You’re viewing a text-only version of this website that uses less data. View the main version of the website including all images and videos.
ਹਾਥਰਸ ’ਚ ਹਾਦਸਾ: ਕਾਂਸਟੇਬਲ ਦੀ ਨੌਕਰੀ ਛੱਡ ਕੇ ਇੱਕ ਛੋਟੇ ਸ਼ਹਿਰ ਦਾ ਸੂਰਜਪਾਲ 'ਭੋਲੇ ਬਾਬਾ' ਕਿਵੇਂ ਬਣ ਗਿਆ
'ਭੋਲਾ ਬਾਬਾ' ਬਣਿਆ ਇਹ ਸਾਬਕਾ ਪੁਲਿਸ ਵਾਲਾ ਕੌਣ ?
ਜੁਲਾਈ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਹੋਣ ਵਾਲੇ ਪਹਿਲੇ ਸਮਾਗਮ ਨੂੰ ਮਾਨਵ ਮੰਗਲ ਮਿਲਨ ਕਿਹਾ ਗਿਆ ਸੀ ਅਤੇ ਉਸਦੇ ਪ੍ਰਬੰਧਕ ਦੇ ਨਾਮ ਵਜੋਂ ਮਾਨਵ ਮੰਗਲ ਮਿਲਨ ਸਦਭਾਵਨਾ ਸਮਾਗਮ ਕਮੇਟੀ ਦਾ ਨਾਮ ਹੈ।
ਅੱਗੇ ਜਾਣਦੇ ਹਾਂ ਕਿ ਹਾਥਰਸ ਜ਼ਿਲੇ ਦੀ ਤਹਿਸੀਲ ਸਿਕੰਦਰਾਊ ਦੇ ਪਿੰਡ ਮੁਗਲਗੜ੍ਹੀ ਵਿੱਚ ਹੋ ਰਿਹਾ ਇਹ ਸਮਾਗਮ ਕੀ ਸੀ ਅਤੇ ਆਖ਼ਿਰ ਇਹ 'ਭੋਲੇ ਬਾਬਾ' ਕੌਣ ਹੈ ?
ਹਾਲਾਂਕਿ ਇਨ੍ਹਾਂ ਲੋਕਾਂ ਬਾਰੇ ਅਲੀਗੜ੍ਹ ਦੇ ਪੁਲਿਸ ਮਹਾਂ ਨਿਰਦੇਸ਼ਕ ਸ਼ਲਭ ਮਾਥੁਰ ਨੇ ਦੱਸਿਆ, "ਸਤਸੰਗ ਸਮਾਗਮ ਦੀ ਪ੍ਰਬੰਧਕੀ ਕਮੇਟੀ ਅਤੇ ਬਾਬਾ ਦੇ ਖਿਲਾਫ ਸੰਗੀਨ ਧਾਰਾਵਾਂ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।"
"ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਭੋਲੇ ਬਾਬਾ ਦੀ ਤਲਾਸ਼ ਕੀਤੀ ਜਾ ਰਹੀ ਹੈ ਲੇਕਿਨ ਸਾਰਿਆਂ ਨੇ ਆਪੋ-ਆਪਣੇ ਮੋਬਾਈਲ ਬੰਦ ਕੀਤੇ ਹੋਏ ਹਨ। ਇਸ ਲਈ ਸਾਰਿਆਂ ਬਾਰੇ ਸਟੀਕ ਅਤੇ ਸੂਚਨਾਵਾਂ ਨਹੀਂ ਮਿਲ ਰਹੀਆਂ।"
ਸਤਸੰਗ ਵਾਲੇ ਬਾਬਾ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ।
ਸੂਰਜਪਾਲ ਜਾਟਵ ਨਾਮ ਦੇ ਸਾਬਕਾ ਕਾਂਸਟੇਬਲ ਨੇ ਨੌਕਰੀ ਛੱਡ ਕੇ ਇਹ ਰਾਹ ਅਪਣਾਇਆ ਅਤੇ ਦੇਖਦੇ ਹੀ ਦੇਖਦੇ ਲੱਖਾਂ ਸ਼ਰਧਾਲੂ ਜੋੜ ਲਏ।
ਨਾਰਾਇਣ ਸਾਕਾਰ ਹਰਿ ਏਟਾ ਜ਼ਿਲ੍ਹਾ ਤੋਂ ਵੱਖ ਹੋਏ ਕਾਸਗੰਜ ਜ਼ਿਲ੍ਹੇ ਦੇ ਪਟਿਆਲੀ ਦੇ ਬਹਾਦਰਪੁਰ ਪਿੰਡ ਦੇ ਵਾਸੀ ਹਨ। ਉੱਤਰ ਪ੍ਰਦੇਸ਼ ਪੁਲਿਸ ਦੀ ਸਰਕਾਰੀ ਨੌਕਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਉਹ ਲੋਕਲ ਇੰਟੈਲੀਜੈਂਸ ਯੂਨਿਟ ਵਿੱਚ ਤੈਨਾਤ ਰਹੇ ਅਤੇ ਕਰੀਬ 28 ਸਾਲ ਪਹਿਲਾਂ ਛੇੜਖਾਨੀ ਦੇ ਇੱਕ ਮਾਮਲੇ ਵਿੱਚ ਮੁਲਜ਼ਮ ਹੋਣ ਕਾਰਨ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ।
ਇੰਡੀਅਨ ਐਕਸਪ੍ਰੈਸ ਮੁਤਾਬਕ, ਸੂਰਜਪਾਲ ਸਿੰਘ ਉਰਫ਼ ਭੋਲੇ ਬਾਬਾ ਉੱਤਰ ਪ੍ਰਦੇਸ਼ ਪੁਲਿਸ ਵਿੱਚ ਕਾਂਸਟੇਬਲ ਵਜੋਂ ਨੌਕਰੀ ਕਰ ਰਹੇ ਸੀ। ਹਾਦਸੇ ਮਗਰੋਂ ਸੂਰਜਪਾਲ ਦੇ ਪਿੰਡ ਗਏ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ, "ਲਗਭਗ ਇੱਕ ਦਹਾਕੇ ਤੱਕ ਉਨ੍ਹਾਂ ਨੇ ਪੁਲਿਸ ਦੀ ਨੌਕਰੀ ਕੀਤੀ ਅਤੇ ਫਿਰ ਨੌਕਰੀ ਛੱਡ ਦਿੱਤੀ। ਉਨ੍ਹਾਂ ਦੀ ਆਖ਼ਰੀ ਪੋਸਟਿੰਗ ਆਗਰੇ ਵਿੱਚ ਹੋਈ ਸੀ।"
ਨੌਕਰੀ ਤੋਂ ਸਸਪੈਂਡ ਕੀਤੇ ਜਾਣ ਤੋਂ ਪਹਿਲਾਂ ਉਹ 18 ਪੁਲਿਸ ਥਾਣਿਆਂ ਵਿੱਚ ਨੌਕਰੀ ਕਰ ਚੁੱਕੇ ਸਨ।
ਇਟਾਵਾ ਦੇ ਸੀਨੀਅਰ ਪੁਲਿਸ ਸੁਪਰੀਨਟੈਂਡੈਂਟ ਸੰਜੇ ਕੁਮਾਰ ਦੱਸਦੇ ਹਨ ਕਿ ਛੇੜਖਾਨੀ ਵਾਲੇ ਮਾਮਲੇ ਵਿੱਚ ਸੂਰਜ ਜਾਟਵ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਬੰਦ ਰਹੇ ਅਤੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸੂਰਜਪਾਲ ਬਾਬਾ ਦੀ ਸ਼ਕਲ ਵਿੱਚ ਸਾਹਮਣੇ ਆਏ।
ਪਟਿਆਲਵੀ ਦੇ ਸਰਕਲ ਅਫਸਰ (ਸੀਓ) ਵਿਜੇ ਕੁਮਾਰ ਰਾਣਾ ਨੇ ਪੀਟੀਆਈ ਨੂੰ ਦੱਸਿਆ ਕਿ ਸੂਰਜਪਾਲ ਨੇ 1990ਵਿਆਂ ਦੇ ਅਖੀਰ ਵਿੱਚ ਪੁਲਿਸ ਮੁਲਾਜ਼ਮ ਵਜੋਂ ਨੌਕਰੀ ਛੱਡ ਦਿੱਤੀ ਸੀ ਅਤੇ ਪੂਰੀ ਤਰ੍ਹਾਂ ਅਧਿਆਤਮਿਕਤਾ ਵੱਲ ਰੁੱਖ ਕਰ ਲਿਆ ਸੀ। ਉਸ ਨੇ 'ਸਤਿਸੰਗ' ਯਾਨੀ ਧਾਰਮਿਕ ਉਪਦੇਸ਼ ਕਰਵਾਉਣੇ ਵੀ ਸ਼ੁਰੂ ਕਰ ਦਿੱਤੇ ਸਨ।
ਪੁਲਿਸ ਤੋਂ ਸਸਪੈਂਡ ਹੋਣ ਤੋਂ ਬਾਅਦ ਉਹ ਅਦਾਲਤ ਗਏ ਅਤੇ ਉਨ੍ਹਾਂ ਨੂੰ ਨੌਕਰੀ ਉੱਤੇ ਬਹਾਲ ਕਰ ਦਿੱਤਾ ਗਿਆ। ਸਾਲ 2002 ਵਿੱਚ ਉਨ੍ਹਾਂ ਨੇ ਆਗਰੇ ਤੋਂ ਵੀਆਰਐੱਸ ਲੈ ਲਈ।
ਸੇਵਾ ਮੁਕਤ ਹੋਣ ਤੋਂ ਬਾਅਦ ਉਹ ਆਪਣੇ ਪਿੰਡ ਬਦੁਰਪੁਰ ਪਹੁੰਚੇ, ਜਿੱਥੇ ਕੁਝ ਦਿਨ ਰੁਕਣ ਤੋਂ ਬਾਅਦ ਉਨ੍ਹਾਂ ਨੇ ਈਸ਼ਵਰ ਨਾਲ ਸੰਵਾਦ ਕਰਨ ਦਾ ਦਾਅਵਾ ਕੀਤਾ ਅਤੇ ਖ਼ੁਦ ਨੂੰ ਭੋਲੇ ਬਾਬਾ ਦੇ ਨਾਮ ਉੱਤੇ ਸਥਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਸ਼ੁਰੂ ਕੀਤਾ।
ਕੁਝ ਹੀ ਸਾਲਾਂ ਦੇ ਅੰਦਰ ਉਨ੍ਹਾਂ ਦੇ ਭਗਤ ਕਈ ਨਾਵਾਂ ਨਾਲ ਬੁਲਾਉਣ ਲੱਗੇ ਅਤੇ ਵੱਡੇ-ਵੱਡੇ ਸਮਾਗਮਾਂ ਵਿੱਚ ਹਜ਼ਾਰਾਂ ਲੋਕ ਸ਼ਰੀਕ ਹੋਣ ਲੱਗੇ।
ਇਟਾਵਾ ਦੇ ਸੀਨੀਅਰ ਪੁਲਿਸ ਸੁਪਰੀਨਟੈਂਡੈਂਟ ਸੰਜੇ ਕੁਮਾਰ ਦੱਸਦੇ ਹਨ ਕਿ 75 ਸਾਲਾ ਜਾਟਵ ਦੇ ਤਿੰਨ ਭਰਾ ਹਨ। ਸਭ ਤੋਂ ਵੱਡੇ ਸੂਰਜਪਾਲ ਹੀ ਹਨ।
ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਆਪਣੇ ਪਿੰਡ ਵਿੱਚ ਸੂਰਜਪਾਲ ਦਾ ਆਉਣਾ-ਜਾਣਾ ਘੱਟ ਹੀ ਰਿਹਾ ਹੈ। ਹਾਲਾਂਕਿ ਉੱਥੇ ਉਨ੍ਹਾਂ ਦਾ ਇੱਕ ਚੈਰੀਟੇਬਲ ਟਰੱਸਟ ਸਰਗਰਮ ਹੈ।
ਸੂਰਜਪਾਲ ਉਰਫ਼ ਭੋਲੇ ਬਾਬਾ ਦੀ ਕੋਈ ਵੀ ਔਲਾਦ ਨਹੀਂ ਹੈ ਅਤੇ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ 'ਸਤਿਸੰਗ' ਵਿਚ ਜਾਂਦਾ ਹੈ।
ਸੂਰਜਪਾਲ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਹਨ। ਬਹਾਦੁਰ ਨਗਰ ਵਿੱਚ ਆਪਣਾ ਆਸ਼ਰਮ ਸਥਾਪਤ ਕਰਨ ਮਗਰੋਂ, ਭੋਲੇ ਬਾਬਾ ਦੀ ਪ੍ਰਸਿੱਧੀ ਗਰੀਬ ਅਤੇ ਪਛਾੜੇ ਹੋਏ ਵਰਗਾਂ ਵਿੱਚ ਤੇਜ਼ੀ ਨਾਲ ਵਧੀ। ਸਥਾਨਕ ਲੋਕਾਂ ਅਨੁਸਾਰ ਇਸ ਤਰ੍ਹਾਂ ਲੱਖਾਂ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ।
ਇਸ ਬਾਰੇ ਬਹਾਦੁਰ ਨਗਰ ਦੀ ਪ੍ਰਧਾਨ ਨਜਿਸ ਖ਼ਾਨਮ ਦੇ ਪਤੀ ਜ਼ਫ਼ਰ ਅਲੀ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ, "ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ, ਉਸ ਨੇ ਆਪਣਾ ਨਾਮ ਭੋਲੇ ਬਾਬਾ ਵਿੱਚ ਤਬਦੀਲ ਕਰ ਲਿਆ ਅਤੇ ਉਨ੍ਹਾਂ ਦੀ ਪਤਨੀ ਨੂੰ ਮਾਤਾ ਸ਼੍ਰੀ ਵਜੋਂ ਜਾਣਿਆ ਜਾਂਦਾ ਹੈ।"
ਉਨ੍ਹਾਂ ਨੇ ਅੱਗੇ ਦੱਸਿਆ ਕਿ ਪਰਿਵਾਰ ਬਹੁਤ ਖੁਸ਼ਹਾਲ ਸੀ। ਤਿੰਨ ਭਰਾਵਾਂ ਵਿੱਚੋਂ ਇੱਕ ਦੀ ਤਾਂ ਮੌਤ ਹੋ ਗਈ ਸੀ ਪਰ ਸੂਰਜਪਾਲ ਦਾ ਛੋਟਾ ਭਰਾ ਰਾਕੇਸ਼, ਜੋ ਇੱਕ ਕਿਸਾਨ ਹੈ, ਅਜੇ ਵੀ ਆਪਣੀ ਪਰਿਵਾਰ ਨਾਲ ਪਿੰਡ ਵਿੱਚ ਹੀ ਰਹਿੰਦਾ ਹੈ।
ਅਲੀ ਨੇ ਇਹ ਵੀ ਦੱਸਿਆ ਕਿ, “ਉਸਨੇ ਪਿੰਡ ਵਿੱਚ ਆਪਣੀ 30 ਵਿੱਘੇ ਜ਼ਮੀਨ ਵਿੱਚ ਇੱਕ ਆਸ਼ਰਮ ਬਣਾਇਆ ਸੀ। ਦੂਜੇ ਜ਼ਿਲ੍ਹਿਆਂ ਅਤੇ ਇੱਥੋਂ ਤੱਕ ਕਿ ਦੂਜੇ ਸੂਬਿਆਂ ਦੇ ਲੋਕ ਵੀ ਉਸ ਦਾ ਆਸ਼ੀਰਵਾਦ ਲੈਣ ਲਈ ਆਸ਼ਰਮ ਆਉਂਦੇ ਸਨ ਅਤੇ ਉਨ੍ਹਾਂ ਨੂੰ ਆਸ਼ਰਮ ਵਿੱਚ ਰਿਹਾਇਸ਼ ਵੀ ਦਿੱਤੀ ਜਾਂਦੀ ਸੀ।”
ਅਲੀ ਮੁਤਾਬਕ ਉਨ੍ਹ ਨੇ ਸੁਣਿਆ ਹੈ ਕਿ ਸੂਰਜਪਾਲ ਹੁਣ ਰਾਜਸਥਾਨ ਵਿੱਚ ਰਹਿ ਰਿਹਾ ਹੈ। ਉਸ ਨੇ ਪਿਛਲੇ ਸਾਲ ਹੀ ਪਿੰਡ ਆ ਕੇ ਆਪਣੀ ਜਾਇਦਾਦ ਇੱਕ ਟਰੱਸਟ ਨੂੰ ਸੌਂਪ ਦਿੱਤੀ ਸੀ ਅਤੇ ਹੁਣ ਇੱਕ ਪ੍ਰਬੰਧਕ ਆਸ਼ਰਮ ਦੀ ਨਿਗਰਾਨੀ ਕਰਦਾ ਹੈ।
ਪੀਟੀਆਈ ਨੂੰ ਹਾਥਰਸ ਦੇ ਇੱਕ ਵਿਅਕਤੀ ਨੇ ਕਿਹਾ, "ਬਾਬਾ ਉਪਦੇਸ਼ ਦਿੰਦੇ ਹਨ ਅਤੇ ਸੁਰੱਖਿਆ ਲਈ ਆਪਣੇ ਵਲੰਟੀਅਰ ਰੱਖਦੇ ਹਨ ਜੋ ਉਨ੍ਹਾਂ ਦੇ ਸਤਿਸੰਗ ਦੇ ਪ੍ਰਬੰਧਾਂ ਦੀ ਦੇਖਭਾਲ ਕਰਦੇ ਹਨ।"
ਆਪਣੇ ਸਤਸੰਗਾਂ ਵਿੱਚ ਬਾਬਾ ਨੇ ਇਹ ਦਾਅਵਾ ਅਕਸਰ ਕੀਤਾ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਰਕਾਰੀ ਨੌਕਰੀ ਤੋਂ ਇੱਥੋਂ ਤੱਕ ਉਨ੍ਹਾਂ ਨੂੰ ਕੌਣ ਖਿੱਚ ਕੇ ਲਿਆਇਆ ਹੈ।
ਬਿਨਾ ਦਾਨ ਤੋਂ ਕਈ ਆਸ਼ਰਮ
ਦਿਲਚਸਪ ਇਹ ਵੀ ਹੈ ਕਿ ਨਾਰਾਇਣ ਸਾਕਾਰ ਆਪਣੇ ਭਗਤਾਂ ਤੋਂ ਕੋਈ ਦਾਨ- ਚੜ੍ਹਾਵਾ ਆਦਿ ਨਹੀਂ ਲੈਂਦੇ ਲੇਕਿਨ ਇਸਦੇ ਬਾਵਜੂਦ ਉਨ੍ਹਾਂ ਦੇ ਕਈ ਆਸ਼ਰਮ ਹਨ।
ਉੱਤਰ ਪ੍ਰਦੇਸ਼ ਦੀਆਂ ਕਈ ਦੂਜੀਆਂ ਥਾਵਾਂ ਉੱਤੇ ਮਲਕੀਅਤ ਵਾਲੀਆਂ ਜ਼ਮੀਨਾਂ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ।
ਨਾਰਾਇਣ ਸਾਕਾਰ ਹਰਿ ਆਪਣੇ ਸਤਸੰਗਾਂ ਵਿੱਚ ਆਪਣੇ ਭਗਤਾਂ ਦੀ ਸੇਵਾਦਾਰ ਬਣ ਕੇ ਸੇਵਾ ਕਰਦੇ ਨਜ਼ਰ ਆਉਂਦੇ ਹਨ। ਬਹੁਤ ਸੰਭਵ ਹੈ ਕਿ ਉਹ ਅਜਿਹਾ ਆਪਣੇ ਭਗਤਾਂ ਵਿੱਚ ਮਸ਼ਹੂਰ ਹੋਣ ਲਈ ਸੋਚ ਸਮਝ ਕੇ ਕਰਦੇ ਹੋਣ।
ਉਹ ਹਮੇਸ਼ਾ ਚਿੱਟੇ ਕੱਪੜਿਆਂ ਵਿੱਚ ਦਿਖਦੇ ਹਨ। ਨਾਰਾਇਣ ਸਾਕਾਰ ਪਜਾਮਾ ਕੁੜਤਾ, ਪੈਂਟ-ਕਮੀਜ਼ ਅਤੇ ਸੂਟ ਤੱਕ ਵਿੱਚ ਦੇਖੇ ਜਾਂਦੇ ਹਨ।
ਹਾਲਾਂਕਿ ਇੰਟਰਨੈਟ ਉੱਤੇ ਉਹ ਬਹੁਤੇ ਮਸ਼ਹੂਰ ਨਹੀਂ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਭਗਤਾਂ ਦੀ ਬਹੁਤੀ ਮੌਜੂਦਗੀ ਨਜ਼ਰ ਨਹੀਂ ਆਉਂਦੀ।
ਲੇਕਿਨ ਉਨ੍ਹਾਂ ਦੇ ਸਤਸੰਗ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭੀੜ ਉਤਰ ਆਉਂਦੀ ਹੈ।
ਇਨ੍ਹਾ ਸਮਾਗਮਾਂ ਵਿੱਚ ਸੈਂਕੜੇ ਸੇਵਾਦਾਰ ਅਤੇ ਸੇਵਾਦਾਰਨੀਆਂ ਸਾਰੀ ਜ਼ਿੰਮੇਵਾਰੀ ਸੰਭਾਲਦੀਆਂ ਹਨ।
ਪਾਣੀ, ਖਾਣੇ ਤੋਂ ਲੈਕੇ ਆਵਾਜਾਈ ਦੀ ਪ੍ਰਣਾਲੀ ਚੰਗੀ ਤਰ੍ਹਾਂ ਸੰਭਾਲੀ ਜਾਂਦੀ ਹੈ।
ਯੂਪੀ ਪੁਲਿਸ ਤੋਂ ਫੀਲਡ ਅਫਸਰ ਵਜੋਂ ਰਿਟਾਇਰ ਹੋਏ ਰਾਮਨਾਥ ਸਿੰਘ ਯਾਦਵ ਦੱਸਦੇ ਹਨ, "ਭੋਲੇ ਬਾਬਾ ਦਾ ਅੱਜ ਤੋਂ ਤਿੰਨ ਸਾਲ ਪਹਿਲਾਂ ਇਟਾਵਾ ਦੇ ਨੁਮਾਇਸ਼ ਮੈਦਾਨ ਵਿੱਚ ਵੀ ਇੱਕ ਮਹੀਨੇ ਤੱਕ ਸਤਸੰਗ ਸਮਾਗਮ ਚੱਲਿਆ ਸੀ। ਇਸ ਦੌਰਾਨ ਅਫਰਾਤਫ਼ਰੀ ਦੇਖੀ ਗਈ ਸੀ। ਸਮਾਗਮ ਦੇ ਆਸ ਪਾਸ ਵਾਲੀ ਕਲੌਨੀ ਵਿੱਚ ਰਹਿਣ ਵਾਲਿਆਂ ਨੇ ਭਵਿੱਖ ਵਿੱਚ ਬਾਬੇ ਦੇ ਪ੍ਰਗੋਰਾਮਾਂ ਦੀ ਆਗਿਆ ਨਾ ਦੇਣ ਦੀ ਅਪੀਲ ਪ੍ਰਸ਼ਾਸਨਿਕ ਅਫਸਰਾਂ ਨੂੰ ਕੀਤੀ ਸੀ।"
ਭਗਤਾਂ ਦੀ ਅਪੀਲ
ਬਾਬੇ ਦੇ ਭਗਤਾਂ ਵਿੱਚ ਸਮਾਜਵਾਦੀ ਪਾਰਟੀ ਦੇ ਆਗੂ ਜਸਵੰਤਨਗਰ ਦੇ ਸਾਬਕਾ ਬਲਾਕ ਪ੍ਰਧਾਨ ਅਨਵਰ ਸਿੰਘ ਜਾਟਵ ਵੀ ਸ਼ਾਮਲ ਹਨ। ਉਹ ਦੱਸਦੇ ਹਨ ਕਿ ਜਾਟਵ ਦੱਸਦੇ ਹਨ ਕਿ ਬਾਬਾ ਆਪਣੇ ਸਤਸੰਗ ਵਿੱਚ ਲੋਕਾਂ ਨੂੰ ਮਨੁੱਖਤਾ ਦਾ ਸੰਦੇਸ਼ ਦਿੰਦੇ ਹਨ।
ਉਨ੍ਹਾਂ ਨੇ ਦੱਸਿਆ, "ਉਹ ਲੋਕਾਂ ਨੂੰ ਪਿਆਰ ਨਾਲ ਰਹਿਣ ਦਾ ਸੰਦੇਸ਼ ਦਿੰਦੇ ਹਨ। ਨਾਲ ਹੀ ਇੱਕਜੁੱਟ ਰਹਿਣ ਦੀ ਅਪੀਲ ਵੀ ਕਰਦੇ ਹਨ।"
ਅਨਵਰ ਜਾਟਵ ਦੇ ਮੁਤਾਬਕ ਬਾਬਾ ਆਪਣੇ ਸਤੰਗਾਂ ਵਿੱਚ ਮੋਬਾਈਲ ਦੇ ਰੁਝਾਨ ਦੀ ਆਲੋਚਨਾ ਕਰਦੇ ਹਨ।
ਜਾਟਵ ਦੇ ਮੁਤਾਬਕ ਭੋਲੇ ਬਾਬਾ ਦਾ ਜਿੱਥੇ-ਜਿੱਥੇ ਪ੍ਰਵਚਨ ਹੁੰਦਾ ਹੈ, ਉੱਥੇ ਕਮੇਟੀ ਬਣਾਈ ਜਾਂਦੀ ਹੈ ਅਤੇ ਉਸੇ ਕਮੇਟੀ ਦੇ ਸਾਰੇ ਲੋਕਾਂ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ।
ਸਤਸੰਗ ਕਰਵਾਉਣ ਲਈ ਕਮੇਟੀ ਚੰਦਾ ਇਕੱਠਾ ਕਰਦੀ ਹੈ ਅਤੇ ਉਸ ਨਾਲ ਸਮਾਗਮ ਕਰਵਾਇਆ ਜਾਂਦਾ ਹੈ।
ਕਮੇਟੀ ਦੇ ਪ੍ਰਧਾਨ ਰਾਜਕਿਸ਼ੋਰ ਯਾਦਵ ਦੱਸਦੇ ਹਨ, "ਜਦੋਂ ਕਦੇ ਵੀ ਬਾਬਾ ਦਾ ਕੋਈ ਸਤਸੰਗ ਹੁੰਦਾ ਹੈ ਤਾਂ ਉਸ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ। ਇਸ ਦੇ ਅਧਾਰ ਉੱਤੇ ਆਪਣੀ ਕਮਿਊਨਿਟੀ ਦੇ ਅਧਾਰ ਉੱਤੇ ਸਾਰਾ ਪ੍ਰਬੰਧ ਹੁੰਦਾ ਹੈ।"