ਤਾਲਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਕਾਬੁਲ ਤੋਂ ਦਿੱਲੀ ਲਿਆਉਣ ਤੋਂ ਰੋਕਿਆ - ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, Getty Images
11 ਸਤੰਬਰ, 2022 ਨੂੰ 60 ਅਫ਼ਗਾਨ ਸਿੱਖਾਂ ਦੇ ਜਥੇ ਨੇ ਭਾਰਤ ਆਉਣਾ ਸੀ, ਪਰ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਲਿਆਉਣ ਤੋਂ ਰੋਕਣ ਕਾਰਨ ਉਹ ਸਿੱਖ ਭਾਰਤ ਨਹੀਂ ਆ ਸਕੇ।
ਇਹ ਦਾਅਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਤਾਲਿਬਾਨ ਪ੍ਰਸਾਸ਼ਨ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ।
ਦਿੱਲੀ ਦੇ ਗੁਰੂ ਅਰਜੁਨ ਦੇਵ ਗੁਰਦੁਆਰੇ ਦੇ ਪ੍ਰਧਾਨ ਪ੍ਰਤਾਪ ਸਿੰਘ ਅਫ਼ਗਾਨ ਭਾਈਚਾਰੇ ਦੇ ਨੁਮਾਇੰਦੇ ਹਨ। ਉਹ ਸਿੱਖਾਂ ਤੇ ਹਿੰਦੂਆਂ ਨੂੰ ਭਾਰਤ ਲੈ ਕੇ ਆਉਣ ਲਈ ਕਾਫੀ ਸਰਗਰਮ ਰਹਿੰਦੇ ਹਨ।
ਉਨ੍ਹਾਂ ਬੀਬੀਸੀ ਪੰਜਾਬੀ ਨਾਲ ਫੋਨ ਉੱਤੇ ਗੱਲ ਕਰਦਿਆਂ ਦੱਸਿਆ, "60 ਅਫ਼ਗਾਨ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਤੇ ਦੋ ਸੈਂਚੀਆਂ ਲੈ ਕੇ ਭਾਰਤ ਆ ਰਹੇ ਸਨ ਪਰ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਉਨ੍ਹਾਂ ਨੂੰ ਰੋਕ ਲਿਆ।"
ਉਨ੍ਹਾਂ ਅੱਗੇ ਕਿਹਾ, "ਤਾਲਿਬਾਨ ਸਰਕਾਰ ਦਾ ਕਹਿਣਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਫ਼ਗਾਨਿਸਤਾਨ ਤੋਂ ਨਹੀਂ ਜਾਣ ਦੇਣਗੇ। ਅਸੀਂ ਤਾਲਿਬਾਨ ਸਰਕਾਰ ਨੂੰ ਚਿੱਠੀ ਲਿਖੀ ਹੈ, ਜਿਸ ਦਾ ਜਵਾਬ ਆਉਣਾ ਬਾਕੀ ਹੈ।"
ਤਾਲਿਬਾਨ ਸਰਕਾਰ ਦਾ ਇਸ ਮਸਲੇ ਉੱਤੇ ਅਜੇ ਤੱਕ ਅਧਿਕਾਰਤ ਪ੍ਰਤੀਕਰਮ ਨਹੀਂ ਮਿਲਿਆ ਹੈ। ਤਾਲਿਬਾਨ ਪ੍ਰਸਾਸ਼ਨ ਦਾ ਅਧਿਕਾਰਤ ਪ੍ਰਤੀਕਰਮ ਮਿਲਣ ਉੱਤੇ ਸਟੋਰੀ ਅਪਡੇਟ ਕੀਤੀ ਜਾਵੇਗੀ।

ਤਸਵੀਰ ਸਰੋਤ, Getty Images
ਕੀ ਹੈ ਮਾਮਲਾ
ਇੰਡੀਅਨ ਵਰਲਡ ਫੋਰਮ ਜਥੇਬੰਦੀ ਕਾਬੁਲ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਸਪੰਰਕ ਵਿਚ ਹੈ ਅਤੇ ਤਾਲਿਬਾਨ ਸਰਕਾਰ ਦੇ ਅਧਿਕਾਰੀਆਂ ਨਾਲ ਇਸ ਮਸਲੇ ਉੱਤੇ ਗੱਲਬਾਤ ਕਰ ਰਹੇ ਹਨ।
ਇਹ ਜਥੇਬੰਦੀ ਅਫ਼ਗਾਨਿਸਤਾਨ ਵਿਚਲੇ ਹਿੰਦੂ ਅਤੇ ਸਿੱਖਾਂ ਨੂੰ ਭਾਰਤ ਲਿਆਉਣ ਲਈ ਭਾਰਤੀ ਵਿਦੇਸ਼ ਮੰਤਰਾਲੇ, ਏਅਰ ਫੋਰਸ ਅਤੇ ਸ਼੍ਰੋਮਣੀ ਕਮੇਟੀ ਦੇ ਤਾਲਮੇਲ ਨਾਲ ਕੰਮ ਕਰ ਰਹੀ ਹੈ।
ਇੰਡੀਅਨ ਵਰਲਡ ਫੋਰਮ ਦੇ ਸੰਚਾਲਕ ਪੁਨੀਤ ਸਿੰਘ ਚੰਡੋਕ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਹੈ ਕਿ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪਾਂ ਨੂੰ ਮੁਲਕ ਤੋਂ ਬਾਹਰ ਲਿਜਾਉਣ ਤੋਂ ਰੋਕਿਆ ਹੈ।
ਵਿਦੇਸ਼ ਮੰਤਰਾਲੇ ਨੇ ਇਸ ਲਈ ਮੁਲਕ ਦੇ ਸੱਭਿਆਚਾਰਕ ਮੰਤਰਾਲੇ ਤੋਂ ਲਿਖਤੀ ਪ੍ਰਵਾਨਗੀ ਲੈਣ ਲਈ ਕਿਹਾ ਹੈ।
ਚੰਡੋਕ ਨੇ ਇੱਕ ਟਵੀਟ ਵਿਚ ਇਸ ਘਟਨਾਕ੍ਰਮ ਉੱਤੇ ਦੁੱਖ ਪ੍ਰਗਟਾਇਆ ਹੈ।
ਚੰਡੋਕ ਨੇ ਲਿਖਿਆ ਹੈ, ''ਬੜੇ ਦੁੱਖ ਦੀ ਗੱਲ ਹੈ ਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਵਾਰ ਵਾਰ ਅਪੀਲਾਂ ਕਰਨ ਦੇ ਬਾਵਜੂਦ ਅੱਜ ਤੱਕ ਵੀ ਕਾਬੁਲ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਭਾਰਤ ਲਿਆਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਚੰਡੋਕ ਅੱਗੇ ਲਿਖਦੇ ਹਨ, ''ਅਫਗਾਨ ਵਿਦੇਸ਼ ਮੰਤਰਾਲੇ ਦੀਆਂ ਇਨ੍ਹਾਂ ਰੋਕਾਂ ਕਾਰਨ 60 ਹਿੰਦੂ ਅਤੇ ਸਿੱਖਾਂ ਨੂੰ ਭਾਰਤ ਲਿਆਉਣ ਦਾ ਕੰਮ ਰੁਕ ਗਿਆ ਹੈ। ''
ਐੱਸਜੀਪੀਸੀ ਪ੍ਰਧਾਨ ਨੇ ਕੀਤੀ ਨਿਖੇਧੀ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਾਰੀ ਬਿਆਨ ਵਿੱਚ ਤਾਲਿਬਾਨ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਫ਼ਗਾਨਿਸਤਾਨ ਤੋਂ ਬਾਹਰ ਲਿਜਾਣ ਉੱਤੇ ਪਾਬੰਦੀ ਲਗਾਉਣ ਦੀ ਨਿੰਦਾ ਕੀਤੀ ਹੈ।
ਐੱਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਇਹ ਤਾਲਿਬਾਨ ਸ਼ਾਸਨ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਦਖਲ ਹੈ।

ਇੱਕ ਪਾਸੇ ਅਫ਼ਗਾਨਿਸਤਾਨ ਵਿੱਚ ਸਿੱਖਾਂ ਅਤੇ ਗੁਰਦੁਆਰਾ ਸਾਹਿਬਾਨ ਉੱਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਸਿੱਖਾਂ ਨੂੰ ਭਾਰਤ ਆਉਣ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲਿਆਉਣ ਤੋਂ ਰੋਕਿਆ ਜਾ ਰਿਹਾ ਹੈ।
ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਦਖ਼ਲ ਦੇਣ।
ਧਾਮੀ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਵਿਰੁੱਧ ਅਫ਼ਗਾਨਿਸਤਾਨ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਰੋਕਣ ਲ਼ਈ ਜਰੂਰੀ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ।

ਅਫ਼ਗਾਨਿਸਤਾਨ 'ਚ ਸਿੱਖ
- ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਦੇਵ ਜੀ ਜਦੋਂ ਉਦਾਸੀਆਂ 'ਤੇ ਨਿਕਲੇ ਤਾਂ ਚੌਥੀ ਉਦਾਸੀ ਵੇਲੇ ਉਹ ਅਫ਼ਗਾਨਿਸਤਾਨ ਪਹੁੰਚੇ ਸਨ । ਉਹ ਅਰਬੀ ਤੇ ਫਾਰਸੀ ਸਮੇਤ ਕਈ ਜ਼ਬਾਨਾਂ ਬੋਲਦੇ ਸਨ।
- ਅਫ਼ਗਾਨਿਸਤਾਨ ਵਿੱਚ ਮੁਗਲਾਂ ਵੇਲੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਵੱਡੀ ਗਿਣਤੀ ਵਿੱਚ ਸਿੱਖ ਰਹਿ ਰਹੇ ਸਨ।
- ਅੰਗਰੇਜ਼ੀ ਹਕੂਮਤ ਵੇਲੇ ਵੀ ਸਿੱਖਾਂ ਦੀ ਖਾਸੀ ਤਾਦਾਦ ਅਫ਼ਗਾਨਿਸਤਾਨ ਵਿੱਚ ਸੀ।
- ਅਫ਼ਗਾਨਿਸਤਾਨ ਤੋਂ ਰੂਸ ਦੇ ਜਾਣ ਮਗਰੋਂ ਮੋਹੰਮਦ ਨਜੀਬਉੱਲਾਹ ਦੀ ਸਰਕਾਰ ਆਈ। ਉਸ ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਮੁਜਾਹੀਦੀਨ ਸਰਗਰਮ ਹੋਏ।
- ਹਾਲਾਤ ਬਦਲੇ ਤਾਂ ਕਤਲੋਗਾਰਦ, ਲੁੱਟ ਖਸੁੱਟ ਅਤੇ ਦਹਿਸ਼ਤਗਰਦੀ ਦੇ ਮਾਹੌਲ ਤੋਂ ਘਬਰਾਏ ਘੱਟਗਿਣਤੀ ਭਾਈਚਾਰੇ ਖਾਸਕਰ ਹਿੰਦੂ ਅਤੇ ਸਿੱਖਾਂ ਨੇ ਅਫ਼ਗਾਨਿਸਤਾਨ ਤੋਂ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਦੋ ਗੇੜਾਂ ਵਿਚ 6 ਸਰੂਪ ਲਿਆਂਦੇ ਗਏ ਸਨ
ਇਸ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਜਥੇਬੰਦੀ ਦੇ ਮੁਖੀ ਮਨਜੀਤ ਸਿੰਘ ਜੀਕੇ ਨੇ ਕਿਹਾ ਹੈ ਅਫ਼ਗਾਨ ਸਿੱਖਾਂ ਨੂੰ ਉੱਥੋਂ ਲਿਆਉਣ ਦਾ ਕੰਮ ਫਿਲਹਾਲ ਰੋਕ ਦਿੱਤਾ ਗਿਆ ਹੈ।
ਜਦੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲਿਆਉਂ ਦੀ ਆਗਿਆ ਨਹੀਂ ਮਿਲਦੀ।
ਜੀਕੇ ਨੇ ਦੱਸਿਆ, ਅਸੀਂ ਭਾਰਤ ਸਰਕਾਰ ਅਤੇ ਕਾਬੁਲ ਵਿਚ ਭਾਰਤੀ ਦੂਤਾਵਸ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ।
ਭਾਰਤ ਸਰਕਾਰ ਵਲੋਂ ਅਫ਼ਗਾਨਿਸਤਾਨ ਤੋਂ ਘੱਟ ਗਿਣਤੀਆਂ ਨੂੰ ਲਿਆਉਣ ਲਈ ਅਸਾਨ ਈ ਵੀਜਾ ਨੀਤੀ ਸ਼ੁਰੂ ਕੀਤੀ ਗਈ ਹੈ।
24 ਅਗਸਤ 2021 ਅਤੇ 10 ਦਸੰਬਰ 2021 ਨੂੰ ਦੋ ਗੇੜਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ 6 ਸਰੂਪ ਅਫ਼ਗਾਨਿਸਤਾਨ ਤੋਂ ਦਿੱਲੀ ਲਿਆਂਦੇ ਗਏ ਹਨ।
ਇਹ ਅਫ਼ਗਾਨਿਸਤਾਨ ਤੋਂ ਵਿਸ਼ੇਸ਼ ਉਡਾਨ ਸਮੇਂ ਕਾਬੁਲ ਤੋਂ ਸਿੱਖਾਂ ਨਾਲ ਲਿਆਂਦੇ ਗਏ ਸਨ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਗੁਰੂ ਗ੍ਰੰਥ ਸਾਹਿਬ ਦੇ ਸਵਾਗਤ ਲ਼ਈ ਖੁਦ ਦਿੱਲੀ ਹਵਾਈ ਅੱਡੇ ਉੱਤੇ ਪਹੁੰਚੇ ਸਨ।

ਇਹ ਵੀ ਪੜ੍ਹੋ:-

ਅਫ਼ਗਾਨਿਸਤਾਨ ਵਿਚ ਸਿੱਖਾਂ ਦੀ ਕਿਸੇ ਸਮੇਂ ਅੱਛੀ ਖਾਸੀ ਗਿਣਤੀ ਸੀ, ਪਰ ਮੁਲਕ ਦੇ ਹਾਲਾਤ ਕਾਰਨ ਘੱਟ ਗਿਣਤੀਆਂ ਨੂੰ ਉੱਥੋਂ ਜਾਣਾ ਪਿਆ। ਕੁਝ ਸਮਾਂ ਪਹਿਲਾਂ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨੇ ਅਫ਼ਗਾਨਿਸਤਾਨ ਵਿਚ ਸਿੱਖਾਂ ਦੇ ਇਤਿਹਾਸ ਬਾਰੇ ਵਿਸ਼ੇਸ਼ ਰਿਪੋਰਟ ਕੀਤੀ ਸੀ। ਇਸ ਰਿਪੋਰਟ ਦੇ ਕੁਝ ਅੰਸ਼ ਇੱਥੇ ਛਾਪੇ ਜਾ ਰਹੇ ਹਨ।
ਸਿੱਖ ਕੌਮ ਦੇ ਪਹਿਲੇ ਨਿਸ਼ਾਨ
ਅਫ਼ਗਾਨਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਮੌਜੂਦਗੀ ਸਦੀਆਂ ਪੁਰਾਣੀ ਹੈ। ਇੰਦਰਜੀਤ ਸਿੰਘ ਨੇ 'ਅਫ਼ਗਾਨ ਸਿੱਖ ਐਂਡ ਹਿੰਦੂਜ਼ ਹਿਸਟਰੀ ਆਫ ਥਾਊਜ਼ੈਂਡ ਈਅਰਜ਼' ਨਾਂ ਦੀ ਕਿਤਾਬ ਲਿਖੀ ਹੈ।
ਇੰਦਰਜੀਤ ਸਿੰਘ ਕਹਿੰਦੇ ਹਨ, "ਬਾਬਰ ਤੋਂ ਨਾਦਰ ਸ਼ਾਹ ਦੇ ਭਾਰਤ ਆਉਣ ਤੱਕ ਕਾਬੁਲ, ਜਲਾਲਾਬਾਦ ਤੇ ਗਜ਼ਨੀ ਮੁਗਲ ਰਾਜ ਦਾ ਹੀ ਹਿੱਸਾ ਰਿਹਾ ਸੀ। ਇਹ ਸਮਾਂ ਕਰੀਬ 235 ਸਾਲ ਦਾ ਬਣਦਾ ਹੈ। ਤਾਂ ਇਸ ਵੇਲੇ ਸਿੱਖਾਂ ਤੇ ਹਿੰਦੂਆਂ ਦਾ ਅਫ਼ਗਾਨਿਸਤਾਨ ਵਿੱਚ ਰਹਿਣ ਜਾਂ ਵਿਚਰਨ ਵਿੱਚ ਕੋਈ ਮੁਸ਼ਕਿਲ ਨਹੀਂ ਸੀ।"
"ਅਫ਼ਗਾਨਿਸਤਾਨ ਵਿੱਚ ਸਿੱਖਾਂ ਦੀ ਹੋਂਦ 1519-21 ਵੇਲੇ ਦੀ ਹੈ, ਜਦੋਂ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਅਫ਼ਗਾਨਿਸਤਾਨ ਦੀ ਯਾਤਰਾ ਉੱਤੇ ਗਏ ਸਨ। ਉਸ ਵੇਲੇ ਉੱਥੇ ਰਹਿੰਦੇ ਕੁਝ ਹਿੰਦੂ ਉਨ੍ਹਾਂ ਦੇ ਪੈਰੋਕਾਰ ਬਣ ਗਏ ਸਨ।"

ਤਸਵੀਰ ਸਰੋਤ, Getty Images
ਸਿੱਖ ਇਤਿਹਾਸ 'ਚ ਕਾਬੁਲ ਦੀ ਸੰਗਤ ਦੇ ਕਈ ਹਵਾਲੇ ਮਿਲਦੇ ਹਨ।
ਇਤਿਹਾਸਕਾਰ ਤੇ ਪੰਜਾਬ ਦੇ ਡਾਇਰੈਕਟਰ ਆਫ਼ ਆਰਕਾਈਵਜ਼ ਰਹਿ ਚੁੱਕੇ ਡਾ. ਗੰਡਾ ਸਿੰਘ ਨੇ ਆਪਣੀ ਕਿਤਾਬ 'ਅਫਗਾਨਿਸਤਾਨ ਦਾ ਸਫ਼ਰ' ਵਿੱਚ 1952 ਦੀ ਆਪਣੀ ਯਾਤਰਾ ਦਾ ਵੇਰਵਾ ਦਿੱਤਾ ਹੈ।
ਡਾ. ਗੰਡਾ ਸਿੰਘ ਲਿਖਦੇ ਹਨ, "ਪੁਰਾਣੇ ਸਮਿਆਂ ਤੋਂ ਹੀ ਕੁਝ ਹਿੰਦੂ ਇੱਥੇ ਰਹਿੰਦੇ ਆ ਰਹੇ ਹਨ ਜੋ ਇਸਲਾਮ ਦੇ ਇੱਥੇ ਆਉਣ ਤੋਂ ਪਹਿਲਾਂ ਦੇ ਵਸਨੀਕ ਹਨ। ਗੁਰੂ ਨਾਨਕ ਵੇਲੇ ਉਹ ਉਨ੍ਹਾਂ ਦੇ ਸੇਵਕ ਬਣ ਗਏ।"
ਡਾ. ਗੰਡਾ ਸਿੰਘ ਲਿਖਦੇ ਹਨ ਕਿ ਸਿੱਖ ਇਤਿਹਾਸ ਵਿੱਚ ਹਵਾਲੇ ਮਿਲਦੇ ਹਨ ਜਦੋਂ ਕਈ ਵਾਰੀ ਸਿੱਖ ਸੰਗਤਾਂ ਕਾਬੁਲ, ਗਜ਼ਨੀ ਤੇ ਕੰਧਾਰ ਤੋਂ ਪੰਜਾਬ ਗੁਰੂ ਦੇ ਦਰਸ਼ਨਾਂ ਲਈ ਆਇਆ ਕਰਦੀਆਂ ਸਨ।
ਸਿੱਖਾਂ ਦੇ 10ਵੇਂ ਗੁਰੂ ਦੇ ਸਮੇਂ ਦਾ ਜ਼ਿਕਰ ਕਰਦਿਆਂ ਡਾ. ਗੰਡਾ ਸਿੰਘ ਲਿਖਦੇ ਹਨ, "ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਰ ਸਿੱਖਾਂ ਦੀ ਤਰ੍ਹਾਂ ਇਨ੍ਹਾਂ ਨੇ ਵੀ ਅੰਮ੍ਰਿਤ ਛਕਿਆ ਸੀ। ਫਾਸਲਾ ਦੂਰ ਹੋਣ ਕਾਰਨ ਜੋ ਪੰਜਾਬ ਆ ਕੇ ਸਿੰਘ ਨਹੀਂ ਸਜ ਸਕੇ ਸੀ, ਉਨ੍ਹਾਂ ਉੱਥੇ ਹੀ ਅੰਮ੍ਰਿਤ ਛਕ ਲਿਆ ਸੀ।"
"ਫੇਰ ਵੀ ਕੁਝ ਟੱਬਰ ਅਜਿਹੇ ਰਹਿ ਗਏ ਜਿਨ੍ਹਾਂ ਵਿੱਚੋਂ ਕੋਈ ਵੀ ਅੰਮ੍ਰਿਤਧਾਰੀ ਨਹੀਂ ਹੋ ਸਕਿਆ ਪਰ ਉਨ੍ਹਾਂ ਦੇ ਸਿੱਖੀ ਸਿਦਕ ਵਿੱਚ ਕੋਈ ਫਰਕ ਨਹੀਂ ਆਇਆ ਸੀ।"
ਇਤਿਹਾਸਕਾਰ ਹਰੀ ਰਾਮ ਗੁਪਤਾ ਨੇ ਆਪਣੀ ਕਿਤਾਬ ਹਿਸਟਰੀ ਆਫ਼ ਸਿੱਖਸ ਵਿੱਚ ਵੀ ਕਾਬੁਲ ਤੋਂ ਆਏ ਸਿੱਖਾਂ ਬਾਰੇ ਜ਼ਿਕਰ ਕੀਤਾ ਹੈ।
ਉਨ੍ਹਾਂ ਨੇ ਲਿਖਿਆ ਹੈ ਕਿ ਕਾਬੁਲ ਤੋਂ ਆਏ ਇੱਕ ਸਿੱਖ ਦੁਨੀ ਚੰਦ ਨੇ ਗੁਰੂ ਗੋਬਿੰਦ ਸਿੰਘ (ਉਸ ਵੇਲੇ ਗੋਬਿੰਦ ਰਾਇ) ਨੂੰ ਇੱਕ ਬੇਸ਼ਕੀਮਤੀ ਤੰਬੂ ਦਿੱਤਾ ਸੀ ਜੋ ਰੇਸ਼ਮ ਨਾਲ ਬਣਿਆ ਸੀ ਤੇ ਉਸ ਉੱਤੇ ਸੋਨੇ ਤੇ ਮੋਤੀਆਂ ਦਾ ਕੰਮ ਹੋਇਆ ਸੀ। ਉਸ ਦੇ ਵਿੱਚ ਸ਼ਾਨਦਾਰ ਕਾਲੀਨ ਵੀ ਸਨ।
ਅਫ਼ਗਾਨਿਸਤਾਨ ਦੇ ਇਤਿਹਾਸਕ ਗੁਰਦੁਆਰੇ
ਇੰਦਰਜੀਤ ਸਿੰਘ ਨੇ ਅਫ਼ਗਾਨਿਸਤਾਨ ਦੇ ਗੁਰਦਆਰਿਆਂ ਦਾ ਜ਼ਿਕਰ ਕਰਦਿਆਂ ਦੱਸਿਆ, "ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿੱਚ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਹੈ। ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਉੱਥੇ ਆਏ ਸਨ।"
"ਉਸ ਤੋਂ ਉੱਤੇ ਸੁਲਤਾਨਪੁਰ ਵਿੱਚ ਇੱਕ ਚਸ਼ਮਾ ਹੈ, ਜਿੱਥੇ ਇੱਕ ਚਾਰ ਦੀਵਾਰੀ ਕੀਤੀ ਹੋਈ ਸੀ। ਇੱਥੇ ਤਾਲਿਬਾਨ ਤੋਂ ਪਹਿਲਾਂ ਤੱਕ ਵਿਸਾਖੀ ਦਾ ਮੇਲਾ ਲੱਗਦਾ ਸੀ।"
''ਇਸ ਤੋਂ ਬਾਅਦ ਇੱਕ ਹੋਰ ਗੁਰਦੁਆਰਾ ਕਾਬੁਲ ਵਿੱਚ ਹੈ, ਜਿਸ ਦਾ ਨਾਂ ਗੁਰੂ ਹਰਿ ਰਾਇ ਸਾਹਿਬ ਹੈ। ਇਸੇ ਗੁਰਦੁਆਰਾ ਸਾਹਿਬ ਉੱਤੇ 25 ਮਾਰਚ 2020 ਨੂੰ ਅੱਤਵਾਦੀ ਹਮਲਾ ਹੋਇਆ ਸੀ।"

ਤਸਵੀਰ ਸਰੋਤ, Getty Images
ਇੰਦਰਜੀਤ ਸਿੰਘ ਨੇ ਅੱਗੇ ਦੱਸਿਆ, "ਸਿੱਖਾਂ ਦੇ ਸੱਤਵੇਂ ਗੁਰੂ, ਹਰਿ ਰਾਇ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਭਾਈ ਗੌਂਡਾ ਨੂੰ ਅਫ਼ਗਾਨਿਸਤਾਨ ਦੇ ਕਾਬੁਲ ਸ਼ਹਿਰ ਭੇਜਿਆ ਸੀ ਤੇ ਉਨ੍ਹਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਨਾਂ ਉੱਤੇ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਸੀ।"
ਡਾ. ਗੰਡਾ ਸਿੰਘ ਨੇ ਵੀ ਆਪਣੀ ਕਿਤਾਬ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਜ਼ਿਕਰ ਕੀਤਾ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਮੌਜੂਦਾ ਵੇਲੇ ਕਰਤਾ-ਏ-ਪਰਵਾਨ ਤੋਂ ਇਲਾਵਾ ਸਾਰੇ ਗੁਰਦੁਆਰਾ ਸਾਹਿਬ ਬੰਦ ਹਨ।
ਬਾਕੀ ਗੁਰਦੁਆਰਿਆਂ ਦਾ ਜ਼ਿਕਰ ਕਰਦੇ ਹੋਏ ਇੰਦਰਜੀਤ ਸਿੰਘ ਨੇ ਦੱਸਿਆ, "ਇਸ ਤੋਂ ਇਲਾਵਾ ਵੀ ਕੁਝ ਹੋਰ ਗੁਰਦੁਆਰੇ ਕਾਬੁਲ ਵਿੱਚ ਹਨ, ਜਿਵੇਂ ਖਾਲਸਾ ਗੁਰਦੁਆਰਾ ਹੈ। ਉੱਥੇ ਭਾਈ ਗੁਰਦਾਸ ਜੀ ਆਏ ਸਨ।"
ਇੱਥੇ ਜਿਨ੍ਹਾਂ ਭਾਈ ਗੁਰਦਾਸ ਦੀ ਗੱਲ ਹੋ ਰਹੀ ਹੈ, ਉਹ ਸਿੱਖਾਂ ਦੇ ਪੰਜਵੇਂ ਗੁਰੂ ਅਰਜੁਨ ਦੇਵ ਵੇਲੇ ਹੋਏ ਸਨ ਜੋ ਅਫ਼ਗਾਨਿਸਤਾਨ ਧਰਮ ਪ੍ਰਚਾਰ ਲਈ ਗਏ ਸਨ।
ਇੰਦਰਜੀਤ ਸਿੰਘ ਨੇ ਅੱਗੇ ਕਿਹਾ, "ਕੰਧਾਰ ਵਿੱਚ ਬਾਬਾ ਸ਼੍ਰੀ ਚੰਦ ਦਾ ਗੁਰਦੁਆਰਾ ਹੈ ਤੇ ਇਸ ਦੇ ਨਾਲ ਹੀ ਕਾਬੁਲ ਦੇ ਸ਼ੋਰ ਬਜ਼ਾਰ ਵਿੱਚ ਵੀ ਬਾਬਾ ਸ਼੍ਰੀਚੰਦ ਦਾ ਗੁਰਦੁਆਰਾ ਸਾਹਿਬ ਹੈ।"
ਡਾ. ਗੰਡਾ ਸਿੰਘ ਨੇ ਆਪਣੀ ਕਿਤਾਬ 'ਅਫ਼ਗਾਨਿਸਤਾਨ ਦਾ ਸਫ਼ਰ' ਵਿੱਚ ਕੁਝ ਹੋਰ ਗੁਰਧਾਮਾਂ ਦੇ ਨਾਂ ਵੀ ਲਿਖੇ ਹਨ। ਜਿਵੇਂ, ਬਾਬਾ ਗੰਜ ਬਖਸ਼, ਗੁਰਦੁਆਰਾ ਜੋਤੀ ਸਰੂਪ, ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ, ਕੰਧਾਰੀ ਕੂਚਾ, ਗੁਰਦੁਆਰਾ ਭਾਈ ਪਿਰਾਣਾ ਸਰਾਇ ਲਾਹੌਰੀਆਂ ਤੇ ਗੁਰਦੁਆਰਾ ਭਾਈ ਮਨਸਾ ਸਿੰਘ।
ਡਾ. ਗੰਡਾ ਸਿੰਘ ਨੇ ਆਪਣੀ ਕਿਤਾਬ ਵਿੱਚ ਉਸੇ ਵੇਲੇ ਦੇ ਕਈ ਸਿੱਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਮੌਜੂਦ ਸਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












