ਓਡੀਸ਼ਾ ਰੇਲ ਹਾਦਸੇ ’ਚ 280 ਤੋਂ ਵੱਧ ਮੌਤਾਂ: ਜਾਇਜ਼ਾ ਲੈਣ ਪਹੁੰਚੇ ਪੀਐੱਮ ਮੋਦੀ ਨੇ ਕਿਹਾ ਦੋਸ਼ੀ ਬਖਸ਼ੇ ਨਹੀਂ ਜਾਣਗੇ

ਸ਼ੁੱਕਰਵਾਰ ਦੇਰ ਸ਼ਾਮ ਨੂੰ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ 280 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਤੇ 800 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ।

ਇਸ ਹਾਦਸੇ ਦੀ ਚਪੇਟ ਵਿੱਚ ਤਿੰਨ ਰੇਲ ਗੱਡੀਆਂ ਆਈਆਂ ਸਨ।

ਈਸਟ ਕੋਸਟ ਰੇਲਵੇ ਦੇ ਅਧਿਕਾਰੀ ਅਮਿਤਾਭ ਸ਼ਰਮਾ ਨੇ ਬੀਬੀਸੀ ਸਹਿਯੋਗੀ ਸੁਬਰੁਤ ਕੁਮਾਰ ਪਤੀ ਨੂੰ ਦੱਸਿਆ, "ਪਹਿਲਾਂ ਕੋਰੋਮੰਡਲ ਐਕਸਪ੍ਰੈੱਸ ਪਟੜੀ ਤੋਂ ਉਤਰੀ। ਇਹ ਗੱਡੀ ਦੂਜੇ ਪਾਸਿਓਂ ਆ ਰਹੀ ਯਸ਼ਵੰਤਪੁਰ ਹਾਵੜਾ ਐਕਸਪ੍ਰੈਸ ਨਾਲ ਟਕਰਾਈ।''

''ਇਸ ਤੋਂ ਬਾਅਦ ਕੋਰੋਮੰਡਲ ਐਕਸਪ੍ਰੈੱਸ ਦੇ ਕੁਝ ਡੱਬੇ ਪਟੜੀ ਤੋਂ ਉਤਰੇ। ਇਸ ਦੌਰਾਨ ਕੋਰੋਮੰਡਲ ਐਕਸਪ੍ਰੈੱਸ ਸਟੇਸ਼ਨ ਤੇ ਖੜੀ ਮਾਲਗੱਡੀ ਨਾਲ ਟਕਰਾਈ।"

ਪੀਐੱਮ ਮੋਦੀ ਨੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਓਡੀਸ਼ਾ ਰੇਲ ਹਾਦਸੇ ਦਾ ਜਾਇਜ਼ਾ ਲਿਆ।

ਉਨ੍ਹਾਂ ਦੇ ਨਾਲ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੀ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਇਸ ਹਾਦਸੇ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਜੋ ਵੀ ਇਸ ਲਈ ਦੋਸ਼ੀ ਪਾਇਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਖ਼ਬਰ ਏਜੰਸੀ ਐਨਆਈ ਮੁਤਾਬਕ ਮੌਕੇ ’ਤੇ ਹੀ ਮੋਦੀ ਨੇ ਕੈਬਨਿਟ ਸਕੱਤਰ ਅਤੇ ਸਿਹਤ ਮੰਤਰੀ ਨੂੰ ਫੋਨ ਕੀਤਾ ਅਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਲਈ ਕਿਹਾ।

ਇਸ ਤੋਂ ਬਾਅਦ ਵਿੱਚ ਉਹ ਹਸਪਤਾਲ ਪੁੱਜੇ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।

ਪੀਐੱਮ ਮੋਦੀ ਨੇ ਕਿਹਾ, “ਜੋ ਪਰਿਵਾਰ ਅਸੀਂ ਗੁਆਏ ਹਨ, ਉਨ੍ਹਾਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਸਰਕਾਰ ਉਨ੍ਹਾਂ ਦੇ ਦੁੱਖ ਵਿੱਚ, ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਲ ਹੈ।”

ਉਨ੍ਹਾਂ ਕਿਹਾ, “ਇਹ ਘਟਨਾ ਸਰਕਾਰ ਲਈ ਬਹੁਤ ਗੰਭੀਰ ਹੈ, ਹਰ ਤਰ੍ਹਾਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ, ਬਖਸ਼ਿਆ ਨਹੀਂ ਜਾਵੇਗਾ।”

ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਇਸ ਇਲਾਕੇ ਦੇ ਲੋਕਾਂ ਨੂੰ ਵੀ ਸਤਿਕਾਰ ਸਹਿਤ ਪ੍ਰਣਾਮ ਕਰਦਾ ਹਾਂ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਹੀ ਇਸ ਆਪ੍ਰੇਸ਼ਨ ਨੂੰ ਹੋਰ ਤੇਜ਼ ਰਫ਼ਤਾਰ ਨਾਲ ਅੱਗੇ ਵਧਾਇਆ ਜਾ ਸਕਿਆ ਹੈ।”

ਪੀਐੱਮ ਮੋਦੀ ਨੇ ਕਿਹਾ, “ਰੇਲਵੇ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ, ਬਚਾਅ ਕਾਰਜ ਵਿੱਚ ਪੂਰੇ ਪ੍ਰਬੰਧ ਕੀਤੇ ਹਨ, ਹੋਰ ਰਾਹਤ ਲਈ ਅਤੇ ਜਲਦੀ ਤੋਂ ਜਲਦੀ ਟਰੈਕ ਨੂੰ ਬਹਾਲ ਕਰਨ ਲਈ।”

ਓਡੀਸ਼ਾ ਵਿੱਚ ਅੱਜ ਦੇ ਦਿਨ ਨੂੰ ਸੋਗ ਦਾ ਦਿਨ ਐਲਾਨਿਆ ਗਿਆ ਹੈ।

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਹਾਦਸੇ ਉੱਤੇ ਦੁੱਖ ਜ਼ਾਹਿਰ ਕਰਦਿਆਂ ਬਚਾਅ ਕਾਰਜਾਂ ਦਾ ਜ਼ਾਇਜ਼ਾ ਲਿਆ।

ਰੇਲ ਮੰਤਰੀ ਨੇ ਕਿਹਾ, ‘‘ਇਹ ਵੱਡਾ ਹਾਦਸਾ ਹੈ। ਸ਼ੁੱਕਰਵਾਰ ਰਾਤ ਤੋਂ ਐੱਨਡੀਆਰਐੱਫ਼, ਰੇਲਵੇ ਅਤੇ ਸੂਬਾ ਸਰਕਾਰ ਮਿਲ ਕੇ ਬਚਾਅ ਕਾਰਜ ਚਲਾ ਰਹੇ ਹਨ। ਜਿੰਨ੍ਹਾ ਲੋਕਾਂ ਨੇ ਆਪਣੇ ਪਰਿਵਾਰਕ ਮੈਂਬਰ ਗੁਆਏ ਹਨ, ਉਨ੍ਹਾਂ ਨਾਲ ਮੇਰੀ ਹਮਦਰਦੀ ਹੈ।’’

ਰੇਲ ਮੰਤਰੀ ਨੇ ਹਾਦਸੇ ਦੀ ਜਾਂਚ ਬਾਰੇ ਕਿਹਾ ਕਿ ਇੱਕ ਹਾਈ ਲੈਵਲ ਕਮੇਟੀ ਬਣਾਈ ਗਈ ਹੈ।

ਉਨ੍ਹਾਂ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਇਸ ਤੋਂ ਇਲਾਵਾਂ ਗੰਭੀਰ ਜ਼ਖ਼ਮੀਆਂ ਨੂੰ ਦੋ ਲੱਖ ਰੁਪਏ ਅਤੇ ਹਲਕੀਆਂ ਸੱਟਾਂ ਲੱਗਣ ਵਾਲਿਆਂ ਨੂੰ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।

ਓਡੀਸ਼ਾ ਦੇ ਮੁੱਖ ਸਕੱਤਰ ਪ੍ਰਦੀਪ ਜੇਨਾ ਮੁਤਾਬਕ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਗੋਪਾਲਪੁਰ ਦੇ ਇੱਕ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਜ਼ਖ਼ਮੀਆਂ ਨੂੰ ਬਾਲਾਸੋਰ ਦੇ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਹੈ।

ਸਲਮਾਨ ਖ਼ਾਨ ਤੇ ਕੋਹਲੀ ਨੇ ਜਤਾਇਆ ਦੁੱਖ

ਅਦਾਕਾਰ ਸਲਮਾਨ ਖ਼ਾਨ ਨੇ ਟਵੀਟ ਕਰਕੇ ਲਿਖਿਆ, “ਰੇਲ ਹਾਦਸੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਰੱਬ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਪ੍ਰਮਾਤਮਾ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਅਤੇ ਜ਼ਖਮੀਆਂ ਨੂੰ ਸ਼ਕਤੀ ਦੇਵੇ।”

ਕ੍ਰਿਕਟਰ ਵਿਰਾਟ ਕੋਹਲੀ ਨੇ ਲਿਖਿਆ, “ਓਡੀਸ਼ਾ ਵਿੱਚ ਹੋਏ ਰੇਲ ਹਾਦਸੇ ਤੋਂ ਦੁਖੀ ਹਾਂ। ਮੇਰੀ ਉਹਨਾਂ ਪਰਿਵਾਰਾਂ ਲਈ ਅਰਦਾਸ ਤੇ ਹਮਦਰਦੀ ਹੈ ਜਿਨਾਂ ਨੇ ਆਪਣਿਆਂ ਨੂੰ ਖੋਇਆ ਹੈ। ਮੈਂ ਦੁਆ ਕਰਦਾ ਕਿ ਜ਼ਖਮੀ ਜਲਦ ਠੀਕ ਹੋਣਗੇ।”

ਦੁਨੀਆ ਦੇ ਵੱਡੇ ਨੇਤਾਵਾਂ ਨੇ ਕੀ ਕਿਹਾ?

ਓਡੀਸ਼ਾ ਦੇ ਬਾਲਾਸੋਰ ਵਿੱਚ ਵਾਪਰੇ ਰੇਲ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਪੂਰੀ ਦੁਨੀਆ ਦੇ ਨੇਤਾ ਸੰਵੇਦਨਾ ਜ਼ਾਹਰ ਕਰ ਰਹੇ ਹਨ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਹਾਦਸੇ ਬਾਰੇ ਆਪਣਾ ਸੰਦੇਸ਼ ਭੇਜਿਆ ਹੈ ਅਤੇ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਪੀਐਮ ਮੋਦੀ ਨੂੰ ਸੁਨੇਹਾ ਭੇਜ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਕਿਹਾ, ''ਮੈਂ ਜਾਪਾਨ ਅਤੇ ਆਪਣੇ ਲੋਕਾਂ ਵੱਲੋਂ ਹਾਦਸੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਅਰਦਾਸ ਕਰਦਾ ਹਾਂ।''

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਘਟਨਾ 'ਤੇ ਦੁਖ ਪ੍ਰਗਟ ਕਰਦੇ ਹੋਏ ਕਿਹਾ, ''ਓਡੀਸ਼ਾ 'ਚ ਟਰੇਨ ਹਾਦਸੇ ਦੀ ਖ਼ਬਰ ਅਤੇ ਦ੍ਰਿਸ਼ ਦੇਖ ਕੇ ਮੇਰਾ ਦਿਲ ਟੁੱਟ ਗਿਆ। ਮੁਸੀਬਤ ਦੀ ਇਸ ਘੜੀ ਵਿੱਚ ਕੈਨੇਡਾ ਦੇ ਲੋਕ ਭਾਰਤ ਦੇ ਨਾਲ ਖੜ੍ਹੇ ਹਨ।''

ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਮਸ ਕਲੇਵਰਲੀ ਨੇ ਵੀ ਟਵੀਟ ਕਰਕੇ ਇਸ ਹਦਸੇ 'ਤੇ ਦੁੱਖ ਜਤਾਇਆ ਹੈ।

ਹਾਦਸੇ ਦੇ ਚਸ਼ਮਦੀਦਾਂ ਨੇ ਕੀ ਕੁਝ ਦੱਸਿਆ- ਵੀਡੀਓ

ਰੇਲ ਹਾਦਸੇ ਬਾਰੇ ਮੁੱਖ ਗੱਲਾਂ:-

  • ਹਾਦਸਾ ਕਦੋਂ ਹੋਇਆ - 2 ਜੂਨ, 2023 ਸਮਾਂ ਸ਼ਾਮ 7 ਵਜੇ ਦੇ ਕਰੀਬ
  • ਗੱਡੀਆਂ ਦਾ ਵੇਰਵਾ - ਗੱਡੀ ਨੰਬਰ 12841 (ਸ਼ਾਲੀਮਾਰ-ਚੇਨੰਈ ਕੋਰੋਮੰਡਲ ਸੁਪਰ ਫਾਸਟ ਐਕਸਪ੍ਰੈੱਸ), ਗੱਡੀ ਨੰਬਰ 12864 (ਸਰ ਐੱਮ ਵਿਸਵਸਵਰਿਆ ਟਰਮਿਨਲ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ) ਅਤੇ ਬਹਾਨਗਾ ਬਜ਼ਾਰ ਸਟੇਸ਼ਨ ਉੱਤੇ ਖੜ੍ਹੀ ਮਾਲ ਗੱਡੀ
  • ਹੁਣ ਤੱਕ ਮੌਤਾਂ - 288
  • ਕੁੱਲ ਜ਼ਖ਼ਮੀਂ - ਲਗਭਗ 800
  • ਹਾਦਸੇ ਵਾਲੀ ਥਾਂ ਉੱਤੇ 9 ਐੱਨਡੀਆਰਐੱਫ਼ ਟੀਮਾਂ, 4 ਓਡੀਆਰਏਐੱਫ਼ ਯੂਨਿਟਾਂ ਅਤੇ 24 ਫਾਇਰ ਅਤੇ ਐਮਰਜੈਂਸੀ ਯੂਨਿਟਾਂ ਬਚਾਅ ਕਾਰਜ ਵਿੱਚ ਲੱਗੀਆਂ ਹਨ।
  • 100 ਤੋਂ ਵੱਧ ਮੈਡੀਕਲ ਟੀਮਾਂ ਪੈਰਾਮੈਡੀਕਲ ਸਟਾਫ਼ ਨਾਲ ਹਾਦਸੇ ਵਾਲੀ ਥਾਂ ਉੱਤੇ ਮੌਜੂਦ।
  • 200 ਤੋਂ ਵੱਧ ਐਂਬੂਲੈਂਸ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਉਣ ਵਿੱਚ ਲੱਗੀਆਂ।
  • ਵੱਖ-ਵੱਖ ਸਟੇਸ਼ਨਾਂ ਉੱਤੇ ਫਸੇ ਹੋਏ ਮੁਸਾਫ਼ਰਾਂ ਲਈ ਖਾਣੇ ਅਤੇ ਪਾਣੀ ਦਾ ਇੰਤਜ਼ਾਮ।
  • ਫਸੇ ਹੋਏ ਮੁਸਾਫ਼ਰਾਂ ਦੀ ਆਵਾਜਾਈ ਲਈ 30 ਬੱਸਾਂ ਦਾ ਇੰਤਜ਼ਾਮ।
  • ਲਗਭਗ 900 ਜ਼ਖ਼ਮੀਆਂ ਨੂੰ ਸੋਰੋ, ਬਾਲਾਸੋਰ, ਭਦਰਕ ਅਤੇ ਕਟਕ ਦੇ ਹਸਪਤਾਲਾਂ ਵਿੱਚ ਸ਼ਿਫ਼ਟ ਕੀਤਾ ਗਿਆ।
  • ਜ਼ਖ਼ਮੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ।

ਮੁਆਵਜ਼ੇ ਬਾਰੇ ਰੇਲਵੇ ਪ੍ਰਸ਼ਾਸਨ ਕੀ ਕਹਿੰਦਾ

ਰੇਲਵੇ ਦੇ ਬੁਲਾਰੇ ਅਮਿਤਾਭ ਸ਼ਰਮਾ ਨੇ ਦੱਸਿਆ, ‘‘ਜੋ ਲੋਕ ਇਸ ਦੁਨੀਆ ਵਿੱਚ ਨਹੀਂ ਰਹੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਮੁਆਵਜ਼ਾ ਤੁਰੰਤ ਮਿਲ ਜਾਵੇਗਾ। 100 ਤੋਂ ਜ਼ਿਆਦਾ ਲੋਕਾਂ ਨੂੰ ਇਹ ਮੁਆਵਜ਼ਾ ਦੇ ਦਿੱਤਾ ਗਿਆ ਹੈ। ਬਾਲਾਸੋਰ, ਸੁਰੂ ਅਤੇ ਬਹਾਨਗਾ ਬਜ਼ਾਰ ਵਿੱਚ ਮੁਆਵਜ਼ਾ ਦੇਣ ਲਈ ਤਿੰਨ ਕਾਊਂਟਰ ਬਣਾਏ ਗਏ ਹਨ।’’

‘‘ਹੁਣ ਤੱਕ 48 ਟ੍ਰੇਨਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ। 39 ਦੇ ਰੂਟ ਬਦਲੇ ਗਏ ਹਨ। ਇਹ ਅੰਕੜੇ ਕੁਝ ਸਮੇਂ ਬਾਅਦ ਬਦਲ ਵੀ ਸਕਦੇ ਹਨ ਕਿਉਂਕਿ ਹਾਲਾਤ ਹਰ ਪਲ ਬਦਲ ਰਹੇ ਹਨ।’’

‘‘ਹਾਦਸੇ ਵਾਲੀਆਂ ਰੇਲ ਗੱਡੀਆਂ ਵਿੱਚ ਜੋ ਲੋਕ ਸੁਰੱਖਿਅਤ ਸਨ ਉਨ੍ਹਾਂ ਨੂੰ ਮੰਜ਼ਿਲਾਂ ਤੱਕ ਪਹੁੰਚਾਉਣ ਲਈ ਟ੍ਰੇਨਾਂ ਚਲਾਈਆਂ ਗਈਆਂ ਹਨ। ਇੱਕ ਟ੍ਰੇਨ ਹਾਵੜਾ ਵੱਲ ਗਈ ਜਿਸ ਵਿੱਚ ਲਗਭਗ 1000 ਲੋਕ ਹਨ। ਦੂਜੀ ਟ੍ਰੇਨ ਵਿੱਚ 200 ਲੋਕ ਹਾਵੜਾ ਗਏ ਹਨ। ਇਸ ਦੇ ਨਾਲ ਹੀ ਭਦਰਕ ਤੋਂ ਇੱਕ ਟ੍ਰੇਨ ਚੇਨੰਈ ਵੱਲ ਗਈ ਹੈ ਜਿਸ ਵਿੱਚ 250 ਲੋਕ ਹਨ।’’

ਪੀਐੱਮ ਮੋਦੀ ਨੇ ਜਤਾਇਆ ਦੁੱਖ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਓਡੀਸ਼ਾ ਵਿੱਚ ਰੇਲ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਨਰਿੰਦਰ ਮੋਦੀ ਨੇ ਲਿਖਿਆ, “ਓਡੀਸ਼ਾ ਰੇਲ ਹਾਦਸੇ ਤੋਂ ਦੁਖੀ ਹਾਂ। ਇਸ ਦੁੱਖ ਦੀ ਘੜੀ ਵਿੱਚ ਮੈਂ ਪੀੜਤ ਪਰਿਵਾਰਾਂ ਦੇ ਨਾਲ ਹਾਂ। ਜ਼ਖ਼ਮੀ ਲੋਕ ਜਲਦੀ ਠੀਕ ਹੋ ਜਾਣ। ਮੈਂ ਰੇਲ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਸਥਿਤੀ ਦਾ ਜਾਇਜ਼ਾ ਲਿਆ।”

ਉਨ੍ਹਾਂ ਕਿਹਾ, “ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ ਜਾਰੀ ਹਨ ਅਤੇ ਪੀੜਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।''

‘‘ਸਦੀ ਦੇ ਗੰਭੀਰ ਹਾਦਸਿਆਂ ਵਿੱਚੋਂ ਇੱਕ’’

ਐੱਨਡੀਆਰਐੱਫ਼ ਦੇ ਆਈ ਜੀ (ਆਪਰੇਸ਼ਨ) ਨਰਿੰਦਰ ਸਿੰਘ ਬੁੰਡੇਲਾ ਮੁਤਾਬਕ ਉਨ੍ਹਾਂ ਦੀ ਟੀਮ ਹੋਰ ਏਜੰਸੀਆਂ ਨਾਲ ਮਿਲ ਕੇ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ। ਉਨ੍ਹਾਂ ਮੁਤਾਬਕ ਰੇਲਗੱਡੀਆਂ ਦੇ ਕੁਝ ਡੱਬੇ ਦੱਬ ਗਏ ਹਨ ਅਤੇ ਉਨ੍ਹਾਂ ਲਈ ਕ੍ਰੇਨ ਪਹੁੰਚਣ ਦੀ ਉਡੀਕ ਹੈ।

ਆਈ ਜੀ ਬੁੰਡੇਲਾ ਨੇ ਦੱਸਿਆ ਕਿ ਇਸ ਵੇਲੇ ਐੱਡੀਆਰਐੱਫ਼ ਦੀਆਂ ਨੌਂ ਟੀਮਾਂ ਹਾਦਸੇ ਵਾਲੀ ਥਾਂ ਉੱਤੇ ਮੌਜੂਦ ਹਨ।

ਉਨ੍ਹਾਂ ਮੁਤਾਬਕ ਇਹ ਹਾਦਸਾ ਇਸ ਸਦੀ ਦੇ ਗੰਭੀਰ ਹਾਦਸਿਆਂ ਵਿੱਚੋਂ ਇੱਕ ਹੈ।

ਬੁੰਡੇਲਾ ਨੂੰ ਉਮੀਦ ਹੈ ਕਿ ਅੱਜ ਬਚਾਅ ਕਾਰਜ ਮੁਕੰਮਲ ਕਰ ਲਿਆ ਜਾਵੇਗਾ।

ਭਾਰਤ ਵਿੱਚ ਵਾਪਰੇ 10 ਭਿਆਨਕ ਰੇਲ ਹਾਦਸੇ

ਓਡੀਸ਼ਾ ਵਿੱਚ ਸ਼ੁੱਕਰਵਾਰ ਰਾਤ ਨੂੰ ਵਾਪਰਿਆ ਰੇਲ ਹਾਦਸਾ ਅਜਿਹਾ ਪਹਿਲਾ ਹਾਦਸਾ ਨਹੀਂ ਹੈ ਜਦੋਂ ਰੇਲਗੱਡੀਆਂ ਦੀ ਟੱਕਰ ਹੋਈ ਹੋਵੇ। ਆਓ ਜਾਣਦੇ ਹਾਂ ਭਾਰਤ ਵਿੱਚ ਹੋਏ 10 ਵੱਡੇ ਰੇਲ ਹਾਦਸਿਆਂ ਬਾਰੇ...

1. 1981 ਬਿਹਾਰ ਰੇਲ ਹਾਦਸਾ – ਇੱਕ ਮੁਸਾਫ਼ਰ ਟ੍ਰੇਨ ਲਗਭਗ 900 ਲੋਕਾਂ ਨੂੰ ਲੈ ਕੇ ਜਾ ਰਹੀ ਸੀ ਕਿ ਪੱਟੜੀ ਤੋਂ ਲਹਿ ਗਈ ਅਤੇ ਬਾਗ਼ਮਤੀ ਨਦੀ ਵਿੱਚ ਡੁੱਬ ਗਈ। ਇਹ ਹਾਦਸਾ ਬਿਹਾਰ ਦੇ ਸਹਿਰਸਾ ਵਿੱਚ ਹੋਏ ਅਤੇ ਇਸ ਦੌਰਾਨ ਲਗਭਗ 500 ਲੋਕ ਮਾਰੇ ਗਏ।

2. 1995 ਫ਼ਿਰੋਜ਼ਾਬਾਦ ਰੇਲ ਹਾਦਸਾ – ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਨੇੜੇ ਪੁਰਸ਼ੋਤਮ ਐਕਸਪ੍ਰੈੱਸ ਦੀ ਟੱਕਰ ਕਾਲਿੰਦੀ ਐਕਸਪ੍ਰੈੱਸ ਨਾਲ ਹੋਈ। ਇਸ ਹਾਦਸੇ ਵਿੱਚ 358 ਲੋਕ ਮਾਰੇ ਗਏ।

3. 1999 ਗ਼ੈਸਲ ਰੇਲ ਹਾਦਸਾ – 2500 ਤੋਂ ਵੱਧ ਮੁਸਾਫ਼ਰਾਂ ਨੂੰ ਲੈ ਕੇ ਜਾ ਰਹੀਆਂ ਦੋ ਰੇਲ ਗੱਡੀਆਂ ਦੀ ਟੱਕਰ ਅਸਾਮ ਦੇ ਗ਼ੈਸਲ ਵਿੱਚ ਹੋਈ। ਇਸ ਹਾਦਸੇ ਵਿੱਚ ਘੱਟੋ ਘੱਟ 290 ਲੋਕ ਮਾਰੇ ਗਏ।

4. 1998 ਖੰਨਾ ਰੇਲ ਹਾਦਸਾ – ਅੰਮ੍ਰਿਤਸਰ ਜਾ ਰਹੀ ਗੋਲਡਨ ਟੈਂਪਲ ਮੇਲ ਗੱਡੀ ਦੇ 6 ਡੱਬਿਆਂ ਪਟਰੀ ਤੋਂ ਉਤਰ ਗਈ। ਕੋਲਕਾਤਾ ਜਾਣ ਵਾਲੀ ਜੰਮੂ ਤਵੀ-ਸਿਲਦਾਹ ਐਕਪ੍ਰੈੱਸ ਦੀ ਇਸ ਨਾਲ ਟੱਕਰ ਹੋ ਗਈ। ਇਸ ਦੌਰਾਨ ਘੱਟੋ ਘੱਟ 212 ਲੋਕਾਂ ਦੀ ਮੌਤ ਹੋ ਗਈ।

5. 2002 ਹਾਵੜਾ-ਨਵੀਂ ਦਿੱਲੀ ਐਕਸਪ੍ਰੈੱਸ ਰੇਲ ਹਾਦਸਾ – ਗਯਾ ਅਤੇ ਦੇਹਰੀ-ਆਨ-ਸੋਨ ਸਟੇਸ਼ਨਾਂ ਦਰਮਿਆ ਹਾਵੜਾ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਹਾਦਸੇ ਦਾ ਸ਼ਿਕਾਰ ਹੋਈ ਅਤੇ 140 ਲੋਕ ਮਾਰੇ ਗਏ।

6. 2005 ਵਾਲਿਗੋਂਡਾ ਰੇਲ ਹਾਦਸਾ – ਤੇਲੰਗਾਨਾ ਦੇ ਵਾਲਿਗੋਂਡਾ ਵਿੱਚ ਡੇਲਟਾ ਫਾਸਟ ਪੈਸੇਂਜਰ ਰੇਲ ਉੱਦੋਂ ਪੱਟੜੀ ਤੋਂ ਲਹਿ ਗਈ ਜਦੋਂ ਹੜ੍ਹਾਂ ਕਾਰਨ ਇੱਕ ਰੇਲਵੇ ਪੁੱਲ ਵਹਿ ਗਿਆ। ਇਸ ਹਾਦਸੇ ਵਿੱਚ 114 ਲੋਕ ਮਾਰੇ ਗਏ ਸਨ।

7. 2010 ਗਿਆਨੇਸ਼ਵਰੀ ਐਕਸਪ੍ਰੈੱਸ ਰੇਲ ਹਾਦਸਾ – ਮੁੰਬਈ ਜਾਣ ਵਾਲੀ ਹਾਵੜਾ ਕੁਰਲਾ ਲੋਕਮਾਨਿਆ ਤਿਲਕ ਗਿਆਨੇਸ਼ਵਰੀ ਸੁਪਰ ਡਿਲਕਸ ਐਕਸਪ੍ਰੈੱਸ ਇੱਕ ਧਮਾਕੇ ਤੋਂ ਬਾਅਦ ਪੱਟੜੀ ਤੋਂ ਲਹਿ ਗਈ। ਇਹ ਹਾਦਸਾ ਪੱਛਮੀ ਬੰਗਾਲ ਦੇ ਜ਼ਿਲ੍ਹੇ ਵੈਸਟ ਮਿਦਨਾਪੋਰ ਵਿੱਚ ਵਾਪਰਿਆ ਸੀ। ਗਿਆਨੇਸ਼ਵਰੀ ਐਕਸਪ੍ਰੈੱਸ ਦੀ ਬਾਅਦ ਵਿੱਚ ਇੱਕ ਮਾਲ ਗੱਡੀ ਨਾਲ ਟੱਕਰ ਹੋਈ ਅਤੇ ਘੱਟੋ ਘੱਟ 170 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ।

8. 2010 ਸੈਨਥੀਆ ਰੇਲ ਹਾਦਸਾ – ਪੱਛਮੀ ਬੰਗਾਲ ਦੇ ਸੈਨਥੀਆ ਵਿੱਚ ਉੱਤਰ ਬੰਗਾ ਐਕਸਪ੍ਰੈੱਸ ਅਤੇ ਵਾਨੰਚਲ ਐਕਸਪ੍ਰੈੱਸ ਇੱਕ ਦੂਜੇ ਨਾਲ ਟੱਕਰਾ ਗਈਆਂ ਅਤੇ ਇਸ ਨਾਲ 63 ਲੋਕ ਮਾਰੇ ਗਏ।

9. 2012 ਹੰਪੀ ਐਕਸਪ੍ਰੈੱਸ ਰੇਲ ਹਾਦਸਾ – ਆਂਧਰ ਪ੍ਰਦੇਸ਼ ਵਿੱਚ ਹੁਬਲੀ-ਬੈਂਗਲੋਰ ਹੰਪੀ ਐਕਸਪ੍ਰੈੱਸ ਇੱਕ ਮਾਲ ਗੱਡੀ ਨਾਲ ਟਕਰਾ ਗਈ। ਹੰਪੀ ਐਕਸਪ੍ਰੈੱਸ ਦੇ ਚਾਰ ਡੱਬੇ ਪੱਟੜੀ ਤੋਂ ਲਹਿ ਗਏ ਅਤੇ ਇੱਕ ਡੱਬੇ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ 25 ਲੋਕ ਮਾਰੇ ਗਏ।

10. 2016 ਇੰਦੋਰ ਪਟਨਾ ਐਕਸਪ੍ਰੈੱਸ ਰੇਲ ਹਾਦਸਾ – ਇੰਦੋਰ-ਪਟਨਾ ਐਕਪ੍ਰੈੱਸ ਰੇਲ ਕਾਨਪੁਰ ਦੇ ਪੁਖਰਿਆਨ ਨੇੜੇ ਪੱਟੜੀ ਤੋਂ ਲਹਿ ਗਈ ਅਤੇ ਘੱਟੋ ਘੱਟ 150 ਲੋਕ ਮਾਰੇ ਗਏ।

ਮਮਤਾ ਬੈਨਰਜੀ ਨੇ ਰੇਲ ਮੰਤਰੀ ਦੇ ਸਾਹਮਣੇ ਚੁੱਕੇ ਸਵਾਲ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਦਸੇ ਵਾਲੀ ਥਾਂ ਉੱਤੇ ਪਹੁੰਚ ਕੇ ਰੇਲ ਮੰਤਰੀ ਨੂੰ ਕਈ ਸਵਾਲ ਕੀਤੇ ਹਨ।

ਮਮਤਾ ਬੈਨਰਜੀ ਨੇ ਕਿਹਾ ਕਿ ਜੇ ਐਂਟੀ ਕੌਲਿਜਨ ਸਿਸਟਮ ਲੱਗਿਆ ਹੁੰਦਾ ਤਾਂ ਹਾਦਸਾ ਨਾ ਹੁੰਦਾ।

ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦੇ ਸਾਹਮਣੇ ਉਨ੍ਹਾਂ ਕਿਹਾ, ‘‘ਇਸ ਹਾਦਸੇ ਦੀ ਜਾਂਚ ਹੋਣੀ ਚਾਹੀਦਾ ਹੈ। ਟ੍ਰੇਨ ਵਿੱਚ ਐਂਟੀ ਕੌਲਿਜਨ ਸਿਸਟਮ ਨਹੀਂ ਸੀ।’’

ਇਸ ਤੋਂ ਪਹਿਲਾਂ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਜ਼ਖ਼ਮੀਆਂ ਤੱਕ ਪਹੁੰਚਣ ਲਈ ਓਡੀਸ਼ਾ ਸਰਕਾਰ ਦੇ ਸੰਪਰਕ 'ਚ ਹੈ।

ਪੱਛਮੀ ਬੰਗਾਲ ਸਰਕਾਰ ਨੇ ਹਾਦਸੇ ਵਾਲੀ ਥਾਂ 'ਤੇ ਪੰਜ ਮੈਂਬਰੀ ਟੀਮ ਭੇਜ ਦਿੱਤੀ ਹੈ।

ਕਈ ਰੇਲ ਗੱਡੀਆਂ ਦਾ ਰੂਟ ਬਦਲਿਆ ਗਿਆ

ਰੇਲਵੇ ਦੇ ਇੱਕ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹਾਦਸੇ ਦੇ ਕਾਰਨ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਕਈਆਂ ਦਾ ਰੂਟ ਬਦਲ ਦਿੱਤਾ ਗਿਆ ਹੈ।

ਜਿਨ੍ਹਾਂ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ ਉਨ੍ਹਾਂ ਵਿੱਚ ਹਾਵੜਾ-ਪੁਰੀ ਸੁਪਰਫਾਸਟ ਐਕਸਪ੍ਰੈੱਸ, ਹਾਵੜਾ ਯਸ਼ਵੰਤਪੁਰ ਐਕਸਪ੍ਰੈੱਸ, ਹਾਵੜਾ ਚੇਨੰਈ ਮੇਲ ਅਤੇ ਹਾਵੜਾ ਪੁਰੀ ਐਕਸਪ੍ਰੈੱਸ ਸ਼ਾਮਲ ਹਨ।

ਰੇਲ ਗੱਡੀਆਂ ਰੱਦ ਹੋਣ ਦੇ ਚਲਦੇ ਸੈਂਕੜੇ ਹੀ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)