ਨਵਜੋਤ ਸਿੱਧੂ ਦੇ ਮੁੜ ਕੂਮੈਂਟਰੀ ਬਾਕਸ ਵਿੱਚ ਜਾਣ ਨਾਲ ਖੜ੍ਹੇ ਹੋਏ ਸਵਾਲ, ਸਿਆਸੀ ਮਾਹਰਾਂ ਦੀ ਕੀ ਹੈ ਸਲਾਹ

ਨਵਜੋਤ ਸਿੱਧੂ

ਤਸਵੀਰ ਸਰੋਤ, Getty Images

    • ਲੇਖਕ, ਸੁਰਿੰਦਰ ਸਿੰਘ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਕ੍ਰਿਕਟ ਮੈਚਾਂ ਵਿੱਚ ਕਮੈਂਟਰੀ ਕਰਨ ਨੂੰ ਲੈ ਕੇ ਸੂਬੇ ਦੀ ਸਿਆਸਤ ਵਿੱਚ ਇੱਕ ਨਵੀਂ ਚਰਚਾ ਛਿੜ ਗਈ ਹੈ।

ਸਿਆਸੀ ਗਲਿਆਰਿਆਂ ਵਿੱਚ ਇਹ ਸਵਾਲ ਉੱਠਣ ਲੱਗਾ ਹੈ ਕਿ ਕੀ ਹੁਣ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਵਿੱਚ ਪਾਰਟੀ ਲਈ ਪ੍ਰਚਾਰ ਕਰਨਗੇ ਜਾਂ ਨਹੀਂ।

ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਟਾਰ ਸਪੋਰਟਸ ਦੀ ਪੋਸਟ ਸਾਂਝੀ ਕਰਕੇ ਆਈਪੀਐੱਲ ਵਿੱਚ 22 ਮਾਰਚ ਤੋਂ ਕਮੈਂਟਰੀ ਕਰਨ ਦੀ ਗੱਲ ਕਹੀ ਹੈ।

ਟੈਲੀਵਿਜ਼ਨ ਦੇ ਪਰਦੇ ਉੱਪਰ ਨਵਜੋਤ ਸਿੰਘ ਸਿੱਧੂ ਕਾਫ਼ੀ ਚਰਚਿਤ ਰਹੇ ਹਨ। ਨੈਸ਼ਨਲ ਪੱਧਰ ਦੇ ਹਿੰਦੀ ਦੇ ਕਾਮੇਡੀ ਸ਼ੋਅਜ਼ ਅਤੇ ਕ੍ਰਿਕਟ ਲਈ ਕਮੈਂਟਰੀ ਵਿੱਚ ਉਹ ਦੇਸ਼ ਭਰ ਵਿੱਚ ਮਕਬੂਲ ਹੋਏ।

ਹੁਣ ਕਰੀਬ ਇੱਕ ਦਹਾਕੇ ਬਾਅਦ ਸਰੋਤੇ ਮੁੜ ਉਨ੍ਹਾਂ ਦੇ ਮੂੰਹੋਂ ਕ੍ਰਿਕਟ ਦੀ ਹਿੰਦੀ ਤੇ ਅੰਗਰੇਜ਼ੀ ਵਿਚ ਕਮੈਂਟਰੀ ਸੁਣ ਸਕਣਗੇ।

ਰੋਡਰੇਜ ਦੇ ਇੱਕ ਮਾਮਲੇ ਵਿੱਚ 10 ਮਹੀਨੇ ਦੀ ਸਜ਼ਾ ਕੱਟਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਉਸ ਵੇਲੇ ਚਰਚਾ ਵਿੱਚ ਆਏ ਸਨ, ਜਦੋਂ ਉਨ੍ਹਾਂ ਨੇ ਮਾਲਵਾ ਖਿੱਤੇ ਵਿੱਚ ਆਪਣੇ ਸਮਰਥਕਾਂ ਦੀਆਂ ਦੋ ਵੱਡੀਆਂ ਰੈਲੀਆਂ ਕੀਤੀਆਂ ਸਨ।

ਇਨ੍ਹਾਂ ਰੈਲੀਆਂ ਵਿੱਚ ਉਨ੍ਹਾਂ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਉੱਪਰ ਕਈ ਤਰ੍ਹਾਂ ਦੇ ਸਵਾਲ ਚੁੱਕੇ ਸਨ।

ਉਸ ਵੇਲੇ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਚੱਲਣ ਲੱਗੀ ਸੀ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਹਨ।

ਪਟਿਆਲਾ ਜੇਲ੍ਹ ਤੋਂ ਬਾਹਰ ਨਿਕਲਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਵੱਡੇ ਸਿਆਸੀ ਹਮਲੇ ਕੀਤੇ ਸਨ।

ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ 27 ਦਸੰਬਰ 1988 ਵਿੱਚ ਪਟਿਆਲਾ ਵਿਖੇ ਪਾਰਕਿੰਗ ਨੂੰ ਲੈ ਕੇ ਹੋਏ ਇੱਕ ਝਗੜੇ ਵਿੱਚ 65 ਸਾਲਾਂ ਦੇ ਵਿਅਕਤੀ ਗੁਰਨਾਮ ਸਿੰਘ ਦੀ ਹੋਈ ਮੌਤ ਦੇ ਸੰਬੰਧ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਸੀ।

ਨਵਜੋਤ ਸਿੰਘ ਸਿੱਧੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵਜੋਤ ਸਿੰਘ ਸਿੱਧੂ ਹਾਲ ਹੀ ਵਿੱਚ ਜੇਲ੍ਹ ਦੀ ਸਜ਼ਾ ਕੱਟ ਕੇ ਆਏ ਹਨ

ਨਵਜੋਤ ਸਿੰਘ ਸਿੱਧੂ ਦਾ ਸਿਆਸੀ ਸਫ਼ਰ

ਨਵਜੋਤ ਸਿੰਘ ਸਿੱਧੂ ਦਾ ਸਿਆਸੀ ਵੀ ਸਫ਼ਰ ਕਾਫ਼ੀ ਦਿਲਚਸਪ ਰਿਹਾ ਹੈ।

ਸਾਲ 1999 ਵਿਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਮਗਰੋਂ ਉਹ ਸਾਲ 2004 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ।

ਭਾਜਪਾ ਦੀ ਟਿਕਟ 'ਤੇ ਉਹ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ ਅਤੇ ਇਹ ਸਿਲਸਿਲਾ ਸਾਲ 2014 ਤੱਕ ਨਿਰੰਤਰ ਜਾਰੀ ਰਿਹਾ।

ਸਾਲ 2016 ਵਿੱਚ ਭਾਜਪਾ ਵੱਲੋਂ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਹ ਕਹਿ ਕੇ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ ਕਿ ਉਨ੍ਹਾਂ ਨੂੰ ਕੇਂਦਰ ਦੀ ਸਿਆਸਤ ਵਿੱਚ ਨਹੀਂ ਸਗੋਂ ਪੰਜਾਬ ਦੀ ਰਾਜਨੀਤੀ ਵਿੱਚ ਦਿਲਚਸਪੀ ਹੈ।

ਸਾਲ 2017 ਵਿੱਚ ਉਹ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।

2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਪਾਰਟੀ ਵੱਲੋਂ ਐੱਮਐੱਲਏ ਦੀ ਚੋਣ ਲੜੀ ਸੀ ਅਤੇ ਉਹ ਜੇਤੂ ਰਹੇ ਸਨ।

ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕੈਬਿਨਟ ਮੰਤਰੀ ਵਜੋਂ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦਾ ਵਿਭਾਗ ਦਿੱਤਾ ਗਿਆ ਸੀ।

ਮੰਤਰੀ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਆਪਣੀ ਹੀ ਸਰਕਾਰ ਨੂੰ ਕਈ ਮੁੱਦਿਆਂ ਉੱਪਰ ਘੇਰਿਆ ਸੀ।

ਸਾਲ 2021 ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਸੂਬੇ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਸ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਨ ਵਿੱਚ ਨਵਜੋਤ ਸਿੰਘ ਸਿੱਧੂ ਨੇ ਅਹਿਮ ਭੂਮਿਕਾ ਨਿਭਾਈ ਸੀ।

ਇਸ ਤੋਂ ਬਾਅਦ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਹਾਰ ਗਏ ਸਨ।

ਹਾਲ ਹੀ ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਜਿਸ ਢੰਗ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਉੱਪਰ ਘੇਰਿਆ ਸੀ ਤਾਂ ਅਜਿਹਾ ਲੱਗਿਆ ਸੀ ਕਿ ਉਹ ਪੰਜਾਬ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਨ।

ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2017 ਵਿੱਚ ਉਹ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ

ਆਪਣੀ ਹੀ ਪਰਾਟੀ ਦੇ ਆਗੂਆਂ 'ਤੇ ਤੰਜ

ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਆਗੂਆਂ ਦੀ ਕਾਰਜਸ਼ੈਲੀ ਉੱਪਰ ਵੀ ਸਵਾਲ ਚੁੱਕੇ ਸਨ।

ਇਹ ਪਹਿਲਾ ਮੌਕਾ ਨਹੀਂ ਸੀ, ਜਦੋਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਖ਼ਿਲਾਫ਼ ਬਗ਼ੈਰ ਕਿਸੇ ਦਾ ਨਾਮ ਲਏ ਤਿੱਖੇ ਕਟਾਸ਼ ਕੀਤੇ ਹੋਣ।

ਸਾਲ 2017 ਵਿੱਚ ਜਦੋਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਸ ਵੇਲੇ ਵੀ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦੇ ਨਜ਼ਰ ਆਏ ਸਨ।

ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਕੋਟਸ਼ਮੀਰ ਅਤੇ ਉਸ ਤੋਂ ਬਾਅਦ ਮੋਗਾ ਵਿੱਚ ਜਨਤਕ ਮੀਟਿੰਗਾਂ ਕੀਤੀਆਂ ਸਨ। ਇਨ੍ਹਾਂ ਰੈਲੀਆਂ ਵਿੱਚ ਉਨ੍ਹਾਂ ਨੇ ਸੀਨੀਅਰ ਕਾਂਗਰਸੀ ਆਗੂਆਂ ਦੇ ਸਬੰਧ ਵਿੱਚ ਕਈ ਤਰ੍ਹਾਂ ਦੇ ਤੰਜ ਕਸੇ ਸਨ।

ਇਸ ਮਗਰੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਤਾਂ ਕੋਈ ਅਨੁਸ਼ਾਸਨੀ ਕਾਰਵਾਈ ਨਹੀਂ ਕੀਤੀ ਸੀ ਪਰ ਸਿੱਧੂ ਸਮਰਥਕਾਂ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕਰ ਦਿੱਤੇ ਸਨ।

ਪਟਿਆਲਾ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਅਕਸਰ ਹੀ ਸ਼ਬਦੀ 'ਜੰਗ' ਚਲਦੀ ਰਹਿੰਦੀ ਸੀ।

ਨਵਜੋਤ ਸਿੰਘ ਸਿੱਧੂ ਜਿੱਥੇ ਟੈਲੀਵਿਜ਼ਨ ਦੇ ਪਰਦੇ ਉੱਪਰ ਚਰਚਿਤ ਰਹੇ, ਉੱਥੇ ਉਹ ਸਿਆਸਤ ਵਿੱਚ ਵੀ ਆਪਣੇ ਬੇਬਾਕ ਭਾਸ਼ਨਾਂ ਕਰਕੇ ਜਾਣੇ ਜਾਂਦੇ ਹਨ।

ਰਾਜਨੀਤਿਕ ਮਾਹਰ ਮੰਨਦੇ ਹਨ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਖ਼ੁਦ ਨੂੰ ਮਹੱਤਤਾ ਦਿੰਦੇ ਹਨ, ਜਿਸ ਕਾਰਨ ਕਈ ਵਾਰ ਪਾਰਟੀ ਵਿਚ ਅੰਦਰੂਨੀ ਬਖੇੜਾ ਖੜ੍ਹਾ ਹੋ ਜਾਂਦਾ ਹੈ।

ਡਾ. ਜਗਰੂਪ ਸਿੰਘ ਸੇਖੋਂ
Jagroop S Sekhon/FB
"ਕਾਂਗਰਸ ਪਾਰਟੀ ਇਸ ਵੇਲੇ ਰਾਜਨੀਤਕ ਤਾਕਤ ਲਈ ਦੇਸ਼ ਭਰ ਵਿੱਚ ਸੰਘਰਸ਼ ਕਰ ਰਹੀ ਹੈ। ਅਜਿਹੇ ਦੌਰ ਵਿੱਚ ਨਵਜੋਤ ਸਿੰਘ ਸਿੱਧੂ ਲਈ ਆਪਣੀ ਰਾਜਨੀਤਿਕ ਪਕੜ ਨੂੰ ਮਜ਼ਬੂਤ ਕਰਨ ਦਾ ਇੱਕ ਵਧੀਆ ਮੌਕਾ ਸੀ।"
ਡਾ. ਜਗਰੂਪ ਸਿੰਘ ਸੇਖੋਂ
ਸਿਆਸੀ ਮਾਮਲਿਆਂ ਦੇ ਮਾਹਰ
ਇਹ ਵੀ ਪੜ੍ਹੋ-

'ਇਮਾਨਦਾਰੀ ਵਾਲਾ ਅਕਸ'

ਡਾ. ਜਗਰੂਪ ਸਿੰਘ ਸੇਖੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਜੁੜੇ ਹੋਏ ਇਤਿਹਾਸ ਅਤੇ ਸਿਆਸੀ ਮਾਮਲਿਆਂ ਦੇ ਮਾਹਰ ਹਨ।

ਉਹ ਕਹਿੰਦੇ ਹਨ, "ਪੰਜਾਬ ਦੀ ਸਿਆਸਤ ਵਿੱਚ ਨਵਜੋਤ ਸਿੰਘ ਸਿੱਧੂ ਦਾ ਅਕਸ ਇਮਾਨਦਾਰੀ ਵਾਲਾ ਹੈ। ਪਰ ਸਿਆਸਤ ਵਿੱਚ ਇਮਾਨਦਾਰੀ ਦੇ ਨਾਲ-ਨਾਲ ਗੰਭੀਰ ਹੋ ਕੇ ਲੋਕ ਮੁੱਦੇ ਚੁੱਕਣ ਦੀ ਜ਼ਰੂਰਤ ਹੁੰਦੀ ਹੈ।"

"ਕਿਸੇ ਵੀ ਸਿਆਸੀ ਦਲ ਵਿੱਚ ਕੋਈ ਵੀ ਆਗੂ ਜੇਕਰ ਪਾਰਟੀ ਦੀਆਂ ਨੀਤੀਆਂ ਦੇ ਬਰਾਬਰ ਆਪਣੀਆਂ ਨੀਤੀਆਂ ਨੂੰ ਉਭਾਰਨ ਦਾ ਯਤਨ ਕਰਦਾ ਹੈ ਤਾਂ ਫਿਰ ਉਸ ਆਗੂ ਲਈ ਪਾਰਟੀ ਵਿੱਚ ਹਮੇਸ਼ਾ ਲਈ ਸਿਆਸੀ ਹਾਲਾਤ ਸਾਜਗਰ ਨਹੀਂ ਰਹਿੰਦੇ।"

ਡਾ. ਸੇਖੋਂ ਕਹਿੰਦੇ ਹਨ, "ਸਿਆਸੀ ਆਗੂ ਨੂੰ ਜੇਕਰ ਇੱਕ ਵਾਰ ਹਾਰ ਮਿਲ ਜਾਵੇ ਤਾਂ ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਨਵਜੋਤ ਸਿੰਘ ਸਿੱਧੂ ਨੂੰ ਹਰ ਹਾਲਤ ਵਿੱਚ ਚੋਣ ਲੜਨੀ ਚਾਹੀਦੀ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।"

"ਕਾਂਗਰਸ ਪਾਰਟੀ ਇਸ ਵੇਲੇ ਰਾਜਨੀਤਕ ਤਾਕਤ ਲਈ ਦੇਸ਼ ਭਰ ਵਿੱਚ ਸੰਘਰਸ਼ ਕਰ ਰਹੀ ਹੈ। ਅਜਿਹੇ ਦੌਰ ਵਿੱਚ ਨਵਜੋਤ ਸਿੰਘ ਸਿੱਧੂ ਲਈ ਆਪਣੀ ਰਾਜਨੀਤਿਕ ਪਕੜ ਨੂੰ ਮਜ਼ਬੂਤ ਕਰਨ ਦਾ ਇੱਕ ਵਧੀਆ ਮੌਕਾ ਸੀ।"

ਇਹ ਗੱਲ ਵੀ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਭਾਸ਼ਨਾਂ ਵਿੱਚ ਅਕਸਰ ਕਹਿੰਦੇ ਰਹੇ ਹਨ ਕਿ ਉਨ੍ਹਾਂ ਨੂੰ ਕੇਂਦਰ ਦੀ ਸਿਆਸਤ ਵਿੱਚ ਕੋਈ ਦਿਲਚਸਪੀ ਨਹੀਂ ਹੈ।

ਉਹ ਪਾਰਟੀ ਹਾਈ ਕਮਾਨ ਨੂੰ ਵੀ ਠੋਕ-ਵਜਾ ਕੇ ਕਹਿ ਚੁੱਕੇ ਹਨ ਕਿ ਉਹ ਪੰਜਾਬ ਉੱਪਰ ਹੀ ਆਪਣੀ ਸਿਆਸਤ ਨੂੰ ਫੋਕਸ ਕਰਨਾ ਚਾਹੁੰਦੇ ਹਨ।

ਨਵਜੋਤ ਸਿੰਘ ਸਿੱਧੂ

ਤਸਵੀਰ ਸਰੋਤ, NAVJOT SIDHU/FB

ਤਸਵੀਰ ਕੈਪਸ਼ਨ, ਨਵਜੋਤ ਸਿੰਘ ਸਿੱਧੂ ਆਪਣੇ ਭਾਸ਼ਨਾਂ ਵਿੱਚ ਅਕਸਰ ਕਹਿੰਦੇ ਰਹੇ ਹਨ ਕਿ ਉਨ੍ਹਾਂ ਨੂੰ ਕੇਂਦਰ ਦੀ ਸਿਆਸਤ ਵਿੱਚ ਕੋਈ ਦਿਲਚਸਪੀ ਨਹੀਂ ਹੈ

ਅਗਾਮੀ ਚੋਣਾਂ ਵਿੱਚ ਸਿੱਧੂ ਦੀ ਭੂਮਿਕਾ

ਹੁਣ ਸਵਾਲ ਇਹ ਉੱਠਦਾ ਹੈ ਕਿ ਦੋ ਮਹੀਨਿਆਂ ਬਾਅਦ ਪੰਜਾਬ ਵਿਚ ਹੋਣ ਜਾ ਰਹੀ ਲੋਕ ਸਭਾ ਦੀ ਚੋਣ ਵਿੱਚ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣਗੇ।

ਨਵਜੋਤ ਸਿੰਘ ਸਿੱਧੂ ਜਦੋਂ ਭਾਰਤੀ ਜਨਤਾ ਪਾਰਟੀ ਵਿੱਚ ਸਨ ਤਾਂ ਉਸ ਵੇਲੇ ਵੀ ਉਹ ਭਾਜਪਾ ਦੇ ਸਟਾਰ ਕੰਪੇਨਰ ਸਨ।

ਇਸ ਤੋਂ ਬਾਅਦ ਜਦੋਂ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਤਾਂ ਪਾਰਟੀ ਵੱਲੋਂ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੋਣ ਪ੍ਰਚਾਰ ਕਰਨ ਵਾਲੇ ਅਹਿਮ ਲੀਡਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।

ਸਿਆਸੀ ਵਿਸ਼ਲੇਸ਼ਕ ਡਾ. ਜਗਰੂਪ ਸਿੰਘ ਸੇਖੋਂ ਕਹਿੰਦੇ ਹਨ, "ਬਿਨਾਂ ਸ਼ੱਕ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਇੱਕ ਵੱਖਰੀ ਸ਼ਖਸ਼ੀਅਤ ਵਜੋਂ ਉਭਰੇ ਹਨ। ਆਪਣੀ ਬੇਬਾਕ ਕਥਨੀ ਅਤੇ ਤੇਜ਼-ਤਰਾਰ ਭਾਸ਼ਨਾਂ ਕਾਰਨ ਉਹ ਲੋਕਾਂ ਵਿੱਚ ਖਿੱਚ ਦਾ ਕੇਂਦਰ ਵੀ ਬਣਦੇ ਹਨ।"

"ਆਈਪੀਐੱਲ ਵਿੱਚ ਕਮੈਂਟਰੀ ਕਰਨਾ ਉਨ੍ਹਾਂ ਦੇ ਰੁਜ਼ਗਾਰ ਦਾ ਹਿੱਸਾ ਹੋ ਸਕਦਾ ਹੈ। ਪਰ ਠੀਕ ਉਸ ਵੇਲੇ ਕਮੈਂਟਰੀ ਲਈ ਜਾਣਾ, ਜਦੋਂ ਕਾਂਗਰਸ ਪਾਰਟੀ ਆਪਣੀ ਸਥਾਪਤੀ ਲਈ ਪਲ਼-ਪਲ਼ ਜੂਝ ਰਹੀ ਹੋਵੇ ਤਾਂ ਫਿਰ ਸਵਾਲਾਂ ਦਾ ਖੜ੍ਹੇ ਹੋਣਾ ਸੁਭਾਵਿਕ ਹੈ।"

ਡਾ. ਸੇਖੋਂ ਕਹਿੰਦੇ ਹਨ, "ਲੋਕ ਸਭਾ ਚੋਣਾਂ ਦੇ ਬਿਲਕੁਲ ਨੇੜੇ ਹੋਣ ਕਾਰਨ ਨਵਜੋਤ ਸਿੰਘ ਸਿੱਧੂ ਵੱਖਰੀਆਂ ਸਿਆਸੀ ਰੈਲੀਆਂ ਕਰਨ ਦੀ ਬਜਾਇ ਕਾਂਗਰਸ ਲੀਡਰਸ਼ਿਪ ਨਾਲ ਮਿਲ ਕੇ ਪੰਜਾਬ ਵਿੱਚ ਪੈਦਲ ਮਾਰਚ ਵਰਗੀ ਯਾਤਰਾ ਸ਼ੁਰੂ ਕਰ ਸਕਦੇ ਸਨ।"

ਨਵਜੋਤ ਸਿੰਘ ਸਿੱਧੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵਜੋਤ ਸਿੰਘ ਸਿੱਧੂ ਜਦੋਂ ਭਾਰਤੀ ਜਨਤਾ ਪਾਰਟੀ ਵਿੱਚ ਸਨ ਤਾਂ ਉਸ ਵੇਲੇ ਵੀ ਉਹ ਭਾਜਪਾ ਦੇ ਸਟਾਰ ਕੰਪੇਨਰ ਸਨ

ਦੋ ਵੱਡੀਆਂ ਸਿਆਸੀ ਰੈਲੀਆਂ ਕਰਨ ਤੋਂ ਬਾਅਦ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੂੰ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਕੰਮ ਕਰਨ ਸਬੰਧੀ ਨੋਟਿਸ ਦਿੱਤੇ ਗਏ ਸਨ ਤਾਂ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਵਿੱਚ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ।

ਜਿਹੜੇ ਸਿੱਧੂ ਸਮਰਥਕਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਨੋਟਿਸ ਦਿੱਤੇ ਗਏ ਸਨ, ਉਨ੍ਹਾਂ ਵਿੱਚ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਧਰਮਪਾਲ ਸਿੰਘ ਡੀਪੀ ਵੀ ਸ਼ਾਮਲ ਸਨ।

ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ।

ਧਰਮਪਾਲ ਸਿੰਘ ਡੀਪੀ ਕਹਿੰਦੇ ਹਨ ਕਿ ਕਿਰਤ ਕਮਾਈ ਕਰਨਾ ਹਰ ਇੱਕ ਵਿਅਕਤੀ ਦਾ ਬੁਨਿਆਦੀ ਅਧਿਕਾਰ ਹੈ।

ਉਹ ਕਹਿੰਦੇ ਹਨ, "ਕੁਝ ਕਾਨੂੰਨੀ ਅੜਚਣਾਂ ਕਾਰਨ ਨਵਜੋਤ ਸਿੰਘ ਸਿੱਧੂ ਦੇ ਬੈਂਕ ਖਾਤੇ ਸੀਲ ਹਨ। ਨਵਜੋਤ ਸਿੰਘ ਸਿੱਧੂ ਵੱਲੋਂ ਆਈਪੀਐੱਲ ਵਿੱਚ ਕਮੈਂਟਰੀ ਕਰਨਾ ਉਨ੍ਹਾਂ ਦੀ ਕਮਾਈ ਦਾ ਹਿੱਸਾ ਹੈ।"

ਉਹ ਕਹਿੰਦੇ ਹਨ, "ਨਵਜੋਤ ਸਿੰਘ ਸਿੱਧੂ ਆਪਣੇ ਸਮਰਥਕਾਂ ਦੀ ਮੀਟਿੰਗ ਵਿੱਚ ਇਹ ਗੱਲ ਸਾਫ਼ ਕਰ ਚੁੱਕੇ ਹਨ ਕਿ ਆਈਪੀਐੱਲ ਵਿੱਚ ਕਮੈਂਟਰੀ ਕਰਨ ਤੋਂ ਬਾਅਦ ਵਾਧੂ ਸਮੇਂ ਵਿੱਚ ਉਹ ਪੰਜਾਬ ਦੀ ਸਰਗਰਮ ਸਿਆਸਤ ਵਿੱਚ ਬਣੇ ਰਹਿਣਗੇ।"

ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ 'ਦਿ ਟ੍ਰਿਬਿਊਨ' ਅਖ਼ਬਾਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ, "ਮੇਰੇ ਕੋਲ ਲਗਜ਼ਰੀ ਹੋਟਲ ਨਹੀਂ ਹਨ ਅਤੇ ਨਾ ਹੀ ਪੰਜਾਬ ਦੇ ਕਈ ਆਗੂਆਂ ਵਾਂਗ ਸ਼ਰਾਬ ਜਾਂ ਮਾਈਨਿੰਗ ਦੇ ਕਾਰੋਬਾਰ ਤੋਂ ਆਮਦਨ ਦਾ ਕੋਈ ਬਦਲਵਾਂ ਸਰੋਤ ਹੈ।"

“ਇੱਕ ਜ਼ਿੰਮੇਵਾਰ ਪਿਤਾ ਅਤੇ ਪਤੀ ਹੋਣ ਦੇ ਨਾਤੇ ਮੈਨੂੰ ਆਪਣਾ ਗੁਜ਼ਾਰਾ ਚਲਾਉਣਾ ਪਵੇਗਾ ਅਤੇ ਇਸ ਲਈ ਹੀ ਆਈਪੀਐੱਲ ਦੀ ਚੋਣ ਕੀਤੀ ਹੈ। ਮੈਨੂੰ ਕਮਾਉਣ ਦੀ ਲੋੜ ਹੈ ਕਿਉਂਕਿ ਮੇਰੀ ਪਤਨੀ ਕੈਂਸਰ ਨਾਲ ਜੂਝ ਰਹੀ ਹੈ। ਮੇਰੀ ਬੇਟੀ ਦੇ ਵਿਆਹ ਲਈ ਵੀ ਪੈਸੇ ਦੀ ਲੋੜ ਹੈ।"

ਨਵਜੋਤ ਸਿੰਘ ਸਿੱਧੂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਿਆਸਤ ਜਾਂ ਪੰਜਾਬ ਦੇ ਲੋਕਾਂ ਤੋਂ ਦੂਰ ਰਹਿਣਗੇ।

“ਮੈਂ ਇੱਕ ਵਫ਼ਾਦਾਰ ਕਾਂਗਰਸੀ ਹਾਂ ਅਤੇ ਮੈਂ ਆਪਣੇ ਨੇਤਾ ਰਾਹੁਲ ਗਾਂਧੀ ਨਾਲ ਖੜ੍ਹਾ ਹਾਂ। ਪਾਰਟੀ ਮੈਨੂੰ ਜਿੱਥੇ ਚਾਹੇਗੀ, ਮੈਂ ਚੋਣ ਪ੍ਰਚਾਰ ਕਰਾਂਗਾ।"

ਨਵਜੋਤ ਸਿੰਘ ਸਿੱਧੂ

ਤਸਵੀਰ ਸਰੋਤ, ADRIAN MURRELL/ALLSPORT

ਤਸਵੀਰ ਕੈਪਸ਼ਨ, ਸਾਲ 1999 ਵਿੱਚ ਸਿੱਧੂ ਨੇ ਬਤੌਰ ਕ੍ਰਿਕਟਰ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ

ਇੱਕ ਨਜ਼ਰ ਸਿੱਧੂ ਦੇ ਕ੍ਰਿਕਟ ਕਰੀਅਰ 'ਤੇ

1983 ਤੋਂ 1999 ਤੱਕ ਭਾਰਤ ਦੀ ਕ੍ਰਿਕਟ ਟੀਮ ਦਾ ਹਿੱਸਾ ਰਹੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਕ੍ਰਿਕਟ ਦੇ ਕਰੀਅਰ ਵਿੱਚ 51 ਟੈਸਟ ਮੈਚ ਅਤੇ 136 ਵਨ ਡੇ ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹ ਸਾਲ 1987 ਵਿੱਚ ਵਰਲਡ ਕੱਪ ਟੀਮ ਦਾ ਵੀ ਹਿੱਸਾ ਰਹੇ।

ਈਐੱਸਪੀਐੱਨ ਕ੍ਰਿਕਇਨਫ਼ੋ ਦੀ ਜਾਣਕਾਰੀ ਮੁਤਾਬਕ, 1996-97 ਵਿੱਚ ਵੈਸਟ ਇੰਡੀਜ਼ ਦੇ ਖ਼ਿਲਾਫ਼ ਇੱਕ ਟੈਸਟ ਮੈਚ ਵਿੱਚ ਸਿੱਧੂ ਨੇ ਸ਼ਾਨਦਾਰ ਦੁਹਰਾ ਸੈਂਕੜਾ ਬਣਾਇਆ ਸੀ।

ਸਿੱਧੂ ਨੇ ਆਪਣੇ ਕਰੀਅਰ ਦਾ ਆਖ਼ਰੀ ਟੈਸਟ ਮੈਚ ਨਿਊਜ਼ੀਲੈਂਡ ਦੇ ਖ਼ਿਲਾਫ਼ 2-6 ਜਨਵਰੀ 1999 ਨੂੰ ਖੇਡਿਆ, ਜਿਸ ਵਿੱਚ ਉਨ੍ਹਾਂ ਨੇ ਮਹਿਜ਼ 1 ਦੌੜ ਬਣਾਈ ਸੀ।

ਸਾਲ 1999 ਵਿੱਚ ਹੀ ਉਨ੍ਹਾਂ ਨੇ ਬਤੌਰ ਕ੍ਰਿਕਟਰ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਹਾਲਾਂਕਿ ਉਹ ਕਮੈਂਟੇਟਰ ਦੇ ਤੌਰ 'ਤੇ ਇਸ ਖੇਡ ਨਾਲ ਜੁੜੇ ਰਹੇ।

ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਤੱਕ ਟੀਵੀ ਸ਼ੋਅ ਵਿੱਚ ਸਰਗਰਮ ਰਹੇ ਅਤੇ ਆਪਣੇ ਖ਼ਾਸ ਅੰਦਾਜ਼ ਕਾਰਨ ਵੱਖਰੀ ਪਛਾਣ ਬਣਾਈ।

ਉਨ੍ਹਾਂ ਦੇ ਪਿਤਾ ਦਾ ਨਾਮ ਭਗਵੰਤ ਸਿੰਘ ਸੀ, ਸਿੱਧੂ ਦੇ ਪਿਤਾ ਵੀ ਕਾਂਗਰਸ ਨਾਲ ਜੁੜੇ ਰਹੇ ਸਨ।

ਨਵਜੋਤ ਸਿੰਘ ਸਿੱਧੂ ਦਾ ਜੱਦੀ ਪਿੰਡ ਜ਼ਿਲ੍ਹਾ ਸੰਗਰੂਰ ਦੇ ਧੂਰੀ ਦਾ ਮਾਨਵਾਲਾ ਹੈ।

ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਪੰਜਾਬ ਸਰਕਾਰ ਵਿੱਚ ਚੀਫ ਪਾਰਲੀਮਾਨੀ ਸਕੱਤਰ ਰਹੇ ਹਨ।

ਦੋਵਾਂ ਦੇ ਦੋ ਬੱਚੇ ਹਨ ਕਰਨ ਸਿੱਧੂ ਅਤੇ ਰਾਬੀਆ ਸਿੱਧੂ।

ਨਵਜੋਤ ਸਿੰਘ ਸਿੱਧੂ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਵੀ ਰਹੇ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)