ਕੀ ਤੁਹਾਨੂੰ ਵੀ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਕੀ ਇਹ ਆਮ ਹੈ ਤੇ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ

    • ਲੇਖਕ, ਐਸਥਰ ਕਾਹੁੰਬੀ
    • ਰੋਲ, ਬੀਬੀਸੀ ਨਿਊਜ਼

ਕੀ ਤੁਸੀਂ ਵੀ ਕਦੇ-ਕਦੇ ਆਪਣੇ ਬਾਰੇ ਇਸ ਤਰ੍ਹਾਂ ਸੋਚਦੇ ਹੋ ਕਿ ਕੀ ਤੁਹਾਡੇ 'ਚੋਂ ਵੀ ਪਸੀਨੇ ਦੀ ਬਦਬੂ ਆਉਂਦੀ ਹੈ? ਹੋ ਸਕਦਾ ਹੈ ਕਿ ਤੁਸੀਂ ਅੱਧਾ ਕੁ ਦਿਨ ਲੰਘਣ ਤੋਂ ਬਾਅਦ ਜਾਂ ਕਿਸੇ ਨੂੰ ਮਿਲਣ ਤੋਂ ਠੀਕ ਪਹਿਲਾਂ ਅਜਿਹਾ ਸੋਚਦੇ ਹੋਵੋ।

ਸੋਸ਼ਲ ਮੀਡੀਆ 'ਤੇ ਨਜ਼ਰ ਆਉਂਦੀਆਂ ਅਜਿਹੀਆਂ ਪੋਸਟਾਂ ਜਿਨ੍ਹਾਂ 'ਚ ਸਾਰਾ ਦਿਨ 'ਤਰੋ-ਤਾਜ਼ਾ' ਰਹਿਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਪਸੀਨੇ ਦੀ ਬਦਬੂ ਬਾਰੇ ਚਿੰਤਾ ਨੂੰ ਹੋਰ ਵਧ ਸਕਦੀਆਂ ਹਨ।

ਅਜਿਹੀਆਂ ਪੋਸਟਾਂ ਵਿੱਚ ਕਿਧਰੇ ਉਹ ਇੰਫਲੂਐਂਸਰ ਦਿਖਾਈ ਜਾਂਦੇ ਹਨ ਜੋ ਆਪਣੇ ਪੂਰੇ ਪਿੰਡ 'ਤੇ ਡੀਓਡਰੈਂਟ ਛਿੜਕਦੇ ਹਨ ਤੇ ਕਿਧਰੇ ਅਜਿਹੀਆਂ ਵਾਇਰਲ ਪੋਸਟਾਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ 'ਚ ਭੀੜ-ਭੜੱਕੇ ਵਾਲੇ ਜਨਤਕ ਆਵਾਜਾਈ ਸਾਧਨਾਂ 'ਚ ਲੋਕ ਦੂਜੇ ਯਾਤਰੀਆਂ 'ਚੋਂ ਆਉਂਦੀ ਪਸੀਨੇ ਦੀ 'ਮੁਸ਼ਕ' ਦੀ ਸ਼ਿਕਾਇਤ ਕਰਦੇ ਹਨ।

ਪਰ ਮਾਹਰ ਕਹਿੰਦੇ ਹਨ ਕਿ ਇਹ ਉਮੀਦ ਕਰਨਾ ਕਿ ਤੁਹਾਨੂੰ ਪਸੀਨਾ ਨਹੀਂ ਆਵੇਗਾ, ਨਿਰਾ ਝੂਠ ਹੈ। ਨਾਲੇ ਇਹ ਇਸ ਗੱਲ ਦੀ ਵੀ ਨਿਸ਼ਾਨੀ ਨਹੀਂ ਕਿ ਤੁਹਾਡੀਆਂ ਸਾਫ-ਸਫਾਈ ਦੀਆਂ ਆਦਤਾਂ ਮਾੜੀਆਂ ਹਨ, ਸਗੋਂ ਇਹ ਤਾਂ ਜੀਵ ਵਿਗਿਆਨ ਹੈ।

ਯੂਕੇ ਵਿੱਚ ਬ੍ਰਿਸਟਲ ਯੂਨੀਵਰਸਿਟੀ ਵਿੱਚ ਸਰੀਰਕ ਵਿਗਿਆਨ ਦੀ ਪ੍ਰੋਫੈਸਰ ਮਿਸ਼ੇਲ ਸਪੀਅਰ ਕਹਿੰਦੇ ਹਨ, "ਪਸੀਨਾ ਆਉਣਾ ਇੱਕ ਪੂਰੀ ਤਰ੍ਹਾਂ ਆਮ ਅਤੇ ਜ਼ਰੂਰੀ ਪ੍ਰਕਿਰਿਆ ਹੈ।"

ਜ਼ਿਆਦਾਤਰ ਲੋਕਾਂ ਨੂੰ ਗਰਮੀ, ਕਸਰਤ ਜਾਂ ਤਣਾਅ ਕਾਰਨ ਪਸੀਨਾ ਆਉਂਦਾ ਹੈ। ਇਹ ਤਾਪਮਾਨ ਨੂੰ ਕੰਟਰੋਲ ਕਰਨ ਦਾ ਸਰੀਰ ਦਾ ਇੱਕ ਤਰੀਕਾ ਹੈ।

ਅਸੀਂ ਪਸੀਨੇ ਅਤੇ ਤਾਜ਼ਾ ਰਹਿਣ ਦੇ ਤਰੀਕੇ ਬਾਰੇ ਸਵਾਲਾਂ ਦੇ ਜਵਾਬ ਦੇਣ ਲਈ ਮਾਹਰਾਂ ਨਾਲ ਗੱਲ ਕੀਤੀ ਹੈ।

ਜਦੋਂ ਮੈਨੂੰ ਪਸੀਨਾ ਆਉਂਦਾ ਹੈ ਤਾਂ ਮੈਨੂੰ ਬਦਬੂ ਕਿਉਂ ਆਉਂਦੀ ਹੈ?

ਜਦੋਂ ਸਰੀਰ ਗਰਮ ਹੁੰਦਾ ਹੈ ਤਾਂ ਇਹ ਪਸੀਨੇ ਦੇ ਰੂਪ ਵਿੱਚ ਸਤ੍ਹਾ 'ਤੇ ਤਰਲ ਅਤੇ ਕੁਝ ਲੂਣ ਛੱਡਦਾ ਹੈ। ਇਹ ਤਰਲ ਫਿਰ ਭਾਫ਼ ਬਣ ਜਾਂਦਾ ਹੈ, ਇਸ ਭਾਫ ਨਾਲ ਗਰਮੀ ਚਲੀ ਜਾਂਦੀ ਹੈ ਅਤੇ ਸਰੀਰ ਦਾ ਤਾਪਮਾਨ ਘੱਟ ਹੋ ਜਾਂਦਾ ਹੈ।

ਪਰ ਸਰੀਰ ਦੀ ਬਦਬੂ ਦਾ ਕਾਰਨ ਇਹ ਪਸੀਨਾ ਨਹੀਂ ਹੈ।

ਪ੍ਰੋਫੈਸਰ ਸਪੀਅਰ ਦੱਸਦੇ ਹਨ ਕਿ ਸਰੀਰ ਵਿੱਚ ਦੋ ਤੋਂ ਚਾਰ ਮਿਲੀਅਨ ਪਸੀਨੇ ਦੀਆਂ ਗ੍ਰੰਥੀਆਂ ਹੁੰਦੀਆਂ ਹਨ, ਜੋ "ਦੋ ਕਿਸਮਾਂ ਦਾ ਪਸੀਨਾ ਪੈਦਾ ਕਰਦੀਆਂ ਹਨ, ਇੱਕ ਪਾਣੀ ਵਾਲਾ ਜੋ ਸਰੀਰ ਨੂੰ ਠੰਡਾ ਕਰਦਾ ਹੈ ਅਤੇ ਇੱਕ ਹੋਰ ਚਰਬੀ ਨਾਲ ਭਰਪੂਰ ਪਸੀਨਾ।"

ਚਰਬੀ ਵਾਲਾ ਪਸੀਨਾ ਉਹ ਹੁੰਦਾ ਹੈ ਜੋ ਕੱਛਾਂ ਅਤੇ ਕਮਰ ਵਰਗੀਆਂ ਥਾਵਾਂ 'ਤੇ ਪੈਦਾ ਹੁੰਦਾ ਹੈ, ਜਿਸ ਨੂੰ ਬੈਕਟੀਰੀਆ ਤੋੜ ਦਿੰਦੇ ਹਨ। ਬਦਬੂ ਇਸੇ ਪ੍ਰਕਿਰਿਆ ਦਾ ਉਪ-ਉਤਪਾਦ ਹੈ ਭਾਵ ਇਸੇ ਪ੍ਰਕਿਰਿਆ ਦੌਰਾਨ ਪੈਦਾ ਹੁੰਦੀ ਹੈ।

ਕਿਉਂਕਿ ਪਸੀਨਾ ਇੱਕ ਸਿਹਤਮੰਦ ਪ੍ਰਕਿਰਿਆ ਹੈ, ਇਸ ਲਈ ਸੁਭਾਵਿਕ ਤੌਰ 'ਤੇ ਇਸ ਨੂੰ ਲੈ ਸਾਫ਼ ਅਤੇ ਆਤਮਵਿਸ਼ਵਾਸ ਮਹਿਸੂਸ ਕਰਨਾ ਚਾਹੀਦਾ ਹੈ।

ਹਾਲਾਂਕਿ, ਮਾਹਰ ਕਹਿੰਦੇ ਹਨ ਕਿ ਸਾਡਾ ਉਦੇਸ਼ ਪਸੀਨਾ ਆਉਣ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਨਹੀਂ ਹੋਣਾ ਚਾਹੀਦਾ, ਸਗੋਂ ਇਸ ਨੂੰ ਇਸ ਤਰ੍ਹਾਂ ਮੈਨੇਜ ਕਰਨਾ ਹੋਣਾ ਚਾਹੀਦਾ ਹੈ ਜੋ ਕਿ ਰੋਜ਼ਾਨਾ ਜੀਵਨ ਨੂੰ ਵਧੇਰੇ ਆਰਾਮਦਾਇਕ ਬਣਾ ਸਕੇ।

ਤਾਜ਼ਾ ਰਹਿਣ ਲਈ ਕੀ ਕੀਤਾ ਜਾਵੇ?

ਪਸੀਨੇ ਅਤੇ ਸਰੀਰ ਦੀ ਬਦਬੂ ਦੋਵਾਂ ਦੇ ਪ੍ਰਬੰਧਨ ਲਈ ਸਭ ਤੋਂ ਪ੍ਰਭਾਵੀ ਤਰੀਕਾ ਮੰਨਿਆ ਜਾਂਦਾ ਹੈ ਕਿ ਸਾਬਣ ਅਤੇ ਪਾਣੀ ਦੀ ਵਰਤੋਂ ਕਰਕੇ ਵਾਰ-ਵਾਰ ਪ੍ਰਭਾਵਿਤ ਅੰਗਾਂ ਨੂੰ ਧੋਇਆ ਜਾਵੇ।

ਇਸ ਬਾਰੇ ਅਜੇ ਵੀ ਬਹਿਸ ਜਾਰੀ ਹੈ ਕਿ ਤੁਹਾਨੂੰ ਕਿੰਨੀ ਵਾਰ ਨਹਾਉਣਾ ਚਾਹੀਦਾ ਹੈ। ਅਕਸਰ ਰੋਜ਼ਾਨਾ ਤੋਂ ਲੈ ਕੇ ਹਫ਼ਤੇ ਵਿੱਚ ਤਿੰਨ ਵਾਰ ਨਹਾਉਣ ਤੱਕ, ਵੱਖੋ-ਵੱਖਰੀਆਂ ਸਿਫ਼ਾਰਿਸ਼ਾਂ ਕੀਤੀਆਂ ਜਾਂਦੀਆਂ ਹਨ।

ਪ੍ਰੋਫੈਸਰ ਸਪੀਅਰ ਸਲਾਹ ਦਿੰਦੇ ਹਨ, "ਮਿਸਾਲ ਵਜੋਂ, ਕੱਛਾਂ, ਕਮਰ ਅਤੇ ਪੈਰਾਂ ਵੱਲ ਚੰਗੀ ਤਰ੍ਹਾਂ ਧਿਆਨ ਦਿਓ।"

ਉਹ ਕਹਿੰਦੇ ਹਨ, "ਜਦੋਂ ਲੋਕ ਨਹਾਉਂਦੇ ਹਨ, ਪਾਣੀ ਉਨ੍ਹਾਂ ਉੱਤੇ ਡਿੱਗਦਾ ਹੈ ਅਤੇ ਉਹ ਹੇਠਾਂ ਆਪਣੇ ਪੈਰਾਂ ਨੂੰ ਭੁੱਲ ਜਾਂਦੇ ਹਨ। ਇਹ ਪੈਰਾਂ ਨੂੰ ਵੀ ਸਕ੍ਰਬ ਦੇ ਰਿਹਾ ਹੈ।"

ਅਸੀਂ ਜੋ ਕੱਪੜੇ ਪਹਿਨਦੇ ਹਾਂ ਉਹ ਵੀ ਫ਼ਰਕ ਪਾਉਂਦੇ ਹਨ। ਕੁਦਰਤੀ ਕੱਪੜੇ ਜਿਵੇਂ ਕਿ ਸੂਤੀ ਅਤੇ ਲਿਨਨ ਨਮੀ ਨੂੰ ਸੋਖ ਲੈਂਦੇ ਹਨ ਅਤੇ ਇਸ ਨੂੰ ਸਰੀਰ ਤੋਂ ਦੂਰ ਕਰ ਦਿੰਦੇ ਹਨ, ਜਦਕਿ ਸਿੰਥੈਟਿਕ ਫਾਈਬਰ ਵਿੱਚ ਪਸੀਨਾ ਫਸ ਜਾਂਦਾ ਹੈ ਅਤੇ ਲੋਕਾਂ ਨੂੰ ਗਰਮ ਅਤੇ ਵਧੇਰੇ ਬੇਆਰਾਮ ਮਹਿਸੂਸ ਹੁੰਦਾ ਹੈ।

ਡੀਓਡਰੈਂਟਸ ਅਤੇ ਐਂਟੀਪਰਸਪੀਰੈਂਟਸ ਵਰਗੇ ਨਿੱਜੀ ਦੇਖਭਾਲ ਵਾਲੇ ਉਤਪਾਦ ਵੀ ਮਦਦਗਾਰ ਹੋ ਸਕਦੇ ਹਨ।

ਡੀਓਡਰੈਂਟਸ, ਜੋ ਆਮ ਤੌਰ 'ਤੇ ਅਲਕੋਹਲ-ਅਧਾਰਤ ਹੁੰਦੇ ਹਨ, ਚਮੜੀ ਨੂੰ ਤੇਜ਼ਾਬੀ ਬਣਾਉਂਦੇ ਹਨ ਜਿਸ ਨਾਲ ਇਹ ਬੈਕਟੀਰੀਆ ਲਈ ਓਨੀ ਅਨੁਕੂਲ ਨਹੀਂ ਰਹਿੰਦੀ। ਨਾਲ ਹੀ ਉਹ ਬਦਬੂ ਨੂੰ ਵੀ ਉਹ ਖੁਸ਼ਬੂ ਨਾਲ ਢੱਕ ਦਿੰਦੇ ਹਨ।

ਦੂਜੇ ਪਾਸੇ, ਐਂਟੀਪਰਸਪੀਰੈਂਟਸ ਵਿੱਚ ਐਲੂਮੀਨੀਅਮ ਸਾਲਟ ਹੁੰਦੇ ਹਨ ਜੋ ਪਸੀਨੇ ਦੀਆਂ ਕੁਝ ਗ੍ਰੰਥੀਆਂ 'ਤੇ ਰੋਕ ਲਗਾ ਦਿੰਦੇ ਹਨ, ਜਿਸ ਨਾਲ ਪੈਦਾ ਹੋਣ ਵਾਲੇ ਪਸੀਨੇ ਦੀ ਮਾਤਰਾ ਘਟ ਜਾਂਦੀ ਹੈ।

ਰਾਤ ਨੂੰ ਐਂਟੀਪਰਸਪੀਰੈਂਟਸ ਦੀ ਵਰਤੋਂ ਕਰਨ ਅਤੇ ਸਵੇਰੇ ਉਨ੍ਹਾਂ ਨੂੰ ਧੋਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਚਮੜੀ ਦੇ ਮਾਹਰ ਕਹਿੰਦੇ ਹਨ ਕਿ ਇਹ ਇਸ ਲਈ ਹੈ ਕਿਉਂਕਿ ਪਸੀਨੇ ਦੀਆਂ ਗ੍ਰੰਥੀਆਂ ਰਾਤ ਨੂੰ ਘੱਟ ਕਿਰਿਆਸ਼ੀਲ ਹੁੰਦੀਆਂ ਹਨ, ਜਿਸ ਨਾਲ ਐਲੂਮੀਨੀਅਮ ਨੂੰ ਜਜ਼ਬ ਕਰਨਾ ਆਸਾਨ ਹੋ ਜਾਂਦਾ ਹੈ। ਲੂਣ ਗ੍ਰੰਥੀਆਂ ਵਿੱਚ ਹੌਲੀ-ਹੌਲੀ ਜਮ੍ਹਾਂ ਹੁੰਦੇ ਹਨ, ਜਿਸਦਾ ਮਤਲਬ ਹੈ ਕਿ ਨਤੀਜੇ ਸਮੇਂ ਦੇ ਨਾਲ ਦਿਖਾਈ ਦੇ ਸਕਦੇ ਹਨ।

ਕੀ ਐਂਟੀਪਰਸਪੀਰੈਂਟਸ ਨੁਕਸਾਨ ਪਹੁੰਚਾ ਸਕਦੇ ਹਨ?

ਪਿਛਲੇ ਸਾਲਾਂ ਵਿੱਚ ਐਂਟੀਪਰਸਪੀਰੈਂਟਸ ਦੀ ਸੁਰੱਖਿਆ ਬਾਰੇ ਸਵਾਲ ਚੁੱਕਦੇ ਰਹੇ ਹਨ, ਜਿਸ ਵਿੱਚ ਛਾਤੀ ਦੇ ਕੈਂਸਰ ਅਤੇ ਅਲਜ਼ਾਈਮਰ ਰੋਗ ਨਾਲ ਸੰਭਾਵੀ ਸਬੰਧ ਸ਼ਾਮਲ ਹਨ।

ਡਾਕਟਰ ਨੋਰਾ ਜਾਫਰ, ਇੱਕ ਚਮੜੀ ਵਿਗਿਆਨ ਮਾਹਰ ਕਹਿੰਦੇ ਹਨ, ਹਾਲਾਂਕਿ "ਅੱਜ ਤੱਕ ਦੇ ਸਬੂਤ ਭਰੋਸਾ ਦਿਵਾਉਣ ਵਾਲੇ ਹਨ। ਕਿਸੇ ਵੀ ਭਰੋਸੇਯੋਗ ਅਧਿਐਨ ਨੇ ਕਾਰਸੀਨੋਜਨਿਕ ਸਬੰਧ ਨਹੀਂ ਦਿਖਾਏ ਹਨ।"

ਉਨ੍ਹਾਂ ਕਿਹਾ, "ਐਲੂਮੀਨੀਅਮ ਲੂਣ ਸਥਾਨਕ ਤੌਰ 'ਤੇ ਅਤੇ ਉਲਟ ਤੌਰ 'ਤੇ ਕੰਮ ਕਰਦੇ ਹਨ। ਉਹ ਪਸੀਨੇ ਨੂੰ ਰੋਕਣ ਲਈ ਜੋ ਪਲੱਗ ਬਣਾਉਂਦੇ ਹਨ, ਉਹ ਚਮੜੀ ਦੇ ਨਾਲ ਕੁਦਰਤੀ ਤੌਰ 'ਤੇ ਝੜ ਜਾਂਦੇ ਹਨ।

ਹਾਲਾਂਕਿ, ਇਨ੍ਹਾਂ ਉਤਪਾਦਾਂ ਦੀ ਗਲਤ ਵਰਤੋਂ ਨਾਲ ਚਮੜੀ ਦੀਆਂ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ।

ਪ੍ਰੋਫੈਸਰ ਸਪੀਅਰ ਕਹਿੰਦੇ ਹਨ, "ਕਲਪਨਾ ਕਰੋ ਕਿ ਕੁਝ ਉਤਪਾਦ ਹਨ ਜੋ ਕਹਿੰਦੇ ਹਨ ਕਿ ਤੁਸੀਂ 72 ਘੰਟੇ ਜਾਂ 48 ਘੰਟਿਆਂ ਲਈ ਤਾਜ਼ਾ ਰਹੋਗੇ।"

"ਜੇਕਰ ਕੋਈ ਇਹ ਉਮੀਦ ਕਰ ਰਿਹਾ ਹੈ ਕਿ ਐਂਟੀਪਰਸਪੀਰੈਂਟ ਜਗ੍ਹਾ 'ਤੇ ਰਹੇਗਾ ਅਤੇ ਮਿਸਾਲ ਵਜੋਂ ਉਸ ਨੂੰ ਧੋਤਾ ਨਹੀਂ ਜਾਵੇਗਾ ਤਾਂ ਸੰਭਾਵੀ ਤੌਰ 'ਤੇ ਸਮੱਸਿਆਵਾਂ ਹੋਣਗੀਆਂ, ਬਲੌਕੇਜ ਹੋਣਗੀਆਂ।"

ਪਸੀਨੇ ਅਤੇ ਚਮੜੀ ਦੇ ਸੈੱਲਾਂ ਦਾ ਇਕੱਠਾ ਹੋਣਾ ਗ੍ਰੰਥੀਆਂ ਨੂੰ ਰੋਕ ਸਕਦਾ ਹੈ ਅਤੇ ਜਲਣ ਦਾ ਕਾਰਨ ਬਣ ਸਕਦਾ ਹੈ।

ਚਮੜੀ ਰੋਗ ਵਿਗਿਆਨੀਆਂ ਦਾ ਕਹਿਣਾ ਹੈ ਕਿ ਐਲੂਮੀਨੀਅਮ-ਅਧਾਰਤ ਉਤਪਾਦਾਂ ਦੀ ਵਰਤੋਂ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਯਕੀਨੀ ਬਣਾਉਣਾ ਹੈ ਕਿ ਕੱਛਾਂ ਪੂਰੀ ਤਰ੍ਹਾਂ ਸੁੱਕੀਆਂ ਹੋਣ।

ਜੇਕਰ ਨਮੀ ਰਹਿ ਜਾਵੇ ਤਾਂ ਐਲੂਮੀਨੀਅਮ ਕਲੋਰਾਈਡ ਹਾਈਡ੍ਰੋਕਲੋਰਿਕ ਐਸਿਡ ਪੈਦਾ ਕਰਨ ਲਈ ਪਾਣੀ ਨਾਲ ਪ੍ਰਤੀਕਿਰਿਆ ਕਰਦਾ ਹੈ ਜੋ ਤੁਹਾਡੀ ਚਮੜੀ ਨੂੰ ਪਰੇਸ਼ਾਨ ਕਰ ਸਕਦਾ ਹੈ।

ਕੀ ਕੁਦਰਤੀ ਡੀਓਡਰੈਂਟ ਕੰਮ ਕਰਦੇ ਹਨ?

ਕੁਦਰਤੀ ਡੀਓਡਰੈਂਟ ਵਧੇਰੇ ਪ੍ਰਸਿੱਧ ਹੋ ਰਹੇ ਹਨ ਅਤੇ ਅਕਸਰ ਉਨ੍ਹਾਂ ਲੋਕਾਂ ਲਈ ਇੱਕ ਬਦਲ ਵਜੋਂ ਮਾਰਕੀਟ ਕੀਤੇ ਜਾਂਦੇ ਹਨ ਜੋ ਐਲੂਮੀਨੀਅਮ ਸਾਲਟ ਜਾਂ ਸਿੰਥੈਟਿਕ ਖੁਸ਼ਬੂਆਂ ਤੋਂ ਪਰਹੇਜ਼ ਕਰਦੇ ਹਨ।

ਇਨ੍ਹਾਂ ਵਿੱਚ ਆਮ ਤੌਰ 'ਤੇ ਗੰਧ ਨੂੰ ਖਤਮ ਕਰਨ ਲਈ ਕੁਦਰਤੀ ਐਂਟੀ-ਬੈਕਟੀਰੀਅਲ ਜਾਂ ਪੌਦੇ-ਅਧਾਰਤ ਤੇਲ ਦੀ ਵਰਤੋਂ ਕਰਦੇ ਹਨ ਅਤੇ ਨਾਲ ਹੀ ਨਮੀ ਨੂੰ ਜਜ਼ਬ ਕਰਨ ਲਈ ਚੌਲਾਂ ਦੇ ਟੈਪੀਓਕਾ ਸਟਾਰਚ ਵਰਗੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ।

"ਉਹ ਇੱਕ ਪ੍ਰਕਾਰ ਨਾਲ ਸਰੀਰ ਪ੍ਰਤੀ ਨਰਮ ਹੁੰਦੇ ਹਨ ਕਿਉਂਕਿ ਉਹ ਪਸੀਨੇ ਦੀਆਂ ਗ੍ਰੰਥੀਆਂ ਨੂੰ ਨਹੀਂ ਰੋਕਦੇ, ਉਹ ਮੁੱਖ ਤੌਰ 'ਤੇ ਪਸੀਨੇ ਦੀ ਬਜਾਏ ਗੰਧ ਨੂੰ ਨਿਸ਼ਾਨਾ ਬਣਾਉਂਦੇ ਹਨ।"

ਡਾ. ਜਾਫਰ ਕਹਿੰਦੇ ਹਨ, "ਪਰ 'ਕੁਦਰਤੀ' ਦਾ ਮਤਲਬ ਇਹ ਨਹੀਂ ਕਿ ਕੋਈ ਪ੍ਰੇਸ਼ਾਨੀ ਨਹੀਂ ਦੇ ਸਕਦੇ: ਇਨ੍ਹਾਂ ਵਿੱਚ ਇਸਤੇਮਾਲ ਹੋਣ ਵਾਲੇ ਜ਼ਰੂਰੀ ਤੇਲ ਜਾਂ ਬੇਕਿੰਗ ਸੋਡਾ ਵਰਗੀਆਂ ਚੀਜ਼ਾਂ ਸੰਵੇਦਨਸ਼ੀਲ ਚਮੜੀ 'ਤੇ ਧੱਫੜ ਪੈਦਾ ਕਰ ਸਕਦੀਆਂ ਹਨ।"

ਜਿੱਥੇ ਤੱਕ ਉਨ੍ਹਾਂ ਦੇ ਅਸਰਦਾਰ ਹੋਣ ਦੀ ਗੱਲ ਹੈ, ਮਾਹਰ ਕਹਿੰਦੇ ਹਨ ਕਿ ਇਹ ਵਿਅਕਤੀ 'ਤੇ ਨਿਰਭਰ ਕਰਦਾ ਹੈ।

ਚਮੜੀ 'ਤੇ ਮੌਜੂਦ ਬੈਕਟੀਰੀਆ ਦੀ ਕਿਸਮ ਅਤੇ ਡੀਓਡਰੈਂਟ ਵਿੱਚ ਮੌਜੂਦ ਤੱਤ ਇਹ ਨਿਰਧਾਰਤ ਕਰਨਗੇ ਕਿ ਇਹ ਮੁਸ਼ਕ ਨੂੰ ਛੁਪਾਉਣ ਲਈ ਕਿਵੇਂ ਕੰਮ ਕਰਦਾ ਹੈ।

ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਹੋ ਸਕਦਾ ਹੈ ਕਿ ਉਹ ਵਧੇਰੇ ਕਾਰਗਰ ਨਾ ਹੋਣ। ਹਾਲਾਂਕਿ, ਜੇਕਰ ਤੁਸੀਂ ਐਲੂਮੀਨੀਅਮ ਤੋਂ ਬਚਣਾ ਚਾਹੁੰਦੇ ਹੋ ਤਾਂ ਉਹ ਇੱਕ ਚੰਗਾ ਬਦਲ ਹਨ।

ਕੀ ਪੂਰੇ ਸਰੀਰ 'ਤੇ ਡੀਓਡਰੈਂਟ ਦੀ ਵਰਤੋਂ ਕੀਤੀ ਜਾ ਸਕਦੀ ਹੈ?

ਕੁਝ ਲੋਕ ਹੁਣ ਸਿਰਫ਼ ਇਸ ਗੱਲ ਦੀ ਚਿੰਤਾ ਨਹੀਂ ਕਰਦੇ ਕਿ ਕਿਹੜਾ ਡੀਓਡਰੈਂਟ ਜਾਂ ਐਂਟੀਪਰਸਪਿਰੈਂਟ ਸਭ ਤੋਂ ਵਧੀਆ ਕੰਮ ਕਰਦਾ ਹੈ, ਸਗੋਂ ਉਹ ਇਹ ਵੀ ਚਿੰਤਾ ਕਰਦੇ ਹਨ ਕਿ ਉਨ੍ਹਾਂ ਨੂੰ ਆਪਣੇ ਸਰੀਰ 'ਤੇ ਕਿੱਥੇ ਇਹ ਉਤਪਾਦ ਲਗਾਉਣਾ ਚਾਹੀਦਾ ਹੈ।

ਯੂਕੇ ਅਤੇ ਅਮਰੀਕਾ ਵਿੱਚ ਨਵੇਂ ਡੀਓਡਰੈਂਟਸ ਬਾਰੇ ਇਸ ਤਰ੍ਹਾਂ ਮਾਰਕੀਟ ਕੀਤੀ ਜਾ ਰਹੀ ਹੈ ਕਿ ਇਹ ਪੂਰੇ ਸਰੀਰ 'ਤੇ ਲਗਾਏ ਜਾ ਸਕਦੇ ਹਨ। ਜਿਸ ਵਿੱਚ ਛਾਤੀਆਂ ਦੇ ਹੇਠਾਂ, ਬਟਕਸ ਅਤੇ ਜਣਨ ਅੰਗ ਵੀ ਸ਼ਾਮਲ ਹਨ।

ਇਹ ਉਤਪਾਦ ਧੋਣ ਤੋਂ ਬਾਅਦ ਲੰਬੇ ਸਮੇਂ ਤੱਕ ਤਾਜ਼ਗੀ ਦਾ ਵਾਅਦਾ ਕਰਦੇ ਹਨ, ਕੁਝ 72 ਘੰਟਿਆਂ ਤੱਕ ਬਦਬੂ ਨੂੰ ਕੰਟ੍ਰੋਲ ਕਰਨ ਦਾ ਦਾਅਵਾ ਕਰਦੇ ਹਨ। ਪਰ ਮਾਹਰ ਕਹਿੰਦੇ ਹਨ ਕਿ ਸਰੀਰ ਨੂੰ ਡੀਓਡਰੈਂਟ ਨਾਲ ਢਕਣ ਦੀ ਕੋਈ ਲੋੜ ਨਹੀਂ ਹੈ, ਖ਼ਾਸ ਕਰਕੇ ਨਾਜ਼ੁਕ ਅਤੇ ਅੰਦਰੂਨੀ ਹਿੱਸਿਆਂ ਲਈ।

ਡਾਕਟਰ ਜਾਫ਼ਰ ਚੇਤਾਵਨੀ ਦਿੰਦੇ ਹਨ, "ਵੁਲਵਾ (ਔਰਤਾਂ ਦੇ ਜਣਨ ਅੰਗਾਂ ਦਾ ਬਾਹਰੀ ਹਿੱਸਾ) ਅਤੇ ਗ੍ਰੋਇਨ (ਕਮਰ ਅਤੇ ਜਾਂਘਾਂ ਵਿਚਕਾਰਲਾ ਹਿੱਸਾ) ਬਹੁਤ ਸੰਵੇਦਨਸ਼ੀਲ ਹੁੰਦੇ ਹਨ। ਉੱਥੇ ਸਟੈਂਡਰਡ ਡੀਓਡਰੈਂਟ ਲਗਾਉਣ ਨਾਲ ਜਲਣ ਅਤੇ ਐਲਰਜੀ ਹੋ ਸਕਦੀ ਹੈ ਅਤੇ ਕੁਦਰਤੀ ਮਾਈਕ੍ਰੋਬਾਇਓਮ ਅਤੇ ਪੀਐੱਚ ਵਿੱਚ ਵਿਘਨ ਪੈਣ ਦਾ ਖ਼ਤਰਾ ਹੁੰਦਾ ਹੈ।"

"ਆਮ ਤੌਰ 'ਤੇ ਪਾਣੀ ਜਾਂ ਹਲਕੇ ਸਾਬਣ ਨਾਲ ਕੋਮਲਤਾ ਨਾਲ ਸਫਾਈ ਹੀ ਕਾਫੀ ਹੁੰਦੀ ਹੈ।"

ਪਸੀਨਾ ਆਉਣਾ ਕਦੋਂ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ?

ਕੁਝ ਲੋਕਾਂ ਨੂੰ ਹਾਈਪਰਹਾਈਡ੍ਰੋਸਿਸ ਹੁੰਦਾ ਹੈ, ਇੱਕ ਅਜਿਹੀ ਸਥਿਤੀ ਜਿੱਥੇ ਪਸੀਨਾ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਲੋੜੀਂਦੀ ਮਾਤਰਾ ਤੋਂ ਵੱਧ ਹੁੰਦਾ ਹੈ।

ਇੰਟਰਨੈਸ਼ਨਲ ਹਾਈਪਰਹਾਈਡ੍ਰੋਸਿਸ ਸੋਸਾਇਟੀ ਦੇ ਅਨੁਸਾਰ, ਪਸੀਨੇ ਦੀਆਂ ਗ੍ਰੰਥੀਆਂ ਜੋ ਚਰਬੀ ਵਾਲਾ ਪਸੀਨਾ ਪੈਦਾ ਕਰਦੀਆਂ ਹਨ, ਉਤੇਜਨਾ ਪ੍ਰਤੀ ਬਹੁਤ ਜ਼ਿਆਦਾ ਪ੍ਰਤੀਕਿਰਿਆ ਕਰਦੀਆਂ ਹਨ ਅਤੇ ਲੋੜ ਤੋਂ ਵੱਧ ਪਸੀਨਾ ਪੈਦਾ ਕਰਦੀਆਂ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ ਵਿੱਚ ਇਹ ਇੱਕ ਅੰਦਰੂਨੀ ਸਿਹਤ ਸਥਿਤੀ (ਸਮੱਸਿਆ) ਦਾ ਸੰਕੇਤ ਦੇ ਸਕਦਾ ਹੈ ਅਤੇ ਕਈ ਵਾਰ ਹਾਰਮੋਨਲ ਤਬਦੀਲੀਆਂ, ਥਾਇਰਾਇਡ ਸਮੱਸਿਆਵਾਂ, ਲਾਗਾਂ ਜਾਂ ਪਾਚਕ ਵਿਕਾਰਾਂ ਨਾਲ ਜੁੜਿਆ ਹੋ ਸਕਦਾ ਹੈ।

ਅਜਿਹੇ ਵਿੱਚ ਪਸੀਨੇ ਦੀਆਂ ਗ੍ਰੰਥੀਆਂ ਨੂੰ ਰੋਕਣ ਲਈ ਐਲੂਮੀਨੀਅਮ ਸਾਲਟ ਦੇ ਉੱਚ ਪੱਧਰਾਂ ਵਾਲੇ ਨੁਸਖ਼ੇ-ਸੁਝਾਏ ਜਾ ਸਕਦੇ ਹਨ।

ਜ਼ਿਆਦਾ ਪਸੀਨੇ ਵਾਲੇ ਸਥਾਨ 'ਤੇ ਬੋਟੌਕਸ ਟੀਕੇ ਲਗਾ ਕੇ ਵੀ ਜ਼ਿਆਦਾ ਪਸੀਨੇ ਦੀ ਸਮੱਸਿਆ ਨੂੰ ਖ਼ਤਮ ਕੀਤਾ ਸਕਦਾ ਹੈ। ਪਸੀਨੇ ਦੀਆਂ ਗ੍ਰੰਥੀਆਂ ਨੂੰ ਹਟਾਉਣ ਲਈ ਸਰਜਰੀ ਵੀ ਇੱਕ ਬਦਲ ਹੈ।

ਪ੍ਰੋਫੈਸਰ ਸਪੀਅਰ ਕਹਿੰਦੇ ਹਨ, "ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਸ ਨੂੰ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਸਮਝਾਵਾਂਗਾ ਕਿ ਇਸ ਤੋਂ ਸ਼ਰਮਿੰਦਾ ਹੋਣ ਦੀ ਲੋੜ ਨਹੀਂ।"

"ਮੈਂ ਉਨ੍ਹਾਂ ਨੂੰ ਮਦਦ ਲੈਣ ਲਈ ਉਤਸ਼ਾਹਿਤ ਕਰਦਾ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)