ਕੀ ਅੰਬ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹਨ, ਅਧਿਐਨ ਵਿੱਚ ਹੋਏ ਨਵੇਂ ਖੁਲਾਸੇ

ਅੰਬ

ਤਸਵੀਰ ਸਰੋਤ, Mansi Thapliyal

ਤਸਵੀਰ ਕੈਪਸ਼ਨ, ਭਾਰਤ ਵਿੱਚ ਅੰਬ ਦੀਆਂ 1,000 ਤੋਂ ਜ਼ਿਆਦਾ ਕਿਸਮਾਂ ਉਗਾਈਆਂ ਜਾਂਦੀਆਂ ਹਨ
    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਜਿਵੇਂ ਹੀ ਭਾਰਤ ਵਿੱਚ ਗਰਮੀਆਂ ਦੀ ਰੁੱਤ ਦਸਤਕ ਦਿੰਦੀ ਹੈ ਤਾਂ ਡਾਕਟਰਾਂ ਕੋਲੋਂ ਉਨ੍ਹਾਂ ਦੇ ਮਰੀਜ਼ ਜਿਹੜਾ ਸਵਾਲ ਸਭ ਤੋਂ ਵੱਧ ਪੁੱਛਦੇ ਹਨ ਉਹ ਹੈ - "ਕੀ ਮੈ ਅੰਬ ਖਾ ਸਕਦਾ ਹਾਂ?"

ਮੁੰਬਈ ਦੇ ਇੱਕ ਸ਼ੂਗਰ ਰੋਗ ਮਾਹਿਰ ਨਾਲ ਵੀ ਅਜਿਹਾ ਹੀ ਹੈ, ਉਨ੍ਹਾਂ ਕੋਲ ਆਉਣ ਵਾਲੇ ਮਰੀਜ਼ ਵੀ ਅਕਸਰ ਹੀ ਇਹ ਸਵਾਲ ਪੁੱਛਦੇ ਹਨ।

ਰਾਹੁਲ ਬਖਸ਼ੀ ਕਹਿੰਦੇ ਹਨ, "ਅੰਬ ਆਪਣੀ ਮਿਠਾਸ ਅਤੇ ਵੱਖ-ਵੱਖ ਕਿਸਮਾਂ ਕਰਕੇ ਗਰਮੀਆਂ ਦਾ ਇੱਕ ਅਹਿਮ ਹਿੱਸਾ ਹਨ ਅਤੇ ਸਾਨੂੰ ਸਭ ਨੂੰ ਪਤਾ ਹੈ ਕਿ ਲੋਕ ਇਸ ਦਾ ਆਨੰਦ ਕਿਉਂ ਲੈਣਾ ਚਾਹੁੰਦੇ ਹਨ।"

ਹਾਲਾਂਕਿ ਉਹ ਕਹਿੰਦੇ ਹਨ ਕਿ ਇਹ ਸਾਧਾਰਨ ਜਿਹਾ ਸਵਾਲ ਕਈ ਗ਼ਲਤਫਹਿਮੀਆਂ ਨਾਲ ਭਰਿਆ ਹੋਇਆ ਹੈ, ਇੱਕ ਤਾਂ ਇਹ ਕਿ ਕੀ ਅੰਬ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਅਤੇ ਦੂਜਾ ਇਹ ਕਿ ਕੁਝ ਲੋਕ ਸੋਚਦੇ ਹਨ ਕਿ ਇਸ ਦੇ ਖਾਣ ਨਾਲ ਸ਼ੂਗਰ ਦੀ ਸਮੱਸਿਆ 'ਠੀਕ' ਹੋ ਸਕਦੀ ਹੈ।

ਹਕੀਕਤ ਇਨ੍ਹਾਂ ਦੋਵਾਂ ਗੱਲਾਂ ਦੇ ਵਿਚਾਲੇ ਕਿਤੇ ਹੈ ਪਰ ਅੰਬਾਂ ਨੂੰ ਲੈ ਕੇ ਲੋਕਾਂ ਦਾ ਇਹ ਵਹਿਮ ਸਿਰਫ ਮੌਸਮ ਤੱਕ ਸੀਮਤ ਨਹੀਂ ਰਹਿੰਦਾ।

ਅੰਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲ ਹੀ ਵਿੱਚ ਹੋਏ ਅਧਿਐਨ ਦਰਸਾਉਂਦੇ ਹਨ ਕਿ ਸ਼ੂਗਰ ਦੇ ਮਰੀਜ਼ਾਂ ਲਈ ਅੰਬ ਹਮੇਸ਼ਾ ਮਾੜਾ ਨਹੀਂ ਹੁੰਦਾ

ਡਾਕਟਰ ਬਖਸ਼ੀ ਕਹਿੰਦੇ ਹਨ, "ਅਸਲ ਵਿੱਚ ਕਈ ਮਰੀਜ਼ ਅੰਬ ਦੇ ਮੌਸਮ ਤੋਂ ਬਾਅਦ ਫੌਲੋਅਪ ਲੈਣ ਲਈ ਆਉਂਦੇ ਹਨ, ਅਕਸਰ ਉਨ੍ਹਾਂ ਦਾ ਗਲੂਕੋਜ਼ ਲੈਵਲ ਵਧਿਆ ਹੁੰਦਾ ਹੈ ਅਤੇ ਕਦੇ-ਕਦੇ ਇਸ ਦਾ ਕਾਰਨ ਇਸ ਪਸੰਦੀਦਾ ਅੰਬ ਦਾ ਜ਼ਰੂਰਤ ਤੋਂ ਜ਼ਿਆਦਾ ਖਾਣਾ ਹੁੰਦਾ ਹੈ।"

ਸ਼ੂਗਰ ਦੇ ਰੋਗੀਆਂ ਵਿੱਚ ਬਣੀ ਹੋਈ ਇਹ ਦੁਵਿਧਾ ਕਈ ਵਾਰ ਉਨ੍ਹਾਂ ਨੂੰ 'ਫਲਾਂ ਦੇ ਰਾਜੇ' ਕਹੇ ਜਾਣ ਵਾਲੇ ਅੰਬਾਂ ਤੋਂ ਦੂਰ ਕਰ ਦਿੰਦੀ ਹੈ। ਫਿਰ ਵੀ ਨਵੇਂ ਅਧਿਐਨ ਇਹ ਦੱਸਦੇ ਹਨ ਕਿ ਅੰਬ ਖਾਣੇ ਇੰਨੇ ਵੀ ਮਾੜੇ ਨਹੀਂ ਹਨ, ਜਿੰਨਾ ਉਨ੍ਹਾਂ ਨੂੰ ਕਦੇ-ਕਦੇ ਸਮਝਿਆ ਜਾਂਦਾ ਹੈ।

ਦੋ ਨਵੇਂ ਭਾਰਤੀ ਕਲੀਨਿਕਲ ਟਰਾਇਲ ਰਵਾਇਤੀ ਭੋਜਨ ਸਬੰਧੀ ਸਮਝ ਨੂੰ ਚੁਣੌਤੀ ਦਿੰਦੇ ਹਨ ਅਤੇ ਸੁਝਾਅ ਦਿੰਦੇ ਹਨ ਕਿ ਬਰੈੱਡ ਵਰਗੇ ਕਾਰਬੋਹਾਈਡ੍ਰੇਟ ਦੀ ਥਾਂ ਲਗਾਤਾਰ ਅੰਬ ਦਾ ਸੇਵਨ ਟਾਈਪ 2 ਸ਼ੂਗਰ ਵਾਲੇ ਮਰੀਜ਼ਾਂ ਲਈ ਬਲੱਡ ਸ਼ੂਗਰ ਅਤੇ ਪਾਚਣ ਸਿਹਤ ਨੂੰ ਬਿਹਤਰ ਬਣਾ ਸਕਦਾ ਹੈ।

ਟਾਈਪ 1 ਸ਼ੂਗਰ ਉਦੋਂ ਹੁੰਦੀ ਹੈ ਜਦੋਂ ਪੈਨਕ੍ਰੀਆਸ ਬਹੁਤ ਘੱਟ ਜਾਂ ਬਿਲਕੁਲ ਵੀ ਇਨਸੁਲਿਨ ਪੈਦਾ ਨਹੀਂ ਕਰਦਾ, ਜਦਕਿ ਟਾਈਪ 2 ਵਿੱਚ ਸਰੀਰ ਇਨਸੁਲਿਨ ਦੇ ਪ੍ਰਭਾਵਾਂ ਪ੍ਰਤੀ ਰੋਧਕ ਬਣ ਜਾਂਦਾ ਹੈ।

ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ (ਆਈਡੀਐੱਫ) ਦੇ ਅਨੁਸਾਰ, ਵਿਸ਼ਵ ਭਰ ਵਿੱਚ 90 ਫੀਸਦ ਤੋਂ ਵੱਧ ਮਾਮਲੇ ਟਾਇਪ 2 ਸ਼ੂਗਰ ਦੇ ਹਨ।

ਇਹ ਦੁਨੀਆਂ ਭਰ ਵਿੱਚ ਬਿਮਾਰੀਆਂ ਦਾ ਅੱਠਵਾਂ ਪ੍ਰਮੁੱਖ ਕਾਰਨ ਹੈ, ਜਿਸ ਦਾ 2050 ਤੱਕ ਦੂਜੇ ਸਥਾਨ 'ਤੇ ਆਉਣ ਦਾ ਅਨੁਮਾਨ ਹੈ।

ਹਾਲਾਂਕਿ ਇਹ ਹਾਲੇ ਤੱਕ ਚੰਗੀ ਤਰ੍ਹਾਂ ਸਮਝਿਆ ਨਹੀਂ ਜਾ ਸਕਿਆ ਪਰ ਇਸਦਾ ਸਬੰਧ ਜ਼ਿਆਦਾ ਵਜ਼ਨ, ਉਮਰ, ਨਸਲ ਅਤੇ ਪਰਿਵਾਰਕ ਸਿਹਤ (ਫੈਮਿਲੀ ਹਿਸਟਰੀ, ਭਾਵ ਘਰ 'ਚ ਕਿਸੇ ਨੂੰ ਪਹਿਲਾਂ ਸਮੱਸਿਆ ਰਹੀ ਹੋਵੇ) ਨਾਲ ਡੂੰਘਾ ਜੁੜਿਆ ਹੋਇਆ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ, ਭਾਰਤ ਵਿੱਚ ਅੰਦਾਜ਼ਨ 77 ਮਿਲੀਅਨ ਬਾਲਗਾਂ ਨੂੰ ਟਾਈਪ 2 ਸ਼ੂਗਰ ਹੈ, ਜਦਕਿ ਲਗਭਗ 25 ਮਿਲੀਅਨ ਪ੍ਰੀਡਾਇਬਟਿਕ ਹਨ, ਜਿਨ੍ਹਾਂ ਵਿੱਚ ਇਸਦੇ ਵਧਣ ਦਾ ਜ਼ੋਖਮ ਜ਼ਿਆਦਾ ਹੈ।

ਅਧਿਐਨ ਅੰਬਾਂ ਬਾਰੇ ਕੀ ਕਹਿੰਦਾ ਹੈ

ਸ਼ੂਗਰ

ਤਸਵੀਰ ਸਰੋਤ, Bloomberg via Getty Images

ਤਸਵੀਰ ਕੈਪਸ਼ਨ, ਸ਼ੂਗਰ ਦੇ ਮਰੀਜ਼ ਅਕਸਰ ਇਸ ਗੱਲ ਨੂੰ ਲੈ ਕੇ ਸਵਾਲ ਕਰਦੇ ਹਨ ਕਿ ਕੀ ਉਹ ਅੰਬ ਖਾ ਸਕਦੇ ਹਨ

ਇਨ੍ਹਾਂ ਚੁਣੌਤੀਆਂ ਵਿਚਕਾਰ ਇਹ ਨਵੇਂ ਅਧਿਐਨ ਅੰਬ ਖਾਣ ਦੇ ਸ਼ੌਕੀਨਾਂ ਲਈ ਉਮੀਦ ਦੀ ਕਿਰਨ ਜਗਾਉਂਦੇ ਹਨ।

ਯੂਰਪੀਅਨ ਜਰਨਲ ਆਫ ਕਲੀਨਿਕਲ ਨਿਊਟ੍ਰਿਸ਼ਨ ਵਿੱਚ ਜਲਦ ਪ੍ਰਕਾਸ਼ਿਤ ਹੋਣ ਵਾਲੇ ਅਤੇ 95 ਹਿੱਸੇਦਾਰਾਂ 'ਤੇ ਆਧਾਰਿਤ ਇੱਕ ਪਾਇਲਟ ਅਧਿਐਨ ਵਿੱਚ ਪਾਇਆ ਗਿਆ ਕਿ ਤਿੰਨ ਮਸ਼ਹੂਰ ਭਾਰਤੀ ਅੰਬਾਂ ਦੀਆਂ ਕਿਸਮਾਂ, ਸਫੇਦਾ, ਦਸ਼ਿਹਰਿਾ ਅਤੇ ਲੰਗੜਾ ਨੇ ਦੋ ਘੰਟੇ ਦੀ ਗਲੂਕੋਜ਼ ਜਾਂਚ ਦੌਰਾਨ ਸਫੇਦ ਬਰੈੱਡ ਦੀ ਤੁਲਨਾ ਵਿੱਚ ਸਾਮਾਨ ਜਾਂ ਘੱਟ ਗਲਾਈਸੇਮਿਕ ਪ੍ਰਤੀਕਿਰਿਆ ਪੈਦਾ ਕੀਤੀ।

(ਗਲਾਈਸੇਮਿਕ ਪ੍ਰਤੀਕਿਰਿਆ ਇਹ ਦਰਸਾਉਂਦੀ ਹੈ ਕਿ ਕੋਈ ਖਾਣ ਵਾਲਾ ਪਦਾਰਥ ਖਾਣ ਤੋਂ ਬਾਅਦ ਕਿੰਨੀ ਜਲਦੀ ਅਤੇ ਕਿੰਨੀ ਮਾਤਰਾ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਂਦਾ ਹੈ।)

ਟਾਈਪ 2 ਸ਼ੂਗਰ ਵਾਲੇ ਅਤੇ ਆਮ ਲੋਕਾਂ 'ਤੇ ਤਿੰਨ ਦਿਨਾਂ ਤੱਕ ਕੀਤੀ ਗਈ ਲਗਾਤਾਰ ਗਲੂਕੋਜ਼ ਨਿਗਰਾਨੀ ਤੋਂ ਪਤਾ ਚੱਲਿਆ ਹੈ ਕਿ ਸ਼ੂਗਰ ਦੇ ਮਰੀਜ਼ਾਂ ਵਿੱਚ ਅੰਬ ਖਾਣ ਤੋਂ ਬਾਅਦ ਭੋਜਨ ਮਗਰੋਂ ਸ਼ੂਗਰ 'ਚ ਉਤਰਾਅ-ਚੜ੍ਹਾਅ ਕਾਫੀ ਘੱਟ ਸੀ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਘੱਟ ਉਤਰਾਅ-ਚੜ੍ਹਾਅ ਵਾਲੀ ਗਲਾਈਸੇਮਿਕ ਪ੍ਰਤਿਕਿਰਆ ਲੰਬੇ ਸਮੇਂ ਵਿੱਚ ਸਰੀਰ ਲਈ ਲਾਭਦਾਇਕ ਹੋ ਸਕਦੀ ਹੈ।

ਇਹ ਵੀ ਪੜ੍ਹੋ-

'ਅੰਬ ਸ਼ੂਗਰ ਦੇ ਮਰੀਜ਼ਾਂ ਲਈ ਲਾਭਦਾਇਕ ਹੋ ਸਕਦਾ ਹੈ'

ਦੋਵੇਂ ਅਧਿਐਨਾਂ ਦੀ ਪਹਿਲੇ ਲੇਖਿਕਾ ਡਾਕਟਰ ਸੁਗੰਧਾ ਕੇਹਰ ਨੇ ਕਿਹਾ, "ਅੰਬ ਬਹੁਤ ਪਸੰਦ ਕੀਤਾ ਜਾਣ ਵਾਲਾ ਇੱਕ ਫਲ ਹੈ ਅਤੇ ਇਸ ਨੂੰ ਸੰਭਾਵਿਤ ਗਲੂਕੋਜ਼ ਅਤੇ ਭਾਰ ਵਧਾਉਣ ਕਰਕੇ ਬਦਨਾਮ ਕੀਤਾ ਗਿਆ ਹੈ।"

"ਇਹ ਅਧਿਐਨ ਦਰਸਾਉਂਦੇ ਹਨ ਕਿ ਨਿਰਧਾਰਤ ਖੁਰਾਕਾਂ ਦੇ ਅੰਦਰ ਅੰਬਾਂ ਦਾ ਸੇਵਨ ਖੂਨ ਵਿੱਚ ਗਲੂਕੋਜ਼ ਲਈ ਨੁਕਸਾਨਦੇਹ ਨਹੀਂ ਹੈ, ਬਲਕਿ ਇਹ ਲਾਭਦਾਇਕ ਵੀ ਹੋ ਸਕਦਾ ਹੈ।"

ਜਰਨਲ ਆਫ਼ ਡਾਇਬਟੀਜ਼ ਐਂਡ ਮੈਟਾਬੋਲਿਕ ਡਿਸਆਰਡਰਜ਼ ਵਿੱਚ ਪ੍ਰਕਾਸ਼ਿਤ ਇੱਕ ਦੂਸਰੇ ਅੱਠ ਹਫ਼ਤਿਆਂ ਦੇ ਬੇਤਰਤੀਬ ਟਰਾਇਲ, ਜੋ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਫੰਡਿੰਗ ਨਾਲ ਦਿੱਲੀ ਦੇ ਫੋਰਟਿਸ ਸੀ-ਡੀਓਸੀ ਵਿਖੇ ਕਰਵਾਇਆ ਗਿਆ ਸੀ, ਨੇ ਇਨ੍ਹਾਂ ਖੋਜਾਂ ਨੂੰ ਹੋਰ ਪੁਖਤਾ ਕੀਤਾ ਹੈ।

ਟਾਇਪ 2 ਸ਼ੂਗਰ ਤੋਂ ਪੀੜਤ 35 ਬਾਲਗਾਂ ਨੇ ਆਪਣੇ ਨਾਸ਼ਤੇ ਵਿੱਚ ਬਰੈੱਡ ਦੀ ਥਾਂ 'ਤੇ 250 ਗ੍ਰਾਮ ਅੰਬ ਖਾਇਆ, ਜਿਸ ਨਾਲ ਉਨ੍ਹਾਂ 'ਚ ਫਾਸਟਿੰਗ ਗਲੂਕੋਜ਼, ਹੀਮੋਗਲੋਬਿਨ ਏ1ਸੀ (ਐੱਚਬੀਏ1ਸੀ) ਵਿੱਚ ਸੁਧਾਰ ਦੇਖਿਆ ਗਿਆ।

ਅੰਬ

ਇਹ ਔਸਤਨ ਬਲੱਡ ਸ਼ੂਗਰ ਦੇ ਪੱਧਰ, ਇਨਸੁਲਿਨ ਪ੍ਰਤੀਰੋਧ, ਵਜ਼ਨ, ਪਿੱਠ ਦੇ ਘੇਰੇ ਅਤੇ ਐੱਚਡੀਐੱਲ ਕੋਲੇਸਟ੍ਰੋਲ ਨੂੰ ਮਾਪਦਾ ਹੈ।

ਇਹ ਮਾਰਕਰ ਸ਼ੂਗਰ ਨਿਯੰਤਰਣ ਅਤੇ ਸਮੁੱਚੀ ਪਾਚਕ ਸਿਹਤ ਦੇ ਮੁੱਖ ਸੂਚਕ ਹਨ।

ਸੀਨੀਅਰ ਲੇਖਕ ਅਤੇ ਅਧਿਐਨ ਦੇ ਮੁਖੀ ਪ੍ਰੋਫੈਸਰ ਅਨੂਪ ਮਿਸ਼ਰਾ ਕਹਿੰਦੇ ਹਨ, "ਅਸੀਂ ਪਹਿਲੀ ਵਾਰ ਦੋ ਵਿਸਤ੍ਰਿਤ ਅਧਿਐਨਾਂ ਵਿੱਚ ਨਾਸ਼ਤੇ 'ਚ ਕਾਰਬੋਹਾਈਡਰੇਟ (ਬਰੈੱਡ) ਦੀ ਥਾਂ ਅੰਬ ਦੀ ਥੋੜ੍ਹੀ ਮਾਤਰਾ ਦੇ ਫਾਇਦੇ ਦਿਖਾਏ ਹਨ ਅਤੇ ਇਸ ਨੂੰ ਖਾਣ ਨਾਲ ਮਾੜੇ ਪਾਚਕ ਪ੍ਰਭਾਵਾਂ ਨਾਲ ਜੁੜੇ ਸਾਰੇ ਖਦਸ਼ਿਆਂ ਉਪਰ ਰੋਕ ਲੱਗ ਗਈ ਹੈ।"

"ਪਰ ਮੁੱਖ ਗੱਲ ਸੰਜਮ ਅਤੇ ਸਿਹਤ ਦੀ ਨਿਗਰਾਨੀ ਹੈ, ਇਹ ਵੱਧ ਮਾਤਰਾ ਵਿੱਚ ਅੰਬ ਖਾਣ ਦਾ ਕੋਈ ਲਾਇਸੈਂਸ ਨਹੀਂ ਹੈ।"

ਕਿੰਨੀ ਮਾਤਰਾ 'ਚ ਖਾਣਾ ਚਾਹੀਦਾ ਹੈ ਅੰਬ

ਅੰਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਬਖਸ਼ੀ ਆਪਣੇ ਮਰੀਜ਼ਾਂ ਨੂੰ ਕਹਿੰਦੇ ਹਨ ਕਿ ਮਾਤਰਾ 'ਤੇ ਕੰਟਰੋਲ ਸਭ ਤੋਂ ਜ਼ਰੂਰੀ ਹੈ

ਅਸੀਂ ਪ੍ਰੋਫੈਸਰ ਮਿਸ਼ਰਾ ਤੋਂ ਪੁੱਛਿਆ ਕਿ ਸੀਮਤ ਮਾਤਰਾ ਵਿੱਚ ਅੰਬ ਖਾਣ ਦਾ ਕੀ ਮਤਲਬ ਹੈ।

ਉਨ੍ਹਾਂ ਨੇ ਸਾਨੂੰ ਦੱਸਿਆ, "ਜੇ ਤੁਸੀਂ ਰੋਜ਼ਾਨਾ 1600 ਕੈਲੋਰੀ ਲੈਂਦੇ ਹੋ ਤਾਂ ਅੰਬ ਤੋਂ ਮਿਲਣ ਵਾਲੀ ਸਾਰੀ ਕੈਲੋਰੀ, ਉਸ ਕੁੱਲ ਮਾਤਰਾ ਦਾ ਹਿੱਸਾ ਹੋਣੀ ਚਾਹੀਦੀ ਹੈ, ਇਸ ਤੋਂ ਜ਼ਿਆਦਾ ਨਹੀਂ। 250 ਗ੍ਰਾਮ ਯਾਨਿ ਇੱਕ ਛੋਟੇ ਅੰਬ ਵਿੱਚ ਲਗਭਗ 180 ਕੈਲੋਰੀ ਹੁੰਦੀ ਹੈ। ਜਿਵੇਂ ਕਿ ਅਧਿਐਨ ਵਿੱਚ ਦੱਸਿਆ ਗਿਆ ਹੈ, ਤੁਹਾਨੂੰ ਇੱਕੋ-ਜਿਹੇ ਨਤੀਜੇ ਲੈਣ ਲਈ ਉਨੀ ਹੀ ਮਾਤਰਾ ਵਿੱਚ ਕਾਰਬੋਹਾਈਡ੍ਰੇਟ ਦੀ ਥਾਂ ਅੰਬ ਖਾਣਾ ਹੋਵੇਗਾ।"

ਡਾਕਟਰ ਬਖਸ਼ੀ ਵੀ ਆਪਣੇ ਮਰੀਜ਼ਾਂ ਨੂੰ ਕੁਝ ਅਜਿਹਾ ਹੀ ਦੱਸਦੇ ਹਨ।

ਉਹ ਕਹਿੰਦੇ ਹਨ ਕਿ "ਜੇ ਗਲੂਕੋਜ਼ ਦਾ ਪੱਧਰ ਕੰਟਰੋਲ 'ਚ ਹੈ ਤਾਂ ਮੈਂ ਆਪਣੇ ਮਰੀਜ਼ਾਂ ਨੂੰ ਸੀਮਤ ਮਾਤਰਾ ਵਿੱਚ ਅੰਬ ਖਾਣ ਦੀ ਇਜਾਜ਼ਤ ਦਿੰਦਾ ਹਾਂ ਅਤੇ ਉਤਸ਼ਾਹਿਤ ਵੀ ਕਰਦਾ ਹਾਂ। ਦਿਨ ਵਿੱਚ ਇੱਕ ਜਾਂ ਦੋ ਵਾਰ ਲਗਭਗ ਅੱਧਾ ਹਿੱਸਾ, ਜਿਸ ਨਾਲ 15 ਗ੍ਰਾਮ ਕਾਰਬੋਹਾਈਡ੍ਰੇਟ ਮਿਲਦਾ ਹੈ।"

ਡਾਕਟਰ ਬਖਸ਼ੀ ਆਪਣੇ ਮਰੀਜ਼ਾਂ ਨੂੰ ਕਹਿੰਦੇ ਹਨ ਕਿ ਮਾਤਰਾ 'ਤੇ ਕੰਟਰੋਲ ਸਭ ਤੋਂ ਜ਼ਰੂਰੀ ਹੈ।

ਉਨ੍ਹਾਂ ਮੁਤਾਬਕ, "ਅੰਬ ਨੂੰ ਭੋਜਨ ਦੇ ਹਿੱਸੇ 'ਚ ਹੀ ਸ਼ਾਮਲ ਕਰਕੇ ਖਾਣਾ ਚਾਹੀਦਾ ਹੈ, ਮਿੱਠੇ ਦੇ ਤੌਰ 'ਤੇ ਵੱਖਰਾ ਨਹੀਂ। ਇਸ ਨੂੰ ਪ੍ਰੋਟੀਨ ਜਾਂ ਫਾਈਬਰ ਦੇ ਨਾਲ ਲਓ ਅਤੇ ਜੂਸ ਤੇ ਮਿਲਕ ਸ਼ੇਕ ਵਰਗੇ ਹੋਰ ਕਾਰਬੋਹਾਈਡਰੇਟ ਜਾਂ ਮਿੱਠੇ ਪਦਾਰਥਾਂ ਦੇ ਨਾਲ ਲੈਣ ਤੋਂ ਬਚੋ।"

ਭਾਰਤ ਵਿੱਚ ਅੰਬ ਦੀ ਮਹੱਤਤਾ

ਅੰਬਾਂ ਦਾ ਤਿਉਹਾਰ

ਤਸਵੀਰ ਸਰੋਤ, Hindustan Times via Getty Images

ਤਸਵੀਰ ਕੈਪਸ਼ਨ, ਭਾਰਤੀ ਸ਼ਹਿਰਾਂ ਵਿੱਚ ਅੰਬਾਂ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ, ਜੋ ਇਸ ਫਲ ਦੇ ਸੱਭਿਆਚਾਰਕ ਅਤੇ ਆਰਥਿਕ ਮਹੱਤਵ ਦਾ ਜਸ਼ਨ ਮਨਾਉਂਦਾ ਹੈ

ਆਪਣੇ ਪਾਚਕ ਪ੍ਰਭਾਵਾਂ ਤੋਂ ਇਲਾਵਾ ਅੰਬ ਭਾਰਤੀਆਂ ਦੇ ਜੀਵਨ ਵਿੱਚ ਇੱਕ ਬਹੁਤ ਵੱਡਾ ਸਥਾਨ ਰੱਖਦਾ ਹੈ। ਇੱਕ ਅਜਿਹਾ ਫਲ ਜੋ ਸੱਭਿਆਚਾਰਕ, ਸਮਾਜਿਕ ਅਤੇ ਇੱਥੋਂ ਤੱਕ ਕਿ ਕੂਟਨੀਤਿਕ ਮਹੱਤਵ ਵੀ ਰੱਖਦਾ ਹੈ।

'ਮੈਂਗੋ ਡਿਪਲੋਮੇਸੀ' ਪੂਰੇ ਉਪ-ਮਹਾਦੀਪ ਵਿੱਚ ਇੱਕ ਜਾਣਿਆ-ਪਛਾਣਿਆ ਸ਼ਬਦ ਹੈ, ਜਿੱਥੇ ਸਾਵਧਾਨੀ ਨਾਲ ਚੁਣੀਆਂ ਗਈਆਂ ਅੰਬਾਂ ਦੀਆਂ ਪੇਟੀਆਂ ਸਿਆਸੀ ਸੌਦਿਆਂ ਨੂੰ ਆਸਾਨ ਬਣਾ ਸਕਦੀਆਂ ਹਨ, ਗੱਠਜੋੜਾਂ ਨੂੰ ਮਜ਼ਬੂਤ ਕਰ ਸਕਦੀਆਂ ਹਨ ਜਾਂ ਤਣਾਅਪੂਰਨ ਵਾਰਤਾ ਨੂੰ ਸੁਚਾਰੂ ਬਣਾ ਸਕਦੀਆਂ ਹਨ।

ਭਾਰਤੀ ਸ਼ਹਿਰਾਂ ਵਿੱਚ ਅੰਬਾਂ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ, ਜੋ ਇਸ ਫਲ ਦੇ ਸੱਭਿਆਚਾਰਕ ਅਤੇ ਆਰਥਿਕ ਮਹੱਤਵ ਦਾ ਜਸ਼ਨ ਮਨਾਉਂਦਾ ਹੈ। ਇਹ ਫਲ ਇੱਕ ਪਸੰਦੀਦਾ ਭੋਜਨ ਅਤੇ ਇੱਕ ਸ਼ਕਤੀਸ਼ਾਲੀ ਸਮਾਜਿਕ ਮੁਦਰਾ ਹੈ।

ਦਿੱਲੀ ਦੇ ਇਤਿਹਾਸਕਾਰ ਅਤੇ ਭੋਜਨ ਮਾਹਰ ਪੁਸ਼ਪੇਸ਼ ਪੰਤ ਕਹਿੰਦੇ ਹਨ, "ਜ਼ਿਆਦਾਤਰ ਭਾਰਤੀਆਂ ਦਾ ਇੱਕ ਨਿੱਜੀ ਪਸੰਦੀਦਾ ਅੰਬ ਹੁੰਦਾ ਹੈ।"

ਮੈਂਗੋ ਡਿਪਲੋਮੇਸੀ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, 2007 ਦੇ ਇੱਕ ਸਮਾਰੋਹ ਦੌਰਾਨ ਸਾਬਕਾ ਭਾਰਤੀ ਰਾਜਦੂਤ ਰੋਨੇਨ ਸੇਨ ਤਤਕਾਲੀ ਅਮਰੀਕੀ ਖੇਤੀਬਾੜੀ ਸਕੱਤਰ ਮਾਈਕ ਜੋਹਾਨਸ ਨੂੰ ਭਾਰਤੀ ਅੰਬਾਂ ਦੀ ਟੋਕਰੀ ਭੇਟ ਕਰਦੇ ਹੋਏ

ਸੋਪਾਨ ਜੋਸ਼ੀ ਨੇ ਆਪਣੀ ਕਿਤਾਬ 'ਮੈਂਗੀਫੇਰਾ ਇੰਡੀਕਾ: ਏ ਬਾਇਓਗ੍ਰਾਫੀ ਆਫ ਦਿ ਮੈਂਗੋ' ਵਿੱਚ ਲਿਖਿਆ ਹੈ, "ਚੰਗੇ ਅੰਬ ਸਿਰਫ ਖਾਣ ਲਈ ਨਹੀਂ ਹੁੰਦੇ, ਇਹ ਗਹਿਣਿਆਂ ਦੀ ਤਰ੍ਹਾਂ ਸ਼ਿੰਗਾਰ ਬਣਦੇ ਹਨ। ਅੰਬ ਸਬੰਧੀ ਨਿਯਮ ਸਭ ਤੋਂ ਵਧੀਆ ਉਪਜ ਨੂੰ ਉਨ੍ਹਾਂ ਲੋਕਾਂ ਵੱਲ ਭੇਜਦੇ ਹਨ, ਜੋ ਸਭ ਤੋਂ ਜ਼ਿਆਦਾ ਕੀਮਤ ਚੁਕਾਉਣ ਲਈ ਤਿਆਰ ਹਨ।"

ਇਹ ਪੁਸਤਕ, ਅੰਬ ਅਤੇ ਇਸ ਦੇ ਪ੍ਰੇਮੀਆਂ 'ਤੇ ਕੇਂਦਰਿਤ ਹੈ।

ਭਾਰਤ ਵਿੱਚ ਅੰਬ ਦੀਆਂ 1,000 ਤੋਂ ਜ਼ਿਆਦਾ ਕਿਸਮਾਂ ਉਗਾਈਆਂ ਜਾਂਦੀਆਂ ਹਨ। ਜੋਸ਼ੀ ਲਿਖਦੇ ਹਨ ਕਿ ਭਾਰਤ ਦੇ ਅੰਬ ਖੇਤਰ ਦੇ ਅਨੁਸਾਰ ਵੱਖ-ਵੱਖ ਹੁੰਦੇ ਹਨ, ਲੰਗੜਾ, ਦਸ਼ਹਿਰੀ, ਚੌਸਾ ਅਤੇ ਹਿਮਸਾਗਰ ਵਰਗੀਆਂ ਉੱਤਰੀ ਅਤੇ ਪੂਰਬੀ ਕਿਸਮਾਂ ਬੇਹੱਦ ਮਿੱਠੀਆਂ ਹੁੰਦੀਆਂ ਹਨ, ਜਦਕਿ ਦੱਖਣੀ ਕਿਸਮਾਂ ਵਿੱਚ ਹਲਕਾ ਮਿੱਠਾ ਤੇ ਖੱਟਾ ਸਵਾਦ ਹੁੰਦਾ ਹੈ। ਪੱਛਮੀ ਭਾਰਤ ਦੇ ਅਲਫਾਂਸੋ ਅੰਬ ਦਾ ਵਿਲੱਖਣ ਸਵਾਦ ਮਿੱਠੇ ਅਤੇ ਅਮਲੀ ਸੁਆਦ ਦੇ ਵਿਲੱਖਣ ਸੰਤੁਲਨ ਵਾਲਾ ਹੁੰਦਾ ਹੈ।

ਇਹ ਫਲ ਭਾਰਤੀਆਂ ਦੇ ਜੀਵਨ ਵਿੱਚ ਇੰਨਾ ਮਹੱਤਵਪੂਰਨ ਹੈ ਕਿ ਕੈਲੰਡਰ ਸਾਲ ਦੀ ਸ਼ੁਰੂਆਤ ਅਕਸਰ ਅੰਬਾਂ ਨੂੰ ਫੁੱਲ ਪੈਣ ਨਾਲ ਹੁੰਦੀ ਹੈ।

ਮਸ਼ਹੂਰ ਸ਼ਾਇਰ ਗ਼ਾਲਿਬ ਨੇ ਅੰਬ ਨੂੰ ''ਸ਼ਹਿਦ ਦਾ ਬੰਦ ਗਿਲਾਸ'' ਕਿਹਾ ਹੈ। ਅੰਬ 'ਤੇ ਹਜ਼ਾਰਾਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ।

ਭਾਰਤ 'ਚ ਅੰਬ ਲੋਕਾਂ ਲਈ ਅਨੰਦ, ਪ੍ਰੇਰਣਾ ਅਤੇ ਖੁਸ਼ੀ ਦਾ ਸਰੋਤ ਹੈ ਅਤੇ ਇਸ ਨਵੇਂ ਅਧਿਐਨ ਨੇ ਅੰਬ ਨੂੰ ਲੈ ਕੇ ਹੈਰਾਨੀਜਨਕ ਸੰਕੇਤ ਦਿੱਤੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)