ਪਾਕਿਸਤਾਨ 'ਚ ਆਟੇ ਦਾ ਸੰਕਟ: 'ਬੱਚੇ 8 ਦਿਨਾਂ ਤੋ ਭੁੱਖੇ, ਆਟੇ ਲਈ ਸੜਕਾਂ 'ਤੇ ਬੈਠੀਆਂ ਹਾਂ, ਕੋਈ ਇੱਜ਼ਤ ਵਾਲੀ ਗੱਲ ਤਾਂ ਨਹੀਂ'

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਕਾਜ਼ਿਮ
- ਰੋਲ, ਬੀਬੀਸੀ
"ਔਰਤਾਂ ਲਈ ਇਹ ਚੰਗੀ ਗੱਲ ਨਹੀਂ ਹੈ ਕਿ ਉਹ 20 ਕਿੱਲੋ ਆਟੇ ਦੀ ਥੈਲੀ ਲਈ ਕਈ ਦਿਨਾਂ ਤੱਕ ਸੜਕਾਂ 'ਤੇੇ ਬੈਠ ਕੇ ਇੰਤਜ਼ਾਰ ਕਰਦੀਆਂ ਰਹਿਣ।''
''ਵੱਡੀ ਗਿਣਤੀ ਵਿੱਚ ਅਸੀਂ ਔਰਤਾਂ ਵੀ ਆਟਾ ਲੈਣ ਲਈ ਵੱਖ-ਵੱਖ ਥਾਵਾਂ 'ਤੇ ਕਈ-ਕਈ ਘੰਟੇ ਬੈਠੀਆਂ ਰਹਿੰਦੀਆਂ ਹਾਂ। ਇਸ ਦੌਰਾਨ ਜੇ ਕਿਸੇ ਨੂੰ ਪਿਸ਼ਾਬ ਆ ਜਾਵੇ ਤਾਂ ਉਹ ਕਿੱਥੇ ਜਾਣ ? ਇਹ ਕੋਈ ਇੱਜ਼ਤ ਵਾਲੀ ਗੱਲ ਤਾਂ ਨਹੀਂ ਹੈ ਨਾ?"
ਇਹ ਕਹਿਣਾ ਹੈ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਦੇ ਬਰੌਰੀ ਰੋਡ ਇਲਾਕੇ ਦੀ 70 ਸਾਲਾ ਇਮਾਮ ਬੀਬੀ ਦਾ, ਜਿਨ੍ਹਾਂ ਨੂੰ ਸੋਮਵਾਰ ਨੂੰ ਕਵੇਟਾ ਰੇਲਵੇ ਸਟੇਸ਼ਨ ਦੇ ਸਾਹਮਣੇ ਕਈ ਘੰਟੇ ਉਡੀਕ ਕਰਨ ਦੇ ਬਾਵਜੂਦ ਸਰਕਾਰੀ ਰੇਟ 'ਤੇ ਮਿਲਣ ਵਾਲੀ ਆਟੇ ਦੀ ਥੈਲੀ ਨਹੀਂ ਮਿਲ ਸਕੀ।
ਦਰਅਸਲ, ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਤੋਂ ਸਰਕਾਰੀ ਰੇਟਾਂ 'ਤੇ ਆਟਾ ਨਾ ਮਿਲਣ ਦੀਆਂ ਖ਼ਬਰਾਂ ਆ ਰਹੀਆਂ ਹਨ।

ਬਲੋਚਿਸਤਾਨ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਆਟੇ ਦਾ ਸੰਕਟ ਵੱਡਾ ਹੋ ਗਿਆ ਹੈ। ਇਸ ਕਾਰਨ ਰਾਜਧਾਨੀ ਕਵੇਟਾ ਵਿੱਚ ਆਟੇ ਦੀ 20 ਕਿਲੋ ਦੀ ਥੈਲੀ ਦੀ ਕੀਮਤ 2800 ਪਾਕਿਸਤਾਨੀ ਰੁਪਏ ਹੋ ਗਈ ਹੈ।
ਇਸ ਦੇ ਨਾਲ ਹੀ ਸੂਬੇ ਦੇ ਹੋਰ ਖੇਤਰਾਂ 'ਚ ਇਸ ਦੀ ਕੀਮਤ 3,200 ਰੁਪਏ ਦੇ ਸਭ ਤੋਂ ਵੱਧ ਉੱਚੇ ਪੱਧਰ 'ਤੇ ਪਹੁੰਚ ਗਈ ਹੈ।
ਇਮਾਮ ਬੀਬੀ ਨੇ ਸਰਕਾਰੀ ਰੇਟਾਂ 'ਤੇ ਆਟਾ ਖਰੀਦਣ ਦੇ ਚਾਹਵਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ
'ਬੱਚੇ 8 ਦਿਨਾਂ ਤੋਂ ਭੁੱਖੇ, ਮੰਗ ਕੇ ਕੁਝ ਖੁਆ ਪਾ ਰਹੀ'

ਉਨ੍ਹਾਂ ਦੱਸਿਆ ਕਿ ਉਹ ਆਪਣੇ ਬੱਚਿਆਂ ਲਈ ਸਸਤਾ ਆਟਾ ਖਰੀਦਣ ਲਈ ਪਿਛਲੇ ਦੋ ਹਫ਼ਤਿਆਂ ਤੋਂ ਭੱਜ-ਦੌੜ ਕਰ ਰਹੇ ਹਨ, ਪਰ ਉਨ੍ਹਾਂ ਨੂੰ ਲਗਾਤਾਰ ਅਸਫ਼ਲਤਾ ਮਿਲ ਰਹੀ ਹੈ।
ਇਮਾਮ ਬੀਬੀ ਨੇ ਦੱਸਿਆ, "ਮੇਰੇ ਦੋ ਬੱਚੇ ਅਪਾਹਜ ਹਨ ਅਤੇ ਬਾਕੀ ਛੋਟੇ ਹਨ। ਇੱਕ ਕਮਾਉਣ ਵਾਲਾ ਹੈ ਜੋ ਦਿਹਾੜੀ-ਮਜ਼ਦੂਰੀ ਕਰਦਾ ਹੈ। ਦਿਹਾੜੀ ਵੀ ਕਈ ਵਾਰ ਮਿਲਦੀ ਹੈ ਅਤੇ ਕਈ ਵਾਰ ਨਹੀਂ ਮਿਲਦੀ। ਮੈਂ ਖੁਦ ਘਰਾਂ 'ਚ ਕੰਮ ਕਰਦੀ ਹਾਂ।"
''ਪਿਛਲੇ 8 ਦਿਨਾਂ ਤੋਂ ਬੱਚੇ ਭੁੱਖੇ ਹਨ ਅਤੇ ਮੈਂ ਖੁਦ ਇਲਾਕੇ ਦੇ ਲੋਕਾਂ ਤੋਂ ਮੰਗ ਕੇ ਬੱਚਿਆਂ ਨੂੰ ਥੋੜ੍ਹਾ-ਬਹੁਤ ਕਰਕੇ ਖਾਣਾ ਖੁਆ ਪਾ ਰਹੀ ਹਾਂ ਕਿਉਂਕਿ ਦੁਕਾਨਾਂ 'ਤੇ ਆਟਾ ਮਹਿੰਗਾ ਹੈ ਅਤੇ ਸਸਤਾ ਆਟਾ ਆਸਾਨੀ ਨਾਲ ਮਿਲਦਾ ਨਹੀਂ।''

ਤਸਵੀਰ ਸਰੋਤ, Getty Images
ਇਮਾਮ ਬੀਬੀ ਦਾ ਕਹਿਣਾ ਹੈ ਕਿ ਉਹ ਬਹੁਤ ਦੂਰੋਂ ਪੈਦਲ ਆਉਂਦੀ ਹੈ। ਸਸਤਾ ਆਟਾ ਖਰੀਦਣ ਆਉਣ ਵਾਲਿਆਂ ਨੂੰ ਕਦੇ ਕਿਹਾ ਜਾਂਦਾ ਹੈ ਕਿ ਆਟੇ ਦੀ ਗੱਡੀ ਜੁਆਇੰਟ ਰੋਡ 'ਤੇ ਆਵੇਗੀ, ਕਦੇ ਚਮਨ ਫਾਟਕ ਦੱਸਦੇ ਹਨ ਅਤੇ ਕਦੇ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਦਾ ਪਤਾ ਦੱਸ ਦਿੱਤਾ ਜਾਂਦਾ ਹੈ। ਪਰ ਜਦੋਂ ਲੋਕ ਭੱਜਦੇ ਹੋਏ ਉੱਥੇ ਪਹੁੰਚਦੇ ਹਨ ਤਾਂ ਕੁਝ ਨਹੀਂ ਮਿਲਦਾ।
ਉਨ੍ਹਾਂ ਅਨੁਸਾਰ, ਲੰਬੇ ਇੰਤਜ਼ਾਰ ਤੋਂ ਬਾਅਦ ਵੀ ਆਟਾ ਨਾ ਮਿਲਣ 'ਤੇ ਲੋਕ ਮਜਬੂਰੀ ਵਿੱਚ ਸੜਕ ਜਾਮ ਕਰ ਦਿੰਦੇ ਹਨ, ਜਿਸ ਤੋਂ ਬਾਅਦ ਪੁਲਿਸ ਵਾਲੇ ਆ ਜਾਂਦੇ ਹਨ।
"ਸਾਨੂੰ ਵਿਰੋਧ-ਮੁਜ਼ਾਹਰੇ ਤੋਂ ਪੁਲਿਸ ਨੇ ਦੋ ਵਾਰ ਹਟਾਇਆ, ਪਰ ਭਰੋਸਾ ਦਿਵਾਉਣ ਦੇ ਬਾਵਜੂਦ ਵੀ ਸਾਨੂੰ ਸਰਕਾਰੀ ਆਟਾ ਨਹੀਂ ਮਿਲਿਆ।"

ਪਾਕਿਸਤਾਨ ਵਿੱਚ ਆਟੇ ਦਾ ਸੰਕਟ
- ਪਾਕਿਸਤਾਨ ਦੇ ਕੁਝ ਇਲਾਕਿਆਂ ਵਿੱਚ ਆਟੇ ਨੂੰ ਲੈ ਕੇ ਸੰਕਟ ਗਹਿਰਾ ਗਿਆ ਹੈ ਤੇ ਲੋਕ ਸਸਤੇ ਆਟੇ ਲਈ ਪਰੇਸ਼ਾਨੀਆਂ ਝੱਲ ਰਹੇ ਹਨ
- ਕਈ ਦਿਨਾਂ ਤੱਕ, ਘੰਟਿਆਂ ਬੱਧੀ ਇੰਤਜ਼ਾਰ ਤੋਂ ਬਾਅਦ ਵੀ ਲੋਕਾਂ ਨੂੰ ਸਰਕਾਰੀ ਰੇਟਾਂ ਵਾਲਾ ਆਟਾ ਨਹੀਂ ਮਿਲ ਪਾਉਂਦਾ
- ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਵਿੱਚ ਆਟੇ ਦੀ 20 ਕਿਲੋ ਦੀ ਥੈਲੀ ਦੀ ਕੀਮਤ 2800 ਪਾਕਿਸਤਾਨੀ ਰੁਪਏ ਹੋ ਗਈ ਹੈ
- ਆਟਾ ਮਿੱਲਾਂ ਦੇ ਮਾਲਕ ਤੇ ਆਟਾ ਡੀਲਰਾਂ ਮੁਤਾਬਕ, ਕੀਮਤ ‘ਚ ਬੇਤਹਾਸ਼ਾ ਵਾਧੇ ਲਈ ਸਿੰਧ, ਪੰਜਾਬ ਤੇ ਬਲੋਚਿਸਤਾਨ ਸਰਕਾਰ ਜ਼ਿੰਮੇਵਾਰ ਹੈ
- ਮੌਜੂਦਾ ਆਬਾਦੀ ਦੇ ਹਿਸਾਬ ਨਾਲ ਇੱਥੇ 100 ਕਿੱਲੋ ਦੀਆਂ ਡੇਢ ਕਰੋੜ ਬੋਰੀਆਂ ਦੀ ਲੋੜ ਹੈ, ਜਦਕਿ ਉਪਜ ਲਗਭਗ 1 ਕਰੋੜ ਬੋਰੀ ਹੈ

ਸਰਕਾਰੀ ਆਟਾ ਹਾਸਿਲ ਕਰਨਾ ਬੇਹੱਦ ਮੁਸ਼ਕਲ ਹੋਇਆ
ਇਮਾਮ ਬੀਬੀ ਇਕੱਲੇ ਨਹੀਂ ਜੋ ਸਰਕਾਰੀ ਰੇਟ 'ਤੇ ਆਟਾ ਲੈਣ ਦੀ ਕੋਸ਼ਿਸ਼ 'ਚ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਸਗੋਂ ਉਨ੍ਹਾਂ ਵਰਗੇ ਸਾਰੇ ਬਜ਼ੁਰਗ ਜਾਂ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਚਲਾਉਣ ਵਾਲੇ ਲੋਕ ਇਸ ਤੋਂ ਪ੍ਰੇਸ਼ਾਨ ਹਨ।
ਇਨ੍ਹਾਂ ਵਿੱਚ ਇੱਕ ਬਜ਼ੁਰਗ ਖੁਦਾਏ ਨਜ਼ਰ ਵੀ ਹਨ, ਜੋ ਕਵੇਟਾ ਤੋਂ ਕਰੀਬ ਅੱਠ ਕਿਲੋਮੀਟਰ ਦੂਰ ਪੂਰਬੀ ਬਾਈਪਾਸ ਖੇਤਰ ਭੂਸਾ ਮੰਡੀ ਤੋਂ ਕਵੇਟਾ ਰੇਲਵੇ ਸਟੇਸ਼ਨ ਤੱਕ ਕੜਾਕੇ ਦੀ ਠੰਢ ਦੇ ਬਾਵਜੂਦ ਸਵੇਰੇ ਪੰਜ ਵਜੇ ਸਾਈਕਲ ਚਲਾ ਕੇ ਪਹੁੰਚਦੇ ਹਨ, ਤਾਂ ਜੋ ਉੱਥੇ ਲੱਗਣ ਵਾਲੀ ਲਾਈਨ ਵਿੱਚ ਪਹਿਲੀ ਥਾਂ ਮਿਲ ਜਾਵੇ।
ਸੱਤ ਘੰਟੇ ਇੰਤਜ਼ਾਰ ਕਰਨ ਦੇ ਬਾਵਜੂਦ ਜਦੋਂ ਇਹ ਐਲਾਨ ਕੀਤਾ ਗਿਆ ਕਿ ਸਸਤੇ ਆਟੇ ਵਾਲੀ ਗੱਡੀ ਉਥੇ ਨਹੀਂ ਆਵੇਗੀ ਤਾਂ ਖੁਦਾਏ ਨਜ਼ਰ ਦੇ ਚਿਹਰੇ 'ਤੇ ਨਿਰਾਸ਼ਾ ਅਤੇ ਰੋਸ ਸਾਫ਼ ਝਲਕ ਰਿਹਾ ਸੀ।

ਉਹ ਦੱਸਦੇ ਹਨ, "ਮੈਂ ਸਖ਼ਤ ਮਿਹਨਤ ਕਰ ਕੇ ਆਪਣੇ 10 ਜੀਆਂ ਦੇ ਪਰਿਵਾਰ ਦਾ ਪੇਟ ਪਾਲਦਾ ਹਾਂ। ਇੱਥੇ ਆਟੇ ਦੀ ਉਡੀਕ ਵਿੱਚ ਬੈਠਣ ਕਾਰਨ ਨਾ ਤਾਂ ਮੈਂ ਮਜ਼ਦੂਰੀ ਕਰ ਸਕਦਾ ਹਾਂ ਅਤੇ ਨਾ ਹੀ ਮੈਨੂੰ ਸਸਤਾ ਆਟਾ ਮਿਲ ਰਿਹਾ ਹੈ, ਜਿਸ ਲਈ ਮੈਂ ਦਿਹਾੜੀ ਛੱਡ ਕੇ ਆ ਰਿਹਾ ਹਾਂ।"
ਉਹ ਦੱਸਦੇ ਹੈ, "ਲਾਈਨ ਦੇ ਸ਼ੁਰੂ ਵਿੱਚ ਜਗ੍ਹਾ ਲੈਣ ਲਈ ਮੈਂ ਇਸ ਕੜਾਕੇ ਦੀ ਠੰਢ ਵਿੱਚ ਸਵੇਰੇ ਪੰਜ ਵਜੇ ਆਇਆ ਅਤੇ ਰੇਲਵੇ ਸਟੇਸ਼ਨ ਦੀ ਮਸਜਿਦ ਵਿੱਚ ਹੀ ਸਵੇਰ ਦੀ ਨਮਾਜ਼ ਅਦਾ ਕੀਤੀ। ਮੈਂ 10 ਦਿਨਾਂ ਤੋਂ ਸਸਤੇ ਆਟੇ ਦੀ ਥੈਲੀ ਲਈ ਆ ਰਿਹਾ ਹਾਂ ਪਰ ਮੈਨੂੰ ਆਟਾ ਨਹੀਂ ਮਿਲ ਰਿਹਾ।"
"ਮੇਰਾ ਵਿਸ਼ਵਾਸ ਕਰੋ, ਮੈਂ ਬਜ਼ਾਰ ਤੋਂ ਮਹਿੰਗਾ ਆਟਾ ਨਹੀਂ ਖਰੀਦ ਸਕਦਾ, ਇਸ ਲਈ ਮੈਂ ਇੱਥੇ ਸਸਤਾ ਆਟਾ ਖਰੀਦਣ ਆਇਆ ਹਾਂ, ਪਰ ਮੈਨੂੰ ਇਹ ਨਹੀਂ ਮਿਲਿਆ। ਦਸ ਦਿਨਾਂ ਤੋਂ ਅਸੀਂ ਚੌਲਾਂ 'ਤੇ ਗੁਜ਼ਾਰਾ ਕਰ ਰਹੇ ਹਾਂ, ਜੋ ਕਿ ਆਟੇ ਦੇ ਮੁਕਾਬਲੇ ਸਾਡੇ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਮਹਿੰਗਾ ਪੈ ਰਿਹਾ ਹੈ।"

ਇਹ ਵੀ ਪੜ੍ਹੋ-

ਦੋ ਹਫ਼ਤੇ ਵਿੱਚ 20 ਕਿਲੋ ਆਟੇ ਦੀ ਬੋਰੀ 700 ਰੁਪਏ ਮਹਿੰਗੀ
ਬਲੋਚਿਸਤਾਨ 'ਚ ਪਿਛਲੇ ਦੋ-ਤਿੰਨ ਸਾਲਾਂ ਤੋਂ ਆਟੇ ਦੀ ਕਮੀ ਕਾਰਨ ਇਸ ਦੀ ਕੀਮਤ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਬਲੋਚਿਸਤਾਨ ਸਰਕਾਰ ਅਤੇ ਆਟੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਸਥਿਤੀ ਜ਼ਿਆਦਾ ਗੰਭੀਰ ਹੈ।
ਬਲੋਚਿਸਤਾਨ ਫਲੋਰ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਈਅਦ ਖ਼ੁਦਾਇਦਾਦ ਆਗਾ ਨੇ ਬੀਬੀਸੀ ਨੂੰ ਦੱਸਿਆ ਕਿ 20 ਕਿਲੋ ਦੇ ਥੈਲੇ ਦੀ ਕੀਮਤ ਸਿਰਫ਼ ਇੱਕ ਹਫ਼ਤੇ ਵਿੱਚ 500 ਰੁਪਏ ਵਧ ਗਈ ਹੈ, ਜਦਕਿ ਪਿਛਲੇ ਡੇਢ ਤੋਂ ਦੋ ਹਫਤੇ ਵਿੱਚ 700 ਰੁਪਏ ਤੋਂ ਵੱਧ ਦਾ ਇਜ਼ਾਫਾ ਹੋਇਆ ਹੈ।
ਮੌਜੂਦਾ ਆਟਾ ਸੰਕਟ ਦੇ ਕਾਰਨਾਂ ਬਾਰੇ, ਪਾਕਿਸਤਾਨ ਫਲੋਰ ਮਿਲਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਬਦਰੂਦੀਨ ਕੱਕੜ ਨੇ ਬੀਬੀਸੀ ਨੂੰ ਦੱਸਿਆ, "ਬਲੋਚਿਸਤਾਨ ਨੂੰ ਮੌਜੂਦਾ ਆਬਾਦੀ ਦੇ ਹਿਸਾਬ ਨਾਲ 100 ਕਿਲੋਗ੍ਰਾਮ ਦੀਆਂ ਡੇਢ ਕਰੋੜ ਬੋਰੀਆਂ ਦੀ ਲੋੜ ਹੈ, ਜਦੋਂ ਕਿ ਬਲੋਚਿਸਤਾਨ ਵਿੱਚ ਕਣਕ ਦੀ ਸਾਲਾਨਾ ਉਪਜ ਲਗਭਗ 1 ਕਰੋੜ ਬੋਰੀ ਹੈ। ਹੈ।
"ਹਾਲਾਂਕਿ ਬਲੋਚਿਸਤਾਨ ਵਿੱਚ ਕਣਕ ਦੀ ਪੈਦਾਵਾਰ ਬਹੁਤ ਘੱਟ ਨਹੀਂ ਹੈ, ਪਰ ਇੱਥੇ ਲੋਕਾਂ ਕੋਲ ਇਸ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਵੇਚ ਦਿੱਤਾ ਜਾਵੇ।"

ਸਰਕਾਰਾਂ ਤੋਂ ਕਿੱਥੇ ਹੋ ਰਹੀ ਗਲਤੀ
''ਮੌਜੂਦਾ ਸਾਲ ਵਿੱਚ, ਬਲੋਚਿਸਤਾਨ ਸਰਕਾਰ ਨੇ ਕਣਕ ਦੀ ਖਰੀਦ ਵਿੱਚ ਦੇਰੀ ਕੀਤੀ। ਇਸ ਤੋਂ ਇਲਾਵਾ ਸਿੰਧ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਤੈਅ ਕੀਤੀ ਗਈ ਕੀਮਤ ਬਲੋਚਿਸਤਾਨ ਵਿੱਚ ਤੈਅ ਦਰ ਨਾਲੋਂ ਵੱਧ ਸੀ, ਜਿਸ ਕਾਰਨ ਨਸੀਰਾਬਾਦ ਡਿਵੀਜ਼ਨ ਦੇ ਕਿਸਾਨਾਂ ਨੇ ਆਪਣੀ ਕਣਕ ਸਿੰਧ ਵਿੱਚ ਵੇਚੀ।''
ਉਨ੍ਹਾਂ ਦਾ ਕਹਿਣਾ ਸੀ ਕਿ ਚੱਲ ਰਹੇ ਮਾਲੀ ਸਾਲ ਦੌਰਾਨ ਬਲੋਚਿਸਤਾਨ ਸਰਕਾਰ ਚਾਰ ਮਹੀਨਿਆਂ ਦੌਰਾਨ ਕਣਕ ਦੀਆਂ ਪੰਜ ਲੱਖ ਬੋਰੀਆਂ ਖਰੀਦ ਸਕੀ, ਜੋ ਕਿ ਮੰਗ ਦੇ ਹਿਸਾਬ ਨਾਲ ਕੁਝ ਵੀ ਨਹੀਂ ਸੀ।
ਬਲੋਚਿਸਤਾਨ ਦੇ ਖੁਰਾਕ ਵਿਭਾਗ ਦੇ ਅਧਿਕਾਰੀ ਜਾਬਿਰ ਬਲੋਚ ਨੇ ਬੀਬੀਸੀ ਨੂੰ ਦੱਸਿਆ ਕਿ ਡਾਲਰ ਦੀ ਕੀਮਤ ਵਧਣ ਅਤੇ ਰੂਸ-ਯੂਕਰੇਨ ਜੰਗ ਕਾਰਨ ਖੁੱਲ੍ਹੀ ਮੰਡੀ ਵਿੱਚ ਕਣਕ ਦੀ ਕੀਮਤ ਸਰਕਾਰੀ ਰੇਟ ਨਾਲੋਂ ਕਿਤੇ ਵੱਧ ਸੀ, ਇਸ ਲਈ ਕਿਸਾਨਾਂ ਨੇ ਆਪਣੀ ਕਣਕ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਦਿੱਤੀ।
ਆਟਾ ਮਿੱਲਾਂ ਦੇ ਮਾਲਕ ਅਤੇ ਆਟਾ ਡੀਲਰ ਬਲੋਚਿਸਤਾਨ ਵਿੱਚ ਆਟੇ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧੇ ਲਈ ਸਿੰਧ ਅਤੇ ਪੰਜਾਬ ਦੇ ਨਾਲ-ਨਾਲ ਬਲੋਚਿਸਤਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਬਲੋਚਿਸਤਾਨ ਦੇ ਖੁਰਾਕ ਮੰਤਰੀ ਇੰਜੀਨੀਅਰ ਜਮਰੂਕ ਖਾਨ ਨੇ ਕੇਂਦਰ ਸਰਕਾਰ ਤੋਂ ਇਲਾਵਾ ਪੰਜਾਬ ਅਤੇ ਸਿੰਧ ਦੀ ਸਰਕਾਰ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਦੇ ਨਾਲ-ਨਾਲ ਦੋਵੇਂ ਸੂਬਾ ਸਰਕਾਰਾਂ ਨੇ ਵੀ ਬਲੋਚਿਸਤਾਨ ਨੂੰ ਕਣਕ ਦੇਣ ਤੋਂ ਇਨਕਾਰ ਕੀਤਾ ਹੈ।
ਖੁਰਾਕ ਮੰਤਰੀ ਅਨੁਸਾਰ, ਬਲੋਚਿਸਤਾਨ ਇਸ ਸਮੇਂ ਮੁਸ਼ਕਲ ਸਥਿਤੀ ਨਾਲ ਦੋ-ਚਾਰ ਹੋ ਰਿਹਾ ਹੈ, ਇਸ ਲਈ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਅਤੇ ਸਿੰਧ ਸਰਕਾਰ ਨੂੰ ਵੀ ਬਲੋਚਿਸਤਾਨ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ।

ਸਰਕਾਰ ਨੂੰ ਅਪੀਲ
ਖੁਰਾਕ ਵਿਭਾਗ ਦੇ ਡਾਇਰੈਕਟਰ ਜਨਰਲ ਜ਼ਫਰਉੱਲ੍ਹਾ ਨੇ ਬੀਬੀਸੀ ਨੂੰ ਦੱਸਿਆ ਕਿ ਹਾਲਾਂਕਿ ਬਲੋਚਿਸਤਾਨ ਦੇ ਨਸੀਰਾਬਾਦ ਡਿਵੀਜ਼ਨ ਵਿੱਚ ਕਣਕ ਦੀ ਸਾਲਾਨਾ ਪੈਦਾਵਾਰ 10 ਕਰੋੜ ਬੋਰੀਆਂ ਦੀ ਹੈ, ਪਰ ਇਸ ਸਾਲ ਖ਼ਰਾਬ ਮੌਸਮ ਕਾਰਨ ਨਸੀਰਾਬਾਦ ਵਿੱਚ ਕਣਕ ਦੀ ਫ਼ਸਲ ਵਿੱਚ 30 ਫ਼ੀਸਦੀ ਦੀ ਕਮੀ ਆਈ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਿੱਤ ਵਿਭਾਗ ਵੱਲੋਂ ਵੀ ਖੁਰਾਕ ਵਿਭਾਗ ਲਈ ਪੈਸੇ ਜਾਰੀ ਕਰਨ ਵਿੱਚ ਵੀ ਦੇਰੀ ਹੋਈ ਹੈ।
ਉਹ ਕਹਿੰਦੇ ਹਨ, "ਸਾਨੂੰ ਪੈਸੇ ਮਿਲਣਗੇ ਤਾਂ ਅਸੀਂ ਖਰੀਦਾਰੀ ਕਰ ਸਕਾਂਗੇ। ਸਾਨੂੰ ਅਪ੍ਰੈਲ ਦੇ ਅੰਤ ਵਿੱਚ ਪੈਸੇ ਮਿਲੇ। ਕਿਉਂਕਿ ਕਿਸਾਨਾਂ ਨੂੰ ਕਰਜ਼ਾ ਮੋੜਨ ਤੋਂ ਇਲਾਵਾ ਹੋਰ ਖਰਚੇ ਵੀ ਕਰਨੇ ਪੈਂਦੇ ਹਨ, ਇਸ ਲਈ ਉਹ ਆਪਣੀ ਫਸਲ ਛੇਤੀ ਵੇਚ ਦਿੰਦੇ ਹਨ।"
ਜਨਰਲ ਜ਼ਫਰਉੱਲ੍ਹਾ ਨੇ ਪ੍ਰਧਾਨ ਮੰਤਰੀ, ਸਿੰਧ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਔਖੀ ਘੜੀ ਵਿੱਚ ਬਲੋਚਿਸਤਾਨ ਨੂੰ ਇਕੱਲਾ ਨਾ ਛੱਡਣ।













