ਭਾਰਤ ’ਚ ਪਏ ਉਸ ਅਕਾਲ ਦੀ ਕਹਾਣੀ ਜਿਸ ਨੇ ਲੱਖਾਂ ਜਾਨਾਂ ਲਈਆਂ ਪਰ ਜਿਸ ਦੀ ਕਹਾਣੀ ਦੱਬੀ ਰਹਿ ਗਈ

ਤਸਵੀਰ ਸਰੋਤ, SAILEN SARKAR
- ਲੇਖਕ, ਕਵਿਤਾ ਪੁਰੀ
- ਰੋਲ, ਬੀਬੀਸੀ ਨਿਊਜ਼
ਸੰਨ 1943 ਵਿੱਚ ਬੰਗਾਲ ਦੇ ਅਕਾਲ ਦੌਰਾਨ ਤੀਹ ਲੱਖ ਤੋਂ ਵਧੇਰੇ ਜਾਨਾਂ ਗਈਆਂ ਸਨ। ਦੂਜੇ ਵਿਸ਼ਵ ਯੁੱਧ ਦੌਰਾਨ ਮਿੱਤਰ ਦੇਸਾਂ ਵਾਲੇ ਪਾਸੇ ਹੋਇਆ ਇਹ ਸਭ ਤੋਂ ਜ਼ਿਆਦਾ ਮਨੁੱਖੀ ਜਾਨੀ ਨੁਕਸਾਨ ਸੀ।
ਇਸ ਦੁਖਾਂਤ ਵਿੱਚ ਮਾਰੇ ਗਏ ਲੋਕਾਂ ਦੀ ਕੋਈ ਯਾਦਗਾਰ, ਕੋਈ ਅਜਾਇਬ ਘਰ, ਕੋਈ ਯਾਦਗਾਰੀ ਫੱਟੀ ਕੁਝ ਵੀ ਦੁਨੀਆਂ ਦੇ ਕਿਸੇ ਵੀ ਖੂੰਜੇ ਵਿੱਚ ਨਹੀਂ ਹੈ।
ਫਿਰ ਵੀ ਕੁਝ ਲੋਕ ਹਨ ਜੋ ਉਸ ਦੌਰ ਵਿੱਚੋਂ ਜ਼ਿੰਦਾ ਬਚ ਨਿਕਲੇ ਸਨ। ਇੱਕ ਵਿਅਕਤੀ ਭਾਵੇਂ ਇਸ ਕੰਮ ਲਈ ਬਹੁਤ ਦੇਰ ਹੋ ਚੁੱਕੀ ਹੈ, ਉਨ੍ਹਾਂ ਦੀਆਂ ਕਹਾਣੀਆਂ ਸੰਜੋਣ ਦੀ ਕੋਸ਼ਿਸ਼ ਕਰ ਰਿਹਾ ਹੈ।
'ਭੁੱਖ ਸਾਡੇ ਮਗਰ ਪਈ ਸੀ'
ਬਹੁਤ ਸਾਰੇ ਲੋਕਾਂ ਨੇ ਮੁੱਠੀ ਭਰ ਚੌਲਾਂ ਲਈ ਆਪਣੇ ਧੀਆਂ-ਪੁੱਤਰ ਵੇਚ ਦਿੱਤੇ। ਬਹੁਤ ਸਾਰੀਆਂ ਪਤਨੀਆਂ ਅਤੇ ਮੁਟਿਆਰਾਂ ਜਾਣੇ-ਅਨਜਾਣੇ ਲੋਕਾਂ ਨਾਲ ਭੱਜ ਗਈਆਂ ਸਨ।
ਬਿਜੋਇਕ੍ਰਿਸ਼ਨਾ ਤ੍ਰਿਪਾਠੀ ਉਨ੍ਹਾਂ ਕੁਝ ਕਦਮਾਂ ਬਾਰੇ ਦੱਸ ਰਹੇ ਹਨ ਜੋ ਬੰਗਾਲ ਦੀਆਂ ਔਰਤਾਂ ਨੇ ਅਕਾਲ ਤੋਂ ਆਪਣੀ ਜਾਨ ਬਚਾਉਣ ਲਈ ਚੁੱਕੇ।
ਉਨ੍ਹਾਂ ਨੂੰ ਆਪਣੀ ਸਟੀਕ ਉਮਰ ਤਾਂ ਨਹੀਂ ਪਤਾ ਪਰ ਵੋਟਰ ਪਛਾਣ ਪੱਤਰ ਮੁਤਾਬਕ ਉਹ 112 ਸਾਲ ਦੇ ਹਨ। ਤ੍ਰਿਪਾਠੀ ਕੁਝ ਉਨ੍ਹਾਂ ਆਖਰੀ ਲੋਕਾਂ ਵਿੱਚੋਂ ਹਨ, ਜਿਨ੍ਹਾਂ ਨੂੰ ਉਹ ਭਿਆਨਕ ਸਮਾਂ ਯਾਦ ਹੈ।
ਬੰਗਾਲ ਦੇ ਮਿਦਨਾਪੁਰ ਵਿੱਚ ਬੀਤੇ ਆਪਣੇ ਬਚਪਨ ਬਾਰੇ ਉਨ੍ਹਾਂ ਨੂੰ ਧੁੰਦਲਾ ਜਿਹਾ ਯਾਦ ਹੈ। ਚੌਲ ਉੱਥੋਂ ਦੀ ਰੋਜ਼ਾਨਾ ਖੁਰਾਕ ਸੀ ਅਤੇ ਉਨ੍ਹਾਂ ਨੂੰ ਯਾਦ ਹੈ ਕਿ ਕਿਵੇਂ 1942 ਦੀਆਂ ਗਰਮੀਆਂ ਵਿੱਚ ਚੌਲਾਂ ਦੀਆਂ ਕੀਮਤਾਂ ਦਿਨ ਦੁੱਗਣੀਆਂ ਅਤੇ ਰਾਤ ਚੌਗਣੀਆਂ ਵਧ ਰਹੀਆਂ ਸੀ।
ਫਿਰ ਅਕਤੂਬਰ 1942 ਵਿੱਚ ਸਮੁੰਦਰੀ ਤੂਫਾਨ ਆਇਆ, ਜਿਸ ਵਿੱਚ ਉਨ੍ਹਾਂ ਦੇ ਘਰ ਦੀ ਛੱਤ ਉੱਡ ਗਈ ਅਤੇ ਜਲਦੀ ਹੀ ਚੌਲ ਵੀ ਉਨ੍ਹਾਂ ਦੇ ਪਰਿਵਾਰ ਦੀ ਪਹੁੰਚ ਤੋਂ ਬਾਹਰ ਹੋ ਗਏ ਸਨ।
“ਭੁੱਖ ਸਾਡਾ ਪਿੱਛਾ ਕਰ ਰਹੀ ਸੀ। ਭੁੱਖ ਅਤੇ ਮਹਾਮਾਰੀਆਂ। ਹਰੇਕ ਉਮਰ ਦੇ ਲੋਕ ਮਰਨ ਲੱਗ ਪਏ ਸਨ।”
ਬਿਜੋਇਕ੍ਰਿਸ਼ਨਾ ਨੂੰ ਯਾਦ ਹੈ ਕਿ ਕੁਝ ਖਾਣਾ ਭੇਜਿਆ ਗਿਆ ਸੀ ਪਰ ਇਹ ਨਾਕਾਫੀ ਸੀ।

ਤਸਵੀਰ ਸਰੋਤ, Getty Images
ਹਰ ਕੋਈ ਅੱਧੇ ਢਿੱਡ ਜਿਉਣ ਲਈ ਮਜਬੂਰ ਸੀ। ਕਿਉਂਕਿ ਪਿੰਡ ਵਿੱਚ ਖਾਣ ਲਈ ਕੁਝ ਨਹੀਂ ਸੀ ਇਸ ਲਈ ਪਿੰਡ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ। ਲੋਕਾਂ ਨੇ ਖਾਣੇ ਦੀ ਭਾਲ ਵਿੱਚ ਲੁੱਟਣਾ ਸ਼ੁਰੂ ਕਰ ਦਿੱਤਾ।
ਜਦੋਂ ਬਿਜੋਇਕ੍ਰਿਸ਼ਨਾ ਆਪਣੇ ਘਰ ਦੇ ਵਰਾਂਢੇ ਵਿੱਚ ਬੈਠੇ ਇਹ ਸਭ ਸੁਣਾ ਰਹੇ ਹਨ ਤਾਂ ਉਨ੍ਹਾਂ ਦੇ ਖਾਨਦਾਨ ਦੀਆਂ ਚਾਰ ਪੀੜ੍ਹੀਆਂ ਕੋਲ ਖੜੀਆਂ ਸੁਣ ਰਹੀਆਂ ਹਨ।
ਇਨ੍ਹਾਂ ਸਰੋਤਿਆਂ ਵਿੱਚ ਸਾਇਲੇਨ ਸਰਕਾਰ ਵੀ ਸ਼ਾਮਲ ਹਨ। ਸਰਕਾਰ ਪਿਛਲੇ ਕੁਝ ਸਾਲਾਂ ਤੋਂ ਬੰਗਾਲ ਦੇ ਪੇਂਡੂ ਇਲਾਕਿਆਂ ਵਿੱਚ ਘੁੰਮ-ਘੁੰਮ ਕੇ ਉਸ ਵਿਨਾਸ਼ਕਾਰੀ ਸਮੇਂ ਦੀਆਂ ਯਾਦਾਂ ਇਕੱਠੀਆਂ ਕਰ ਰਹੇ ਹੈ।
ਸਰਕਾਰ 72 ਸਾਲਾਂ ਦੇ ਇੱਕ ਗਰਮਜੋਸ਼ ਵਿਅਕਤੀ ਹਨ ਜਿਨ੍ਹਾਂ ਦੇ ਨੌਜਵਾਨਾਂ ਵਰਗੇ ਕਾਲੇ ਵਾਲ ਹਨ ਅਤੇ ਸੌਖਿਆਂ ਹੀ ਮੁਸਕਰਾ ਦਿੰਦੇ ਹਨ। ਉਨ੍ਹਾਂ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਲੋਕ ਕਿਉਂ ਉਨ੍ਹਾਂ ਨਾਲ ਇੰਨੇ ਸਹਿਜ ਹੋ ਜਾਂਦੇ ਹਨ।

ਪਿੰਡਾਂ ਦੀਆਂ ਫਿਰਨੀਆਂ ਵਿੱਚ ਘੁੰਮਦੇ ਹੋਏ ਉਪ ਕਾਗਜ਼ ਅਤੇ ਪੈਨ ਨਾਲ ਇਹ ਸਭ ਕਹਾਣੀਆਂ ਲਿਖ ਲੈਂਦੇ ਹਨ।
ਸਾਇਲੇਨ ਦਾ ਜਨਮ ਅਕਾਲ ਤੋਂ ਕੁਝ ਸਾਲਾਂ ਬਾਅਦ ਹੀ ਹੋਇਆ ਸੀ ਅਤੇ ਇੱਕ ਪਰਿਵਾਰਕ ਫੋਟੋ ਐਲਬਮ ਦੇਖਣ ਤੋਂ ਬਾਅਦ ਉਨ੍ਹਾਂ ਦੀ ਇਸ ਵਿੱਚ ਦਿਲਚਸਪੀ ਪੈਦਾ ਹੋਈ।
ਬਚਪਨ ਵਿੱਚ ਉਹ ਐਲਬੰਮ ਦੇ ਪੰਨੇ ਪਲਟਦਿਆਂ ਅਕਾਲ ਦੇ ਦੁੱਖਾਂ ਵਿੱਚ ਦੁਖੀ ਲੋਕਾਂ ਦੀਆਂ ਤਸਵੀਰਾਂ ਦੇਖਦੇ ਰਹਿੰਦੇ।
ਇਹ ਤਸਵੀਰਾਂ ਉਨ੍ਹਾਂ ਦੇ ਪਿਤਾ ਨੇ ਖਿੱਚੀਆਂ ਸਨ। ਉਨ੍ਹਾਂ ਦੇ ਪਿਤਾ ਇੱਕ ਸਥਾਨਕ ਚੈਰੀਟੇਬਲ ਸੰਸਥਾ ਨਾਲ ਜੁੜੇ ਹੋਏ ਸਨ ਅਤੇ ਅਕਾਲ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਵੰਡਣ ਵੀ ਜਾਂਦੇ ਸਨ।
ਸਾਇਲੇਨ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਇੱਕ ਗਰੀਬ ਵਿਅਕਤੀ ਸੀ। ਉਹ ਦੱਸਦੇ ਹਨ, “ਮੇਰੇ ਬਚਪਨ ਵਿੱਚ ਮੈਂ ਭੁੱਖ ਦੀ ਦਹਿਸ਼ਤ ਦੇਖੀ ਹੈ।”

ਤਸਵੀਰ ਸਰੋਤ, SAILEN SARKAR
ਸਾਲ 2013 ਵਿੱਚ ਨੌਕਰੀ ਤੋਂ ਰਿਟਾਇਰਡ ਹੋਣ ਤੱਕ ਹਾਲਾਂਕਿ ਉਹ ਇਸ ਪਾਸੇ ਨਹੀਂ ਲੱਗ ਸਕੇ। ਮਿਦਨਾਪੁਰ ਵਿੱਚ ਤੁਰੇ ਜਾਂਦੇ ਉਹ ਕਿਸੇ 86 ਸਾਲਾ ਬਜ਼ੁਰਗ ਨਾਲ ਅਕਾਲ ਬਾਰੇ ਗੱਲਾਂ ਕਰਨ ਲੱਗਦੇ ਹਨ।
ਸ੍ਰੀਪਤੀਚਰਨ ਸਮਾਂਤਾ ਦੇ ਵੀ ਬਿਜੋਇਕ੍ਰਿਸ਼ਨਾ ਵਾਂਗ ਹੀ ਉਹ ਤੂਫ਼ਾਨ ਯਾਦ ਹੈ। ਜ਼ਿੰਦਗੀ ਮੁਹਾਲ ਹੋਣੀ ਸ਼ੁਰੂ ਹੋ ਗਈ ਸੀ ਅਤੇ ਚੌਲਾਂ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਸਨ।
ਅਕਤੂਬਰ 1942 ਤੱਕ ਲੋਕਾਂ ਨੇ ਦਿਨ ਵਿੱਚ ਇੱਕ ਵਾਰ ਚੌਲਾਂ ਦਾ ਸੰਖੇਪ ਅਹਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਫਿਰ ਤੂਫ਼ਾਨ ਆ ਗਿਆ।
ਸ੍ਰੀਪਤੀਚਰਨ ਨੂੰ ਬਿਜੋਇਕ੍ਰਿਸ਼ਨਾ ਵਾਂਗ ਹੀ ਯਾਦ ਹੈ ਕਿ ਕਿਵੇਂ ਤੂਫ਼ਾਨ ਦੌਰਾਨ ਚੌਲਾਂ ਦੀਆਂ ਕੀਮਤਾਂ ਬਹੁਤ ਵਧ ਗਈਆਂ ਸਨ। ਬਜ਼ਾਰ ਵਿੱਚ ਜੋ ਵੀ ਮੌਜੂਦ ਸੀ ਉਹ ਵਪਾਰੀਆਂ ਨੇ ਕਿਸੇ ਵੀ ਕੀਮਤ ਉੱਤੇ ਖ਼ਰੀਦ ਲਿਆ ਸੀ।
ਜਲਦੀ ਹੀ ਸਾਡੇ ਪਿੰਡ ਵਿੱਚੋਂ ਚੌਲ ਖ਼ਤਮ ਹੋ ਗਏ ਸਨ। ਲੋਕਾਂ ਨੇ ਕੁਝ ਦੇਰ ਤੱਕ ਜਮ੍ਹਾਂ ਭੰਡਾਰ ਉੱਤੇ ਗੁਜ਼ਾਰਾ ਕੀਤਾ ਪਰ ਫਿਰ ਉਨ੍ਹਾਂ ਨੇ ਖਾਣ ਲਈ ਚੌਲ ਖ਼ਰੀਦਣ ਲਈ ਆਪਣੀ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ।
ਤੂਫ਼ਾਨ ਤੋਂ ਬਾਅਦ ਸਾਡੇ ਘਰ ਵਿੱਚ ਜੋ ਚੌਲ ਪਏ ਸਨ ਉਹ ਕੁਝ ਦਿਨਾਂ ਵਿੱਚ ਹੀ ਮੁੱਕ ਗਏ।
ਕਈ ਹੋਰ ਹਜ਼ਾਰਾਂ ਲੋਕਾਂ ਵਾਂਗ ਸ੍ਰੀਪਤੀਚਰਨ ਵੀ ਪਿੰਡ ਛੱਡ ਕੇ ਸ਼ਹਿਰ ਚਲੇ ਗਏ। ਉਹ ਕਲਕੱਤਾ ਗਏ ਸਨ। ਉਹ ਖ਼ੁਸ਼ਕਿਸਮਤ ਸਨ ਕਿ ਕਲਕੱਤੇ ਵਿੱਚ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਕੋਲ ਰਹਿ ਸਕੇ ਅਤੇ ਬਚ ਗਏ।
ਜਦਕਿ ਬਹੁਤ ਸਾਰੇ ਹੋਰ ਲੋਕ ਉਨ੍ਹਾਂ ਜਿੰਨੇ ਖ਼ੁਸ਼ਕਿਸਮਤ ਨਹੀਂ ਸਨ। ਲੋਕ ਇਸ ਅਜਨਬੀ ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਕੂੜੇ ਦਾਨਾਂ ਦੇ ਕੋਲ ਡਿੱਗ ਰਹੇ ਸਨ ਅਤੇ ਫੁੱਟਪਾਥਾਂ ਉੱਤੇ ਮਰ ਰਹੇ ਸਨ – ਜਿੱਥੇ ਉਹ ਉਮੀਦ ਕਰਕੇ ਆਏ ਸਨ ਲੋਕ ਉਨ੍ਹਾਂ ਦੀ ਮਦਦ ਕਰਨਗੇ।

ਤਸਵੀਰ ਸਰੋਤ, SAILEN SARKAR
ਅਤੀਤ ਜਿਸ ਨੂੰ ਭੁਲਾ ਦਿੱਤਾ ਗਿਆ
ਅਕਾਲ ਦੇ ਕਾਰਨ ਕਈ ਅਤੇ ਪੇਚੀਦਾ ਹਨ। ਲੋਕ ਅਜੇ ਵੀ ਅਕਾਲ ਦੇ ਅਸਲ ਕਾਰਨਾਂ ਬਾਰੇ ਇੱਕ ਰਾਇ ਨਹੀਂ ਹਨ।
ਸਾਲ 1942 ਵਿੱਚ ਬੰਗਾਲ ਵਿੱਚ ਚੌਲਾਂ ਦੀ ਸਪਲਾਈ ਉੱਪਰ ਬਹੁਤ ਦਬਾਅ ਸੀ।
ਬੰਗਾਲ ਦੀ ਸਰਹੱਦ ਉਸ ਸਮੇਂ ਬਰਮਾਂ ਨਾਲ ਲਗਦੀ ਸੀ। ਉਸ ਉਤੇ ਸਾਲ ਦੇ ਸ਼ੁਰੂ ਵਿੱਚ ਜਪਾਨ ਨੇ ਹਮਲਾ ਕਰ ਦਿੱਤਾ ਸੀ। ਜਿਸ ਕਾਰਨ ਉੱਧਰੋਂ ਆਉਣ ਵਾਲੇ ਚੌਲਾਂ ਵਿੱਚ ਅਚਾਨਕ ਰੁਕਾਵਟ ਪੈ ਗਈ ਸੀ।
ਬੰਗਾਲ ਦੇ ਗੁਆਂਢ ਵਿੱਚ ਜੰਗ ਛਿੜੀ ਸੀ। ਇੱਥੇ ਅਚਾਨਕ ਫੌਜ ਦੀ ਮੰਗ ਪੂਰੀ ਕਰਨ ਲਈ ਸਨਅਤ ਲੱਗ ਗਈ। ਇਨ੍ਹਾਂ ਫੈਕਟਰੀਆਂ ਦੇ ਮਜ਼ਦੂਰਾਂ ਤੋਂ ਇਲਾਵਾ ਮਿੱਤਰ ਦੇਸਾਂ ਦੇ ਫੌਜੀ ਵੀ ਇੱਥੇ ਆ ਗਏ ਸਨ। ਨਤੀਜੇ ਵਜੋਂ ਸੂਬੇ ਵਿੱਚ ਚੌਲਾਂ ਦੀ ਮੰਗ ਬਹੁਤ ਵਧ ਗਈ।
ਜੰਗ ਕਾਰਨ ਵੀ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ। ਚੌਲ ਪਹਿਲਾਂ ਤੋਂ ਹੀ ਪ੍ਰੇਸ਼ਾਨ ਜਨਤਾ ਵਿੱਚੋਂ ਬਹੁਤ ਸਾਰਿਆਂ ਦੀ ਪਹੁੰਚ ਤੋਂ ਬਾਹਰ ਹੋ ਗਏ।
ਇਸੇ ਦੌਰਾਨ ਬ੍ਰਿਟੇਨ ਨੂੰ ਡਰ ਸੀ ਕਿ ਜਪਾਨ ਬਰਮਾ ਦੇ ਰਸਤੇ ਭਾਰਤ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰੇਗਾ। ਨਤੀਜੇ ਵਜੋਂ ਸਰਕਾਰ ਨੇ ਪਿੰਡਾਂ ਵਿੱਚੋਂ ਵਾਧੂ ਚੌਲ ਜ਼ਬਤ ਕਰ ਲਏ।
ਸਰਕਾਰ ਇਸ ਰਾਹੀਂ ਹਮਲਾਵਰ ਫੌਜ ਨੂੰ ਖੁੱਲ੍ਹੀ ਮਾਤਰਾ ਵਿੱਚ ਖਾਧ ਪਦਾਰਥ ਮਿਲਣ ਤੋਂ ਰੋਕਣਾ ਚਾਹੁੰਦੀ ਸੀ। ਜਦਕਿ ਸਰਕਾਰ ਦੇ ਇਸ ਕਦਮ ਦਾ ਬੰਗਾਲ ਦੀ ਪਹਿਲਾਂ ਤੋਂ ਮਾੜੀ ਆਰਥਿਕਤਾ ਉੱਪਰ ਮਾਰੂ ਅਸਰ ਪਿਆ। ਲੋਕਾਂ ਨੇ ਖਾਧ ਸੁਰੱਖਿਆ ਵਜੋਂ ਅਤੇ ਮੁਨਾਫੇ ਲਈ ਚੌਲਾਂ ਦੀ ਜਮ੍ਹਾਂਖੋਰੀ ਕੀਤੀ।
ਅਕਤੂਬਰ 1942 ਵਿੱਚ ਆਏ ਤੂਫ਼ਾਨ ਨੇ ਬਲਦੀ ਉੱਤੇ ਤੇਲ ਦਾ ਕੰਮ ਕੀਤਾ ਅਤੇ ਚੌਲਾਂ ਦੀ ਬਹੁਤ ਸਾਰੀ ਫ਼ਸਲ ਤਬਾਹ ਹੋ ਗਈ। ਜਦਕਿ ਕੁਝ ਹੋਰ ਫ਼ਸਲੀ ਬਿਮਾਰੀਆਂ ਦੀ ਭੇਂਟ ਚੜ੍ਹ ਗਈ।
ਇਸ ਮਨੁੱਖੀ ਆਪਦਾ ਲਈ ਜ਼ਿੰਮੇਵਾਰੀ ਤੈਅ ਕਰਨ ਲਈ ਅਕਸਰ ਬਹਿਸ ਛਿੜਦੀ ਹੈ। ਉਸ ਸਮੇਂ ਭਾਰਤ ਬ੍ਰਿਟੇਨ ਦੀ ਇੱਕ ਬਸਤੀ ਸੀ। ਕਿਹਾ ਜਾਂਦਾ ਹੈ ਕਿ ਬ੍ਰਿਟੇਨ ਨੇ ਭੁੱਖ ਨਾਲ ਮਰ ਰਹੇ ਭਾਰਤੀਆਂ ਨੂੰ ਬਚਾਉਣ ਲਈ ਕਾਫੀ ਕੋਸ਼ਿਸ਼ਾਂ ਨਹੀਂ ਕੀਤੀਆਂ।
ਉਦੋਂ ਬ੍ਰਿਟੇਨ ਕਈ ਮੋਰਚਿਆਂ ਉੱਪਰ ਲੜ ਰਿਹਾ ਸੀ। ਜੰਗ ਦੇ ਦੌਰਾਨ ਵੀ ਜਦੋਂ ਬ੍ਰਿਟੇਨ ਦੇ ਤਤਕਾਲੀ ਪ੍ਰਧਾਨ ਮੰਤਰੀ ਵਿਲਸਨ ਚਰਚਿਲ ਨੂੰ ਬੰਗਾਲ ਦੇ ਸੰਕਟ ਦੀ ਗੰਭੀਰਤਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਭਾਰਤੀਆਂ ਨੂੰ ਸੰਕਟ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ।
ਸੰਨ 1943 ਦੇ ਅਖੀਰ ਵਿੱਚ ਫੀਲਡ ਮਾਰਸ਼ਲ ਲਾਰਡ ਵਾਵੇਲ ਨਵੇਂ ਵਾਇਸਰਾਏ ਬਣ ਕੇ ਆਏ ਅਤੇ ਬਚਾਅ ਕਾਰਜ ਸ਼ੁਰੂ ਹੋਏ। ਹਾਲਾਂਕਿ ਉਦੋਂ ਤੱਕ ਬਹੁਤ ਸਾਰੇ ਬੇਕਸੂਰ ਲੋਕ ਆਪਣੀ ਜਾਨ ਗਵਾ ਚੁੱਕੇ ਸਨ।

ਤਸਵੀਰ ਸਰੋਤ, Getty Images
ਜ਼ਿੰਦਾ ਪੁਰਾਲੇਖ
ਅਕਾਲ ਦੇ ਕਾਰਨਾਂ ਅਤੇ ਜ਼ਿੰਮੇਵਾਰੀ ਤੈਅ ਕਰਨ ਦੀ ਬਹਿਸ ਵਿੱਚ ਅਕਸਰ ਪੀੜਤਾਂ ਦੀਆਂ ਕਹਾਣੀਆਂ ਕਿਤੇ ਗੁਆਚ ਜਾਂਦੀਆਂ ਹਨ।
ਸਾਇਲੇਨ ਨੇ ਹੁਣ ਤੱਕ 60 ਤੋਂ ਜ਼ਿਆਦਾ ਚਸ਼ਮਦੀਦਾਂ ਦੇ ਬਿਆਨ ਇਕੱਠੇ ਕਰ ਲਏ ਹਨ। ਸਾਇਲੇਨ ਦੱਸਦੇ ਹਨ ਕਿ ਇਨ੍ਹਾਂ ਗਵਾਹਾਂ ਵਿੱਚੋਂ ਜ਼ਿਆਦਤਰ ਅਨਪੜ੍ਹ ਸਨ— ਜਿਨ੍ਹਾਂ ਨਾਲ ਕਿਸੇ ਨੇ ਉਸ ਸਮੇਂ ਬਾਰੇ ਬਹੁਤ ਥੋੜ੍ਹੀ ਕਦੇ ਗੱਲਬਾਤ ਕੀਤੀ ਸੀ। ਉਨ੍ਹਾਂ ਦੇ ਪਰਿਵਾਰਾਂ ਵਿੱਚੋਂ ਵੀ ਬਹੁਤ ਘੱਟ ਨੇ ਉਸ ਅਕਾਲ ਬਾਰੇ ਉਨ੍ਹਾਂ ਤੋਂ ਕਦੇ ਕੁਝ ਪੁੱਛਿਆ ਸੀ।
ਪੀੜਤਾਂ ਦੇ ਲੇਖ ਸੰਭਾਲਣ ਲਈ ਕੋਈ ਪੁਰਾਲੇਖ ਨਹੀਂ ਹੈ। ਸਾਇਲੇਨ ਦਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਕਹਾਣੀਆਂ ਵੱਲ ਇਸ ਲਈ ਕਿਸੇ ਨੇ ਧਿਆਨ ਨਹੀਂ ਦਿੱਤਾ ਕਿਉਂਕਿ ਉਹ ਸਮਾਜ ਦੇ ਸਭ ਤੋਂ ਹੇਠਲੇ ਤਬਕੇ ਦੇ ਅਤੇ ਗਰੀਬ ਲੋਕ ਸਨ।
“ਅਜਿਹਾ ਹੈ ਜਿਵੇਂ ਉਹ ਉਡੀਕ ਕਰ ਰਹੇ ਸਨ ਕਿ ਸ਼ਾਇਦ ਕੋਈ ਆਵੇਗਾ ਅਤੇ ਉਨ੍ਹਾਂ ਦੀਆਂ ਕਹਾਣੀਆਂ ਸੁਣੇਗਾ।”
ਨੀਰਤਨ ਬੈਦਵਾ 100 ਸਾਲਾਂ ਦੀ ਬਜ਼ੁਰਗ ਮਾਈ ਸੀ। ਜਦੋਂ ਸਾਇਲੇਨ ਦੀ ਉਨ੍ਹਾਂ ਨਾਲ ਮੁਲਾਕਾਤ ਹੋਈ। ਨੀਰਤਨ ਨੇ ਉਸ ਅਕਾਲ ਦੌਰਾਨ ਬੇਬਸ ਮਾਂਵਾਂ ਦੀ ਤਕਲੀਫ਼ ਸਾਇਲੇਨ ਨੂੰ ਬਿਆਨ ਕੀਤੀ।
ਨੀਰਤਨ ਨੇ ਦੱਸਿਆ, “ਮਾਵਾਂ ਦੀਆਂ ਛਾਤੀਆਂ ਸੁੱਕ ਗਈਆਂ ਸਨ। ਉਨ੍ਹਾਂ ਦੇ ਬੱਚੇ ਬਿਨਾਂ ਮਾਸ ਦੇ ਹੱਡੀਆਂ ਦੀ ਮੁੱਠ ਬਣ ਗਏ ਸਨ। ਬਹੁਤ ਸਾਰੇ ਬੱਚਿਆਂ ਦੀ ਜੰਮਦਿਆਂ ਹੀ ਮਾਵਾਂ ਦੇ ਨਾਲ ਹੀ ਮੌਤ ਹੋ ਗਈ। ਜਿਹੜੇ ਬੱਚੇ ਤੰਦਰੁਸਤ ਪੈਦਾ ਵੀ ਹੋਏ ਸਨ ਉਹ ਜਨਮ ਤੋਂ ਕੁਝ ਮਹੀਨਿਆਂ ਦੇ ਅੰਦਰ ਹੀ ਮਰ ਗਏ। ਬਹੁਤ ਸਾਰੀਆਂ ਮਾਵਾਂ ਨੇ ਉਸ ਸਮੇਂ ਖ਼ੁਦਕੁਸ਼ੀ ਕਰ ਲਈ ਸੀ।”
ਉਨ੍ਹਾਂ ਨੇ ਦੱਸਿਆ ਕਿ ਜਦੋਂ ਕੁਝ ਪਤੀ ਆਪਣੀਆਂ ਪਤਨੀਆਂ ਦਾ ਢਿੱਡ ਨਾ ਭਰ ਸਕੇ ਤਾਂ ਉਹ ਦੂਜੇ ਮਰਦਾਂ ਨਾਲ ਭੱਜ ਗਈਆਂ ਸਨ।
“ਉਸ ਸਮੇਂ ਲੋਕ ਇਨ੍ਹਾਂ ਗੱਲਾਂ ਬਾਰੇ ਇੰਨੇ ਚਿੰਤਤ ਨਹੀਂ ਸਨ ਜਦੋਂ ਤੁਹਾਡੇ ਢਿੱਡ ਵਿੱਚ ਦਾਣੇ ਨਹੀਂ ਅਤੇ ਕੋਈ ਤੁਹਾਨੂੰ ਖਵਾਉਣ ਵਾਲਾ ਵੀ ਨਹੀਂ ਹੈ ਤਾਂ ਕੌਣ ਤੁਹਾਡੇ ਬਾਰੇ ਸੋਚੇਗਾ?”
ਸਾਇਲੇਨ ਨੇ ਉਸ ਅਕਾਲ ਤੋਂ ਫਾਇਦਾ ਚੁੱਕਣ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਹੈ। ਇੱਕ ਜਣੇ ਨੇ ਮੰਨਆ ਕਿ ਇਸ ਦੌਰਾਨ ਉਸ ਨੇ “ਚੌਲਾਂ,ਦਾਲ ਜਾਂ ਕੁਝ ਕੁ ਪੈਸਿਆਂ ਦੇ ਬਦਲੇ” ਬਹੁਤ ਸਾਰੀ ਜ਼ਮੀਨ ਖ਼ਰੀਦੀ ਸੀ। ਉਸ ਨੇ ਇਹ ਵੀ ਦੱਸਿਆ ਕਿ ਜਦੋਂ ਕਿਸੇ ਹੋਰ ਪਰਿਵਾਰ ਦੀ ਬਿਨਾਂ ਕਿਸੇ ਵਾਰਸ ਦੇ ਮੌਤ ਹੋ ਗਈ ਤਾਂ ਉਨ੍ਹਾਂ ਦੀ ਜ਼ਮੀਨ ਵੀ ਉਸ ਨੇ ਹਥਿਆ ਲਈ।

ਤਸਵੀਰ ਸਰੋਤ, KUSHANAVA CHOUDHURY
ਕੁਸ਼ਾਨਵਾ ਚੌਧਰੀ ਇੱਕ ਬੰਗਾਲੀ-ਅਮਰੀਕੀ ਲੇਖਕ ਹਨ। ਅਜਿਹੀਆਂ ਕੁਝ ਮੁਲਾਕਾਤਾਂ ਸਮੇਂ ਉਹ ਵੀ ਸਾਇਲੇਨ ਦੇ ਨਾਲ ਸਨ।
ਉਹ ਦੱਸਦੇ ਹਨ, “ਸਾਨੂੰ ਉਨ੍ਹਾਂ ਨੂੰ ਲੱਭਣ ਨਹੀਂ ਜਾਣਾ ਪਿਆ। ਉਹ ਤਾਂ ਦੁਨੀਆਂ ਦੇ ਸਭ ਤੋਂ ਵੱਡੇ ਪੁਰਾਲੇਖ ਵਜੋਂ ਬੰਗਾਲ ਅਤੇ ਬੰਗਲਾਦੇਸ਼ ਦੇ ਸਾਰੇ ਪਿੰਡਾਂ ਵਿੱਚ ਫੈਲੇ ਪਏ ਸਨ।”
“ਮੈਨੂੰ ਇਸ ਬਾਰੇ ਬੇਹੱਦ ਸ਼ਰਮ ਆਈ ਕਿ ਕਿਸੇ ਨੇ ਵੀ ਉਨ੍ਹਾਂ ਨਾਲ ਗੱਲ ਕਰਨ ਦੀ ਪ੍ਰਵਾਹ ਨਹੀਂ ਕੀਤੀ।”
ਉਸ ਅਕਾਲ ਦਾ ਕਈ ਮਸ਼ਹੂਰ ਭਾਰਤੀ ਫਿਲਮਾਂ ਵਿੱਚ ਜ਼ਿਕਰ ਹੈ। ਤਸਵੀਰਾਂ ਹਨ, ਸਕੈਚ ਹਨ ਪਰ ਉਸ ਬਾਰੇ ਪੀੜਤਾਂ ਜਾਂ ਉਸ ਵਿੱਚੋਂ ਬਚਣ ਵਾਲਿਆਂ ਦੀਆਂ ਕਹਾਣੀਆਂ ਬਹੁਤ ਥੋੜ੍ਹੀਆਂ ਹਨ।
ਜ਼ਿਕਰਯੋਗ ਹੈ ਕਿ ਇਹ ਅਕਾਲ ਕੋਈ ਕੁਦਰਤੀ ਸੰਕਟ ਨਹੀਂ ਸਗੋਂ ਮਨੁੱਖ ਦਾ ਪੈਦਾ ਕੀਤਾ ਹੋਇਆ ਸੰਕਟ ਸੀ।
“ਕਹਾਣੀ ਉਨ੍ਹਾਂ ਲੋਕਾਂ ਨੇ ਲਿਖੀ ਹੈ ਜਿਨ੍ਹਾਂ ਨੂੰ ਇਸ ਨੇ ਪ੍ਰਭਾਵਿਤ ਨਹੀਂ ਕੀਤਾ। ਇਹ ਇੱਕ ਅਜੀਬ ਵਰਤਾਰਾ ਹੈ ਕਿ ਕਹਾਣੀ ਕੌਣ ਸੁਣਾ ਰਿਹਾ ਹੈ ਅਤੇ ਜ਼ਮੀਨ ਉੱਤੇ ਕੌਣ ਸੀ।”
ਕੈਂਬਰਿਜ ਯੂਨੀਵਰਸਿਟੀ ਤੋਂ ਪ੍ਰੋਫੈਸਰ ਸ਼ਰੁਤੀ ਕਪਿਲਾ ਦਾ ਕਹਿਣਾ ਹੈ ਕਿ ਅਕਾਲ ਪੀੜਤਾਂ ਦੀ ਹੋਣੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਕਿਉਂਕਿ 1940 ਦਾ ਪੂਰਾ ਦਹਾਕਾ ਹੀ ਭਾਰਤ ਲਈ ਮੌਤ ਦਾ ਦਹਾਕਾ ਸੀ।
ਸੰਨ 1946 ਵਿੱਚ ਕਲਕੱਤਾ ਵਿੱਚ ਖੂਨੀ ਫਿਰਕੂ ਦੰਗੇ ਹੋਏ ਜਿਨ੍ਹਾਂ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਗਈ।
ਇੱਕ ਸਾਲ ਬਾਅਦ ਬ੍ਰਿਟਿਸ਼ ਦੇਸ ਛੱਡ ਕੇ ਚਲੇ ਗਏ। ਜਾਂਦੇ-ਜਾਂਦੇ ਉਹ ਦੇਸ ਦੇ ਦੋ ਟੁਕੜੇ ਕਰ ਗਏ। ਹਿੰਦੂ ਬਹੁਗਿਣਤੀ ਭਾਰਤ ਅਤੇ ਮੁਸਲਿਮ ਬਹੁਗਿਣਤੀ ਪਾਕਿਸਤਾਨ। ਅਜ਼ਾਦੀ ਦੇ ਜਸ਼ਨ ਸਨ ਪਰ ਉਸ ਤੋਂ ਬਾਅਦ ਭੜਕੀ ਫਿਰਕੂ ਹਿੰਸਾ ਦੌਰਾਨ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।
ਵੰਡ ਤੋਂ ਬਾਅਦ ਲਗਭਗ ਇੱਕ ਕਰੋੜ ਵੀਹ ਲੱਖ ਲੋਕ ਸਰਹੱਦ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਗਏ।

ਤਸਵੀਰ ਸਰੋਤ, Getty Images
ਬੰਗਾਲ ਦਾ ਆਪਣਾ ਦੋ ਹਿੱਸਿਆਂ ਵਿੱਚ ਬਟਵਾਰਾ ਕਰ ਦਿੱਤਾ ਗਿਆ ਸੀ। ਭਾਰਤ ਅਤੇ ਪੂਰਬੀ ਪਾਕਿਸਤਾਨ ਜੋ ਕਿ ਬਾਅਦ ਵਿੱਚ ਬੰਗਲਾਦੇਸ ਬਣਿਆ।
ਪ੍ਰੋਫੈਸਰ ਕਪਿਲਾ ਕਹਿੰਦੇ ਹਨ, “ਇਸ ਅਰਸੇ ਦੌਰਾਨ ਮੁਸ਼ਕਲ ਨਾਲ ਹੀ ਵੱਡੀ ਗਿਣਤੀ ਵਿੱਚ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਕਿਤੇ ਰੁਕਿਆ ਹੋਵੇਗਾ। ਇਸੇ ਕਾਰਨ ਮੈਨੂੰ ਲਗਦਾ ਹੈ ਕਿ ਬੰਗਾਲ ਦੇ ਅਕਾਰ ਨੂੰ ਸਮੁੱਚੇ ਸੰਵਾਦ ਵਿੱਚ ਆਪਣੀ ਥਾਂ ਲੱਭਣ ਲਈ ਜੱਦੋਜਹਿਦ ਕਰਨੀ ਪੈਂਦੀ ਹੈ।”
ਉਹ ਮੰਨਦੇ ਹਨ ਕਿ ਭਾਵੇਂ ਪੀੜਤਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਕਹਾਣੀ ਸੁਣੀ ਨਹੀਂ ਗਈ – ਪਰ ਬਹੁਤ ਸਾਰੇ ਭਾਰਤੀ ਅਕਾਲ ਅਤੇ ਭੁੱਖਮਰੀ ਨੂੰ ਬਸਤੀਵਾਦੀ ਰਾਜ ਦੀ ਵਿਰਾਸਤ ਹੀ ਮੰਨਦੇ ਹਨ।
ਜਿਨ੍ਹਾਂ ਲੋਕਾਂ ਉੱਪਰ ਅਕਾਲ ਨੇ ਅਸਰ ਨਹੀਂ ਵੀ ਕੀਤਾ ਉਹ ਵੀ ਉਸ ਸਮੇਂ ਨੂੰ ਭੁਲਾ ਨਹੀਂ ਸਕੇ। ਨੋਬਲ ਇਨਾਮ ਜੇਤੂ ਅਰਥਸ਼ਾਸਤਰੀ ਅਮਰਤਿਆ ਸੇਨ ਉਸ ਸਮੇਂ ਨੌਂ ਸਾਲਾਂ ਦੇ ਸਨ ਅਤੇ ਉਨ੍ਹਾਂ ਨੂੰ ਜਪਾਨੀ ਬੰਬਾਰੀ ਤੋਂ ਬਚਾਉਣ ਲਈ ਕਲਕੱਤੇ ਤੋਂ 100 ਕਿੱਲੋਮੀਟਰ ਦੂਰ ਉਨ੍ਹਾਂ ਦੇ ਨਾਨਕੇ ਸ਼ਾਂਤੀ ਨਿਕੇਤਨ ਭੇਜ ਦਿੱਤਾ ਗਿਆ ਸੀ।
ਉਹ ਯਾਦ ਕਰਦੇ ਹਨ ਕਿ ਅਚਾਨਕ ਇੱਕ ਦਿਨ ਉਨ੍ਹਾਂ ਨੂੰ ਕੁਝ ਸ਼ੋਰ ਸੁਣਾਈ ਦਿੱਤਾ। ਸਾਰੀ ਜਮਾਤ ਆਪਣਾ ਸਬਕ ਵਿੱਚੇ ਛੱਡ ਕੇ ਉਸ ਪਾਸੇ ਭੱਜੀ। ਕੋਈ ਵਿਅਕਤੀ ਸਕੂਲ ਦੇ ਮੈਦਾਨ ਵਿੱਚ ਦਾਖਲ ਹੋ ਗਿਆ ਸੀ।
“ਉਹ ਬਹੁਤ ਮਾੜੀ ਹਾਲਤ ਵਿੱਚ ਸੀ... ਅਤੇ ਕਈ ਹਫ਼ਤਿਆਂ ਦਾ ਭੁੱਖਾ ਸੀ। ਉਹ ਜ਼ਰੂਰ ਹੀ ਕੁਝ ਖਾਣੇ ਦੀ ਭਾਲ ਵਿੱਚ ਸਾਡੇ ਸਕੂਲ ਆਣ ਵੜਿਆ ਸੀ ਅਤੇ ਦਿਮਾਗੀ ਤੌਰ ਉੱਤੇ ਵੀ ਠੀਕ ਪ੍ਰਤੀਤ ਨਹੀਂ ਹੁੰਦਾ ਸੀ।”
ਉਸ ਜਣੇ ਤੋਂ ਮੁਸ਼ਕਲ ਨਾਲ ਹੀ ਆਪਣੀ ਗੱਲ ਦੱਸੀ ਜਾ ਰਹੀ ਸੀ। ਸੇਨ ਨੂੰ ਉਸ ਗਰੀਬੜੇ ਦਾ ਨਾਮ ਤਾਂ ਯਾਦ ਨਹੀਂ ਪਰ ਉਹ ਦੱਸਦੇ ਹਨ ਕਿ ਅਧਿਆਪਕ ਭੱਜ ਕੇ ਗਏ ਅਤੇ ਉਸ ਨੂੰ ਕੁਝ ਖਾਣ ਲਈ ਦਿੱਤਾ।
“ਉਸ ਤੋਂ ਪਹਿਲਾਂ ਕਦੇ ਮੈਂ ਕਿਸੇ ਨੂੰ ਭੁੱਖ ਨਾਲ ਮਰਦਿਆਂ ਨਹੀਂ ਦੇਖਿਆ ਸੀ। ਮੈਂ ਹੈਰਾਨ ਹੋ ਰਿਹਾ ਸੀ ਕਿ ਕੀ ਇਹ ਅਚਾਨਕ ਉੱਥੇ ਹੀ ਮਰ ਤਾਂ ਨਹੀਂ ਜਾਵੇਗਾ।”
ਇਹ ਇਕੱਲਾ ਮੌਕਾ ਨਹੀਂ ਸੀ ਜਦੋਂ ਸੇਨ ਨੇ ਕਿਸਾ ਭੁੱਖੇ ਵਿਅਕਤੀ ਨੂੰ ਦੇਖਿਆ ਸੀ। ਨਾਨਕੇ ਤੋਂ ਕਲਕੱਤਾ ਆਪਣੇ ਘਰ ਜਾਂਦੇ ਸਮੇਂ ਰਸਤੇ ਵਿੱਚ ਉਨ੍ਹਾਂ ਨੂੰ ਭੁੱਖ ਨਾਲ ਵਿਲਕਦੇ ਲੋਕ ਨਜ਼ਰ ਆਏ ਸਨ। ਉਹ ਦ੍ਰਿਸ਼ ਕਈ ਸਾਲ ਸੇਨ ਦੇ ਜ਼ਹਿਨ ਵਿੱਚ ਕਿਸੇ ਦੁਰਸੁਪਨੇ ਵਾਂਗ ਘੁੰਮਦਾ ਰਿਹਾ।
ਉਹ ਯਾਦ ਕਰਦੇ ਹਨ, “ਉਨ੍ਹਾਂ ਨੂੰ ਭੁਲਾਉਣਾ ਮੁਸ਼ਕਿਲ ਸੀ। ਉਹ ਵਰਤਾਰਾ ਇੰਨਾ ਗੰਦਾ, ਨਫਰਤਯੋਗ ਅਤੇ ਵਿਚਲਿਤ ਕਰ ਦੇਣ ਵਾਲਾ ਸੀ ਕਿ ਲੋਕਾਂ ਨਾਲ ਜੋ ਬੀਤ ਰਹੀ ਸੀ ਉਸ ਬਾਰੇ ਸੋਚੇ ਬਿਨਾਂ ਰਾਤ ਨੂੰ ਸੌਣਾ ਵੀ ਮੁਸ਼ਕਿਲ ਸੀ।”
ਸੇਨ ਲੋਕਾਂ ਦਾ ਦੁੱਖ ਦੂਰ ਕਰਨ ਲਈ ਕੁਝ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣੇ ਨਾਨੇ ਨੂੰ ਪੁੱਛਿਆ ਕਿ ਕੀ ਉਹ ਕੁਝ ਚੌਲ ਦੇ ਸਕਦੇ ਸਨ। ਨਾਨੇ ਨੇ ਸਿਗਰਟ ਦੀ ਡੱਬੀ ਦੇ ਕੇ ਕਿਹਾ ਕਿ ਉਹ ਅੱਧੀ ਡੱਬੀ ਜਿੰਨਾ ਦੇ ਸਕਦੇ ਹਨ।
ਸੇਨ ਅੱਧੀ ਡੱਬੀ ਜਿੰਨੇ ਚੌਲ ਦੇ ਦਿੰਦੇ। ਕਈ ਵਾਰ ਉਹ ਅੱਧੀ ਡੱਬੀ ਤੋਂ ਜ਼ਿਆਦਾ ਵੀ ਦੇ ਦਿੰਦੇ ਸਨ।
ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤ ਦੀ ਬ੍ਰਿਟਿਸ਼ ਸਰਕਾਰ ਦੇ ਹੁਕਮ ਸਨ ਕਿ ਅਕਾਲ ਸ਼ਬਦ ਦੀ ਵਰਤੋਂ ਖ਼ਬਰਾਂ ਵਿੱਚ ਨਹੀਂ ਹੋਣੀ ਚਾਹੀਦੀ। ਸਰਕਾਰ ਨੂੰ ਡਰ ਸੀ ਕਿ ਜਪਾਨ ਅਤੇ ਜਰਮਨੀ ਦਾ ਪ੍ਰਚਾਰ ਤੰਤਰ ਇਸ ਦੀ ਵਰਤੋਂ ਬ੍ਰਿਟੇਨ ਦੇ ਖਿਲਾਫ ਕਰੇਗਾ।
ਫਿਰ ਵੀ ਭਾਰਤੀ ਫੋਟੋਗ੍ਰਾਫਰਾਂ, ਲੇਖਕਾਂ ਅਤੇ ਕਲਾਕਾਰ ਜਿੰਨੇ ਵਧੀਆ ਤਰੀਕੇ ਨਾਲ ਇਸ ਦਾ ਦਸਤਾਵੇਜ਼ੀਕਰਨ ਕਰ ਸਕਦੇ ਸਨ, ਉਨ੍ਹਾਂ ਨੇ ਕੀਤਾ।
ਚਿੱਤਰਾਪ੍ਰੋਸਾਦ ਭੱਟਾਚਾਰਿਆ ਨੇ ਇੱਕ ਕਿਤਾਬਚਾ— ਭੁੱਖਾ ਬੰਗਾਲ: ਮਿਦਨਾਪੁਰ ਸ਼ਹਿਰ ਦਾ ਇੱਕ ਦੌਰਾਨ – ਛਾਪਿਆ।
ਇਸ ਵਿੱਚ ਅਕਾਲ ਪੀੜਤਾਂ ਦੇ ਸਿਆਹੀ ਨਾਲ ਬਣੇ ਸਕੈਚ ਸਨ। ਭੱਟਾਚਾਰਿਆ ਨੇ ਇਨ੍ਹਾਂ ਲੋਕਾਂ ਦੇ ਨਾਮ ਵੀ ਦਿੱਤੇ ਸਨ ਅਤੇ ਇਹ ਵੀ ਲਿਖਿਆ ਸੀ ਕਿ ਉਹ ਕੌਣ ਸਨ ਅਤੇ ਕਿੱਥੋਂ ਸਨ।
ਜਦੋਂ ਸਾਲ 1943 ਵਿੱਚ ਇਹ ਕਿਤਾਬਚਾ ਛਾਪਿਆ ਗਿਆ ਤਾਂ ਇਸ ਦੀਆਂ ਸਾਰੀਆਂ 5,000 ਕਾਪੀਆਂ ਬ੍ਰਿਟਿਸ਼ ਸਰਕਾਰ ਨੇ ਜ਼ਬਤ ਕਰ ਲਈਆਂ।

ਤਸਵੀਰ ਸਰੋਤ, KUSHANAVA CHOUDHURY
ਇਆਨ ਸਟੀਫ਼ਨਜ਼, ਬ੍ਰਿਟਿਸ਼ ਮਾਲਕੀ ਵਾਲੇ ਦਿ ਸਟੇਟਸਮੈਨ ਅਖ਼ਬਾਰ ਦੇ ਸੰਪਾਦਕ ਸਨ। ਸੰਨ 1943 ਦੌਰਾਨ ਉਨ੍ਹਾਂ ਨੂੰ ਵੀ ਸਥਿਤੀ ਰਿਪੋਰਟ ਕਰਨ ਵਿੱਚ ਮੁਸ਼ਕਿਲ ਆ ਰਹੀ ਸੀ।
ਸੰਨ 1970 ਵਿੱਚ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ,“ਮੈਂ ਇਸ ਭਿਆਨਕ ਦੁੱਖ ਅਤੇ ਇਸ ਨਾਲ ਨਜਿੱਠਣ ਵਿਚ ਸਰਕਾਰ ਦੀ ਜੜਤਾ 'ਤੇ ਗੁੱਸੇ ਦੀ ਭਾਵਨਾ ਮਹਿਸੂਸ ਕੀਤੀ।”
ਆਖਰ ਉਨ੍ਹਾਂ ਨੂੰ ਸਰਕਾਰ ਦੇ ਹੁਕਮਾਂ ਵਿੱਚ ਇੱਕ ਚੋਰਮੋਰੀ ਮਿਲ ਗਈ। 22 ਅਗਸਤ 1943 ਨੂੰ ਉਨ੍ਹਾਂ ਨੇ ਕਲਕੱਤਾ ਦੀਆਂ ਸੜਕਾਂ ਉੱਪਰ ਅਕਾਲ ਨਾਲ ਮਰੇ ਜਾਂ ਮਰ ਰਹੇ ਲੋਕਾਂ ਦੀਆਂ ਤਸਵੀਰਾਂ ਛਾਪੀਆਂ। ਛੇਤੀ ਹੀ ਇਹ ਤਸਵੀਰਾਂ ਦਿੱਲੀ ਵਿੱਚ ਦੇਖ ਲਈਆਂ ਗਈਆਂ ਅਤੇ ਫਿਰ ਸਾਰੀ ਦੁਨੀਆਂ ਨੂੰ ਇਸ ਬਾਰੇ ਪਤਾ ਲੱਗ ਗਿਆ।
ਅਮਰਤਿਆ ਸੇਨ ਨੇ ਇਸ ਅਕਾਲ ਦੇ ਕਾਰਨਾਂ ਅਤੇ ਪ੍ਰਭਾਵਾਂ ਬਾਰੇ ਅਧਿਐਨ ਕੀਤਾ ਹੈ। ਉਨ੍ਹਾਂ ਨੇ ਬਾਅਦ ਵਿੱਚ ਸਟੀਫ਼ਨਜ਼ ਨਾਲ ਮੁਲਾਕਾਤ ਕੀਤੀ।
ਸਟੀਫ਼ਨਜ਼ ਬਾਰੇ ਉਹ ਕਹਿੰਦੇ ਹਨ ਆਪਣੇ ਅਖ਼ਬਾਰ ਰਾਹੀਂ, “ਉਨ੍ਹਾਂ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ।”
ਉਸ ਅਕਾਲ ਨੂੰ 80 ਸਾਲ ਬੀਤ ਚੁੱਕੇ ਹਨ ਅਤੇ ਕੁਝ ਮੁੱਠੀ ਭਰ ਲੋਕ ਹੀ ਬਚੇ ਹਨ ਜਿਨ੍ਹਾਂ ਨੇ ਉਹ ਮੰਜ਼ਰ ਦੇਖੇ ਹਨ।
ਸਾਇਲੇਨ ਇੱਕ 91 ਸਾਲਾ ਅਨੰਗਮੋਹਨ ਦਾਸ ਨਾਲ ਗੱਲ ਕਰਨ ਬਾਰੇ ਦੱਸਦੇ ਹਨ।
ਜਦੋਂ ਸਾਇਲੇਨ ਨੇ ਆਉਣ ਦਾ ਕਾਰਨ ਦੱਸਿਆ ਤਾਂ ਉਹ ਬਜ਼ੁਰਗ ਕੁਝ ਦੇਰ ਲਈ ਚੁੱਪ ਕਰ ਗਏ। ਉਨ੍ਹਾਂ ਦੀਆਂ ਧਸੀਆਂ ਹੋਈਆਂ ਗੱਲਾਂ ਤੋਂ ਅੱਥਰੂ ਵਹਿ ਤੁਰੇ ਅਤੇ ਬੋਲੇ, “ਤੂੰ ਇੰਨੀ ਦੇਰੀ ਨਾਲ ਕਿਉਂ ਆਇਆ ਹੈਂ?”
ਉਸ ਅਕਾਲ ਬਾਰੇ ਜੋ ਦਰਜਣ ਭਰ ਬਿਆਨ ਸਾਇਲੇਨ ਨੇ ਇਕੱਠੇ ਕੀਤੇ ਹਨ ਉਹ ਉਸ ਤਬਾਹੀ ਦੀ ਪੂਰੀ ਕਹਾਣੀ ਦਾ ਕੁਝ ਅੰਸ਼ ਮਾਤਰ ਹੀ ਹਨ— ਜਿਸ ਵਿੱਚ ਲੱਖਾਂ ਲੋਕ ਮਾਰੇ ਗਏ ਅਤੇ ਲੱਖਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ।
ਸਾਇਲੇਨ ਕਹਿੰਦੇ ਹਨ, ਜਦੋਂ ਤੁਸੀਂ ਆਪਣਾ ਇਤਿਹਾਸ ਭੁੱਲਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਸਾਰਾ ਕੁਝ ਭੁੱਲ ਜਾਣਾ ਚਾਹੁੰਦੇ ਹੋ।” ਉਹ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ।












