ਹਾਥਰਸ ਹਾਦਸਾ: ਕੁਝ ਸ਼ਰਧਾਲੂਆਂ ਦਾ ਭੋਲੇ ਬਾਬਾ 'ਤੇ ਅਟੁੱਟ ਵਿਸ਼ਵਾਸ, ਪਰ ਕਈ ਬੋਲੇ, 'ਬਾਬਾ ਚਮਤਕਾਰੀ ਸੀ ਤਾਂ ਆਪਣੇ ਭਗਤਾਂ ਨੂੰ ਬਚਾਇਆ ਕਿਉਂ ਨਹੀਂ'

    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ, ਹਾਥਰਾਸ ਤੋਂ

ਹਾਥਰਸ ਦੇ ਬਾਗਲਾ ਹਸਪਤਾਲ ਦੇ ਮੁਰਦਾਘਰ ਦੀ ਕੰਧ ਨਾਲ ਲੱਗ ਕੇ ਲਾਲਾਰਾਮ ਨਿਰਾਸ਼ ਹੋਏ ਬੈਠੇ ਹਨ।

ਉਹ ਵਾਰ-ਵਾਰ ਮੋਬਾਈਲ ਵਿੱਚ ਆਪਣੇ ਨਾਲ ਲਈ ਗਈ ਆਪਣੀ ਪਤਨੀ ਦੀ ਤਸਵੀਰ ਨੂੰ ਦੇਖਦੇ ਹਨ, ਅੱਥਰੂ ਪੂੰਝਦੇ ਹਨ ਅਤੇ ਫਿਰ ਸ਼ਾਂਤ ਹੋ ਜਾਂਦੇ ਹਨ।

ਲਾਲਾਰਾਮ ਪੇਸ਼ੇ ਵਜੋਂ ਮਜ਼ਦੂਰ ਹਨ, ਉਨ੍ਹਾਂ ਨੂੰ ਨਾਰਾਇਣ ਸਾਕਾਰ ਵਿਸ਼ਵ ਹਰਿ ਉਰਫ਼ ਭੋਲੇ ਬਾਬਾ ਦੇ ਸਤਿਸੰਗ ਵਿੱਚ ਕੋਈ ਵਿਸ਼ਵਾਸ ਨਹੀਂ ਹੈ। ਪਰ ਪਤਨੀ ਦੇ ਜ਼ਿੱਦ ਕਰਨ 'ਤੇ ਮੰਗਲਵਾਰ ਨੂੰ ਉਨ੍ਹਾਂ ਨੇ ਛੁੱਟੀ ਲਈ ਅਤੇ ਸਤਿਸੰਗ ਵਿੱਚ ਚਲੇ ਗਏ।

ਪੰਡਾਲ ਵਿੱਚ ਔਰਤਾਂ ਨੂੰ ਇੱਕ ਪਾਸੇ ਬਿਠਾਇਆ ਗਿਆ ਸੀ ਅਤੇ ਪੁਰਸ਼ਾਂ ਨੂੰ ਦੂਜੇ ਪਾਸੇ।

ਨਰਾਇਣ ਸਾਕਾਰ ਦੇ ਸਤਿਸੰਗ ਦੇ ਅੰਤ 'ਚ ਪੰਡਾਲ ਤੋਂ ਬਾਹਰ ਜਾਂਦੇ ਸਮੇਂ ਮਚੀ ਭਗਦੜ ਵਿੱਚ ਲਾਲਾਰਾਮ ਦੀ 22 ਸਾਲਾ ਪਤਨੀ ਕਮਲੇਸ਼ ਦੀ ਵੀ ਮੌਤ ਹੋ ਗਈ।

ਉਨ੍ਹਾਂ ਨੂੰ ਕਮਲੇਸ਼ ਦੀ ਲਾਸ਼ ਸਿਕੰਦਰਾਉ ਸਿਹਤ ਕੇਂਦਰ ਵਿੱਚ ਪਈ ਮਿਲੀ ਅਤੇ ਉਹ ਉਸ ਨੂੰ ਆਪਣੇ ਨਾਲ ਘਰ ਲੈ ਗਏ।

ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਹਿਣ 'ਤੇ ਲਾਲਾਰਾਮ ਬੁੱਧਵਾਰ ਨੂੰ ਕਮਲੇਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਆਏ।

'ਬਾਬੇ ਨੇ ਕੋਈ ਚਮਤਕਾਰ ਨਹੀਂ ਕੀਤਾ'

ਮੰਗਲਵਾਰ ਸ਼ਾਮ ਨੂੰ ਸਤਿਸੰਗ 'ਚ ਮਚੀ ਭਗਦੜ 'ਚ ਘੱਟੋ-ਘੱਟ 121 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦਕਿ 31 ਲੋਕ ਜ਼ਖਮੀ ਹਨ।

ਜ਼ਿਆਦਾਤਰ ਲਾਸ਼ਾਂ ਨੂੰ ਬੁੱਧਵਾਰ ਦੁਪਹਿਰ ਤੱਕ ਪੋਸਟਮਾਰਟਮ ਹੋਣ ਮਗਰੋਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ।

ਕੁਝ ਅਣਪਛਾਤੀਆਂ ਲਾਸ਼ਾਂ ਰਹਿ ਗਈਆਂ ਹਨ। ਬੁੱਧਵਾਰ ਦੁਪਹਿਰ ਤੱਕ ਹਾਥਰਸ ਦੇ ਮੁਰਦਾਘਰ ਵਿੱਚ ਪਈ ਇੱਕ ਬੱਚੇ ਦੀ ਲਾਸ਼ ਦੀ ਪਛਾਣ ਨਹੀਂ ਹੋ ਸਕੀ ਸੀ।

ਸਤਿਸੰਗ ਵਿੱਚ ਜਾਣ ਦੇ ਸਵਾਲ 'ਤੇ ਲਾਲਾਰਾਮ ਉਦਾਸ ਹੋ ਕੇ ਕਹਿੰਦੇ ਹਨ, ''ਮੈਂ ਬਾਬੇ ਨੂੰ ਨਹੀਂ ਮੰਨਦਾ, ਮੈਂ ਆਪਣੇ ਕੰਮ ਨਾਲ ਕੰਮ ਰੱਖਦਾ ਹਾਂ। ਪਤਨੀ ਨੂੰ ਹੋਰ ਔਰਤਾਂ ਰਾਹੀਂ ਸਤਿਸੰਗ ਦਾ ਪਤਾ ਲੱਗਿਆ ਅਤੇ ਮੰਗਲਵਾਰ ਨੂੰ ਉਸ ਨੇ ਮੈਨੂੰ ਵੀ ਨਾਲ ਜਾਣ ਲਈ ਜ਼ੋਰ ਪਾਇਆ। ਮੈਂ ਉਸ ਨਾਲ ਜਾਣ ਲਈ ਕੰਮ ਤੋਂ ਛੁੱਟੀ ਲੈ ਲਈ ਸੀ।"

ਲਾਲਾਰਾਮ ਇਸ ਗੱਲ ਤੋਂ ਨਾਰਾਜ਼ ਹੈ ਕਿ ਚਮਤਕਾਰ ਕਰਨ ਦਾ ਦਾਅਵਾ ਕਰਨ ਵਾਲੇ ਨਰਾਇਣ ਸਾਕਾਰ ਨੇ ਇਸ ਹਾਦਸੇ ਨੂੰ ਰੋਕਣ ਲਈ ਕੋਈ ਚਮਤਕਾਰ ਕਿਉਂ ਨਹੀਂ ਕੀਤਾ।

ਉਹ ਗੁੱਸੇ ਵਿੱਚ ਕਹਿੰਦੇ ਹਨ, "ਬਾਬਾ ਹੀ ਜ਼ਿੰਮੇਵਾਰ ਹੈ। ਉਨ੍ਹਾਂ ਨੂੰ ਇੰਨਾਂ ਮੰਨਿਆ ਜਾਂਦਾ ਹੈ। ਇੰਨੇ ਲੋਕ ਮਰ ਰਹੇ ਸਨ। ਬਾਬਾ ਕੋਈ ਕਰਾਮਾਤ ਕਰ ਦਿੰਦਾ, ਕੋਈ ਆਕਸੀਜਨ ਦਾ ਜ਼ਰੀਆ ਬਣਾ ਦਿੰਦਾ, ਮੌਸਮ ਨੂੰ ਠੰਡਾ ਕਰਦਾ, ਪਰ ਬਾਬੇ ਨੇ ਕੁਝ ਨਹੀਂ ਕੀਤਾ। ਦੂਰੋਂ-ਦੂਰੋਂ ਲੋਕ ਬਾਬੇ ਦੇ ਚਰਨਾਂ ਵਿਚ ਆਏ ਸਨ, ਹੁਣ ਉਨ੍ਹਾਂ ਦੀਆਂ ਅਸਥੀਆਂ ਨਸ਼ਟ ਹੋ ਰਹੀਆਂ ਹਨ ਤੇ ਬਾਬੇ ਨੇ ਕੋਈ ਚਮਤਕਾਰ ਨਹੀਂ ਕੀਤਾ।"

ਉਹ ਲੋਕ ਜਿਨ੍ਹਾਂ ਦਾ ਅਜੇ ਵੀ ਬਾਬੇ 'ਤੇ ਅਟੁੱਟ ਵਿਸ਼ਵਾਸ

ਸਾਵਿਤਰੀ ਦੇਵੀ ਦੇ ਪਤੀ ਵੀਰਪਾਲ ਸਿੰਘ ਆਪਣੀ ਪਤਨੀ ਦੀ ਲਾਸ਼ ਮਿਲਣ ਦਾ ਕਈ ਘੰਟਿਆਂ ਤੋਂ ਇੰਤਜ਼ਾਰ ਕਰ ਰਹੇ ਹਨ। ਉਹ ਬਿਲਕੁਲ ਚੁੱਪ ਹਨ ਅਤੇ ਪੁੱਛਣ 'ਤੇ ਵੀ ਕੁਝ ਨਹੀਂ ਕਹਿੰਦੇ। ਉਹ ਵਾਰ-ਵਾਰ ਆਪਣਾ ਸਿਰ ਫੜ੍ਹ ਲੈਂਦੇ ਹਨ।

ਦੂਜੇ ਪਾਸੇ ਉਨ੍ਹਾਂ ਦਾ ਪੁੱਤਰ ਅਜੈ ਵੀ ਸਤਿਸੰਗ ਨਾਲ ਜੁੜਿਆ ਹੋਇਆ ਸੀ। ਪਰ ਅਜੈ ਇਸ ਹਾਦਸੇ ਲਈ ਨਰਾਇਣ ਸਾਕਾਰ ਨੂੰ ਜ਼ਿੰਮੇਵਾਰ ਨਹੀਂ ਮੰਨਦਾ।

ਅਜੈ ਕਹਿੰਦਾ ਹੈ, "ਇਸ ਵਿੱਚ ਭਗਵਾਨ (ਨਾਰਾਇਣ ਸਾਕਾਰ) ਦਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਨੂੰ ਦੋਸ਼ੀ ਕਿਉਂ ਮੰਨਿਆ ਜਾਵੇ, ਜੋ ਵੀ ਹੋਇਆ ਉਨ੍ਹਾਂ ਦੇ ਜਾਣ ਤੋਂ ਬਾਅਦ ਹੋਇਆ। ਇਹ ਉਦੋਂ ਹੋਇਆ ਜਦੋਂ ਲੋਕਾਂ ਨੇ ਨਿਯਮ ਤੋੜੇ, ਉਨ੍ਹਾਂ ਨੇ ਲੋਕਾਂ ਨੂੰ ਕਿਹਾ ਵੀ ਸੀ ਕਿ ਹੁਣ ਘਰ ਵਾਪਸ ਚਲੇ ਜਾਓ, ਤੁਸੀਂ ਇੰਨੀ ਭੀੜ ਇਕੱਠੀ ਕਿਉਂ ਕਰ ਰਹੇ ਹੋ।"

ਅਜੈ ਦਾ ਪਰਿਵਾਰ ਲੰਬੇ ਸਮੇਂ ਤੋਂ ਸਤਿਸੰਗ ਨਾਲ ਜੁੜਿਆ ਹੋਇਆ ਹੈ।

ਸਤਿਸੰਗ ਬਾਰੇ ਉਹ ਕਹਿੰਦੇ ਹਨ, “ਸਤਿਸੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਮੂਰਤੀ ਪੂਜਾ ਨਹੀਂ ਹੁੰਦੀ, ਨਾ ਕੋਈ ਦਾਨ ਪਾਤਰ ਰੱਖਿਆ ਜਾਂਦਾ ਹੈ ਅਤੇ ਨਾ ਹੀ ਕੋਈ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ। ਜੇਕਰ ਕੋਈ ਦਾਨ ਕਰਨਾ ਵੀ ਚਾਹੇ ਤਾਂ ਵੀ ਨਹੀਂ ਲਿਆ ਜਾਂਦਾ। ਬਾਬਾ ਸਿਰਫ਼ ਪ੍ਰਚਾਰ ਕਰਦੇ ਹਨ। ਮਨੁੱਖਤਾ ਅਤੇ ਜੀਵਨ ਲਈ ਰਾਹ ਵਿਖਾਉਣ ਦੀ ਸੇਧ ਦਿੰਦਾ ਹੈ।"

ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਔਰਤਾਂ ਵਿੱਚੋਂ ਕੁਝ ਅਜਿਹੀਆਂ ਵੀ ਸਨ, ਜਿਨ੍ਹਾਂ ਨੇ ਹੁਣ ਸਤਿਸੰਗ ਵਿੱਚ ਜਾਣ ਤੋਂ ਗੁਰੇਜ਼ ਕਰਨ ਦੀ ਗੱਲ ਕਹੀ ਹੈ।

ਹਾਥਰਸ ਦੇ ਬਾਗਲਾ ਸਰਕਾਰੀ ਹਸਪਤਾਲ ਵਿੱਚ ਦਾਖਲ ਇੱਕ ਬਜ਼ੁਰਗ ਔਰਤ ਮਾਇਆ ਦੇਵੀ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਉਸ ਦੀ ਜਾਨ ਬਚ ਗਈ। ਪਰ ਭਗਦੜ ਵਿੱਚ ਉਨ੍ਹਾਂ ਦੇ ਨਾਲ ਗਈਆਂ ਦੋ ਹੋਰ ਔਰਤਾਂ ਦੀ ਮੌਤ ਹੋ ਗਈ ਹੈ।

ਮਾਇਆ ਦੇਵੀ ਕਹਿੰਦੇ ਹਨ, "ਮੇਰੇ ਅੱਗੇ-ਪਿੱਛੇ ਸਿਰਫ਼ ਆਦਮੀ ਸਨ, ਜਦੋਂ ਮੈਂ ਡਿੱਗੀ ਤਾਂ ਫਿਰ ਮੈਂ ਉੱਠ ਹੀ ਨਾ ਸਕੀ ਅਤੇ ਬੇਹੋਸ਼ ਹੋ ਗਈ। ਮੈਨੂੰ ਨਹੀਂ ਪਤਾ ਕਿ ਮੈਨੂੰ ਕੌਣ ਚੁੱਕ ਕੇ ਹਸਪਤਾਲ ਲੈ ਗਿਆ।"

ਨਾਲ ਵਾਲੇ ਮੰਜੇ 'ਤੇ ਪਈ ਭਗਵਾਨ ਦੇਵੀ ਦੀ ਨੂੰਹ ਉਨ੍ਹਾਂ ਦੀ ਸੇਵਾ ਕਰਨ ਵਿਚ ਰੁੱਝੀ ਹੋਈ ਹੈ। ਜਦੋਂ ਉਹ ਦਰਦ ਨਾਲ ਤੜਪਦੀ ਹੈ ਤਾਂ ਉਸ ਦੀ ਨੂੰਹ ਉਸ ਦਾ ਹੱਥ ਘੁੱਟ ਕੇ ਫੜ੍ਹ ਲੈਂਦੀ ਹੈ।

ਭਗਵਾਨ ਦੇਵੀ ਕਹਿੰਦੀ ਹੈ, "ਪਤਾ ਨਹੀਂ ਕਿੰਨੇ ਹੀ ਲੋਕ ਮੇਰੇ ਉਪਰੋਂ ਲੰਘ ਗਏ, ਮੇਰੀਆਂ ਸਾਰੀਆਂ ਪਸਲੀਆਂ ਚੂਰ-ਚੂਰ ਹੋ ਗਈਆਂ ਹਨ।"

ਉਨ੍ਹਾਂ ਦੀ ਨੂੰਹ ਕਹਿੰਦੀ ਹੈ, "ਹੁਣ ਅਸੀਂ ਇਨ੍ਹਾਂ ਨੂੰ ਕਦੇ ਵੀ ਸਤਿਸੰਗ ਵਿੱਚ ਨਹੀਂ ਜਾਣ ਦੇਵਾਂਗੇ। ਮੈਂ ਪਹਿਲਾਂ ਵੀ ਮਨ੍ਹਾ ਕੀਤਾ ਸੀ, ਹੁਣ ਤਾਂ ਬਿਲਕੁਲ ਨਹੀਂ ਜਾਣ ਦਿਆਂਗੇ।"

'ਹੁਣ ਕਦੇ ਸਤਿਸੰਗ ਨਹੀਂ ਜਾਵਾਂਗੇ, ਬਹੁਤ ਮੁਸ਼ਕਿਲ ਜਾਨ ਬਚੀ'

ਹਸਪਤਾਲ ਵਿੱਚ ਇੱਕ ਹੋਰ ਜ਼ਖਮੀ ਔਰਤ ਵੀ ਸਤਿਸੰਗ ਵਿੱਚ ਜਾਣ ਤੋਂ ਗੁਰੇਜ਼ ਕਰਨ ਦੀ ਗੱਲ ਕਹਿੰਦੀ ਹੈ, "ਮੈਂ ਘਰੋਂ ਹੀ ਇਹ ਵਾਅਦਾ ਕਰ ਲਵਾਂਗੀ ਕਿ ਮੈਂ ਕਦੇ ਵੀ ਸਤਿਸੰਗ ਵਿੱਚ ਨਹੀਂ ਜਾਵਾਂਗੀ। ਬਹੁਤ ਮੁਸ਼ਕਿਲ ਨਾਲ ਜਾਨ ਬਚੀ ਹੈ।"

ਨਾਰਾਇਣ ਸਾਕਾਰ ਹਰਿ ਦਾ ਪ੍ਰਭਾਵ ਹਾਥਰਸ ਦੇ ਦਲਿਤ ਇਲਾਕੇ ਨਬੀਪੁਰ ਖੁਰਦ ਦੇ ਜ਼ਿਆਦਾਤਰ ਪਰਿਵਾਰਾਂ 'ਤੇ ਨਜ਼ਰ ਆਉਂਦਾ ਹੈ। ਇੱਥੋਂ ਸਤਿਸੰਗ ਵਿੱਚ ਗਈਆਂ ਦੋ ਔਰਤਾਂ ਜ਼ਿੰਦਾ ਪਰਤ ਨਹੀਂ ਸਕੀਆਂ।

ਹੁਣ ਇਨ੍ਹਾਂ ਦੇ ਪਰਿਵਾਰ ਖਿੰਡ ਗਏ ਹਨ।

ਆਸ਼ਾ ਦੇਵੀ ਦਾ ਪਰਿਵਾਰ ਅੰਤਿਮ ਸਸਕਾਰ ਕਰਨ ਤੋਂ ਬਾਅਦ ਵਾਪਸ ਆ ਗਿਆ ਹੈ।

ਦੋ ਕਮਰਿਆਂ ਵਾਲੇ ਛੋਟੇ ਜਿਹੇ ਘਰ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਵੀ ਥਾਂ ਨਹੀਂ ਹੈ।

ਦਰਵਾਜ਼ੇ ਦੇ ਬਾਹਰ ਇੱਕ ਸਿਰ ਮੁੰਨਿਆ ਹੋਇਆ ਪੁੱਤਰ ਬੈਠਾ ਹੈ।

ਕੰਧ ਕੋਲ ਖੜ੍ਹਾ ਦੂਜਾ ਪੁੱਤਰ ਹਰੀਕਾਂਤ ਕਹਿੰਦਾ ਹੈ, "ਮਾਂ ਕਈ ਸਾਲਾਂ ਤੋਂ ਸਤਿਸੰਗ ਨਾਲ ਜੁੜੀ ਹੋਈ ਸੀ, ਅਸੀਂ ਉਨ੍ਹਾਂ ਨੂੰ ਜਾਣ ਤੋਂ ਰੋਕਦੇ ਸੀ ਪਰ ਉਹ ਨਹੀਂ ਮੰਨੀ, ਕੱਲ੍ਹ ਸਵੇਰੇ ਵੀ ਉਹ ਬਿਨਾਂ ਦੱਸੇ ਹੀ ਚਲੇ ਗਏ ਸਨ।"

ਆਸ਼ਾ ਦੇਵੀ ਦੇ ਦੋ ਕਮਰਿਆਂ ਵਾਲੇ ਘਰ ਵਿੱਚ ਇੱਕ ਕਮਰੇ ਵਿੱਚ ਹਿੰਦੂ ਧਰਮ ਨਾਲ ਸਬੰਧਤ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਹਨ। ਦੂਜੇ ਕਮਰੇ ਵਿੱਚ ਸਿਰਫ਼ ਧਰਮ ਗੁਰੂ ਨਾਰਾਇਣ ਸਾਕਾਰ ਵਿਸ਼ਵ ਹਰਿ ਦੀ ਉਸ ਦੀ ਪਤਨੀ ਨਾਲ ਇੱਕ ਤਸਵੀਰ ਲੱਗੀ ਹੋਈ ਹੈ।

ਧਰਮ ਗੁਰੂ ਦਾ ਗੁਣਗਾਨ ਕਰਨ ਵਾਲੀ ਆਰਤੀ ਵੀ ਇੱਥੇ ਟੰਗੀ ਹੋਈ ਹੈ।

ਆਸ਼ਾ ਦੇਵੀ ਦੀ ਪੋਤੀ ਮ੍ਰਿਤੁੰਜਾ ਭਾਰਤੀ ਆਪਣੀ ਦਾਦੀ ਦੀ ਮੌਤ ਤੋਂ ਬਾਅਦ ਕਾਫੀ ਗੁੱਸੇ ਵਿੱਚ ਹੈ।

ਉਹ ਕਹਿੰਦੀ ਹੈ, "ਮੈਂ ਅਜਿਹੇ ਕਿਸੇ ਬਾਬੇ ਨੂੰ ਨਹੀਂ ਮੰਨਦੀ। ਇਨ੍ਹਾਂ ਨੂੰ ਭਗਵਾਨ ਕਿਸ ਨੇ ਬਣਾ ਦਿੱਤਾ, ਕੋਈ ਆਪਣੇ ਆਪ ਨੂੰ ਇਸ ਤਰ੍ਹਾਂ ਦੇਵਤਾ ਕਿਵੇਂ ਬੋਲ ਸਕਦਾ ਹੈ?

ਭਾਰਤੀ ਕਹਿੰਦੀ ਹੈ, "ਕਿੰਨੇ ਲੋਕਾਂ ਨੇ ਆਪਣੇ ਪਰਿਵਾਰਕ ਮੈਂਬਰ ਨੂੰ ਗੁਆ ਦਿੱਤਾ ਹੈ, ਹੁਣ ਇਸ ਹਾਦਸੇ ਦੀ ਜ਼ਿੰਮੇਵਾਰੀ ਕੌਣ ਲਵੇਗਾ? ਕੀ ਬਾਬਾ ਹੁਣ ਇਹਨਾਂ ਪਰਿਵਾਰਾਂ ਦੇ ਦੁੱਖਾਂ ਨੂੰ ਖਤਮ ਕਰ ਸਕਦਾ ਹੈ?"

ਜ਼ਿੰਮੇਵਾਰੀ ਨਹੀਂ ਨਿਭਾਈ ਗਈ ?

ਆਸ਼ਾ ਦੇਵੀ ਦੀ ਧੀ ਮੋਹਿਨੀ ਦੇ ਹੰਝੂ ਨਹੀਂ ਰੁਕ ਰਹੇ ਹਨ।

ਦਰਵਾਜ਼ੇ ਨਾਲ ਲੱਗ ਕੇ ਖੜ੍ਹੀ ਮੋਹਿਨੀ ਕਹਿੰਦੀ ਹੈ, "ਮਾਂ ਨੇ ਮੈਨੂੰ ਸਤਸੰਗ ਵਿੱਚ ਜਾਣ ਲਈ ਕਈ ਵਾਰ ਕਿਹਾ, ਪਰ ਮੈਂ ਨਹੀਂ ਗਈ। ਅਸੀਂ ਸਿਰਫ ਇਹ ਜਾਣਦੇ ਹਾਂ ਕਿ ਸਾਡੀ ਮਾਂ ਸਦਾ ਲਈ ਚਲੀ ਗਈ ਹੈ। ਹੁਣ ਉਹ ਕਦੇ ਵਾਪਿਸ ਨਹੀਂ ਆਵੇਗੀ।"

ਇੱਥੋਂ ਅਗਲੀ ਗਲੀ ਵਿੱਚ ਮੁੰਨੀ ਦੇਵੀ ਦਾ ਘਰ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਵੀ ਬੁੱਧਵਾਰ ਨੂੰ ਹੋਇਆ।

ਮ੍ਰਿਤਕ ਔਰਤ ਦਾ ਪੁੱਤ ਜੁਗਨੂੰ ਕੁਮਾਰ ਕਹਿੰਦੇ ਹਨ, “ਜਦੋਂ ਮੈਂ ਹਸਪਤਾਲ ਪਹੁੰਚਿਆ ਤਾਂ ਮੇਰੀ ਮਾਂ ਹਸਪਤਾਲ ਦੇ ਬਾਹਰ ਬਹੁਤ ਬੁਰੀ ਹਾਲਤ ਵਿੱਚ ਪਈ ਸੀ। ਲੋਕਾਂ ਨੂੰ ਇਸ ਤਰ੍ਹਾਂ ਸੁੱਟਿਆ ਹੋਇਆ ਸੀ ਜਿਵੇਂ ਉਹ ਮਨੁੱਖ ਹੀ ਨਹੀਂ ਹਨ।"

ਜੁਗਨੂੰ ਕੁਮਾਰ ਦਾ ਕਹਿੰਦੇ ਹਨ, "ਮੈਂ ਕਿਸੇ ਬਾਬੇ ਨੂੰ ਨਹੀਂ ਮੰਨਦਾ ਪਰ ਹਾਦਸੇ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨਦਾ ਹਾਂ। ਪ੍ਰਸ਼ਾਸਨ ਨੇ ਸਿਰਫ਼ 80 ਹਜ਼ਾਰ ਲੋਕਾਂ ਨੂੰ ਹੀ ਇਜਾਜ਼ਤ ਦਿੱਤੀ ਸੀ, ਜਦੋਂ ਇੰਨੀ ਵੱਡੀ ਗਿਣਤੀ 'ਚ ਲੋਕ ਉਥੇ ਪਹੁੰਚ ਗਏ ਤਾਂ ਫਿਰ ਇਸ ਲਈ ਕੋਈ ਪ੍ਰਬੰਧ ਕਿਉਂ ਨਹੀਂ ਕੀਤੇ ਗਏ।"

ਜੁਗਨੂੰ ਕੁਮਾਰ ਨੇ ਕਿਹਾ, “ਸਾਡੀ ਮਾਂ ਔਰਤਾਂ ਦੀ ਸੰਗਤ ਵਿੱਚ ਜਾਂਦਿਆਂ ਸਤਿਸੰਗ ਦੇ ਸੰਪਰਕ ਵਿੱਚ ਆਈ ਸੀ, ਅਜਿਹੇ ਬਾਬੇ ਵਿੱਚ ਸਿਰਫ਼ ਔਰਤਾਂ ਹੀ ਵਿਸ਼ਵਾਸ ਰੱਖਦੀਆਂ ਹਨ। ਅਸੀਂ ਅਜਿਹੇ ਪਖੰਡੀ ਬਾਬਿਆਂ ਨੂੰ ਨਹੀਂ ਮੰਨਦੇ। ਸਾਡੇ ਲਈ ਚਾਰੇ ਧਾਮ ਸਾਡੀ ਮਾਂ ਸੀ। ਸਾਡੇ ਛੋਟੇ-ਛੋਟੇ ਬੱਚੇ ਹਨ, ਉਹ ਉਨ੍ਹਾਂ ਦੀ ਦੇਖਭਾਲ ਕਰਦੀ ਸੀ। ਮਾਂ ਦੇ ਜਾਣ ਨਾਲ ਪੂਰਾ ਪਰਿਵਾਰ ਉਦਾਸ ਹੈ। ਹੁਣ ਸਾਡੇ ਪਰਿਵਾਰ ਦਾ ਧਿਆਨ ਕੌਣ ਰੱਖੇਗਾ ?"

ਜੁਗਨੂੰ ਕੁਮਾਰ ਰੋਂਦੇ ਹੋਏ ਕਹਿੰਦੇ ਹਨ, “ਸਾਡੀ ਹਾਲਤ ਦੀ ਕਿਸੇ ਨੂੰ ਚਿੰਤਾ ਨਹੀਂ। ਜੇਕਰ ਜ਼ਿੰਮੇਵਾਰ ਲੋਕਾਂ ਨੇ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਸ਼ਾਇਦ ਇੰਨੇ ਲੋਕ ਨਾ ਮਰਦੇ।"

ਕੀ ਜਾਂਚ ਵਿੱਚ ਪਤਾ ਲੱਗੇਗਾ ਭਗਦੜ ਦਾ ਕਾਰਨ?

ਹੁਣ ਇਸ ਗੱਲ ਦੀ ਨਿਆਂਇਕ ਜਾਂਚ ਹੋਵੇਗੀ ਕਿ ਆਖ਼ਿਰ ਸਤਿਸੰਗ ਵਿੱਚ ਭਗਦੜ ਕਿਉਂ ਮਚੀ। ਪਰ ਮੌਕੇ 'ਤੇ ਪਹੁੰਚ ਕੇ ਪਤਾ ਲੱਗਾ ਕਿ ਅਜਿਹੀ ਭੀੜ ਨੂੰ ਸੰਭਾਲਣ ਲਈ ਨਾ ਤਾਂ ਕੋਈ ਪ੍ਰਬੰਧ ਸੀ ਅਤੇ ਨਾ ਹੀ ਅਜਿਹੇ ਹਾਦਸੇ ਨਾਲ ਨਜਿੱਠਣ ਲਈ ਕੋਈ ਪ੍ਰਬੰਧ ਕੀਤੇ ਗਏ ਸਨ।

ਘਟਨਾ ਵਾਲੀ ਥਾਂ ਤੋਂ ਕਰੀਬ ਚਾਰ ਸੌ ਮੀਟਰ ਦੀ ਦੂਰੀ 'ਤੇ ਸਥਿਤ ਸਤਿਸੰਗ ਸਥਾਨ 'ਤੇ ਨਰਾਇਣ ਸਾਕਾਰ ਦੇ ਬਾਹਰ ਜਾਣ ਲਈ ਇੱਕ ਵੱਖਰਾ ਰਸਤਾ ਬਣਾਇਆ ਗਿਆ ਸੀ।

ਚਸ਼ਮਦੀਦਾਂ ਅਤੇ ਪੀੜਤਾਂ ਮੁਤਾਬਕ ਸਤਿਸੰਗ ਦਾ ਅੰਤ ਹੁੰਦੇ ਹੀ ਸ਼ਰਧਾਲੂਆਂ ਵਿੱਚ ਬਾਹਰ ਨਿਕਲਣ ਲਈ ਹਾਹਾਕਾਰ ਮੱਚ ਗਈ।

ਨੈਸ਼ਨਲ ਹਾਈਵੇਅ 34 'ਤੇ ਕਾਫੀ ਲੋਕ ਪਹਿਲਾਂ ਹੀ ਇਕੱਠੇ ਹੋ ਗਏ ਸਨ। ਭੀੜ ਜ਼ਿਆਦਾ ਹੋਣ ਕਰਕੇ ਕੁਝ ਲੋਕ ਦੂਜੇ ਪਾਸੇ ਢਲਾਨ ਤੋਂ ਤਿਲਕ ਕੇ ਡਿੱਗ ਗਏ।

ਇਹ ਸਭ ਕੁਝ ਦੁਪਹਿਰ ਕਰੀਬ 1:35 ਵਜੇ ਵਾਪਰਿਆ। ਇਸ ਤੋਂ ਬਾਅਦ ਭਗਦੜ ਮੱਚ ਗਈ। ਜਿਹੜਾ ਡਿੱਗ ਗਿਆ ਉਹ ਵਾਪਸ ਉੱਠ ਨਾ ਸਕਿਆ। ਬਾਕੀ ਭੀੜ ਨੇ ਹਾਈਵੇਅ ਦੇ ਦੂਜੇ ਪਾਸੇ ਖੇਤਾਂ ਵਿੱਚ ਜਾਣ ਦੀ ਕੋਸ਼ਿਸ਼ ਕੀਤੀ।

ਚਸ਼ਮਦੀਦਾਂ ਮੁਤਾਬਕ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਸਨ। ਜ਼ਖਮੀਆਂ ਨੂੰ ਤੁਰੰਤ ਨੇੜਲੇ ਸਿਕੰਦਰਾਉ ਸਿਹਤ ਕੇਂਦਰ ਲਿਜਾਇਆ ਗਿਆ।

ਚਾਰ ਵਜੇ ਤੱਕ ਇੱਥੇ ਲਾਸ਼ਾਂ ਦਾ ਢੇਰ ਲੱਗ ਗਿਆ ਸੀ।

ਘਟਨਾ ਵਾਲੀ ਥਾਂ 'ਤੇ ਮੌਜੂਦ ਇਕ ਚਸ਼ਮਦੀਦ ਕਹਿੰਦਾ ਹੈ, "ਪ੍ਰਸ਼ਾਸਨਿਕ ਮਦਦ 4 ਵਜੇ ਤੱਕ ਨਹੀਂ ਪਹੁੰਚ ਸਕੀ। ਭਗਦੜ ਵਿੱਚ ਇੱਥੇ ਤਾਇਨਾਤ ਕੁਝ ਪੁਲਸ ਕਰਮਚਾਰੀ ਵੀ ਜ਼ਖਮੀ ਹੋ ਗਏ। ਕਈ ਲੋਕਾਂ ਦੇ ਸਾਹ ਚੱਲ ਰਹੇ ਸਨ, ਪਰ ਜੇ ਲੋਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਸ਼ਾਇਦ ਕੁਝ ਜਾਨਾਂ ਬੱਚ ਜਾਂਦੀਆਂ।"

ਇਸ ਘਟਨਾ ਨੂੰ ਸ਼ੁਰੂਆਤੀ ਘੰਟਿਆਂ ਵਿੱਚ ਕਵਰ ਕਰਨ ਵਾਲੇ ਸਥਾਨਕ ਪੱਤਰਕਾਰ ਪੀਐਨ ਸ਼ਰਮਾ ਦਾ ਕਹਿਣਾ ਹੈ, "ਹਸਪਤਾਲ ਇੰਨੀ ਵੱਡੀ ਗਿਣਤੀ ਵਿੱਚ ਜ਼ਖਮੀਆਂ ਦੀ ਦੇਖਭਾਲ ਕਰਨ ਲਈ ਤਿਆਰ ਨਹੀਂ ਸੀ। ਬਾਹਰ ਪਈ ਇਕ ਕੁੜੀ ਸਾਹ ਲੈ ਰਹੀ ਸੀ, ਪਰ ਉਸ ਨੂੰ ਮਦਦ ਨਾ ਮਿਲਣ ਕਰਕੇ ਕੁਝ ਸਮੇਂ ਵਿਚ ਹੀ ਉਸ ਦੀ ਮੌਤ ਹੋ ਗਈ।"

ਹੁਣ ਇਸ ਹਾਦਸੇ ਦੀ ਉੱਚ ਪੱਧਰੀ ਜਾਂਚ ਹੋ ਰਹੀ ਹੈ। ਘਟਨਾ ਤੋਂ ਬਾਅਦ ਵੱਡੀ ਗਿਣਤੀ 'ਚ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ।

ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਐਸਡੀਆਰਐਫ ਦੀਆਂ ਟੀਮਾਂ ਵੀ ਮੌਕੇ 'ਤੇ ਤਾਇਨਾਤ ਹਨ।

ਪਰ ਲੋਕ ਇਹ ਸਵਾਲ ਚੁੱਕ ਰਹੇ ਹਨ ਕਿ ਜੇਕਰ ਹਾਦਸੇ ਤੋਂ ਪਹਿਲਾਂ ਅਜਿਹੀ ਸਰਗਰਮੀ ਦਿਖਾਈ ਜਾਂਦੀ ਤਾਂ ਸ਼ਾਇਦ ਮਾਮਲਾ ਇਸ ਹੱਦ ਤੱਕ ਨਾ ਪਹੁੰਚਦਾ।

ਪੁਲਿਸ ਐੱਫਆਈਆਰ ਵਿੱਚ ਕੀ ਖੁਲਾਸਾ ਹੋਇਆ ?

ਸਤਿਸੰਗ ਦੇ ਪ੍ਰਬੰਧਕਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਅਰਜ਼ੀ ਕਿਹਾ ਸੀ ਕਿ 80 ਹਜ਼ਾਰ ਲੋਕਾਂ ਦਾ ਇਕੱਠ ਹੋਵੇਗਾ।

ਪੁਲਿਸ ਦੀ ਐੱਫਆਈਆਰ ਮੁਤਾਬਕ 2.5 ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ। ਇੰਨੀ ਵੱਡੀ ਭੀੜ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ। ਸ਼ਾਇਦ ਇਹੀ ਘਟਨਾ ਦਾ ਸਭ ਤੋਂ ਵੱਡਾ ਕਾਰਨ ਰਿਹਾ।

ਹਾਦਸੇ ਤੋਂ ਬਾਅਦ ਹੁਣ ਵਿਰੋਧੀ ਧਿਰ ਵੀ ਸਰਕਾਰ ਨੂੰ ਘੇਰ ਰਹੀ ਹੈ।

ਹਾਥਰਸ ਦੇ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਜ਼ਖਮੀਆਂ ਦਾ ਹਾਲ ਪੁੱਛਣ ਪਹੁੰਚੇ ਯੂਪੀ ਕਾਂਗਰਸ ਦੇ ਪ੍ਰਧਾਨ ਅਜੈ ਰਾਏ ਨੇ ਉੱਤਰ ਪ੍ਰਦੇਸ਼ ਸਰਕਾਰ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ, "ਸਭ ਤੋਂ ਵੱਡੀ ਲਾਪਰਵਾਹੀ ਸਰਕਾਰ ਦੀ ਹੈ। ਸਰਕਾਰ ਨੇ ਨਾ ਤਾਂ ਹਾਦਸੇ ਤੋਂ ਪਹਿਲਾਂ ਅਤੇ ਨਾ ਹੀ ਬਾਅਦ ਵਿਚ ਆਪਣੀ ਜ਼ਿੰਮੇਵਾਰੀ ਨਿਭਾਈ।"

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਜ਼ਖਮੀਆਂ ਦਾ ਹਾਲ-ਚਾਲ ਵੀ ਪੁੱਛਿਆ।

ਹਾਦਸੇ ਦੇ ਪਿੱਛੇ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਹੋਏ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ, "ਇੰਨੀ ਵੱਡੀ ਘਟਨਾ ਵਾਪਰੀ ਹੈ। ਜੇਕਰ ਇਹ ਹਾਦਸਾ ਨਹੀਂ ਹੈ ਤਾਂ ਇਹ ਸਾਜ਼ਿਸ਼ ਕਿਸ ਦੀ ਹੈ, ਇਸ ਪਿੱਛੇ ਕੌਣ ਹੈ, ਸੂਬਾ ਸਰਕਾਰ ਇਨ੍ਹਾਂ ਸਾਰੇ ਪਹਿਲੂਆਂ ਦੀ ਨਿਆਂਇਕ ਜਾਂਚ ਕਰਵਾ ਰਹੀ ਹੈ, ਜਿਸ ਦੀ ਅਗਵਾਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਕਰ ਰਹੇ ਹਨ। ਅਸੀਂ ਇਸ ਘਟਨਾ ਦੀ ਤਹਿ ਤੱਕ ਜਾਵਾਂਗੇ ਅਤੇ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ।"

ਨਰਾਇਣ ਸਾਕਾਰ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਘਟਨਾ ਪਿੱਛੇ ਸਮਾਜ ਵਿਰੋਧੀ ਅਨਸਰਾਂ ਦੀ ਸਾਜ਼ਿਸ਼ ਹੈ।

ਨਰਾਇਣ ਸਾਕਾਰ ਨੇ ਆਪਣੇ ਐਡਵੋਕੇਟ ਏ.ਪੀ ਸਿੰਘ ਰਾਹੀਂ ਬਿਆਨ ਜਾਰੀ ਕਰਕੇ ਇਸ ਘਟਨਾ ਤੋਂ ਆਪਣਾ ਪੱਲਾ ਝਾੜਦੇ ਹੋਏ ਮ੍ਰਿਤਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ।

'ਭੋਲੇ ਬਾਬਾ' ਉਰਫ਼ ਨਾਰਾਇਣ ਸਾਕਾਰ ਨੇ ਘਟਨਾ ਤੋਂ ਬਾਅਦ ਖੁਦ ਕੋਈ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਉਹ ਦਿਖਾਈ ਦਿੱਤੇ ਹਨ।

ਉਸ ਨਾਲ ਜੁੜੇ ਜਿਨ੍ਹਾਂ ਨੌਕਰਾਂ ਦੇ ਨਾਮ ਐੱਫਆਈਆਰ ਵਿੱਚ ਦਰਜ ਹਨ, ਉਹ ਵੀ ਫਰਾਰ ਹਨ।

ਜਿਹੜੇ ਲੋਕ ਆਪਣੀ ਜ਼ਿੰਦਗੀ ਵਿਚ ਪ੍ਰੇਸ਼ਾਨ ਹੁੰਦੇ ਹਨ, ਉਹ ਸਕੂਨ ਲੱਭਣ ਲਈ ਸਤਿਸੰਗ ਦਾ ਸਹਾਰਾ ਲੈਂਦੇ ਹਨ ਪਰ ਹੁਣ ਸਤਿਸੰਗ ਨੇ ਹੀ ਕਈ ਪਰਿਵਾਰਾਂ ਦਾ ਸਹਾਰਾ ਖੋਹ ਲਿਆ।

ਇਸ ਘਟਨਾ ਤੋਂ ਬਹੁਤ ਸਾਰੇ ਸਬਕ ਮਿਲਦੇ ਹਨ, ਪਰ ਸਵਾਲ ਇਹ ਹੈ ਕਿ ਕੀ ਲੋਕਾਂ ਨੂੰ ਇਹ ਸਬਕ ਸਮਝ ਆਉਣਗੇ ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)