ਅਫ਼ਗਾਨਿਸਤਾਨ: ‘ਸਬਕ ਸਿਖਾਉਣ’ ਲਈ ਕੋੜੇ ਮਾਰਨ ਦੀ ਸਜ਼ਾ ਸਣੇ ਹੋਰ ਕੀ ਕਰ ਰਿਹਾ ਹੈ ਤਾਲਿਬਾਨ

ਤਾਲਿਬਾਨ ਜਨਤਕ ਸਜ਼ਾ
ਤਸਵੀਰ ਕੈਪਸ਼ਨ, ਤਾਲਿਬਾਨ ਵਲੋਂ ਜਨਤਕ ਤੌਰ ’ਤੇ ਸਜ਼ਾ ਦਿੱਤੇ ਜਾਣ ਦਾ ਇੱਕ ਚਿੱਤਰ
    • ਲੇਖਕ, ਨੂਰ ਗੁਲ ਸ਼ਫਾਕ
    • ਰੋਲ, ਬੀਬੀਸੀ ਵਰਲਡ ਸਰਵਿਸ

"ਜਦੋਂ ਤਾਲਿਬਾਨ ਦੇ ਅਧਿਕਾਰੀਆਂ ਨੇ ਫੁੱਟਬਾਲ ਸਟੇਡੀਅਮ ਵਿੱਚ ਪਹਿਲੇ ਵਿਅਕਤੀ ਨੂੰ ਕੋੜੇ ਮਾਰਨ ਲਈ ਪੇਸ਼ ਕੀਤਾ, ਤਾਂ ਮੇਰਾ ਦਿਲ ਇੰਨੀ ਤੇਜ਼ੀ ਨਾਲ ਧੜਕਣ ਲੱਗ ਗਿਆ ਕਿ ਮੈਂ ਖ਼ੁਦ ਇਸ ਨੂੰ ਸੁਣ ਸਕਦਾ ਸੀ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਂ ਇਹ ਸਭ ਅਸਲ ਜ਼ਿੰਦਗੀ ਵਿੱਚ ਦੇਖ ਰਿਹਾ ਸੀ, ਕਿਸੇ ਫਿਲਮ ਜਾਂ ਸੁਪਨੇ ਵਿੱਚ ਨਹੀਂ। "

ਇਹ ਸ਼ਬਦ 21 ਸਾਲਾ ਅਫ਼ਗਾਨ ਮੁੰਡੇ ਜੁਮਾ ਖ਼ਾਨ ਦੇ ਹਨ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਾਂ ਬਦਲਿਆ ਗਿਆ ਹੈ।

22 ਦਸੰਬਰ 2022 ਨੂੰ ਤਾਲਿਬਾਨ ਸਰਕਾਰ ਨੂੰ ਮੱਧ ਅਫ਼ਗਾਨਿਸਤਾਨ ਦੇ ਤਰਨਕੋਟ ਸ਼ਹਿਰ ਦੇ ਇੱਕ ਫੁੱਟਬਾਲ ਸਟੇਡੀਅਮ ਵਿੱਚ ਹਜ਼ਾਰਾਂ ਦੀ ਭੀੜ ਦੇ ਸਾਹਮਣੇ 22 ਲੋਕਾਂ ਜਿਨ੍ਹਾਂ ’ਚ ਦੋ ਔਰਤਾਂ ਵੀ ਸ਼ਾਮਲ ਸਨ, ਨੂੰ ਕੋੜੇ ਮਾਰੇ ਸਨ ਤੇ ਜੁਮਾ ਇਸ ਦੇ ਚਸ਼ਮਦੀਦ ਸਨ।

ਇਨ੍ਹਾਂ ਸਭ ’ਤੇ ਵੱਖ-ਵੱਖ ਅਪਰਾਧਾਂ ਦੇ ਇਲਜ਼ਾਮ ਸਨ ਤੇ ਤਾਲਿਬਾਨ ਇਨ੍ਹਾਂ ਨੂੰ ਮਿਸਾਲੀ ਸਜ਼ਾ ਦੇਣਾ ਚਾਹੁੰਦੇ ਸਨ।

ਤਾਲਿਬਾਨ ਅਧਿਕਾਰੀਆਂ ਨੇ ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਪੂਰੇ ਸ਼ਹਿਰ ਵਿੱਚ ਇਸ ਸਮਾਗਮ ਦਾ ਐਲਾਨ ਕੀਤਾ ਸੀ। ਮਸਜਿਦਾਂ ਦੇ ਲਾਊਡਸਪੀਕਰਾਂ ’ਤੇ ਅਤੇ ਰੇਡੀਓ 'ਤੇ ਸਭ ਜਗ੍ਹਾ ਤੋਂ ਲੋਕਾਂ ਨੂੰ ‘ਸਬਕ ਸਿੱਖਣ ਲਈ’ ਕੀਤਾ ਜਾ ਰਹੇ ਸਮਾਗਮ ਨੂੰ ਦੇਖਣ ਲਈ ਆਉਣ ਦੀ ਅਪੀਲ ਕੀਤੀ ਗਈ ਸੀ।

ਚੇਤਾਵਨੀ: ਕੁਝ ਜਾਣਕਾਰੀ ਪਰੇਸ਼ਾਨ ਕਰਨ ਵਾਲੀ ਲੱਗ ਸਕਦੀ ਹੈ

ਤਾਲਿਬਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਾਲਿਬਾਨੀ ਅਧਿਕਾਰੀ ਹੁਣ ਨਿਆਂਇਕ ਪ੍ਰਕਿਰਿਆ ਵਿੱਚ ਵੀ ਦਖ਼ਲਅੰਦਾਜ਼ੀ ਕਰਦੇ ਹਨ

ਸਜ਼ਾਵਾਂ ਦੇਣ ਲਈ ਕਿਸ ਥਾਂ ਨੂੰ ਚੁਣਿਆ ਗਿਆ?

ਵੱਡੇ ਖੇਡ ਸਟੇਡੀਅਮ ਜਨਤਕ ਸਜ਼ਾ ਦੇਣ ਲਈ ਆਮ ਸਥਾਨ ਹਨ।

ਇਹ ਇੱਕ ਪਰੰਪਰਾ ਹੈ ਜੋ 1990 ਦੇ ਦਹਾਕੇ ਵਿੱਚ ਸ਼ੁਰੂ ਹੋਈ ਸੀ, ਜਦੋਂ ਤਾਲਿਬਾਨ ਸਮੂਹ ਨੇ ਪਹਿਲੀ ਵਾਰ ਅਫ਼ਗਾਨਿਸਤਾਨ ਵਿੱਚ ਸੱਤਾ ਸੰਭਾਲੀ ਸੀ।

ਤਰਨਕੋਟ ਸਟੇਡੀਅਮ ਵਿੱਚ ਅਧਿਕਾਰਤ ਤੌਰ 'ਤੇ 18,000 ਦਰਸ਼ਕਾਂ ਲਈ ਜਗ੍ਹਾ ਹੈ, ਪਰ ਖਾਨ ਮੁਤਾਬਕ ਉਸ ਦਿਨ ਗਿਣਤੀ ਇਸ ਤੋਂ ਕਿਤੇ ਵੱਧ ਸੀ।

ਖਾਨ ਨੇ ਬੀਬੀਸੀ ਨੂੰ ਦੱਸਿਆ, "ਮੁਲਜ਼ਮ ਸਟੇਡੀਅਮ ਦੇ ਵਿਚਕਾਰ ਘਾਹ 'ਤੇ ਬੈਠੇ ਸਨ। ਵੀਰਵਾਰ ਨੂੰ ਧੁੱਪ ਸੀ। ਲੋਕ ਤੌਬਾ ਕਰ ਰਹੇ ਸਨ ਅਤੇ ਰੱਬ ਅੱਗੇ ਬਚਾ ਲੈਣ ਦੀ ਅਰਦਾਸ ਰਹੇ ਸਨ।"

ਤਾਲਿਬਾਨ ਦੀ ਸੁਪਰੀਮ ਕੋਰਟ ਨੇ ਟਵਿੱਟਰ ਰਾਹੀਂ ਸਜ਼ਾ ਦਿੱਤੇ ਗਏ ਲੋਕਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਲਿੰਗ ਬਾਰੇ ਦੱਸਿਆ ਸੀ। ਨਾਲ ਹੀ ਪੁਸ਼ਟੀ ਕੀਤੀ ਸੀ ਕਿ ਕੋੜੇ ਮਾਰੇ ਗਏ ਸਨ।

ਬੀਬੀਸੀ ਨਾਲ ਗੱਲ ਕਰਦਿਆਂ, ਸਰਕਾਰ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ, “ਸ਼ਰੀਆ ਕਾਨੂੰਨ ਤਹਿਤ, ਸਾਡੇ ਆਗੂ ਅਜਿਹੀਆਂ ਸਜ਼ਾਵਾਂ ਨੂੰ ਲਾਗੂ ਕਰਨ ਲਈ ਪਾਬੰਦ ਹਨ।”

“ਕੁਰਾਨ ਵਿੱਚ, ਅੱਲ੍ਹਾ ਨੇ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਸਜ਼ਾਵਾਂ ਨੂੰ ਜਨਤਕ ਤੌਰ 'ਤੇ ਦੇਖਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਤੋਂ ਸਬਕ ਲਿਆ ਜਾ ਸਕੇ। ਉਨ੍ਹਾਂ ਨੂੰ ਸ਼ਰੀਆ ਕਾਨੂੰਨ ਦੇ ਮੁਤਾਬਕ ਲਾਗੂ ਕਰਨਾ ਸਾਡਾ ਫ਼ਰਜ਼ ਹੈ।”

ਖਾਨ ਦਾ ਕਹਿਣਾ ਹੈ ਕਿ 18 ਤੋਂ 37 ਸਾਲ ਦੇ ਸਾਰੇ ਮਰਦਾਂ ਨੂੰ 25 ਤੋਂ 39 ਦੇ ਵਿਚਕਾਰ ਕੋੜੇ ਮਾਰੇ ਗਏ।

ਖਾਨ ਨੇ ਕਿਹਾ, "ਉਨ੍ਹਾਂ ਵਿੱਚੋਂ ਕੁਝ ਰੋ ਰਹੇ ਸਨ ਅਤੇ ਰੌਲਾ ਪਾ ਰਹੇ ਸਨ ਅਤੇ ਕੁਝ ਚੁੱਪਚਾਪ ਕੋੜਿਆਂ ਨੂੰ ਸਹਿ ਰਹੇ ਸਨ।”

“ਮੇਰੇ ਇਕ ਰਿਸ਼ਤੇਦਾਰ, ਜਿਸ ਨੂੰ ਚੋਰੀ ਲਈ 39 ਕੋੜੇ ਮਾਰੇ ਗਏ ਸਨ, ਨੇ ਮੈਨੂੰ ਦੱਸਿਆ ਕਿ 20 ਤੋਂ ਬਾਅਦ ਉਸ ਦਾ ਸਰੀਰ ਸੁੰਨ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਹੋਰ ਦਰਦ ਮਹਿਸੂਸ ਨਹੀਂ ਸੀ ਹੋਇਆ।"

ਪਰ, ਉਹ ਕਹਿੰਦੇ ਹਨ ਕਿ ਤਾਲਿਬਾਨ ਨੇ ਉਸ ਦਿਨ ਦੋ ਔਰਤਾਂ ਨੂੰ ਜਨਤਕ ਤੌਰ 'ਤੇ ਕੁੱਟਿਆ ਨਹੀਂ ਸੀ।

ਖਾਨ ਦਾ ਜਨਮ 9/11 ਦੇ ਦੋ ਸਾਲ ਬਾਅਦ ਹੋਇਆ ਸੀ। 9/11 ਦੀ ਘਟਨਾ ਤੋਂ ਬਾਅਦ ਅਮਰੀਕਾ ਅਤੇ ਨਾਟੋ ਨੇ ਤਾਲਿਬਾਨੀ ਤਾਕਤਾਂ ਨੂੰ ਸੱਤਾ ਤੋਂ ਬਾਅਰ ਕਰਨ ਦੀ ਪਹਿਲੀ ਕੋਸ਼ਿਸ਼ ਕੀਤੀ ਸੀ ਤੇ ਅਫ਼ਗਾਨਿਸਤਾਨ 'ਤੇ ਹਮਲੇ ਕਰਨ ਲਈ ਉਕਸਾਇਆ ਵੀ ਸੀ।

ਤਾਲਿਬਾਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਇੱਕ ਵੱਡੇ ਫੁੱਟਬਾਲ ਸਟੇਡੀਅਮ ਵਿੱਚ ਸਜ਼ਾ ਦਿੱਤੀ ਗਈ

ਜੁਮਾ ਨੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਕਿਵੇਂ ਤਾਲਿਬਾਨੀ ਫ਼ੌਜੀ 90 ਦੇ ਦਹਾਕੇ ਵਿੱਚ ਲੋਕਾਂ ਨੂੰ ਜਨਤਕ ਤੌਰ 'ਤੇ ਕੁੱਟਦੇ ਸਨ, ਉਨ੍ਹਾਂ ਦੇ ਸਰੀਰੀਕ ਅੰਗ ਵੱਢ ਦਿੱਤੇ ਜਾਂਦੇ ਸੀ ਜਾਂ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਸਨ। ਪਰ ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਨੇ ਇਸ ਕਿਸਮ ਦੀ ਹਿੰਸਾ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਸੀ।

ਖਾਨ ਦਾ ਕਹਿਣਾ ਹੈ ਕਿ ਜਲਦੀ ਹੀ ਲੋਕਾਂ ਨੇ ਫੁੱਟਬਾਲ ਸਟੇਡੀਅਮ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ।

"ਉਨ੍ਹਾਂ ਵਿੱਚੋਂ ਬਹੁਤੇ ਮੇਰੇ ਵਰਗੇ ਨੌਜਵਾਨ ਸਨ। ਤਾਲਿਬਾਨੀ ਸਿਪਾਹੀ ਸਾਨੂੰ ਬਾਹਰ ਨਹੀਂ ਜਾਣ ਦੇ ਰਹੇ ਸਨ, ਪਰ ਕਈ ਕੰਧਾਂ ਅਤੇ ਵਾੜਾਂ 'ਤੇ ਚੜ ਕੇ ਤੇ ਬਾਹਰ ਆਉਣ ਵਿੱਚ ਕਾਮਯਾਬ ਹੋ ਗਏ।"

ਤਾਲਿਬਾਨ ਸਰਕਾਰ ਜਾਇਜ਼ ਹੁਕਮਰਾਨਾਂ ਵਜੋਂ ਪ੍ਰਮਾਣਿਕਤਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੀਆਂ ਸਜ਼ਾਵਾਂ ਵਿਦੇਸ਼ੀ ਤਾਕਤਾਂ ਨੂੰ ਗ਼ਲਤ ਸੁਨੇਹਾ ਦਿੰਦੀਆਂ ਹਨ। ਇਸੇ ਲਈ ਸਰਵਉੱਚ ਆਗੂ, ਮੁੱਲਾ ਹਿਬਤੁੱਲਾ ਅਖੁੰਦਜ਼ਾਦਾ, ਨੇ ਕਿਸੇ ਦੇ ਵੀ ਇਨ੍ਹਾਂ ਘਟਨਾਵਾਂ ਨੂੰ ਰਿਕਾਰਡ ਕਰਨ ਜਾਂ ਪ੍ਰਕਾਸ਼ਿਤ ਕਰਨ ’ਤੇ ਪਾਬੰਦੀ ਲਗਾਈ ਹੈ।

ਪਰ ਖਾਨ ਨੇ ਗੁਪਤ ਰੂਪ ਵਿੱਚ ਇਸ ਘਟਨਾ ਦੀ ਇੱਕ ਵੀਡੀਓ ਬਣਾਈ ਅਤੇ ਬੀਬੀਸੀ ਨੂੰ ਭੇਜੇ ਅਤੇ ਹੋਰ ਚਸ਼ਮਦੀਦਾਂ ਨੇ ਇਹ ਦ੍ਰਿਸ਼ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪੋਸਟ ਕੀਤੇ, ਜਿੱਥੇ ਉਹ ਤੇਜ਼ੀ ਨਾਲ ਵਾਇਰਲ ਹੋ ਗਏ।

ਖਾਨ ਦਾ ਕਹਿਣਾ ਹੈ ਕਿ ਉਸ ਦਿਨ ਉਨ੍ਹਾਂ ਨੇ ਜੋ ਦੇਖਿਆ ਉਹ ਅੱਜ ਵੀ ਉਨ੍ਹਾਂ ਨੂੰ ਦਹਿਲਾ ਦਿੰਦਾ ਹੈ ਅਤੇ ਉਨ੍ਹਾਂ ਨੂੰ ਡਰ ਹੈ ਕਿ ਉਸ ਨੂੰ ਅਜਿਹੀ ਹੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਹ ਕਹਿੰਦੇ ਹਨ, "ਹੁਣ ਮੈਂ ਬੋਲਣ ਤੋਂ ਪਹਿਲਾਂ ਆਪਣੇ ਹਰ ਸ਼ਬਦ ਪ੍ਰਤੀ ਸੁਚੇਤ ਰਹਿੰਦਾ ਹਾਂ। ਮੈਂ ਆਪਣੀ ਦਾੜ੍ਹੀ ਵਧਾ ਲਈ ਹੈ।"

ਤਾਲਿਬਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਕਿੰਨੇ ਲੋਕਾਂ ਨੂੰ ਸਜ਼ਾ ਮਿਲੀ ਹੈ?

ਬੀਬੀਸੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਨਵੰਬਰ 2022 ਤੋਂ, ਜਦੋਂ ਤੋਂ ਤਾਲਿਬਾਨ ਸਰਕਾਰ ਨੇ ਅਧਿਕਾਰਤ ਤੌਰ 'ਤੇ ਜਨਤਕ ਸਜ਼ਾਵਾਂ ਦਿੱਤੇ ਜਾਣ ਦਾ ਐਲਾਨ ਕੀਤਾ ਸੀ ਅਤੇ ਸੁਪਰੀਮ ਕੋਰਟ ਨੇ ਵੀ ਇਸ ਬਾਰੇ ਬਿਆਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਸਨ, ਘੱਟੋ ਘੱਟ 50 ਅਜਿਹੀਆਂ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਵਿੱਚ 346 ਲੋਕਾਂ ਨੂੰ ਅਜਿਹੀ ਸਜ਼ਾ ਦਿੱਤਾ ਗਈ ਸੀ।

ਸੁਪਰੀਮ ਕੋਰਟ ਨੇ ਸਜ਼ਾਯਾਫ਼ਤਾ ਲੋਕਾਂ ਬਾਰੇ ਸਪੱਸ਼ਟ ਨਹੀਂ ਕੀਤਾ ਕਿ ਉਹ ਮਰਦ ਸਨ ਜਾਂ ਔਰਤਾਂ।

ਇਨ੍ਹਾਂ ਅੰਦਾਜ਼ਿਆ ਮੁਤਾਬਕ ਘੱਟੋ-ਘੱਟ 51 ਮਾਮਲਿਆਂ ਵਿੱਚ ਔਰਤਾਂ ਦੀ ਸ਼ਾਮੂਲੀਅਤ ਸੀ ਤੇ 233 ਵਿੱਚ ਮਰਦਾਂ ਦੀ। ਕਰੀਬ 60 ਮਾਮਲੇ ਅਣਪਛਾਤੇ ਲੋਕਾਂ ਖ਼ਿਲਾਫ਼ ਸਨ।

ਉਨ੍ਹਾਂ ਸਾਰਿਆਂ ਨੂੰ ਕੋੜੇ ਮਾਰੇ ਗਏ ਅਤੇ ਕਈਆਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ।

ਦੋ ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਇੱਕ ਨੂੰ ਦੱਖਣ-ਪੱਛਮੀ ਅਫ਼ਗਾਨਿਸਤਾਨ ਦੇ ਫਰਾਹ ਵਿੱਚ ਅਤੇ ਦੂਜੇ ਨੂੰ ਪੂਰਬੀ ਲਾਘਮਾਨ ਸੂਬੇ ਵਿੱਚ।

ਜਨਤਕ ਸਜ਼ਾਵਾਂ ਦੀ ਬਾਰੰਬਾਰਤਾ 13 ਨਵੰਬਰ ਤੋਂ ਬਾਅਦ ਤੇਜ਼ ਹੋ ਗਈ। ਇਹ ਸਮਾਂ ਸੀ ਜਦੋਂ ਤਾਲਿਬਾਨ ਦੇ ਸਰਵਉੱਚ ਆਗੂ ਨੇ ਤਾਲਿਬਾਨੀ ਨਿਆਂਇਕ ਸੰਸਥਾਵਾਂ ਨੂੰ ਵੱਖ-ਵੱਖ ਅਪਰਾਧਾਂ ਦੇ ਮੁਲਜ਼ਮਾਂ ਦੇ ਮਾਮਲਿਆਂ ਦੇ ਫ਼ੈਸਲਿਆਂ ਦੇ ਨਿਗਰਾਨੀ ਕਰਨ ਤੇ ਸ਼ਰਿਆ ਕਾਨੂੰਨ ਲਾਗੂ ਕਰਵਾਉਣ ਦੇ ਹੁਕਮ ਦਿੱਤੇ।

BBC

ਤਾਲਿਬਾਨ ਦੀ ਅਪਰਾਧਾਂ ਦੀ ਪਰਿਭਾਸ਼ਾ

  • ਅਨੈਤਿਕਤਾ ਸਣੇ ਅਪਰਾਧਾਂ ਦੀਆਂ ਕਰੀਬ 19 ਸ਼੍ਰੇਣੀਆਂ ਹਨ
  • ਚੋਰੀ, ਕਤਲ, ਵਿਭਚਾਰ, ਗੇਅ (ਮਰਦਾਂ ਦਰਮਿਆਨ ਜਿਨਸੀ ਸਬੰਧ), ਗ਼ੈਰ-ਕਾਨੂੰਨੀ ਜਿਨਸੀ ਸਬੰਧ, ਭ੍ਰਿਸ਼ਟਾਚਾਰ, ਘਰੋਂ ਭੱਜਣਾ, ਕਤਲ ਆਦਿ ਦੰਡਯੋਗ ਅਪਰਾਧਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ
  • ਮੌਕੇ ֹ’ਤੇ ਘਟਨਾ ਦੇ ਆਧਾਰ ’ਤੇ ਅਪਰਾਧ ਬਾਰੇ ਫ਼ੈਸਲਾ ਲਿਆ ਜਾਂਦਾ ਹੈ ਤੇ ਸਜ਼ਾ ਹਰ ਇੱਕ ਲਈ ਇੱਕੋ ਜਿਹੀ ਨਹੀਂ ਹੈ
  • ਜਿਨਸੀ ਅਪਰਾਧ ਨੂੰ ਤਾਲਿਬਾਨ ਸਰਕਾਰ ਸੰਗੀਨ ਜੁਰਮਾਂ ਵਜੋਂ ਦੇਖਿਆ ਜਾਂਦਾ ਹੈ।
  • ਮਨੁੱਖੀ ਅਧਿਕਾਰਾਂ ਦੇ ਰੱਖਿਅਕਾਂ ਅਤੇ ਕੌਮਾਂਤਰੀ ਨਿਰੀਖਕਾਂ ਲਈ ਖ਼ਾਸ ਚਿੰਤਾ ਦਾ ਵਿਸ਼ਾ ਘਰ ਤੋਂ ਭੱਜਣ ਦੀਆਂ ਸੱਤ ਘਟਨਾਵਾਂ ਹਨ, ਜਿਸ ਵਿੱਚ ਸਜ਼ਾਵਾਂ ਸੁਣਾਈਆਂ ਗਈਆਂ ਹਨ।
  • ਇਨ੍ਹਾਂ ਵਿੱਚ ਕਮਜ਼ੋਰ ਔਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਸੰਭਾਵਨਾ ਰਹਿੰਦੀ ਹੈ ਜੋ ਘਰੇਲੂ ਹਿੰਸਾ ਜਾਂ ਜ਼ਬਰਦਸਤੀ ਨਾਬਾਲਗ ਵਿਆਹਾਂ ਦਾ ਸ਼ਿਕਾਰ ਹੋ ਸਕਦੀਆਂ ਹਨ।
BBC
ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਕਿਹੜੇ 'ਗੁਨਾਹਾਂ' ਦੀ ਸਜ਼ਾ ਮਿਲਦੀ ਹੈ?

ਤਾਲਿਬਾਨ ਸਰਕਾਰ ਦਾ ਕਹਿਣਾ ਹੈ ਕਿ ਉਹ ਅਫ਼ਗਾਨਿਸਤਾਨ ਦੀ ਇਸਲਾਮਿਕ ਨਿਆਂ ਪ੍ਰਣਾਲੀ ਦੇ ਮੁਤਾਬਕ ਅਜਿਹੀਆਂ ਸਜ਼ਾਵਾਂ ਦਿੰਦੇ ਹਨ। ਇਹ ਸ਼ਰਿਆ ਕਾਨੂੰਨ ਮੁਤਾਬਕ ਹੁੰਦਾ ਹੈ।

ਅਨੈਤਿਕਤਾ ਸਣੇ ਕਰੀਬ 19 ਸ਼੍ਰੇਣੀਆਂ ਹਨ ਜੋ ਸਜ਼ਾਯੋਗ ਅਪਰਾਧਾਂ ਵਿੱਚ ਸ਼ਾਮਲ ਹਨ। ਇਨ੍ਹਾਂ ਵਿੱਚ ਚੋਰੀ, ਕਤਲ, ਵਿਭਚਾਰ, ਗੇਅ (ਮਰਦਾਂ ਦਰਮਿਆਨ ਜਿਨਸੀ ਸਬੰਧ), ਗ਼ੈਰ-ਕਾਨੂੰਨੀ ਜਿਨਸੀ ਸਬੰਧ, ਭ੍ਰਿਸ਼ਟਾਚਾਰ, ਘਰੋਂ ਭੱਜਣਾ, ਕਤਲ ਆਦਿ ਸ਼ਾਮਲ ਹਨ।

ਇਹ ਬਿਲਕੁਲ ਵੀ ਸਪੱਸ਼ਟ ਨਹੀਂ ਹੁੰਦਾ ਕਿ ਇਨ੍ਹਾਂ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ, ਹਾਲਾਂਕਿ ਅਜਿਹੇ ਕਾਨੂੰਨੀ ਦੇ ਕੁਝ ਹਮਾਇਤੀ ਖੁੱਲ੍ਹੀ ਚਰਚਾ ਲਈ ਤਿਆਰ ਹੋਣ ਦੀ ਗੱਲ ਕਰਦੇ ਹਨ।

ਬਹੁਤ ਸਾਰੇ ਲੋਕਾਂ ਨੂੰ ਚੋਰੀ ਲਈ ਆਮ ਤੌਰ 'ਤੇ 39 ਕੋੜਿਆਂ ਦੀ ਸਜ਼ਾ ਦਿੱਤੀ ਜਾਂਦੀ ਹੈ। ਉਥੇ ਹੀ ਕਈਆਂ ਨੂੰ ਉਸੇ ਜ਼ੁਰਮ ਲਈ ਤਿੰਨ ਮਹੀਨੇ ਤੋਂ ਲੈ ਕੇ ਇੱਕ ਸਾਲ ਦੀ ਕੈਦ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ।

ਜਿਨਸੀ ਅਪਰਾਧ, ਜਿਨ੍ਹਾਂ ਨੂੰ ਤਾਲਿਬਾਨ ਸਰਕਾਰ ‘ਜ਼ੀਨਾ’ (ਵਿਭਚਾਰ), ਗੈਰ-ਕਾਨੂੰਨੀ ਜਿਨਸੀ ਸਬੰਧ ਜਾਂ ਅਨੈਤਿਕ ਸਬੰਧ ਵਜੋਂ ਸ਼੍ਰੇਣੀਬੱਧ ਕਰਦੀ ਹੈ ਨੂੰ ਵੀ ਸੰਗੀਨ ਜ਼ੁਰਮਾਂ ਵਜੋਂ ਦੇਖਿਆ ਜਾਂਦਾ ਹੈ।

ਮਨੁੱਖੀ ਅਧਿਕਾਰਾਂ ਦੇ ਰੱਖਿਅਕਾਂ ਅਤੇ ਕੌਮਾਂਤਰੀ ਨਿਰੀਖਕਾਂ ਲਈ ਖ਼ਾਸ ਚਿੰਤਾ ਦਾ ਵਿਸ਼ਾ ਘਰ ਤੋਂ ਭੱਜਣ ਦੀਆਂ ਸੱਤ ਘਟਨਾਵਾਂ ਹਨ, ਵਿੱਚ ਸੁਣਾਈਆਂ ਗਈਆਂ ਸਜ਼ਾਵਾਂ ਹਨ। ਇਨ੍ਹਾਂ ਵਿੱਚ ਕਮਜ਼ੋਰ ਔਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਸੰਭਾਵਨਾ ਰਹਿੰਦੀ ਹੈ ਜੋ ਘਰੇਲੂ ਹਿੰਸਾ ਜਾਂ ਜ਼ਬਰਦਸਤੀ ਨਾਬਾਲਗ ਵਿਆਹਾਂ ਦਾ ਸ਼ਿਕਾਰ ਹੋ ਸਕਦੀਆਂ ਹਨ।

ਸੁਪਰੀਮ ਕੋਰਟ ਦੇ ਬਿਆਨਾਂ ਵਿੱਚ ਛੇ ਮੌਕਿਆਂ ’ਤੇ ‘ਲਿਵਾਤ’ ਸ਼ਬਦ ਦਾ ਜ਼ਿਕਰ ਕੀਤਾ ਗਿਆ ਹੈ। ਅਫ਼ਗਾਨਿਸਤਾਨ ਦੇ ਸ਼ਰੀਆ ਕਾਨੂੰਨ ਦੇ ਤਹਿਤ ਇਹ ਉਹ ਕਾਨੂੰਨ ਹੈ ਜੋ ਮਰਦਾਂ ਵਿਚਕਾਰ ਜਿਨਸੀ ਸੰਬੰਧਾਂ ਨਾਲ ਸਬੰਧਿਤ ਹੈ।

ਤਾਲਿਬਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਾਲਿਬਾਨ ਵਲੋਂ ਸੱਤਾ ਵਿੱਚ ਆਉਣ ਤੋਂ ਔਰਤਾਂ ’ਤੇ ਵੀ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ

ਕਿਹੜੇ ਸੂਬਿਆਂ ਵਿੱਚ ਸਭ ਤੋਂ ਵੱਧ ਸਜ਼ਾਵਾਂ ਹਨ?

ਬੀਬੀਸੀ ਦੀ ਪੜਤਾਲ ਮੁਤਾਬਕ 34 ਵਿੱਚੋਂ 21 ਅਫ਼ਗਾਨ ਸੂਬਿਆਂ ਨੇ ਜਨਤਕ ਸਜ਼ਾਵਾਂ ਦੀ ਮੇਜ਼ਬਾਨੀ ਕੀਤੀ ਹੈ, ਪਰ ਕੁਝ ਸੂਬਿਆਂ ਨੇ ਦੂਜਿਆਂ ਦੇ ਮੁਕਾਬਲੇ ਵੱਧ ਕੀਤੀ ਹੈ।

ਅਫ਼ਗਾਨਿਸਤਾਨ ਦੇ ਪੂਰਬੀ ਲਘਮਾਨ ਸੂਬੇ ਨੇ ਸਭ ਤੋਂ ਵੱਧ, ਸੱਤ ਸਮਾਗਮਾਂ ਦਾ ਆਯੋਜਨ ਕੀਤਾ ਹੈ, ਇਸ ਤੋਂ ਬਾਅਦ ਪਕਤੀਆ, ਘੋਰ, ਪਰਵਾਨ ਅਤੇ ਕੰਧਾਰ ਆਉਂਦੇ ਹਨ।

ਸਜ਼ਾ ਦਿੱਤੇ ਗਏ ਲੋਕਾਂ ਦੀ ਗਿਣਤੀ ਦੇ ਲਿਹਾਜ਼ ਨਾਲ, ਹੇਲਮੰਡ 48 ਲੋਕ, ਬਦਖ਼ਸ਼ਾਨ ਵਿੱਚ 32, ਪਰਵਾਨ ਵਿੱਚ 31, ਘੋਰ ਅਤੇ ਜੌਜ਼ਜਾਨ ਵਿੱਚ 24, ਕੰਧਾਰ ਅਤੇ ਰੋਜ਼ਗਾਨ ਵਿੱਚ 22 ਅਤੇ ਰਾਜਧਾਨੀ ਕਾਬੁਲ ਵਿੱਚ 21 ਵਿਅਕਤੀਆਂ ਨੂੰ ਸਜ਼ਾ ਦਿੱਤੀ ਗਈ।

ਇਹ ਗਿਣਤੀ ਸੁਪਰੀਮ ਕੌਰਟ ਵਲੋਂ ਦਿੱਤੇ ਗਏ ਅਧਿਕਾਰਿਤ ਬਿਆਨਾਂ ਦੇ ਆਧਾਰ ’ਤੇ ਹੈ। ਹੋਰ ਘਟਨਾਵਾਂ ਵੀ ਹੋ ਸਕਦੀਆਂ ਹਨ ਜੋ ਸੁਪਰੀਮ ਕੋਰਟ ਵਲੋਂ ਦਰਜ ਨਹੀਂ ਕੀਤੀਆਂ ਗਈਆਂ ਹਨ।

ਭਾਵੇਂ ਸੰਯੁਕਤ ਰਾਸ਼ਟਰ, ਮਨੁੱਖੀ ਅਧਿਕਾਰ ਸੰਗਠਨਾਂ ਅਤੇ ਦੁਨੀਆਂ ਭਰ ਦੇ ਦੇਸ਼ਾਂ ਨੇ ਤਾਲਿਬਾਨ ਨੂੰ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕਿਹਾ ਹੈ, ਪਰ ਤਾਲਿਬਾਨ ਦੀ ਨੀਤੀ ਬਦਲਣ ਦੇ ਕੋਈ ਸੰਕੇਤ ਨਜ਼ਰ ਨਹੀਂ ਆਉਂਦੇ।

ਅਧਿਕਾਰਤ ਬਿਆਨਾਂ ਵਿੱਚ ਤਾਲਿਬਾਨ ਦਾਅਵਾ ਕਰਦੇ ਹਨ ਕਿ ਲੋਕਾਂ ਨੂੰ ਜਨਤਕ ਤੌਰ 'ਤੇ ਸਜ਼ਾ ਦੇਣਾ ਦੂਜਿਆਂ ਲਈ ਇੱਕ ‘ਸਬਕ’ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਅਜਿਹੀਆਂ ਸਜ਼ਾਵਾਂ ਹੋਰ ਅਪਰਾਧ ਹੋਣ ਤੋਂ ਰੋਕਦੀਆਂ ਹਨ।

ਇਸ ਦੌਰਾਨ, ਜੁਮਾ ਖਾਨ ਵਰਗੇ ਚਸ਼ਮਦੀਦ ਦਾ ਕਹਿਣਾ ਹੈ ਕਿ ਉਹ ਅਜਿਹੇ ਭਿਆਨਕ ਦ੍ਰਿਸ਼ਾਂ ਨੂੰ ਦੇਖ ਕੇ ਮਾਨਸਿਕ ਤੌਰ 'ਤੇ ਸਦਮੇ ਵਿੱਚ ਹਨ।

ਖਾਨ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਸਜ਼ਾ ਦਿੱਤੀ ਗਈ ਹੈ, ਉਹ ਸਮਾਜਿਕ ਤੌਰ ’ਤੇ ਬੇਇੱਝਤ ਹੋ ਕੇ ਰਹਿ ਗਏ। ਉਨ੍ਹਾਂ ਲਈ ਆਪਣੇ ਘਰਾਂ ਤੋਂ ਬਾਹਰ ਆਉਣਾ ਵੀ ਔਖਾ ਹੋ ਗਿਆ ਹੈ।

ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਬੀਬੀਸੀ ਨੂੰ ਦੱਸਿਆ, “ਲੋਕਾਂ ਦੀ ਮਾਨਸਿਕ ਤੰਦਰੁਸਤੀ ਦੀ ਨਿਗਰਾਨੀ ਅੱਲ੍ਹਾ ਕਰੇਗਾ। ਅਸੀਂ ਸ਼ਰੀਆ ਕਾਨੂੰਨ ਦੇ ਵਿਰੁੱਧ ਨਹੀਂ ਜਾ ਸਕਦੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)