ਪੰਜਾਬ ਦੇ ਡੀਜੀਪੀ ਪੁਲਿਸ ਨੂੰ ਜੋ ਮੋਟਾ ਅਨਾਜ ਖਾਣ ਲਈ ਕਹਿ ਰਹੇ ਹਨ ਉਹ ਕਿਵੇਂ ਵਰਦਾਨ ਬਣ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ
ਪੰਜਾਬ ਪੁਲਿਸ ਨੇ ਜਵਾਨਾਂ ਅਤੇ ਅਫ਼ਸਰਾਂ ਨੂੰ ਸਰੀਰਕ ਤੌਰ ਉੱਤੇ ਰਿਸ਼ਟ-ਪੁਸ਼ਟ ਕਰਨ ਸੂਬੇ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਨਵੀਂ ਪਹਿਲਕਦਮੀ ਕੀਤੀ ਹੈ।
ਪੁਲਿਸ ਮੁੱਖ ਦਫ਼ਤਰ ਵਲੋਂ ਜ਼ਿਲ੍ਹਿਆਂ ਦੇ ਐੱਸਐੱਸਪੀ ਦਫ਼ਤਰ ਨੂੰ ਬਕਾਇਦਾ ਚਿੱਠੀ ਭੇਜ ਕੇ ਮੋਟੇ ਅਨਾਜ ਨੂੰ ਜਵਾਨਾਂ ਦੀ ਖੁਰਾਕ ਵਿਚ ਸ਼ਾਮਲ ਕਰਨ ਲਈ ਕਿਹਾ ਗਿਆ ਹੈ।
ਮੋਟੇ ਅਨਾਜ ਨੂੰ ਖੁਰਾਕ ਵਿਚ ਸ਼ਾਮਲ ਕਰਨ ਦਾ ਜ਼ਿਕਰ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤਾ ਹੈ।
ਖੇਤੀ ਮੰਤਰੀ ਨੇ ਤਾਂ ਸੰਸਦ ਦੇ ਸਰਦਰੁੱਤ ਇਜਲਾਸ ਦੌਰਾਨ ਮੋਟੇ ਅਨਾਜ ਦੇ ਖਾਣੇ ਦਾ ਖਾਸ ਪ੍ਰਬੰਧ ਕੀਤਾ।
ਮੋਟਾ ਅਨਾਜ ਕੀ ਹੁੰਦਾ ਹੈ, ਇਹ ਸਿਹਤ ਲਈ ਕਿਵੇਂ ਲਾਹੇਵੰਦ ਹੈ, ਇਸ ਬਾਰੇ ਕੁਝ ਸਮਾਂ ਪਹਿਲਾਂ ਬੀਬੀਸੀ ਨੇ ਇੱਕ ਰਿਪੋਰਟ ਕੀਤੀ ਸੀ, ਜਿਸ ਨੂੰ ਪਾਠਕਾਂ ਦੀ ਰੁਚੀ ਲਈ ਮੁੜ ਛਾਪਿਆ ਜਾ ਰਿਹਾ ਹੈ।
ਆਪਣੇ ਬਚਪਨ 'ਚ ਮੈਂ ਜਦੋਂ ਵੀ ਉੱਤਰ ਪ੍ਰਦੇਸ਼ ਦੇ ਪੇਂਡੂ ਇਲਾਕੇ ਵਿੱਚ ਆਪਣੇ ਜੱਦੀ ਘਰ ਜਾਂਦੀ ਤਾਂ ਅਕਸਰ ਮੇਰੀ ਦਾਦੀ ਨੂੰ ਬਾਜਰੇ ਜਾਂ ਜੁਆਰ ਦੀਆਂ ਰੋਟੀਆਂ ਖਾਂਦੇ ਵੇਖਦੀ।
ਉਹ ਆਟੇ ਨੂੰ ਗੁੰਨ੍ਹਦੇ, ਫਿਰ ਉਸ ਆਟੇ ਦਾ ਇੱਕ ਪੇੜਾ ਲੈਂਦੇ, ਉਸਨੂੰ ਆਪਣੀਆਂ ਹਥੇਲੀਆਂ ਨਾਲ ਘੁਮਾਉਂਦੇ ਹੋਏ ਇੱਕ ਰੋਟੀ ਵਰਗਾ ਆਕਾਰ ਦਿੰਦੇ ।
ਇਸ ਤੋਂ ਬਾਅਦ ਇਹ ਲੱਕੜ ਦੀ ਅੱਗ ਵਾਲੇ ਮਿੱਟੀ ਦੇ ਤੰਦੂਰ 'ਤੇ ਪਕਾਇਆ ਜਾਂਦਾ।
ਜੇ ਉਹ ਮੈਨੂੰ ਇਹ ਖਾਣ ਦੀ ਪੇਸ਼ਕਸ਼ ਕਰਦੇ, ਤਾਂ ਮੈਂ ਆਪਣਾ ਨੱਕ ਮੋੜ ਲੈਂਦੀ।
ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਕਣਕ ਦੇ ਆਟੇ ਵਾਲੀਆਂ ਪਤਲੀਆਂ, ਸੁਆਦੀ ਅਤੇ ਆਸਾਨੀ ਨਾਲ ਖਾਈਆਂ ਜਾ ਸਕਣ ਵਾਲੀਆਂ ਰੋਟੀਆਂ ਦੀ ਬਜਾਏ, ਇਹ ਰੋਟੀਆਂ ਨੂੰ ਕਿਉਂ ਖਾਂਦੇ ਸਨ।
ਪਰ ਕੁਝ ਸਾਲ ਪਹਿਲਾਂ, ਮੈਂ ਵੀ ਉਹੀ ਖਾਣਾ ਸ਼ੁਰੂ ਕਰ ਦਿੱਤਾ ਹੈ ਜੋ ਮੇਰੇ ਦਾਦੀ ਜੀ ਖਾਂਦੇ ਸਨ।
ਇਸਦਾ ਕਾਰਨ ਸੀ ਉਹ ਰਿਪੋਰਟ, ਜਿਸ ਨੂੰ ਪੜ੍ਹ ਕੇ ਮੈਨੂੰ ਪਤਾ ਲੱਗਾ ਕਿ ਪੁਰਾਣੇ ਖਾਣੇ ਕਿਤੇ ਜ਼ਿਆਦਾ ਸਿਹਤਮੰਦ ਸਨ ।
ਇਸ ਤੋਂ ਮਗਰੋਂ ਮੈਂ ਆਪਣੀ ਰਸੋਈ ਵਿੱਚ ਕਣਕ ਦੇ ਆਟੇ ਦੀ ਬਜਾਏ ਮੋਟੇ ਅਨਾਜ ਦੇ ਆਟੇ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ।
ਭਾਵੇਂ ਹੁਣ ਮੈਨੂੰ ਰੋਟੀ ਜ਼ਿਆਦਾ ਚਬਾਉਣੀ ਪੈਂਦੀ ਹੈ, ਪਰ ਮੈਂ ਫਿਰ ਵੀ ਇਹੀ ਖਾਂਦੀ ਹਾਂ ਕਿਉਂਕਿ ਇਹ ਮੈਨੂੰ ਸਿਹਤਮੰਦ ਮਹਿਸੂਸ ਕਰਾਉਂਦੀ ਹੈ।
ਮੈਂ ਇਕੱਲੀ ਨਹੀਂ ਹਾਂ - ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਬਹੁਤ ਸਾਰੇ ਅਜਿਹੇ ''ਖਾਣੇ ਜਿਨ੍ਹਾਂ ਬਾਰੇ ਅਸੀਂ ਭੁੱਲ ਗਏ ਸੀ" ਉਹ ਇੱਕ ਵਾਰ ਫਿਰ ਖੇਤਾਂ ਵਿੱਚ ਅਤੇ ਸਾਡੀਆਂ ਪਲੇਟਾਂ ਵਿੱਚ ਵੀ ਵਾਪਸੀ ਕਰ ਰਹੇ ਹਨ।
ਗੈਰ-ਲਾਭਕਾਰੀ Icrisat (ਅੰਤਰ-ਖੁਸ਼ਕ ਟ੍ਰੌਪਿਕਸ ਲਈ ਅੰਤਰਰਾਸ਼ਟਰੀ ਫਸਲ ਖੋਜ ਸੰਸਥਾ) ਦੇ ਡਾਇਰੈਕਟਰ ਜਨਰਲ ਡਾ. ਜੈਕਲੀਨ ਹਿਊਜ਼ ਦਾ ਕਹਿਣਾ ਹੈ ਕਿ ਹੁਣ ਕੁਝ ਸਮੇਂ ਤੋਂ ਮੋਟੇ ਅਨਾਜ ਨੂੰ ਉਸ ਦੇ "ਭੁੱਲ ਗਏ" ਵਾਲੇ ਟੈਗ ਨੂੰ ਛੁਡਾਉਣ ਵਿੱਚ ਮਦਦ ਕਰਨ ਲਈ "ਇੱਕ ਸਾਂਝਾ ਕੌਮਾਂਤਰੀ ਯਤਨ" ਕੀਤਾ ਗਿਆ ਹੈ।

ਮੋਟੇ ਅਨਾਜ ਦੀ ਖਾਸੀਅਤ
- ਮੋਟੇ ਅਨਾਜ ਸਦੀਆਂ ਤੋਂ ਭਾਰਤੀਆਂ ਲਈ ਇੱਕ ਮੁੱਖ ਭੋਜਨ ਰਹੇ ਹਨ
- ਭਾਰਤ ਦੇ ਖਾਣੇ ਵਿੱਚ ਮੋਟੇ ਅਨਾਜ ਦਾ ਹਿੱਸਾ ਘਟ ਕੇ ਅੱਜ 6% ਰਹਿ ਗਿਆ ਹੈ
- ਮੋਟੇ ਅਨਾਜ ਸ਼ੂਗਰ ਨੂੰ ਘਟਾਉਂਦੇ ਹਨ, ਕੋਲੇਸਟ੍ਰੋਲ ਮਾਤਰਾ ਵਿੱਚ ਸੁਧਾਰ ਕਰਦੇ ਹਨ
- ਇਹ ਕੈਲਸ਼ੀਅਮ, ਜ਼ਿੰਕ ਅਤੇ ਆਇਰਨ ਦੀ ਕਮੀ ਨੂੰ ਦੂਰ ਕਰਦੇ ਹਨ।
- ਮੋਟਾ ਅਨਾਜ ਗਲੂਟਨ ਮੁਕਤ ਵੀ ਹਨ

ਭਾਰਤ ਨੇ ਸਾਲ 2018 ਨੂੰ ਮੋਟੇ ਅਨਾਜ ਦੇ ਸਾਲ ਵਜੋਂ ਮਨਾਇਆ ਅਤੇ ਮਾਰਚ ਵਿੱਚ ਸੰਯੁਕਤ ਰਾਸ਼ਟਰ ਨੇ ਸਾਲ 2023 ਨੂੰ ਮੋਟੇ ਅਨਾਜ ਦੇ ਅੰਤਰਰਾਸ਼ਟਰੀ ਸਾਲ ਵਜੋਂ ਮਨਾਉਣ ਲਈ ਦਿੱਲੀ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ।
ਰਿਪੋਰਟਾਂ ਮੁਤਾਬਕ, ਇਸ ਸਾਲ ਵਿੱਚ ਮੋਟੇ ਅਨਾਜ ਨਾਲ ਮਿਲਣ ਵਾਲੇ ਸਿਹਤ ਲਾਭਾਂ ਅਤੇ ਕਾਸ਼ਤ ਲਈ ਉਨ੍ਹਾਂ ਦੀ ਅਨੁਕੂਲਤਾ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ - ਜਿਵੇਂ ਕਿ ਉਹ ਘਟੀਆ ਮਿੱਟੀ ਵਿੱਚ ਵੀ ਉੱਗ ਸਕਦੇ ਹਨ ਅਤੇ ਉਨ੍ਹਾਂ ਨੂੰ ਕੀਟਨਾਸ਼ਕਾਂ ਦੀ ਲੋੜ ਵੀ ਘੱਟ ਹੁੰਦੀ ਹੈ। ਇਹ ਉਸ ਸਮੇਂ ਹੋਰ ਵੀ ਖਾਸ ਹੋ ਜਾਂਦੇ ਹਨ ਜਦੋਂ ਸਾਰਾ ਸੰਸਾਰ ਗਲੋਬਲ ਵਾਰਮਿੰਗ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਡਾ. ਹਿਊਜ਼ ਕਹਿੰਦੇ ਹਨ ਕਿ ਮੋਟੇ ਅਨਾਜ ਨੂੰ "ਸਮਾਰਟ ਫੂਡ" ਵਜੋਂ ਜਾਣਿਆ ਜਾ ਰਿਹਾ ਹੈ, ਕਿਉਂਕਿ "ਉਹ ਧਰਤੀ ਲਈ ਚੰਗੇ ਹਨ, ਕਿਸਾਨ ਲਈ ਚੰਗੇ ਹਨ ਅਤੇ ਤੁਹਾਡੇ ਲਈ ਚੰਗੇ ਹਨ"।
"ਉਨ੍ਹਾਂ ਨੂੰ ਪਾਣੀ ਦੀ ਲੋੜ ਘੱਟ ਹੁੰਦੀ ਹੈ ਅਤੇ ਵਧੇਰੇ ਗਰਮ ਤਾਪਮਾਨਾਂ ਵਿੱਚ ਵੀ ਚੰਗੀ ਤਰ੍ਹਾਂ ਵਧਦੇ ਹਨ। ਇਹ ਕਿਸਾਨ ਲਈ ਚੰਗੇ ਹਨ ਕਿਉਂਕਿ ਉਹ ਸਥਿਤੀ ਅਨੁਸਾਰ ਢਲ ਜਾਂਦੇ ਹਨ ਅਤੇ ਕੀੜੇ ਆਦਿ ਦੇ ਰੋਗਾਂ ਤੋਂ ਬਚ ਸਕਦੇ ਹਨ। ਉਹ ਤੁਹਾਡੇ ਲਈ ਚੰਗੇ ਹਨ ਕਿਉਂਕਿ ਉਹ ਵਧੇਰੇ ਪੌਸ਼ਟਿਕ ਹੁੰਦੇ ਹਨ।''
''ਅਧਿਐਨ ਦਰਸਾਉਂਦੇ ਹਨ ਕਿ ਮੋਟੇ ਅਨਾਜ ਸ਼ੂਗਰ ਨੂੰ ਘਟਾਉਂਦੇ ਹਨ, ਕੋਲੇਸਟ੍ਰੋਲ ਮਾਤਰਾ ਵਿੱਚ ਸੁਧਾਰ ਕਰਦੇ ਹਨ ਤੇ ਕੈਲਸ਼ੀਅਮ, ਜ਼ਿੰਕ ਅਤੇ ਆਇਰਨ ਦੀ ਕਮੀ ਨੂੰ ਦੂਰ ਕਰਦੇ ਹਨ। ਇਹ ਗਲੂਟਨ ਮੁਕਤ ਵੀ ਹਨ।"
ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਰਤ ਵਿੱਚ ਸਿਹਤ ਮਾਹਰ ਮੋਟੇ ਅਨਾਜਾਂ ਨੂੰ ਦਿਲਚਸਪੀ ਨਾਲ ਦੇਖ ਰਹੇ ਹਨ - ਦੇਸ਼ ਵਿੱਚ 80 ਮਿਲੀਅਨ ਸ਼ੂਗਰ ਰੋਗੀ ਹਨ, ਹਰ ਸਾਲ 17 ਮਿਲੀਅਨ ਤੋਂ ਵੱਧ ਲੋਕ ਦਿਲ ਦੀਆਂ ਬਿਮਾਰੀਆਂ ਨਾਲ ਮਰਦੇ ਹਨ ਅਤੇ 30 ਲੱਖ ਤੋਂ ਵੱਧ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੁੰਦੇ ਹਨ, ਜਿਨ੍ਹਾਂ ਵਿੱਚੋਂ ਅੱਧੇ ਗੰਭੀਰ ਸਥਿਤੀ ਵਿੱਚ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ "ਦੇਸ਼ ਵਿੱਚੋਂ ਕੁਪੋਸ਼ਣ ਨੂੰ ਖ਼ਤਮ ਕਰਨ" ਲਈ "ਮੋਟੇ ਅਨਾਜ ਦੀ ਕ੍ਰਾਂਤੀ" ਦੀ ਗੱਲ ਕੀਤੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕੋਈ ਅਸੰਭਵ ਕੰਮ ਨਹੀਂ ਹੈ ਕਿਉਂਕਿ ਮੋਟੇ ਅਨਾਜ ਸਦੀਆਂ ਤੋਂ ਭਾਰਤੀਆਂ ਲਈ ਇੱਕ ਮੁੱਖ ਭੋਜਨ ਰਹੇ ਹਨ।
ਇੰਡੀਅਨ ਇੰਸਟੀਚਿਊਟ ਆਫ਼ ਮਿਲਿਟ ਰਿਸਰਚ ਦੇ ਨਿਰਦੇਸ਼ਕ ਵਿਲਾਸ ਟੋਨਾਪੀ ਕਹਿੰਦੇ ਹਨ ਕਿ ਮੋਟੇ ਅਨਾਜ "ਮਨੁੱਖਤਾ ਲਈ ਜਾਣੇ ਜਾਂਦੇ ਸਭ ਤੋਂ ਪੁਰਾਣੇ ਅਨਾਜ" ਹਨ।
"ਸਿੰਧੂ ਘਾਟੀ ਸਭਿਅਤਾ ਦੇ ਦੌਰਾਨ 3000 ਈਸਾ ਪੂਰਵ ਦੇ ਨੇੜੇ-ਤੇੜੇ ਇਨ੍ਹਾਂ ਦੀ ਕਾਸ਼ਤ ਕੀਤੀ ਗਈ ਸੀ। 21 ਸੂਬਿਆਂ ਵਿੱਚ ਉਗਾਏ ਜਾਣ ਵਾਲੇ ਇਨ੍ਹਾਂ ਵੱਖ-ਵੱਖ ਅਨਾਜਾਂ ਲਈ ਵੱਖਰੇ ਖੇਤਰ ਅਤੇ ਸੂਬੇ ਹਨ ਅਤੇ ਇਹ ਅਨਾਜ ਭੋਜਨ ਸੱਭਿਆਚਾਰ ਅਤੇ ਧਾਰਮਿਕ ਰੀਤੀ ਰਿਵਾਜਾਂ ਦਾ ਹਿੱਸਾ ਹਨ।"

ਤਸਵੀਰ ਸਰੋਤ, P Srujan/Icrisat
16 ਮਿਲੀਅਨ ਟਨ ਦੀ ਸਾਲਾਨਾ ਉਪਜ ਦੇ ਨਾਲ, ਭਾਰਤ ਦੁਨੀਆ ਵਿੱਚ ਮੋਟੇ ਅਨਾਜ ਦਾ ਸਭ ਤੋਂ ਵੱਡਾ ਉਤਪਾਦਕ ਬਣਿਆ ਹੋਇਆ ਹੈ।
ਪਰ ਟੋਨਾਪੀ ਦਾ ਕਹਿਣਾ ਹੈ ਕਿ ਪਿਛਲੇ 50 ਸਾਲਾਂ ਵਿੱਚ ਇਨ੍ਹਾਂ ਦੀ ਖੇਤੀ ਦਾ ਇਲਾਕਾ 38 ਮਿਲੀਅਨ ਹੈਕਟੇਅਰ ਤੋਂ ਘਟ ਕੇ 13 ਮਿਲੀਅਨ ਹੈਕਟੇਅਰ ਰਹਿ ਗਿਆ ਹੈ ਅਤੇ ਭਾਰਤ ਦੇ ਖਾਣੇ ਵਿੱਚ ਮੋਟੇ ਅਨਾਜ ਦਾ ਹਿੱਸਾ ਘਟ ਕੇ ਅੱਜ 6% ਰਹਿ ਗਿਆ ਹੈ, ਜੋ ਕਿ 1960 ਦੇ ਦਹਾਕੇ ਵਿੱਚ 20% ਸੀ।

ਇਹ ਵੀ ਪੜ੍ਹੋ-

ਡਾ. ਟੋਨਾਪੀ ਦਾ ਕਹਿਣਾ ਹੈ ਕਿ ਮੋਟੇ ਅਨਾਜ ਵਿੱਚ ਇਹ ਗਿਰਾਵਟ 1969-70 ਵਿੱਚ ਸ਼ੁਰੂ ਹੋਈ ਸੀ।
"ਉਦੋਂ ਤੱਕ, ਭਾਰਤ ਆਪਣੀ ਆਬਾਦੀ ਨੂੰ ਭੋਜਨ ਦੇਣ ਲਈ ਭੋਜਨ ਸਹਾਇਤਾ ਪ੍ਰਾਪਤ ਕਰਦਾ ਸੀ ਅਤੇ ਵੱਡੀ ਮਾਤਰਾ ਵਿੱਚ ਅਨਾਜ ਆਯਾਤ ਕਰਦਾ ਸੀ। ਭੋਜਨ ਦੀ ਕਮੀ ਅਤੇ ਭੁੱਖਮਰੀ ਨੂੰ ਦੂਰ ਕਰਨ ਲਈ ਸਰਕਾਰ ਨੇ ਹਰੀ ਕ੍ਰਾਂਤੀ ਸ਼ੁਰੂ ਕੀਤੀ ਅਤੇ ਚੌਲਾਂ ਤੇ ਕਣਕ ਦੀਆਂ ਉੱਚ-ਉਪਜ ਵਾਲੀਆਂ ਕਿਸਮਾਂ ਪੇਸ਼ ਕੀਤੀਆਂ।"
ਭਾਰਤ ਵਿੱਚ 1960 ਅਤੇ 2015 ਦੇ ਵਿਚਕਾਰ, ਕਣਕ ਦਾ ਉਤਪਾਦਨ ਤਿੰਨ ਗੁਣਾ ਤੋਂ ਵੱਧ ਅਤੇ ਚੌਲ ਦੇ ਉਤਪਾਦਨ ਵਿੱਚ 800% ਦਾ ਵਾਧਾ ਦਰਜ ਹੋਇਆ, ਜਦਕਿ ਮੋਟੇ ਅਨਾਜ ਦਾ ਉਤਪਾਦਨ ਹੇਠਲੇ ਪੱਧਰ 'ਤੇ ਬਣਿਆ ਰਿਹਾ।
ਡਾ. ਹਿਊਜ਼ ਇਸ ਸਾਲ ਦੇ ਸ਼ੁਰੂ ਵਿੱਚ ''ਭੁੱਲੇ ਹੋਏ ਖਾਣਿਆਂ'' ਲਈ ਗਲੋਬਲ ਮੈਨੀਫੈਸਟੋ ਦੀ ਤਿਆਰੀ ਵਿੱਚ ਸ਼ਾਮਲ ਸਨ। ਉਨ੍ਹਾਂ ਦਾ ਕਹਿਣਾ ਹੈ ਕਿ "ਚੌਲ ਅਤੇ ਕਣਕ 'ਤੇ ਇੰਨੇ ਜ਼ਿਆਦਾ ਜ਼ੋਰ ਦੇਣ ਕਾਰਨ ਮੋਟੇ ਅਨਾਜ ਅਤੇ ਬਹੁਤ ਸਾਰੇ ਪਰੰਪਰਾਗਤ ਭੋਜਨਾਂ ਦੀ ਅਣਦੇਖੀ ਹੋ ਗਈ ਅਤੇ ਉਹ ਪਿੱਛੇ ਛੁੱਟ ਗਏ"।
ਉਹ ਅੱਗੇ ਕਹਿੰਦੇ ਹਨ, "ਕਿਉਂਕਿ ਉਨ੍ਹਾਂ ਨੂੰ ਆਧੁਨਿਕ ਸਵਾਦ ਦੇ ਅਨੁਸਾਰ ਨਹੀਂ ਬਣਾਇਆ ਗਿਆ ਜਾਂ ਅੱਜ ਦੇ ਤੇਜ਼-ਰਫ਼ਤਾਰ ਸੰਸਾਰ ਵਿੱਚ ਉਨ੍ਹਾਂ ਨੂੰ ਪਕਾਉਣਾ ਆਸਾਨ ਨਹੀਂ ਹੈ, ਇਸ ਲਈ ਦਹਾਕਿਆਂ ਤੋਂ ਉਹ ਘੱਟ ਵਰਤੇ ਗਏ ਹਨ ਅਤੇ ਨਜ਼ਰਅੰਦਾਜ਼ ਕੀਤੇ ਗਏ ਹਨ। ਪਰ ਤੁਹਾਡੀ ਪਲੇਟ ਵਿੱਚ ਵਿਭਿੰਨਤਾ ਹੋਣਾ ਬਹੁਤ ਜ਼ਰੂਰੀ ਹੈ।''
ਅਤੇ ਅਜਿਹਾ ਕਰਨ ਲਈ, "ਵਿਸਰੀਆਂ" ਹੋਈਆਂ ਫਸਲਾਂ 'ਤੇ ਵੀ ਉਸੇ ਤਰ੍ਹਾਂ ਧਿਆਨ ਦੇਣਾ ਪਵੇਗਾ ਜਿਸ ਤਰ੍ਹਾਂ ਚੌਲ, ਕਣਕ ਅਤੇ ਕੁਝ ਹੋਰ ਵਪਾਰਕ ਫਸਲਾਂ ਵੱਲ ਦਿੱਤਾ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਘੱਟੋ-ਘੱਟ ਇੱਕ ਸ਼ੁਰੂਆਤ ਤਾਂ ਹੋਈ ਹੈ ਅਤੇ ਮੋਟੇ ਅਨਾਜ ਬਾਰੇ ਗੱਲ ਕੀਤੀ ਜਾ ਰਹੀ ਹੈ।
ਖੇਤੀਬਾੜੀ ਵਿਗਿਆਨੀਆਂ ਦੁਆਰਾ ਉਨ੍ਹਾਂ ਨੂੰ ਪੁਨਰ-ਸੁਰਜੀਤ ਕਰਨ ਲਈ ਸੁਝਾਈਆਂ ਗਈਆਂ ਕਈ ਰਣਨੀਤੀਆਂ ਨੇ ਨਤੀਜੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਡਾ. ਟੋਨਾਪੀ ਦੱਸਦੇ ਹਨ ਕਿ ਪਿਛਲੇ ਦੋ ਸਾਲਾਂ ਵਿੱਚ ਮੋਟੇ ਅੰਜ ਦੀ ਮੰਗ ਵਿੱਚ 146% ਦਾ ਵਾਧਾ ਹੋਇਆ ਹੈ।

ਤਸਵੀਰ ਸਰੋਤ, L Vidyasagar/Icrisat
ਮੋਟੇ ਅਨਾਜ ਨਾਲ ਬਣੀਆਂ ਕੂਕੀਜ਼, ਚਿਪਸ, ਪਫਜ਼ ਅਤੇ ਹੋਰ ਖਾਣ ਦੀਆਂ ਚੀਜ਼ਾਂ ਹੁਣ ਸੁਪਰਮਾਰਕੀਟਾਂ ਅਤੇ ਔਨਲਾਈਨ ਸਟੋਰਾਂ ਵਿੱਚ ਵਿਕ ਰਹੀਆਂ ਹਨ। ਸਰਕਾਰ ਵੀ ਇੱਕ ਜਨਤਕ ਵੰਡ ਪ੍ਰਣਾਲੀ ਰਾਹੀਂ ਲੱਖਾਂ ਲੋਕਾਂ ਨੂੰ ਇੱਕ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੋਟਾ ਅਨਾਜ ਵੇਚ ਰਹੀ ਹੈ ਅਤੇ ਕੁਝ ਸੂਬਾ ਸਰਕਾਰਾਂ ਸਕੂਲੀ ਮਿਡ-ਡੇ-ਮੀਲ ਯੋਜਨਾ ਦੇ ਹਿੱਸੇ ਵਜੋਂ ਰੈਡੀ ਟੂ ਈਟ ਪਕਵਾਨ ਪਰੋਸ ਰਹੀਆਂ ਹਨ।
ਮੋਟੇ ਅਨਾਜ ਵਿੱਚ ਇਹ ਨਵੀਂ ਦਿਲਚਸਪੀ, ਤੇਲੰਗਾਨਾ ਸੂਬੇ ਦੇ ਉੱਤਰੀ ਜ਼ਿਲ੍ਹਿਆਂ ਵਿੱਚ ਕਬਾਇਲੀ ਭਾਈਚਾਰਿਆਂ ਲਈ ਇੱਕ ਵਰਦਾਨ ਸਾਬਿਤ ਹੋ ਰਹੀ ਹੈ।
ਆਸਿਫਾਬਾਦ ਵਿੱਚ 10 ਕਬਾਇਲੀ ਔਰਤਾਂ ਦੇ ਇੱਕ ਸਮੂਹ ਵਿੱਚੋਂ ਪੀ ਆਈਲਾ ਵੀ ਇੱਕ ਹਨ, ਜਿਨ੍ਹਾਂ ਨੂੰ ਪੇਂਡੂ ਡੇ-ਕੇਅਰ ਸੈਂਟਰਾਂ ਵਿੱਚ ਬੱਚਿਆਂ ਨੂੰ ਸਪਲਾਈ ਕੀਤੇ ਜਾਣ ਵਾਲੇ ਭੋਜਨ ਤਿਆਰ ਕਰਨ ਲਈ ਆਈਕ੍ਰਿਸੇਟ (Icrisat) ਦੁਆਰਾ ਸਿਖਲਾਈ ਦਿੱਤੀ ਗਈ ਹੈ।
ਆਪਣੇ ਪਿੰਡ ਤੋਂ ਮੇਰੇ ਨਾਲ ਫ਼ੋਨ 'ਤੇ ਗੱਲ ਕਰਦਿਆਂ ਦੱਸਿਆ ਉਨ੍ਹਾਂ ਨੇ ਖਾਣੇ ਵਿੱਚ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ ਅਤੇ ਮਸਾਲਿਆਂ ਦੀ ਸੂਚੀ ਦੱਸੀ ਜੋ ਉਹ ਖਾਣਾ ਬਣਾਉਣ ਸਮੇਂ ਇਸਤੇਮਾਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਗਸਤ ਵਿੱਚ ਉਨ੍ਹਾਂ ਨੇ ਜਵਾਰ ਨਾਲ ਬਣੇ 12 ਟਨ ਮਿੱਠੇ ਅਤੇ ਮਸਾਲੇਦਾਰ ਪਕਵਾਨ ਵੇਚੇ ਸਨ।
ਆਇਲਾ ਨੂੰ ਇਹ ਸਮਝ ਨਹੀਂ ਆਉਂਦਾ ਕਿ ਜਿਸ ਅਨਾਜ ਨੂੰ ਉਹ ਸਾਰੀ ਉਮਰ ਤੋਂ ਖਾਂਦੇ ਆ ਰਹੇ ਹਨ, ਉਸ ਵਿੱਚ ਲੋਕਾਂ ਨੂੰ ਇੰਨੀ ਦਿਲਚਸਪੀ ਕਿਵੇਂ ਆ ਗਈ, ਪਰ ਉਨ੍ਹਾਂ ਮੈਨੂੰ ਕਿਹਾ ਕਿ ਉਹ ਖੁਸ਼ ਹਨ ਕਿ ਇਹ ਵੱਖ-ਵੱਖ ਥਾਵਾਂ 'ਤੇ ਜਾ ਰਿਹਾ ਹੈ।
ਇਹ ਵੀ ਪੜ੍ਹੋ:














