You’re viewing a text-only version of this website that uses less data. View the main version of the website including all images and videos.
ਅਮ੍ਰਿਤਪਾਲ ਸਿੰਘ ਅੱਜ ਚੁੱਕਣਗੇ ਸਹੁੰ, ਡਿਬਰੂਗੜ੍ਹ ਜੇਲ੍ਹ ਤੋਂ ਲਿਆ ਰਹੇ ਦਿੱਲੀ, ਜਾਣੋ ਕਿਹੜੀਆਂ ਸ਼ਰਤਾਂ 'ਤੇ ਮਿਲੀ ਜੇਲ੍ਹ ਤੋਂ ਆਰਜ਼ੀ ਰਿਹਾਈ
ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਅਜ਼ਾਦ ਉਮੀਦਵਾਰ ਵੱਜੋਂ ਜਿੱਤੇ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਲੋਕ ਸਭਾ ਮੈਂਬਰ ਵਜੋਂ ਅੱਜ ਸਹੁੰ ਚੁੱਕਣਗੇ।
ਐੱਨਐੱਸਏ ਐਕਟ ਲਗਾਏ ਜਾਣ ਤੋਂ ਬਾਅਦ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਿਜਾਇਆ ਜਾ ਰਿਹਾ, ਜਿੱਥੇ ਉਹ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ।
ਸਹੁੰ ਚੁੱਕਣ ਲਈ ਅਮ੍ਰਿਤਪਾਲ ਸਿੰਘ ਨੂੰ ਨੈਸ਼ਨਲ ਸਕਿਊਰਿਟੀ ਐਕਟ, 1980 ਦੀ ਧਾਰਾ 15 ਦੇ ਤਹਿਤ ਆਰਜ਼ੀ ਤੌਰ ਉੱਤੇ ਰਿਹਾਅ ਕੀਤਾ ਗਿਆ ਹੈ।
ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਦੇ ਹੁਕਮਾਂ ਮੁਤਾਬਕ ਉਨ੍ਹਾਂ ਦੀ ਇਹ ਰਿਹਾਈ ਹੇਠ ਲਿਖੀਆਂ ਸ਼ਰਤਾਂ ਦੇ ਅਧੀਨ ਕੀਤੀ ਗਈ ਹੈ-
ਇਹ ਹਨ ਆਰਜ਼ੀ ਰਿਹਾਈ ਦੀਆਂ ਸ਼ਰਤਾਂ
- ਉਨ੍ਹਾਂ ਦੇ ਨਾਲ ਡਿਬਰੂਗੜ੍ਹ ਜੇਲ੍ਹ ਤੋਂ ਰਿਹਾਅ ਹੋਣ ਤੋਂ ਲੈਕੇ ਆਪਣੀ ਹਿਰਾਸਤ ਦਾ ਸਮਾਂ ਪੂਰਾ ਕਰਨ ਲਈ ਵਾਪਸ ਜੇਲ੍ਹ ਪਹੁੰਚਣ ਤੱਕ ਸਾਰਾ ਸਮਾਂ ਉਨ੍ਹਾਂ ਦੇ ਨਾਲ ਓਨੇ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਜਿੰਨੇ ਕਿ ਅੰਮ੍ਰਿਤਸਰ ਦੇ ਐੱਸਐੱਸਪੀ ਯੋਗ ਸਮਝਣ।
- ਪਾਰਲੀਮੈਂਟ ਦੇ ਅੰਦਰ ਉਨ੍ਹਾਂ ਦੇ ਨਾਲ ਓਨੇ ਪੁਲਿਸ ਮੁਲਾਜ਼ਮ ਜਾਂ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿਣਗੇ ਜਿੰਨਿਆਂ ਦੀ ਆਗਿਆ ਸਕੱਤਰ ਲੋਕ ਸਭਾ ਦੇਣ।
- ਆਪਣੀ ਆਰਜ਼ੀ ਰਿਹਾਈ ਦੌਰਾਨ ਉਹ ਨਵੀਂ ਦਿੱਲੀ ਤੋਂ ਇਲਾਵਾ ਕਿਸੇ ਵੀ ਹੋਰ ਕਾਰਜ ਖੇਤਰ ਵਿੱਚ ਦਾਖਲ ਨਹੀਂ ਹੋਣਗੇ।
- ਰਿਹਾਈ ਦੇ ਸਮੇਂ ਵਿੱਚ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਦਿੱਲੀ ਤੱਕ ਜਾਣ ਅਤੇ ਵਾਪਸ ਆਉਣ ਤੱਕ ਦਾ ਸਮਾਂ ਸ਼ਾਮਲ ਹੋਵੇਗਾ।
- ਜਿਸ ਸਮੇਂ ਦੌਰਾਨ ਅਮ੍ਰਿਤਪਾਲ ਸਿੰਘ ਦੀ ਪਾਰਲੀਮੈਂਟ ਵਿੱਚ ਲੋੜ ਨਾ ਹੋਵੇ, ਉਨ੍ਹਾਂ ਨੂੰ ਅਜਿਹੀ ਥਾਂ ਉੱਤੇ ਰੱਖਿਆ ਜਾਵੇਗਾ ਜਿਸ ਨੂੰ ਐੱਸਐੱਸਪੀ ਅੰਮ੍ਰਿਤਸਰ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ ਨੂੰ ਵਿਚਾਰਨ ਤੋਂ ਬਾਅਦ ਯੋਗ ਸਮਝਣ।
- ਦਿੱਲੀ ਵਿੱਚ ਰਹਿਣ ਦੌਰਾਨ ਉਹ ਆਪਣੇ ਪੰਜਾਬ ਡੈਟਿਨਿਊ (ਕੰਡੀਸ਼ਨ ਆਫ ਡਿਟੈਂਸ਼ਨ) 1981 ਦੀ ਧਾਰਾ 2(ਸੀ) ਵਿੱਚ ਪਰਿਭਾਸ਼ਿਤ ਰਿਸ਼ਤੇਦਾਰਾਂ ਨੂੰ ਮਿਲ ਸਕਣਗੇ।
- ਅਮ੍ਰਿਤਪਾਲ ਅਜਿਹੀ ਕੋਈ ਵੀ ਕਾਰਵਾਈ ਜਾਂ ਗਤੀਵਿਧੀ ਕਰਨ ਤੋਂ ਬਚਣਗੇ ਜੋ ਕੌਮੀ ਸੁਰੱਖਿਆ ਪ੍ਰਤੀ ਖ਼ਤਰਨਾਕ ਹੋਵੇ।
- ਅਮ੍ਰਿਤਪਾਲ ਜਾਂ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੂੰ ਉਨ੍ਹਾਂ ਦੇ ਕਿਸੇ ਬਿਆਨ ਦੀ ਵੀਡੀਓਗ੍ਰਾਫੀ ਕਰਨ ਜਾਂ ਅਜਿਹੇ ਕਿਸੇ ਬਿਆਨ ਨੂੰ ਅੱਗੇ ਵੰਡਣ ਦੀ ਆਗਿਆ ਨਹੀਂ ਹੋਵੇਗੀ।
- ਇਸ ਦੌਰਾਨ ਉਨ੍ਹਾਂ ਦੇ ਦਿੱਲੀ ਰਹਿਣ ਅਤੇ ਉੱਥੇ ਕਿਤੇ ਆਉਣ-ਜਾਣ ਦਾ ਖਰਚਾ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਕੋਲ ਉਪਲਬਧ ਵਿਭਾਗੀ ਬਜਟ ਵਿੱਚੋਂ ਹੋਵੇਗਾ।
- ਅਮ੍ਰਿਤਪਾਲ ਸਿੰਘ ਦੀ ਆਰਜ਼ੀ ਰਿਹਾਈ ਦੀਆਂ ਉਪਰੋਕਤ ਸ਼ਰਤਾਂ ਦੀ ਸੁਗਮ ਪਾਲਣਾ ਲਈ ਐੱਸਐੱਸਪੀ, ਅੰਮ੍ਰਿਤਸਰ (ਰੂਰਲ) ਲੋਕ ਸਭਾ ਦੇ ਜਨਰਲ ਸਕੱਤਰ ਨਾਲ ਤਾਲਮੇਲ ਕਰਨਗੇ।
ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ ਚੁੱਕਿਆ ਮਸਲਾ
ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਅਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਏ ਜਾਣ ਦਾ ਮੁੱਦਾ ਮੰਗਲਵਾਰ ਨੂੰ ਲੋਕ ਸਭਾ ਵਿੱਚ ਚੁੱਕਿਆ ਸੀ।
ਉਨ੍ਹਾਂ ਨੇ ਸੰਸਦ ਵਿੱਚ ਕਿਹਾ ਸੀ, “ਸਾਡੇ ਇੱਕ ਪੰਜਾਬ ਦੇ ਐੱਮਪੀ ਨੂੰ ਖਡੂਰ ਸਾਹਿਬ ਤੋਂ ਲੋਕਾਂ ਨੇ ਜਿਤਾਇਆ ਪਰ ਤੁਸੀਂ ਉਸ ਨੂੰ ਸਹੁੰ ਨਹੀਂ ਚੁੱਕਣ ਦੇ ਰਹੇ, ਜੇਕਰ ਇਹ ਸਿੱਖਾਂ ਨਾਲ ਧੱਕਾ ਨਹੀਂ ਹੈ ਤਾਂ ਕੀ ਹੈ, ਲੋਕਾਂ ਦੇ ਮੈਂਡੇਟ ਨੂੰ ਸਤਿਕਾਰਨਾ ਹਰ ਸਰਕਾਰ ਦਾ ਫ਼ਰਜ਼ ਹੁੰਦਾ ਹੈ।"
ਉਨ੍ਹਾਂ ਨੇ ਬੰਦੀ ਕੈਦੀਆਂ ਦੀ ਰਿਹਾਈ ਬਾਰੇ ਸਰਕਾਰ ਦਾ ਐਲਾਨ ਪੂਰਾ ਨਾ ਹੋਣ ਬਾਰੇ ਵੀ ਬੋਲੇ।
ਅਮ੍ਰਿਤਪਾਲ ਸਿੰਘ ਕੌਣ ਅਤੇ ਉਨ੍ਹਾਂ ਦਾ ਪਿਛੋਕੜ
ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
ਕਈ ਸਾਲ ਦੁਬਈ ਰਹਿਣ ਤੋਂ ਬਾਅਦ ਸਾਲ 2022 'ਚ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਨੇ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ।
ਅਮ੍ਰਿਤਪਾਲ ਸਿੰਘ ਨੂੰ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ 'ਵਾਰਸ ਪੰਜਾਬ ਦੇ' ਜਥੇਬੰਦੀ ਦਾ ਨਵਾਂ ਮੁਖੀ ਬਣਾਇਆ ਗਿਆ ਸੀ।
ਅਮ੍ਰਿਤਪਾਲ ਸਿੰਘ ਦੀ 'ਵਾਰਸ ਪੰਜਾਬ ਦੇ' ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ।
ਦਰਅਸਲ ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਸੀ।
ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾਂ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
ਅਜਨਾਲਾ ਹਿੰਸਾ ਤੋਂ ਬਾਅਦ ਅਮ੍ਰਿਤਪਾਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ 16 ਕੇਸ ਦਰਜ ਕੀਤੇ ਗਏ ਸਨ। ਉਨ੍ਹਾਂ ਉੱਤੇ ਐਨਐੱਸਏ ਵੀ ਲਗਾਇਆ ਗਿਆ।
ਅਪ੍ਰੈਲ 2023 ਨੂੰ ਅਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਕੀ ਹੈ ਰਾਸ਼ਟਰੀ ਸੁਰੱਖਿਆ ਕਾਨੂੰਨ
ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਐੱਨਐੱਸਏ- 1980 ਕਿਹਾ ਜਾ ਸਕਦਾ ਹੈ।
ਇਹ ਪੂਰੇ ਭਾਰਤ ਵਿੱਚ ਲਾਗੂ ਹੈ ਅਤੇ ਇਸ ਤਹਿਤ ਕਿਸੇ ਵੀ ਥਾਂ 'ਤੇ ਨਜ਼ਰਬੰਦੀ ਦੇ ਹੁਕਮ ਕੀਤੇ ਜਾ ਸਕਦੇ ਹਨ।
ਇਹ ਕਾਨੂੰਨ ਕਈ ਮਹੀਨਿਆਂ ਤੱਕ ਮੁਲਜ਼ਮ ਨੂੰ ਨਿਗਰਾਨੀ ਅਧੀਨ ਹਿਰਾਸਤ ਵਿੱਚ ਰੱਖਣ ਦੀ ਆਗਿਆ ਦਿੰਦਾ ਹੈ।
ਕੇਂਦਰ ਜਾਂ ਸੂਬਾ ਸਰਕਾਰ ਨੂੰ ਜੇਕਰ ਲੱਗੇ ਕਿ ਕੋਈ ਵਿਅਕਤੀ ਦੇਸ਼ ਦੇ ਦੂਸਰੇ ਦੇਸ਼ਾਂ ਨਾਲ ਸਬੰਧਾਂ ਲਈ ਖਤਰਾ ਹੈ ਤਾਂ ਇਸ ਕਾਨੂੰਨ ਦੀ ਵਰਤੋਂ ਹੋ ਸਕਦੀ ਹੈ।
ਇਹ ਐਕਟ ਕਿਸੇ ਵਿਦੇਸ਼ੀ ਨਾਗਰਿਕ ਉਪਰ ਵੀ ਲੱਗ ਸਕਦਾ ਹੈ ਜੇਕਰ ਉਸ ਦੀ ਲਗਾਤਾਰ ਮੌਜੂਦਗੀ ਨਿਗਰਾਨੀ ਹੇਠ ਰੱਖਣੀ ਹੋਵੇ।
ਹਿਰਾਸਤ ਦੇ ਆਦੇਸ਼ ਇਸ ਗੱਲ ’ਤੇ ਖਾਰਿਜ ਨਹੀਂ ਕੀਤੇ ਜਾ ਸਕਦੇ ਕਿ ਜਿਸ ਵਿਅਕਤੀ ਖਿਲਾਫ਼ ਆਦੇਸ਼ ਦਿੱਤਾ ਹੈ, ਉਹ ਸਰਕਾਰ ਜਾਂ ਅਧਿਕਾਰੀ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।
ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਪੰਜ ਸਾਥੀਆਂ ’ਤੇ ਲਾਇਆ ਗਿਆ ਐੱਨਐੱਸਏ ਐਕਟ ਕੀ ਹੈ ਅਤੇ ਇਹ ਕਦੋਂ ਲੱਗਦਾ ਹੈ? ਇਸ ਬਾਰੇ ਹੋਰ ਜਾਣਨ ਲਈ ਤੁਸੀਂ ਇਹ ਰਿਪੋਰਟ ਪੜ੍ਹ ਸਕਦੇ ਹੋ।