ਜਦੋਂ ਬੀਬੀ ਸਾਹ ਨਾਲ ਕੋਕੇ ਦੀ ਕੋਲੀ ਲੰਘਾ ਗਈ ਤਾਂ ਕਿਵੇਂ ਕੱਢੀ ਗਈ

- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਨਿਊਜ਼ ਦਿੱਲੀ
ਦੋ ਮਹੀਨੇ ਪਹਿਲਾਂ ਜਦੋਂ ਵਰਸ਼ਾ ਸਾਹੂ ਦੇ ਦੋ ਮਹੀਨੇ ਪਹਿਲਾਂ ਨੱਕ ਦੇ ਕੋਕੇ ਦੀ ਕੋਲੀ ਸਾਹ ਰਾਹੀਂ ਅੰਦਰ ਚੜ੍ਹ ਗਈ ਤਾਂ ਉਨ੍ਹਾਂ ਨੂੰ ਇਸਦੀ ਜ਼ਿਆਦਾ ਫਿਕਰ ਨਹੀਂ ਹੋਈ।
ਉਨ੍ਹਾਂ ਨੂੰ ਲੱਗਿਆ ਕਿ ਕੋਕਾ ਉਨ੍ਹਾਂ ਦੇ ਢਿੱਡ ਵਿੱਚ ਚਲਿਆ ਗਿਆ ਹੈ ਅਤੇ ਪਾਚਣ ਕਿਰਿਆ ਰਾਹੀਂ ਆਪਣੇ-ਆਪ ਬਾਹਰ ਆ ਜਾਵੇਗਾ।
ਹਾਲਾਂਕਿ ਉਹ ਉਨ੍ਹਾਂ ਦੇ ਫੇਫੜਿਆਂ ਵਿੱਚ ਜਾ ਕੇ ਫਸ ਗਿਆ ਜਿਸ ਕਰਾਨ ਉਨ੍ਹਾਂ ਨੂੰ ਕਈ ਮਹੀਨੇ ਤਕਲੀਫ਼ ਝੱਲਣੀ ਪਈ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਿਲ ਆ ਰਹੀ ਸੀ।
ਜ਼ਿਆਦਾਤਰ ਵਿਆਹੁਤਾ ਭਾਰਤੀ ਔਰਤਾਂ ਵਾਂਗ 35 ਸਾਲਾ ਵਰਸ਼ਾ ਵੀ ਆਪਣੇ ਵਿਆਹ ਤੋਂ ਮਗਰੋਂ “ਪਿਛਲੇ 16-17 ਸਾਲ ਤੋਂ” ਕੋਕਾ ਪਾ ਰਹੇ ਸਨ। ਇਹ ਵਿਆਹੇ ਹੋਣ ਦੀ ਨਿਸ਼ਾਨੀ ਹੈ।
ਕੋਲਕਾਤਾ ਤੋਂ ਆਪਣੇ ਘਰੋਂ ਫੋਨ ਉੱਤੇ ਵਰਸ਼ਾ ਨੇ ਬੀਬੀਸੀ ਨੂੰ ਦੱਸਿਆ, “ਮੈਨੂੰ ਨਹੀਂ ਪਤਾ ਲੱਗਿਆ ਕਿ ਕੋਲੀ ਢਿੱਲੀ ਹੋ ਗਈ ਹੈ।”
ਦੋ ਕਿਸ਼ੋਰ ਬੱਚਿਆਂ ਦੀ ਮਾਂ ਵਰਸ਼ਾ ਨੇ ਦੱਸਿਆ, “ਮੈਂ ਗੱਲਾਂ ਕਰ ਰਹੀ ਸੀ, ਇੱਕ ਲੰਬਾ ਸਾਹ ਖਿੱਚਿਆ ਅਤੇ ਇਹ ਅੰਦਰ ਚਲਿਆ ਗਿਆ। ਮੈਨੂੰ ਕੁਝ ਪਤਾ ਨਹੀਂ ਸੀ ਕਿ ਇਹ ਮੇਰੀ ਸਾਹ ਨਲੀ ਵਿੱਚ ਚਲਿਆ ਗਿਆ ਹੈ। ਮੈਂ ਸੋਚਿਆ ਇਹ ਮੇਰੇ ਪੇਟ ਵਿੱਚ ਚਲਿਆ ਗਿਆ ਹੈ।”
ਬਹੁਤ ਹੀ ਦੁਰਲੱਭ ਮਾਮਲਾ

ਡਾ਼ ਦੇਬਰਾਜ ਜਾਸ਼, ਜੋ ਕਿ ਮੈਡੀਕਲ ਸੂਪਰ ਸਪੈਸ਼ਿਐਲਿਟੀ ਹਸਪਤਾਲ ਵਿੱਚ ਪਲਮਾਲੌਜਿਸਟ ਹਨ। ਉਨ੍ਹਾਂ ਨੇ ਹੀ ਕੋਕੇ ਦੀ ਕੋਲੀ ਵਰਸ਼ਾ ਦੇ ਫੇਫੜੇ ਵਿੱਚੋਂ ਪਿਛਲੇ ਮਹੀਨੇ ਕੱਢੀ ਹੈ। ਉਨ੍ਹਾਂ ਨੇ ਵਰਸ਼ਾ ਦੇ ਮਾਮਲੇ ਨੂੰ “ਬਹੁਤ ਹੀ ਦੁਰਲੱਭ” ਦੱਸਿਆ ਜਿਸ ਬਾਰੇ ਭਾਰਤੀ ਮੀਡੀਆ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਸਿਰਫ਼ ਦੋ ਮਾਮਲੇ ਰਿਪੋਰਟ ਹੋਏ ਹਨ।
“ਸਾਡੇ ਕੋਲ ਅਜਿਹੇ ਮਾਮਲੇ ਆਉਂਦੇ ਹਨ ਜਿੱਥੇ ਮੇਵਿਆਂ ਦੀਆਂ ਗਿਟਕਾਂ ਜਾਂ ਸੁਪਾਰੀ ਲੋਕਾਂ ਦੇ ਫੇਫੜਿਆਂ ਵਿੱਚ ਚਲੀ ਜਾਂਦੀ ਹੈ। ਪਰ ਜ਼ਿਆਦਤਰ ਅਜਿਹੇ ਮਾਮਲੇ ਬੱਚਿਆਂ ਨਾਲ ਜਾਂ 80 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗਾਂ ਨਾਲ ਜੁੜੇ ਹੁੰਦੇ ਹਨ। 30 ਸਾਲਾਂ ਦੀ ਔਰਤ ਇੱਕ ਅਪਵਾਦ ਹੈ।”
ਵਰਸ਼ਾ ਦੀ ਕਹਾਣੀ ਉਦੋਂ ਰੌਸ਼ਨੀ ਵਿੱਚ ਆਈ ਜਦੋਂ ਇੱਕ ਮਹੀਨਾ ਪਹਿਲਾਂ ਕੋਲੀ ਲੰਘ ਜਾਣ ਕਾਰਨ- ਉਹ ਡਾਕਟਰ ਕੋਲ ਨਿਰੰਤਰ ਖੰਘ ਅਤੇ ਸਾਹ ਫੁੱਲਣ ਅਤੇ ਨਿਮੋਨੀਏ ਦੀ ਸ਼ਿਕਾਇਤ ਲੈ ਕੇ ਗਏ।
ਸ਼ੁਰੂ ਵਿੱਚ ਉਨ੍ਹਾਂ ਨੇ ਆਪਣੀਆਂ ਸਾਹ ਦੀਆਂ ਦਿੱਕਤਾਂ ਲਈ ਆਪਣੇ ਨੱਕ ਉੱਤੇ ਲੱਗੀ ਪੁਰਾਣੀ ਸੱਟ ਨੂੰ ਜ਼ਿੰਮੇਵਾਰ ਠਹਿਰਾਇਆ।
ਜਦੋਂ ਦਵਾਈਆਂ ਨੇ ਕੰਮ ਨਹੀਂ ਕੀਤਾ ਤਾਂ ਉਨ੍ਹਾਂ ਨੇ ਪਲਮਾਲੌਜਿਸਟ ਦੀ ਸਲਾਹ ਲਈ। ਸੀਟੀ ਸਕੈਨ ਵਿੱਚ ਉਨ੍ਹਾਂ ਦੇ ਫੇਫੜੇ ਵਿੱਚ ਕੋਈ ਚੀਜ਼ ਫਸੀ ਹੋਣ ਦਾ ਪਤਾ ਲੱਗਿਆ। ਇਸ ਤੋਂ ਬਾਅਦ ਕੀਤੇ ਗਏ ਐਕਸ-ਰੇ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਕੀ ਸੀ।
ਨੱਕ ਵਿੱਚੋਂ ਕੋਕੇ ਦੀ ਕੋਲੀ ਨੂੰ ਕਿਵੇਂ ਕੱਢਿਆ ਗਿਆ

ਪਲਮਾਲੌਜਿਸਟ ਨੇ ਉਨ੍ਹਾਂ ਦੇ ਫੇਫੜੇ ਵਿੱਚ ਇੱਕ ਮਹੀਨ ਕੈਮਰਾ ਜਿਸ ਦੇ ਅੱਗੇ ਫੋਰਸੈਪਸ ਲੱਗੇ ਹੁੰਦੇ ਹਨ, ਭੇਜਿਆ। ਪਰ ਇਹ ਤਰੀਕਾ ਕਾਮਯਾਬ ਨਹੀਂ ਹੋਇਆ। ਫਿਰ ਉਨ੍ਹਾਂ ਨੂੰ ਡਾ਼ ਜਾਸ਼ ਕੋਲ ਭੇਜ ਦਿੱਤਾ ਗਿਆ।
“ਪਹਿਲਾਂ ਸਾਨੂੰ ਮਰੀਜ਼ ਦੀ ਕਾਊਂਸਲਿੰਗ ਕਰਨੀ ਪਈ। ਉਹ ਦੂਜੀ ਪ੍ਰਕਿਰਿਆ ਕਰਵਾਉਣ ਤੋਂ ਡਰ ਰਹੇ ਸਨ। ਅਸੀਂ ਉਨ੍ਹਾਂ ਨੂੰ ਸਮਝਾਇਆ ਕਿ ਮਨੁੱਖੀ ਸਰੀਰ ਇਸ ਤਰ੍ਹਾਂ ਬਣਿਆ ਹੈ ਕਿ ਇਸ ਵਿੱਚ ਬਾਹਰੀ ਵਸਤੂਆਂ ਲਈ ਕੋਈ ਥਾਂ ਨਹੀਂ ਹੈ।”
“ਅਸੀਂ ਉਨ੍ਹਾਂ ਨੂੰ ਦੱਸਿਆ ਕਿ ਅਜਿਹਾ ਨਹੀਂ ਹੋ ਸਕਦਾ ਕਿ ਸਰੀਰ ਇਸ ਨੂੰ ਅਪਣਾ ਲਵੇਗਾ ਅਤੇ ਜੇ ਇਲਾਜ ਨਾ ਕੀਤਾ ਤਾਂ ਨਿਮੋਨੀਆ ਵਧਦਾ ਜਾਵੇਗਾ।”
ਡਾ਼ ਜਾਸ਼ ਕਹਿੰਦੇ ਹਨ ਕਿ ਉਨ੍ਹਾਂ ਨੇ ਵਰਸ਼ਾ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਅਪਰੇਸ਼ਨ ਵੀ ਕਰਨਾ ਪੈ ਸਕਦਾ ਹੈ। ਜਿਸ ਵਿੱਚ ਉਨ੍ਹਾਂ ਦੇ ਫੇਫੜੇ ਦਾ ਕੁਝ ਹਿੱਸਾ ਕੱਟਣਾ ਪੈ ਸਕਦਾ ਹੈ। ਹਾਲਾਂਕਿ ਲੰਬੇ ਸਮੇਂ ਦੌਰਾਨ ਇਸਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਉਨ੍ਹਾਂ ਨੇ ਕੈਮਰੇ ਨਾਲ (ਬਰੌਂਕੋਸਕੋਪ) ਇੱਕ ਵਾਰ ਫਿਰ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ।
“ਕੋਈ ਤਿੱਖੀ ਚੀਜ਼ ਸਧਾਰਨ ਬਰੌਂਕੋਸਕੋਪ ਨਾਲ ਕੋਈ ਤਿੱਖੀ ਚੀਜ਼ ਬਾਹਰ ਕੱਢਣਾ ਬਹੁਤ ਮੁਸ਼ਕਿਲ ਹੈ। ਉਹ ਵਸਤੂ ਉਨ੍ਹਾਂ ਦੇ ਫੇਫੜੇ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਪਈ ਸੀ ਅਤੇ ਇਸਦੇ ਦੁਆਲੇ ਤੰਤੂ ਬਂਣਨੇ ਸ਼ੁਰੂ ਹੋ ਚੁੱਕੇ ਸਨ।“
“ਕੱਢਣ ਦੌਰਾਨ ਸਾਨੂੰ ਬਹੁਤ ਸਾਵਧਾਨੀ ਵਰਤਣ ਦੀ ਲੋੜ ਸੀ। ਜੇ ਕੋਲੀ ਸਾਹ ਨਲੀ ਨੂੰ ਛੂਹ ਜਾਂਦੀ- ਜੋ ਕਿ ਬਹੁਤ ਪਤਲੀ ਹੁੰਦੀ ਹੈ— ਤਾਂ ਇਸ ਨਾਲ ਜ਼ਖਮ ਹੋ ਸਕਦਾ ਸੀ ਅਤੇ ਖੂਨ ਵਹਿਣ ਨਾਲ ਭਿਆਨਕ ਸਿੱਟੇ ਨਿਕਲ ਸਕਦੇ ਸਨ।”
ਹਾਲਾਂਕਿ ਅੱਧੇ ਘੰਟੇ ਤੱਕ ਚੱਲੀ ਇਹ ਪ੍ਰਕਿਰਿਆ, ਸਫ਼ਲ ਰਹੀ ਅਤੇ ਵਰਸ਼ਾ ਨੂੰ ਚਾਰ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਡਾ਼ ਜਾਸ਼ ਮੁਤਾਬਕ ਉਹ “ਜਾਂਚ ਲਈ ਆਉਂਦੇ ਹਨ ਅਤੇ ਹੁਣ ਬਿਲਕੁਲ ਠੀਕ” ਹਨ।
ਜਦੋਂ ਮੈਂ ਵਰਸ਼ਾ ਨੂੰ ਦੁਬਾਰਾ ਕੋਕਾ ਪਾਉਣ ਬਾਰੇ ਪੁੱਛਿਆ ਤਾਂ ਵਰਸ਼ਾ ਹੱਸ ਪਈ।
ਉਨ੍ਹਾਂ ਨੇ ਕਿਹਾ, “ਨਹੀਂ ਬਿਲਕੁਲ ਨਹੀਂ, ਮੈਂ ਕਲਪਨਾ ਵੀ ਨਹੀਂ ਕਰ ਸਕਦੀ ਕਿ ਅਜਿਹਾ ਕੁਝ ਮੇਰੇ ਨਾਲ ਹੋਵੇਗਾ ਪਰ ਅਜਿਹਾ ਹੋਇਆ। ਮੈਂ ਇਹ ਦੁਹਰਾਉਣਾ ਨਹੀਂ ਚਾਹੁੰਦੀ।”












