You’re viewing a text-only version of this website that uses less data. View the main version of the website including all images and videos.
ਕੀ ਤੁਹਾਡਾ ਬੱਚਾ ਵੀ ਵਾਲ ਪੁੱਟਦਾ ਹੈ? ਇਸ ਦੇ ਕਾਰਨਾਂ ਅਤੇ ਇਲਾਜ ਬਾਰੇ ਜਾਣੋ
- ਲੇਖਕ, ਓਂਕਾਰ ਕਰੰਬੇਡਕਰ
- ਰੋਲ, ਬੀਬੀਸੀ ਪੱਤਰਕਾਰ
ਅਸੀਂ ਕਈ ਵਾਰ ਖ਼ਬਰਾਂ ਵਿੱਚ ਪੜ੍ਹਦੇ ਹਾਂ ਕਿ ਕਿਸੇ ਜ਼ਿਲ੍ਹੇ ਵਿੱਚ ਇੱਕ ਕੁੜੀ ਦੇ ਪੇਟ ਵਿੱਚੋਂ ਵਾਲਾਂ ਦਾ ਇੱਕ ਗੋਲਾ ਕੱਢਿਆ ਗਿਆ ਸੀ, ਸਰਜਰੀ ਰਾਹੀਂ ਇੱਕ ਔਰਤ ਦੇ ਪੇਟ ਵਿੱਚੋਂ 1.5 ਕਿਲੋਗ੍ਰਾਮ ਭਾਰਾ ਵਾਲਾਂ ਦਾ ਇੱਕ ਗੋਲਾ ਕੱਢਿਆ ਗਿਆ...ਵਗੈਰਾ...
ਹੁਣ ਭਾਵੇਂ ਸਰਜਰੀ ਰਾਹੀਂ ਵਾਲਾਂ ਦਾ ਇਹ ਗੋਲਾ ਹਟਾ ਦਿੱਤਾ ਗਿਆ, ਪਰ ਹੋ ਸਕਦਾ ਹੈ ਕਿ ਇਸ ਦੀ ਸ਼ੁਰੂਆਤ ਮਹੀਨਿਆਂ ਜਾਂ ਸਾਲਾਂ ਪਹਿਲਾਂ ਹੋਈ ਹੋਵੇ। ਇਸ ਨੂੰ ਟ੍ਰਿਕੋਟਿਲੋਮੇਨੀਆ ਜਾਂ ਹੇਅਰ ਪੁਲਿੰਗ ਡਿਸਆਰਡਰ (ਵਾਲ ਖਿੱਚਣ ਦਾ ਵਿਕਾਰ) ਕਿਹਾ ਜਾਂਦਾ ਹੈ।
ਸਰਲ ਸ਼ਬਦਾਂ ਵਿੱਚ ਪ੍ਰਭਾਵਿਤ ਵਿਅਕਤੀ ਨੂੰ ਆਪਣੇ ਵਾਲ ਪੁੱਟਣ ਦੀ ਤੀਬਰ ਅਤੇ ਬੇਕਾਬੂ ਇੱਛਾ ਹੁੰਦੀ ਹੈ।
ਜਦੋਂ ਤੱਕ ਵਾਲ ਨਹੀਂ ਪੁੱਟਦੇ, ਵਿਅਕਤੀ ਨੂੰ ਚੰਗਾ ਮਹਿਸੂਸ ਨਹੀਂ ਹੁੰਦਾ। ਹਰ ਵਾਰ ਵਾਲ ਪੁੱਟਣ ਤੋਂ ਬਾਅਦ, ਵਿਅਕਤੀ ਕੁਝ ਸਮੇਂ ਲਈ ਚੰਗਾ ਮਹਿਸੂਸ ਕਰਦਾ ਹੈ।
ਫ਼ਿਰ ਇਹ ਸਿਲਸਲਾ ਜਾਰੀ ਰਹਿੰਦਾ ਹੈ। ਇਹ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਗੰਜਾਪਨ ਨਹੀਂ ਹੋ ਜਾਂਦਾ। ਵਾਲ ਪੁੱਟਣ ਤੋਂ ਬਾਅਦ ਉਹ ਉਨ੍ਹਾਂ ਨੂੰ ਖਾਣਾ ਵੀ ਸ਼ੁਰੂ ਕਰ ਦਿੰਦੇ ਹਨ। ਇਸ ਵਿੱਚ ਮਰੀਜ਼ ਸਿਰ, ਭਰਵੱਟੇ ਅਤੇ ਪਲਕਾਂ ਤੋਂ ਵੀ ਵਾਲ ਪੁੱਟਣ ਲੱਗਦਾ ਹੈ।
ਅਕਸਰ, ਇਹ ਮਾਨਸਿਕ ਬਿਮਾਰੀ ਛੋਟੀ ਉਮਰ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ।
ਯੂਨਾਈਟਿਡ ਕਿੰਗਡਮ ਦੇ ਐੱਨਐੱਚਐੱਸ ਮੁਤਾਬਕ, ਇਹ ਬਿਮਾਰੀ ਦਸ ਤੋਂ ਤੇਰਾਂ ਸਾਲ ਦੀ ਉਮਰ ਦੇ ਵਿਚਕਾਰ ਸ਼ੁਰੂ ਹੁੰਦੀ ਹੈ।
ਵਾਲ ਖਿੱਚਣ ਦੇ ਵਿਕਾਰ ਦੇ ਲੱਛਣ ਕੀ ਹਨ?
ਜੇਕਰ ਅਸੀਂ ਇਸ ਵਾਲ ਖਿੱਚਣ ਦੀ ਬਿਮਾਰੀ ਦੇ ਲੱਛਣਾਂ 'ਤੇ ਨਜ਼ਰ ਮਾਰੀਏ, ਤਾਂ ਇਹ ਮਰੀਜ਼ ਉਦੋਂ ਤੱਕ ਬਹੁਤ ਜ਼ਿਆਦਾ ਤਣਾਅ ਮਹਿਸੂਸ ਕਰਦੇ ਹਨ ਜਦੋਂ ਤੱਕ ਉਨ੍ਹਾਂ ਦੇ ਵਾਲ ਨਹੀਂ ਪੁੱਟੇ ਜਾਂਦੇ।
ਇੱਕ ਵਾਰ ਜਦੋਂ ਵਾਲ ਪੁੱਟੇ ਜਾਂਦੇ ਹਨ, ਤਾਂ ਉਹ ਥੋੜ੍ਹਾ ਜਿਹਾ ਆਜ਼ਾਦ ਮਹਿਸੂਸ ਕਰਦੇ ਹਨ। ਇਹ ਇਸ ਤਰ੍ਹਾਂ ਹੈ ਜਿਵੇਂ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਗਿਆ ਹੋਵੇ।
ਅਕਸਰ, ਉਹ ਬਿਨ੍ਹਾਂ ਸੋਚੇ-ਸਮਝੇ ਅਜਿਹਾ ਕਰਦੇ ਹਨ। ਇਹ ਤਣਾਅਪੂਰਨ ਸਥਿਤੀਆਂ ਨਾਲ ਨਜਿੱਠਣ ਦਾ ਇੱਕ ਤਰੀਕਾ ਹੈ।
ਜ਼ਿਆਦਾਤਰ ਲੋਕ ਇਸ ਸਥਿਤੀ ਬਾਰੇ ਕਿਸੇ ਨੂੰ ਨਹੀਂ ਦੱਸਦੇ ਕਿਉਂਕਿ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਹਨ।
ਇਸ ਦੇ ਸਰੀਰਕ ਲੱਛਣਾਂ ਬਾਰੇ ਅਸੀਂ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਮਨੋਵਿਗਿਆਨੀ ਡਾਕਟਰ ਪਾਰਥ ਨਾਗਦਾ ਨੂੰ ਪੁੱਛਿਆ।
ਉਨ੍ਹਾਂ ਕਿਹਾ, "ਇਸ ਵਿੱਚ, ਸਿਰ, ਚਿਹਰੇ ਅਤੇ ਸਰੀਰ ਦੇ ਵਾਲ ਘੱਟ ਜਾਂਦੇ ਹਨ। ਉਹ ਵਿਅਕਤੀ ਵਾਰ-ਵਾਰ ਆਪਣੇ ਵਾਲ ਪੁੱਟਦਾ ਦਿਖਾਈ ਦਿੰਦਾ ਹੈ।"
"ਵਾਲ ਪੁੱਟਣ ਤੋਂ ਪਹਿਲਾਂ ਉਹ ਵਿਅਕਤੀ ਕਾਫ਼ੀ ਪਰੇਸ਼ਾਨ ਮਹਿਸੂਸ ਕਰ ਸਕਦਾ ਹੈ।"
"ਭਾਵੇਂ ਇਨ੍ਹਾਂ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਜਾਵੇ, ਫਿਰ ਵੀ ਇਹ ਬਹੁਤ ਪਰੇਸ਼ਾਨ ਦਿਖਾਈ ਦਿੰਦੇ ਹਨ। ਆਪਣੇ ਵਾਲ ਪੁੱਟਣ ਤੋਂ ਬਾਅਦ ਉਨ੍ਹਾਂ ਨੂੰ ਰਾਹਤ ਮਹਿਸੂਸ ਹੁੰਦੀ ਹੈ।"
ਡਾਕਟਰ ਪਾਰਥ ਨਾਗਦਾ ਨੇ ਅੱਗੇ ਕਿਹਾ, "ਅਜਿਹੇ ਮਰੀਜ਼ਾਂ ਦੇ ਸਿਰ 'ਤੇ ਗੰਜੇ ਧੱਬੇ ਹੁੰਦੇ ਹਨ। ਵਾਲ ਅੰਸ਼ਕ ਰੂਪ ਵਿੱਚ ਟੁੱਟੇ ਹੋਏ ਹੁੰਦੇ ਹਨ। ਚਮੜੀ 'ਤੇ ਧੱਫੜ ਹੁੰਦੇ ਹਨ।"
"ਇਸ ਤੋਂ ਇਲਾਵਾ ਉਨ੍ਹਾਂ ਦੀਆਂ ਆਦਤਾਂ ਵਿੱਚ ਟੁੱਟੇ ਹੋਏ ਵਾਲਾਂ ਨੂੰ ਕੱਟਣਾ, ਨਿਗਲਣਾ ਅਤੇ ਡਿੱਗੇ ਹੋਏ ਵਾਲਾਂ ਨਾਲ ਖੇਡਣਾ ਸ਼ਾਮਲ ਹੈ।"
ਵਾਲ ਖਿੱਚਣ ਸੰਬੰਧੀ ਵਕਾਰ ਦਾ ਕਾਰਨ ਕੀ ਹੈ?
ਇਹ ਰੋਗ ਇੱਕ ਬਹੁਤ ਹੀ ਗੁੰਝਲਦਾਰ ਸਥਿਤੀ ਹੈ, ਜੋ ਕਈ ਮਾਨਸਿਕ, ਸਰੀਰਕ ਅਤੇ ਵਾਤਾਵਰਣ ਦੇ ਕਾਰਕਾਂ ਕਰਕੇ ਹੁੰਦੀ ਹੈ।
ਇਸਦੇ ਕਾਰਨਾਂ ਬਾਰੇ ਗੱਲ ਕਰਦੇ ਹੋਏ, ਨਵੀਂ ਮੁੰਬਈ ਦੇ ਅਪੋਲੋ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਾ. ਰਿਤੂਪਰਣਾ ਘੋਸ਼ ਕਹਿੰਦੇ ਹਨ, "ਕੁਝ ਨਿਊਰੋਬਾਇਓਲੋਜੀਕਲ ਕਾਰਕ ਵੀ ਇਸਦੇ ਲਈ ਜ਼ਿੰਮੇਵਾਰ ਹਨ। ਇਹ ਬਿਮਾਰੀ ਉਦੋਂ ਹੋ ਸਕਦੀ ਹੈ ਜਦੋਂ ਡੋਪਾਮਾਈਨ ਅਤੇ ਸੇਰੋਟੋਨਿਨ ਵਰਗੇ ਰਸਾਇਣਾਂ ਦੇ ਪੱਧਰਾਂ ਵਿੱਚ ਅਸੰਤੁਲਨ ਹੁੰਦਾ ਹੈ।
"ਇਹ ਵਿਕਾਰ ਉਦੋਂ ਹੋ ਸਕਦਾ ਹੈ ਜਦੋਂ ਸਾਡਾ ਇਮਪਲਸ ਕੰਟਰੋਲ ਸਿਸਟਮ ਖਰਾਬ ਹੋ ਜਾਵੇ ਜਾਂ ਦਿਮਾਗ ਦੇ ਸਵੈ-ਇਨਾਮ ਪ੍ਰਣਾਲੀ ਵਿੱਚ ਅਸੰਤੁਲਨ ਹੋ ਜਾਵੇ। ਜੇਕਰ ਪਰਿਵਾਰ ਵਿੱਚ ਓਸੀਡੀ ਅਤੇ ਚਿੰਤਾ ਵਰਗੀਆਂ ਬਿਮਾਰੀਆਂ ਚੱਲੀਆਂ ਆ ਰਹੀਆਂ ਹਨ, ਤਾਂ ਇਹ ਵਿਕਾਰ ਵਿਰਾਸਤੀ ਹੋ ਸਕਦਾ ਹੈ।"
ਡਾ. ਰਿਤੁਪਰਣਾ ਘੋਸ਼ ਅੱਗੇ ਕਹਿੰਦੇ ਹਨ, "ਵਾਲ ਖਿੱਚਣ ਦੀ ਵਰਤੋਂ ਤਣਾਅ, ਬੋਰੀਅਤ, ਇਕੱਲਤਾ ਜਾਂ ਨਿਰਾਸ਼ਾ ਨੂੰ ਦੂਰ ਕਰਨ ਲਈ ਨੂੰ ਇੱਕ ਵਿਕਲਪ ਵਜੋਂ ਕੀਤੀ ਜਾਂਦੀ ਹੈ। ਕੁਝ ਲੋਕਾਂ ਵਿੱਚ ਉੱਤਮ ਬਣਨ ਦੀ ਪ੍ਰਵਿਰਤੀ ਹੁੰਦੀ ਹੈ ਅਤੇ ਇੱਕ ਖਾਸ ਤਰੀਕੇ ਨਾਲ ਸੋਚਣ ਦੀ ਆਦਤ ਹੁੰਦੀ ਹੈ, ਜੋ ਅਜਿਹੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।
ਜਿਨ੍ਹਾਂ ਲੋਕਾਂ ਦਾ ਸਵੈ-ਸਨਮਾਨ ਘੱਟ ਹੁੰਦਾ ਹੈ, ਉਨ੍ਹਾਂ ਦੇ ਮਨ ਵਿੱਚ ਆਪਣੇ ਸਰੀਰ ਬਾਰੇ ਗਲਤ ਚਿੱਤਰ ਬਣਿਆ ਹੁੰਦਾ ਹੈ ਅਤੇ ਉਹ ਲਗਾਤਾਰ ਮਹਿਸੂਸ ਕਰਦੇ ਹਨ ਕਿ ਕੁਝ ਸਹੀ ਨਹੀਂ ਹੈ।"
ਇਸ ਦੇ ਨਾਲ ਹੀ, ਡਾ. ਘੋਸ਼ ਕਹਿੰਦੇ ਹਨ ਕਿ ਕੁਝ ਤੁਰੰਤ ਘਟੀਆਂ ਘਟਨਾਵਾਂ ਵੀ ਇਸ ਲਈ ਜ਼ਿੰਮੇਵਾਰ ਹੁੰਦੀਆਂ ਹਨ।
ਉਹ ਕਹਿੰਦੇ ਹਨ, "ਸਕੂਲ ਵਿੱਚ ਪ੍ਰੀਖਿਆਵਾਂ, ਘਰ ਵਿੱਚ ਲੜਾਈਆਂ, ਕਿਸੇ ਦੁਆਰਾ ਚਿੜਾਉਣਾ ਤਣਾਅ ਦਾ ਕਾਰਨ ਬਣ ਸਕਦਾ ਹੈ ਅਤੇ ਇਸ ਨੂੰ ਦੂਰ ਕਰਨ ਲਈ, ਲੋਕ ਵਾਲ ਖਿੱਚਣ ਅਤੇ ਖਾਣ ਦਾ ਸਹਾਰਾ ਲੈਂਦੇ ਹਨ। ਕੁਝ ਲੋਕ ਦੂਜਿਆਂ ਨੂੰ ਆਪਣੇ ਵਾਲ ਖਿੱਚਦੇ ਦੇਖ ਕੇ ਖੁਦ ਦੇ ਵਾਲ ਖਿੱਚਣਾ ਸ਼ੁਰੂ ਕਰ ਦਿੰਦੇ ਹਨ।
ਤੁਹਾਨੂੰ ਡਾਕਟਰ ਨੂੰ ਕਦੋਂ ਦਿਖਾਉਣਾ ਚਾਹੀਦਾ ਹੈ?
ਵਾਲ ਖਿੱਚਣ ਦੀ ਬਿਮਾਰੀ ਦੇ ਲੱਛਣ ਅਕਸਰ ਲੁਕੇ ਹੁੰਦੇ ਹਨ।
ਜੇਕਰ ਵਾਲ ਖਿੱਚਣ ਦੀ ਇਹ ਸਮੱਸਿਆ ਵਿਅਕਤੀ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ, ਤਾਂ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ।
ਜੇਕਰ ਤੁਹਾਨੂੰ ਆਪਣੇ ਸਿਰ 'ਤੇ ਗੰਜੇ ਧੱਬੇ ਜਾਂ ਪੈਚ ਦਿਖਾਈ ਦੇਣ, ਜਾਂ ਤੁਹਾਨੂੰ ਚਮੜੀ ਦੀ ਲਾਗ ਦਿਖਾਈ ਦਿੰਦੀ ਹੈ ਤਾਂ ਤੁਹਾਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਜੇਕਰ ਤੁਸੀਂ ਜਾਂ ਤੁਹਾਡੀ ਦੇਖਭਾਲ ਕਰਨ ਵਾਲਾ ਕੋਈ ਵਿਅਕਤੀ ਆਪਣੇ ਵਾਲ ਖਿੱਚਣ ਦੇ ਵਿਵਹਾਰ ਨੂੰ ਕੰਟਰੋਲ ਨਹੀਂ ਕਰ ਪਾ ਰਿਹਾ ਤਾਂ ਤੁਹਾਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ।
ਡਾ. ਪਾਰਥ ਨਾਗਦਾ ਕਹਿੰਦੇ ਹਨ, "ਜੇਕਰ ਇਹ ਲੱਛਣ ਛੋਟੇ ਬੱਚਿਆਂ, ਕਿਸ਼ੋਰਾਂ ਵਿੱਚ ਦਿਖਾਈ ਦਿੰਦੇ ਹਨ, ਤਾਂ ਇਸਨੂੰ ਸਮਾਂ ਰਹਿੰਦੇ ਸੰਭਾਲਿਆ ਜਾਣਾ ਚਾਹੀਦਾ ਹੈ। ਉਹਨਾਂ ਨੂੰ ਦੋਸ਼ੀ ਨਹੀਂ ਮੰਨਿਆ ਜਾਣਾ ਚਾਹੀਦਾ, ਉਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ। ਉਹਨਾਂ ਨੂੰ ਭਾਵਨਾਤਮਕ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ।”
“ਉਹਨਾਂ ਦੇ ਸਕੂਲ, ਕਾਲਜ ਨੂੰ ਵੀ ਉਹਨਾਂ ਦੀ ਦੇਖਭਾਲ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਜਿੰਨੀ ਜਲਦੀ ਇਸ ਵੱਲ ਧਿਆਨ ਦਿੱਤਾ ਜਾ ਸਕੇ, ਓਨਾ ਹੀ ਚੰਗਾ ਹੈ। ਨਾਲ ਹੀ, ਇਸਨੂੰ ਲੰਬੇ ਸਮੇਂ ਤੱਕ ਅਣਦੇਖਾ ਨਹੀਂ ਕਰਨਾ ਚਾਹੀਦਾ, ਇਹ ਸੋਚ ਕੇ ਕਿ ਇਹ ਵਿਵਹਾਰ ਦਾ ਇੱਕ ਪੈਟਰਨ ਹੈ।"
ਬਜ਼ੁਰਗ ਨਾਗਰਿਕਾਂ ਨੂੰ ਕਿਸੇ ਵੀ ਸਰੀਰਕ ਜਾਂ ਮਾਨਸਿਕ ਸਿਹਤ ਸਮੱਸਿਆਵਾਂ ਲਈ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਇਕੱਲਤਾ ਅਤੇ ਡਿਮੈਂਸ਼ੀਆ (ਮਾਨਸਿਕ ਕਮਜ਼ੋਰੀ) ਵੀ ਇਸਦੇ ਕਾਰਨ ਹੋ ਸਕਦੇ ਹਨ।
ਡਾ. ਨਾਗਦਾ ਕਹਿੰਦੇ ਹਨ, "ਬਜ਼ੁਰਗ ਨਾਗਰਿਕਾਂ ਨਾਲ ਬਹੁਤ ਹੀ ਢੁਕਵੇਂ ਢੰਗ ਨਾਲ ਗੱਲਬਾਤ ਕਰਨਾ, ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਥਿਤੀ 'ਤੇ ਨਜ਼ਰ ਰੱਖਣਾ ਅਤੇ ਉਹਨਾਂ ਦੇ ਉਮਰ ਵਰਗ ਦੀ ਪਰਵਾਹ ਕੀਤੇ ਬਿਨਾਂ, ਮਨੋਵਿਗਿਆਨੀ ਦੀ ਮਦਦ ਲੈਣਾ ਜ਼ਰੂਰੀ ਹੈ।"
ਬੱਚਿਆਂ ਵਿੱਚ ਇਸ ਦੇ ਲੱਛਣ ਦਿਖਾਈ ਦੇਣ ਤਾਂ ਕੀ ਕੀਤਾ ਜਾਵੇ, ਇਸ ਬਾਰੇ ਡਾ. ਰਿਤੁਪਰਣਾ ਘੋਸ਼ ਕਹਿੰਦੇ ਹਨ, "ਜਿੰਨੀ ਜਲਦੀ ਇਲਾਜ ਜਾਂ ਉਪਾਅ ਦਿੱਤਾ ਜਾ ਸਕੇ, ਓਨਾ ਹੀ ਚੰਗਾ ਹੈ। ਬੱਚਿਆਂ 'ਤੇ ਚੀਕਣ ਜਾਂ ਉਨ੍ਹਾਂ ਨੂੰ ਦੋਸ਼ ਦੇਣ ਨਾਲ ਇਹ ਰੁਕਦਾ ਨਹੀਂ ਹੈ, ਇਸ ਲਈ ਸਥਿਤੀ ਵਿਗੜ ਸਕਦੀ ਹੈ।”
“ਧਿਆਨ ਦਿਓ ਜੇਕਰ ਬੱਚੇ ਪੜ੍ਹਾਈ ਦੌਰਾਨ, ਸੌਣ ਤੋਂ ਪਹਿਲਾਂ ਜਾਂ ਜਦੋਂ ਕੋਈ ਉਨ੍ਹਾਂ 'ਤੇ ਚੀਕਦਾ ਹੈ ਤਾਂ ਆਪਣੇ ਵਾਲ ਖਿੱਚਣ ਜਾਂ ਖਾਣ ਦੀ ਕੋਸ਼ਿਸ਼ ਕਰਦੇ ਹਨ, ਸੰਖੇਪ ਵਿੱਚ ਇਸ ਵੱਲ ਧਿਆਨ ਦਿਓ ਕੀ ਹੋਇਆ ਹੈ ਜਾਂ ਬੱਚੇ ਇਸ ਤਰ੍ਹਾਂ ਕਿਵੇਂ ਵਿਵਹਾਰ ਕਰਦੇ ਹਨ। ਦੇਖੋ ਕਿ ਬੱਚੇ ਛੋਟੇ ਖਿਡੌਣਿਆਂ ਨਾਲ ਖੇਡ ਸਕਦੇ ਹਨ ਜਾਂ ਕਲੇ ਮਾਡਲਿੰਗ ਵਰਗੀਆਂ ਚੀਜ਼ਾਂ ਕਰ ਸਕਦੇ ਹਨ।"
ਡਾ. ਘੋਸ਼ ਕਹਿੰਦੇ ਹਨ, "ਕਿਸ਼ੋਰਾਂ ਦੇ ਮਨਾਂ ਵਿੱਚ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ। ਉਹ ਆਪਣੀ ਸਰੀਰਕ ਬਣਤਰ ਬਾਰੇ ਉਲਝਣ ਵਿੱਚ ਹੁੰਦੇ ਹਨ। ਸਾਥੀਆਂ ਦਾ ਦਬਾਅ ਵੀ ਹੁੰਦਾ ਹੈ। ਅਜਿਹੇ ਸਮੇਂ ਵਿੱਚ ਤੁਹਾਨੂੰ ਬਿਨਾਂ ਕਿਸੇ ਸ਼ਰਮ ਦੇ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ। ਸ਼ੌਕ, ਜਰਨਲਿੰਗ ਜਾਂ ਹੋਰ ਥੈਰੇਪੀਆਂ ਦੀ ਮਦਦ ਲਈ ਜਾ ਸਕਦੀ ਹੈ।"
ਖੁਰਾਕ ਅਤੇ ਜੀਵਨ ਸ਼ੈਲੀ ਵਿੱਚ ਕਿਹੜੇ ਬਦਲਾਅ ਕਰਨੇ ਚਾਹੀਦੇ ਹਨ?
ਮਾਹਰ ਸਲਾਹ ਦਿੰਦੇ ਹਨ ਕਿ ਟ੍ਰਾਈਕੋਟਿਲੋਮੇਨੀਆ ਵਰਗੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਮੈਗਨੀਸ਼ੀਅਮ, ਓਮੇਗਾ-3 ਫੈਟੀ ਐਸਿਡ ਅਤੇ ਵਿਟਾਮਿਨ ਬੀ ਨਾਲ ਭਰਪੂਰ ਖੁਰਾਕ ਲੈਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਮੂਡ ਨੂੰ ਕੰਟਰੋਲ ਕਰਨ ਅਤੇ ਤਣਾਅ ਘਟਾਉਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਹ ਕਿਹਾ ਜਾਂਦਾ ਹੈ ਕਿ ਇਸ ਨਾਲ ਕੈਫੀਨਯੁਕਤ ਪਦਾਰਥ ਅਤੇ ਖੰਡ ਦਾ ਸੇਵਨ ਘੱਟ ਹੋ ਜਾਂਦਾ ਹੈ।
ਡਾ. ਘੋਸ਼ ਕਹਿੰਦੇ ਹਨ, "ਯੋਗ, ਧਿਆਨ, ਡੂੰਘੇ ਸਾਹ ਲੈਣ ਨਾਲ ਭਾਵਨਾਵਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਤਣਾਅ ਤੋਂ ਬਚਣ ਲਈ ਇੱਕ ਚੰਗੀ ਰੁਟੀਨ ਬਣਾ ਕੇ ਰੱਖਣੀ ਚਾਹੀਦੀ ਹੈ।”
“ਰੋਜ਼ਾਨਾ ਨਿਯਮਤ ਕਸਰਤ ਕਰਨ ਨਾਲ ਮੂਡ ਚੰਗਾ ਰਹਿੰਦਾ ਹੈ। ਜੇਕਰ ਨੀਂਦ ਪੂਰੀ ਨਹੀਂ ਹੁੰਦੀ ਜਾਂ ਚੰਗੀ ਨਹੀਂ ਹੁੰਦੀ, ਤਾਂ ਤਣਾਅ ਵਧਦਾ ਹੈ ਅਤੇ ਭਾਵਨਾਵਾਂ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਇਸ ਲਈ, ਚੰਗੀ ਨੀਂਦ ਜ਼ਰੂਰੀ ਹੈ। ਜੇਕਰ ਸਾਡੇ ਹੱਥ ਫਿਜੇਟ ਖਿਡੌਣੇ, ਸ਼ਿਲਪਕਾਰੀ, ਸੰਗੀਤ ਆਦਿ ਚੀਜ਼ਾਂ ਵਿੱਚ ਲੱਗੇ ਰਹਿੰਦੇ ਹਨ, ਤਾਂ ਇਹ ਸਮੱਸਿਆ ਘੱਟ ਜਾਂਦੀ ਹੈ।"
ਹੋਰ ਹੱਲ
ਯੂਕੇ ਦੀ ਸਿਹਤ ਸੇਵਾ ਐੱਨਐੱਚਐੱਸ ਨੇ ਕੁਝ ਹੱਲ ਦੱਸੇ ਹਨ-
- ਆਪਣੇ ਹੱਥ ਵਿੱਚ ਇੱਕ ਨਰਮ ਤਣਾਅ ਵਾਲੀ ਗੇਂਦ ਜਾਂ ਇਸੇ ਤਰ੍ਹਾਂ ਦੀ ਚੀਜ਼ ਨੂੰ ਫੜਨਾ ਅਤੇ ਦੱਬਣਾ
- ਮੁੱਠੀ ਬੰਦ ਕਰਨਾ ਅਤੇ ਹੱਥ ਦੀਆਂ ਮਾਸਪੇਸ਼ੀਆਂ ਨੂੰ ਕੱਸਣਾ।
- ਫਿਜੇਟ ਖਿਡੌਣਿਆਂ( ਛੋਟੇ ਨਰਮ ਖਿਡੌਣੇ) ਦੀ ਵਰਤੋਂ ਕਰਨਾ
- ਸਿਰ 'ਤੇ ਇੱਕ ਤੰਗ ਟੋਪੀ ਜਾਂ ਸਕਾਫ ਬੰਨ੍ਹਣਾ
- ਤਣਾਅ ਘਟਾਉਣ ਲਈ ਇਸ਼ਨਾਨ ਕਰਨਾ
- ਜਦੋਂ ਤੱਕ ਆਪਣੇ ਵਾਲਾਂ ਨੂੰ ਖਿੱਚਣ ਦੀ ਇੱਛਾ ਘੱਟ ਨਾ ਹੋਵੇ ਉਦੋਂ ਤੱਕ ਡੂੰਘਾ ਸਾਹ ਲੈਣਾ।
- ਰੋਜ਼ਾਨਾ ਕਸਰਤ ਕਰਨਾ
- ਵਾਲ ਕਟਵਾਉਣਾ
ਜੇਕਰ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਕਈ ਮਹੱਤਵਪੂਰਨ ਬਦਲਾਅ ਲਿਆਉਣਾ ਚਾਹੁੰਦੇ ਹੋ, ਆਪਣੀ ਖੁਰਾਕ ਵਿੱਚ ਬਦਲਾਅ ਚਾਹੁੰਦੇ ਹੋ, ਜਾਂ ਸਰੀਰਕ ਕਸਰਤ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਡਾਕਟਰ ਅਤੇ ਯੋਗ ਟ੍ਰੇਨਰ ਦੀ ਮਦਦ ਲੈਣਾ ਮਹੱਤਵਪੂਰਨ ਹੈ।
ਇਹ ਸਭ ਤੋਂ ਵਧੀਆ ਹੈ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਸਹੀ ਢੰਗ ਨਾਲ ਜਾਂਚ ਕਰਵਾਓ ਅਤੇ ਉਹਨਾਂ ਦੀ ਸਲਾਹ ਦੇ ਆਧਾਰ 'ਤੇ ਜੀਵਨਸ਼ੈਲੀ ਵਿੱਚ ਬਦਲਾਅ ਕਰੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ