ਨੂੰਹ: ‘ਪਹਿਲਾਂ ਦੰਗਾਕਾਰੀਆਂ ਨੇ ਰੈਸਟੋਰੈਂਟ ਲੁੱਟਿਆ ਤੇ ਹੁਣ ਪੁਲਿਸ ਨੇ ਬੁਲਡੋਜ਼ਰ ਫੇਰ ਦਿੱਤਾ’- ਗਰਾਊਂਡ ਰਿਪੋਰਟ

- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
ਗੁਰੂਗ੍ਰਾਮ 'ਚ ਕਾਫ਼ੀ ਸਰਗਰਮੀ ਹੈ। ਸੋਹਾਣਾ ਵੱਲ ਵਧਦਿਆਂ ਹੀ ਸੜਕ ਸੁੰਨਸਾਨ ਹੋ ਜਾਂਦੀ ਹੈ। ਜਦੋਂ ਅਸੀਂ ਨੂੰਹ ਪਹੁੰਚੇ ਤਾਂ ਉਥੇ ਚੁੱਪ ਪਸਰੀ ਹੋਈ ਸੀ।
ਵੱਖ-ਵੱਖ ਥਾਵਾਂ 'ਤੇ ਆਰਪੀਐੱਫ਼ ਅਤੇ ਪੁਲਿਸ ਦੇ ਜਵਾਨ ਤੈਨਾਤ ਨਜ਼ਰ ਆਉਂਦੇ ਹਨ।
ਨੂੰਹ ਬੱਸ ਸਟੈਂਡ ਦੇ ਸਾਹਮਣੇ ਬੁਲਡੋਜ਼ਰਾਂ ਦਾ ਰੌਲਾ ਚੁੱਪ ਨੂੰ ਤੋੜ ਰਿਹਾ ਹੈ।
ਇੱਥੇ ਅਤੇ ਨੇੜਲੇ ਦੇ ਇਲਾਕਿਆਂ ਵਿੱਚ ਪ੍ਰਸ਼ਾਸਨ ਨੇ ਸੜਕ ਦੇ ਕਿਨਾਰੇ ਬਣੀਆਂ ਸਾਰੀਆਂ ਆਰਜ਼ੀ ਦੁਕਾਨਾਂ ਨੂੰ ਢਾਹ ਦਿੱਤੀਆਂ ਹਨ।
ਜਦੋਂ ਬੁਲਡੋਜ਼ਰ ਦਾ ਡਰਾਈਵਰ ਟੀਨ ਅਤੇ ਲੋਹੇ ਦੀਆਂ ਰਾਡਾਂ ਨਾਲ ਬਣੇ ਖੋਖਿਆਂ ਨੂੰ ਨਸ਼ਟ ਕਰਨ ਤੋਂ ਝਿਜਕਦਾ ਹੈ ਤਾਂ ਉਥੇ ਮੌਜੂਦ ਇੱਕ ਪੁਲਿਸ ਮੁਲਾਜ਼ਮ ਕਹਿੰਦਾ ਹੈ, "ਇਹ ਸਭ ਪੱਥਰਬਾਜ਼ਾਂ ਦੀਆਂ ਦੁਕਾਨਾਂ ਹਨ, ਕਿਸੇ 'ਤੇ ਰਹਿਮ ਨਾ ਕਰੋ, ਇਸ ਖੋਖੇ ਪੂਰੀ ਤਰ੍ਹਾਂ ਖਤਮ ਕਰੋ।"

ਤਸਵੀਰ ਸਰੋਤ, Getty Images
'ਸਜ਼ਾ ਕਿਉਂ ਦਿੱਤੀ ਗਈ'
ਨੇੜਲੇ ਪਿੰਡ ਦਾ ਰਹਿਣ ਵਾਲਾ ਚਮਨਲਾਲ ਅੱਖਾਂ ਵਿੱਚ ਹੰਝੂਆਂ ਨਾਲ ਹੇਅਰ ਕਟਿੰਗ ਦੀ ਦੁਕਾਨ ਨੂੰ ਚੁੱਪਚਾਪ ਦੇਖ ਰਹੇ ਹਨ।
ਬੁਲਡੋਜ਼ਰ ਦੇ ਅੱਗੇ ਵਧਣ ਤੋਂ ਬਾਅਦ, ਚਮਨਲਾਲ ਆਪਣੀ ਪੂਰੀ ਤਰ੍ਹਾਂ ਟੁੱਟ ਚੁੱਕੀ ਦੁਕਾਨ ਵਿੱਚੋਂ ਬਚਿਆ ਹੋਇਆ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ।
ਚਮਨਲਾਲ ਕਹਿੰਦੇ ਹਨ, "ਇਹ ਦੁਕਾਨ ਵਿਆਜ਼ 'ਤੇ ਕਰਜ਼ਾ ਚੁੱਕ ਕੇ ਖ਼ਰੀਦੀ ਸੀ। ਇਸ ਤੋਂ ਦਸ ਲੋਕਾਂ ਦਾ ਪਰਿਵਾਰ ਚੱਲ ਰਿਹਾ ਸੀ। ਅਸੀਂ ਸੜਕ 'ਤੇ ਆ ਗਏ ਹਾਂ। ਇਸ ਦੰਗੇ 'ਚ ਸਾਡੀ ਕੀ ਭੂਮਿਕਾ ਸੀ ਜਿਹੜਾ ਸਾਨੂੰ ਇਹ ਸਜ਼ਾ ਦਿੱਤੀ ਗਈ।"
ਨੂੰਹ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਰਫ਼ ਨਾਜਾਇਜ਼ ਉਸਾਰੀਆਂ ਹੀ ਢਾਹੀਆਂ ਜਾ ਰਹੀਆਂ ਹਨ।
ਨੂੰਹ ਦੇ ਜ਼ਿਲ੍ਹਾ ਮੈਜਿਸਟਰੇਟ ਧੀਰੇਂਦਰ ਖੜਗਟਾ ਕਹਿੰਦੇ ਹਨ, "ਇਹ ਕਾਰਵਾਈ ਪੁਲਿਸ ਦੀ ਰਿਪੋਰਟ ਤੋਂ ਬਾਅਦ ਕੀਤੀ ਜਾ ਰਹੀ ਹੈ। ਸਿਰਫ਼ ਉਨ੍ਹਾਂ ਉਸਾਰੀਆਂ ਨੂੰ ਹੀ ਢਾਹਿਆ ਜਾ ਰਿਹਾ ਹੈ, ਜੋ ਗੈਰ-ਕਾਨੂੰਨੀ ਹਨ।"
ਧੀਰੇਂਦਰ ਦਾ ਕਹਿਣਾ ਹੈ ਕਿ ਹਾਲੇ ਕੁਝ ਸਮੇਂ ਤੱਕ ਇਹ ਮੁਹਿੰਮ ਜਾਰੀ ਰਹੇਗੀ।
ਦੂਜੇ ਪਾਸੇ ਨੂੰਹ ਦੇ ਜ਼ਿਲ੍ਹਾ ਯੋਜਨਾ ਅਫ਼ਸਰ ਵਿਨੇਸ਼ ਸਿੰਘ ਦਾ ਕਹਿਣਾ ਹੈ, "ਉਨ੍ਹਾਂ ਥਾਵਾਂ ਦੀ ਪਛਾਣ ਕਰ ਲਈ ਗਈ ਹੈ ਜਿੱਥੋਂ ਪੱਥਰਬਾਜ਼ੀ ਹੋਈ ਹੈ। ਜਿਨ੍ਹਾਂ ਉਸਾਰੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਉਨ੍ਹਾਂ ਨੂੰ ਢਾਹਿਆ ਜਾ ਰਿਹਾ ਹੈ।"
ਵਿਨੇਸ਼ ਸਿੰਘ ਮੁਤਾਬਕ ਸ਼ਨੀਵਾਰ ਨੂੰ ਇੱਥੇ 45 ਪੱਕੀਆਂ ਦੁਕਾਨਾਂ, ਕਈ ਆਰਜ਼ੀ ਦੁਕਾਨਾਂ ਅਤੇ ਕੁਝ ਪੱਕੇ ਮਕਾਨ ਢਾਹੇ ਗਏ ਸਨ।

'ਕੌਣ ਸੁਣੇਗਾ ਗੱਲ?'
ਨੂੰਹ ਬੱਸ ਸਟੈਂਡ ਦੇ ਸਾਹਮਣੇ ਪਾਣੀ ਅਤੇ ਕੋਲਡ ਡਰਿੰਕਸ ਵੇਚਣ ਵਾਲੇ ਯੂਸਫ਼ ਅਲੀ ਕਹਿੰਦੇ ਹਨ, "ਅਸੀਂ ਬਰਬਾਦ ਹੋ ਗਏ ਹਾਂ, ਸਾਨੂੰ ਨਹੀਂ ਪਤਾ ਕਿ ਅੱਗੇ ਕੀ ਕਰਾਂਗੇ।"
ਬੁਲਡੋਜ਼ਰਾਂ ਨੇ ਨੂੰਹ ਵਿੱਚ ਮੈਡੀਕਲ ਕਾਲਜ ਮੋੜ ਨੇੜੇ ਇੱਕ ਤਿੰਨ ਮੰਜ਼ਿਲਾ ਮਕਾਨ ਅਤੇ ਸਕੂਲ ਨੂੰ ਢਾਹ ਦਿੱਤਾ।
ਵਿਨੇਸ਼ ਸਿੰਘ ਦਾ ਕਹਿਣਾ ਹੈ, "ਇਸ ਇਮਾਰਤ ਤੋਂ ਪਥਰਾਅ ਹੋਇਆ ਸੀ। ਇਸ ਤਰ੍ਹਾਂ ਦੀਆਂ ਸਾਰੀਆਂ ਇਮਾਰਤਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ।"
ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿੱਚ ਇਮਾਰਤ ਨੂੰ ਢਾਹ ਦਿੱਤਾ ਗਿਆ। ਇਸ ਵਿੱਚ ਇੱਕ ਹੋਟਲ ਵੀ ਚੱਲ ਰਿਹਾ ਸੀ।
ਇਸ ਸਮੇਂ ਇਮਾਰਤ ਦੇ ਮਾਲਕਾਂ ਦੀ ਹਾਲਤ ਤਰਸਯੋਗ ਹੈ।
ਉਨ੍ਹਾ ਦੇ ਛੋਟੇ ਭਰਾ ਸਰਫ਼ਰਾਜ਼ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਨੋਟਿਸ ਨਹੀਂ ਮਿਲਿਆ ਸੀ।
ਸਾਨੂੰ 2016 ਵਿੱਚ ਇੱਕ ਵਾਰ ਨੋਟਿਸ ਮਿਲਿਆ ਸੀ, ਜਿਸ ਤੋਂ ਬਾਅਦ ਅਸੀਂ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਮਿਲ ਕੇ ਜੁਰਮਾਨਾ ਭਰ ਦਿੱਤਾ ਸੀ। ਉਦੋਂ ਤੋਂ ਸਾਨੂੰ ਕਦੀ ਕੋਈ ਸਮੱਸਿਆ ਨਹੀਂ ਆਈ।"
ਸਰਫਰਾਜ਼ ਕਹਿੰਦੇ ਹਨ, "ਅਸੀਂ ਇਹ ਇਮਾਰਤ ਕਿਰਾਏ 'ਤੇ ਲਈ ਹੋਈ ਹੈ। ਇੱਥੇ ਹੋਟਲ ਚਲਾਉਣ ਵਾਲੇ ਜਾਵੇਦ ਨੇ ਸਾਨੂੰ ਦੱਸਿਆ ਕਿ ਉਹ ਪੱਥਰਬਾਜ਼ਾਂ ਨੂੰ ਇਮਾਰਤ 'ਤੇ ਚੜ੍ਹਨ ਤੋਂ ਰੋਕ ਰਹੇ ਸਨ। ਭੀੜ ਦਾ ਕੋਈ ਚਿਹਰਾ ਨਹੀਂ ਹੈ।"
ਉਹ ਕਹਿੰਦੇ ਹਨ, "ਜੇਕਰ ਸਾਡੇ ਪਰਿਵਾਰ ਵਿੱਚੋਂ ਕੋਈ ਹਿੰਸਾ ਵਿੱਚ ਸ਼ਾਮਲ ਹੁੰਦਾ ਤਾਂ ਸਾਨੂੰ ਲੱਗਦਾ ਕਿ ਪ੍ਰਸ਼ਾਸਨ ਨੇ ਸਹੀ ਕੰਮ ਕੀਤਾ ਹੈ।”
“ਪਰ ਸਾਡਾ ਹਿੰਸਾ ਦਾ ਕੋਈ ਇਰਾਦਾ ਨਹੀਂ ਸੀ, ਫਿਰ ਵੀ ਇੱਕ ਪਾਸੜ ਕਾਰਵਾਈ ਕਰਕੇ ਸਾਡੀ ਇਮਾਰਤ ਨੂੰ ਢਾਹ ਦਿੱਤਾ ਗਿਆ ਹੈ।"
ਪਰ ਕੀ ਉਹ ਪ੍ਰਸ਼ਾਸਨ ਦੀ ਇਸ ਕਾਰਵਾਈ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ?
ਇਸ ਸਵਾਲ ਦਾ ਜਵਾਬ ਦੇਣ ਲੱਗਿਆਂ ਉਹ ਥੋੜਾ ਝਿਜਕਦੇ ਹਨ ਤੇ ਫ਼ਿਰ ਕਹਿੰਦੇ ਹਨ, ''ਪੁਲਿਸ, ਪ੍ਰਸ਼ਾਸਨ, ਅਦਾਲਤਾਂ, ਸਿਆਸਤਦਾਨ ਸਾਰੇ ਸਿਰਫ ਇਕਪਾਸੜ ਕਾਰਵਾਈ ਕਰ ਰਹੇ ਹਨ, ਜੇਕਰ ਸਾਨੂੰ ਅੱਗੇ ਕੋਈ ਉਮੀਦ ਹੁੰਦੀ ਤਾਂ ਅਸੀਂ ਅਦਾਲਤ ਵਿੱਚ ਜਾਣ ਬਾਰੇ ਸੋਚ ਸਕਦੇ ਸੀ ਪਰ ਜੋ ਹਾਲਾਤ ਹਨ ਉਨ੍ਹਾਂ ਵਿੱਚ ਅਸੀਂ ਕਿੱਥੇ ਜਾਵਾਂਗੇ। ਤੇ ਭਲਾਂ ਕੋਈ ਸਾਡੀ ਗੱਲ ਕੌਣ ਸੁਣੇਗਾ?"
ਨਲਹੜ ਮੈਡੀਕਲ ਕਾਲਜ ਦੇ ਬਾਹਰ ਜੋ ਬਜ਼ਾਰ ਸੀ ਉਹ ਹੁਣ ਢਾਹ ਦਿੱਤਾ ਗਿਆ ਹੈ।

ਇੱਥੇ ਕਰੀਬ 45 ਦੁਕਾਨਾਂ ਸਨ। ਇਨ੍ਹਾਂ ਸਾਰੀਆਂ ਦੁਕਾਨਾਂ ਨੂੰ ਸ਼ਨੀਵਾਰ ਸਵੇਰੇ ਹੀ ਢਾਹ ਦਿੱਤਾ ਗਿਆ। ਹੁਣ ਲੋਕ ਇੱਥੇ ਬਚੇ ਹੋਏ ਮਲਬੇ ਵਿੱਚੋਂ ਆਪਣੇ ਸਮਾਨ ਦੀ ਭਾਲ ਕਰਦੇ ਨਜ਼ਰ ਆ ਰਹੇ ਹਨ।
20 ਸਾਲਾ ਮੁਸੈਬ ਇੱਥੇ ਹਾਈਪਰ ਮਾਰਕੀਟ ਚਲਾਉਂਦੇ ਸਨ। ਉਨ੍ਹਾਂ ਨੂੰ ਦੁਕਾਨ ਢਾਹੇ ਜਾਣ ਦੀ ਖ਼ਬਰ ਮੀਡੀਆ ਰਿਪੋਰਟਾਂ ਤੋਂ ਮਿਲੀ।
ਜਦੋਂ ਤੱਕ ਉਹ ਉਥੇ ਪਹੁੰਚੇ ਉਨ੍ਹਾਂ ਦੀ ਦੁਕਾਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਸੀ।
ਮੁਸੈਬ ਦਾ ਕਹਿਣਾ ਹੈ, "ਮੇਰੇ ਪਿਤਾ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਲਗਾਕੇ ਮੇਰੇ ਲਈ ਇਹ ਦੁਕਾਨ ਖੋਲ੍ਹੀ ਸੀ। ਉਹ ਮਹੀਨੇ ਦੇ 20 ਤੋਂ 30 ਹਜ਼ਾਰ ਰੁਪਏ ਕਮਾ ਲੈਂਦੇ ਸਨ। ਦੁਕਾਨ ਵਿੱਚ ਲੱਖਾਂ ਦਾ ਸਾਮਾਨ ਸੀ। ਪਰ ਹੁਣ ਸਭ ਕੁਝ ਬਰਬਾਦ ਹੋ ਗਿਆ ਹੈ।"
ਮੁਸੈਬ ਕਹਿੰਦੇ ਹਨ, "ਯਾਤਰਾ 31 ਜੁਲਾਈ ਨੂੰ ਇੱਥੇ ਆਉਣ ਤੋਂ ਪਹਿਲਾਂ ਅਸੀਂ ਦੁਕਾਨ ਬੰਦ ਕਰਕੇ ਚਲੇ ਗਏ ਸੀ। ਇੱਥੇ ਕੋਈ ਹਿੰਸਾ ਨਹੀਂ ਹੋਈ। ਫ਼ਿਰ ਵੀ ਪ੍ਰਸ਼ਾਸਨ ਨੇ ਇਸ ਬਾਜ਼ਾਰ ਨੂੰ ਢਾਹ ਦਿੱਤਾ ਹੈ।"
ਮੁਸੈਬ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਉਹ ਅੱਗੇ ਕੀ ਕਰਨਗੇ। ਮੁਸੈਬ ਦੀਆਂ ਅੱਖਾਂ ਵਿੱਚ ਹੰਝੂ ਅਤੇ ਮਨ ਵਿੱਚ ਗੁੱਸਾ ਹੈ।
ਕੁਝ ਦੇਰ ਰੁਕਣ ਤੋਂ ਬਾਅਦ, ਉਹ ਕਹਿੰਦੇ ਹਨ, "ਮੈਂ ਇਹ ਦੁਕਾਨ ਖੋਲ੍ਹਣ ਲਈ ਪੜ੍ਹਾਈ ਛੱਡ ਦਿੱਤੀ ਸੀ। ਹੁਣ ਸਭ ਕੁਝ ਬਰਬਾਦ ਹੋ ਗਿਆ ਹੈ। ਮੈਨੂੰ ਨਹੀਂ ਪਤਾ ਕਿ ਅੱਗੇ ਕੀ ਕਰਨਾ ਹੈ।"

ਨੂੰਹ ਹਿੰਸਾਂ ਦਾ ਘਟਨਾਕ੍ਰਮ
- 31 ਜੁਲਾਈ ਨੂੰ ਬਜਰੰਗ ਦਲ ਨੇ ਹਰਿਆਣਾ ਦੇ ਨੂਹ 'ਚ ਧਾਰਮਿਕ ਯਾਤਰਾ ਦਾ ਆਯੋਜਨ ਕੀਤਾ ਸੀ।
- ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬਜਰੰਗ ਦਲ ਦੇ ਵਰਕਰਾਂ ਅਤੇ ਸ਼ਰਧਾਲੂਆਂ ਨੇ ਹਿੱਸਾ ਲਿਆ।
- ਜਦੋਂ ਯਾਤਰਾ ਨੂੰਹ ਦੇ ਮੰਦਰ ਤੋਂ ਅੱਗੇ ਵਧੀ ਤਾਂ ਪੱਥਰਬਾਜ਼ੀ ਸ਼ੁਰੂ ਹੋ ਗਈ ਅਤੇ ਅੱਗਜ਼ਨੀ ਸ਼ੁਰੂ ਹੋ ਗਈ।
- ਭੀੜ ਨੇ ਸ਼ਹਿਰ ਦੀਆਂ ਸੜਕਾਂ ਅਤੇ ਮੰਦਰ ਦੇ ਬਾਹਰ ਵੀ ਗੋਲੀਆਂ ਚਲਾਈਆਂ।
- ਮੰਦਰ 'ਚ ਵੱਡੀ ਗਿਣਤੀ 'ਚ ਲੋਕ ਫ਼ਸੇ ਰਹੇ, ਜਿਨ੍ਹਾਂ ਨੂੰ ਬਾਅਦ 'ਚ ਪ੍ਰਸ਼ਾਸਨ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ।
- ਨੂੰਹ ਤੋਂ ਸ਼ੁਰੂ ਹੋਈ ਇਹ ਹਿੰਸਾ ਦੇਰ ਸ਼ਾਮ ਹਰਿਆਣਾ ਦੇ ਸੋਹਾਨਾ ਅਤੇ ਗੁਰੂਗ੍ਰਾਮ ਤੱਕ ਪਹੁੰਚ ਗਈ।
- ਹਿੰਸਾ 'ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਦੋ ਪੁਲਸ ਕਰਮੀ ਵੀ ਸ਼ਾਮਲ ਹਨ।
- ਪੁਲਿਸ ਮੁਤਾਬਕ ਨੂੰਹ ਵਿੱਚ ਹੁਣ ਤੱਕ 56 ਐੱਫ਼ਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 150 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
- ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਇੱਥੇ 8 ਅਗਸਤ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।


'ਬਿਨਾਂ ਜਾਂਚ ਕੀਤੀ ਗਈ ਕਾਰਵਾਈ'
ਹਥਿਨ ਦੇ ਰਹਿਣ ਵਾਲੇ ਹਰਕੇਸ਼ ਸ਼ਰਮਾ ਨੇ ਨੂੰਹ ਵਿੱਚ ਆਪਣੇ ਰੈਸਟੋਰੈਂਟ ਹੈਰੀ ਜੈਰੀਜ਼ ਪੀਜ਼ਾ ਦੀ ਬ੍ਰਾਂਚ ਖੋਲ੍ਹੀ ਹੋਈ ਸੀ। ਉਨ੍ਹਾਂ ਦਾ ਰੈਸਟੋਰੈਂਟ ਦੰਗਾਕਾਰੀਆਂ ਨੇ ਲੁੱਟ ਲਿਆ ਸੀ।
ਹੁਣ ਪ੍ਰਸ਼ਾਸਨ ਨੇ ਮੈਡੀਕਲ ਕਾਲਜ ਦੇ ਸਾਹਮਣੇ ਬਣੇ ਇਸ ਰੈਸਟੋਰੈਂਟ ਨੂੰ ਢਾਹ ਦਿੱਤਾ ਹੈ।
ਹਰਕੇਸ਼ ਸ਼ਰਮਾ ਦਾ ਕਹਿਣਾ ਹੈ, "ਸਰਕਾਰ ਨੇ ਇਸ ਜਗ੍ਹਾ ਨੂੰ ਗ਼ੈਰ-ਕਾਨੂੰਨੀ ਦੱਸਦਿਆਂ ਬੁਲਡੋਜ਼ਰ ਚਲਾ ਦਿੱਤਾ ਹੈ। ਬੀਤੀ ਸ਼ਾਮ ਮੈਂ ਇੱਥੇ ਇਹ ਦੇਖਣ ਗਿਆ ਸੀ ਕਿ ਸਰਕਾਰ ਨੇ ਇਥੇ ਕੋਈ ਨੋਟਿਸ ਤਾਂ ਨਹੀਂ ਸੀ ਲਗਾਇਆ ਹੋਇਆ।"
"ਜੇ ਨੋਟਿਸ ਦਿੱਤਾ ਹੁੰਦਾ ਤਾਂ ਮੈਂ ਘੱਟੋ-ਘੱਟ ਆਪਣਾ ਸਮਾਨ ਇੱਥੋਂ ਹਟਾ ਲੈਂਦਾ। ਜੇਕਰ ਇਹ ਜਗ੍ਹਾ ਗ਼ੈਰ-ਕਾਨੂੰਨੀ ਸੀ ਤਾਂ ਸਰਕਾਰ ਨੇ ਇੱਥੇ ਬਿਜਲੀ ਮੀਟਰ ਪਾਸ ਕਰਕੇ ਕਿਰਾਏ ਦਾ ਐਗਰੀਮੈਂਟ ਕਿਵੇਂ ਮਨਜ਼ੂਰ ਕਰ ਦਿੱਤਾ?"
ਇਸ ਫ਼ਿਰਕੂ ਹਿੰਸਾ ਵਿੱਚ ਹਰਕੇਸ਼ ਸ਼ਰਮਾ ਨੂੰ ਦੋਹਰੀ ਮਾਰ ਪਈ ਹੈ।
ਉਹ ਬੁਲਡੋਜ਼ਰ ਦੀ ਕਾਰਵਾਈ ਬਾਰੇ ਕਹਿੰਦੇ ਹਨ, ''ਜੇਕਰ ਸਰਕਾਰ ਨੇ ਦੰਗਾਕਾਰੀਆਂ ਦੀ ਸ਼ਨਾਖਤ ਕੀਤੀ ਹੁੰਦੀ ਅਤੇ ਇਸ 'ਚ ਸ਼ਾਮਲ ਜਾਂ ਹਮਲਾ ਕਰਨ ਵਾਲਿਆਂ ਨੂੰ ਹੀ ਸਜ਼ਾ ਦਿੱਤੀ ਹੁੰਦੀ ਤਾਂ ਸਮਝਿਆ ਜਾਣਾ ਸੀ ਕਿ ਸਰਕਾਰ ਸਹੀ ਕੰਮ ਕਰ ਰਹੀ ਹੈ ਪਰ ਇੱਥੇ ਤਾਂ ਸਰਕਾਰ ਬਿਨਾਂ ਜਾਂਚ ਕੀਤੇ ਭੰਨਤੋੜ ਕੀਤੀ ਹੈ।"

ਤਸਵੀਰ ਸਰੋਤ, Getty Images
‘ਗ਼ੈਰ-ਕਾਨੂੰਨੀ ਢੰਗ ਨਾਲ ਬਣੀਆਂ ਸਨ ਦੁਕਾਨਾਂ’
ਐਡਵੋਕੇਟ ਖ਼ਾਨ ਪਿਛਲੇ ਦਸ ਸਾਲਾਂ ਤੋਂ ਇੱਥੇ ਲੈਬ ਚਲਾ ਰਹੇ ਹਨ। ਉਨ੍ਹਾਂ ਨੂੰ ਵੀ ਦੁਕਾਨ ਢਾਹੇ ਜਾਣ ਦੀ ਖ਼ਬਰ ਮੀਡੀਆ ਰਾਹੀਂ ਮਿਲੀ।
ਦੁਕਾਨ ਦੇ ਮਲਬੇ 'ਤੇ ਖੜ੍ਹੇ ਨਿਰਾਸ਼ ਵਕੀਲ ਖ਼ਾਨ ਨੇ ਕਿਹਾ, "ਜੇ ਸਾਨੂੰ ਸਮਾਂ ਦਿੱਤਾ ਜਾਂਦਾ ਤਾਂ ਅਸੀਂ ਸਾਮਾਨ ਕੱਢ ਲੈਂਦੇ। ਅਸੀਂ ਕਿਰਾਏਦਾਰ ਹਾਂ। ਸਾਡਾ ਕੀ ਕਸੂਰ ਸੀ?"
ਵਕੀਲ ਖ਼ਾਨ ਦਾ ਕਹਿਣਾ ਹੈ, "ਮੇਰਾ ਤਾਂ ਹਾਲੇ ਵੀ ਘੱਟ ਨੁਕਸਾਨ ਹੋਇਆ ਹੈ। ਪਰ ਇੱਥੇ ਮੌਜੂਦ ਛੇ ਮੈਡੀਕਲ ਸਟੋਰ ਵੀ ਢਾਹ ਦਿੱਤੇ ਗਏ ਹਨ। ਉਨ੍ਹਾਂ ਵਿੱਚ ਲੱਖਾਂ ਰੁਪਏ ਦੀਆਂ ਦਵਾਈਆਂ ਸਨ। ਇੱਕ ਅਲਟਰਾਸਾਊਂਡ ਸੈਂਟਰ ਨੂੰ ਵੀ ਢਾਹਿਆ ਗਿਆ ਹੈ, ਉਸ ਵਿੱਚ ਮਹਿੰਗੀਆਂ ਮਸ਼ੀਨਾਂ ਸਨ। ਇੱਕ ਐਕਸਰੇ ਸੈਂਟਰ ਨੂੰ ਢਾਹ ਦਿੱਤਾ ਗਿਆ ਸੀ। ਉੱਥੇ ਵੀ ਮਹਿੰਗੀਆਂ ਮਸ਼ੀਨਾਂ ਸਨ। ਪ੍ਰਸ਼ਾਸਨ ਨੇ ਕਿਸੇ ਨੂੰ ਕੋਈ ਰਾਹਤ ਨਹੀਂ ਦਿੱਤੀ।"
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੈਡੀਕਲ ਕਾਲਜ ਦੇ ਬਾਹਰ ਜਿਹੜੀਆਂ ਦੁਕਾਨਾਂ ਨੂੰ ਢਾਹਿਆ ਗਿਆ ਹੈ, ਉਹ ਜੰਗਲ ਦੀ ਜ਼ਮੀਨ 'ਤੇ ਨਾਜਾਇਜ਼ ਤੌਰ 'ਤੇ ਬਣੀਆਂ ਹੋਈਆਂ ਹਨ।
ਜ਼ਿਲ੍ਹਾ ਮੈਜਿਸਟਰੇਟ ਧੀਰੇਂਦਰ ਖਰਗਟਾ ਦਾ ਕਹਿਣਾ ਹੈ, "ਇਹ ਜੰਗਲ ਦੀ ਜ਼ਮੀਨ 'ਤੇ ਬਣੀ ਉਸਾਰੀ ਸੀ। ਉਨ੍ਹਾਂ ਨੂੰ ਪਹਿਲਾਂ ਹੀ ਨੋਟਿਸ ਦਿੱਤੇ ਜਾ ਚੁੱਕੇ ਹਨ।"

'ਹੁਣ ਢਿੱਡ ਕਿਵੇਂ ਭਰਾਂਗੇ?'
ਦੂਜੇ ਪਾਸੇ ਇੱਥੇ ਢਾਹੀਆਂ ਗਈਆਂ 15 ਦੁਕਾਨਾਂ ਦੇ ਮਾਲਕ ਮੁਹੰਮਦ ਸਾਊਦੀ ਅਤੇ ਉਨ੍ਹਾਂ ਦੇ ਛੋਟੇ ਭਰਾ ਨਵਾਬ ਸ਼ੇਖ ਦਾ ਦਾਅਵਾ ਹੈ ਕਿ ਦੰਗਿਆਂ ਦੇ ਬਹਾਨੇ ਪਰਿਵਾਰਕ ਜ਼ਮੀਨ ’ਤੇ ਬਣੀਆਂ ਉਨ੍ਹਾਂ ਦੀਆਂ ਦੁਕਾਨਾਂ ਨੂੰ ਢਾਹ ਦਿੱਤਾ ਗਿਆ ਹੈ।
ਮੁਹੰਮਦ ਸਾਊਦੀ ਦਾ ਕਹਿਣਾ ਹੈ, "ਦੁਕਾਨਾਂ ਸਵੇਰੇ ਅੱਠ ਵਜੇ ਢਾਹ ਦਿੱਤੀਆਂ ਗਈਆਂ। ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਹ ਸਾਡੀ ਪਰਿਵਾਰਕ ਜ਼ਮੀਨ 'ਤੇ ਬਣੀਆਂ ਦੁਕਾਨਾਂ ਹਨ। ਪ੍ਰਸ਼ਾਸਨ ਨੇ ਜੋ ਚਾਹਿਆ, ਕੀਤਾ ਅਤੇ ਇਨ੍ਹਾਂ ਦੁਕਾਨਾਂ ਨੂੰ ਢਾਹ ਦਿੱਤਾ ਗਿਆ।"
ਸਾਊਦੀ ਦਾ ਕਹਿਣਾ ਹੈ, ''ਸਾਡੇ ਕੋਲ ਜਾਇਦਾਦ ਦੇ ਦਸਤਾਵੇਜ਼ ਹਨ ਅਤੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਪਹਿਲਾਂ ਹੀ ਸਰਕਾਰ ਨੂੰ ਇੱਥੇ ਕੋਈ ਕਾਰਵਾਈ ਨਾ ਕਰਨ ਲਈ ਸਟੇਅ ਦੇ ਦਿੱਤਾ ਸੀ ਪਰ ਹੁਣ ਪ੍ਰਸ਼ਾਸਨ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਦੁਕਾਨਾਂ ਨੂੰ ਢਾਹ ਦਿੱਤਾ। ਸਾਨੂੰ ਦਸਤਾਵੇਜ਼ ਦਿਖਾਉਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ।”
ਸਾਊਦੀ ਦਾ ਕਹਿਣਾ ਹੈ ਕਿ ਉਹ ਇਸ ਕਾਰਵਾਈ ਵਿਰੁੱਧ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨਗੇ।
ਸਾਊਦੀ ਦਾ ਛੋਟਾ ਭਰਾ ਨਵਾਬ ਸ਼ੇਖ ਖਾਮੋਸ਼ੀ ਨਾਲ ਆਪਣੀਆਂ ਦੁਕਾਨਾਂ ਨੂੰ ਢਹਿ-ਢੇਰੀ ਹੁੰਦਿਆਂ ਦੇਖ ਰਿਹਾ ਸੀ।
ਨਵਾਬ ਸ਼ੇਖ ਰੋਂਦੀ ਹੋਈ ਆਵਾਜ਼ ਵਿੱਚ ਕਹਿੰਦੇ ਹਨ, "ਦੰਗਿਆਂ ਦੇ ਸਮੇਂ ਸਾਡੇ ਪਰਿਵਾਰ ਵਿੱਚੋਂ ਕੋਈ ਵੀ ਇੱਥੇ ਮੌਜੂਦ ਨਹੀਂ ਸੀ। ਸਰਕਾਰ ਨੇ ਸਾਨੂੰ ਉਜਾੜ ਦਿੱਤਾ ਹੈ। ਜਦੋਂ ਮੈਂ ਪ੍ਰਸ਼ਾਸਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੈਨੂੰ ਇੱਥੋਂ ਚੁੱਕ ਕੇ ਲੈ ਗਈ। ਸਾਡੇ ਬੱਚਿਆਂ ਦੇ ਢਿੱਡ ਇੱਥੋਂ ਹੀ ਭਰ ਰਹੇ ਸੀ, ਹੁਣ ਅਸੀਂ ਕਿੱਥੇ ਜਾਵਾਂਗੇ?"
ਸ਼ੇਖ ਕਹਿੰਦੇ ਹਨ, "ਸਰਕਾਰ ਸਾਡੀਆਂ ਫਰਿਆਦਾਂ ਨਹੀਂ ਸੁਣ ਰਹੀ। ਸਾਡੇ 'ਤੇ ਜ਼ੁਲਮ ਹੋ ਰਹੇ ਹਨ। ਸਰਕਾਰ ਨੂੰ ਇਨਸਾਫ਼ ਕਰਨਾ ਚਾਹੀਦਾ ਹੈ, ਪਰ ਇੱਥੇ ਇਹ ਸਾਨੂੰ ਤਬਾਹ ਕਰ ਰਹੀ ਹੈ। ਇਸ ਸਰਕਾਰ ਨੇ ਸਾਨੂੰ ਤਬਾਹ ਕਰ ਦਿੱਤਾ ਹੈ। ਸਾਡੇ ਘਰ ਵਿੱਚ ਸੋਗ ਹੈ, ਅਸੀਂ ਕਿੱਥੋਂ ਪਰਿਵਾਰ ਦਾ ਢਿੱਡ ਭਰਾਂਗੇ। ਅਸੀਂ ਇਨ੍ਹਾਂ ਦੁਕਾਨਾਂ ਨੂੰ ਦੁਬਾਰਾ ਬਣਾਉਣ ਲਈ ਪੈਸੇ ਕਿੱਥੋਂ ਲਿਆਵਾਂਗੇ?"

ਪ੍ਰਸ਼ਾਸਨ ਦੀ ਕਾਰਵਾਈ ਦਾ ਸਮਰਥਨ
ਟੁੱਟੀਆਂ ਦੁਕਾਨਾਂ ਨੂੰ ਦੇਖਣ ਲਈ ਸ਼ਹਿਰ ਦੇ ਕਈ ਲੋਕ ਇੱਥੇ ਆ ਰਹੇ ਹਨ। ਅਸ਼ੋਕ ਕੁਮਾਰ ਵੀ ਆਪਣੇ ਕੁਝ ਦੋਸਤਾਂ ਨਾਲ ਇੱਥੇ ਆਏ।
ਬੁਲਡੋਜ਼ਰਾਂ ਦੀ ਕਾਰਵਾਈ ਦਾ ਸਮਰਥਨ ਕਰਦੇ ਹੋਏ ਅਸ਼ੋਕ ਕੁਮਾਰ ਕਹਿੰਦੇ ਹਨ, "ਸਰਕਾਰ ਨੇ ਬਿਲਕੁਲ ਸਹੀ ਕੀਤਾ ਹੈ। ਇਨ੍ਹਾਂ ਦੰਗਾਕਾਰੀਆਂ ਨੂੰ ਇਸ ਤਰ੍ਹਾਂ ਸਬਕ ਸਿਖਾਉਣ ਦੀ ਲੋੜ ਹੈ।"
ਅਸ਼ੋਕ ਕਹਿੰਦੇ ਹਨ, "ਸਾਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਹਿੰਦੂਆਂ ਦੀ ਕਿਸੇ ਵੀ ਜਾਇਦਾਦ ਦੀ ਭੰਨ-ਤੋੜ ਨਹੀਂ ਕੀਤੀ ਗਈ। ਜੋ ਹਿੰਦੂਆਂ ਦਾ ਨੁਕਸਾਨ ਹੋਇਆ, ਉਹ ਕਿਰਾਏ 'ਤੇ ਸਨ।"
ਨੂੰਹ ਤੋਂ ਨਲਹਰ ਨੂੰ ਜੋੜਨ ਵਾਲੀ ਸੜਕ 'ਤੇ ਫਿਰਕੂ ਹਿੰਸਾ ਹੋਈ ਅਤੇ ਪ੍ਰਸ਼ਾਸਨ ਇਸ ਸੜਕ 'ਤੇ ਕਬਜ਼ੇ ਹਟਾਉਣ ਦੇ ਨਾਂ 'ਤੇ ਕਾਰਵਾਈ ਕਰ ਰਿਹਾ ਹੈ।
ਇਸ ਸੜਕ 'ਤੇ 100% ਪੱਕੀ ਜਾਇਦਾਦ ਮੁਸਲਮਾਨਾਂ ਦੀ ਹੈ, ਹਿੰਦੂ ਵੀ ਇਨ੍ਹਾਂ ਦੁਕਾਨਾਂ 'ਤੇ ਕਿਰਾਏਦਾਰ ਵਜੋਂ ਕਾਰੋਬਾਰ ਕਰ ਰਹੇ ਸਨ।
ਅਸ਼ੋਕ ਕੁਮਾਰ ਦੇ ਨਾਲ ਆਏ ਪ੍ਰਮੋਦ ਗੋਇਲ ਦਾ ਕਹਿਣਾ ਹੈ, "ਇੱਥੇ ਅਜਿਹਾ ਦੰਗਾ ਹੋਇਆ ਜੋ ਪਹਿਲਾਂ ਕਦੇ ਨਹੀਂ ਹੋਇਆ। ਇਹ ਇੱਕ ਯੋਜਨਾਬੱਧ ਦੰਗਾ ਸੀ। ਪ੍ਰਸ਼ਾਸਨ ਨੇ ਨਾਜਾਇਜ਼ ਦੁਕਾਨਾਂ ਨੂੰ ਢਾਹ ਦਿੱਤਾ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਪ੍ਰਸ਼ਾਸਨ ਅਜਿਹੀ ਕਾਰਵਾਈ ਕਰ ਰਿਹਾ ਹੈ।"
ਨੂੰਹ ਵਿੱਚ ਐਤਵਾਰ ਨੂੰ ਵੀ ਬੁਲਡੋਜ਼ਰ ਦੀ ਕਾਰਵਾਈ ਚੱਲ ਰਹੀ ਸੀ। ਜ਼ਿਲ੍ਹਾ ਮੈਜਿਸਟਰੇਟ ਧੀਰੇਂਦਰ ਖਰਗਟਾ ਦਾ ਕਹਿਣਾ ਹੈ ਕਿ ਇਹ ਕਾਰਵਾਈ ਜਾਰੀ ਰਹੇਗੀ।












