ਕੌਣ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕੰਪਨੀ ਦੀ ਸੰਸਥਾਪਕ ‘ਜੋ ਚਾਰ ਸਾਲਾ ਪੁੱਤ ਦੀ ਲਾਸ਼ ਨਾਲ ਗ੍ਰਿਫ਼ਤਾਰ ਹੋਈ’

ਤਸਵੀਰ ਸਰੋਤ, X/Suchana Seth
ਇੱਕ ਆਰਟੀਫੀਸ਼ੀਅਲ ਇੰਟੈਲਿਜੈਂਸ ਕੰਪਨੀ ਦੀ ਸੰਸਥਾਪਕ, 39 ਸਾਲਾ ਔਰਤ ਨੂੰ ਪੁਲਿਸ ਨੇ ਆਪਣੇ 4 ਸਾਲਾਂ ਦੇ ਪੁੱਤਰ ਨੂੰ ਕਥਿਤ ਤੌਰ 'ਤੇ ਕਤਲ ਕਰਨ ਦੇ ਜੁਰਮ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ ਦੀ ਪਛਾਣ ਸੂਚਨਾ ਸੇਠ ਵਜੋਂ ਹੋਈ ਹੈ। ਪੁਲਿਸ ਨੇ ਸੂਚਨਾ ਦੇ ਬੈਗ ਵਿੱਚੋਂ ਉਨ੍ਹਾਂ ਦੇ ਚਾਰ ਸਾਲਾਂ ਦੇ ਪੁੱਤਰ ਦੀ ਲਾਸ਼ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਦੇ ਬਿਆਨਾਂ ਮੁਤਾਬਕ ਸੂਚਨਾ ਨੇ ਕਥਿਤ ਤੌਰ 'ਤੇ ਪਹਿਲਾਂ ਗੋਆ ਵਿੱਚ ਆਪਣੇ ਪੁੱਤਰ ਦਾ ਕਤਲ ਕੀਤਾ ਅਤੇ ਫਿਰ ਕਿਰਾਏ ’ਤੇ ਗੱਡੀ ਲੈ ਕੇ ਬੰਗਲੁਰੂ ਜਾਣ ਲਈ ਰਵਾਨਾ ਹੋ ਗਈ।
ਪੁਲਿਸ ਨੇ ਰਸਤੇ ਵਿੱਚ ਹੀ ਟੈਕਸੀ ਦੇ ਡਰਾਈਵਰ ਨਾਲ ਸੰਪਰਕ ਕਰਕੇ ਸੂਚਨਾ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਦੇ ਚਾਰ ਸਾਲਾ ਪੁੱਤਰ ਦੀ ਲਾਸ਼ ਵੀ ਕਬਜ਼ੇ ਵਿੱਚ ਲੈ ਲਈ।
ਇਸ ਕੇਸ ਬਾਰੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਹੈਰਾਨੀ ਜ਼ਾਹਰ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਕਿਵੇਂ ਪਤਾ ਲੱਗਾ

ਤਸਵੀਰ ਸਰੋਤ, ANI
ਵੱਖ-ਵੱਖ ਮੀਡੀਆ ਅਦਾਰਿਆ ਉੱਤੇ ਚੱਲ ਰਹੇ ਪੁਲਿਸ ਦੇ ਬਿਆਨਾਂ ਮੁਤਾਬਕ ਸੂਚਨਾ ਨੌਰਥ ਗੋਆ ਵਿਚਲੇ ਇੱਕ ਕਿਰਾਏ ਦੇ ਅਪਾਰਟਮੈਂਟ ਵਿੱਚ 6 ਜਨਵਰੀ ਨੂੰ ਆਪਣੇ ਚਾਰ ਸਾਲਾਂ ਦੇ ਪੁੱਤਰ ਨਾਲ ਰਹਿਣ ਲਈ ਗਈ ਸੀ।
ਗੋਆ ਪੁਲਿਸ ਦੇ ਸੁਪਰੀਟੈਂਡੈਂਟ ਆਫ ਪੁਲਿਸ ਨਿਧਿਨ ਵਲਸਨ ਨੇ ਇਸ ਬਾਰੇ ਪ੍ਰੈੱਸ ਕਾਨਫਰੰਸ ਵੀ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਬੁਕਿੰਗ ਆਨਲਾਈਨ ਪਲੇਟਫਾਰਮ ਏਅਰਬੀਐੱਨਬੀ ਦੇ ਜ਼ਰੀਏ ਬੁਕਿੰਗ ਕੀਤੀ ਸੀ।
ਇਹ ਇੱਕ ‘ਰੈਂਟਡ ਸਰਵਿਸ ਅਪਾਰਟਮੈਂਟ’ ਸੀ, ਇੱਥੇ ਰਹਿਣ ਵਾਲੇ ਲੋਕਾਂ ਨੂੰ ਕੰਮ ਕਰਨ ਵਾਲੇ ਸਟਾਫ਼, ਫਰਨੀਚਰ ਸਮੇਤ ਰਹਿਣ ਦੇ ਲਈ ਲੋਣੀਂਦੀਆਂ ਸਹੂਲਤਾਂ ਮਿਲਦੀਆਂ ਹਨ।
ਪੁਲਿਸ ਮੁਤਾਬਕ ਇੱਥੇ ਦੋ ਦੇ ਕਰੀਬ ਦਿਨ ਰਹਿਣ ਤੋਂ ਬਾਅਦ ਸੂਚਨਾ ਨੇ ਅਪਾਰਟਮੈਂਟ ਵਿਚਲੇ ਸਟਾਫ਼ ਨੂੰ ਗੱਡੀ ਮੰਗਵਾਉਣ ਲਈ ਕਿਹਾ ਸੀ। ਉਹ ਬੰਗਲੁਰੂ ਜਾਣ ਲਈ 8 ਜਨਵਰੀ ਦੀ ਸਵੇਰ ਨੂੰ ਤੁਰੀ ਸੀ।
ਪੁਲਿਸ ਮੁਤਾਬਕ ਇੱਥੋਂ ਦੇ ਸਟਾਫ਼ ਨੇ ਸੂਚਨਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਟੈਕਸੀ ਦੀ ਥਾਂ ‘ਤੇ ਜਹਾਜ਼ ਰਾਹੀਂ ਸਫ਼ਰ ਕਰਨਾ ਚਾਹੀਦਾ ਹੈ, ਪਰ ਸੂਚਨਾ ਨੇ ਮਨ੍ਹਾ ਕਰ ਦਿੱਤਾ ਸੀ।
ਪੁਲਿਸ ਅਫ਼ਸਰ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਸੂਚਨਾ ਦੇ ਜਾਣ ਤੋਂ ਬਾਅਦ ਜਦੋਂ ਇੱਥੋਂ ਦੇ ਮੁਲਾਜ਼ਮ ਇਸ ਅਪਾਰਟਮੈਂਟ ਵਿੱਚ ਦਾਖ਼ਲ ਹੋਏ ਤਾਂ ਉਨ੍ਹਾਂ ਨੇ ਅੰਦਰ ਲਾਲ ਰੰਗ ਦੇ ਨਿਸ਼ਾਨ ਦੇਖੇ ਤਾਂ ਉਨ੍ਹਾਂ ਨੂੰ ਲੱਗਿਆ ਕਿ ਇਹ ਖ਼ੂਨ ਹੈ।
ਇੱਥੋਂ ਦੇ ਸਟਾਫ਼ ਨੇ ਇਸ ਤੋਂ ਤੁਰੰਤ ਬਾਅਦ ਪੁਲਿਸ ਨਾਲ ਸੰਪਰਕ ਕੀਤਾ।
ਇਸ ਮਗਰੋਂ ਪੁਲਿਸ ਉੱਥੇ ਪਹੁੰਚੀ ਅਤੇ ਸੂਚਨਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ।

ਤਸਵੀਰ ਸਰੋਤ, ANI
ਉਨ੍ਹਾਂ ਨੇ ਸੂਚਨਾ ਦੀ ਗੱਡੀ ਦੇ ਡਰਾਈਵਰ ਨੂੰ ਫੋਨ ਕੀਤਾ।
ਪੁਲਿਸ ਨੇ ਦੱਸਿਆ ਕਿ ਅਪਾਰਟਮੈਂਟ ਵਿੱਚ ਪਹੁੰਚੇ ਪੁਲਿਸ ਇੰਸਪੈਕਟਰ ਨੇ ਡਰਾਈਵਰ ਦੇ ਫੋਨ ਉੱਤੇ ਸੂਚਨਾ ਨਾਲ ਵੀ ਗੱਲ ਕੀਤੀ।
ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਤੁਹਾਡਾ ਬੱਚਾ ਕਿੱਥੇ ਹੈ, ਇਸ ਉੱਤੇ ਸੂਚਨਾ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ ਆਪਣਾ ਬੱਚਾ ਆਪਣੇ ਇੱਕ ਦੋਸਤ ਦੇ ਘਰ ਕੁਝ ਦਿਨਾਂ ਲਈ ਛੱਡ ਦਿੱਤਾ ਹੈ।
ਪੁਲਿਸ ਇੰਸਪੈਕਟਰ ਨੇ ਉਨ੍ਹਾਂ ਕੋਲੋਂ ਉਨ੍ਹਾਂ ਦੇ ਦੋਸਤਾ ਦਾ ਪਤਾ ਪੁੱਛਿਆ ਅਤੇ ਇਹ ਸਾਹਮਣੇ ਆਇਆ ਕਿ ਇਹ ਜਾਅਲੀ ਪਤਾ ਸੀ।
ਪ੍ਰੈੱਸ ਕਾਨਫਰੰਸ ਵਿੱਚ ਪੁਲਿਸ ਨੇ ਦੱਸਿਆ ਕਿ ਪੁਲਿਸ ਦੇ ਇੰਸਪੈਕਟਰ ਨੇ ਸੂਚਨਾ ਦੀ ਜਾਣਕਾਰੀ ਦੇ ਬਗੈਰ ਡਰਾਈਵਰ ਨਾਲ ਗੱਲ ਕੀਤੀ ਅਤੇ ਡਰਾਈਵਰ ਨੂੰ ਸੂਚਨਾ ਨੂੰ ਸਥਾਨਕ ਪੁਲਿਸ ਕੋਲ ਲੈ ਕੇ ਜਾਣ ਲਈ ਕਿਹਾ।
ਕਰਨਾਟਕ ਵਿੱਚ ਸਥਾਨਕ ਪੁਲਿਸ ਨੇ ਜਦੋਂ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਇੱਕ ਬੈਗ ਵਿੱਚ ਬੱਚੇ ਦੀ ਮ੍ਰਿਤਕ ਦੇਹ ਸੀ।
ਪੁਲਿਸ ਨੇ ਗੋਆ ਵਿਚਲੇ ਅਪਾਰਟਮੈਂਟ ਦੇ ਸੁਪਰਵਾਈਜ਼ਰ ਦੀ ਸ਼ਿਕਾਇਤ ਉੱਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਹਾਲੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਕੀ ਹੋ ਸਕਦਾ ਹੈ ਕਾਰਨ

ਤਸਵੀਰ ਸਰੋਤ, ANI
ਪੁਲਿਸ ਅਫ਼ਸਰ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਸੂਚਨਾ ਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ। ਦੋਵਾਂ ਦੇ ਤਲਾਕ ਦੀ ਕਾਰਵਾਈ ਅੰਤਿਮ ਸਟੇਜ ਉੱਤੇ ਸੀ।
ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਵਿੱਚ ਸੂਚਨਾ ਨੇ ਉਨ੍ਹਾਂ ਨੂੰ ਦੱਸਿਆ ਕਿ ਹਾਲ ਹੀ ਵਿੱਚ ਕੋਰਟ ਦੇ ਹੁਕਮ ਕਰਕੇ ਉਹ ਤਣਾਅ ਵਿੱਚ ਸਨ।
ਪੁਲਿਸ ਨੇ ਦੱਸਿਆ ਕਿ ਹਾਲੇ ਉਨ੍ਹਾਂ ਨੇ ਇਹ ਅਦਾਲਤੀ ਦਸਤਾਵੇਜ਼ ਨਹੀਂ ਦੇਖੇ ਹਨ।
ਉਨ੍ਹਾਂ ਕਿਹਾ ਕਿ ਕਤਲ ਦੇ ਕਾਰਨ ਬਾਰੇ ਹਾਲੇ ਸਪਸ਼ਟ ਕੁਝ ਨਹੀਂ ਦੱਸਿਆ ਜਾ ਸਕਦਾ।
ਪੁਲਿਸ ਨੇ ਦੱਸਿਆ ਕਿ ਹਾਲੇ ਸੂਚਨਾ ਵੱਲੋਂ ਵਰਤੇ ਗਏ ਹਥਿਆਰ ਬਾਰੇ ਜਾਣਕਾਰੀ ਨਹੀਂ ਹੈ।
ਪੁਲਿਸ ਦੇ ਮੁਤਾਬਕ ਉਨ੍ਹਾਂ ਦੇ ਪਤੀ ਕੇਰਲਾ ਸੂਬੇ ਦੇ ਹਨ ਅਤੇ ਇਸ ਵੇਲੇ ਉਹ ਭਾਰਤ ਤੋਂ ਬਾਹਰ ਰਹਿ ਰਹੇ ਹਨ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਸੂਚਨਾ ਦੇ ਪਤੀ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਆ ਕੇ ਪੁਲਿਸ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਸੂਚਨਾ ਸੇਠ - ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਾਹਿਰ

ਤਸਵੀਰ ਸਰੋਤ, Getty Images
ਗੋਆ ਪੁਲਿਸ ਦੇ ਸੁਪਰੀਟੈਂਡੈਂਟ ਆਫ ਪੁਲਿਸ ਨਿਧਿਨ ਵਲਸਨ ਦੇ ਮੁਤਾਬਕ ਸੂਚਨਾ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ ਅਤੇ ਉਹ ਪਿਛਲੇ ਸਮੇਂ ਤੋਂ ਬੰਗਲੁਰੂ ਵਿੱਚ ਹੀ ਰਹਿ ਰਹੀ ਹੈ।
ਉਨ੍ਹਾਂ ਦੱਸਿਆ ਕਿ ਉਸ ਦਾ ਖੁਦ ਦਾ ਏਆਈ (ਆਰਟੀਫੀਸ਼ੀਅਲ ਇੰਟੈਲਿਜੈਂਸ) ਸਟਾਰਟਅੱਪ ਹੈ।
ਸੂਚਨਾ ਸੇਠ ਦਾ ਐਕਸ ਦੇ ਨਾਲ-ਨਾਲ ਲਿੰਕਡਿਨ ਉੱਤੇ ਅਕਾਊਂਟ ਵੀ ਹੈ। ਉਨ੍ਹਾਂ ਦੇ ਲਿੰਕਡਿਨ ਅਕਾਊਂਟ ਉੱਤੇ ਉਨ੍ਹਾਂ ਦੀ ਪੇਸ਼ੇਵਰ ਜ਼ਿੰਦਗੀ ਨਾਲ ਜੁੜੀ ਜਾਣਕਾਰੀ ਹੈ।
ਉਨ੍ਹਾਂ ਨੇ ਆਪਣੀ ਪ੍ਰੋਫਾਈਲ ਉੱਤੇ ਲਿਖਿਆ ਹੈ, “ਸੂਚਨਾ ਇੱਕ ਏਆਈ ਐਕਸਪਰਟ ਅਤੇ ਡੇਟਾ ਸਾਇੰਟਿਸਟ ਹੈ ਉਨ੍ਹਾਂ ਨੂੰ ਡੇਟਾ ਵਿਗਿਆਨ ਉੱਤੇ ਕੰਮ ਕਰਦੀਆਂ ਟੀਮਾਂ ਦੀ ਅਗਵਾਈ ਕਰਨ ਦਾ 12 ਸਾਲਾਂ ਦਾ ਤਜਰਬਾ ਹੈ।”
“ਇਸ ਦੇ ਨਾਲ ਹੀ ਉਹ ਏਆਈ ਐਥਿੱਕਸ ਦੇ 100 ਬ੍ਰਿਲਿੰਐਂਟ ਵੁਮਨ ਦੀ ਸੂਚੀ ਵਿੱਚ ਵੀ ਸ਼ਾਮਲ ਹੈ।”
ਉਨ੍ਹਾਂ ਦੀ ਪ੍ਰੋਫਾਈਲ ਉੱਤੇ ਅੱਗੇ ਲਿਖਿਆ ਹੈ, “ਉਹ ਹਾਰਵਰਡ ਯੂਨੀਵਰਸਿਟੀ ਦੇ ਬਰਕਮੈਨ ਕਲੇਨ ਸੈਂਟਰ ਵਿੱਚ ਫੈਲੋ ਰਹਿ ਚੁੱਕੇ ਹਨ ਉਹ ਰਮਨ ਰਿਸਰਚ ਯੂਨੀਵਰਸਿਟੀ ਵਿੱਚ ਰਿਸਰਚ ਫੈਲੋ ਵੀ ਰਹਿ ਚੁੱਕੇ ਹਨ ਇਸ ਦੇ ਨਾਲ ਹੀ ਉਹ ਡੇਟਾ ਐਂਡ ਸੁਸਾਇਟੀ ਦੇ ਮੋਜ਼ਿੱਲਾ ਫੇਲੋ ਵੀ ਰਹਿਣ ਚੁੱਕੇ ਹਨ।”
ਉਨ੍ਹਾਂ ਦੇ ਲਿੰਕਡਿਨ ਅਕਾਊਂਟ ਮੁਤਾਬਕ ਉਨ੍ਹਾਂ ਨੇ ਯੂਨੀਵਰਸਿਟੀ ਓਫ ਕਲਕੱਤਾ ਤੋਂ ਭੌਤਿਕ ਵਿਗਿਆਨ ਵਿੱਚ ਐੱਮਐੱਸਸੀ ਵੀ ਕੀਤੀ ਹੈ। ਉਨ੍ਹਾਂ ਨੇ ਭਵਾਨੀਪੁਰ ਐਜੂਕੇਸ਼ਨ ਸੁਸਾਇਟੀ ਕਾਲਜ, ਕਲਕੱਤਾ ਤੋਂ ਬੀਐੱਸਸੀ ਦੀ ਡਿਗਰੀ ਕੀਤੀ ਹੈ।












