20 ਸਾਲ ਦੀ ਉਮਰ ਦੇ ਨੌਜਵਾਨ ਵੀ ਹੁਣ ਲੱਖਾਂ ਰੁਪਏ ਖਰਚ ਕਰਕੇ ਪਲਾਸਟਿਕ ਸਰਜਰੀ ਕਿਉਂ ਕਰਵਾ ਰਹੇ ਹਨ, ਕੀ ਹਨ ਇਸ ਨਾਲ ਜੁੜੇ ਜੋਖ਼ਮ

ਤਸਵੀਰ ਸਰੋਤ, @hotgirlenhancements
- ਲੇਖਕ, ਰੂਥ ਕਲੈਗ
- ਰੋਲ, ਹੈਲਥ ਰਿਪੋਰਟਰ
ਚਿਹਰੇ ਦੀ ਪਲਾਸਟਿਕ ਸਰਜਰੀ (ਫੇਸਲਿਫਟ) ਕਰਵਾਉਣ ਦਾ ਰੁਝਾਨ ਨੌਜਵਾਨਾਂ ਵਿੱਚ ਵੀ ਜ਼ੋਰ ਫੜ੍ਹ ਰਿਹਾ ਹੈ।
ਮੇਰੀ ਸੋਸ਼ਲ ਫੀਡ ਉਨ੍ਹਾਂ ਲੋਕਾਂ ਦੀਆਂ ਪੋਸਟਾਂ ਨਾਲ ਭਰੀ ਪਈ ਹੋ ਜੋ ਆਪਣੀ ਉਮਰ ਦੇ 20ਵਿਆਂ, 30ਵਿਆਂ ਵਿੱਚ ਹਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਫੇਸਲਿਫਟ ਜਿਵੇਂ- ਮਿੰਨੀ, ਪੋਨੀਟੇਲ ਅਤੇ ਡੀਪ ਪਲੇਨ ਆਦਿ ਦੀ ਚਰਚਾ ਕਰ ਰਹੇ ਹਨ।
ਉਹ ਦਿਲ ਲੰਘ ਗਏ ਜਦੋਂ ਫੇਸਲਿਫਟ ਸਿਰਫ਼ ਅਧਖੜ ਉਮਰ ਦੇ ਲੋਕਾਂ ਲਈ ਸਮਝਿਆ ਜਾਂਦਾ ਸੀ। ਹੁਣ ਨੌਜਵਾਨਾਂ ਵਿੱਚ ਵੀ ਇਸ ਦਾ ਰੁਝਾਨ ਜ਼ੋਰ ਫੜ੍ਹ ਰਿਹਾ ਹੈ।
ਕੁਝ ਲੋਕ ਖੁਸ਼ੀ-ਖੁਸ਼ੀ ਫੇਸਲਿਫਟ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪੋਸਟ ਕਰਦੇ ਹਨ। ਉਨ੍ਹਾਂ ਦੇ ਨੀਲ ਪਏ ਹੁੰਦੇ ਹਨ ਅਤੇ ਬਹੁਤ ਤਕਲੀਫ਼ ਝੱਲ ਕੇ ਠੀਕ ਹੁੰਦੇ ਹਨ।
ਇਹ ਹੁਣ ਕੋਈ ਬੁੱਕਲ ਦਾ ਚੋਰ ਨਹੀਂ ਹੈ, ਜਿਸ ਦਾ ਓਹਲਾ ਰੱਖਿਆ ਜਾ ਰਿਹਾ ਹੋਵੇ। ਕ੍ਰਿਸ ਜੇਨਰ, ਕੇਟ ਸੈਡਲਰ ਅਤੇ ਮਾਰਕ ਜੈਕਬਸ ਵਰਗੇ ਮਸ਼ਹੂਰ ਲੋਕਾਂ ਨੇ ਆਪਣੇ ਇਲਾਜ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਕਈ ਹੋਰ ਮਸ਼ਹੂਰ ਲੋਕਾਂ ਦੇ ਵੀ ਫੇਸਲਿਫਟ ਕਰਵਾਉਣ ਦੀ ਅਫ਼ਵਾਹ ਹੈ।
ਕਾਸਮੈਟਿਕ ਸਰਜਰੀਆਂ ਵਿੱਚ ਪ੍ਰਮੁੱਖ ਫੇਸਲਿਫਟ ਨੂੰ ਅਕਸਰ ਆਖ਼ਰੀ ਹਥਿਆਰ ਵਜੋਂ ਦੇਖਿਆ ਜਾਂਦਾ ਹੈ।
ਕੀ ਲੋਕ ਆਨਲਾਈਨ ਦੁਨੀਆਂ, ਜੋ ਅਕਸਰ ਝੂਠੀ ਹੁੰਦੀ ਹੈ, ਪਿੱਛੇ ਇੰਨੇ ਸ਼ੁਦਾਈ ਹੋ ਗਏ ਹਨ ਕਿ ਉਹ ਫੇਸਲਿਫਟ ਲਈ ਹਜ਼ਾਰਾਂ ਰੁਪਏ ਵੀ ਖ਼ਰਚ ਕਰਨ ਲਈ ਤਿਆਰ ਹਨ?
ਕੀ ਅਸੀਂ ਇੰਨੇ ਸਾਰੇ ਚੀਰਾ-ਰਹਿਤ ਤਰੀਕੇ, ਜਿਵੇਂ ਕਿ ਬੁਟੌਕਸ ਅਤੇ ਭਰਨਾ (ਫਿਲਰਸ), ਦੇਖ ਚੁੱਕੇ ਹਾਂ ਕਿ ਹੁਣ ਆਪਣੇ ਚਿਹਰੇ ਦੀਆਂ ਹੱਡੀਆਂ ਤੋਂ ਚਮੜੀ ਨੂੰ ਲਾਹੁਣ ਅਤੇ ਉਸ ਦੇ ਤੰਤੂਆਂ ਤੇ ਚਰਬੀ ਨੂੰ ਮੁੜ-ਤਰਤੀਬ ਦੇਣ ਲਈ ਇੱਕ ਤਰਕ ਸੰਗਤ ਅਤੇ ਦੂਰ-ਰਸੀ ਅਗਲਾ ਕਦਮ ਮਹਿਸੂਸ ਹੁੰਦਾ ਹੈ?

ਤਸਵੀਰ ਸਰੋਤ, @hotgirlenhancements
ʻਮੇਰੇ ਛੇ ਆਪਰੇਸ਼ਨ ਹੋਏ ਹਨʼ
ਐਮਿਲੀ ਲਈ ਨੇ 28 ਸਾਲ ਦੀ ਉਮਰ ਵਿੱਚ ਇੱਕ "ਤਰਾਸ਼ਿਆ ਹੋਇਆ ਰੂਪ" ਹਾਸਲ ਕਰਨ ਲਈ ਫੇਸਲਿਫਟ ਕਰਵਾਇਆ ਸੀ। ਉਹ ਇੱਕ ਤਿੱਖਾ ਜਬਾੜਾ, ਗੱਲਾਂ ਦੀਆਂ ਉੱਚੀਆਂ ਹੱਡੀਆਂ ਅਤੇ ਲੂੰਮੜੀ ਵਰਗੀਆਂ ਅੱਖਾਂ ਚਾਹੁੰਦੇ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਤੁਰਕੀ ਵਿੱਚ ਅਜਿਹਾ ਆਪ੍ਰੇਸ਼ਨ ਕਰਵਾਉਣਾ ਇੱਕ ਜ਼ਿੰਦਗੀ ਬਦਲਣ ਵਾਲਾ ਅਨੁਭਵ ਸੀ। ਉਨ੍ਹਾਂ ਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ।
ਉਹ ਦੱਸਦੇ ਹਨ, "ਕੁਲ ਮਿਲਾ ਕੇ ਮੇਰੇ ਛੇ ਅਪਰੇਸ਼ਨ ਹੋਏ। ਉਨ੍ਹਾਂ ਵਿੱਚ ਮੈਂ ਇੱਕ ਮਿਡ-ਫੇਸ ਲਿਫਟ, ਇੱਕ ਲਿਪ ਲਿਫਟ ਅਤੇ ਇੱਕ ਨੱਕ ਦੀ ਸਰਜਰੀ (ਰਾਈਨੋਪਲਾਸਟੀ) ਵੀ ਕਰਵਾਈ ਸੀ।"
ਟੋਰਾਂਟੋ ਦੀ ਇਸ ਕਾਰੋਬਾਰੀ ਔਰਤ ਨੇ ਇਸ ਬਾਰੇ ਦੱਸਦਿਆਂ ਕਿਹਾ, "ਜਦੋਂ ਉਹ ਬੇਹੋਸ਼ੀ ਵਿੱਚ ਜਾ ਰਹੇ ਸਨ ਤਾਂ ਸਰਜਨ ਨੇ ਉਨ੍ਹਾਂ ਦਾ ਪਸੰਦੀਦਾ ਗਾਣਾ ਵਜਾਇਆ ਸੀ। ਫਿਰ ਮੈਂ ਸੌਂ ਗਈ ਅਤੇ ਉੱਠੀ ਤਾਂ ਮੇਰਾ ਇੱਕ ਨਵਾਂ ਚਿਹਰਾ ਅਤੇ ਨਵਾਂ ਨੱਕ ਸੀ।"
ਠੀਕ ਹੋਣ ਵਿੱਚ ਬਹੁਤ ਸਮਾਂ ਲੱਗਿਆ, ਦਰਦ ਅਤੇ ਨੀਲ ਤਾਂ ਪਹਿਲੇ ਕੁਝ ਹਫ਼ਤਿਆਂ ਦੌਰਾਨ ਹੀ ਘਟਣ ਲੱਗੇ ਪਰ ਗੱਲਾਂ ਦੇ ਕੁਝ ਹਿੱਸਿਆਂ ਵਿੱਚ ਸੰਵੇਦਨਾ ਮੁੜ ਮਹਿਸੂਸ ਕਰਨ ਵਿੱਚ ਐਮਿਲੀ ਨੂੰ ਛੇ ਮਹੀਨੇ ਲੱਗ ਗਏ।
ਕੀ ਉਹ ਦੁਬਾਰਾ ਅਜਿਹਾ ਕਰਵਾਉਣਗੇ? ਉਨ੍ਹਾਂ ਨੂੰ ਇਸ ਬਾਰੇ ਕੁਝ ਝਿਜਕ ਹੈ।
ਉਹ ਆਖਦੇ ਹਨ, "ਆਪ੍ਰੇਸ਼ਨ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਬਦਲੀ ਹੈ। ਮੈਂ ਪਹਿਲਾਂ ਨਾਲੋਂ ਤੰਦਰੁਸਤ ਹਾਂ, ਮੈਂ ਘੱਟ ਸ਼ਰਾਬ ਪੀਂਦੀ ਹਾਂ, ਆਪਣੀ ਚਮੜੀ ਦਾ ਖ਼ਿਆਲ ਰੱਖਦੀ ਹਾਂ। ਜੇ ਮੈਨੂੰ ਉਹ ਸਭ ਪਤਾ ਹੁੰਦਾ ਜੋ ਮੈਂ ਹੁਣ ਜਾਣਦੀ ਹਾਂ ਤਾਂ ਮੈਂ ਇਸ ਵਿੱਚੋਂ ਕਦੇ ਨਾ ਲੰਘਦੀ।"
"ਮੇਰੀ ਮਾਂ ਨੂੰ ਤਾਂ ਇਸ ਬਾਰੇ ਉਦੋਂ ਤੱਕ ਪਤਾ ਨਹੀਂ ਲੱਗਿਆ ਜਦੋਂ ਤੱਕ ਕੁਝ ਦਿਨਾਂ ਬਾਅਦ ਮੈਂ ਆਪ ਨਹੀਂ ਦੱਸ ਦਿੱਤਾ।" ਅਜਿਹਾ ਕਹਿ ਕੇ ਉਹ ਰੁਕ ਕੇ ਆਪਣੇ ਕੀਤੀ ʼਤੇ ਵਿਚਾਰ ਕਰਦੇ ਹਨ।
"ਮੈਂ ਆਪਣਾ ਸਭ ਤੋਂ ਵਧੀਆ ਰੂਪ ਹਾਸਲ ਕਰਨਾ ਚਾਹੁੰਦੀ ਸੀ ਅਤੇ ਹੁਣ ਮੈਂ ਸੋਚਦੀ ਹਾਂ ਮੈਂ ਕਰ ਲਿਆ ਹੈ।"
ਫੇਸਲਿਫਟ ਵਿੱਚ 8 ਫੀਸਦ ਵਾਧਾ
ਬ੍ਰਿਟੇਨ ਦੀ ਐਸੋਸੀਏਸ਼ਨ ਆਫ ਅਸਥੈਟਿਕ ਪਲਾਸਟਿਕ ਸਰਜਰੀ (ਬਾਪਸ) (ਸੁਹੱਪਣ ਲਈ ਕੀਤੀ ਜਾਂਦੀ ਪਲਾਸਟਿਕ ਸਰਜਰੀ) ਦੇ ਡੇਟਾ ਮੁਤਾਬਕ ਪਿਛਲੇ 12 ਮਹੀਨਿਆਂ ਦੌਰਾਨ ਫੇਸਲਿਫਟ ਵਿੱਚ ਅੱਠ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਬ੍ਰਿਟੇਨ ਵਿੱਚ ਉਹ ਅੰਕੜਿਆਂ ਨੂੰ ਉਮਰ ਵਰਗ ਵਿੱਚ ਵੰਡ ਕੇ ਪੇਸ਼ ਨਹੀਂ ਕਰਦੇ ਪਰ ਕਈ ਮੈਂਬਰਾਂ ਮੁਤਾਬਕ ਇਸ ਵਿੱਚ ਬਦਲਾਅ ਆ ਰਿਹਾ ਹੈ।
ਇਹੀ ਰੁਝਾਨ ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਨ ਸੁਸਾਇਟੀ ਆਫ਼ ਪਲਾਸਟਿਕ ਸਰਜਨਸ ਮੁਤਾਬਕ ਜੈਨ-ਐਕਸ (45 ਤੋਂ 60 ਸਾਲ) ਦੇ ਲੋਕ ਫੇਸਲਿਫਟ ਵਧੇਰੇ ਕਰਵਾ ਰਹੇ ਹਨ।
ਬਾਪਸ ਦੇ ਮੁਖੀ, ਨੋਰਾ ਨਗੇਂਟ ਦਾ ਮੰਨਣਾ ਹੈ ਕਿ ਇਸ ਤਬਦੀਲੀ ਪਿੱਛੇ ਕਈ ਕਾਰਨ ਹਨ। ਜਿਨ੍ਹਾਂ ਵਿੱਚੋਂ ਇੱਕ ਭਾਰ ਘਟਾਉਣ ਦੀਆਂ ਦਵਾਈਆਂ ਦੀ ਵਰਤੋਂ ਵਿੱਚ ਹੋਇਆ ਵਾਧਾ ਵੀ ਹੈ।
ਉਹ ਕਹਿੰਦੇ ਹਨ, "ਇਨ੍ਹਾਂ ਦਵਾਈਆਂ ਨਾਲ ਭਾਰ ਘਟਾਉਣ ਕਾਰਨ ਬਹੁਤ ਸਾਰੀ ਵਾਧੂ ਚਮੜੀ ਬਚੀ ਰਹਿ ਸਕਦੀ ਹੈ। ਫੇਸਲਿਫਟ ਉਸ ਵਿੱਚ ਮਦਦ ਕਰ ਸਕਦਾ ਹੈ… ਤਕਨੀਕਾਂ ਬਹੁਤ ਜ਼ਿਆਦਾ ਵਿਕਸਿਤ ਹੋਈਆਂ ਹਨ। ਹੁਣ ਉਹ ਖਿੱਚੇ ਜਿਹੇ ਚਿਹਰੇ ਦਾ ਕੋਈ ਖ਼ਤਰਾ ਨਹੀਂ ਹੈ, ਜੋ ਅਸੀਂ ਕਈ ਸਾਲ ਪਹਿਲਾਂ ਦੇਖਦੇ ਸੀ।"
ਉਹ ਕਹਿੰਦੀ ਹੈ ਕਿ ਫਿਰ ਵੀ ਫੇਸਲਿਫਟ ਇੱਕ ਮਹੱਤਵਪੂਰਨ ਪ੍ਰਕਿਰਿਆ ਹੈ ਜੋ ਇੱਕ ਮਾਹਿਰ ਨੂੰ ਰਜਿਸਟਰਡ ਹਸਪਤਾਲ ਅਤੇ ਢੁਕਵੇਂ ਉਪਕਰਣਾਂ ਨਾਲ ਹੀ ਕਰਨੀ ਚਾਹੀਦੀ ਹੈ।
ਸਿਮੋਨ ਲੀ ਇੱਕ ਪਲਾਸਟਿਕ ਸਰਜਨ ਹਨ ਜਿਨ੍ਹਾਂ ਦਾ ਬ੍ਰਿਸਟਲ ਵਿੱਚ ਕਲੀਨਿਕ ਹੈ। ਸਿਮੋਨ ਲੀ ਨੇ ਸੈਂਕੜੇ ਫੇਸਲਿਫਟ ਕੀਤੇ ਹਨ। ਉਨ੍ਹਾਂ ਨੇ ਇੱਕ ਅਪਰੇਸ਼ਨ ਦੀ ਵੀਡੀਓ ਦਿਖਾਈ।
ਪੂਰੇ ਅਪਰੇਸ਼ਨ ਦੌਰਾਨ ਗਾਹਕ ਪੂਰੀ ਤਰ੍ਹਾਂ ਜਾਗ ਰਿਹਾ ਹੈ ਅਤੇ ਉਨ੍ਹਾਂ ਦੇ ਚਿਹਰੇ ਦੀ ਚਮੜੀ ਅਤੇ ਗਹਿਰੇ ਤੰਤੂਆਂ ਵਿੱਚ ਸੁੰਨ ਕਰਨ ਦੇ ਟੀਕੇ ਲਾਏ ਗਏ ਹਨ।

ਉਹ ਆਪਣੀ ਗਾਹਕ ਦੀ ਚਮੜੀ ਦੇ ਅੰਦਰ ਜਾਣ ਤੋਂ ਪਹਿਲਾਂ ਚਿਹਰੇ ਉੱਤੇ ਛੋਟੇ ਕੱਟ ਮਾਰਦੇ ਹਨ।
ਫਿਰ ਉਹ ਉਸ ਚਰਬੀ ਵਾਲੇ ਹਿੱਸੇ ਵਿੱਚ ਪਹੁੰਚਦੇ ਹਨ, ਜੋ ਸਾਡੇ ਚਿਹਰੇ ਦੇ ਹਾਵ-ਭਾਵ ਪ੍ਰਗਟਾਉਣ ਲਈ ਜ਼ਿੰਮੇਵਾਰ ਹੈ। ਫਿਰ ਉਹ ਡੂੰਘਾਈ ਵਿੱਚ ਜਾ ਕੇ ਚਿਹਰੇ ਨੂੰ ਮੁੜ ਤੋਂ ਆਕਾਰ ਦੇਣ ਲਈ ਤੰਤੂਆਂ ਨੂੰ ਮੁੜ ਤੋਂ ਤਰਤੀਬ ਦਿੰਦੇ ਹਨ।
ਜਿਉਂ ਹੀ ਉਨ੍ਹਾਂ ਨੇ ਆਪਣਾ ਕੰਮ ਮੁਕਾਇਆ ਚਾਰ ਘੰਟੇ ਤੋਂ ਛੁਰੀ ਹੇਠ ਪਈ ਗਾਹਕ ਨੇ ਸੁੱਖ ਦਾ ਸਾਹ ਲਿਆ ਅਤੇ ਮੁਸਕਰਾਈ।
ਲੀ ਮੁਤਾਬਕ ਫੇਸਲਿਫਟ ਪ੍ਰਤੀ ਖਿੱਚ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਚਿਹਰੇ ਅਤੇ ਗਰਦਨ ਉੱਪਰ ਇਹ ਅਪਰੇਸ਼ਨ ਕਰਨੇ ਪਹਿਲਾਂ ਨਾਲੋਂ ਬਹੁਤ ਸੌਖੇ ਹੋ ਗਏ ਹਨ। ਜੋ ਪਹਿਲਾਂ ਇੱਕ ਹਸਪਤਾਲ ਵਿੱਚ ਮਰੀਜ਼ ਨੂੰ ਬੇਹੋਸ਼ ਕਰ ਕੇ ਹੀ ਕੀਤੇ ਜਾਂਦੇ ਸਨ। ਉਹੀ ਹੁਣ ਲੀ ਆਪਣੇ ਕਲੀਨਿਕ ਵਿੱਚ ਬਿਨਾਂ ਬੇਹੋਸ਼ ਕੀਤਿਆਂ ਹੀ ਕਰ ਦਿੰਦੇ ਹਨ।
ਉਹ ਕਹਿੰਦੇ ਹਨ ਕਿ ਉਦਯੋਗ ਵਿੱਚ ਇਹ ਇੱਕ "ਉਤਸੁਕਤਾ ਵਾਲਾ ਸਮਾਂ" ਹੈ, ਚੀਜ਼ਾਂ ਤੇਜ਼ੀ ਨਾਲ ਬਦਲ ਰਹੀਆਂ ਹਨ। ਭਾਵੇਂ ਕਿ ਕਲਾਸਿਕ ਫੇਸਲਿਫਟ ਜੋ ਕਿ ਹੇਠਲੇ ਜਬਾੜੇ ਅਤੇ ਗਰਦਨ ਉੱਤੇ ਕੇਂਦਰਿਤ ਹੈ। ਨਵੇਂ ਇਲਾਜ ਵੀ ਹਨ ਜੋ ਚਿਹਰੇ ਦੇ ਉੱਪਰਲੇ ਦੋ ਤਿਹਾਈ ਹਿੱਸੇ ਨੂੰ ਨਿਸ਼ਾਨਾ ਬਣਾਉਂਦੇ ਹਨ।
ਇਸ ਦੇ ਨਾਲ ਹੀ, ਸਰਜਨ ਦੀ ਚੇਤਾਵਨੀ ਹੈ ਕਿ ਫੇਸਲਿਫਟ ਦੀ ਸਲਾਹ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਦਿੱਤੀ ਜਾਂਦੀ ਹੈ। ਲੇਕਿਨ ਕੋਈ ਵਿਅਕਤੀ ਜੋ ਆਪਣੀ ਉਮਰ ਦੇ 20ਵਿਆਂ ਜਾਂ 30ਵਿਆਂ ਵਿੱਚ ਹੈ, ਉਸ ਉੱਤੇ ਇਹ ਪ੍ਰਕਿਰਿਆ ਕਰਨਾ ਬਹੁਤ ਅਸਧਾਰਨ ਹੈ।
ਅਜਿਹੇ ਕੰਮ ਵਿੱਚ ਪੇਚੀਦਗੀਆਂ ਦਾ ਖ਼ਤਰਾ ਹੈ ਜਿਵੇਂ ਕਿ ਹੇਮਾਟੋਮਾ (ਚਮੜੀ ਦੇ ਹੇਠਾਂ ਖੂਨ ਇਕੱਠਾ ਹੋ ਜਾਣਾ) ਜੇ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਸਦੇ ਆਸ-ਪਾਸ ਦੇ ਤੰਤੂ ਮਰ ਜਾਂਦੇ ਹਨ, ਲਾਗ ਲੱਗ ਸਕਦੀ ਹੈ, ਨਸਾਂ ਦੀ ਚੋਟ ਅਤੇ ਐਲੋਪੇਸੀਆ ਵਿਕਸਿਤ ਹੋ ਸਕਦਾ ਹੈ।

ਤਸਵੀਰ ਸਰੋਤ, Julia Gilando
ਸਰਜਰੀ ਨਾਲ ਜੁੜੇ ਜੋਖ਼ਮ
ਬ੍ਰਿਟੇਨ ਵਿੱਚ ਇੱਕ ਫੇਸਲਿਫਟ ਦਾ ਔਸਤ ਖਰਚਾ 15,000-45,000 ਪੌਂਡ ਹੈ। ਲੇਕਿਨ ਅਜਿਹੇ ਵੀ ਕਲੀਨਿਕ ਹਨ ਜੋ 5,000 ਪੌਂਡ ਵਿੱਚ ਵੀ ਕਰ ਦਿੰਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਆਪਣੀ ਖ਼ੁਦ ਦੀ ਖੋਜ ਕਰਨਾ ਅਤੇ ਫੇਸਲਿਫਟ ਵਿੱਚ ਮਾਹਿਰ ਸਰਜਨ ਦੀ ਚੋਣ ਕਰਨਾ, ਮਹੱਤਵਪੂਰਨ ਹੈ।
ਜੂਲੀਆ ਗਿਲਾਂਡੋ (34) ਨੇ ਆਪਣੇ ਚਿਹਰੇ ਦਾ ਅਸਾਵਾਂਪਣ ਸਹੀ ਕਰਨ ਲਈ ਫੇਸਲਿਫਟ ਕਰਵਾਉਣ ਦਾ ਫੈਸਲਾ ਕੀਤਾ। ਪਹਿਲਾਂ ਉਨ੍ਹਾਂ ਨੇ ਆਪਣਾ ਹੇਠਲਾ ਜਬਾੜਾ ਠੀਕ ਕਰਵਾਇਆ ਸੀ। ਉਸ ਅਪਰੇਸ਼ਨ ਤੋਂ ਵੀ ਉਨ੍ਹਾਂ ਨੂੰ ਕੁਝ ਸਮੱਸਿਆਵਾਂ ਸਨ।
ਹਾਲਾਂਕਿ ਕਈ ਦੋਸਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਚਿਹਰੇ ਵਿੱਚ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ। ਲੇਕਿਨ ਉਨ੍ਹਾਂ ਨੇ ਆਪਣੀ, ਅੰਤਰ ਸੂਝ ਉੱਤੇ ਭਰੋਸਾ ਕੀਤਾ ਅਤੇ ਤੁਰਕੀ ਆ ਕੇ ਅਪਰੇਸ਼ਨ ਕਰਵਾਇਆ ਜਿਸ ਉੱਤੇ 8,000 ਪੌਂਡ ਦਾ ਖ਼ਰਚਾ ਆਇਆ।
ਤੁਰਕੀ ਵਿੱਚ ਕਾਸਮੈਟਿਕ ਸਰਜਰੀ ਕਰਵਾਉਣ ਨਾਲ ਜੁੜੇ ਖ਼ਤਰਿਆਂ ਦੀਆਂ ਚੇਤਾਵਨੀਆਂ ਦੇ ਬਾਵਜੂਦ, ਤੁਰਕੀ ਇਸ ਲਈ ਲਗਾਤਾਰ ਪ੍ਰਸਿੱਧ ਹੁੰਦਾ ਜਾ ਰਿਹਾ ਹੈ। ਜਿਸ ਦਾ ਮੁੱਖ ਕਾਰਨ ਘੱਟ ਕੀਮਤਾਂ ਹਨ।
ਪਹਿਲਾਂ ਤਾਂ ਮੈਨੂੰ ਇਹ ਪੂਰਾ ਵਿਚਾਰ ਹੀ ਪਾਗਲਪਣ ਲੱਗਿਆ, ਲੇਕਿਨ ਮੈਂ ਆਪਣੀ ਜਾਂਚ-ਪੜਤਾਲ ਕਰਕੇ ਅਜਿਹਾ ਕਰਨ ਦਾ ਫੈਸਲਾ ਕੀਤਾ।
"ਅਪਰੇਸ਼ਨ ਤੋਂ ਬਾਅਦ ਮੈਂ ਦੋ ਦਿਨ ਹਸਪਤਾਲ ਵਿੱਚ ਰਹੀ ਅਤੇ ਮੈਨੂੰ ਆਪਣੀ ਜ਼ਿੰਮੇਵਾਰੀ ਵੀ ਚੁੱਕਣੀ ਪਈ। ਮੈਂ ਇੰਨੀ ਸੁੱਜੀ ਹੋਈ ਸੀ ਕਿ ਮੈਥੋਂ ਦਿਖਾਈ ਵੀ ਨਹੀਂ ਦੇ ਰਹੀ ਸੀ ਸੀ।"
"ਕੁਝ ਹਨੇਰੇ ਪਲ ਸਨ, ਇਹ ਭਾਵਨਾਵਾਂ ਦੀ ਚੰਡੋਲ ਸੀ, ਤੁਸੀਂ ਇਸ ਉੱਪਰੋ-ਥੱਲੀ ਵਿੱਚੋਂ ਗੁਜ਼ਰਦੇ ਹੋ।"

ਤਸਵੀਰ ਸਰੋਤ, Caroline Stanbury
ਇਸ ਬਾਰੇ ਵੀ ਸਵਾਲ ਹਨ ਕਿ ਕੀ ਕਾਸਮੈਟਿਕ ਸਰਜਰੀ ਦੇ ਅਪਰੇਸ਼ਨ ਉਹ ਸਵੈ-ਭਰੋਸਾ ਦਿੰਦੇ ਹਨ ਜਿਸ ਦੀ ਇੰਡਸਟਰੀ ਮਸ਼ਹੂਰੀ ਕਰਦੀ ਹੈ।
ਯੂਨੀਵਰਸਿਟੀ ਆਫ ਵੈਸਟ ਇੰਗਲੈਂਡ ਦੇ ਸੈਂਟਰ ਫਾਰ ਅਪੀਅਰੈਂਸ ਰਿਸਰਚ ਵਿੱਚ ਸਰੀਰਕ ਅਕਸ ਦੇ ਮਾਹਿਰ ਡਾ਼ ਕ੍ਰਿਸਟੀ ਗਾਰਬੇਟ ਕਹਿੰਦੇ ਹਨ, "ਮੈਂ ਸੋਚਦੀ ਹਾਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਦਬਾਅ ਹੈ।"
"ਖਾਸ ਕਰਕੇ ਚਿਹਰੇ ਨੂੰ ਲੈ ਕੇ ਸੀਂ ਆਪਣੇ-ਆਪ ਨੂੰ ਵੀਡੀਓ ਕਾਲਾਂ ਅਤੇ ਸੋਸ਼ਲ ਮੀਡੀਆ ਉੱਤੇ ਦੇਖਦੇ ਹਾਂ। ਅਸੀਂ ਬੜੇ ਸੁਖਾਲੇ ਹੀ ਆਪਣੀ ਤੁਲਨਾ ਦੂਜਿਆਂ ਨਾਲ ਕਰ ਲੈਂਦੇ ਹਾਂ।"
ਉਹ ਕਹਿੰਦੇ ਹਨ, "ਜੋ ਅਸੀਂ ਦੇਖ ਰਹੇ ਹਾਂ ਜ਼ਰੂਰੀ ਨਹੀਂ ਉਹ ਅਸਲੀਅਤ ਦਾ ਸੱਚਾ ਅਕਸ ਹੋਵੇ।"
"ਏਆਈ, ਫਿਲਟਰਸ, ਸਾਰਾ ਕੁਝ ਇੱਕ ਝੂਠੀ ਆਨਲਾਈਨ ਦੁਨੀਆਂ ਸਿਰਜਣ ਵਿੱਚ ਭੂਮਿਕਾ ਨਿਭਾਉਂਦੇ ਹਨ। ਉਸੇ ਸਮੇਂ ਅਸੀਂ ਦੇਖਦੇ ਹਾਂ ਕਿ ਕਾਸਮੈਟਿਕ ਪ੍ਰਕਿਰਿਆਵਾਂ ਨੂੰ ਆਮ ਮੰਨਿਆ ਜਾਣ ਲੱਗਿਆ ਹੈ।"
ਜੋ ਮਸ਼ਹੂਰ ਲੋਕ ਇਸ ਬਾਰੇ ਖੁੱਲ੍ਹ ਕੇ ਬੋਲ ਰਹੇ ਹਨ, ਉਹ ਕੁਝ ਹੱਦ ਤੱਕ ਤਾਂ ਚੰਗੀ ਗੱਲ ਹੈ। ਲੇਕਿਨ ਇਸਦਾ ਸਧਾਰਨੀਕਰਨ ਵੀ ਕਰਦਾ ਹੈ "ਜਿਵੇਂ ਜ਼ਿੰਦਗੀ ਦਾ ਕੋਈ ਹਿੱਸਾ ਜੋ ਕਿ ਵਾਕਈ ਚਿੰਤਾਜਨਕ" ਹੈ।
ਕੈਰੋਲਿਨ ਸਟੈਨਬਰੀ, ਟੀਵੀ ਪੇਸ਼ਕਾਰ ਹਨ ਅਤੇ ਰੀਅਲ ਹਾਊਸਵਾਈਵਸ ਆਫ਼ ਦੁਬਈ ਵਿੱਚੋਂ ਇੱਕ ਹਨ। ਉਨ੍ਹਾਂ ਨੇ ਦੋ ਸਾਲ ਪਹਿਲਾਂ 47 ਸਾਲ ਦੀ ਉਮਰ ਵਿੱਚ ਫੇਸਲਿਫਟ ਕਰਵਾਇਆ ਸੀ। ਹਾਲਾਂਕਿ ਉਨ੍ਹਾਂ ਨੂੰ ਸਾਰੇ ਛੋਟੀ ਉਮਰ ਕਰਕੇ ਅਜਿਹਾ ਨਾ ਕਰਵਾਉਣ ਲਈ ਕਹਿ ਰਹੇ ਸਨ।
ਉਹ ਕਹਿੰਦੇ ਹਨ, "ਇਹ ਸਭ ਤੋਂ ਵਧੀਆ ਚੀਜ਼ ਹੈ ਜੋ ਮੈਂ ਕੀਤੀ ਹੈ। ਮੈਂ 60ਵਿਆਂ ਤੱਕ ਕਿਉਂ ਉਡੀਕ ਕਰਾਂ ਜਦੋਂ ਮੈਨੂੰ ਇਸਦੀ ਲੋੜ ਹੋਵੇਗੀ? ਮੈਂ ਹੁਣ ਵਧੀਆ ਲੱਗਣਾ ਅਤੇ ਮਹਿਸੂਸ ਕਰਨਾ ਚਾਹੁੰਦੀ ਹਾਂ।"
ਵੀਹ ਸਾਲਾਂ ਤੋਂ ਨਿਯਮਿਤ ਬੁਟੌਕਸ ਅਤੇ ਫਿਲਰ ਲਵਾਉਣ ਤੋਂ ਬਾਅਦ ਉਨ੍ਹਾਂ ਨੂੰ ਲੱਗਿਆ ਜਿਵੇਂ ਉਹ ਅਜੀਬ ਦਿਸਣ ਲੱਗੇ ਹਨ।
ਉਨ੍ਹਾਂ ਨੇ ਅਮਰੀਕਾ ਵਿੱਚ ਡੀਪ ਪਲੇਨ ਫੇਸਲਿਫਟ ਕਰਵਾਉਣ ਦੇ 45,000 ਡਾਲਰ ਚੁਕਾਏ।
ਉਹ ਕਹਿੰਦੇ ਹਨ, "ਮੈਂ ਅਜੇ ਵੀ ਮੈਂ ਲਗਦੀ ਹਾਂ ਅਤੇ ਇਸ ਪ੍ਰਕਿਰਿਆ ਨੇ ਵਧੀਆ ਮਹਿਸੂਸ ਕਰਨ ਦੇ 20 ਸਾਲ ਹੋਰ ਦੇ ਦਿੱਤੇ ਹਨ।"
ਅਲੈਕਸਿਸ ਵਰਪੀਲ, ਬੈਲਜੀਅਮ ਵਿੱਚ ਇੱਕ ਪਲਾਸਟਿਕ ਸਰਜਨ ਹਨ। ਉਨ੍ਹਾਂ ਕੋਲ ਬ੍ਰਿਟੇਨ ਸਮੇਤ ਪੂਰੀ ਦੁਨੀਆਂ ਤੋਂ ਗਾਹਕ ਆਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਹਿਸਾਬ ਨਾਲ ਨੌਜਵਾਨ ਲੋਕ ਉਨ੍ਹਾਂ ਕੋਲ ਇਲਾਜ ਲਈ ਆ ਰਹੇ ਹਨ, ਉਹ ਉਸ ਤੋਂ ਚਿੰਤਤ ਹਨ।
ਉਹ ਅਕਸਰ ਇਨ੍ਹਾਂ ਗਾਹਕਾਂ ਨਾਲ ਅਜਿਹੇ ਹੋਰ ਤਰੀਕਿਆਂ ਬਾਰੇ ਵੇਰਵੇ ਨਾਲ ਗੱਲ ਕਰਦੇ ਹਨ ਜਿਨ੍ਹਾਂ ਨਾਲ ਚੀਰ-ਫਾੜ ਤੋਂ ਬਿਨਾਂ ਵੀ ਖਾਸ ਕਿਸਮ ਦੀ ਦਿੱਖ ਹਾਸਲ ਕੀਤੀ ਜਾ ਸਕਦੀ ਹੈ।
ਉਹ ਦੱਸਦੇ ਹਨ, "ਜੇ ਉਹ 20ਵਿਆਂ ਵਿੱਚ ਫੇਸਲਿਫਟ ਕਰਵਾਉਂਦੇ ਹਨ ਅਤੇ ਸਾਨੂੰ ਪਤਾ ਹੈ ਕਿ ਮੰਨ ਲਓ ਇਹ 10,15 ਸਾਲ ਚਲਦੀ ਹੈ।"
ਉਹ ਅੱਗੇ ਦੱਸਦੇ ਹਨ, "ਇਸ ਲਈ 60 ਸਾਲ ਦੀ ਉਮਰ ਤੱਕ ਉਹ ਤਿੰਨ ਫੇਸਲਿਫਟ ਕਰਵਾ ਚੁੱਕੇ ਹੋਣਗੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












