ਸ਼ੁਕਰਾਣੂ ਸੈਂਪਲ ਵਿੱਚ ਹੋਈ ਗ਼ਲਤੀ ਦਾ ਵਰ੍ਹਿਆਂ ਬਾਅਦ ਹੋਇਆ ਖੁਲਾਸਾ, ਅਦਾਲਤ ਨੇ ਕੀ ਫ਼ੈਸਲਾ ਸੁਣਾਇਆ

ਤਸਵੀਰ ਸਰੋਤ, Getty Images
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੂਰੀ ਦੁਨੀਆਂ ਵਿੱਚ ਕਈ ਜੌੜੇ ਬੱਚਿਆਂ ਦੀ ਖ਼ਾਹਿਸ਼ ਵਿੱਚ ਤਕਨੀਕ ਦਾ ਸਹਾਰਾ ਲੈਂਦੇ ਹਨ।
ਭਾਰਤ ਵਿੱਚ ਵੀ ਇੱਕ ਜੋੜੇ ਨੇ ਤਕਨੀਕ ਦਾ ਸਹਾਰਾ ਲਿਆ ਅਤੇ ਜੌੜੇ ਬੱਚੇ ਵੀ ਪੈਦਾ ਹੋਏ।
ਇਸ ਜੋੜੇ ਨੇ ਏਆਰਟੀ (ਅਸਿਸਟੈਂਟ ਰਿਪ੍ਰੋਡਕਟਿਵ ਟੈਕਨੌਲਿਜੀ) ਤਕਨੀਕ ਦਾ ਇਸਤੇਮਾਲ ਕੀਤਾ ਸੀ।
ਪਰ ਬਾਅਦ ਵਿੱਚ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਪਤੀ ਨੂੰ ਇਹ ਪਤਾ ਲੱਗਿਆ ਕਿ ਏਆਰਟੀ ਵਿੱਚ ਵਰਤੇ ਗਏ ਸੀਮਨ ਭਾਵ ਸ਼ੁਕਰਾਣੂ ਉਨ੍ਹਾਂ ਦੇ ਨਹੀਂ ਸਨ।
ਕਹਿਣ ਤੋਂ ਭਾਵ ਕਿ ਉਹ ਉਨ੍ਹਾਂ ਜੌੜੇ ਬੱਚਿਆਂ ਦੇ ਬਾਇਓਲੌਜਿਕਲ ਪਿਤਾ ਨਹੀਂ ਹਨ।
ਜੋੜੇ ਨੇ ਇਸ ਮਾਮਲੇ ਦੀ ਸ਼ਿਕਾਇਤ ਨੈਸ਼ਨਲ ਕੰਜ਼ਿਊਮਰ ਡਿਸਪਯੂਟਸ ਰੀਡ੍ਰੈਸਲ ਕਮਿਸ਼ਨ (ਐਨਸੀਡੀਆਰਸੀ) ਨੂੰ ਕੀਤੀ ਅਤੇ ਦੋ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ।
ਇਸ ਮਾਮਲੇ ਵਿੱਚ ਕਮਿਸ਼ਨ ਨੇ ਦਿੱਲੀ ਦੇ ਹਸਪਤਾਲ ਨੂੰ ਡੇਢ ਕਰੋੜ ਰੁਪਏ ਦਾ ਜੁਰਮਾਨਾ ਦੇਣ ਨੂੰ ਕਿਹਾ ਹੈ।

ਪੂਰੇ ਮਾਮਲੇ ਦੀਆਂ ਮੁੱਖ ਗੱਲਾਂ
- ਇੱਕ ਜੋੜੇ ਨੇ ਤਕਨੀਕ ਦਾ ਸਹਾਰਾ ਲਿਆ ਅਤੇ ਜੌੜੇ ਬੱਚੇ ਪੈਦਾ ਹੋਏ
- ਮਾਮਲਾ 15 ਸਾਲ ਪੁਰਾਣਾ ਹੈ, ਜਦੋਂ 2009 ਵਿੱਚ ਜੋੜੇ ਨੇ ਦੋ ਜੌੜੇ ਬੱਚਿਆਂ ਨੂੰ ਜਨਮ ਦਿੱਤਾ
- ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਤੀ ਨੂੰ ਪਤਾ ਲੱਗਿਆ ਕਿ ਸ਼ੁਕਰਾਣੂ ਉਨ੍ਹਾਂ ਦੇ ਨਹੀਂ ਹਨ, ਯਾਨੀ ਉਹ ਬੱਚਿਆਂ ਦੇ ਅਸਲੀ ਪਿਤਾ ਨਹੀਂ ਹਨ
- ਇੱਕ ਬੱਚੇ ਦੇ ਖ਼ੂਨ ਦੀ ਜਾਂਚ ਹੋਈ ਤਾਂ ਮਾਮਲਾ ਸਾਹਮਣੇ ਆਇਆ
- ਜੋੜਾ ਇਹ ਮਾਮਲਾ ਕੰਜ਼ਿਊਮਰ ਕੋਰਟ ਲੈ ਗਿਆ ਅਤੇ ਆਖ਼ਿਰਕਾਰ ਹਸਪਤਾਲ ਨੂੰ ਡੇਢ ਕਰੋੜ ਰੁਪਏ ਇਸ ਜੋੜੇ ਨੂੰ ਦੇਣ ਨੂੰ ਕਿਹਾ ਗਿਆ

ਮਾਪਿਆਂ ਨੂੰ ਪਤਾ ਕਿਵੇਂ ਲੱਗਿਆ

ਤਸਵੀਰ ਸਰੋਤ, Getty Images
ਦਰਅਸਲ ਇਹ ਮਾਮਲਾ 15 ਸਾਲ ਪੁਰਾਣਾ ਹੈ।
ਸਾਲ 2008 ਵਿੱਚ ਇਸ ਜੋੜੇ ਨੇ ਏਆਰਟੀ ਦੀ ਮਦਦ ਨਾਲ ਬੱਚਾ ਪੈਦਾ ਕਰਨ ਲਈ ਨਵੀਂ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਭਾਟੀਆ ਗਲੋਬਲ ਹੌਸਪਿਟਲ ਐਂਡ ਐਂਡੋਸਰਜਰੀ ਦਾ ਰੁਖ਼ ਕੀਤਾ ਸੀ।
ਅਸਿਸਟੈਂਟ ਰਿਪ੍ਰੋਡਕਟਿਵ ਟੈਕਨੌਲਿਜੀ (ਰੇਗੁਲੇਸ਼ਨ) ਏਆਰਟੀ ਬਿੱਲ ਸਾਲ 2021 ਵਿੱਚ ਪਾਸ ਹੋਇਆ।
ਇਸ ਵਿੱਚ ਬਨਾਵਟੀ ਤਕਨੀਕ ਦੀ ਮਦਦ ਨਾਲ ਡਿਲੀਵਰੀ ਹੁੰਦੀ ਹੈ।
ਇਸ ਦੀ ਮਦਦ ਅਜਿਹੇ ਜੋੜੇ ਲੈਂਦੇ ਹਨ, ਜਿਨ੍ਹਾਂ ਨੂੰ ਸਾਧਾਰਨ ਤੌਰ ਉੱਤੇ ਬੱਚਾ ਪੈਦਾ ਕਰਨ ਵਿੱਚ ਪਰੇਸ਼ਾਨੀਆਂ ਆਉਂਦੀਆਂ ਹਨ।
ਬੱਚਾ ਪੈਦਾ ਕਰਨ ਲਈ ਵਰਤੀਆਂ ਜਾਂਦੀਆਂ ਤਕਨੀਕਾਂ
- ਆਈਵੀਐੱਫ਼
- ਇੰਟ੍ਰਾਸਾਇਟੋਪਲਾਜ਼ਮਿਕ ਸਪਰਮ ਇੰਜੈਕਸ਼ਨ (ਆਈਸੀਐੱਸਆਈ) ਭਾਵ ਅੰਡਕੋਸ਼ ਵਿੱਚ ਸ਼ੁਕਰਾਣੂ ਦਾ ਇੰਜੈਕਸ਼ਨ ਦੇ ਕੇ ਫਰਟਿਲਾਈਜ਼ ਕਰਨਾ
- ਸ਼ੁਕਰਾਣੂ ਅਤੇ ਓਵਮ (ਅੰਡਕੋਸ਼) ਤੋਂ ਲੈਬ ਵਿੱਚ ਭਰੂਣ ਤਿਆਰ ਕਰਨਾ ਅਤੇ ਔਰਤ ਦੇ ਸ਼ਰੀਰ ਵਿੱਚ ਇੰਪਲਾਂਟ ਕਰਨ ਵਰਗੀ ਪ੍ਰਕਿਰਿਆ ਸ਼ਾਮਲ ਹੈ
ਇਸ ਜੋੜੇ ਨੇ ਆਈਸੀਐੱਸਆਈ ਜ਼ਰੀਏ ਬੱਚਾ ਪੈਦਾ ਕਰਨ ਦਾ ਫ਼ੈਸਲਾ ਕੀਤਾ ਸੀ।
ਭਾਰਤ ਸਰਕਾਰ ਦੇ ਉਪਭੋਗਤਾ ਮਾਮਲਿਆਂ ਦੇ ਵਿਭਾਗ ਦੀ ਵੈੱਬਸਾਈਟ ਉੱਤੇ ਇਸ ਮਾਮਲੇ ਵਿੱਚ ਐੱਨਸੀਡੀਆਰਸੀ ਦੇ ਫ਼ੈਸਲੇ ਦਾ ਜ਼ਿਕਰ ਹੈ।
ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸਾਲ 2008 ਵਿੱਚ ਇਹ ਔਰਤ ਇਸ ਟ੍ਰੀਟਮੈਂਟ ਰਾਹੀਂ ਗਰਭਵਤੀ ਹੋਈ ਅਤੇ ਸਾਲ 2009 ਵਿੱਚ ਉਨ੍ਹਾਂ ਨੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ।
ਪਰ ਜਦੋਂ ਇੱਕ ਬੱਚੇ ਦੇ ਖ਼ੂਨ ਦੀ ਜਾਂਚ ਹੋਈ ਅਤੇ ਜਦੋਂ ਉਨ੍ਹਾਂ ਨੂੰ ਬੱਚੇ ਦੇ ਬਲੱਡ ਗਰੁੱਪ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ।
ਖ਼ੂਨ ਦੀ ਜਾਂਚ ਵਿੱਚ ਬੱਚੇ ਦਾ ਬਲੱਡ ਗਰੁੱਪ ਏਬੀ (+) ਆਇਆ ਸੀ।
ਇਸ ਜਾਣਕਾਰੀ ਤੋਂ ਬਾਅਦ ਮਾਪਿਆਂ ਨੂੰ ਹੈਰਾਨੀ ਹੋਈ ਕਿਉਂਕਿ ਮਾਂ ਦਾ ਬਲੱਡ ਗਰੁੱਪ ਬੀ (+) ਸੀ ਅਤੇ ਪਿਤਾ ਦਾ ਬਲੱਡ ਗਰੁੱਪ ਓ (-) ਸੀ।
ਇਸ ਤੋਂ ਬਾਅਦ ਇਸ ਜੋੜੇ ਨੇ ਬੱਚਿਆਂ ਦਾ ਪੈਟਰਨਿਟੀ ਟੈਸਟ (ਡੀਏਐੱਨਏ ਪ੍ਰੋਫ਼ਾਈਲ) ਕਰਵਾਉਣ ਦਾ ਫ਼ੈਸਲਾ ਕੀਤਾ।
ਇਸ ਜਾਂਚ ਵਿੱਚ ਇਹ ਸਾਹਮਣੇ ਆਇਆ ਜੌੜੇ ਬੱਚਿਆਂ ਦੇ ਬਾਇਓਲੌਜਿਕਲ ਪਿਤਾ, ਔਰਤ ਦੇ ਪਤੀ ਨਹੀਂ ਹਨ।

ਇਹ ਵੀ ਪੜ੍ਹੋ:

ਕਿੰਨੇ ਆਮ ਹਨ ਅਜਿਹੇ ਮਾਮਲੇ

ਤਸਵੀਰ ਸਰੋਤ, Getty Images
ਡਾਕਟਰ ਨਯਨਾ ਪਟੇਲ ਕਹਿੰਦੇ ਹਨ ਕਿ ਅਜਿਹੇ ਮਾਮਲੇ ਬਹੁਤ ਦੁਰਲਭ ਹੁੰਦੇ ਹਨ।
ਪਿਛਲੇ 30 ਸਾਲ ਤੋਂ ਗੁਜਰਾਤ ਦੇ ਸ਼ਹਿਰ ਆਣਂਦ ਵਿੱਚ ਡਾ. ਨਯਨਾ ਪਟੇਲ ਸਰੋਗੇਸੀ ਸੈਂਟਰ ਚਲਾ ਰਹੇ ਹਨ।
ਉਨ੍ਹਾਂ ਮੁਤਾਬਕ, ‘‘ਹਰ ਵਾਰ ਸੈਂਪਲ ਲੈਣ ਤੋਂ ਪਹਿਲਾਂ ਅਤੇ ਹਸਪਤਾਲ ਵਿੱਚ ਜਮਾ ਕਰਨ ਤੱਕ ਵਿਟਨੇਸ ਸਿਸਟਮ ਹੁੰਦੇ ਹਨ। ਅਸੀਂ ਦੋ ਵਿਟਨੇਸ (ਗਵਾਹ) ਰੱਖਦੇ ਹਾਂ ਪਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਵਿਅਕਤੀ ਆਪਣੇ ਘਰ ਤੋਂ ਸੈਂਪਲ ਲਿਆਉਂਦੇ ਹਨ ਤਾਂ ਅਸੀਂ ਅਜਿਹੇ ਮਾਮਲਿਆਂ ਵਿੱਚ ਵੀ ਸਚੇਤ ਰਹਿੰਦੇ ਹਾਂ ਕਿ ਕੋਈ ਗ਼ਲਤੀ ਨਾ ਹੋਵੇ। ਰਿਕਾਰਡ ਵਿੱਚ ਜਾਣਕਾਰੀ ਸਾਫ ਤਰੀਕੇ ਦੇ ਨਾਲ ਦੱਸੀ ਗਈ ਹੋਵੇ ਕਿ ਸੈਂਪਲ ਘਰੋਂ ਲਿਆਂਦਾ ਗਿਆ ਹੈ।’’
ਉਹ ਕਹਿੰਦੇ ਹਨ ਕਿ ਹੁਣ ਬਹੁਤ ਆਧੁਨਿਕ ਤਕਨੀਕ ਵੀ ਆ ਗਈ ਹੈ, ਜਿਨ੍ਹਾਂ ਵਿੱਚੋਂ ਇੱਕ ਹੈ ਇਲੈਕਟ੍ਰੋਨਿਕ ਵਿਟਨੇਸ ਸਿਸਟਮ।
ਡਾ. ਨਯਨਾ ਪਟੇਲ ਕਹਿੰਦੇ ਹਨ ਕਿ ਕਈ ਵਾਰ ਸੈਂਪਲ ਦੇਣ ਵਾਲਿਆਂ ਦੇ ਨਾਮ ਵੀ ਇੱਕੋ ਜਿਹੋ ਹੁੰਦੇ ਹਨ, ਤਾਂ ਉਸ ਨੂੰ ਲੈ ਕੇ ਵੀ ਬਹੁਤ ਸਾਵਧਾਨ ਰਹਿਣਾ ਪੈਂਦਾ ਹੈ ਤਾਂ ਜੋ ਕੋਈ ਵੀ ਗ਼ਲਤੀ ਨਾ ਹੋਵੇ।
ਇਲੈਕਟ੍ਰੋਨਿਕ ਵਿਟਨੇਸ ਸਿਸਟਮ ਨੂੰ ਹੋਰ ਵਿਸਥਾਰ ਨਾਲ ਸਮਝਾਉਂਦੇ ਹੋਏ ਡਾ. ਹਰਸ਼ਾ ਬੇਨ ਕਹਿੰਦੇ ਹਨ ਕਿ ਜੋ ਵਿਅਕਤੀ ਸੈਂਪਲ ਦੇਣ ਆਉਂਦਾ ਹੈ, ਉਸ ਦੀ ਇੱਕ ਆਈਡੀ ਬਣਾਈ ਜਾਂਦੀ ਹੈ ਜਿਸ ਵਿੱਚ ਕੋਡ ਹੁੰਦਾ ਹੈ।
ਇਹੀ ਕੋਡ ਸੈਂਪਲ ਦੇਣ ਵਾਲਿਆਂ ਦੀ ਡੱਬੀਆਂ ਵਿੱਚ ਵੀ ਹੁੰਦਾ ਹੈ।
ਡਾ. ਹਰਸ਼ਾ ਬੇਨ ਭਰੂਣ ਅਤੇ ਉਸ ਦੇ ਵਿਕਾਸ ਲਈ ਬਣੇ ਵਿਭਾਗ ਵਿੱਚ ਐਂਬ੍ਰਿਯੋਲੋਜਿਸਟ ਹਨ।
ਉਹ ਦੱਸਦੇ ਹਨ, ‘‘ਅਸੀਂ ਸੀਮਨ ਦੇ ਸੈਂਪਲ ਅਤੇ ਜਿਸ ਅੰਡਕੋਸ਼ ਦੇ ਨਾਲ ਉਸ ਨੂੰ ਫਰਟਿਲਾਈਜ਼ ਕੀਤਾ ਜਾਂਦਾ ਹੈ ਉਸ ਉੱਤੇ ਇਹੀ ਟੈਗ ਜਾਂ ਬਾਰ ਕੋਡ ਲੱਗਿਆ ਹੁੰਦਾ ਹੈ ਅਤੇ ਜੇ ਇਸ ਵਿੱਚ ਗ਼ਲਤੀ ਹੁੰਦੀ ਹੈ ਤਾਂ ਸਿਸਟਮ ਅਲਰਟ ਦੇ ਸਿਗਨਲ ਭੇਜਣ ਲੱਗਦਾ ਹੈ। ਇਸ ਆਧੁਨਿਕ ਤਕਨੀਕ ਨੇ ਗ਼ਲਤੀ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਖ਼ਤਮ ਕਰ ਦਿੱਤਾ ਹੈ।’’
ਦਿੱਲੀ ਦੇ ਕਲਾਉਡ ਹਸਪਤਾਲ ਵਿੱਚ ਡਾਕਟਰ ਗੁੰਜਨ ਸਬਰਵਾਲ ਇਸ ਮਾਮਲੇ ਉੱਤੇ ਹੈਰਾਨੀ ਜਤਾਉਂਦੇ ਹੋਏ ਕਹਿੰਦੇ ਹਨ ਕਿ ਅਜਿਹਾ ਹੋਣਾ ਬੇਹੱਦ ਮੁਸ਼ਕਿਲ ਹੁੰਦਾ ਹੈ, ਕਿਉਂਕਿ ਸਾਰੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਸ ਵਿੱਚ ਸਭ ਤੋਂ ਪਹਿਲਾਂ ਜੋੜੇ ਦੀ ਸਹਿਮਤੀ ਜਾਂ ਕਸੈਂਟ ਪੱਤਰ ਉੱਤੇ ਦਸਤਖ਼ਤ ਕਰਵਾਏ ਜਾਂਦੇ ਹਨ, ਜਿਸ ਵਿੱਚ ਦੋਵਾਂ ਦੀ ਤਸਵੀਰ ਵੀ ਲੱਗੀ ਹੁੰਦੀ ਹੈ।
ਉਹ ਦੱਸਦੇ ਹਨ, ‘‘ਸੈਂਪਲ ਲੈਣ ਤੋਂ ਪਹਿਲਾਂ ਵਿਅਕਤੀ ਦਾ ਪੂਰਾ ਨਾਮ ਪੁੱਛਿਆ ਜਾਂਦਾ ਹੈ, ਸੈਂਪਲ ਦਾ ਸਮਾਂ, ਦੇਣ ਵਾਲੇ ਦੇ ਦਸਤਖ਼ਤ ਅਤੇ ਫ਼ਿਰ ਉਸ ਨੂੰ ਐਂਬ੍ਰਿਯੋਲੌਜੀ ਵਿਭਾਗ ਵਿੱਚ ਲੈ ਕੇ ਜਾਣ ਤੱਕ ਸਭ ਕੁਝ ਨੋਟ ਕੀਤਾ ਜਾਂਦਾ ਹੈ, ਅਜਿਹੇ ਵਿੱਚ ਕੋਈ ਗ਼ਲਤੀ ਹੋਣਾ ਸੰਭਵ ਨਹੀਂ ਹੈ।’’
ਮਾਮਲੇ ਦਾ ਹੱਲ ਕਿਵੇਂ ਹੋਇਆ
ਜਦੋਂ ਜੋੜੇ ਨੂੰ ਪੈਟਰਨਿਟੀ ਟੈਸਟ ਰਾਹੀਂ ਪਤਾ ਲੱਗਿਆ ਕਿ ਜੁੜਵਾ ਬੱਚਿਆਂ ਦੇ ਬਾਇਓਲੌਜਿਕਲ ਪਿਤਾ ਕੋਈ ਹੋਰ ਹਨ ਅਤੇ ਸੀਮਨ ਦੀ ਅਦਲਾ ਬਦਲੀ ਹੋਈ ਹੈ ਤਾਂ ਉਨ੍ਹਾਂ ਨੇ ਉਪਭੋਗਤਾ ਮਾਮਲੇ ਤਹਿਤ ਸ਼ਿਕਾਇਤ ਦਰਜ ਕਰਵਾਈ।
ਜੋੜੇ ਨੇ ਹਸਪਤਾਲ ਉੱਤੇ ਲਾਪਰਵਾਹੀ ਵਰਤਣ ਅਤੇ ਸੇਵਾ ਵਿੱਚ ਕਮੀਆਂ ਦਾ ਇਲਜ਼ਾਮ ਲਗਾਇਆ।
ਨਾਲ ਹੀ ਉਨ੍ਹਾਂ ਦੀ ਕਹਿਣਾ ਸੀ ਕਿ ਹਸਪਤਾਲ ਦੇ ਇਸ ਰਵੱਈਏ ਨਾਲ ਉਨ੍ਹਾਂ ਨੂੰ ਭਾਵਨਾਤਮਕ ਤਣਾਅ ਹੋਇਆ ਹੈ, ਪਰਿਵਾਰਕ ਝਗੜੇ ਹੋਏ ਹਨ।
ਜੋੜੇ ਨੂੰ ਇਹ ਵੀ ਡਰ ਹੈ ਕਿ ਕਿਤੇ ਬੱਚਿਆਂ ਨੂੰ ਪੁਸ਼ਤੈਨੀ ਬਿਮਾਰੀ ਨਾ ਹੋ ਜਾਵੇ।
ਆਪਣੀ ਇਸ ਸ਼ਿਕਾਇਤ ਵਿੱਚ ਜੋੜੇ ਨੇ ਲਾਪਰਵਾਹੀ ਦੇ ਬਦਲੇ ਵਿੱਚ ਦੋ ਕਰੋੜ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ।
ਇਸ ਮਾਮਲੇ ਵਿੱਚ ਐੱਨਸੀਡੀਆਰਸੀ ਜਾਂ ਕੌਮੀ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ ਦੇ ਪ੍ਰਧਾਨ ਡਾ. ਐੱਸਐੱਮ ਕਾਂਤਿਕਰ ਨੇ ਫ਼ੈਸਲਾ ਦਿੱਤਾ।
ਉਨ੍ਹਾਂ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਜਿਹੜੇ ਜੋੜਿਆਂ ਨੂੰ ਬੱਚੇ ਨਹੀਂ ਹੋ ਰਹੇ ਹਨ, ਉਨ੍ਹਾਂ ਦੀ ਮਦਦ ਲਈ ਇਸ ਤਰ੍ਹਾਂ ਦੇ ਏਆਰਟੀ ਕਲੀਨਿਕਾਂ ਦੀ ਗਿਣਤੀ ਵੱਧ ਰਹੀ ਹੈ।
ਐੱਨਸੀਡੀਆਰਸੀ ਦਾ ਕਹਿਣਾ ਸੀ ਕਿ ਏਆਰਟੀ ਮਾਹਰਾਂ ਨੂੰ ਇਸ ਪ੍ਰਕਿਰਿਆ ਦੀ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ।
ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਗਾਇਨੋਕੋਲੌਜਿਸਟ (ਔਰਤ ਰੋਗਾਂ ਦੇ ਮਾਹਰ) ਕੋਲ ਇਸ ਦੀ ਜਾਣਕਾਰੀ ਵੀ ਨਹੀਂ ਹੁੰਦੀ, ਉਹ ਪੈਸੇ ਦੀ ਚਾਹਤ ਵਿੱਚ ਅਜਿਹੇ ਕਲੀਨਿਕ ਖੋਲ੍ਹ ਲੈਂਦੇ ਹਨ। ਜਿਸ ਕਾਰਨ ਦੇਸ਼ ਵਿੱਚ ਅਨੈਤਿਕ ਅਭਿਆਸ ਵੱਧ ਰਹੇ ਹਨ।

ਤਸਵੀਰ ਸਰੋਤ, Getty Images
ਐੱਨਸੀਡੀਆਰਸੀ ਮੁਤਾਬਕ, ‘‘ਇਹ ਧਿਆਨ ਦੇਣਾ ਹੋਵੇਗਾ ਕਿ ਜਿਨ੍ਹਾਂ ਲੋਕਾਂ ਦੇ ਬੱਚੇ ਨਹੀਂ ਹੋ ਪਾਉਂਦੇ ਉਹ ਭਾਵਨਾਤਮਕ ਅਤੇ ਵਿੱਤੀ ਤੌਰ ਉੱਤੇ ਪਰੇਸ਼ਾਨੀ ਵਿੱਚ ਹੁੰਦੇ ਹਨ ਅਤੇ ਜੇ ਗ਼ਲਤ ਇਲਾਜ ਹੋ ਜਾਂਦਾ ਹੈ ਤਾਂ ਉਸ ਨਾਲ ਉਨ੍ਹਾਂ ਦੀਆਂ ਪਰੇਸ਼ਾਨੀਆਂ ਹੋਰ ਵੱਧ ਜਾਂਦੀਆਂ ਹਨ।’’
ਐੱਨਸੀਡੀਆਰਸੀ ਨੇ ਕਿਹਾ ਕਿ ਸਿੱਧੇ ਤੌਰ ਉੱਤੇ ਹਸਪਤਾਲ ਖ਼ਿਲਾਫ਼ ਇਹ ਮਾਮਲਾ ਬਣਦਾ ਹੈ।
ਇਸ ਮਾਮਲੇ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਐੱਨਸੀਡੀਆਰਸੀ ਨੇ ਭਾਟੀਆ ਗਲੋਬਲ ਹੌਸਪਿਟਲ ਐਂਡ ਐਂਡੋਸਰਜਰੀ ਇੰਸਟੀਚਿਊਟ ਦੇ ਪ੍ਰਧਾਨ ਅਤੇ ਨਿਰੇਦਸ਼ਕ ਨੂੰ ਜੋੜੇ ਨੂੰ ਡੇਢ ਕਰੋੜ ਰੁਪਏ ਦੇਣ ਨੂੰ ਕਿਹਾ ਹੈ।
ਇਸ ਮਾਮਲੇ ਵਿੱਚ ਬੀਬੀਸੀ ਨਾਲ ਗੱਲਬਾਤ ਵਿੱਚ ਭਾਟੀਆ ਹਸਪਤਾਲ ਵੱਲੋਂ ਕਿਹਾ ਗਿਆ ਕਿ ਇਹ ਮਾਮਲਾ ਅਦਾਲਤ ਵਿੱਚ ਹੈ ਅਤੇ ਉਹ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁਣਗੇ।
ਐੱਨਸੀਡੀਆਰਸੀ ਮੁਤਾਬਕ ਇਸ ਮਾਮਲੇ ਨਾਲ ਜੋ ਦੋ ਡਾਕਟਰ ਜੁੜੇ ਹੋਏ ਸਨ, ਉਨ੍ਹਾਂ ਨੂੰ 10-10 ਲੱਖ ਰੁਪਏ ਦੇਣੇ ਹੋਣਗੇ।
ਦੂਜੇ ਪਾਸੇ ਬੱਚਿਆਂ ਦੇ ਨਾਮ ਉੱਤੇ 1.30 ਕਰੋੜ ਦੀ ਰਾਸ਼ੀ ਕੌਮੀ ਬੈਂਕ ਵਿੱਚ ਜਮਾਂ ਕੀਤੀ ਜਾਵੇਗੀ ਅਤੇ ਦੋਵਾਂ ਬੱਚਿਆਂ ਦੇ ਨਾਮ ਉੱਤੇ ਇਹ ਐਫ਼ਡੀ ਬਣਾ ਕੇ ਰੱਖੀ ਜਾਵੇਗੀ।
ਜਿਹੜੀ ਰਕਮ ਜਮਾਂ ਕੀਤੀ ਜਾਵੇਗੀ, ਉਹ ਦੋਵਾਂ ਬੱਚਿਆਂ ਦੇ ਨਾਮ ਉੱਤੇ ਅੱਧੀ-ਅੱਧੀ ਹੋਵੇਗੀ। ਇਸ ਵਿੱਚ ਮਾਪਿਆਂ ਨੂੰ ਨੌਮਿਨੀ ਬਣਾਇਆ ਗਿਆ ਹੈ।
ਮਾਪੇ ਬੱਚਿਆਂ ਦੀ ਦੇਖਭਾਲ ਲਈ ਵਿਆਜ਼ ਦੀ ਰਕਮ ਕੱਢ ਸਕਦੇ ਹਨ।












