ਡੌਨਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਜਿਸ ਰੈਸੀਪਰੋਕਲ ਟੈਰਿਫ ਦੀ ਗੱਲ ਕੀਤੀ ਸੀ, ਉਸਦਾ ਭਾਰਤ 'ਤੇ ਕੀ ਅਸਰ ਪਵੇਗਾ

    • ਲੇਖਕ, ਸੁਰਭੀ ਗੁਪਤਾ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਲਗਭਗ 2 ਘੰਟੇ ਪਹਿਲਾਂ ਸਾਰੇ ਦੇਸ਼ਾਂ 'ਤੇ ਰੈਸੀਪਰੋਕਲ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ।

ਟਰੰਪ ਨੇ 13 ਫਰਵਰੀ ਨੂੰ ਇੱਕ ਮੈਮੋਰੈਂਡਮ 'ਤੇ ਦਸਤਖਤ ਕੀਤੇ ਸਨ, ਜਿਸ ਵਿੱਚ ਰੈਸੀਪਰੋਕਲ ਟੈਰਿਫ ਲਈ ਯੋਜਨਾ ਬਣਾਉਣ ਦਾ ਆਦੇਸ਼ ਦਿੱਤਾ ਗਿਆ ਹੈ।

ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ "ਰਾਸ਼ਟਰਪਤੀ ਡੌਨਲਡ ਟਰੰਪ ਨੇ ਨਿਰਪੱਖ, ਮੁਕਤ, ਪਰਸਪਰ ਵਪਾਰ ਲਈ ਇੱਕ ਯੋਜਨਾ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਹੁਣ ਕਿਸੇ ਹੋਰ ਦੇਸ਼ ਵੱਲੋਂ ਬਹੁਤ ਜ਼ਿਆਦਾ ਕੀਮਤਾਂ ਵਸੂਲੇ ਜਾਣ ਨੂੰ ਬਰਦਾਸ਼ਤ ਨਹੀਂ ਕਰੇਗਾ।''

''ਅਮਰੀਕਾ ਦੁਨੀਆਂ ਦੀਆਂ ਸਭ ਤੋਂ ਖੁੱਲ੍ਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ, ਫਿਰ ਵੀ ਸਾਡੇ ਵਪਾਰਕ ਭਾਈਵਾਲ ਆਪਣੇ ਬਾਜ਼ਾਰਾਂ ਨੂੰ ਅਮਰੀਕੀ ਨਿਰਯਾਤ ਲਈ ਬੰਦ ਰੱਖਦੇ ਹਨ।"

ਵ੍ਹਾਈਟ ਹਾਊਸ ਨੇ ਕਿਹਾ ਕਿ ਰੈਸੀਪਰੋਕਲ ਟਰੇਡ ਭਾਵ ਪਰਸਪਰ ਵਪਾਰ ਇਸ ਅਸੰਤੁਲਨ ਨੂੰ ਠੀਕ ਕਰ ਦੇਵੇਗਾ।

ਇਸ ਦੇ ਨਾਲ ਹੀ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਵੀ ਟਰੰਪ ਨੇ ਰੈਸੀਪਰੋਕਲ ਟੈਰਿਫ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਬਹੁਤ ਜ਼ਿਆਦਾ ਟੈਰਿਫ ਲਗਾਉਂਦਾ ਹੈ।

ਟਰੰਪ ਦਾ ਰੈਸੀਪਰੋਕਲ ਟੈਰਿਫ ਕੀ ਹੈ?

ਟੈਰਿਫ ਇੱਕ ਟੈਕਸ ਹੈ ਜੋ ਕਿਸੇ ਹੋਰ ਦੇਸ਼ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ 'ਤੇ ਲਗਾਇਆ ਜਾਂਦਾ ਹੈ। ਸਾਮਾਨ ਦਰਾਮਦ ਕਰਨ ਵਾਲੀ ਕੰਪਨੀ ਇਹ ਰਕਮ ਆਪਣੇ ਦੇਸ਼ ਦੀ ਸਰਕਾਰ ਨੂੰ ਅਦਾ ਕਰਦੀ ਹੈ। ਆਮ ਤੌਰ 'ਤੇ ਦੇਸ਼ ਆਪਣੇ ਕੁਝ ਖੇਤਰਾਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਬਚਾਉਣ ਲਈ ਅਜਿਹੇ ਟੈਰਿਫ ਲਗਾਉਂਦੇ ਹਨ।

ਟਰੰਪ ਕਹਿੰਦੇ ਰਹੇ ਹਨ ਕਿ ਜੇਕਰ ਕੋਈ ਦੇਸ਼ ਅਮਰੀਕੀ ਸਾਮਾਨ 'ਤੇ ਜ਼ਿਆਦਾ ਦਰਾਮਦ ਡਿਊਟੀ ਲਗਾਉਂਦਾ ਹੈ, ਤਾਂ ਅਮਰੀਕਾ ਉਸ ਦੇਸ਼ ਤੋਂ ਆਉਣ ਵਾਲੇ ਸਾਮਾਨ 'ਤੇ ਵੀ ਜ਼ਿਆਦਾ ਦਰਾਮਦ ਡਿਊਟੀ ਯਾਨਿ ਟੈਰਿਫ ਲਗਾਏਗਾ। ਇਸ ਨੂੰ ਹੀ ਟਰੰਪ ਰੈਸੀਪਰੋਕਲ ਟੈਰਿਫ ਕਹਿ ਰਹੇ ਹਨ।

ਵਪਾਰ ਮਾਹਰ ਵਿਸ਼ਵਜੀਤ ਧਰ ਦੱਸਦੇ ਹਨ, "ਰੈਸੀਪਰੋਕਲ ਟੈਰਿਫ ਦਾ ਮਤਲਬ ਹੈ ਉਹ ਟੈਰਿਫ ਜੋ ਦੋ ਦੇਸ਼ਾਂ ਆਪਣੇ ਆਪਸੀ ਵਪਾਰ 'ਤੇ ਲਗਾਉਂਦੇ ਹਨ।''

''ਉਦਾਹਰਣ ਵਜੋਂ, ਅਮਰੀਕਾ ਤੋਂ ਆਏ ਸਮਾਨ 'ਤੇ ਭਾਰਤ ਜਿੰਨਾ ਟੈਰਿਫ ਲਗਾਉਂਦਾ ਹੈ ਅਤੇ ਭਾਰਤ ਤੋਂ ਗਏ ਸਮਾਨ 'ਤੇ ਅਮਰੀਕਾ ਜਿੰਨਾ ਟੈਰਿਫ ਲਗਾਉਂਦਾ ਹੈ, ਉਹ ਦੋਵੇਂ ਬਰਾਬਰ ਹੋਣੇ ਚਾਹੀਦੇ ਹਨ।"

ਬਿਸਵਜੀਤ ਧਰ ਵ੍ਹਾਈਟ ਹਾਊਸ ਵੱਲੋਂ ਰੈਸੀਪਰੋਕਲ ਟੈਰਿਫ 'ਤੇ ਜਾਰੀ ਕੀਤੀ ਗਈ ਇੱਕ ਫੈਕਟ ਸ਼ੀਟ ਦਾ ਹਵਾਲਾ ਦਿੰਦੇ ਹਨ।

ਇਸ ਫੈਕਟ ਸ਼ੀਟ ਵਿੱਚ ਲਿਖਿਆ ਗਿਆ ਹੈ ਕਿ "ਅਮਰੀਕਾ ਜਿਨ੍ਹਾਂ ਦੇਸ਼ਾਂ ਨੂੰ ਮੋਸਟ ਫੇਵਰਡ ਨੇਸ਼ਨ (ਐਮਐਫਐਨ) ਦਾ ਦਰਜਾ ਦਿੰਦਾ ਹੈ, ਉਨ੍ਹਾਂ ਦੇਸ਼ਾਂ ਦੇ ਖੇਤੀਬਾੜੀ ਉਤਪਾਦਾਂ 'ਤੇ ਔਸਤਨ 5 ਫੀਸਦੀ ਟੈਰਿਫ ਲਗਾਉਂਦਾ ਹੈ।''

''ਪਰ ਭਾਰਤ ਜਿਨ੍ਹਾਂ ਦੇਸ਼ਾਂ ਨੂੰ ਮੋਸਟ ਫੇਵਰਡ ਨੇਸ਼ਨ (ਐਮਐਫਐਨ) ਦਾ ਦਰਜ ਦਿੰਦਾ ਹੈ, ਉਨ੍ਹਾਂ ਦੇਸ਼ਾਂ ਦੇ ਖੇਤੀਬਾੜੀ ਉਤਪਾਦਾਂ 'ਤੇ 39 ਫੀਸਦੀ ਟੈਰਿਫ ਲਗਾਉਂਦਾ ਹੈ। ਭਾਰਤ ਅਮਰੀਕੀ ਮੋਟਰਸਾਈਕਲਾਂ 'ਤੇ ਵੀ 100 ਫੀਸਦੀ ਟੈਰਿਫ ਲਗਾਉਂਦਾ ਹੈ, ਜਦਕਿ ਅਮਰੀਕਾ ਭਾਰਤੀ ਮੋਟਰਸਾਈਕਲਾਂ 'ਤੇ ਸਿਰਫ 2.4 ਫੀਸਦੀ ਟੈਰਿਫ ਲਗਾਉਂਦਾ ਹੈ।"

ਰਿਸਰਚ ਗਰੁੱਪ ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀਟੀਆਰਆਈ) ਦੇ ਸੰਸਥਾਪਕ ਅਜੇ ਸ਼੍ਰੀਵਾਸਤਵ ਇਸ ਫੈਕਟ ਸ਼ੀਟ ਵਿੱਚ ਕੀਤੀ ਗਈ ਤੁਲਨਾ ਨੂੰ ਅਸੰਗਤ ਦੱਸਦੇ ਹਨ।

ਉਹ ਕਹਿੰਦੇ ਹਨ, "ਅਜਿਹੀ ਤੁਲਨਾ ਕਰਨਾ ਸਹੀ ਨਹੀਂ ਹੈ ਕਿਉਂਕਿ ਅਮਰੀਕੀ ਖੇਤੀਬਾੜੀ ਉਤਪਾਦਾਂ 'ਤੇ ਭਾਰਤ ਦਾ ਅਸਲ ਟੈਰਿਫ ਉਤਪਾਦ ਦੇ ਅਨੁਸਾਰ ਵੱਖ-ਵੱਖ ਹੁੰਦਾ ਹੈ। ਇਸੇ ਤਰ੍ਹਾਂ, ਮੋਟਰਸਾਈਕਲਾਂ ਦੇ ਮਾਮਲੇ ਵਿੱਚ ਇਸ ਫੈਕਟ ਸ਼ੀਟ ਵਿੱਚ ਪੂਰੇ ਆਟੋ ਸੈਕਟਰ ਦੀ ਤੁਲਨਾ ਕਰਨ ਦੀ ਬਜਾਏ ਸਿਰਫ਼ ਇੱਕ ਉਤਪਾਦ ਦੀ ਤੁਲਨਾ ਕੀਤੀ ਗਈ ਹੈ।"

ਅਜੇ ਸ਼੍ਰੀਵਾਸਤਵ ਇਸ ਗੱਲ ਵੱਲ ਵੀ ਧਿਆਨ ਕਰਵਾਉਂਦੇ ਹਨ ਕਿ ਭਾਰਤ ਨੇ ਇਸ ਸਾਲ ਦੇ ਬਜਟ ਵਿੱਚ ਮੋਟਰਸਾਈਕਲਾਂ 'ਤੇ ਦਰਾਮਦ ਡਿਊਟੀ ਘਟਾ ਦਿੱਤੀ ਹੈ। 1600 ਸੀਸੀ ਤੋਂ ਵੱਧ ਇੰਜਣ ਵਾਲੀਆਂ ਹੈਵੀਵੇਟ ਮੋਟਰਸਾਈਕਲਾਂ 'ਤੇ ਟੈਰਿਫ 50 ਫੀਸਦ ਤੋਂ ਘਟਾ ਕੇ 30 ਫੀਸਦ ਅਤੇ ਛੋਟੀਆਂ ਮੋਟਰਸਾਈਕਲਾਂ 'ਤੇ ਟੈਰਿਫ 50 ਫੀਸਦ ਤੋਂ ਘਟਾ ਕੇ 40 ਫੀਸਦ ਕਰ ਦਿੱਤਾ ਗਿਆ ਹੈ।''

ਉਹ ਕਹਿੰਦੇ ਹਨ ਕਿ ਫੈਕਟ ਸ਼ੀਟ ਵਿੱਚ ਮੋਟਰਸਾਈਕਲਾਂ 'ਤੇ ਜਿਹੜੀ 100 ਫੀਸਦ ਟੈਰਿਫ ਦੀ ਗੱਲ ਕੀਤੀ ਗਈ ਹੈ, ਉਹ ਵੀ ਗਲਤ ਹੈ।

ਰੈਸੀਪਰੋਕਲ ਟੈਰਿਫ ਬਾਰੇ ਟਰੰਪ ਦੀ ਪ੍ਰੈਸ ਕਾਨਫਰੰਸ

ਰੈਸੀਪਰੋਕਲ ਟੈਰਿਫ ਬਾਰੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਟਰੰਪ ਨੇ ਭਾਰਤ 'ਤੇ ਬਹੁਤ ਜ਼ਿਆਦਾ ਟੈਰਿਫ ਲਗਾਉਣ ਦਾ ਇਲਜ਼ਾਮ ਲਗਾਇਆ।

ਦਰਅਸਲ, ਪ੍ਰੈਸ ਕਾਨਫਰੰਸ ਦੌਰਾਨ ਟਰੰਪ ਤੋਂ ਪੁੱਛਿਆ ਗਿਆ ਸੀ ਕਿ ਉਹ ਭਾਰਤ ਨਾਲ ਕਿਸ ਤਰ੍ਹਾਂ ਦੇ ਵਪਾਰ ਅਤੇ ਟੈਰਿਫ ਸਬੰਧ ਰੱਖਣਾ ਚਾਹੁੰਦੇ ਹਨ।

ਇਸ ਸਵਾਲ ਦੇ ਜਵਾਬ ਵਿੱਚ, ਟਰੰਪ ਨੇ ਭਾਰਤ ਨੂੰ ਸਭ ਤੋਂ ਵੱਧ ਟੈਰਿਫ ਲਗਾਉਣ ਵਾਲਾ ਦੇਸ਼ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਵੱਧ ਟੈਰਿਫ ਵਸੂਲਦਾ ਹੈ।

ਟਰੰਪ ਨੇ ਅੱਗੇ ਕਿਹਾ, "ਕੁਝ ਛੋਟੇ ਦੇਸ਼ ਹਨ ਜੋ ਇਸ ਤੋਂ ਵੀ ਵੱਧ ਟੈਰਿਫ ਲਗਾਉਂਦੇ ਹਨ, ਪਰ ਭਾਰਤ ਦਾ ਟੈਰਿਫ ਬਹੁਤ ਜ਼ਿਆਦਾ ਹੈ। ਭਾਰਤ ਬਹੁਤ ਜ਼ਿਆਦਾ ਟੈਰਿਫ ਵਸੂਲਦਾ ਹੈ।''

''ਮੈਨੂੰ ਯਾਦ ਹੈ ਜਦੋਂ ਹਾਰਲੇ-ਡੇਵਿਡਸਨ ਭਾਰਤ ਵਿੱਚ ਆਪਣੀਆਂ ਮੋਟਰਸਾਈਕਲਾਂ ਨਹੀਂ ਵੇਚ ਪਾ ਰਿਹਾ ਸੀ ਕਿਉਂਕਿ ਭਾਰਤ ਵਿੱਚ ਟੈਕਸ ਬਹੁਤ ਜ਼ਿਆਦਾ ਸੀ। ਟੈਰਿਫ ਬਹੁਤ ਜ਼ਿਆਦਾ ਸੀ ਅਤੇ ਮੈਨੂੰ ਲੱਗਦਾ ਹੈ ਕਿ ਹਾਰਲੇ ਨੇ ਟੈਰਿਫ ਦਾ ਭੁਗਤਾਨ ਕਰਨ ਤੋਂ ਬਚਣ ਲਈ ਭਾਰਤ ਵਿੱਚ ਇੱਕ ਫੈਕਟਰੀ ਲਗਾਈ।"

ਟਰੰਪ ਨੇ ਕਿਹਾ ਕਿ ਅਮਰੀਕਾ ਵਿੱਚ ਵੀ ਅਜਿਹਾ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, "ਦੂਜੇ ਦੇਸ਼ ਅਮਰੀਕਾ ਵਿੱਚ ਫੈਕਟਰੀਆਂ ਜਾਂ ਕੋਈ ਪਲਾਂਟ ਲਗਾ ਸਕਦੇ ਹਨ। ਜੇਕਰ ਤੁਸੀਂ ਇੱਥੇ (ਅਮਰੀਕਾ ਵਿੱਚ) ਨਿਰਮਾਣ ਕਰਦੇ ਹੋ, ਤਾਂ ਤੁਹਾਨੂੰ ਕੋਈ ਟੈਰਿਫ ਨਹੀਂ ਦੇਣਾ ਪਵੇਗਾ। ਮੈਨੂੰ ਲੱਗਦਾ ਹੈ ਕਿ ਇਹੀ ਹੋਣ ਵਾਲਾ ਹੈ, ਇਸ ਨਾਲ ਅਮਰੀਕਾ ਵਿੱਚ ਨੌਕਰੀਆਂ ਵਧਣਗੀਆਂ।"

ਟਰੰਪ ਨੇ ਮੋਦੀ ਸਾਹਮਣੇ ਕੀ ਕਿਹਾ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਟੈਰਿਫ ਦਾ ਮੁੱਦਾ ਵੀ ਚੁੱਕਿਆ ਸੀ।

ਟਰੰਪ ਨੇ ਕਿਹਾ ਸੀ, "ਅਸੀਂ ਆਪਣੇ ਵਪਾਰਕ ਸਬੰਧਾਂ ਵਿੱਚ ਵਧੇਰੇ ਪਰਸਪਰ ਪ੍ਰਭਾਵ ਲੈ ਕੇ ਆਵਾਂਗੇ। ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਭਾਰਤ ਦੇ ਅਨੁਚਿਤ, ਬਹੁਤ ਸਖ਼ਤ ਟੈਰਿਫਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ।''

''ਭਾਰਤ ਦੁਆਰਾ ਲਗਾਇਆ ਜਾਣ ਵਾਲਾ ਟੈਰਿਫ ਭਾਰਤੀ ਬਾਜ਼ਾਰ ਤੱਕ ਸਾਡੀ ਪਹੁੰਚ ਨੂੰ ਸੀਮਤ ਕਰਦਾ ਹੈ। ਇਹ ਇੱਕ ਵੱਡੀ ਸਮੱਸਿਆ ਹੈ। ਭਾਰਤ ਕਈ ਚੀਜ਼ਾਂ 'ਤੇ 30 ਫੀਸਦੀ ਤੋਂ ਲੈ ਕੇ 60 ਫੀਸਦੀ ਅਤੇ ਇੱਥੋਂ ਤੱਕ ਕਿ 70 ਫੀਸਦੀ ਤੱਕ ਵੀ ਟੈਰਿਫ ਲਗਾਉਂਦਾ ਹੈ, ਕੁਝ ਮਾਮਲਿਆਂ ਵਿੱਚ ਤਾਂ ਇਸ ਤੋਂ ਵੀ ਵੱਧ।"

ਭਾਰਤ ਨਾਲ ਅਮਰੀਕਾ ਦੇ ਵਪਾਰਕ ਘਾਟੇ ਦੀ ਗੱਲ ਕਰਦਿਆਂ ਟਰੰਪ ਨੇ ਕਿਹਾ, "ਭਾਰਤ 'ਚ ਆਉਣ ਵਾਲੀਆਂ ਅਮਰੀਕੀ ਕਾਰਾਂ 'ਤੇ 70 ਫੀਸਦੀ ਟੈਰਿਫ ਹੈ, ਜਿਸ ਕਾਰਨ ਉਨ੍ਹਾਂ ਕਾਰਾਂ ਨੂੰ ਵੇਚਣਾ ਲਗਭਗ ਅਸੰਭਵ ਹੋ ਜਾਂਦਾ ਹੈ।''

''ਅੱਜ, ਭਾਰਤ ਨਾਲ ਅਮਰੀਕਾ ਦਾ ਵਪਾਰ ਘਾਟਾ ਲਗਭਗ 100 ਅਰਬ ਡਾਲਰ ਦਾ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਮੈਂ ਇਸ ਗੱਲ 'ਤੇ ਸਹਿਮਤ ਹੋਏ ਹਾਂ ਕਿ ਅਸੀਂ ਲੰਬੇ ਸਮੇਂ ਤੋਂ ਚੱਲ ਰਹੀਆਂ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਗੱਲਬਾਤ ਸ਼ੁਰੂ ਕਰਾਂਗੇ।"

ਇਸ ਦੌਰਾਨ ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਉਹ ਭਾਰਤ ਨੂੰ ਰੈਸੀਪਰੋਕਲ ਟੈਰਿਫ ਵਿੱਚ ਰਿਆਇਤ ਦੇਣ ਲਈ ਤਿਆਰ ਹਨ।

ਤਾਂ ਇਸ 'ਤੇ ਟਰੰਪ ਦਾ ਜਵਾਬ ਸੀ, "ਭਾਰਤ ਦੁਨੀਆਂ ਦਾ ਸਭ ਤੋਂ ਵੱਧ ਟੈਰਿਫ ਵਾਲਾ ਦੇਸ਼ ਹੈ। ਇਸ ਦੇ ਲਈ ਮੈਂ ਉਨ੍ਹਾਂ ਨੂੰ ਦੋਸ਼ ਨਹੀਂ ਦਿੰਦਾ, ਪਰ ਇਹ ਕਾਰੋਬਾਰ ਕਰਨ ਦਾ ਇੱਕ ਵੱਖਰਾ ਤਰੀਕਾ ਹੈ। ਬਹੁਤ ਸਖ਼ਤ ਟੈਰਿਫਾਂ ਕਾਰਨ ਭਾਰਤ ਵਿੱਚ ਸਾਮਾਨ ਵੇਚਣਾ ਬਹੁਤ ਮੁਸ਼ਕਲ ਹੈ।”

“ਹੁਣ ਅਸੀਂ ਇੱਕ ਰੈਸੀਪਰੋਕਲ ਦੇਸ਼ ਹਾਂ। ਕੋਈ ਵੀ ਦੇਸ਼ ਜੋ ਵੀ ਟੈਰਿਫ ਲਗਾਵੇਗਾ, ਅਸੀਂ ਵੀ ਉਹੀ ਟੈਰਿਫ ਲਗਾਵਾਂਗੇ। ਮੈਨੂੰ ਲੱਗਦਾ ਹੈ ਕਿ ਇਹ ਸਹੀ ਵੀ ਹੈ।"

ਇਸਦਾ ਭਾਰਤ 'ਤੇ ਕੀ ਪ੍ਰਭਾਵ ਪੈ ਸਕਦਾ ਹੈ?

ਬਿਸਵਜੀਤ ਧਰ ਦਾ ਕਹਿਣਾ ਹੈ ਕਿ ਵ੍ਹਾਈਟ ਹਾਊਸ ਨੇ ਰੈਸੀਪਰੋਕਲ ਵਪਾਰ 'ਤੇ ਆਪਣੀ ਫੈਕਟ ਸ਼ੀਟ ਵਿੱਚ ਖੇਤੀਬਾੜੀ ਦੀ ਉਦਾਹਰਣ ਦਿੱਤੀ ਹੈ।

ਉਹ ਕਹਿੰਦੇ ਹਨ ਕਿ "ਟਰੰਪ ਦੋਵਾਂ ਪਾਸਿਆਂ ਤੋਂ ਬਰਾਬਰ ਟੈਰਿਫ ਚਾਹੁੰਦੇ ਹਨ। ਇਸਦਾ ਮਤਲਬ ਇਹ ਹੋ ਸਕਦਾ ਹੈ ਕਿ ਜਾਂ ਤਾਂ ਅਮਰੀਕਾ ਭਾਰਤੀ ਖੇਤੀਬਾੜੀ ਉਤਪਾਦਾਂ 'ਤੇ ਟੈਰਿਫ ਵਧਾਏਗਾ ਜਾਂ ਫਿਰ ਭਾਰਤ ਨੂੰ ਅਮਰੀਕੀ ਖੇਤੀਬਾੜੀ ਉਤਪਾਦਾਂ 'ਤੇ ਟੈਰਿਫ ਘਟਾਉਣ ਲਈ ਕਹੇਗਾ।''

''ਭਾਰਤ ਨੇ ਖੇਤੀਬਾੜੀ ਉਤਪਾਦਾਂ 'ਤੇ ਜ਼ਿਆਦਾ ਟੈਰਿਫ ਲਗਾਏ ਹਨ ਕਿਉਂਕਿ ਭਾਰਤ ਵਿੱਚ 50 ਫੀਸਦੀ ਤੋਂ ਵੱਧ ਲੋਕ ਖੇਤੀਬਾੜੀ 'ਤੇ ਨਿਰਭਰ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਛੋਟੇ ਕਿਸਾਨ ਹਨ। ਜਦਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੱਡੀਆਂ-ਵੱਡਿਆਂ ਕੰਪਨੀਆਂ ਹਨ ਜੋ ਇਸ ਕਾਰੋਬਾਰ ਵਿੱਚ ਸ਼ਾਮਲ ਹਨ।”

“ਅਜਿਹੀ ਸਥਿਤੀ ਵਿੱਚ, ਜੇਕਰ ਇੱਕ ਛੋਟੇ ਕਿਸਾਨ ਨੂੰ ਇੱਕ ਵੱਡੀ ਕੰਪਨੀ ਨਾਲ ਮੁਕਾਬਲਾ ਕਰਨਾ ਪੈਂਦਾ ਹੈ, ਤਾਂ ਛੋਟੇ ਕਿਸਾਨ ਨੂੰ ਨੁਕਸਾਨ ਹੋਵੇਗਾ।"

ਇਸੇ ਸਿਲਸਿਲੇ ਵਿੱਚ ਅਜੇ ਸ਼੍ਰੀਵਾਸਤਵ ਕਹਿੰਦੇ ਹਨ ਕਿ ਭਾਰਤ 'ਤੇ ਇਸਦਾ ਪ੍ਰਭਾਵ ਅਜੇ ਸਪੱਸ਼ਟ ਨਹੀਂ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਇਹ ਟੈਰਿਫ ਖਾਸ ਉਤਪਾਦਾਂ 'ਤੇ ਲਾਗੂ ਹੋਣਗੇ ਜਾਂ ਪੂਰੇ ਸੈਕਟਰ 'ਤੇ।

ਅਜੇ ਸ਼੍ਰੀਵਾਸਤਵ ਕਹਿੰਦੇ ਹਨ, "ਜੇਕਰ ਉਹ ਉਤਪਾਦ 'ਤੇ ਰੈਸੀਪਰੋਕਲ ਟੈਰਿਫ ਲਗਾਉਂਦੇ ਹਨ, ਤਾਂ ਭਾਰਤ 'ਤੇ ਜ਼ਿਆਦਾ ਅਸਰ ਨਹੀਂ ਪਵੇਗਾ ਕਿਉਂਕਿ ਅਮਰੀਕਾ ਜੋ ਉਤਪਾਦ ਭਾਰਤ ਨੂੰ ਭੇਜਦਾ ਹੈ, ਭਾਰਤ ਉਨ੍ਹਾਂ ਉਤਪਾਦਾਂ ਨੂੰ ਅਮਰੀਕਾ ਵਿੱਚ ਨਹੀਂ ਭੇਜਦਾ।”

“ਭਾਰਤ ਅਮਰੀਕਾ ਨੂੰ ਹੋਰ ਦੂਜੇ ਉਤਪਾਦ ਭੇਜਦਾ ਹੈ। ਪਰ ਜੇਕਰ ਅਮਰੀਕਾ ਸੈਕਟਰ ਆਧਾਰ 'ਤੇ ਟੈਰਿਫ ਲਗਾਉਂਦਾ ਹੈ, ਤਾਂ ਭਾਰਤ ਨੂੰ ਕੁਝ ਉਤਪਾਦਾਂ ਦੀ ਦਰਾਮਦ ਵਿੱਚ ਮੁਸ਼ਕਲ ਆ ਸਕਦੀ ਹੈ।"

ਇਸ ਦੇ ਉਲਟ, ਦਿੱਲੀ ਦੇ ਫੋਰ ਸਕੂਲ ਆਫ਼ ਮੈਨੇਜਮੈਂਟ ਦੇ ਪ੍ਰੋਫੈਸਰ ਅਤੇ ਵਪਾਰਕ ਮਾਮਲਿਆਂ ਦੇ ਮਾਹਰ, ਪ੍ਰੋਫੈਸਰ ਫੈਸਲ ਅਹਿਮਦ ਕਹਿੰਦੇ ਹਨ ਕਿ ਅਮਰੀਕਾ ਦੇ ਰੈਸੀਪਰੋਕਲ ਟੈਕਸ ਦਾ ਭਾਰਤ 'ਤੇ ਬਹੁਤ ਵੱਡਾ ਪ੍ਰਭਾਵ ਪੈ ਸਕਦਾ ਹੈ।

ਉਹ ਕਹਿੰਦੇ ਹਨ, "ਭਾਰਤ ਵਿੱਚ ਟੈਕਸਟਾਈਲ ਅਤੇ ਖੇਤੀਬਾੜੀ ਉਤਪਾਦਾਂ ਵਰਗੇ ਕਈ ਉਤਪਾਦਾਂ 'ਤੇ ਉੱਚ ਦਰਾਮਦ ਡਿਊਟੀ ਹੈ।”

“ਜੇਕਰ ਅਮਰੀਕਾ ਵੀ ਇੱਕੋ ਖੇਤਰ ਦੇ ਵੱਖ-ਵੱਖ ਉਤਪਾਦਾਂ 'ਤੇ ਇੱਕੋ-ਜਿਹੀ ਦਰਾਮਦ ਡਿਊਟੀ ਲਗਾਉਣਾ ਸ਼ੁਰੂ ਕਰ ਦਿੰਦਾ ਹੈ, ਤਾਂ ਇਹ ਭਾਰਤ ਲਈ ਬਹੁਤ ਮੁਸ਼ਕਲ ਹੋ ਜਾਵੇਗਾ। ਇਸ ਨਾਲ ਭਾਰਤ ਦੇ ਬਰਾਮਦ ਵਪਾਰ 'ਤੇ ਅਸਰ ਪਵੇਗਾ।

ਪ੍ਰੋਫੈਸਰ ਫੈਸਲ ਅਹਿਮਦ ਦੇ ਅਨੁਸਾਰ, ਭਾਰਤ ਨੂੰ ਇਸ ਬਾਰੇ ਅਮਰੀਕਾ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਭਾਰਤ ਅਮਰੀਕਾ ਤੋਂ ਦਰਾਮਦ ਵਧਾਉਣ ਲਈ ਤਿਆਰ ਹੈ। ਉਨ੍ਹਾਂ ਦੇ ਅਨੁਸਾਰ, ਭਾਰਤ ਨੂੰ ਅਮਰੀਕਾ ਨੂੰ ਰੈਸੀਪਰੋਕਲ ਟੈਰਿਫ 'ਤੇ ਮੁੜ ਵਿਚਾਰ ਕਰਨ ਲਈ ਕਹਿਣਾ ਚਾਹੀਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)