ ਇੱਕ ਚੰਗਾ ਤਰੀਕਾ ਹੈ।

ਵਾਲਾਂ ਦੇ ਝੜਨ ਦੇ ਪਿੱਛੇ ਹਾਰਮੋਨਲ ਬਦਲਾਅ, ਜੈਨੇਟਿਕਸ ਅਤੇ ਜੀਵਨ ਸ਼ੈਲੀ ਵੀ ਵਜ੍ਹਾ ਹੋ ਸਕਦੀ ਹੈ। ਹਾਲੇ ਤੱਕ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਹੈ ਕਿ ਹੈਲਮੇਟ ਇਨ੍ਹਾਂ ਕਾਰਕਾਂ ਤੋਂ ਬਿਨਾਂ ਲੋਕਾਂ ਵਿੱਚ ਸਥਾਈ ਵਾਲਾਂ ਦੇ ਝੜਨ ਦਾ ਕਾਰਨ ਬਣਦਾ ਹੈ।

2. ਨੌਜਵਾਨਾਂ 'ਚ ਵਾਲ ਝੜਨ ਦੇ ਮੁੱਖ ਕਾਰਨ ਕੀ ਹਨ?

ਘੱਟ ਉਮਰ ਵਿੱਚ ਵਾਲਾਂ ਦਾ ਝੜਨਾ ਕੋਈ ਅਨੌਖੀ ਗੱਲ ਨਹੀਂ ਹੈ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਪਤਾ ਲਗਾਉਣਾ ਜ਼ਰੂਰੀ ਹੈ।

ਮੁੰਬਈ ਦੇ ਜਸਲੋਕ ਹਸਪਤਾਲ ਅਤੇ ਖੋਜ ਕੇਂਦਰ ਵਿੱਚ ਚਮੜੀ ਵਿਗਿਆਨ ਅਤੇ ਟ੍ਰਾਈਕੋਲੋਜੀ ਵਿਭਾਗ ਵਿੱਚ ਸਲਾਹਕਾਰ ਵਜੋਂ ਕੰਮ ਕਰਨ ਵਾਲੇ ਡਾ. ਮੈਥਿਲੀ ਕਾਮਤ ਨੇ ਇਸ ਮਾਮਲੇ 'ਤੇ ਹੋਰ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਕਿਹਾ, "ਹਾਰਮੋਨਲ ਫੈਕਟਰ ਭਾਵ ਹਾਰਮੋਨਲ ਬਦਲਾਅ, ਵਾਲਾਂ ਦੇ ਝੜਨ ਦਾ ਇੱਕ ਵੱਡਾ ਕਾਰਨ ਹਨ। ਔਰਤਾਂ ਵਿੱਚ ਥਾਇਰਾਇਡ ਅਤੇ ਪੀਸੀਓਡੀ ਵਰਗੇ ਕਾਰਨ ਵਾਲਾਂ ਦੇ ਝੜਨ ਦੀ ਵਜ੍ਹਾ ਬਣ ਸਕਦੇ ਹਨ।"

"ਜਦੋਂ ਕਿ ਮਰਦਾਂ ਵਿੱਚ ਜੈਨੇਟਿਕ ਕਾਰਕ ਵਧੇਰੇ ਪ੍ਰਭਾਵਸ਼ਾਲੀ ਹੁੰਦੇ ਹਨ। ਇਸ ਤੋਂ ਇਲਾਵਾ ਬਿਮਾਰੀ, ਵਿਟਾਮਿਨ ਦੀ ਕਮੀ, ਆਇਰਨ ਦੀ ਕਮੀ ਅਤੇ ਸਿਗਰਟਨੋਸ਼ੀ ਵੀ ਵਾਲਾਂ ਦੇ ਝੜਨ ਨੂੰ ਤੇਜ਼ ਕਰ ਸਕਦੇ ਹਨ।"

3. ਕੀ ਹੈਲਮੇਟ ਪਾਉਣ ਨਾਲ ਸਿਰ ਦੀ ਚਮੜੀ 'ਚ ਜਲਨ ਹੁੰਦੀ ਹੈ?

ਮੁੰਬਈ ਸਥਿਤ ਚਮੜੀ ਰੋਗਾਂ ਦੇ ਮਾਹਰ ਡਾ. ਸ਼ਰੀਫਾ ਚੌਸੇ ਇਸ ਬਾਰੇ ਕਹਿੰਦੇ ਹਨ, "ਬਹੁਤ ਜ਼ਿਆਦਾ ਤੰਗ ਹੈਲਮੇਟ ਪਹਿਨਣ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਸਕਦੀਆਂ ਹਨ। ਗ਼ਲਤ ਫਿਟਿੰਗ ਵਾਲਾ ਹੈਲਮੇਟ ਪਾਉਣ ਨਾਲ ਖੁਰਕ, ਪਸੀਨਾ ਅਤੇ ਸਿਰ ਦੀ ਚਮੜੀ 'ਤੇ ਫੰਗਲ ਇਨਫੈਕਸ਼ਨ ਹੋ ਸਕਦੇ ਹਨ। ਜੇਕਰ ਹੈਲਮੇਟ ਸਹੀ ਆਕਾਰ ਦਾ ਨਹੀਂ ਹੈ ਅਤੇ ਅੰਦਰੋਂ ਸਹੀ ਢੰਗ ਨਾਲ ਸਾਫ਼ ਨਹੀਂ ਕੀਤਾ ਜਾਂਦਾ ਹੈ ਤਾਂ ਇਹ ਸਮੱਸਿਆ ਹੋਰ ਵੀ ਵਧ ਸਕਦੀ ਹੈ।"

ਡਾ. ਮੈਥਿਲੀ ਕਾਮਤ ਕਹਿੰਦੇ ਹਨ, "ਜੇ ਤੁਸੀਂ ਪੋਨੀਟੇਲ ਵਰਗਾ ਹੇਅਰ ਸਟਾਈਲ ਜਾਂ ਵਾਲਾਂ ਦੀਆਂ ਜੜ੍ਹਾਂ ਤੋਂ ਖਿੱਚ ਕੇ ਰੱਖਣ ਵਾਲਾ ਹੇਅਰ ਸਟਾਈਲ 'ਤੇ ਹੈਲਮੇਟ ਪਾਉਂਦੇ ਹੋ ਤਾਂ ਇਸ ਨਾਲ ਰਗੜ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।"

"ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਹੈਲਮੇਟ ਪਹਿਨਣ ਦੌਰਾਨ ਵਾਲ ਲਗਾਤਾਰ ਖਿੱਚੇ ਰਹਿੰਦੇ ਹਨ। ਇਸ ਤੋਂ ਇਲਾਵਾ, ਹੈਲਮੇਟ ਦੇ ਕਿਨਾਰਿਆਂ ਕਰਕੇ ਰਗੜਨ ਨਾਲ ਵੀ ਵਾਲ ਟੁੱਟ ਸਕਦੇ ਹਨ।"

4. ਹੈਲਮੇਟ ਦੇ ਹੇਠਾਂ ਇਕੱਠਾ ਪਸੀਨਾ ਸਿਕਰੀ ਦਾ ਕਾਰਨ ਬਣਦਾ ਹੈ?

ਕਈ ਲੋਕ ਅਕਸਰ ਹੈਲਮੇਟ ਪਾਉਣ ਤੋਂ ਬਚਣ ਲਈ ਸਿਕਰੀ (ਡੈਂਡਰਫ ) ਨੂੰ ਕਾਰਨ ਦੱਸਦੇ ਹਨ।

ਇਸ 'ਤੇ ਡਾ. ਸ਼ਰੀਫਾ ਚੌਸੇ ਕਹਿੰਦੇ ਹਨ, "ਹੈਲਮੇਟ ਸਿਰ ਦੀ ਚਮੜੀ 'ਤੇ ਹਲਕਾ ਗਰਮ ਅਤੇ ਨਮੀ ਵਾਲਾ ਵਾਤਾਵਰਨ ਬਣਾਉਂਦੇ ਹਨ। ਉੱਥੇ ਪਸੀਨਾ ਇਕੱਠਾ ਹੋ ਜਾਂਦਾ ਹੈ ਅਤੇ ਇਸ ਤੋਂ ਫੰਗਸ ਜਾਂ ਬੈਕਟੀਰੀਆ ਫੈਲਣ ਲੱਗ ਜਾਂਦੇ ਹਨ।"

"ਇਹ ਫੰਗਸ ਸਿਰ ਦੀ ਚਮੜੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜਿਸ ਕਰਕੇ ਖੁਰਕ ਅਤੇ ਸਿਕਰੀ ਹੋ ਸਕਦੀ ਹੈ। ਇਸ ਲਈ ਆਪਣੇ ਵਾਲਾਂ ਨੂੰ ਹਮੇਸ਼ਾ ਸਾਫ਼ ਰੱਖਣਾ ਅਤੇ ਹਵਾਦਾਰ ਹੈਲਮੇਟ ਪਾਉਣਾ ਚਾਹੀਦਾ ਹੈ।"

ਉਹ ਜ਼ੋਰ ਦਿੰਦੇ ਹਨ, "ਹੈਲਮੇਟ ਦੀ ਸਫ਼ਾਈ ਬਹੁਤ ਜ਼ਰੂਰੀ ਹੈ ਅਤੇ ਅਜਿਹਾ ਕਰਕੇ ਤੁਹਾਡਾ ਕਈ ਸਮੱਸਿਆਵਾਂ ਤੋਂ ਬਚਾਅ ਹੋ ਸਕਦਾ ਹੈ।"

5. ਹੈਲਮੇਟ ਪਾਉਣ ਵਾਲੇ ਲੋਕਾਂ ਨੂੰ ਆਪਣੇ ਵਾਲਾਂ ਦੀ ਕਿਵੇਂ ਦੇਖਭਾਲ ਕਰਨੀ ਚਾਹੀਦੀ?

6. ਵਾਲ ਝੜਨ ਤੋਂ ਪਰੇਸ਼ਾਨ ਹੋ ਤਾਂ ਕੀ ਕਰੋ?

ਡਾ. ਸ਼ਰੀਫ਼ਾ ਚੌਸੇ ਕਹਿੰਦੇ ਹਨ, "ਹੈਲਮੇਟ ਵਾਲਾਂ ਦੇ ਝੜਨ ਦਾ ਇਕੱਲਾ ਕਾਰਨ ਨਹੀਂ ਹੈ, ਜਦਕਿ ਗ਼ਲਤ ਹੈਲਮੇਟ ਦਾ ਇਸਤੇਮਾਲ ਵਾਲ ਝੜਨ ਦਾ ਕਾਰਨ ਬਣ ਸਕਦੇ ਹਨ। ਰਗੜ, ਦਬਾਅ ਅਤੇ ਪਸੀਨਾ ਵਾਲਾਂ ਦੇ ਝੜਨ ਦਾ ਕਾਰਨ ਬਣਦਾ ਹੈ।"

"ਜੇਕਰ ਚਮੜੀ ਦੀ ਸਹੀ ਦੇਖਭਾਲ ਕੀਤੀ ਜਾਵੇ ਅਤੇ ਸਰੀਰ ਦੀਆਂ ਗ੍ਰੰਥੀਆਂ ਨੂੰ ਨੁਕਸਾਨ ਨਾ ਪਹੁੰਚੇ, ਤਾਂ ਵਾਲ ਵਾਪਸ ਉੱਗਣਗੇ। ਜੇਕਰ ਵਾਲਾਂ ਦਾ ਝੜਨਾ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ, ਤਾਂ ਤੁਹਾਨੂੰ ਇਹ ਪਤਾ ਲਗਾਉਣ ਲਈ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ਕਿ ਕੀ ਕੋਈ ਹੋਰ ਕਾਰਨ ਤਾਂ ਨਹੀਂ ਹੈ।"

ਹੈਲਮੇਟ ਨਾ ਪਾਉਣਾ ਸਮੱਸਿਆ ਦਾ ਹੱਲ ਨਹੀਂ ਹੈ, ਪਰ ਵਾਲਾਂ ਦੇ ਝੜਨ ਨੂੰ ਰੋਕਣਾ ਯਕੀਨੀ ਤੌਰ 'ਤੇ ਸੰਭਵ ਹੈ।

ਹੈਲਮੇਟ ਪਹਿਨਣ ਨਾਲ ਵਾਲ ਝੜਦੇ ਹਨ ਜਾਂ ਨਹੀਂ ਇਹ ਸਵਾਲ ਜਿੰਨਾ ਆਮ ਹੈ ਓਨਾ ਹੀ ਗ਼ਲਤ ਧਾਰਨਾਵਾਂ ਨਾਲ ਭਰਿਆ ਹੋਇਆ ਹੈ। ਵਿਗਿਆਨਕ ਤੌਰ 'ਤੇ, ਹੈਲਮੇਟ ਵਾਲ ਝੜਨ ਦਾ ਸਿੱਧਾ ਕਾਰਨ ਨਹੀਂ ਹਨ।

ਗੰਦਗੀ, ਪਸੀਨਾ, ਫੰਗਸ ਅਤੇ ਰਗੜ ਵਾਲਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ ਇਸਨੂੰ ਸਹੀ ਢੰਗ ਨਾਲ ਪਾਉਣਾ ਬਹੁਤ ਜ਼ਰੂਰੀ ਹੈ। ਹੈਲਮੇਟ ਨੂੰ ਸਾਫ਼ ਰੱਖਣਾ, ਸਹੀ ਫਿਟਿੰਗ ਵਾਲਾ ਹੈਲਮੇਟ ਅਤੇ ਆਪਣੇ ਵਾਲਾਂ ਦੀ ਦੇਖਭਾਲ ਕਰਨਾ ਵਾਲਾਂ ਦੇ ਝੜਨ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।

ਵਾਲਾਂ ਦਾ ਝੜਨਾ ਕਈ ਕਾਰਨਾਂ ਕਰਕੇ ਹੁੰਦਾ ਹੈ, ਜਿਸ ਵਿੱਚ ਹਾਰਮੋਨ, ਜੈਨੇਟਿਕਸ, ਪੋਸ਼ਣ ਅਤੇ ਤਣਾਅ ਸ਼ਾਮਲ ਹਨ। ਹਾਲਾਂਕਿ ਹੈਲਮੇਟ ਹੀ ਇਸ ਲਈ ਜ਼ਿੰਮੇਵਾਰ ਨਹੀਂ ਹੈ। ਇਸ ਲਈ ਸੁਰੱਖਿਅਤ ਯਾਤਰਾ ਲਈ ਹੈਲਮੇਟ ਪਹਿਨਣਾ ਜਾਰੀ ਰੱਖੋ, ਪਰ ਆਪਣੇ ਵਾਲਾਂ ਦੀ ਸਿਹਤ ਦਾ ਵੀ ਧਿਆਨ ਰੱਖਣਾ ਨਾ ਭੁੱਲੋ।

ਜੇਕਰ ਤੁਸੀਂ ਜੀਵਨ ਸ਼ੈਲੀ ਵਿੱਚ ਕੋਈ ਵੱਡਾ ਬਦਲਾਅ, ਜਿਵੇਂ ਕਿ ਖੁਰਾਕ ਵਿੱਚ ਬਦਲਾਅ, ਇਲਾਜ, ਦਵਾਈ ਜਾਂ ਸਰੀਰਕ ਕਸਰਤ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੇ ਹੋ, ਤਾਂ ਡਾਕਟਰ ਅਤੇ ਯੋਗ ਟ੍ਰੇਨਰ ਨਾਲ ਸਲਾਹ ਕਰਨਾ ਮਹੱਤਵਪੂਰਨ ਹੈ।

ਚੰਗਾ ਹੋਵੇਗਾ ਕਿ ਤੁਸੀਂ ਡਾਕਟਰ ਨਾਲ ਆਪਣੇ ਸਰੀਰ ਅਤੇ ਲੱਛਣਾਂ ਦਾ ਚੰਗੀ ਤਰ੍ਹਾਂ ਮੁਲਾਂਕਣ ਕਰਨਾ ਅਤੇ ਉਨ੍ਹਾਂ ਦੀ ਸਲਾਹ ਦੇ ਆਧਾਰ 'ਤੇ ਜੀਵਨ ਸ਼ੈਲੀ ਵਿੱਚ ਬਦਲਾਅ ਕਰਨਾ ਸਭ ਤੋਂ ਵਧੀਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)