ਤੇਗੀ ਪੰਨੂ: ‘ਸ਼ਡਿਊਲ’ ਤੇ ‘ਅਨਟਚੇਬਲ’ ਵਰਗੇ ਗੀਤਾਂ ਨਾਲ ਮਸ਼ਹੂਰ ਹੋਏ ਤੇਗੀ ਨੂੰ ਕਾਮਯਾਬੀ ਵੇਖ ਪਿਤਾ ਦੀ ਇਹ ਗੱਲ ਚੇਤੇ ਆਉਂਦੀ ਹੈ

- ਲੇਖਕ, ਮਨੀਸ਼ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਗਾਇਕ ਤੇਗੀ ਪੰਨੂ ਜਦੋਂ ਹਜ਼ਾਰਾਂ ਲੋਕਾਂ ਨੂੰ ਆਪਣੇ ਟੂਰ ਤੇ ਆਉਂਦੇ ਦੇਖਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਪਿਤਾ ਦੀ ਭਾਰਤ ਵਿੱਚਲੇ ਉਨ੍ਹਾਂ ਦੇ ਘਰ ਫ਼ਰੇਮ ਕਰਵਾਕੇ ਰੱਖੀ ਇੱਕ ਗੱਲ ਯਾਦ ਆਉਂਦੀ ਹੈ- "ਜੋ ਵੱਧ ਸੁਫ਼ਨੇ ਦੇਖਦੇ ਹਨ, ਵੱਧ ਮਿਹਨਤ ਕਰਦੇ।"
ਪੰਜਾਬੀ ਗਾਇਕ ਤੇਗੀ ਪੰਨੂ ਨੇ ਬੀਬੀਸੀ ਏਸ਼ੀਅਨ ਨੈੱਟਵਰਕ ਦੇ ਹਾਰੂਨ ਰਸ਼ੀਦ ਨੂੰ ਦਿੱਤੇ ਆਪਣੇ ਪਹਿਲੇ ਇੰਟਰਵਿਊ ਵਿੱਚ ਦੱਸਿਆ, "ਮੈਂ ਸੁਫ਼ਨਾ ਦੇਖਿਆ ਸੀ ਕਿ ਇੱਕ ਦਿਨ ਮੈਂ ਵੀ ਸਟੇਜ 'ਤੇ ਹੋਵਾਗਾਂ।"
"ਮੈਂ ਚਾਹੁੰਦਾ ਸੀ ਕਿ ਲੋਕ ਪਹਿਲਾਂ ਮੇਰੇ ਸੰਗੀਤ ਨੂੰ ਜਾਨਣ ਅਤੇ ਫਿਰ ਸੰਗੀਤ ਦੇ ਪਿੱਛਲੇ ਵਿਅਕਤੀ ਨਾਲ ਉਨ੍ਹਾਂ ਦਾ ਜਾਣ-ਪਛਾਣ ਹੋਵੇ।"
ਤੇਗੀ ਯੂਕੇ ਵਿੱਚ ਇੱਕ ਟੂਰ 'ਤੇ ਹਨ ਤੇ ਲੋਕਾਂ ਨੇ ਟਿਕਟਾਂ ਖ਼ਰੀਦ ਕੇ ਉਨ੍ਹਾਂ ਦੇ ਸ਼ੋਅ ਨੂੰ ਹਾਊਸ-ਫ਼ੁੱਲ ਬਣਾਇਆ। ਆਪਣੇ ਸ਼ੋਅ ਵਿੱਚ ਤੇਗੀ 'ਫਾਰਐਵਰ', 'ਸ਼ਡਿਊਲ' ਅਤੇ 'ਅਨਟਚੇਬਲ' ਵਰਗੇ ਗੀਤਾਂ ਦੀ ਪੇਸ਼ਕਾਰੀ ਕਰਦੇ ਹਨ। ਇਹ ਉਹ ਗੀਤ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਬੇਹੱਦ ਪਿਆਰ ਦਿੱਤਾ ਤੇ ਹੁਣ ਤੱਕ ਲੱਖਾਂ ਵਾਰ ਸਟ੍ਰੀਮ ਕੀਤੇ ਜਾ ਚੁੱਕੇ ਹਨ।
ਉਹ ਨਵੇਂ ਕਲਾਕਾਰਾਂ ਦੀ ਸ਼੍ਰੇਣੀ ਵਿੱਚ ਸ਼ੁਮਾਰ ਹਨ, ਜੋ ਦਿਲਜੀਤ ਦੋਸਾਂਝ, ਏ.ਪੀ. ਢਿੱਲੋਂ ਅਤੇ ਕਰਨ ਔਜਲਾ ਦੇ ਨਾਲ-ਨਾਲ ਪੰਜਾਬੀ ਸੰਗੀਤ ਨੂੰ ਗਲੋਬਲ ਪੱਧਰ ’ਤੇ ਲੈ ਕੇ ਜਾ ਰਹੇ ਹਨ।
ਪਰ ਉਨ੍ਹਾਂ ਦਾ ਇਥੋਂ ਤੱਕ ਦਾ ਸਫ਼ਰ ਸੌਖਾ ਨਹੀਂ ਸੀ।

ਸੰਗੀਤ ਦਾ ਦੀਵਾਨਾ ਮੁੰਡਾ
ਤੇਗੀ 19 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਸਣੇ ਭਾਰਤ ਤੋਂ ਆਸਟ੍ਰੇਲੀਆ ਆ ਗਏ ਸਨ ਅਤੇ ਉਨ੍ਹਾਂ ਦੇ ਭਰਾ ਨੇ ਤੇਗੀ ਨੂੰ ਸਪੱਸ਼ਟ ਕਿਹਾ ਸੀ ਕਿ ਤੇਗੀ ਦੀ ਤਰਜ਼ੀਹ ਸੰਗੀਤ ਨਹੀਂ ਹੋਣੀ ਚਾਹੀਦੀ।
ਆਪਣੀਆਂ ਵੀਜ਼ਾ ਸ਼ਰਤਾਂ ਬਾਰੇ ਚਿੰਤਤ ਤੇਗੀ ਕਹਿੰਦੇ ਹਨ ਕਿ,"ਤੁਹਾਨੂੰ ਉੱਥੇ ਕੰਮ ਤਾਂ ਕਰਨਾ ਹੀ ਪਏਗਾ ਅਤੇ ਫਿਰ ਤੁਸੀਂ ਆਪਣੇ ਮਾਤਾ-ਪਿਤਾ ਦੀ ਦੇਖਭਾਲ ਵੀ ਕਰਨੀ ਹੈ।”
ਇੱਕ ਪੜਾਅ ਅਜਿਹਾ ਵੀ ਸੀ ਜਦੋਂ ਤੇਗੀ ਨੇ ਮਹਿਸੂਸ ਕੀਤਾ ਸੀ ਕਿ ਸੰਗੀਤ ਇੱਕ ਕਰੀਅਰ ਵਜੋਂ ਨਹੀਂ ਹੋ ਸਕਦਾ, ਇਸ ਨੂੰ ਇੱਕ ਸ਼ੌਕ ਵਜੋਂ ਰੱਖਣਾ ਹੀ ਠੀਕ ਰਹੇਗਾ।
ਪਰ ਸੰਗੀਤ ਨਾਲ ਆਪਣੇ ਲਗਾਅ ਬਾਰੇ ਤੇਗੀ ਕਹਿੰਦੇ ਹਨ, "ਤੁਸੀਂ ਕੁਝ ਚੀਜ਼ਾਂ ਨੂੰ ਛੱਡ ਨਹੀਂ ਸਕਦੇ। ਉਹ ਤੁਹਾਡੇ ਦਿਲ ਵਿੱਚ ਹੁੰਦੀਆਂ ਹਨ ਅਤੇ ਸੰਗੀਤ ਹਮੇਸ਼ਾ ਮੇਰੇ ਦਿਲ ਵਿੱਚ ਸੀ।”
"ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਸੱਚੇ ਦਿਲ ਨਾਲ ਕਿਸੇ ਚੀਜ਼ ਪ੍ਰਤੀ ਸਮਰਪਿਤ ਹੁੰਦੇ ਹੋ, ਤਾਂ ਰੱਬ ਇਸ ਨੂੰ ਦੇਖਦਾ ਹੈ।"
ਅਸਲ ਵਿੱਚ ਤੇਗੀ ਦੀ ਜੱਦੋਜਹਿਦ ਉਸਦੋਂ ਸ਼ੁਰੂ ਹੋਈ ਜਦੋਂ ਪਰਿਵਾਰ ਇੱਕ ਨਵੇਂ ਦੇਸ਼ ਵਿੱਚ ਕਮਾਈ ਕਰਨ ਅਤੇ ਬਿਹਤਰ ਜ਼ਿੰਦਗੀ ਦਾ ਸੁਫ਼ਨਾ ਲੈ ਪਹੁੰਚਿਆ। ਅਜਿਹੀ ਸਥਿਤੀ ਵਿੱਚ ਤੇਗੀ ਲਈ ਇੱਕ ‘ਅੰਤਾਂ ਦੇ ਅਸਥਿਰ’ ਸ਼ੌਕ ਪਿੱਛੇ ਦੌੜਨਾ ਸੌਖਾ ਨਹੀਂ ਸੀ।
ਉਹ ਕਹਿੰਦੇ ਹਨ, "ਮੈਂ ਪਹਿਲਾਂ ਬੈਗ਼ਾਨੇ ਮੁਲਕ ਵਿੱਚ ਆਪਣੇ ਪੈਰ ਜਮਾਉਂਣ ਲਈ ਕੰਮ ਕੀਤਾ। ਜੋ ਵੀ ਮੇਰੇ ਭਰਾ ਨੇ ਕਿਹਾ ਮੈਂ ਉਹ ਕੰਮ ਕੀਤਾ, ਪਰ ਫ਼ਿਰ ਵੀ ਮੈਂ ਆਪਣੇ ਲਈ ਕੁਝ ਕਰਨਾ ਚਾਹੁੰਦਾ ਸੀ।"

ਤਸਵੀਰ ਸਰੋਤ, TegiPannu/Insta
ਚੁੱਪ-ਚਾਪ ਆਪਣੇ ਕੰਮ ’ਤੇ ਧਿਆਨ ਦੇਣ ਵਾਲਾ ਕਲਾਕਾਰ
ਤੇਗੀ ਆਪਣੇ ਬਾਰੇ ਦੱਸਦਿਆਂ ਕਹਿੰਦੇ ਹਨ ਕਿ ਉਹ ਸ਼ੁਰੂ ਤੋਂ ਘੱਟ ਬੋਲਦੇ ਸਨ ਅਤੇ ਅੰਤਰਮੁਖੀ ਸੁਭਾਅ ਦੇ ਇਨਸਾਨ ਸਨ।
ਹਾਲਾਂਕ ਹੁਣ ਉਮਰ ਨਾਲ ਉਨ੍ਹਾਂ ਦਾ ਸੁਭਾਅ ਬਦਲਿਆ ਹੈ। ਉਹ ਕਹਿੰਦੇ ਹਨ,“ਹੁਣ ਮੈਂ ਇੱਕ ਅਜਿਹਾ ਵਿਅਕਤੀ ਹਾਂ ਜੋ ਅਸਲ ਵਿੱਚ ਸੰਗੀਤ ਪ੍ਰਤੀ ਭਾਵੁਕ ਹੈ ਤੇ ਆਪਣੀ ਜ਼ਿੰਦਗੀ ਵਿੱਚ ਹੋਰ ਬਹੁਤ ਕੁਝ ਹਾਸਿਲ ਕਰਨਾ ਚਾਹੁੰਦਾ ਹੈ।"
ਤੇਗੀ ਲਈ ਵੱਡਾ ਬਦਲਾਅ ਕੋਰੋਨਾ ਮਹਾਂਮਾਰੀ ਦੌਰਾਨ ਆਇਆ। ਉਹ ਜੀਵਨ ਦੇ ਇਸ ਬਦਲਾਅ ਨੂੰ "ਪ੍ਰੀ-ਲਾਕਡਾਊਨ ਤੇਗੀ ਅਤੇ ਪੋਸਟ-ਲਾਕਡਾਊਨ ਤੇਗੀ" ਵਜੋਂ ਦੱਸਦੇ ਹਨ।
ਜਦੋਂ ਆਸਟਰੇਲੀਆ ਵਿੱਚ ਸਖ਼ਤ ਕੋਵਿਡ ਪਾਬੰਦੀਆਂ ਹਟਾਈਆਂ ਗਈਆਂ ਸਨ ਤਾਂ ਉਨ੍ਹਾਂ ਨੂੰ ਆਪਣੇ ਗੀਤਾਂ 'ਸ਼ਡਿਊਲ' ਅਤੇ ‘ਅਨਟਚੇਬਲ' ਦੀ ਪ੍ਰਸਿੱਧੀ ਦਾ ਅਹਿਸਾਸ ਹੋਇਆ।
ਉਹ ਕਹਿੰਦੇ ਹਨ,"ਲੋਕ ਮੇਰੀ ਆਵਾਜ਼ ਨੂੰ ਪਛਾਣਦੇ ਸਨ, ਸੁਣਦੇ ਸਨ। ਇਹ ਰੋਮਾਂਚਕ ਸੀ ਕਿਉਂਕਿ ਮੈਂ ਛੋਟੇ ਹੁੰਦਿਆਂ ਤੋਂ ਇਹ ਹੀ ਸੁਫ਼ਨਾ ਦੇਖਿਆ ਸੀ।"
'ਅਨਟਚੇਬਲ' ਦੀ ਕਾਮਯਾਬੀ ਤੋਂ ਬਾਅਦ ਜਦੋਂ ਲਾਕਡਾਊਨ ਦੀਆਂ ਰੋਕਾਂ ਹਟਾਈਆਂ ਗਈਆਂ ਤਾਂ ਮੈਨੂੰ ਕਾਮਯਾਬੀ ਦਾ ਅਹਿਸਾਸ ਹੋਇਆ। ਜਦੋਂ ਮੈਂ ਸੜਕ ’ਤੇ ਜਾਂਦਾ ਤਾਂ ਲੋਕ ਮੈਨੂੰ ਪਛਾਣਦੇ ਸਨ ‘ਤੇਗੀ, ਤੇਗੀ’ ਦੀਆਂ ਆਵਾਜ਼ਾਂ ਮੇਰੇ ਕੰਨੀਂ ਪੈਂਦੀਆਂ ਸਨ।”
"ਮੈਨੂੰ ਇਸਦੀ ਉਮੀਦ ਨਹੀਂ ਸੀ ਪਰ ਇਹ ਕਾਫ਼ੀ ਰੋਮਾਂਚਕ ਹੈ।"
“ਹੁਣ ਲੋਕ ਮੇਰੇ ਨਾਲ ਫੋਟੋਆਂ ਖਿਚਵਾਉਣਾ ਚਾਹੁੰਦੇ ਹਨ, ਉਹ ਮੇਰੇ ਬਾਰੇ ਹੋਰ ਜਾਣਨਾ ਚਾਹੁੰਦੇ ਹਨ।”

ਤਸਵੀਰ ਸਰੋਤ, TegiPannu/Insta
ਜ਼ਿੰਦਗੀ ਬਦਲਣਾ
ਤੇਗੀ ਕਹਿੰਦੇ ਹਨ ਕਿ ਹੁਣ ਉਨ੍ਹਾਂ ਦੇ ਮਾਤਾ-ਪਿਤਾ ਵੀ ਤੇਗੀ ’ਤੇ ਮਾਣ ਮਹਿਸੂਸ ਕਰਦੇ ਹਨ।
"ਹਰ ਕੋਈ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹੈ, ਹਰ ਹਫ਼ਤੇ ਲੋਕ ਉਨ੍ਹਾਂ ਦੇ ਘਰ ਆਉਂਦੇ ਹਨ। ਹੁਣ ਉਹ ਮਹਿਸੂਸ ਕਰ ਰਹੇ ਹਨ ਕਿ ਇਹ ਬਹੁਤ ਵੱਡੀ ਗੱਲ ਹੈ।"
ਪਰ ਉਨ੍ਹਾਂ ਦਾ ਸੁਫ਼ਨਾ ਇਸ ਤੋਂ ਕਿਤੇ ਵੱਡਾ ਹੈ। ਉਹ ਵੀ ਦਿਲਜੀਤ ਦੋਸਾਂਝ ਅਤੇ ਕਰਨ ਔਜਲਾ ਦੀ ਤਰ੍ਹਾਂ ਦੁਨੀਆਂ ਨੂੰ ਆਪਣੇ ਸੰਗੀਤ ਨਾਲ ਰੁਬਰੂ ਕਰਵਾਉਣਾ ਚਾਹੁੰਦੇ ਹਨ।
ਉਹ ਕਹਿੰਦੇ ਹਨ, "ਦਿਲਜੀਤ ਲਗਾਤਾਰ ਬਿਹਤਰ ਕਰ ਰਿਹਾ ਹੈ, ਉਹ ਉਹੀ ਕਰ ਰਹੇ ਜੋ ਉਨ੍ਹਾਂ ਨੂੰ (ਦਿਲਜੀਤ ਨੂੰ) ਪਸੰਦ ਹੈ। ਹਰ ਵਾਰ ਉਹ ਕੁਝ ਦਿਲਚਸਪ ਲੈ ਕੇ ਆਉਂਦੇ ਹਨ।”
“ਮੈਂ ਸਟੇਜ 'ਤੇ ਇੰਨਾ ਚੰਗਾ ਵਿਅਕਤੀ ਨਹੀਂ ਦੇਖਿਆ।”
ਤੇਗੀ ਕਹਿੰਦੇ ਹਨ,"ਕਰਨ ਦੀ ਰਚਨਾ ਅਤੇ ਬੋਲਾਂ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ।"

ਤਸਵੀਰ ਸਰੋਤ, TegiPannu/Insta
ਭਵਿੱਖ ਤੋਂ ਆਸਾਂ ਅਤੇ ਦਬਾਅ
ਕਈ ਗੀਤਾਂ ਦੇ ਹਿੱਟ ਹੋਣ ਮਗਰੋਂ ਹੁਣ ਤੇਗੀ 'ਤੇ ਵੀ ਸਫ਼ਲਤਾ ਅਤੇ ਭਵਿੱਖ ਵਿੱਚ ਬਿਹਤਰ ਗੀਤਾਂ ਦਾ ਨਿਰਮਾਣ ਕਰਨ ਦਾ ਦਬਾਅ ਹੈ।
ਜਿਵੇਂ ਕਿ ਨਵਾਂ ਰਿਲੀਜ਼ ਗੀਤ 'ਹੋਲਡ ਆਨ' ਜਿਸਨੂੰ ਉਹ "ਡਾਂਸ ਪੌਪ ਸਾਊਂਡ" ਵਜੋਂ ਬਿਆਨਦੇ ਹਨ, ਬਾਰੇ ਉਹ ਕਹਿੰਦੇ ਹਨ, “ਇੱਥੇ ਹਮੇਸ਼ਾ ਦਬਾਅ ਹੁੰਦਾ ਹੈ ਕਿਉਂਕਿ ਹਰ ਕੁਝ ਮਹੀਨਿਆਂ ਵਿੱਚ ਨਵਾਂ ਸੰਗੀਤ ਅਤੇ ਟੈਲੇਟ ਮੁਕਾਬਲੇ ਲਈ ਤੁਹਾਡੇ ਸਾਹਮਣੇ ਹੁੰਦਾ ਹੈ।”
"ਤੁਹਾਨੂੰ ਲਗਾਤਾਰ ਸੁਧਾਰ ਕਰਨਾ ਪਏਗਾ, ਨਵੀਂ ਤਕਨੀਕ ਅਤੇ ਸੰਗੀਤ ਨੂੰ ਸਮਝਣਾ ਪਏਗਾ। ਤੁਹਾਨੂੰ ਕੰਮ ਕਰਦੇ ਰਹਿਣਾ ਪਏਗਾ ਲਗਾਤਾਰ ਮਿਹਨਤ ਕਰਦੇ ਰਹਿਣਾ ਪਏਗਾ।"
ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਕੋਸ਼ਿਸ ਇਸ ਨੂੰ ਬਹੁਤ ਸਰਲ ਰੱਖਣ ਦੀ ਹੈ, "ਮੈਨੂੰ ਸੰਗੀਤ ਬਣਾਉਣਾ ਪਸੰਦ ਹੈ। ਜੇਕਰ ਮੈਨੂੰ ਕੋਈ ਸੰਗੀਤ ਪਸੰਦ ਹੈ, ਤਾਂ ਮੈਨੂੰ ਲੱਗਦਾ ਹੈ ਕਿ ਲੋਕ ਵੀ ਉਸ ਨੂੰ ਪਸੰਦ ਕਰਨਗੇ।”
"ਹਾਂ ਜੇਕਰ ਮੈਨੂੰ ਨਿੱਜੀ ਤੌਰ 'ਤੇ ਉਹ ਸੰਗੀਤ ਪਸੰਦ ਨਹੀਂ ਹੈ ਤਾਂ ਮੈਂ ਸਮਝਦਾਂ ਹਾਂ ਕਿ ਲੋਕ ਵੀ ਉਸ ਸੰਗੀਤ ਲਈ ਮੇਰੇ ਨਾਲ ਨਹੀਂ ਜੁੜ ਸਕਣਗੇ।"
ਉਹ ਇੱਕ ਹੋਰ ਸੰਗੀਤਕ ਸ਼ੈਲੀ 'ਕੰਟਰੀ ਮਿਊਜ਼ਿਕ' ਵਿੱਚ ਗਾਉਣ ਲਈ ਵੀ ਉਤਸ਼ਾਹਿਤ ਹਨ। ਆਮ ਤੌਰ ’ਤੇ ਪੰਜਾਬੀ ਦਰਸ਼ਕ ਸ਼ਾਇਦ ਇਸ ਤਰ੍ਹਾਂ ਦੀ ਸੁਰ ਨੂੰ ਪਸੰਦ ਨਹੀਂ ਕਰਦੇ।
ਪਰ ਤੇਗੀ ਇਸ ਤਰ੍ਹਾਂ ਨਹੀਂ ਸੋਚਦੇ।
ਉਹ ਕਹਿੰਦੇ ਹਨ,"ਜੇ ਤੁਸੀਂ ਪ੍ਰਯੋਗ ਨਹੀਂ ਕਰਦੇ, ਤਾਂ ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












