ਸੋਸ਼ਲ ਮੀਡੀਆ 'ਤੇ ਮਹਿਲਾਵਾਂ ਨਾਲ ਦੋਸਤੀ: ਈਸ਼ਨਿੰਦਾ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤੇ ਪਾਕਿਸਤਾਨੀ ਨੌਜਵਾਨਾਂ ਦੀਆਂ ਕਹਾਣੀਆਂ

ਮਹਿਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਸ਼ਨਿੰਦਾ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਬੰਦ ਘੱਟੋ-ਘੱਟ 101 ਵਿਅਕਤੀਆਂ ਦੇ ਪਰਿਵਾਰਾਂ ਨੇ ਇਸਲਾਮਾਬਾਦ ਹਾਈ ਕੋਰਟ ਵਿੱਚ ਜਾਂਚ ਲਈ ਪਟੀਸ਼ਨ ਦਾਇਰ ਕੀਤੀ ਹੈ (ਸੰਕੇਤਕ ਤਸਵੀਰ)

(ਨੋਟ: ਪਾਕਿਸਤਾਨ ਵਿੱਚ ਹਾਲ ਹੀ ਵਿੱਚ ਈਸ਼ਨਿੰਦਾ ਦੇ ਇਲਜ਼ਾਮਾਂ ਬਾਰੇ ਇਹ ਵਿਸਤ੍ਰਿਤ ਰਿਪੋਰਟ ਦਾ ਮਕਸਦ ਧਰਮ ਜਾਂ ਕਿਸੇ ਧਾਰਮਿਕ ਸ਼ਖਸੀਅਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ, ਸਗੋਂ ਇਸ ਮਾਮਲੇ ਬਾਰੇ ਜਾਣਕਾਰੀ ਸਾਹਮਣੇ ਲਿਆਉਣਾ ਹੈ।)

ਦੁਬਈ ਦੀ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਨ ਵਾਲੇ ਉਸਮਾਨ (ਬਦਲਿਆ ਹੋਇਆ ਨਾਮ) ਅਪ੍ਰੈਲ 2024 ਵਿੱਚ ਪਾਕਿਸਤਾਨ ਵਾਪਸ ਆਏ। ਦੋ ਦਿਨਾਂ ਬਾਅਦ ਹੀ ਉਨ੍ਹਾਂ ਨੂੰ ਈਸ਼ਨਿੰਦਾ ਦੇ ਇਲਜ਼ਾਮ ਹੇਠ ਗ੍ਰਿਫਤਾਰ ਕਰ ਲਿਆ ਗਿਆ।

ਉਸਮਾਨ ਇਸ ਸਮੇਂ ਰਾਵਲਪਿੰਡੀ ਦੀ ਅਡਯਾਲਾ ਜੇਲ੍ਹ ਵਿੱਚ ਕੈਦ ਹਨ। ਉਨ੍ਹਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਸੋਸ਼ਲ ਮੀਡੀਆ 'ਤੇ ਮਿਲੀ ਇੱਕ ਮਹਿਲਾ ਨੇ ਝੂਠੇ ਈਸ਼ਨਿੰਦਾ ਦੇ ਮਾਮਲੇ ਵਿੱਚ ਫਸਾਇਆ ਸੀ।

ਈਸ਼ਨਿੰਦਾ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਬੰਦ ਘੱਟੋ-ਘੱਟ 101 ਅਜਿਹੇ ਵਿਅਕਤੀਆਂ ਦੇ ਪਰਿਵਾਰਾਂ ਨੇ ਇਸਲਾਮਾਬਾਦ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਇੱਕ ਸਮੂਹ ਦੇ ਖਿਲਾਫ ਜਾਂਚ ਦੀ ਅਪੀਲ ਕੀਤੀ ਗਈ ਹੈ, ਜੋ, ਉਨ੍ਹਾਂ ਦੇ ਮੁਤਾਬਕ 'ਝੂਠੇ ਕੇਸ' ਕਰਨ ਵਿੱਚ ਸ਼ਾਮਲ ਹੈ।

15 ਜੁਲਾਈ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਸਰਕਾਰ ਨੂੰ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ 30 ਦਿਨਾਂ ਦੇ ਅੰਦਰ ਇੱਕ ਫ਼ੈਕਟ ਫ਼ਾਇੰਡਿੰਗ ਕਮਿਸ਼ਨ ਬਣਾਉਣ ਦਾ ਹੁਕਮ ਦਿੱਤਾ। ਇਸ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਇਸਲਾਮਾਬਾਦ ਹਾਈ ਕੋਰਟ ਦੇ ਜੱਜ ਸਰਦਾਰ ਏਜਾਜ਼ ਇਸਹਾਕ ਖਾਨ ਨੇ ਕਿਹਾ ਕਿ ਕਮਿਸ਼ਨ ਚਾਰ ਮਹੀਨਿਆਂ ਵਿੱਚ ਈਸ਼ਨਿੰਦਾ ਦੇ ਮਾਮਲਿਆਂ ਦੀ ਜਾਂਚ ਪੂਰੀ ਕਰਕੇ ਆਪਣੀ ਅੰਤਿਮ ਰਿਪੋਰਟ ਪੇਸ਼ ਕਰੇ।

ਪਰ ਇਸ ਫੈਸਲੇ ਤੋਂ ਕੁਝ ਦਿਨ ਬਾਅਦ ਭਾਵ 24 ਜੁਲਾਈ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਹੀ ਇੱਕ ਡਿਵੀਜ਼ਨ ਬੈਂਚ ਨੇ ਖੁਦ ਕਮਿਸ਼ਨ ਬਣਾਉਣ ਦੇ ਇਸ ਫੈਸਲੇ 'ਤੇ ਰੋਕ ਲਗਾ ਦਿੱਤੀ।

ਮਹਿਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਪ੍ਰੈਲ 2024 ਵਿੱਚ ਪੰਜਾਬ (ਪਾਕਿਸਤਾਨ) ਪੁਲਿਸ ਦੀ ਵਿਸ਼ੇਸ਼ ਸ਼ਾਖਾ ਨੇ ਇੱਕ 'ਵਿਸ਼ੇਸ਼ ਰਿਪੋਰਟ' ਵਿੱਚ ਦਾਅਵਾ ਕੀਤਾ ਸੀ ਕਿ ਕੁਝ ਲੋਕਾਂ ਦਾ ਇੱਕ ਸਮੂਹ ਨੌਜਵਾਨਾਂ ਨੂੰ ਈਸ਼ਨਿੰਦਾ ਦੇ ਝੂਠੇ ਇਲਜ਼ਾਮਾਂ ਵਿੱਚ ਫਸਾ ਰਿਹਾ ਹੈ (ਸੰਕੇਤਕ ਤਸਵੀਰ)

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨੀ ਪ੍ਰਸ਼ਾਸਨ ਦੇ ਸਾਹਮਣੇ ਕਥਿਤ ਈਸ਼ਨਿੰਦਾ ਦੇ ਮਾਮਲਿਆਂ ਵਿੱਚ ਧੋਖਾਧੜੀ ਦੇ ਇਲਜ਼ਾਮ ਸਾਹਮਣੇ ਆਏ ਹਨ।

ਅਪ੍ਰੈਲ 2024 ਵਿੱਚ ਪੰਜਾਬ (ਪਾਕਿਸਤਾਨ) ਪੁਲਿਸ ਦੀ ਵਿਸ਼ੇਸ਼ ਸ਼ਾਖਾ ਨੇ ਇੱਕ 'ਵਿਸ਼ੇਸ਼ ਰਿਪੋਰਟ' ਵਿੱਚ ਦਾਅਵਾ ਕੀਤਾ ਸੀ ਕਿ ਰਾਵਲਪਿੰਡੀ ਅਤੇ ਇਸਲਾਮਾਬਾਦ ਵਿੱਚ "ਕੁਝ ਲੋਕਾਂ ਦਾ ਇੱਕ ਸਮੂਹ ਸਰਗਰਮ ਹੈ ਜੋ ਨੌਜਵਾਨਾਂ ਨੂੰ ਈਸ਼ਨਿੰਦਾ ਦੇ ਝੂਠੇ ਇਲਜ਼ਾਮਾਂ ਵਿੱਚ ਫਸਾ ਰਿਹਾ ਹੈ ਅਤੇ ਉਨ੍ਹਾਂ ਵਿਰੁੱਧ ਐਫਆਈਏ (ਸੰਘੀ ਜਾਂਚ ਏਜੰਸੀ) ਨੂੰ ਮੁਕੱਦਮੇ ਭੇਜ ਰਿਹਾ ਹੈ।"

ਇਹ ਰਿਪੋਰਟ ਇਸਲਾਮਾਬਾਦ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਪੇਸ਼ ਕੀਤੀ ਜਾ ਚੁੱਕੀ ਹੈ।

ਇਸ ਰਿਪੋਰਟ ਵਿੱਚ ਇਹ ਵੀ ਇਲਜ਼ਾਮ ਲਗਾਇਆ ਗਿਆ ਸੀ ਕਿ ਕੁਝ ਕੇਸਾਂ ਵਿੱਚ ਅਜਿਹੇ ਸਬੂਤ ਵੀ ਮਿਲੇ ਹਨ, ਜਿਨ੍ਹਾਂ ਮੁਤਾਬਕ ਈਸ਼ਨਿੰਦਾ ਦੇ ਕੇਸ ਦਰਜ ਨਾ ਕਰਨ ਦੇ ਬਦਲੇ "ਪੈਸੇ ਦੀ ਮੰਗ" ਕੀਤੀ ਗਈ।

ਇਸਲਾਮਾਬਾਦ ਹਾਈ ਕੋਰਟ ਵਿੱਚ ਈਸ਼ਨਿੰਦਾ ਦੇ ਮਾਮਲਿਆਂ ਵਿੱਚ ਕੈਦ ਲੋਕਾਂ ਦੇ ਪਰਿਵਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਵਕੀਲ ਦਾ ਕਹਿਣਾ ਹੈ ਕਿ ਮੁਵੱਕਿਲਾਂ ਵਿਰੁੱਧ ਕੇਸਾਂ ਵਿੱਚ ਪਾਈ ਗਈ ਸਮਾਨਤਾ ਵੀ ਇਨ੍ਹਾਂ ਮਾਮਲਿਆਂ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਂਦੀ ਹੈ।

ਫੇਸਬੁੱਕ 'ਤੇ ਸੰਪਰਕ

ਸੋਸ਼ਲ ਮੀਡੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸੇ ਤਰ੍ਹਾਂ ਦੇ ਕੇਸ 'ਚ ਜੇਲ੍ਹ 'ਚ ਬੰਦ ਇੱਕ ਵਿਅਕਤੀ ਦੀ ਮਾਂ ਨੇ ਦੱਸਿਆ ਕਿ ਕਿਵੇਂ ਇੱਕ ਮਹਿਲਾ ਨੇ ਉਨ੍ਹਾਂ ਦੇ ਪੁੱਤਰ ਨਾਲ ਫੇਸਬੁੱਕ ਰਾਹੀਂ ਸੰਪਰਕ ਕੀਤਾ ਸੀ ਅਤੇ ਫਿਰ ਉਨ੍ਹਾਂ ਨੂੰ ਫਸਾ ਦਿੱਤਾ (ਸੰਕੇਤਕ ਤਸਵੀਰ)

ਉਸਮਾਨ ਦੀ ਮਾਂ ਦਾ ਕਹਿਣਾ ਹੈ ਕਿ ਇੱਕ ਮਹਿਲਾ ਨੇ ਪਹਿਲਾਂ ਫੇਸਬੁੱਕ 'ਤੇ ਉਨ੍ਹਾਂ ਦੇ ਪੁੱਤਰ ਨਾਲ ਸੰਪਰਕ ਕੀਤਾ ਸੀ। ਉਸਮਾਨ ਦੀ ਮਾਂ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਨਾਮ ਸਾਹਮਣੇ ਆਵੇ, ਇਸ ਲਈ ਅਸੀਂ ਇਸ ਰਿਪੋਰਟ ਵਿੱਚ ਉਨ੍ਹਾਂ ਦਾ ਨਾਮ ਨਹੀਂ ਲਿਖ ਰਹੇ ਹਾਂ।

ਉਹ ਕਹਿੰਦੇ ਹਨ, "ਉਸਨੇ (ਉਸਮਾਨ) ਨੇ ਮੈਨੂੰ ਦੱਸਿਆ ਕਿ ਉਹ ਉਸ ਮਹਿਲਾ ਨਾਲ ਫੇਸਬੁੱਕ ਮੈਸੇਂਜਰ 'ਤੇ ਗੱਲ ਕਰਨ ਲੱਗ ਪਿਆ ਸੀ ਅਤੇ ਕੁਝ ਦਿਨਾਂ ਬਾਅਦ ਉਹ ਵਟਸਐਪ 'ਤੇ ਵੀ ਗੱਲ ਕਰਨ ਲੱਗ ਪਏ। ਇਸ ਤੋਂ ਬਾਅਦ, ਉਸ ਮਹਿਲਾ ਨੇ ਉਸਮਾਨ ਨੂੰ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਕਰ ਲਿਆ।"

"ਸ਼ੁਰੂ ਵਿੱਚ ਇਸ ਵਟਸਐਪ ਗਰੁੱਪ ਵਿੱਚ ਚੰਗੀਆਂ ਪੋਸਟਾਂ ਆਉਂਦੀਆਂ ਰਹੀਆਂ ਪਰ ਬਾਅਦ ਵਿੱਚ ਉਸ ਮਹਿਲਾ ਨੇ ਇਸ ਗਰੁੱਪ ਵਿੱਚ ਕੁਝ ਅਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ, ਜਿਸ ਕਾਰਨ ਮੇਰੇ ਪੁੱਤਰ ਨੇ ਉਸ ਵਟਸਐਪ ਗਰੁੱਪ ਨੂੰ ਛੱਡ ਦਿੱਤਾ।"

ਉਸਮਾਨ ਦੀ ਮਾਂ ਮੁਤਾਬਕ, ''ਮੇਰੇ ਪੁੱਤਰ ਨੇ ਉਸ ਮਹਿਲਾ ਨੂੰ ਕਿਹਾ, "ਤੁਸੀਂ ਗਰੁੱਪ ਵਿੱਚ ਜੋ ਭੇਜਿਆ ਹੈ, ਉਸ ਤੋਂ ਬਾਅਦ ਮੇਰੇ ਲਈ ਤੁਹਾਡੇ ਨਾਲ ਸੰਪਰਕ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਹੈ।"

ਇਸ ਦੇ ਜਵਾਬ ਵਿੱਚ ਉਸ ਮਹਿਲਾ ਨੇ ਮੈਸੇਜ ਭੇਜਿਆ, "ਮੈਂ ਦਫ਼ਤਰ ਵਿੱਚ ਹਾਂ ਅਤੇ ਮੈਂ ਗਰੁੱਪ ਵਿੱਚ ਅਜਿਹਾ ਕੁਝ ਵੀ ਨਹੀਂ ਭੇਜਿਆ। ਤੁਸੀਂ ਮੈਨੂੰ ਉਹ ਪੋਸਟਾਂ ਜ਼ਰਾ ਫਾਰਵਰਡ ਕਰ ਦਿਓ।"

ਉਸਮਾਨ ਦੀ ਮਾਂ ਕਹਿੰਦੇ ਹਨ, "ਇਹ ਮੇਰੇ ਪੁੱਤਰ ਦੀ ਗਲਤੀ ਹੈ... ਤੁਸੀਂ ਉਸ ਨੂੰ ਇਹ ਪੋਸਟਾਂ ਕਿਉਂ ਫਾਰਵਰਡ ਕੀਤੀਆਂ, ਜਦੋਂ ਤੁਸੀਂ ਜਾਣਦੇ ਸੀ ਕਿ ਇਹ ਈਸ਼ਨਿੰਦਾ ਵਰਗੀ ਚੀਜ਼ ਹੈ?''

ਉਸਮਾਨ ਦੀ ਮਾਂ ਦੁਆਰਾ ਦਿੱਤੀ ਜਾਣਕਾਰੀ

ਉਨ੍ਹਾਂ ਨੇ ਦੱਸਿਆ ਕਿ ਮਹਿਲਾ ਨੇ ਅਜਿਹੀ ਕੋਈ ਪੋਸਟ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਦੇ ਪੁੱਤਰ ਨੇ ਉਸ 'ਤੇ ਭਰੋਸਾ ਕਰ ਲਿਆ ਕਿ ਵਾਕਈ ਉਸਨੇ ਉਸ ਵਟਸਐਪ ਗਰੁੱਪ 'ਤੇ ਅਜਿਹੀ ਕੋਈ ਪੋਸਟ ਨਹੀਂ ਭੇਜੀ ਸੀ, ਜਿਸ ਦੇ ਦੋਵੇਂ ਮੈਂਬਰ ਸਨ।

ਉਸਮਾਨ ਦੇ ਮਾਂ ਕਹਿੰਦੇ ਹਨ ਕਿ ਮਹਿਲਾ ਨੇ ਬਾਅਦ ਵਿੱਚ ਉਨ੍ਹਾਂ ਦੇ ਪੁੱਤਰ ਨੂੰ ਇੱਕ ਰੈਸਟੋਰੈਂਟ ਵਿੱਚ ਮਿਲਣ ਲਈ ਬੁਲਾਇਆ ਪਰ ਜਦੋਂ ਉਸਮਾਨ ਉੱਥੇ ਪਹੁੰਚਿਆ, ਤਾਂ ਮਹਿਲਾ ਉੱਥੇ ਨਹੀਂ ਸੀ। ਇਸ ਦੀ ਬਜਾਏ, ਐਫਆਈਏ ਦੇ ਅਧਿਕਾਰੀ ਅਤੇ ਕੁਝ ਹੋਰ ਲੋਕ ਮੌਜੂਦ ਸਨ ਜਿਨ੍ਹਾਂ ਨੇ ਇਲੈਕਟ੍ਰਾਨਿਕ ਅਪਰਾਧ ਰੋਕਥਾਮ ਐਕਟ (ਪੀਕਾ) ਦੇ ਤਹਿਤ ਈਸ਼ਨਿੰਦਾ ਦੇ ਇਲਜ਼ਾਮ ਵਿੱਚ ਉਸਮਾਨ ਨੂੰ ਗ੍ਰਿਫਤਾਰ ਕਰ ਲਿਆ।

ਬੀਬੀਸੀ ਉਸਮਾਨ ਦੀ ਮਾਂ ਦੁਆਰਾ ਕੀਤੇ ਗਏ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ, ਪਰ ਹੋਰਾਂ ਦੁਆਰਾ ਵੀ ਇਸੇ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ।

ਮਹਿਲਾਵਾਂ ਨਾਲ ਦੋਸਤੀ, ਸੋਸ਼ਲ ਮੀਡੀਆ ਅਤੇ ਵਟਸਐਪ ਗਰੁੱਪ

ਮੋਬਾਇਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਦ ਵਿਅਕਤੀ ਦੀ ਮਾਂ ਮੁਤਾਬਕ, ਮਹਿਲਾ ਨੇ ਪਹਿਲਾਂ ਈਸ਼ਨਿੰਦਾ ਵਰਗੀ ਸਮੱਗਰੀ ਵਟਸਐਪ 'ਤੇ ਭੇਜੀ ਤੇ ਫਿਰ ਮੁੱਕਰ ਗਈ ਤੇ ਉਨ੍ਹਾਂ ਦੇ ਪੁੱਤ ਨੂੰ ਉਹੀ ਸਮੱਗਰੀ ਫਾਰਵਰਡ ਕਰਨ ਲਈ ਕਿਹਾ (ਸੰਕੇਤਕ ਤਸਵੀਰ)

ਓਸਾਮਾ ਅਤੇ ਸਲੀਮ (ਦੋਵੇਂ ਨਾਮ ਅਸਲੀ ਨਹੀਂ ਹਨ) ਦੀਆਂ ਕਹਾਣੀਆਂ ਉਸਮਾਨ ਨਾਲ ਮਿਲਦੀਆਂ-ਜੁਲਦੀਆਂ ਹਨ ਅਤੇ ਉਹ ਦੋਵੇਂ ਵੀ ਈਸ਼ਨਿੰਦਾ ਦੇ ਇਲਜ਼ਾਮ ਵਿੱਚ ਅਡਯਾਲਾ ਜੇਲ੍ਹ ਵਿੱਚ ਵੀ ਕੈਦ ਹਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕੁਝ ਮਹਿਲਾਵਾਂ ਨਾਲ ਦੋਸਤੀ ਕੀਤੀ ਸੀ ਅਤੇ ਉਨ੍ਹਾਂ ਨੂੰ ਇੱਕ ਵ੍ਹਟਸ ਐਪ ਗਰੁੱਪ ਵਿੱਚ ਜੋੜਿਆ ਗਿਆ ਸੀ।

ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਮਹਿਲਾਵਾਂ ਨੇ ਉਨ੍ਹਾਂ ਗਰੁੱਪਾਂ ਵਿੱਚ ਈਸ਼ਨਿੰਦਾ ਵਾਲੀ ਸਮੱਗਰੀ ਸਾਂਝੀ ਕੀਤੀ। ਜਦੋਂ ਉਨ੍ਹਾਂ ਦੇ ਪੁੱਤਰਾਂ ਨੇ ਇਸ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਅਜਿਹੀ ਸਮੱਗਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਪੋਸਟਾਂ ਫਾਰਵਰਡ ਕਰਨ ਲਈ ਕਿਹਾ।

ਇਨ੍ਹਾਂ ਪਰਿਵਾਰਾਂ ਦੇ ਅਨੁਸਾਰ, ਉਨ੍ਹਾਂ ਦੇ ਪੁੱਤਰਾਂ ਨੇ ਅਜਿਹਾ ਹੀ ਕੀਤਾ ਅਤੇ ਬਾਅਦ ਵਿੱਚ ਈਸ਼ਨਿੰਦਾ ਦੇ ਇਲਜ਼ਾਮਾਂ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਕੇਸਾਂ ਵਿੱਚ ਇੱਕੋ ਜਿਹੀਆਂ ਗੱਲਾਂ

ਨਾ ਸਿਰਫ਼ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਇੱਕੋ ਜਿਹੀਆਂ ਹਨ, ਸਗੋਂ ਉਨ੍ਹਾਂ ਵਿਰੁੱਧ ਦਰਜ ਕੀਤੇ ਗਏ ਮਾਮਲਿਆਂ ਵਿੱਚ ਵੀ ਇੱਕੋ ਜਿਹੀਆਂ ਗੱਲਾਂ ਨਜ਼ਰ ਆਉਂਦੀਆਂ ਹਨ।

ਪਿਛਲੇ ਕੁਝ ਸਾਲਾਂ ਵਿੱਚ ਈਸ਼ਨਿੰਦਾ ਦੇ ਇਲਜ਼ਾਮਾਂ ਤਹਿਤ ਦਰਜ ਕੀਤੀਆਂ ਗਈਆਂ ਕਈ ਐਫਆਈਆਰ ਨੂੰ ਪੜ੍ਹਨ ਤੋਂ ਬਾਅਦ ਕੁਝ ਸੱਚਾਈ ਸਾਹਮਣੇ ਆਉਂਦੀ ਹੈ। ਅਜਿਹੇ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ ਅਤੇ ਕੁਝ ਲੋਕਾਂ ਵਿਰੁੱਧ ਇੱਕ ਤੋਂ ਵੱਧ ਕੇਸ ਵੀ ਦਰਜ ਕਰਵਾਏ ਹੋਏ ਹਨ।

ਇਹ ਸਾਰੇ ਕੇਸ ਸੋਸ਼ਲ ਮੀਡੀਆ ਜਾਂ ਵਟਸਐਪ ਪੋਸਟਾਂ ਕਾਰਨ ਦਰਜ ਕੀਤੇ ਗਏ ਹਨ ਅਤੇ ਜ਼ਿਆਦਾਤਰ ਕੇਸਾਂ ਵਿੱਚ ਈਸ਼ਨਿੰਦਾ ਦੇ ਇਲਜ਼ਾਮਾਂ ਦੀ ਸਮੱਗਰੀ ਵੀ ਇੱਕੋ ਜਿਹੀ ਜਾਪਦੀ ਹੈ।

ਈਸ਼ਨਿੰਦਾ ਦੇ ਮਾਮਲਿਆਂ ਨਾਲ ਸਬੰਧਤ ਪਟੀਸ਼ਨ ਦੀ ਸੁਣਵਾਈ ਹਾਈ ਕੋਰਟ ਵਿੱਚ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਪਾਕਿਸਤਾਨ ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਗਿਆ ਹੈ।

ਈਸ਼ਨਿੰਦਾ ਦੇ ਇਲਜ਼ਾਮਾਂ ਹੇਠ ਜੇਲ੍ਹ ਵਿੱਚ ਬੰਦ ਲੋਕਾਂ ਦੇ ਪਰਿਵਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਉਸਮਾਨ ਵੜੈਚ ਨੇ ਬੀਬੀਸੀ ਉਰਦੂ ਨੂੰ ਦੱਸਿਆ, "ਅਸੀਂ ਕਾਨੂੰਨ ਦੇ ਜਾਇਜ਼ ਜਾਂ ਨਾਜਾਇਜ਼ ਹੋਣ 'ਤੇ ਸਵਾਲ ਨਹੀਂ ਉਠਾ ਰਹੇ ਹਾਂ। ਉਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੀ ਦੁਰਵਰਤੋਂ ਕੀਤੀ ਗਈ ਅਤੇ ਉਨ੍ਹਾਂ ਦੇ ਬੱਚਿਆਂ ਵਿਰੁੱਧ ਝੂਠੇ ਮਾਮਲੇ ਬਣਾਏ ਗਏ ਸਨ।"

ਈਸ਼ਨਿੰਦਾ ਦੇ ਮਾਮਲਿਆਂ ਵਿੱਚ ਵਾਧਾ ਅਤੇ ਸਰਕਾਰੀ ਰਿਪੋਰਟਾਂ

ਕੈਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ 'ਚ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸਰਕਾਰੀ ਸੰਸਥਾ ਮੁਤਾਬਕ, ਪਿਛਲੇ ਸਾਢੇ ਤਿੰਨ ਸਾਲਾਂ 'ਚ ਦੇਸ਼ 'ਚ ਈਸ਼ਨਿੰਦਾ ਦੇ ਇਲਜ਼ਾਮਾਂ ਤਹਿਤ ਕੈਦ ਕੀਤੇ ਗਏ ਲੋਕਾਂ ਦੀ ਗਿਣਤੀ ਬਹੁਤ ਵਧ ਗਈ ਹੈ (ਸੰਕੇਤਕ ਤਸਵੀਰ)

ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਇੱਕ ਸਰਕਾਰੀ ਸੰਸਥਾ, ਨੈਸ਼ਨਲ ਕਮਿਸ਼ਨ ਫਾਰ ਹਿਊਮਨ ਰਾਈਟਸ (ਐਨਸੀਐਚਆਰ) ਨੇ ਪਿਛਲੇ ਸਾਲ ਇੱਕ ਰਿਪੋਰਟ ਜਾਰੀ ਕੀਤੀ ਸੀ, ਜਿਸ ਅਨੁਸਾਰ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਦੇਸ਼ ਵਿੱਚ ਈਸ਼ਨਿੰਦਾ ਦੇ ਇਲਜ਼ਾਮਾਂ ਤਹਿਤ ਕੈਦ ਕੀਤੇ ਗਏ ਲੋਕਾਂ ਦੀ ਗਿਣਤੀ ਬਹੁਤ ਵਧ ਗਈ ਹੈ। ਇਹ ਗਿਣਤੀ 2020 ਵਿੱਚ 11 ਸੀ, ਜੋ ਵਧ ਕੇ 767 ਹੋ ਗਈ।

ਪਰ ਇਸ ਰਿਪੋਰਟ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਮਾਮਲਿਆਂ ਦੀ ਸੁਣਵਾਈ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਕੈਦੀਆਂ ਨਾਲ ਕੀ ਹੋਇਆ, ਨਾ ਹੀ ਕੋਈ ਸਰਕਾਰੀ ਡੇਟਾ ਉਪਲੱਬਧ ਹੈ ਜੋ ਇਸ ਮਾਮਲੇ ਵਿੱਚ ਹੋਰ ਜਾਣਕਾਰੀ ਪ੍ਰਦਾਨ ਕਰ ਸਕੇ।

ਇਸ ਐਨਸੀਐਚਆਰ ਰਿਪੋਰਟ ਵਿੱਚ 2020 ਤੋਂ ਜੁਲਾਈ 2025 ਤੱਕ ਦਾ ਡੇਟਾ ਸ਼ਾਮਲ ਹੈ ਅਤੇ ਇਸਦੇ ਅਨੁਸਾਰ, ਈਸ਼ਨਿੰਦਾ ਦੇ ਮਾਮਲਿਆਂ ਵਿੱਚ 581 ਲੋਕ ਪੰਜਾਬ (ਪਾਕਿਸਤਾਨ) ਦੀਆਂ ਜੇਲ੍ਹਾਂ ਵਿੱਚ, 120 ਸਿੰਧ ਵਿੱਚ, 64 ਖੈਬਰ ਪਖਤੂਨਖਵਾ ਵਿੱਚ ਅਤੇ ਦੋ ਲੋਕ ਬਲੋਚਿਸਤਾਨ ਦੀਆਂ ਜੇਲ੍ਹਾਂ ਵਿੱਚ ਕੈਦ ਹਨ।

ਈਸ਼ਨਿੰਦਾ ਪਾਕਿਸਤਾਨ ਵਿੱਚ ਇੱਕ ਅਪਰਾਧ ਹੈ ਜਿਸਦੇ ਸਾਬਤ ਹੋਣ 'ਤੇ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ।

ਪਿਛਲੇ ਕੁਝ ਸਾਲਾਂ ਵਿੱਚ, ਉਨ੍ਹਾਂ ਮੁਕੱਦਮਿਆਂ ਵਿੱਚ ਉਸ ਸਮੇਂ ਵਾਧਾ ਦੇਖਿਆ ਗਿਆ ਜਦੋਂ ਧਾਰਮਿਕ ਸਮੂਹਾਂ ਨੇ ਈਸ਼ਨਿੰਦਾ ਵਿਰੁੱਧ ਮੁਹਿੰਮ ਤੇਜ਼ ਕੀਤੀ ਅਤੇ ਸਰਕਾਰ ਤੋਂ ਸੋਸ਼ਲ ਮੀਡੀਆ 'ਤੇ ਈਸ਼ਨਿੰਦਾ ਸਮੱਗਰੀ ਸਾਂਝੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।

ਪਿਛਲੇ ਕੁਝ ਸਾਲਾਂ ਵਿੱਚ, ਸਰਕਾਰੀ ਅਧਿਕਾਰੀਆਂ ਨੇ ਵੀ ਸੋਸ਼ਲ ਮੀਡੀਆ 'ਤੇ 'ਈਸ਼ਨਿੰਦਾ ਸਮੱਗਰੀ' ਵਿਰੁੱਧ ਕਾਰਵਾਈ ਤੇਜ਼ ਕੀਤੀ ਹੈ ਅਤੇ ਲੋਕਾਂ ਨੂੰ ਕਿਹਾ ਹੈ ਕਿ ਉਹ ਅਜਿਹੀ ਸਮੱਗਰੀ ਵਿਰੁੱਧ ਸ਼ਿਕਾਇਤ ਪਾਕਿਸਤਾਨੀ ਟੈਲੀਕਮਿਊਨੀਕੇਸ਼ਨ ਅਥਾਰਟੀ ਅਤੇ ਐਫਆਈਏ ਨੂੰ ਭੇਜਣ।

ਪਰ ਈਸ਼ਨਿੰਦਾ ਦੇ ਇਲਜ਼ਾਮਾਂ ਤਹਿਤ ਕੈਦ ਕੀਤੇ ਗਏ ਬਹੁਤ ਸਾਰੇ ਲੋਕਾਂ ਦੇ ਪਰਿਵਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਉਸਮਾਨ ਵੜੈਚ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਮੁਵੱਕਿਲਾਂ ਨੂੰ ਈਸ਼ਨਿੰਦਾ ਦੇ ਮਾਮਲਿਆਂ ਵਿੱਚ ਫਸਾਇਆ ਗਿਆ ਹੈ।

ਉਸਮਾਨ ਵੜੈਚ ਦਾ ਮੰਨਣਾ ਹੈ ਕਿ ਈਸ਼ਨਿੰਦਾ ਦੇ ਮਾਮਲਿਆਂ ਵਿੱਚ ਵਾਧੇ ਪਿੱਛੇ ਇੱਕ ਸੰਗਠਿਤ ਸਮੂਹ ਦਾ ਹੱਥ ਜਾਪਦਾ ਹੈ। ਉਹ ਕਹਿੰਦੇ ਹਨ ਕਿ ਕਈ ਈਸ਼ਨਿੰਦਾ ਦੇ ਕੇਸਾਂ ਵਿੱਚ ਸ਼ਿਕਾਇਤ ਕਰਨ ਵਾਲੇ ਇੱਕੋ ਜਿਹੇ ਹਨ।

ਇਹ ਵੀ ਪੜ੍ਹੋ-

ਸਰਕਾਰ ਤੋਂ ਜਾਂਚ ਦੀ ਮੰਗ

ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ (ਐਚਆਰਸੀਪੀ) ਦੀ ਸਾਲਾਨਾ ਰਿਪੋਰਟ ਵਿੱਚ ਵੀ ਇੱਕ ਅਜਿਹੇ ਸਮੂਹ ਦਾ ਜ਼ਿਕਰ ਹੈ, ਜੋ ਇਸ ਸੰਗਠਨ ਦੇ ਅਨੁਸਾਰ ਈਸ਼ਨਿੰਦਾ ਦੇ ਮਾਮਲਿਆਂ ਵਿੱਚ ਵਾਧੇ ਪਿੱਛੇ ਹੈ। ਐਚਆਰਸੀਪੀ ਨੇ ਵੀ ਇਸ ਮਾਮਲੇ ਵਿੱਚ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਹੈ।

ਕੁਝ ਸਮਾਂ ਪਹਿਲਾਂ ਪਾਕਿਸਤਾਨ ਸਰਕਾਰ ਦੇ ਕਾਨੂੰਨੀ ਮਾਮਲਿਆਂ ਦੇ ਬੁਲਾਰੇ ਬੈਰਿਸਟਰ ਅਕੀਲ ਮਲਿਕ ਨੇ ਪਾਕਿਸਤਾਨ ਦੇ ਨਿੱਜੀ ਟੀਵੀ ਚੈਨਲ 'ਆਜ ਟੀਵੀ' ਦੇ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਸਰਕਾਰ ਇਸ ਮਾਮਲੇ ਦੀ ਜਾਂਚ ਕਰਨ ਲਈ ਤਿਆਰ ਹੈ।

ਐਨਸੀਐਚਆਰ ਅਤੇ ਸਪੈਸ਼ਲ ਬ੍ਰਾਂਚ ਦੀਆਂ ਰਿਪੋਰਟਾਂ ਵਿੱਚ ਸ਼ੱਕੀ ਦੱਸੇ ਗਏ ਮੁਕੱਦਮਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਸੀ ਕਿ "ਪਹਿਲੀ ਨਜ਼ਰ ਵਿੱਚ ਅਜਿਹਾ ਲੱਗਦਾ ਹੈ ਕਿ ਸ਼ਿਕਾਇਤਕਰਤਾ ਇੱਕੋ ਹਨ, ਐਫਆਈਆਰ ਦੀ ਸਮੱਗਰੀ ਇੱਕੋ ਜਿਹੀ ਹੈ, ਇਸ ਲਈ ਇਸ ਮਾਮਲੇ 'ਤੇ ਸ਼ੱਕ ਤਾਂ ਹੁੰਦਾ ਹੈ।"

ਬੈਰਿਸਟਰ ਅਕੀਲ ਮਲਿਕ ਨੇ ਉਸ ਸਮੇਂ ਕਿਹਾ ਸੀ, "ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਇੱਕ ਕਮਿਸ਼ਨ (ਜਾਂਚ ਲਈ) ਅਗਲੇ ਕੁਝ ਹਫ਼ਤਿਆਂ ਵਿੱਚ ਬਣਾਇਆ ਜਾਵੇਗਾ ।"

ਪਰ ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਈਸ਼ਨਿੰਦਾ ਦੇ ਮਾਮਲੇ ਝੂਠੇ ਨਹੀਂ ਹਨ।

ਈਸ਼ਨਿੰਦਾ ਦੇ ਮਾਮਲੇ

ਕੈਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਕੁਝ ਸਾਲਾਂ ਵਿੱਚ, ਸਰਕਾਰੀ ਅਧਿਕਾਰੀਆਂ ਨੇ ਵੀ ਸੋਸ਼ਲ ਮੀਡੀਆ 'ਤੇ 'ਈਸ਼ਨਿੰਦਾ ਸਮੱਗਰੀ' ਵਿਰੁੱਧ ਕਾਰਵਾਈ ਤੇਜ਼ ਕੀਤੀ ਹੈ (ਸੰਕੇਤਕ ਤਸਵੀਰ)

ਅਪ੍ਰੈਲ 2024 ਵਿੱਚ, ਪੰਜਾਬ (ਪਾਕਿਸਤਾਨ) ਪੁਲਿਸ ਦੀ ਵਿਸ਼ੇਸ਼ ਸ਼ਾਖਾ ਨੇ ਸਟੇਟ ਚੀਫ ਸਕੱਤਰ, ਪੁਲਿਸ ਅਤੇ ਐਫਆਈਏ ਨੂੰ ਇੱਕ 'ਵਿਸ਼ੇਸ਼ ਰਿਪੋਰਟ' ਭੇਜੀ ਸੀ।

ਇਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਰਾਵਲਪਿੰਡੀ ਅਤੇ ਇਸਲਾਮਾਬਾਦ ਵਿੱਚ ਲੋਕਾਂ ਦਾ ਇੱਕ ਸਮੂਹ ਨੌਜਵਾਨਾਂ ਨੂੰ ਈਸ਼ਨਿੰਦਾ ਦੇ ਮੁਕੱਦਮਿਆਂ ਵਿੱਚ ਫਸਾ ਰਿਹਾ ਹੈ ਅਤੇ ਇਹ ਮੁਕੱਦਮੇ ਐਫਆਈਏ ਨੂੰ ਭੇਜ ਰਿਹਾ ਹੈ।

ਇਸ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਇਸ ਸਮੂਹ ਦਾ ਮੁਖੀ ਸ਼ਿਰਾਜ਼ ਅਹਿਮਦ ਫਾਰੂਕੀ ਨਾਮ ਦਾ ਇੱਕ ਵਿਅਕਤੀ ਹੈ ਜਦਕਿ ਰਾਓ ਅਬਦੁਲ ਰਹੀਮ ਨਾਮ ਦਾ ਇੱਕ ਵਕੀਲ ਵੀ ਇਸ ਸਮੂਹ ਦਾ ਹਿੱਸਾ ਹੈ।

ਪੰਜਾਬ ਪੁਲਿਸ ਦੀ ਵਿਸ਼ੇਸ਼ ਸ਼ਾਖਾ ਨੇ ਇਸ ਰਿਪੋਰਟ ਵਿੱਚ ਕਿਹਾ ਹੈ ਕਿ ਅਜਿਹੇ ਇਲਜ਼ਾਮ ਲਗਾਉਣ ਵਾਲਿਆਂ ਨੇ 'ਲੀਗਲ ਕਮਿਸ਼ਨ ਆਨ ਬਲੈਸਫ਼ੇਮੀ' ਨਾਮ ਦਾ ਇੱਕ ਸੰਗਠਨ ਬਣਾਇਆ ਹੈ ਅਤੇ ਇਸ ਦੇ ਅਧੀਨ ਕੰਮ ਕਰ ਰਹੇ ਹਨ।

ਰਾਓ ਅਬਦੁਲ ਰਹੀਮ ਅਸਲ ਵਿੱਚ 'ਲੀਗਲ ਕਮਿਸ਼ਨ ਆਨ ਬਲੈਸਫ਼ੇਮੀ' ਦੇ ਮੁਖੀ ਹਨ ਅਤੇ ਸ਼ਿਕਾਇਤਕਰਤਾ ਵੱਲੋਂ ਈਸ਼ਨਿੰਦਾ ਦੇ ਵਿਰੁੱਧ ਕੇਸ ਲੜਦੇ ਹਨ। ਇਹ ਸਮੂਹ ਕੁਝ ਸ਼ਹਿਰਾਂ ਵਿੱਚ ਸਰਗਰਮ ਹੈ ਅਤੇ ਇਸ ਵਿੱਚ ਬਹੁਤ ਸਾਰੇ ਵਕੀਲ ਸ਼ਾਮਲ ਹਨ।

ਬੀਬੀਸੀ ਨਾਲ ਇੱਕ ਇੰਟਰਵਿਊ ਦੌਰਾਨ, ਰਾਓ ਅਬਦੁਲ ਰਹੀਮ ਅਤੇ ਸ਼ੀਰਾਜ਼ ਅਹਿਮਦ ਫਾਰੂਕੀ ਨੇ ਵਿਸ਼ੇਸ਼ ਸ਼ਾਖਾ ਦੀ ਰਿਪੋਰਟ ਵਿੱਚ ਦਰਜ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਅਬਦੁਲ ਰਹੀਮ ਦੇ ਨਾਲ ਸ਼ੀਰਾਜ਼ ਅਹਿਮਦ ਫਾਰੂਕੀ ਵੀ ਮੌਜੂਦ ਸਨ ਅਤੇ ਰਾਓ ਅਬਦੁਲ ਰਹੀਮ ਨੇ ਉਨ੍ਹਾਂ ਵੱਲੋਂ ਸਵਾਲਾਂ ਦੇ ਜਵਾਬ ਦਿੱਤੇ।

ਸ਼ੀਰਾਜ਼ ਅਹਿਮਦ ਫਾਰੂਕੀ ਰਾਵਲਪਿੰਡੀ ਅਤੇ ਇਸਲਾਮਾਬਾਦ ਵਿੱਚ ਛੇ ਈਸ਼ਨਿੰਦਾ ਮਾਮਲਿਆਂ ਵਿੱਚ ਸ਼ਿਕਾਇਤਕਰਤਾ ਹਨ। ਰਾਓ ਅਬਦੁਲ ਰਹੀਮ ਉਨ੍ਹਾਂ ਦਾ ਬਚਾਅ ਕਰਦੇ ਹੋਏ ਕਹਿੰਦੇ ਹਨ ਕਿ ਜੇਕਰ ਕਿਸੇ ਵਿਅਕਤੀ ਨੂੰ ਇੱਕ ਵਾਰ ਈਸ਼ਨਿੰਦਾ ਵਾਲੀ ਸਮੱਗਰੀ ਮਿਲਦੀ ਹੈ, ਤਾਂ ਉਹ ਇੱਕ ਐਫਆਈਆਰ ਦਰਜ ਕਰਾਉਂਦਾ ਹੈ ਅਤੇ ਜੇਕਰ ਉਸਨੂੰ ਇਹ ਸਮੱਗਰੀ ਚਾਰ ਵਾਰ ਮਿਲਦੀ ਹੈ, ਤਾਂ ਉਹ ਚਾਰ ਐਫਆਈਆਰ ਦਰਜ ਕਰਾਵੇਗਾ।

ਈਸ਼ਨਿੰਦਾ ਦੇ ਕੇਸਾਂ ਵਿੱਚ ਕੈਦ ਤਿੰਨ ਲੋਕਾਂ ਦੇ ਪਰਿਵਾਰਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਰਾਓ ਅਬਦੁਲ ਰਹੀਮ ਅਤੇ ਸ਼ੀਰਾਜ਼ ਅਹਿਮਦ ਫਾਰੂਕੀ 'ਤੇ ਆਪਣੇ ਬੱਚਿਆਂ ਨੂੰ ਈਸ਼ਨਿੰਦਾ ਦੇ ਮਾਮਲਿਆਂ ਵਿੱਚ ਫਸਾਉਣ ਦਾ ਇਲਜ਼ਾਮ ਲਗਾਇਆ ਹੈ।

ਸਪੈਸ਼ਲ ਬ੍ਰਾਂਚ ਦੀ ਰਿਪੋਰਟ ਵਿੱਚ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਲੋਕਾਂ ਨੂੰ ਈਸ਼ਨਿੰਦਾ ਦੇ ਮਾਮਲਿਆਂ ਵਿੱਚ ਫਸਾਇਆ ਜਾਂਦਾ ਹੈ ਅਤੇ ਉਨ੍ਹਾਂ ਤੋਂ ਪੈਸੇ ਦੀ ਵੀ ਮੰਗ ਕੀਤੀ ਜਾਂਦੀ ਹੈ। ਰਾਓ ਅਬਦੁਲ ਰਹੀਮ ਅਤੇ ਸ਼ਿਰਾਜ਼ ਅਹਿਮਦ ਫਾਰੂਕੀ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

'ਉਨ੍ਹਾਂ ਨੇ 50 ਲੱਖ ਰੁਪਏ ਦੀ ਮੰਗ ਕੀਤੀ'

ਪਰੇਸ਼ਾਨ ਵਿਅਕਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਪੁਲਿਸ ਦੀ ਵਿਸ਼ੇਸ਼ ਸ਼ਾਖਾ ਦੀ ਰਿਪੋਰਟ ਮੁਤਾਬਕ, ਅਜਿਹੇ ਇਲਜ਼ਾਮ ਲਗਾਉਣ ਵਾਲਿਆਂ ਨੇ 'ਲੀਗਲ ਕਮਿਸ਼ਨ ਆਨ ਬਲੈਸਫ਼ੇਮੀ' ਨਾਮ ਦਾ ਸੰਗਠਨ ਬਣਾਇਆ ਹੈ ਤੇ ਇਸ ਦੇ ਅਧੀਨ ਕੰਮ ਕਰ ਰਹੇ ਹਨ (ਸੰਕੇਤਕ ਤਸਵੀਰ)

ਓਸਾਮਾ ਨੂੰ 11 ਸਤੰਬਰ 2024 ਨੂੰ ਪੰਜਾਬ ਸੂਬੇ ਦੇ ਇੱਕ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਇੱਕ ਮਹਿਲਾ ਨੇ ਉਨ੍ਹਾਂ ਨੂੰ ਈਸ਼ਨਿੰਦਾ ਦੇ ਮਾਮਲੇ ਵਿੱਚ ਫਸਾਇਆ ਹੈ।

ਓਸਾਮਾ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨਾਲ ਸੰਪਰਕ ਕਰਨ ਵਾਲੀ ਮਹਿਲਾ ਨੇ ਆਪਣਾ ਨਾਮ ਆਇਤ ਕਿਆਨੀ ਦੱਸਿਆ ਸੀ।

22 ਸਾਲਾ ਓਸਾਮਾ ਪੰਜਾਬ ਦੇ ਇੱਕ ਹਸਪਤਾਲ ਤੋਂ ਨਰਸਿੰਗ ਵਿੱਚ ਡਿਪਲੋਮਾ ਕਰ ਰਹੇ ਸਨ ਪਰ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਵੀ ਅਧੂਰੀ ਰਹਿ ਗਈ।

ਓਸਾਮਾ ਦੇ ਭਰਾ ਦਾ ਕਹਿਣਾ ਹੈ ਕਿ ਉਸ ਮਹਿਲਾ ਨੇ ਉਸਦੇ ਭਰਾ ਨੂੰ ਵੀ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਕੀਤਾ ਸੀ ਅਤੇ ਫਿਰ ਉੱਥੇ ਈਸ਼ ਨਿੰਦਾ ਵਾਲੀ ਸਮੱਗਰੀ ਸਾਂਝੀ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਫਿਰ ਕੁੜੀ ਨੇ ਕਿਹਾ, "ਮੈਂ ਇਹ ਈਸ਼ ਨਿੰਦਾ ਵਾਲੀ ਸਮੱਗਰੀ ਸਾਂਝੀ ਨਹੀਂ ਕੀਤੀ, ਮੈਨੂੰ ਦਿਖਾਓ ਕਿ ਤੁਸੀਂ ਕਿਸ ਸਮੱਗਰੀ ਬਾਰੇ ਗੱਲ ਕਰ ਰਹੇ ਹੋ।"

ਉਨ੍ਹਾਂ ਦਾ ਕਹਿਣਾ ਹੈ ਕਿ ਬਾਅਦ ਵਿੱਚ ਉਨ੍ਹਾਂ ਦਾ ਭਰਾ ਉਸੇ ਵਟਸਐਪ ਗਰੁੱਪ ਵਿੱਚ ਪੋਸਟਾਂ ਕਾਰਨ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲੋਂ ਉਨ੍ਹਾਂ ਦੇ ਵਕੀਲ ਰਾਹੀਂ 50 ਲੱਖ ਰੁਪਏ ਦੀ ਰਕਮ ਮੰਗੀ ਗਈ ਸੀ।

ਓਸਾਮਾ ਦੇ ਭਰਾ ਨੇ ਰਾਓ ਅਬਦੁਲ ਰਹੀਮ ਜਾਂ ਸ਼ੀਰਾਜ਼ ਅਹਿਮਦ ਫਾਰੂਕੀ 'ਤੇ ਸਿੱਧੇ ਤੌਰ 'ਤੇ ਪੈਸੇ ਮੰਗਣ ਦਾ ਇਲਜ਼ਾਮ ਨਹੀਂ ਲਗਾਇਆ ਅਤੇ ਪੈਸੇ ਮੰਗਣ ਵਾਲੇ ਵਿਅਕਤੀ ਦੀ ਪਛਾਣ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਭਰਾ, ਜੋ ਕਿ ਜੇਲ੍ਹ ਵਿੱਚ ਹੈ, ਇਸ ਕਾਰਨ ਖ਼ਤਰੇ ਵਿੱਚ ਪੈ ਸਕਦਾ ਹੈ।

ਬੀਬੀਸੀ ਨਾਲ ਇੱਕ ਇੰਟਰਵਿਊ ਦੌਰਾਨ, ਓਸਾਮਾ ਦੀ ਮਾਂ ਭਾਵੁਕ ਹੋ ਉੱਠੇ ਅਤੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਗਿਆ ਸੀ।

ਉਨ੍ਹਾਂ ਇਲਜ਼ਾਮ ਲਗਾਇਆ ਕਿ ਸ਼ਿਕਾਇਤਕਰਤਾ ਵੀ ਉਸ ਵਟਸਐਪ ਗਰੁੱਪ ਦਾ ਹਿੱਸਾ ਸੀ। "ਜੇਕਰ ਉੱਥੇ ਈਸ਼ਨਿੰਦਾ ਵਾਲੀ ਸਮੱਗਰੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਸ਼ਿਕਾਇਤਕਰਤਾ ਉੱਥੇ ਕੀ ਕਰ ਰਿਹਾ ਹੈ?"

ਬੀਬੀਸੀ ਇਸ ਦਾਅਵੇ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ ਕਿ ਸ਼ਿਕਾਇਤਕਰਤਾ ਉਸ ਵਟਸਐਪ ਗਰੁੱਪ ਦੇ ਮੈਂਬਰ ਸਨ।

ਜਦੋਂ ਰਾਓ ਅਬਦੁਲ ਰਹੀਮ ਨੂੰ ਪੁੱਛਿਆ ਗਿਆ ਕਿ ਕੀ ਉਹ ਕਿਸੇ ਵੀ ਵਟਸਐਪ ਗਰੁੱਪ ਦੇ ਮੈਂਬਰ ਸੀ ਜਿੱਥੇ ਵਿਵਾਦਪੂਰਨ ਸਮੱਗਰੀ ਸਾਂਝੀ ਕੀਤੀ ਜਾ ਰਹੀ ਸੀ, ਤਾਂ ਉਨ੍ਹਾਂ ਕਿਹਾ, "ਮੈਂ ਉਨ੍ਹਾਂ ਸਮੂਹਾਂ ਦੇ ਵਿਰੁੱਧ ਸ਼ਿਕਾਇਤਕਰਤਾ ਹਾਂ।"

ਇਸ ਸਵਾਲ ਦਾ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਦੀ ਬਜਾਏ ਉਨ੍ਹਾਂ ਕਿਹਾ, "ਜਦੋਂ ਮੈਂ ਕਹਿ ਰਿਹਾ ਹਾਂ ਕਿ ਉੱਥੇ ਧਰਮ ਦਾ ਅਪਮਾਨ ਕੀਤਾ ਜਾ ਰਿਹਾ ਹੈ, ਤਾਂ ਇਸਦਾ ਮਤਲਬ ਹੈ ਕਿ ਮੈਨੂੰ ਉੱਥੇ ਇੰਜੈਕਟ ਕੀਤਾ ਗਿਆ ਹੈ।"

ਸਲੀਮ (ਬਦਲਿਆ ਹੋਇਆ ਨਾਮ) ਦਾ ਦਾਅਵਾ ਓਸਾਮਾ ਅਤੇ ਉਸਮਾਨ ਦੇ ਦਾਅਵਿਆਂ ਨਾਲ ਮਿਲਦਾ-ਜੁਲਦਾ ਹੈ, ਜਿਨ੍ਹਾਂ ਨੂੰ 1 ਅਗਸਤ 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੇ ਭਰਾ ਅਨੁਸਾਰ, ਸਲੀਮ ਨਾਲ ਸੰਪਰਕ ਕਰਨ ਵਾਲੀ ਮਹਿਲਾ ਨੇ ਆਪਣਾ ਨਾਮ ਸੂਬਿਆ ਨਾਜ਼ ਦੱਸਿਆ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਰਾ ਦਾ ਉਸ ਮਹਿਲਾ ਨਾਲ ਸੰਪਰਕ ਫੇਸਬੁੱਕ 'ਤੇ ਹੋਇਆ ਸੀ ਅਤੇ ਬਾਅਦ ਵਿੱਚ ਸਲੀਮ ਨੇ ਉਸ ਨਾਲ ਵੀਡੀਓ ਕਾਲ 'ਤੇ ਵੀ ਗੱਲ ਕੀਤੀ ਸੀ।

ਬੀਬੀਸੀ ਨੂੰ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਵੱਲੋਂ ਪੈਸੇ ਦੀ ਮੰਗ ਸਬੰਧੀ ਵਟਸਐਪ ਮੈਸੇਜ ਦਿਖਾਏ ਗਏ ਅਤੇ ਵੀਡੀਓ ਕਾਲਾਂ ਦੇ ਸਕ੍ਰੀਨਸ਼ਾਟ ਵੀ ਦਿਖਾਏ ਗਏ, ਜਿਨ੍ਹਾਂ ਵਿੱਚ ਉਹ ਮਹਿਲਾਵਾਂ ਨੂੰ ਈਸ਼ਨਿੰਦਾ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨਾਲ ਦੇਖਿਆ ਜਾ ਸਕਦਾ ਹੈ।

ਬੀਬੀਸੀ ਉਨ੍ਹਾਂ ਸਬੂਤਾਂ ਦੀ ਵੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ। ਉਨ੍ਹਾਂ ਲੋਕਾਂ ਦੇ ਪਰਿਵਾਰਾਂ ਮੁਤਾਬਕ, ਉਹ ਹੋਰ ਸਬੂਤ ਕਿਸੇ ਜਾਂਚ ਕਮਿਸ਼ਨ ਅੱਗੇ ਪੇਸ਼ ਕਰਨਗੇ।

ਈਸ਼ਨਿੰਦਾ ਦੇ ਮਾਮਲਿਆਂ ਵਿੱਚ ਸ਼ਿਕਾਇਤਕਰਤਾ ਕੌਣ ਹਨ?

ਪਾਕਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਕੀਲ ਉਸਮਾਨ ਵੜੈਚ ਅਤੇ ਉਨ੍ਹਾਂ ਦੀ ਟੀਮ ਦੁਆਰਾ ਅਦਾਲਤ ਵਿੱਚ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਦੇ ਅਨੁਸਾਰ, ਬਹੁਤ ਸਾਰੇ ਸ਼ਿਕਾਇਤਕਰਤਾ ਹਨ ਜਿਨ੍ਹਾਂ ਨੇ ਇੱਕ ਤੋਂ ਵੱਧ ਕੇਸ ਦਾਇਰ ਕੀਤੇ ਹਨ (ਸੰਕੇਤਕ ਤਸਵੀਰ)

ਵਕੀਲ ਉਸਮਾਨ ਵੜੈਚ ਅਤੇ ਉਨ੍ਹਾਂ ਦੀ ਟੀਮ ਦੁਆਰਾ ਅਦਾਲਤ ਵਿੱਚ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਦੇ ਅਨੁਸਾਰ, ਬਹੁਤ ਸਾਰੇ ਸ਼ਿਕਾਇਤਕਰਤਾ ਹਨ ਜਿਨ੍ਹਾਂ ਨੇ ਇੱਕ ਤੋਂ ਵੱਧ ਕੇਸ ਦਾਇਰ ਕੀਤੇ ਹਨ।

ਉਸਮਾਨ ਵੜੈਚ ਦੇ ਅਨੁਸਾਰ, ਸ਼ਿਰਾਜ਼ ਅਹਿਮਦ ਫਾਰੂਕੀ ਰਾਵਲਪਿੰਡੀ ਅਤੇ ਇਸਲਾਮਾਬਾਦ ਵਿੱਚ ਛੇ ਮਾਮਲਿਆਂ ਵਿੱਚ ਸ਼ਿਕਾਇਤਕਰਤਾ ਹਨ, ਜਦਕਿ ਹੋਰ ਵੀ ਹਨ ਜੋ ਇੱਕ ਤੋਂ ਵੱਧ ਕੇਸ ਲੜ ਰਹੇ ਹਨ।

ਅਦਾਲਤ ਵਿੱਚ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਵਿੱਚ ਉਨ੍ਹਾਂ ਹੋਰ ਲੋਕਾਂ ਦੇ ਨਾਮ ਵੀ ਹਨ ਜਿਨ੍ਹਾਂ ਨੇ ਇੱਕ ਤੋਂ ਵੱਧ ਈਸ਼ਨਿੰਦਾ ਦੇ ਕੇਸ ਦਾਇਰ ਕੀਤੇ ਹਨ।

ਐਨਐਚਸੀਆਰ ਦੀ ਜਾਂਚ ਰਿਪੋਰਟ ਦੇ ਅਨੁਸਾਰ, ਰਾਵਲਪਿੰਡੀ ਦੀ ਅਡਯਾਲਾ ਜੇਲ੍ਹ ਵਿੱਚ ਈਸ਼ਨਿੰਦਾ ਦੇ ਇਲਜ਼ਾਮ ਵਿੱਚ ਕੈਦ 11 ਤੋਂ 12 ਲੋਕਾਂ ਨੂੰ 6 ਗੁਣਾ 12 ਵਰਗ ਫੁੱਟ ਦੇ ਕਮਰੇ ਵਿੱਚ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ, ਉਨ੍ਹਾਂ ਦੀ ਸੁਰੱਖਿਆ ਲਈ ਦੂਜੇ ਕੈਦੀਆਂ ਤੋਂ ਵੀ ਦੂਰ ਰੱਖਿਆ ਜਾਂਦਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਈਸ਼ਨਿੰਦਾ ਦੇ ਇਲਜ਼ਾਮ ਵਿੱਚ ਪੰਜਾਬ ਦੇ ਸ਼ਹਿਰ ਲਾਹੌਰ ਵਿੱਚ ਕੈਦ ਕੀਤੇ ਗਏ ਸਾਰੇ ਲੋਕਾਂ ਦੀ ਉਮਰ 21 ਤੋਂ 33 ਸਾਲ ਦੇ ਵਿਚਕਾਰ ਹੈ।

ਓਸਾਮਾ ਰਾਵਲਪਿੰਡੀ ਦੀ ਅਡਯਾਲਾ ਜੇਲ੍ਹ ਵਿੱਚ ਕੈਦ ਹਨ। ਉਨ੍ਹਾਂ ਦੇ ਮਾਂ ਕਹਿੰਦੇ ਹਨ, "ਹੁਣ ਵੀ ਜਦੋਂ ਮੈਂ ਆਪਣੇ ਪੁੱਤਰ ਨੂੰ ਮਿਲਣ ਜਾਂਦੀ ਹਾਂ, ਤਾਂ ਉਹ ਪੁੱਛਦਾ ਹੈ 'ਮੇਰਾ ਕੀ ਕਸੂਰ ਹੈ'। ਮੈਂ ਉਸਨੂੰ ਕਹਿੰਦੀ ਹਾਂ, ਪੁੱਤਰ ਹੁਣ ਮੈਂ ਤੈਨੂੰ ਕੀ ਦੱਸਾਂ।"

ਲੀਗਲ ਕਮਿਸ਼ਨ ਆਫ਼ ਬਲੈਸਫ਼ੇਮੀ ਕੀ ਕਹਿੰਦਾ ਹੈ?

ਪਰੇਸ਼ਾਨ ਵਿਅਕਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੀਗਲ ਕਮਿਸ਼ਨ ਆਫ਼ ਬਲੈਸਫ਼ੇਮੀ ਦੇ ਮੁਖੀ ਕਿਸੇ ਨੂੰ ਵੀ ਈਸ਼ਨਿੰਦਾ ਦੇ ਇਲਜ਼ਾਮਾਂ ਵਿੱਚ ਫਸਾਉਣ ਤੋਂ ਇਨਕਾਰ ਕਰਦੇ ਹਨ (ਸੰਕੇਤਕ ਤਸਵੀਰ)

ਲੀਗਲ ਕਮਿਸ਼ਨ ਆਫ਼ ਬਲੈਸਫ਼ੇਮੀ ਦੇ ਮੁਖੀ ਕਿਸੇ ਨੂੰ ਵੀ ਈਸ਼ਨਿੰਦਾ ਦੇ ਇਲਜ਼ਾਮਾਂ ਵਿੱਚ ਫਸਾਉਣ ਤੋਂ ਇਨਕਾਰ ਕਰਦੇ ਹਨ।

ਉਹ ਕਹਿੰਦੇ ਹਨ, "ਜੇਕਰ ਕਿਸੇ ਨੇ ਵੀ ਸਾਨੂੰ ਦੁਨੀਆਂ ਭਰ ਤੋਂ ਕਿਸੇ ਵੀ ਤਰੀਕੇ ਨਾਲ ਪੈਸੇ ਭੇਜੇ ਹਨ, ਤਾਂ ਉਹ ਸਾਨੂੰ ਸਬੂਤ ਦਿਖਾਵੇ। ਮੈਂ ਬਿਨ੍ਹਾਂ ਅਦਾਲਤੀ ਕਾਰਵਾਈ ਦੇ ਸਜ਼ਾ ਲਈ ਤਿਆਰ ਹਾਂ।"

ਪਰ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਉਹ ਲਾਹੌਰ ਦੇ ਉਨ੍ਹਾਂ ਵਕੀਲਾਂ ਨਾਲ ਕੰਮ ਜ਼ਰੂਰ ਕਰਦੇ ਹਨ ਜੋ ਈਸ਼ਨਿੰਦਾ ਦੇ ਕੇਸ ਲੜਦੇ ਹਨ ਅਤੇ 'ਤਹਫੁਜ਼ ਖਤਮ-ਏ-ਨਬੂਵਤ ਲਾਯਰਸ ਫੋਰਮ' ਨਾਲ ਵੀ ਜੁੜੇ ਹੋਏ ਹਨ। (ਇਹ ਵਕੀਲਾਂ ਸੀ ਇੱਕ ਫੋਰਮ ਹੈ ਜੋ ਪੈਗੰਬਰ ਮੁਹੰਮਦ ਨੂੰ ਆਖਰੀ ਨਬੀ ਮੰਨਣ ਵਾਲੇ ਦਾਅਵੇ ਦਾ ਬਚਾਅ ਕਰਦੇ ਹਨ।)

ਉਨ੍ਹਾਂ ਕਿਹਾ, "ਲਾਹੌਰ ਵਿੱਚ ਅਸੀਂ ਉਨ੍ਹਾਂ ਨਾਲ ਕੰਮ ਕਰਦੇ ਹਾਂ ਤਾਂ ਜੋ ਇਸਲਾਮਾਬਾਦ ਤੋਂ ਕਿਸੇ ਵਕੀਲ ਨੂੰ ਲਾਹੌਰ ਅਤੇ ਲਾਹੌਰ ਤੋਂ ਕਿਸੇ ਵਕੀਲ ਨੂੰ ਇਸਲਾਮਾਬਾਦ ਨਾ ਆਉਣਾ ਪਵੇ।"

ਜਦੋਂ ਸਪੈਸ਼ਲ ਬ੍ਰਾਂਚ ਦੀ ਰਿਪੋਰਟ ਬਾਰੇ ਪੁੱਛਿਆ ਗਿਆ ਤਾਂ ਰਾਓ ਅਬਦੁਲ ਰਹੀਮ ਨੇ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਅਦਾਲਤਾਂ ਵਿੱਚ ਪੇਸ਼ ਹੋਏ ਸਨ ਅਤੇ ਦੱਸਿਆ ਸੀ ਕਿ ਇਹ ਇੱਕ "ਸੋਰਸ ਇਨਫਾਰਮੇਸ਼ਨ ਰਿਪੋਰਟ" ਸੀ, ਜੋ ਸਬੰਧਤ ਏਜੰਸੀ ਨੂੰ ਭੇਜ ਦਿੱਤੀ ਗਈ ਸੀ।

"ਉਨ੍ਹਾਂ ਦੇ ਇੱਕ ਅਧਿਕਾਰੀ ਨੇ ਲਾਹੌਰ ਹਾਈ ਕੋਰਟ ਨੂੰ ਦੱਸਿਆ ਸੀ ਕਿ ਇਹ ਸਿਰਫ਼ ਜਾਣਕਾਰੀ ਹੈ, ਰਿਪੋਰਟ ਨਹੀਂ।"

ਰਾਓ ਅਬਦੁਲ ਰਹੀਮ ਦਾ ਦਾਅਵਾ ਹੈ ਕਿ ਐਫਆਈਏ ਨੇ ਮਾਮਲੇ ਦੀ ਜਾਂਚ ਕੀਤੀ ਅਤੇ "ਆਪਣੀ ਰਿਪੋਰਟ ਵਿੱਚ ਲਿਖਿਆ ਕਿ ਉਨ੍ਹਾਂ ਨੂੰ ਇਨ੍ਹਾਂ ਇਲਜ਼ਾਮਾਂ ਦਾ ਕੋਈ ਸਬੂਤ ਨਹੀਂ ਮਿਲਿਆ।"

ਬੀਬੀਸੀ ਨੇ 11 ਫਰਵਰੀ ਨੂੰ ਸਿੱਧੇ ਤੌਰ 'ਤੇ ਐਫਆਈਏ ਦੇ ਤਤਕਾਲੀ ਡਾਇਰੈਕਟਰ ਜਨਰਲ ਜਾਨ ਮੁਹੰਮਦ ਬੱਟ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਸਾਨੂੰ ਸਵਾਲ ਭੇਜਣ ਲਈ ਕਿਹਾ। ਫਿਰ ਉਨ੍ਹਾਂ ਨਾਲ 12 ਅਤੇ 14 ਫਰਵਰੀ ਨੂੰ ਦੁਬਾਰਾ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਬੀਬੀਸੀ ਨੂੰ ਕੋਈ ਜਵਾਬ ਨਹੀਂ ਦਿੱਤਾ।

ਦੂਜੇ ਪਾਸੇ, ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਸਪੈਸ਼ਲ ਬ੍ਰਾਂਚ ਸਾਰਾ ਕੁਝ ਸਬੂਤਾਂ ਦੇ ਆਧਾਰ 'ਤੇ ਰਿਪੋਰਟ ਕਰਦੀ ਹੈ ਅਤੇ ਇਸਦੀ ਪੁਸ਼ਟੀ ਐਫਆਈਏ ਗੈਜੇਟਸ (ਮੋਬਾਈਲ ਫੋਨ ਅਤੇ ਕੰਪਿਊਟਰ) ਦੀ ਜਾਂਚ ਕਰਕੇ ਕਰਦੀ ਹੈ।

ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਖੋਜਕਰਤਾਵਾਂ ਅਤੇ ਸਥਾਨਕ ਮੀਡੀਆ ਦੇ ਅਨੁਸਾਰ, ਪਿਛਲੇ 30 ਸਾਲਾਂ ਵਿੱਚ ਪਾਕਿਸਤਾਨ ਵਿੱਚ 80 ਤੋਂ ਵੱਧ ਲੋਕ ਈਸ਼ਨਿੰਦਾ ਦੇ ਇਲਜ਼ਾਮ ਲੱਗਣ ਕਾਰਨ ਬਿਨ੍ਹਾਂ ਕਿਸੇ ਅਦਾਲਤੀ ਕਾਰਵਾਈ ਦੇ ਮਾਰੇ ਗਏ ਹਨ।

ਸਥਾਨਕ ਮੀਡੀਆ ਦੇ ਅਨੁਸਾਰ, ਹਾਲ ਹੀ ਦੇ ਸਾਲਾਂ ਵਿੱਚ ਪਾਕਿਸਤਾਨ ਵਿੱਚ ਈਸ਼ਨਿੰਦਾ ਦੇ ਇਲਜ਼ਾਮਾਂ ਵਿੱਚ ਔਰਤਾਂ ਸਮੇਤ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਈਸ਼ਨਿੰਦਾ ਦੇ ਇਲਜ਼ਾਮਾਂ ਤਹਿਤ ਕੈਦ ਲੋਕਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ 'ਲੀਗਲ ਕਮਿਸ਼ਨ ਆਫ਼ ਬਲੈਸਫ਼ੇਮੀ' ਦੁਆਰਾ ਮੁਲਜ਼ਮਾਂ ਅਤੇ ਉਨ੍ਹਾਂ ਦੇ ਸ਼ਹਿਰਾਂ ਦੇ ਨਾਮ ਵੀ ਸੋਸ਼ਲ ਮੀਡੀਆ ਪੋਸਟਾਂ ਵਿੱਚ ਸਾਂਝੇ ਕੀਤੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਦੇ ਹੋਰ ਮੈਂਬਰਾਂ ਦੀ ਜਾਨ ਵੀ ਖ਼ਤਰੇ ਵਿੱਚ ਪੈ ਜਾਂਦੀ ਹੈ।

ਜਦੋਂ ਰਾਓ ਅਬਦੁਲ ਰਹੀਮ ਨੂੰ ਅਜਿਹੀਆਂ ਸੋਸ਼ਲ ਮੀਡੀਆ ਪੋਸਟਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਪਣੇ ਸਮੂਹ ਦਾ ਬਚਾਅ ਕੀਤਾ ਅਤੇ ਕਿਹਾ, "ਮੈਨੂੰ ਦੱਸੋ, ਮੈਂ ਆਪਣੇ ਲੋਕਾਂ ਵਿੱਚ ਅਜਿਹੇ ਅਪਰਾਧਾਂ ਵਿਰੁੱਧ ਡਿਟੇਰੇਂਸ ਕਿਵੇਂ ਪੈਦਾ ਕਰਾਂ ਅਤੇ ਉਨ੍ਹਾਂ ਨੂੰ ਕਿਵੇਂ ਜਾਣਕਾਰੀ ਦੇਵਾਂ?

ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਸਮੂਹ ਦੁਆਰਾ ਕੀਤੀਆਂ ਗਈਆਂ ਅਜਿਹੀਆਂ ਪੋਸਟਾਂ ਦੇ ਬਾਵਜੂਦ ਕਿਸੇ ਵੀ ਪਰਿਵਾਰ ਨੂੰ ਹੁਣ ਤੱਕ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)