ਖਡੂਰ ਸਾਹਿਬ: ਪੰਜਾਬ ਦੀ 'ਪੰਥਕ ਸੀਟ' 'ਤੇ ਹੰਢੇ ਹੋਏ ਸਿਆਸਤਦਾਨਾਂ ਵਿਚਾਲੇ ਅਮ੍ਰਿਤਪਾਲ 'ਫੈਕਟਰ' ਦਾ ਕੀ ਰਹੇਗਾ ਅਸਰ

    • ਲੇਖਕ, ਸੁਰਿੰਦਰ ਸਿੰਘ ਮਾਨ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਮਾਝਾ ਖਿੱਤੇ ਅਧੀਨ ਪੈਂਦਾ ਸ਼ਹਿਰ ਖਡੂਰ ਸਾਹਿਬ ਸਿੱਖ ਭਾਈਚਾਰੇ ਲਈ ਖ਼ਾਸ ਅਹਿਮੀਅਤ ਰੱਖਦਾ ਹੈ।

ਖਡੂਰ ਸਾਹਿਬ ਦੀ ਧਰਤੀ ਨੂੰ ਸਿੱਖ ਧਰਮ ਦੇ ਦਸ ਵਿੱਚੋਂ ਅੱਠ ਗੁਰੂਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ ਵੇਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਖਡੂਰ ਸਾਹਿਬ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।

ਵੱਖ-ਵੱਖ ਪਾਰਟੀਆਂ ਦੇ ਰੰਗ-ਬਿਰੰਗੇ ਝੰਡੇ ਅਤੇ ਕੰਧਾਂ ਅਤੇ ਚੌਰਾਹਿਆਂ ਵਿੱਚ ਲੱਗੇ ਦਿਖਾਈ ਦਿੰਦੇ ਹਨ। ਹਰ ਗਲੀ ਮੁਹੱਲੇ ਅਤੇ ਸੱਥ ਵਿੱਚ ਸਿਰਫ਼ ਚੋਣਾਂ ਦੀ ਹੀ ਚਰਚਾ ਹੋ ਰਹੀ ਹੈ।

ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਵੱਲੋਂ ਆਜ਼ਾਦ ਤੌਰ 'ਤੇ ਚੋਣ ਲੜਨ ਦੇ ਲਏ ਗਏ ਫੈਸਲੇ ਤੋਂ ਬਾਅਦ ਇਸ ਹਲਕੇ ਦੀ ਸਿਆਸੀ ਫਿਜ਼ਾ ਕਾਫ਼ੀ ਦਿਲਚਸਪ ਬਣਦੀ ਨਜ਼ਰ ਆ ਰਹੀ ਹੈ।

ਇਸ ਵਾਰ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਪੰਜ ਕੋਣਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।

ਇਸ ਹਲਕੇ ਤੋਂ ਹਾਕਮ ਧਿਰ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਲਾਲਜੀਤ ਸਿੰਘ ਭੁੱਲਰ ਇਸ ਵੇਲੇ ਖਡੂਰ ਸਾਹਿਬ ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਵਿਧਾਇਕ ਹਨ।

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਗਠਜੋੜ ਨਾ ਹੋਣ ਕਾਰਨ ਇਨ੍ਹਾਂ ਦੋਵਾਂ ਦਲਾਂ ਨੇ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਮੁੱਖ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਅਖਾੜੇ ਵਿੱਚ ਲਿਆਂਦਾ ਗਿਆ ਹੈ। ਵਿਰਸਾ ਸਿੰਘ ਵਲਟੋਹਾ ਇਸੇ ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕੇ ਖੇਮਕਰਨ ਤੋਂ ਵਿਧਾਇਕ ਰਹਿ ਚੁੱਕੇ ਹਨ।

ਸਾਲ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਮਨਜੀਤ ਸਿੰਘ ਮੰਨਾ ਨੂੰ ਭਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਹੈ।

ਮਨਜੀਤ ਸਿੰਘ ਮੰਨਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਪਰ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ। ਵਿਧਾਨ ਸਭਾ ਹਲਕਾ ਬਾਬਾ ਬਕਾਲਾ ਵੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਹੀ ਪੈਂਦਾ ਹੈ।

ਸਾਲ 2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਹਲਕੇ ਤੋਂ ਕਾਂਗਰਸ ਪਾਰਟੀ ਦੇ ਜਸਬੀਰ ਸਿੰਘ ਡਿੰਪਾ ਜੇਤੂ ਰਹੇ ਸਨ।

ਇਸ ਵਾਰ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਹਲਕਾ ਜੀਰਾ ਤੋਂ ਵਿਧਾਇਕ ਰਹਿ ਚੁੱਕੇ ਕੁਲਬੀਰ ਸਿੰਘ ਜੀਰਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਕੁਲਬੀਰ ਸਿੰਘ ਜੀਰਾ ਮਰਹੂਮ ਸਿਹਤ ਮੰਤਰੀ ਇੰਦਰਜੀਤ ਸਿੰਘ ਜੀਰਾ ਦੇ ਪੁੱਤਰ ਹਨ।

ਵਿਲੱਖਣ ਭੂਗੋਲ

ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਭੂਗੋਲਿਕ ਸਥਿਤੀ ਵੀ ਵਿਲੱਖਣ ਹੈ।

ਸਾਲ 2008 ਵਿੱਚ ਲੋਕ ਸਭਾ ਹਲਕਿਆਂ ਦੀ ਹੋਈ ਨਵੀਂ ਹਲਕਾ ਬੰਦੀ ਸਮੇਂ ਖਡੂਰ ਸਾਹਿਬ ਲੋਕ ਸਭਾ ਹਲਕਾ ਹੋਂਦ ਵਿੱਚ ਆਇਆ ਸੀ।

ਇਸ ਤੋਂ ਪਹਿਲਾਂ ਇਹ ਹਲਕਾ ਤਰਨਤਾਰਨ ਲੋਕ ਸਭਾ ਹਲਕੇ ਵਜੋਂ ਜਾਣਿਆਂ ਜਾਂਦਾ ਸੀ।

ਪੰਜਾਬ ਦੇ ਤਿੰਨ ਖਿੱਤਿਆਂ ਮਾਝਾ, ਮਾਲਵਾ ਅਤੇ ਦੁਆਬੇ ਦੇ ਕਈ ਇਲਾਕੇ ਖਡੂਰ ਸਾਹਿਬ ਸਭਾ ਲੋਕ ਸਭਾ ਹਲਕੇ ਅਧੀਨ ਪੈਂਦੇ ਹਨ।

ਜ਼ਿਲਾ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਕਪੂਰਥਲਾ ਦੇ ਪਿੰਡ ਇਸ ਹਲਕੇ ਨਾਲ ਜੁੜੇ ਹੋਏ ਹਨ।

ਸਿਆਸੀ ਗਲਿਆਰਿਆਂ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਨੂੰ 'ਪੰਥਕ ਹਲਕੇ' ਵਜੋਂ ਜਾਣਿਆ ਜਾਂਦਾ ਹੈ।

ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ 75.15 ਫੀਸਦੀ ਵਸੋਂ ਸਿੱਖਾਂ ਦੀ ਹੈ।

ਸਾਲ 2011 ਵਿੱਚ ਭਾਰਤ ਵਿਚ ਹੋਈ ਮਰਦਮਸ਼ੁਮਾਰੀ ਮੁਤਾਬਕ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ 93.33 ਫ਼ੀਸਦੀ ਸਿੱਖ ਧਰਮ ਨਾਲ ਜੁੜੇ ਲੋਕ ਰਹਿੰਦੇ ਹਨ।

ਇਸ ਲੋਕ ਸਭਾ ਹਲਕੇ ਅਧੀਨ ਵਿਧਾਨ ਸਭਾ ਦੇ 9 ਹਲਕੇ ਪੈਂਦੇ ਹਨ, ਜਿਸ ਵਿੱਚ ਜੰਡਿਆਲਾ, ਖੇਮਕਰਨ, ਤਰਨਤਾਰਨ, ਪੱਟੀ, ਖਡੂਰ ਸਾਹਿਬ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਜੀਰਾ ਸ਼ਾਮਲ ਹਨ।

ਚੋਣ ਕਮਿਸ਼ਨ ਮੁਤਾਬਕ ਇਸ ਵਾਰ 15 ਲੱਖ 63 ਹਜ਼ਾਰ 409 ਵੋਟਰ ਆਪਣਾ ਫ਼ੈਸਲਾ ਸੁਣਾਉਣਗੇ।

ਇਹ ਲੋਕ ਸਭਾ ਹਲਕਾ ਉਸ ਵੇਲੇ ਚਰਚਾ ਵਿੱਚ ਆਇਆ ਸੀ, ਜਦੋਂ ਸਾਲ 1989 ਦੀਆਂ ਚੋਣਾਂ ਵਿੱਚ ਇਸ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੇ ਸਨ।

ਉਸ ਵੇਲੇ ਸਿਮਰਨਜੀਤ ਸਿੰਘ ਮਾਨ ਦੇਸ਼ ਧ੍ਰੋਹ ਨਾਲ ਜੁੜੇ ਵੱਖ-ਵੱਖ ਮਾਮਲਿਆਂ ਅਧੀਨ ਬਿਹਾਰ ਦੀ ਭਾਗਲਪੁਰ ਜੇਲ੍ਹ ਵਿੱਚ ਬੰਦ ਸਨ।

ਸਿਮਰਨਜੀਤ ਸਿੰਘ ਮਾਨ ਨੂੰ ਉਸ ਵੇਲੇ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਬਾਬਾ ਜੋਗਿੰਦਰ ਸਿੰਘ ਨੇ ਉਮੀਦਵਾਰੀ ਦਿੱਤੀ ਸੀ।

ਪਰਮਜੀਤ ਕੌਰ ਖਾਲੜਾ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਹਨ। ਉਨਾਂ ਦਾ ਕਹਿਣਾ ਹੈ ਕਿ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਸਿਮਰਨਜੀਤ ਸਿੰਘ ਮਾਨ ਦੀ ਤਰਜ਼ ਉੱਪਰ ਹੀ ਜੇਲ੍ਹ ਤੋਂ ਚੋਣ ਲੜਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਪਰਮਜੀਤ ਕੌਰ ਖਾਲੜਾ ਨੇ ਸਾਲ 2019 ਵਿੱਚ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ।

ਉਮੀਦਵਾਰਾਂ ਦੇ ਦਾਅਵੇ ਅਤੇ ਵਾਅਦੇ

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਣ ਪ੍ਰਚਾਰ ਦੌਰਾਨ ਸਿਆਸੀ ਆਗੂਆਂ ਵੱਲੋਂ ਇੱਕ-ਦੂਜੇ ਉੱਪਰ ਕੀਤੀ ਜਾਣ ਵਾਲੀ ਦੂਸ਼ਣਬਾਜ਼ੀ ਕਰਨ ਦਾ ਸਿਲਸਿਲਾ ਦੇਖਣ ਨੂੰ ਮਿਲ ਰਿਹਾ ਹੈ।

ਆਮ ਆਦਮੀ ਪਾਰਟੀ

ਲਾਲਜੀਤ ਸਿੰਘ ਭੁੱਲਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕੈਬਨਟ ਮੰਤਰੀ ਹਨ। ਉਨ੍ਹਾਂ ਨੂੰ ਪਾਰਟੀ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਹੈ।

ਲਾਲਜੀਤ ਸਿੰਘ ਭੁੱਲਰ ਕਹਿੰਦੇ ਹਨ ਕਿ ਉਹ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਨੂੰ ਦਿੱਤੀਆਂ ਗਈਆਂ ਸਹੂਲਤਾਂ ਦੇ ਆਧਾਰ ਉੱਪਰ ਲੋਕਾਂ ਤੋਂ ਵੋਟਾਂ ਦੀ ਮੰਗ ਕਰਦੇ ਹਨ।

ਉਹ ਕਹਿੰਦੇ ਹਨ, "ਅਸੀਂ ਹਰ ਵਰਗ ਨੂੰ ਘਰੇਲੂ ਬਿਜਲੀ ਮੁਫ਼ਤ ਦੇ ਰਹੇ ਹਾਂ। ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ ਅਤੇ ਲੋਕ ਇਸ ਤੋਂ ਖੁਸ਼ ਹਨ।"

ਲਾਲਜੀਤ ਸਿੰਘ ਭੁੱਲਰ ਦਾਅਵਾ ਕਰਦੇ ਹਨ ਕਿ "ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਸਰਕਾਰੀ ਅਦਾਰਿਆਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਹੈ। ਨੌਜਵਾਨਾਂ ਨੂੰ ਵੱਡੇ ਪੱਧਰ ਉੱਪਰ ਨੌਕਰੀਆਂ ਦਿੱਤੀਆਂ ਗਈਆਂ ਹਨ।"

ਚੋਣ ਜਲਸਿਆਂ ਵਿੱਚ ਉਹ ਲੋਕਾਂ ਨਾਲ ਵਾਅਦਾ ਕਰਦੇ ਹਨ, "ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਜਲਦੀ ਹੀ ਔਰਤਾਂ ਨੂੰ 1000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਪੂਰਾ ਕਰੇਗੀ।"

"ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਮੇਰਾ ਪਹਿਲਾ ਕੰਮ ਇਸ ਹਲਕੇ ਵਿੱਚੋਂ ਲੰਘਦੇ ਸਤਲੁਜ ਦਰਿਆ ਦੇ ਬੰਨ੍ਹਾਂ ਨੂੰ ਪੱਕਾ ਕਰਨ ਦਾ ਹੋਵੇਗਾ ਕਿਉਂਕਿ ਬਾਰਿਸ਼ ਦੇ ਦਿਨਾਂ ਵਿੱਚ ਕਈ ਥਾਵਾਂ ਤੋਂ ਬੰਨ੍ਹ ਟੁੱਟ ਜਾਂਦੇ ਹਨ ਅਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ।"

ਕਾਂਗਰਸ - ਕੁਲਬੀਰ ਸਿੰਘ ਜ਼ੀਰਾ

ਕੁਲਬੀਰ ਸਿੰਘ ਜ਼ੀਰਾ ਨੂੰ ਇੱਕ ਨੌਜਵਾਨ ਆਗੂ ਵਜੋਂ ਜਾਣਿਆਂ ਜਾਂਦਾ ਹੈ।

ਜ਼ੀਰਾ ਸਾਬਕਾ ਵਿਧਾਇਕ ਹਨ ਅਤੇ ਉਨ੍ਹਾਂ ਦੇ ਪਿਤਾ ਇੰਦਰਜੀਤ ਸਿੰਘ ਜ਼ੀਰਾ ਵੀ ਵਿਧਾਇਕ ਰਹੇ ਚੁੱਕੇ ਹਨ। ਜ਼ੀਰਾ ਪਰਿਵਾਰ ਸਿਆਸੀ ਤੌਰ ’ਤੇ ਲੰਬਾ ਸਮਾਂ ਅਕਾਲੀ ਦਲ ਜੁੜਿਆ ਰਿਹਾ ਹੈ। ਇੰਦਰਜੀਤ ਸਿੰਘ ਜ਼ੀਰਾ ਕੈਪਟਨ ਅਮਰਿੰਦਰ ਸਿੰਘ ਵੇਲੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।

ਕੁਲਬੀਰ ਸਿੰਘ ਜ਼ੀਰਾ ਇੱਕ ਸਰਗਰਮ ਸਿਆਸਤਦਾਨ ਹਨ। ਕਿਸਾਨ ਅੰਦੋਲਨ ਮੌਕੇ ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਦਿੱਲੀ ਦੇ ਜੰਤਰ-ਮੰਤਰ ’ਤੇ ਕਾਂਗਰਸੀ ਆਗੂ ਰਵਨੀਤ ਬਿੱਟੂ ਨਾਲ ਧਰਨਾ ਵੀ ਦਿੱਤਾ ਸੀ।

ਸ਼੍ਰੋਮਣੀ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਆਪਣੇ ਚੋਣ ਜਲਸਿਆਂ ਵਿੱਚ ਕੇਂਦਰ ਸਰਕਾਰ ਉੱਪਰ ਪੰਜਾਬ ਨਾਲ ਹਰ ਖੇਤਰ ਵਿੱਚ 'ਵਿਤਕਰਾ' ਕਰਨ ਦੇ ਇਲਜ਼ਾਮ ਲਾਉਂਦੇ ਹਨ।

ਤਰਨਤਾਰਨ ਵਿੱਚ ਇੱਕ ਜਲਸੇ ਨੂੰ ਸੰਬੋਧਨ ਕਰਦੇ ਹੋਏ ਉਹ ਕਹਿੰਦੇ ਹਨ, "ਮੇਰਾ ਪਹਿਲਾ ਕੰਮ ਪਾਕਿਸਤਾਨ ਦੀ ਵਾਹਗਾ ਅਤੇ ਹੁਸੈਨੀਵਾਲਾ ਸਰਹੱਦ ਨੂੰ ਵਪਾਰ ਲਈ ਖੋਲ੍ਹਣ ਦੇ ਮੁੱਦੇ ਨੂੰ ਚੁੱਕਣਾ ਹੋਵੇਗਾ। ਜੇਕਰ ਇਹ ਰਸਤਾ ਖੁੱਲ੍ਹਦਾ ਹੈ ਤਾਂ ਦੇਸ਼ ਦਾ ਵਪਾਰੀ ਵਰਗ ਅਤੇ ਕਿਸਾਨ ਅਰਬ ਦੇਸ਼ਾਂ ਤੱਕ ਵਪਾਰ ਕਰ ਸਕਦੇ ਹਨ।"

"ਸ਼੍ਰੋਮਣੀ ਅਕਾਲੀ ਦਲ ਲਈ ਪੰਥਕ ਮੁੱਦੇ ਸਭ ਤੋਂ ਅਹਿਮ ਹਨ। ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਸੰਘਰਸ਼ ਅਸੀਂ ਕਰਦੇ ਰਹਾਂਗੇ।"

ਵੱਖ-ਵੱਖ ਸਿਆਸੀ ਪਾਰਟੀਆਂ ਦੇ ਚੋਣ ਜਲਸਿਆਂ ਵਿੱਚ ਆਉਣ ਵਾਲੇ ਲੋਕ ਜ਼ਿਆਦਾਤਰ ਨਸ਼ਿਆਂ ਦੀ ਰੋਕਥਾਮ ਦੀ ਗੱਲ ਕਰਦੇ ਹਨ। ਇਸ ਤੋਂ ਇਲਾਵਾ ਗਰੀਬ ਤਬਕੇ ਲਈ ਬੁਨਿਆਦੀ ਸਹੂਲਤਾਂ ਨਾ ਹੋਣ ਦੀ ਗੱਲ ਵੀ ਇਸ ਹਲਕੇ ਦੇ ਪਿੰਡਾਂ ਵਿੱਚ ਉਭਰਦੀ ਹੈ।

ਪਾਕਿਸਤਾਨ ਦੀ ਸਰਹੱਦ ਵਪਾਰ ਲਈ ਖੋਲ੍ਹਣ ਦੀ ਵਕਾਲਤ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਵੀ ਕਰਦੇ ਹਨ।

ਜੰਡਿਆਲਾ ਵਿਖੇ ਇੱਕ ਨੁਕੜ ਮੀਟਿੰਗ ਵਿੱਚ ਬੋਲਦਿਆਂ ਉਹ ਕਹਿੰਦੇ ਹਨ, "ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਆਉਣ ਤੋਂ ਰੋਕਣਾ ਜ਼ਰੂਰੀ ਹੈ।"

ਭਾਰਤੀ ਜਨਤਾ ਪਾਰਟੀ

ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀ ਚੋਣ ਮੁਹਿੰਮ ਕਿਸਾਨਾਂ ਦੇ ਵਿਰੋਧ ਦੇ ਦਰਮਿਆਨ ਚੱਲ ਰਹੀ ਹੈ।

ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਮੀਟਿੰਗਾਂ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਲੇਖਾ-ਜੋਖਾ ਲੋਕਾਂ ਸਾਹਮਣੇ ਰੱਖਦੇ ਹਨ।

ਉਹ ਕਹਿੰਦੇ ਹਨ, "ਨਸ਼ਾ ਅਤੇ ਬੇਰੁਜ਼ਗਾਰੀ ਇਸ ਸਰਹੱਦੀ ਖਿੱਤੇ ਦੀਆਂ ਮੁੱਖ ਸਮੱਸਿਆਵਾਂ ਹਨ। ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨਾਂ ਗੰਭੀਰ ਮੁੱਦਿਆਂ ਵੱਲ ਧਿਆਨ ਨਹੀਂ ਦਿੱਤਾ। ਰੁਜ਼ਗਾਰ ਦੀ ਕਮੀ ਹੋਣ ਕਾਰਨ ਨੌਜਵਾਨ ਗਲਤ ਰਾਹ ਉੱਪਰ ਚੱਲਣ ਲਈ ਮਜ਼ਬੂਰ ਹਨ।"

ਅਜ਼ਾਦ ਉਮੀਦਵਾਰ-ਅਮ੍ਰਿਤਪਾਲ ਸਿੰਘ

ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਇਨ੍ਹਾਂ ਚਾਰ ਪ੍ਰਮੁੱਖ ਪਾਰਟੀਆਂ ਤੋਂ ਇਲਾਵਾ ਪੰਜਵੀਂ ਧਿਰ ਹੈ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ।

ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਦੀ ਚੋਣ ਲੜ ਰਹੇ ਅਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਪਰਮਜੀਤ ਕੌਰ ਖਾਲੜਾ ਦੇ ਹੱਥਾਂ ਵਿੱਚ ਹੈ।

ਹਰਪਾਲ ਸਿੰਘ ਬਲੇਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਹਨ। ਉਨਾਂ ਨੂੰ ਪਹਿਲਾਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਸੀ।

ਪਰ ਜਿਵੇਂ ਹੀ ਅਮ੍ਰਿਤਪਾਲ ਸਿੰਘ ਨੇ ਆਜ਼ਾਦ ਤੌਰ 'ਤੇ ਚੋਣ ਲੜਨ ਦਾ ਫੈਸਲਾ ਲਿਆ ਤਾਂ ਸਿਮਰਨਜੀਤ ਸਿੰਘ ਮਾਨ ਨੇ ਹਰਪਾਲ ਸਿੰਘ ਬਲੇਰ ਦੀ ਉਮੀਦਵਾਰੀ ਵਾਪਸ ਲੈ ਲਈ ਸੀ।

ਪਰ ਹੁਣ ਮੁੜ ਹਰਪਾਲ ਸਿੰਘ ਨੇ ਪਰਚਾ ਭਰ ਦਿੱਤਾ ਹੈ। ਹਰਪਾਲ ਸਿੰਘ ਨੇ ਇਸ ਬਾਰੇ ਕਿਹਾ, “ਮੈਂ ਪਰਚਾ ਇਸ ਲਈ ਭਰਿਆ ਹੈ ਤਾਂ ਜੋ ਅਮ੍ਰਿਤਪਾਲ ਦੇ ਕਾਗਜ਼ਾਂ ਨਾਲ ਕੋਈ ਛੇੜਖਾਨੀ ਨਾ ਹੋਵੇ। ਜਦੋਂ ਅਮ੍ਰਿਤਪਾਲ ਦੇ ਕਾਗਜ਼ ਪ੍ਰਵਾਨ ਹੋ ਜਾਣਗੇ ਤਾਂ ਮੈਂ ਆਪਣਾ ਨਾਮ ਵਾਪਸ ਲੈ ਲਵਾਂਗਾ। ਅਜਿਹਾ ਨਹੀਂ ਹੋ ਸਕਦਾ ਹੈ ਕਿ ਅਸੀਂ ਅਮ੍ਰਿਤਪਾਲ ਸਿੰਘ ਖਿਲਾਫ਼ ਚੋਣ ਲੜੀਏ।”

ਇਸ ਮਗਰੋਂ ਹਰਪਾਲ ਸਿੰਘ ਬਲੇਰ ਨੇ ਆਪਣੇ ਕਾਗਜ਼ ਵਾਪਸ ਲੈ ਲਏ ਸਨ

ਪਰਮਜੀਤ ਕੌਰ ਖਾਲੜਾ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡਾਂ ਵਿੱਚ ਨੌਜਵਾਨਾਂ ਨਾਲ ਮੀਟਿੰਗਾਂ ਕਰ ਰਹੇ ਸਨ।

ਉਹ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਹਿੰਦੇ ਹਨ, "ਸਾਡੇ ਕੋਲ ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਜਜ਼ਬਾ ਹੋਣਾ ਚਾਹੀਦਾ ਹੈ। ਮੇਰੇ ਪਤੀ ਜਸਵੰਤ ਸਿੰਘ ਖਾਲੜਾ ਨੇ ਇਸੇ ਜਜ਼ਬੇ ਤਹਿਤ ਆਪਣੀ ਕੁਰਬਾਨੀ ਦਿੱਤੀ ਸੀ।"

"ਅੱਜ ਫਿਰ ਉਹੀ ਦੌਰ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਖਰਾਬ ਹੋ ਗਈ ਹੈ। ਇੱਥੇ ਕੋਈ ਵੀ ਵਿਅਕਤੀ ਸੁਰੱਖਿਤ ਮਹਿਸੂਸ ਨਹੀਂ ਕਰ ਰਿਹਾ ਹੈ।"

"ਜੇਕਰ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਵਿੱਚ ਸਫਲ ਹੋ ਜਾਂਦੇ ਹਾਂ ਤਾਂ ਦੁਨੀਆਂ ਭਰ ਵਿੱਚ ਇਹ ਸੁਨੇਹਾ ਜਾਵੇਗਾ ਕੇ ਪੰਜਾਬ ਦੇ ਲੋਕਾਂ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਣ ਤੋਂ ਬਚਾਅ ਲਿਆ ਹੈ।"

ਬਾਬਾ ਬਕਾਲਾ ਵਿਖੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਬਲੇਰ ਕਹਿੰਦੇ ਹਨ ਕਿ ਇਸ ਵੇਲੇ ਲੜਾਈ ਦਿੱਲੀ ਤੋਂ ਪੰਜਾਬ ਦੇ ਹੱਕ ਲੈਣ ਦੀ ਹੈ।

"ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਥਕ ਮਸਲੇ ਸਾਡੇ ਲਈ ਅਹਿਮ ਹਨ। ਬੇਰੁਜ਼ਗਾਰੀ ਕਾਰਨ ਪੰਜਾਬ ਦਾ ਨੌਜਵਾਨ ਵਿਦੇਸ਼ ਵੱਲ ਭੱਜ ਰਿਹਾ ਹੈ। ਦੂਜੇ ਪਾਸੇ ਦੂਜੇ ਸੂਬਿਆਂ ਦੇ ਪ੍ਰਵਾਸੀ ਪੰਜਾਬ ਵਿੱਚ ਆਪਣਾ ਕਬਜ਼ਾ ਜਮਾ ਰਹੇ ਹਨ। ਇਸ ਰਿਵਾਇਤ ਨੂੰ ਅਸੀਂ ਖਤਰਨਾਕ ਸਮਝਦੇ ਹਾਂ।"

ਲੋਕਾਂ ਦੇ ਮਸਲੇ

ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ ਵਿੱਚ ਨਸ਼ਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਬਚਨ ਸਿੰਘ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੈਂਦੇ ਭਿੱਖੀਵਿੰਡ ਇਲਾਕੇ ਦੇ ਪਿੰਡ ਖਾਲੜਾ ਦੇ ਰਹਿਣ ਵਾਲੇ ਹਨ।

ਆਪਣੇ ਦਿਲ ਦਾ ਦਰਦ ਬਿਆਨ ਕਰਦੇ ਹੋਏ ਉਹ ਕਹਿੰਦੇ ਹਨ, "ਮੈਂ ਆਪਣੀ 72 ਸਾਲਾਂ ਦੀ ਜ਼ਿੰਦਗੀ ਵਿੱਚ ਕਦੇ ਇਹ ਨਹੀਂ ਸੀ ਦੇਖਿਆ ਕਿ ਨਸ਼ੇ ਕਾਰਨ ਨੌਜਵਾਨ ਮਰ ਰਹੇ ਹੋਣ।"

"ਸਾਡੀ ਬਦਕਿਸਮਤੀ ਹੈ ਕਿ ਆਏ ਦਿਨ ਚਿੱਟੇ ਦੇ ਨਸ਼ੇ ਕਾਰਨ ਮਰੇ ਕਿਸੇ ਨਾ ਕਿਸੇ ਨੌਜਵਾਨ ਦੀ ਲਾਸ਼ ਸੜਕਾਂ ਕਿਨਾਰੇ ਜਾਂ ਖੇਤਾਂ ਵਿੱਚ ਲਾਵਾਰਸ ਪਈ ਮਿਲਦੀ ਹੈ।"

"ਅਜਿਹੇ ਦੌਰ ਵਿੱਚ ਕਿਸੇ ਵੀ ਲੀਡਰ ਦੇ ਸਾਹਮਣੇ ਕੋਈ ਹੋਰ ਮੰਗ ਰੱਖਣ ਨੂੰ ਦਿਲ ਹੀ ਨਹੀਂ ਕਰਦਾ। ਜੇ ਸਾਡੇ ਨੌਜਵਾਨ ਹੀ ਨਾ ਰਹੇ ਤਾਂ ਫਿਰ ਅਸੀਂ ਪੱਕੀਆਂ ਸੜਕਾਂ ਅਤੇ ਮੁਫਤ ਬਿਜਲੀ ਤੋਂ ਕੀ ਕਰਵਾਉਣਾ ਹੈ।"

ਕਸਬਾ ਖੇਮਕਰਨ ਦੇ ਰਹਿਣ ਵਾਲੇ ਸਤਿਕਾਰ ਸਿੰਘ ਨੌਜਵਾਨਾਂ ਦੀ ਭਲਾਈ ਲਈ ਕਾਰਜਸ਼ੀਲ ਰਹਿੰਦੇ ਹਨ।

ਚਿੱਟੇ ਦੇ ਨਸ਼ੇ ਉੱਪਰ ਬੋਲਦਿਆਂ ਉਹ ਕਹਿੰਦੇ ਹਨ, "ਹਰ ਸਰਕਾਰ ਅਤੇ ਹਰ ਉਮੀਦਵਾਰ ਚੋਣਾਂ ਵੇਲੇ ਸਾਡੇ ਨਾਲ ਇਹੀ ਵਾਅਦਾ ਕਰਦਾ ਹੈ ਕਿ ਉਹ ਨਸ਼ੇ ਖ਼ਤਮ ਕਰ ਦੇਣਗੇ ਹਕੀਕਤ ਵਿੱਚ ਕੁਝ ਵੀ ਨਹੀਂ ਹੁੰਦਾ।"

"ਸਾਲ ਕੁ ਪਹਿਲਾਂ ਅਸੀਂ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾ ਕੇ ਨਸ਼ੇ ਵੇਚਣ ਵਾਲਿਆਂ ਨੂੰ ਫੜਨ ਦੀ ਮੁਹਿੰਮ ਵਿੱਡੀ ਸੀ ਪਰ ਰਾਜਨੀਤਕ ਸਫ਼ਾਂ ਵਿੱਚੋਂ ਸਾਨੂੰ ਕੋਈ ਸਹਿਯੋਗ ਨਹੀਂ ਮਿਲਿਆ। ਫਿਰ ਅਸੀਂ ਥੱਕ ਹਾਰ ਕੇ ਘਰ ਬੈਠ ਗਏ।"

"ਨਸ਼ਾ ਵੇਚਣ ਵਾਲੇ ਇੰਨੇ ਮਜ਼ਬੂਤ ਹਨ ਕੇ ਅਸੀਂ ਡਰਦੇ ਮਾਰਿਆਂ ਨੇ ਨਸ਼ਿਆਂ ਵਿਰੁੱਧ ਖੁੱਲ ਕੇ ਬੋਲਣਾ ਹੀ ਬੰਦ ਕਰ ਦਿੱਤਾ ਹੈ"।

ਹਰਪਾਲ ਸਿੰਘ ਪੇਸ਼ੇ ਵਜੋਂ ਵਕੀਲ ਹਨ। ਉਹ ਸਿਆਸੀ ਮਾਮਲਿਆਂ ਦੇ ਮਾਹਰ ਹਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਗੱਲ ਕਰਦੇ ਹਨ।

ਉਹ ਕਹਿੰਦੇ ਹਨ, "ਅੱਜ ਦੇ ਦੌਰ ਵਿੱਚ ਸਿਆਸੀ ਲੋਕ ਨਿੱਜੀ ਸਵਾਰਥਾਂ ਦੀ ਪੂਰਤੀ ਵਾਲੀ ਸਿਆਸਤ ਕਰ ਰਹੇ ਹਨ। ਲੋਕਾਂ ਦੇ ਬੁਨਿਆਦੀ ਮਸਲੇ ਸਿਆਸਤਦਾਨਾਂ ਦੇ ਜ਼ਿਹਨ ਵਿੱਚੋਂ ਮਨਫ਼ੀ ਹਨ।"

"ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਪੰਜਾਬ ਦੇ ਮੁੱਦੇ ਬਾਕੀ ਸੂਬਿਆਂ ਨਾਲੋਂ ਵੱਖ ਹਨ। ਬੇਰੁਜ਼ਗਾਰੀ ਅਤੇ ਨਸ਼ਿਆਂ ਕਾਰਨ ਲੋਕ ਨਿਰਾਸ਼ਤਾ ਦੇ ਆਲਮ ਵਿੱਚ ਹਨ।"

ਰਵਾਇਤੀ ਸਿਆਸੀ ਪਾਰਟੀਆਂ ਦੇ ਮੁਕਾਬਲੇ ਅਮ੍ਰਿਤਪਾਲ ਸਿੰਘ ਵੱਲੋਂ ਆਜ਼ਾਦ ਚੋਣ ਲੜਨ ਉੱਪਰ ਟਿੱਪਣੀ ਕਰਦੇ ਹੋਏ ਉਹ ਕਹਿੰਦੇ ਹਨ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਦੀ ਚੋਣ ਪੰਜਾਬ ਦੇ ਬਾਕੀ ਹਲਕਿਆਂ ਤੋਂ ਵਿਲੱਖਣ ਹੈ।

"ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨੈਸ਼ਨਲ ਸਿਕਿਉਰਟੀ ਐਕਟ ਅਧੀਨ ਬੰਦ ਕਰਨਾ ਗ਼ੈਰ-ਕਾਨੂੰਨੀ ਹੈ। ਧਰਮ ਦਾ ਪ੍ਰਚਾਰ ਕਰਨ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢਣ ਵਾਲਿਆਂ ਖ਼ਿਲਾਫ਼ ਅਜਿਹੀ ਕਾਰਵਾਈ ਗ਼ੈਰ-ਜਮਹੂਰੀ ਹੈ।"

"ਮੈਂ ਇਹ ਗੱਲ ਸਪਸ਼ਟ ਰੂਪ ਵਿੱਚ ਕਹਿ ਸਕਦਾ ਹਾਂ ਕਿ ਖਡੂਰ ਸਾਹਿਬ ਹਲਕੇ ਦਾ ਚੋਣ ਨਤੀਜਾ ਪੰਜਾਬ ਦੀ ਸਿਆਸੀ ਫਿਜ਼ਾ ਨੂੰ ਇੱਕ ਨਵੀਂ ਰੰਗਤ ਦੇਣ ਦੇ ਸਮਰੱਥ ਹੋਵੇਗਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)