‘ਵੈਂਪਾਇਰ ਫੇਸ਼ੀਅਲ’ ਕੀ ਹੁੰਦਾ ਹੈ, ਇਹ ਕਰਵਾਉਣ ਨਾਲ ਕਿਵੇਂ 3 ਔਰਤਾਂ ਨੂੰ ਲੱਗੀ ਐੱਚਆਈਵੀ ਦੀ ਲਾਗ

ਤਸਵੀਰ ਸਰੋਤ, Getty Images
- ਲੇਖਕ, ਨਦੀਨ ਯੂਸਿਫ਼
- ਰੋਲ, ਬੀਬੀਸੀ ਪੱਤਰਕਾਰ
‘ਵੈਂਪਾਇਰ ਫੇਸ਼ੀਅਲ’ ਕਰਾਉਣ ਤੋਂ ਬਾਅਦ ਐੱਚਆਈਵੀ ਲਾਗ ਦਾ ਸ਼ਿਕਾਰ ਬਣਨ ਵਾਲੀਆਂ ਔਰਤਾਂ ਬਾਰੇ ਇੱਕ ਤਾਜ਼ਾ ਰਿਪੋਰਟ ਨੇ ਕੁਝ ਕੌਸਮੈਟਿਕ ਪ੍ਰਕਿਰਿਆਵਾਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੀ ਰਿਪੋਰਟ ਮੁਤਬਾਕ 2018 ਵਿੱਚ ਨਿਊ ਮੈਕਸੀਕੋ ਦੇ ਇੱਕ ਸਪਾ ਵਿੱਚ ਘੱਟੋ ਘੱਟ ਤਿੰਨ ਔਰਤਾਂ ਐੱਚਆਈਵੀ ਦੀ ਲਾਗ ਦਾ ਸ਼ਿਕਾਰ ਹੋ ਗਈਆਂ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਮਾਮਲੇ ਲਾਗ ਫੈਲਣ ਦੇ ਨਵੇਂ ਤਰੀਕਿਆਂ ਵੱਧ ਧਿਆਨ ਖਿੱਚਦੇ ਹਨ।
ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਅਮਰੀਕਾ ਵਿੱਚ ਕੌਸਮੈਟਿਕ ਪ੍ਰਕਿਰਿਆ ਨਾਲ ਸਬੰਧਤ ਐੱਚਆਈਵੀ ਦੀ ਲਾਗ ਦਾ ਸਾਹਮਣੇ ਆਇਆ ਪਹਿਲਾ ਮਾਮਲਾ ਹੈ।
ਪਰ ਅਸਲ ਵਿੱਚ ‘ਵੈਂਪਾਇਰ ਫੇਸ਼ੀਅਲ’ ਕੀ ਹੈ ਅਤੇ ਇਸ ਨੂੰ ਕਰਾਉਣ ਤੋਂ ਬਾਅਦ ਔਰਤਾਂ ਐੱਚਆਈਵੀ ਲਾਗ ਦਾ ਸ਼ਿਕਾਰ ਕਿਵੇਂ ਬਣੀਆਂ?
ਇਸ ਦੇ ਨਾਲ ਹੀ ਕੌਸਮੈਟਿਕ ਇਲਾਜ ਕਰਵਾਉਣ ਵੇਲੇ ਲੋਕ ਆਪਣੇ ਆਪ ਨੂੰ ਲਾਗ ਤੋਂ ਸੁਰੱਖਿਅਤ ਰੱਖਣ ਲਈ ਕੀ ਕਰ ਸਕਦੇ ਹਨ?
ਅਸੀਂ ਇਸ ਸਬੰਧੀ ਕੀ ਜਾਣਦੇ ਹਾਂ ਅਤੇ ਮਾਹਿਰ ਕੀ ਸਲਾਹ ਦਿੰਦੇ ਹਨ।

ਤਸਵੀਰ ਸਰੋਤ, Instagram/Kim Kardashian
ਵੈਂਪਾਇਰ ਫੇਸ਼ੀਅਲ ਕੀ ਹੈ?
‘ਵੈਂਪਾਇਰ ਫੇਸ਼ੀਅਲ’ ਸ਼ਬਦ ਪਲੇਟਲੇਟ-ਰਿਚ ਪਲਾਜ਼ਮਾ ਜਾਂ ਉਸ ਦੇ ਛੋਟੇ ਰੂਪ ‘ਪੀਆਰਪੀ’ ਫੇਸ਼ੀਅਲ ਲਈ ਆਮ ਬੋਲਚਾਲ ਵਿੱਚ ਵਰਤਿਆ ਜਾਂਦਾ ਹੈ।
ਇਸ ਵਿੱਚ ਮਰੀਜ਼ ਦਾ ਖੂਨ ਕੱਢਿਆ ਜਾਂਦਾ ਹੈ ਅਤੇ ਫਿਰ ਇੱਕ ਸੈਂਟਰਿਫਿਊਜ ਦੀ ਵਰਤੋਂ ਕਰਕੇ ਉਸ ਵਿੱਚੋਂ ਪਲੇਟਲੇਟ-ਰਿਚ ਪਲਾਜ਼ਮਾ ਨੂੰ ਅਲੱਗ ਕੀਤਾ ਜਾਂਦਾ ਹੈ। ਫਿਰ ਇਸ ਪਲਾਜ਼ਮਾ ਦੇ ਛੋਟੀ ਸੂਈ ਦੀ ਮਦਦ ਨਾਲ ਚਿਹਰੇ ’ਤੇ ਟੀਕੇ ਲਗਾਏ ਜਾਂਦੇ ਹਨ।
ਕਿਹਾ ਜਾਂਦਾ ਹੈ ਕਿ ਇਹ ਪ੍ਰਕਿਰਿਆ ਨਵੇਂ ਕੋਲਾਜਨ ਅਤੇ ਇਲਾਸਟਿਨ ਦੇ ਉਤਪਾਦਨ ਨੂੰ ਉਤੇਜਿਤ ਕਰਕੇ ਚਮੜੀ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ, ਜੋ ਝੁਰੜੀਆਂ ਅਤੇ ਮੁਹਾਂਸਿਆਂ ਦੇ ਦਾਗਾਂ ਨੂੰ ਘਟਾ ਸਕਦਾ ਹੈ।
ਵੈਂਪਾਇਰ ਫੇਸ਼ੀਅਲ ਕਾਫ਼ੀ ਸਮੇਂ ਤੋਂ ਪ੍ਰਚੱਲਿਤ ਹੈ। ਰਿਐਲਿਟੀ ਟੈਲੀਵਿਜ਼ਨ ਸਟਾਰ ਕਿਮ ਕਾਰਦਾਸ਼ੀਅਨ ਨੇ 2013 ਵਿੱਚ ਇੱਕ ਸੈਲਫੀ ਸਾਂਝੀ ਕੀਤੀ ਸੀ ਜਿਸ ਵਿੱਚ ਉਸ ਦਾ ਚਿਹਰਾ ਖੂਨ ਨਾਲ ਲਥਪਥ ਦਿਖਾਈ ਦੇ ਰਿਹਾ ਸੀ।
ਕੁਝ ਸਾਲਾਂ ਬਾਅਦ ਕਾਰਦਾਸ਼ੀਅਨ ਨੇ ਕਿਹਾ ਕਿ ਉਹ ਦੁਬਾਰਾ ਇਹ ਇਲਾਜ ਨਹੀਂ ਕਰਵਾਉਣਗੇ। ਉਸ ਨੇ ਆਪਣੀ ਵੈੱਬਸਾਈਟ ’ਤੇ ਲਿਖਿਆ ਕਿ, “ਇਹ ਮੇਰੇ ਲਈ ਅਸਲ ਵਿੱਚ ਮੁਸ਼ਕਿਲ ਅਤੇ ਦਰਦਨਾਕ ਪ੍ਰਕਿਰਿਆ ਸੀ।’’
ਔਨਲਾਈਨ ਪ੍ਰੋਵਾਈਡਰਾਂ ਦੇ ਅੰਦਾਜ਼ੇ ਅਨੁਸਾਰ, ਲਾਇਸੈਂਸਸ਼ੁਦਾ ਮੈਡੀਕਲ ਸਪਾ ਵਿੱਚ ਇਸ ਦੇ ਇਲਾਜ ਦੀ ਲਾਗਤ 1,000 ਡਾਲਰ ਤੋਂ 2,000 ਡਾਲਰ (1,600 ਪੌਂਡ) ਦੇ ਵਿਚਕਾਰ ਹੋ ਸਕਦੀ ਹੈ।

ਤਸਵੀਰ ਸਰੋਤ, Getty Images
ਔਰਤਾਂ ਨੂੰ ਐੱਚਆਈਵੀ ਦੀ ਲਾਗ ਕਿਵੇਂ ਲੱਗੀ
2018 ਦੀਆਂ ਗਰਮੀਆਂ ਵਿੱਚ ਸੀਡੀਸੀ ਨੇ ਇੱਕ ਅਮਰੀਕੀ ਔਰਤ ਬਾਰੇ ਜਾਂਚ ਕੀਤੀ ਸੀ, ਜਿਸ ਦੀ ਉਮਰ 40 ਅਤੇ 50 ਦੇ ਵਿਚਕਾਰ ਸੀ।
ਜਦੋਂ ਉਹ ਵਿਦੇਸ਼ ਵਿੱਚ ਸੀ ਤਾਂ ਐੱਚਆਈਵੀ ਰਿਪੋਰਟ ਆਈ ਸੀ, ਜੋ ਪਾਜ਼ੇਟਿਵ ਸੀ।
ਉਸ ਔਰਤ ਨੇ ਨਾ ਤਾਂ ਕੋਈ ਡਰੱਗ ਲੈਣ ਲਈ ਟੀਕੇ ਦੀ ਵਰਤੋਂ ਕੀਤੀ ਸੀ ਅਤੇ ਨਾ ਹੀ ਉਸ ਨੇ ਹਾਲ ਹੀ ਵਿੱਚ ਖੂਨ ਚੜ੍ਹਾਇਆ ਸੀ।
ਆਪਣੇ ਮੌਜੂਦਾ ਸਾਥੀ ਤੋਂ ਇਲਾਵਾ ਉਸ ਨੇ ਕਿਸੇ ਹੋਰ ਨਾਲ ਹਾਲ ਹੀ ਵਿੱਚ ਜਿਨਸੀ ਸਬੰਧ ਵੀ ਨਹੀਂ ਬਣਾਏ ਸਨ।
ਹਾਲਾਂਕਿ, ਉਸ ਨੇ ਉਸ ਸਾਲ ਦੀ ਸ਼ੁਰੂਆਤ ਵਿੱਚ ਨਿਊ ਮੈਕਸੀਕੋ ਦੇ ਇੱਕ ਸਪਾ ਵਿੱਚ ਵੈਂਪਾਇਰ ਫੇਸ਼ੀਅਲ ਕਰਵਾਉਣ ਬਾਰੇ ਜਾਣਕਾਰੀ ਦਿੱਤੀ ਸੀ।
ਜਦੋਂ ਸੀਡੀਸੀ ਨੇ ਸਪਾ ਦੀ ਜਾਂਚ ਕੀਤੀ ਤਾਂ ਉਹ ਬੁਟੌਕਸ ਸਮੇਤ ਇੰਜੈਕਸ਼ਨ ਰਾਹੀਂ ਦਿੱਤੀਆਂ ਜਾਣ ਵਾਲੀਆਂ ਹੋਰ ਸੇਵਾਵਾਂ ਵੀ ਪ੍ਰਦਾਨ ਕਰਦੇ ਸਨ।
ਬਾਅਦ ਵਿੱਚ ਖੁਲਾਸਾ ਹੋਇਆ ਕਿ ਇਹ ਸਪਾ ਬਿਨਾਂ ਲਾਇਸੈਂਸ ਤੋਂ ਹੀ ਕੰਮ ਕਰ ਰਿਹਾ ਸੀ ਅਤੇ ਇਸ ਵਿੱਚ ‘ਬਹੁਤ ਸਾਰੀਆਂ ਅਸੁਰੱਖਿਅਤ ਲਾਗ ਨਿਯੰਤਰਣ ਸੇਵਾਵਾਂ’ ਪ੍ਰਦਾਨ ਕੀਤੀਆਂ ਜਾਂਦੀਆਂ ਸਨ।
ਇਸ ਵਿੱਚ ‘ਖੂਨ ਦੀਆਂ ਬਿਨ੍ਹਾਂ ਲੇਬਲ ਕੀਤੀਆਂ ਟਿਊਬਾਂ ਅਤੇ ਮੈਡੀਕਲ ਟੀਕੇ’ ਸ਼ਾਮਲ ਸਨ ਜੋ ਭੋਜਨ ਦੇ ਕੋਲ ਹੀ ਰਸੋਈ ਦੇ ਫਰਿੱਜ ਵਿੱਚ ਰੱਖੇ ਗਏ ਸਨ। ਇਸ ਦੇ ਨਾਲ ਹੀ ਦਰਾਜ਼ਾਂ ਅਤੇ ਕਾਊਂਟਰਾਂ ’ਤੇ ‘ਬਿਨਾਂ ਪੈਕਿੰਗ ਤੋਂ ਸਰਿੰਜਾਂ’ ਵੀ ਖਿੰਡੀਆਂ ਪਈਆਂ ਸਨ।
ਕੁਝ ਖੂਨ ਦੀਆਂ ਸ਼ੀਸ਼ੀਆਂ ਅਜਿਹੀਆਂ ਨਜ਼ਰ ਆ ਰਹੀਆਂ ਸਨ ਜੋ ਸ਼ਾਇਦ ਮੁੜ ਵਰਤੋਂ ਵਿੱਚ ਲਿਆਂਈਆਂ ਜਾਂਦੀਆਂ ਸਨ।
ਸੀਡੀਸੀ ਨੇ ਘੱਟੋ-ਘੱਟ ਇੱਕ ਗਾਹਕ ਦੀ ਪਛਾਣ ਕੀਤੀ ਸੀ, ਜਿਸ ਨੇ ਸਪਾ ਵਿੱਚ ਜਾਣ ਤੋਂ ਪਹਿਲਾਂ ਐੱਚਆਈਵੀ ਪਾਜ਼ੇਟਿਵ ਟੈਸਟ ਕੀਤਾ ਸੀ।
ਸਿਹਤ ਏਜੰਸੀ ਨੂੰ ਉਦੋਂ ਤੋਂ ਇਸ ਸਪਾ ਤੋਂ ਐੱਚਆਈਵੀ ਦੇ ਪੰਜ ਮਾਮਲੇ ਮਿਲੇ ਸਨ, ਜਿਨ੍ਹਾਂ ਵਿੱਚ ਚਾਰ ਔਰਤਾਂ ਸ਼ਾਮਲ ਹਨ ਜਿਨ੍ਹਾਂ ਨੇ 2018 ਵਿੱਚ ਮਈ ਅਤੇ ਸਤੰਬਰ ਵਿਚਕਾਰ ਵੈਂਪਾਇਰ ਫੇਸ਼ੀਅਲ ਟ੍ਰੀਟਮੈਂਟ ਕਰਵਾਇਆ ਸੀ। ਇੱਕ ਆਦਮੀ ਸੀ ਜੋ ਕਿਸੇ ਔਰਤ ਨਾਲ ਰੋਮਾਂਟਿਕ ਰਿਸ਼ਤੇ ਵਿੱਚ ਬੱਝਿਆ ਹੋਇਆ ਸੀ।
ਸੀਡੀਸੀ ਨੇ ਕਿਹਾ ਕਿ ਰਿਸ਼ਤੇ ਵਿੱਚ ਰਹਿਣ ਵਾਲੇ ਉਕਤ ਮਰਦ ਅਤੇ ਔਰਤ ਵਿੱਚ ਐੱਚਆਈਵੀ ਲਾਗ ਦੇ ਅਖੀਰਲੇ ਪੜਾਅ ਦੇ ਸੰਕੇਤ ਮਿਲੇ ਹਨ ਕਿ ਸਪਾ ਵਿੱਚ ਫੇਸ਼ੀਅਲ ਕਰਾਉਣ ਤੋਂ ਪਹਿਲਾਂ ਹੀ ਉਹ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਏ ਸਨ।
ਸਪਾ ਨੂੰ 2018 ਦੇ ਅਖੀਰ ਵਿੱਚ ਬੰਦ ਕਰਵਾਇਆ ਗਿਆ ਸੀ ਅਤੇ ਇਸ ਦੀ ਸਾਬਕਾ ਮਾਲਕ 62 ਸਾਲਾ ਮਾਰੀਆ ਡੀ ਲੌਰਡੇਸ ਰਾਮੋਸ ਡੀ ਰੂਇਜ਼ ਹੁਣ ਸਾਢੇ ਤਿੰਨ ਸਾਲ ਦੀ ਕੈਦ ਦੀ ਸਜ਼ਾ ਕੱਟ ਰਹੀ ਹੈ।
ਉਨ੍ਹਾਂ ਨੇ 2022 ਵਿੱਚ ਬਿਨਾਂ ਲਾਇਸੈਂਸ ਤੋਂ ਇਹ ਸੇਵਾਵਾਂ ਪ੍ਰਦਾਨ ਕਰਨ ਦਾ ਅਪਰਾਧ ਸਵੀਕਾਰ ਕਰ ਲਿਆ ਹੈ।

ਤਸਵੀਰ ਸਰੋਤ, Getty Images
ਕੀ ਵੈਂਪਾਇਰ ਫੇਸ਼ੀਅਲ ਕਿੰਨੀ ਸੁਰੱਖਿਅਤ
ਵੈਂਪਾਇਰ ਫੇਸ਼ੀਅਲ ਬਾਰੇ ਸੈਂਕੜੇ ਪ੍ਰਕਾਸ਼ਿਤ ਮੈਡੀਕਲ ਖੋਜ ਪੱਤਰ ਅਤੇ ਟਰਾਇਲ ਹੋਏ ਹਨ ਜੋ ਸੁਝਾਉਂਦੇ ਹਨ ਕਿ ਇਹ ਖੇਡਣ ਦੌਰਾਨ ਲੱਗੀਆਂ ਸੱਟਾਂ, ਫਿਣਸੀਆਂ, ਐਕਜ਼ਿਮਾ (ਚਮੜੀ ਦੀ ਖਾਜ ਦੀ ਬਿਮਾਰੀ) ਅਤੇ ਚਮੜੀ ਦੀਆਂ ਹੋਰ ਸਥਿਤੀਆਂ ਲਈ ਪ੍ਰਭਾਵਸ਼ਾਲੀ ਹਨ।
ਅਮੈਰੀਕਨ ਅਕੈਡਮੀ ਆਫ਼ ਡਰਮਾਟੋਲੋਜੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਹੀ ਢੰਗ ਨਾਲ ਕੀਤੇ ਜਾਣ ’ਤੇ ਇਹ ਪ੍ਰਕਿਰਿਆ ਸੁਰੱਖਿਅਤ ਜਾਪਦੀ ਹੈ।
ਐਸੋਸੀਏਸ਼ਨ ਦਾ ਕਹਿਣਾ ਹੈ, ‘‘ਤੁਹਾਨੂੰ ਬਾਅਦ ਵਿੱਚ ਥੋੜ੍ਹਾ ਜਿਹਾ ਦਰਦ ਜਾਂ ਸੱਟ ਲੱਗਣ ਵਰਗਾ ਮਹਿਸੂਸ ਹੋਣਾ ਅਤੇ ਸੋਜ ਹੋ ਸਕਦੀ ਹੈ। ਪਰ ਇਹ ਕੁਝ ਦਿਨਾਂ ਵਿੱਚ ਠੀਕ ਹੋ ਜਾਂਦੇ ਹਨ।’’
ਸਭ ਤੋਂ ਵੱਡਾ ਖ਼ਤਰਾ ਇਲਾਜ ਪ੍ਰਦਾਨ ਕਰਨ ਵਾਲੇ ਸਥਾਨ ਵਲੋਂ ਖ਼ੂਨ ਕਿਵੇਂ ਸੰਭਾਲਿਆ ਜਾਂਦਾ ਹੈ ਇਸ ਤੋਂ ਪੈਦਾ ਹੁੰਦਾ ਹੈ।
ਐਸੋਸੀਏਸ਼ਨ ਦਾ ਕਹਿਣਾ ਹੈ, ‘‘ਇਹ ਜ਼ਰੂਰੀ ਹੈ ਕਿ ਤੁਹਾਡੇ ਸਰੀਰ ਵਿੱਚੋਂ ਕੱਢੇ ਗਏ ਖੂਨ ਨੂੰ ਕੀਟਾਣੂ ਰਹਿਤ ਰੱਖਿਆ ਜਾਵੇ। ਨਹੀਂ ਤਾਂ, ਤੁਹਾਨੂੰ ਲਾਗ ਲੱਗ ਸਕਦੀ ਹੈ।’’
ਇਹ ਯਕੀਨੀ ਬਣਾਉਣਾ ਵੀ ਮਹੱਤਵਪੂਰਨ ਹੈ ਕਿ ਗਾਹਕ ਦੇ ਵਾਪਸ ਟੀਕੇ ਰਾਹੀਂ ਲਗਾਇਆ ਜਾ ਰਿਹਾ ਖੂਨ ਉਸ ਦਾ ਹੀ ਹੋਵੇ, ਨਾ ਕਿ ਕਿਸੇ ਹੋਰ ਦਾ, ਕਿਉਂਕਿ ਇਸ ਤਰ੍ਹਾਂ ਕਿਸੇ ਦੂਜੇ ਦਾ ਖੂਨ ਪ੍ਰਾਪਤ ਕਰਨ ਵਾਲਾ ਬਹੁਤ ਜ਼ਿਆਦਾ ਬਿਮਾਰ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਮਾਹਿਰਾਂ ਦਾ ਕਹਿਣਾ ਹੈ ਕਿ ਜੋ ਲੋਕਾਂ ਨੂੰ ਕੋਈ ਵੀ ਕਾਸਮੈਟਿਕ ਇਲਾਜ ਕਰਵਾਉਣ ਤੋਂ ਪਹਿਲਾਂ ਇਹ ਯਕੀਨੀ ਬਣਾ ਲੈਣਾ ਚਾਹੀਦਾ ਹੈ ਜਿਸ ਤੋਂ ਕਰਵਾ ਰਹੇ ਹਨ ਉਸ ਕੋਲ ਲਾਇਸੈਂਸ ਅਤੇ ਲੋੜੀਂਦੀ ਟਰੇਨਿਗ ਹੈ ਜਾਂ ਨਹੀਂ।
ਉਨ੍ਹਾਂ ਨੂੰ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਸਟਾਫ ਵੱਲੋਂ ਉੱਥੇ ਮੈਡੀਕਲ ਉਪਕਰਣ ਜਿਵੇਂ ਕਿ ਸੂਈਆਂ ਨੂੰ ਕਿਵੇਂ ਸੰਭਾਲਿਆ ਜਾ ਰਿਹਾ ਹੈ।
ਗੰਭੀਰ ਬਿਮਾਰੀ ਨਾਲ ਜੁੜੇ ਹੋਣ ਤੋਂ ਬਾਅਦ ਹਾਲ ਹੀ ਵਿੱਚ ਸੁਰਖੀਆਂ ਵਿੱਚ ਆਉਣ ਵਾਲਾ ਵੈਂਪਾਇਰ ਫੇਸ਼ੀਅਲ ਇਕਲੌਤਾ ਕਾਸਮੈਟਿਕ ਇਲਾਜ ਨਹੀਂ ਹੈ।
ਅਮਰੀਕੀ ਸਿਹਤ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਨਕਲੀ ਬੁਟੌਕਸ ਨਾਲ ਜੁੜੇ ਬੁਟੌਲਿਜ਼ਮ ਦੇ ਗ਼ਲਤ ਪ੍ਰਭਾਵਾਂ ਦੀ ਚਿਤਾਵਨੀ ਦਿੱਤੀ ਸੀ, ਜਿਸ ਨੇ 22 ਸੂਬਿਆਂ ਵਿੱਚ 11 ਲੋਕਾਂ ਨੂੰ ਬਿਮਾਰ ਕਰ ਦਿੱਤਾ ਹੈ।
ਇਨ੍ਹਾਂ ਵਿੱਚੋਂ ਕੁਝ ਉਦੋਂ ਤੋਂ ਹੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਬੁਟੌਲਿਜ਼ਮ ਇੱਕ ਗੰਭੀਰ ਬਿਮਾਰੀ ਹੈ ਜਿਸ ਵਿੱਚ ਨਜ਼ਰ ਦਾ ਧੁੰਦਲਾ ਹੋਣਾ, ਨਿਗਲਣ ਅਤੇ ਸਾਹ ਲੈਣ ਵਿੱਚ ਮੁਸ਼ਕਿਲ, ਬੋਲਣ ਵਿੱਚ ਅਸਪੱਸ਼ਟਤਾ ਅਤੇ ਥਕਾਵਟ ਵਰਗੇ ਲੱਛਣ ਸ਼ਾਮਲ ਹਨ।
ਬੁਟੌਕਸ ਇੰਜੈਕਸ਼ਨ ਇੱਕ ਹਰਮਨਪਿਆਰਾ ਇਲਾਜ ਹੈ ਜਿਸ ਨੂੰ ਝੁਰੜੀਆਂ ਨੂੰ ਠੀਕ ਕਰਨ ਅਤੇ ਚਮੜੀ ਨੂੰ ਜਵਾਨ ਦਿਖਣ ਲਈ ਕੀਤਾ ਜਾਂਦਾ ਹੈ।
ਇਸ ਦੇ ਇੰਜੈਕਸ਼ਨ ਦੀ ਲਾਗਤ ਆਮ ਤੌਰ ’ਤੇ ਪ੍ਰਤੀ ਇਲਾਜ ਲਗਭਗ 530 ਡਾਲਰ ਹੁੰਦੀ ਹੈ।
ਵੈਂਪਾਇਰ ਫੇਸ਼ੀਅਲ ਦੀ ਤਰ੍ਹਾਂ ਬੁਟੌਕਸ ਕਰਵਾਉਣ ਵਾਲੇ ਲੋਕਾਂ ਨੂੰ ਵੀ ਸੀਡੀਸੀ ਸਲਾਹ ਦਿੰਦੇ ਹਨ ਜਿਸ ਤੋਂ ਕਰਵਾ ਰਹੇ ਹੋ ਉਸ ਬਾਰੇ ਪਹਿਲਾਂ ਛਾਣਬੀਣ ਕਰ ਲੈਣ।












