You’re viewing a text-only version of this website that uses less data. View the main version of the website including all images and videos.
ਪੰਜਾਬ ਵਿੱਚ ਨਵੇਂ ਚਰਚ ਸਥਾਪਤ ਕਰਨ ਵਾਲੇ ਕੁਝ ਪਾਦਰੀਆਂ ਦਾ ਕੀ ਹੈ ਪਿਛੋਕੜ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਮੁਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਇਲਾਕੇ ਵਿੱਚ ਸੜਕ ਉੱਤੇ ਲੱਗੇ ਵੱਡੇ-ਵੱਡੇ ਹੋਰਡਿੰਗਜ਼। ਇਨ੍ਹਾਂ ਹੋਰਡਿੰਗਜ਼ ਉੱਤੇ ਸ਼ਰਾਬ ਛੁਡਾਉਣ, ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਤੋਂ ਇਲਾਵਾ ਪਾਸਟਰ ਬਜਿੰਦਰ ਸਿੰਘ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ।
ਜਿਸ ਥਾਂ ਉੱਤੇ ਇਹ ਤਸਵੀਰਾਂ ਲੱਗੀਆਂ ਹੋਈਆਂ ਹਨ ਇਸ ਨੂੰ ਨਾਮ ਦਿੱਤਾ ਗਿਆ ਹੈ "ਚਰਚ ਆਫ਼ ਗਲੋਰੀ ਅਤੇ ਵਿਜ਼ਡਮ" ਜਿਸ ਦੇ ਕਰਤਾ ਧਰਤਾ ਪਾਸਟਰ ਬਜਿੰਦਰ ਸਿੰਘ ਹਨ।
ਕੁਰਾਲੀ ਤੋਂ ਚੰਡੀਗੜ੍ਹ ਨੂੰ ਆਉਂਦੇ ਹੋਏ ਬੜੌਦੀ ਟੋਲ ਪਲਾਜ਼ਾ ਦੇ ਬਿਲਕੁਲ ਨਾਲ ਲੱਗਦੀ ਕਈ ਏਕੜ ਜ਼ਮੀਨ ਦੀ ਬਕਾਇਦਾ ਚਾਰਦੀਵਾਰੀ ਕਰ ਕੇ ਉੱਥੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਹ ਜ਼ਮੀਨ ਬਿਲਕੁਲ ਸੜਕ ਦੇ ਨਾਲ ਲੱਗਦੀ ਹੈ ਅਤੇ ਇਸੇ ਥਾਂ ਉੱਤੇ ਹੀ ਪਾਸਟਰ ਬਜਿੰਦਰ ਸਿੰਘ ਨੇ ਆਪਣੇ ਵੱਡੇ-ਵੱਡੇ ਬੋਰਡ ਲਗਾਏ ਹੋਏ ਹਨ।
ਚਰਚ ਨਾਲ ਜੁੜੇ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀਆਂ ਪੰਜਾਬ ਵਿੱਚ ਕਈ ਹੋਰ ਵੀ ਬਰਾਂਚਾਂ ਹਨ। ਸਥਾਨਕ ਲੋਕਾਂ ਮੁਤਾਬਕ ਪੰਜ ਕੁ ਸਾਲ ਪਹਿਲਾਂ ਪਾਸਟਰ ਬਜਿੰਦਰ ਨੇ ਠੇਕੇ ਉੱਤੇ ਜ਼ਮੀਨ ਲੈ ਕੇ ਐਤਵਾਰ ਵਾਲੇ ਦਿਨ ਪ੍ਰਾਥਨਾ ਸ਼ੁਰੂ ਕੀਤੀ ਸੀ ਅਤੇ ਦੇਖਦਿਆਂ ਹੀ ਦੇਖਦਿਆਂ ਇੱਥੇ ਹੁਣ ਵੱਡਾ ਇਕੱਠ ਹੋਣ ਲੱਗਾ ਹੈ।
ਐਤਵਾਰ ਨੂੰ ਤਾਂ ਇਥੇ ਲੋਕਾਂ ਦੀ ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਸ਼ੋਸਲ ਮੀਡੀਆ ਰਾਹੀਂ ਬਕਾਇਦਾ ਇਹ ਆਪਣਾ ਪ੍ਰਚਾਰ ਕਰਦੇ ਹਨ।
ਪੰਜਾਬ ਵਿੱਚ ਕੁਝ ਸਮੇਂ ਤੋਂ ਧਰਮ ਪਰਿਵਰਤਨ ਦਾ ਮੁੱਦਾ ਭੱਖਿਆ ਹੋਇਆ ਹੈ। ਸਿੱਖ ਆਗੂਆਂ ਦਾ ਦਾਅਵਾ ਹੈ ਕਿ ਇਹ ਧਰਮ ਪਰਿਵਤਨ ਲਾਲਚ ਅਤੇ ਗੁਮਰਾਹ ਕਰਕੇ ਕਰਵਾਇਆ ਜਾ ਰਿਹਾ ਹੈ।
ਮਸੀਹੀ ਭਾਈਚਾਰੇ ਨਾਲ ਸਬੰਧਤ ਆਗੂ ਜਬਰੀ ਧਰਮ ਪਰਿਵਰਤਨ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਰੱਦ ਕਰਦੇ ਹਨ। ਮੁੱਖ ਧਾਰਾ ਦੇ ਗਿਰਜਾ ਘਰਾਂ ਨਾਲ ਜੁੜੇ ਆਗੂ ਕਹਿੰਦੇ ਹਨ ਅੰਧ ਵਿਸ਼ਵਾਸ਼ ਰਾਹੀ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਐਸੇ ਵਿੱਚ ਇੱਕ ਨਜ਼ਰ ਪਾਉਂਦਾ ਹਾਂ ਕੁਝ ਪਾਦਰੀਆਂ 'ਤੇ ਜਿਨ੍ਹਾਂ ਨੇ ਪੰਜਾਬ ਵਿੱਚ ਚਰਚਾਂ ਸਥਾਪਤ ਕੀਤੀਆਂ ਹਨ।
ਪੰਜਾਬ 'ਚ ਨਵੇਂ ਚਰਚ ਸਥਾਪਤ ਕਰਨ ਵਾਲੇ ਪਾਦਰੀ
- ਬਜਿੰਦਰ ਸਿੰਘ - ਜਲੰਧਰ ਨੇੜਲੇ ਪਿੰਡ ਤਾਜਪੁਰ 'ਚ ਚਰਚ ਸਥਾਪਤ ਕਰਨ ਵਾਲੇ ਬਜਿੰਦਰ ਸਿੰਘ ਵੱਲੋਂ ਚਰਚ ਨੂੰ "ਚਰਚ ਆਫ਼ ਗਲੋਰੀ ਅਤੇ ਵਿਜ਼ਡਮ" ਨਾਮ ਦਿੱਤਾ ਗਿਆ ਹੈ। ਬਜਿੰਦਰ ਸਿੰਘ ਦਾ ਸਬੰਧ ਹਰਿਆਣੇ ਦੇ ਜਾਟ ਪਰਿਵਾਰ ਨਾਲ ਹੈ ਅਤੇ ਬਿਸ਼ਪ ਬਣਨ ਤੋਂ ਪਹਿਲਾਂ ਉਹ ਇੰਜੀਨੀਅਰ ਸਨ।
- ਹਰਪ੍ਰੀਤ ਦਿਓਲ - ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖੋਜੇਵਾਲਾ ਵਿੱਚ ਬਣੇ "ਦਿ ਓਪਨ ਡੋਰ ਚਰਚ" ਨੂੰ ਸਥਾਪਤ ਕਰਨ ਵਾਲੇ ਹਰਪ੍ਰੀਤ ਦਿਓਲ ਦਾ ਸਬੰਧ ਸਿੱਖ ਪਰਿਵਾਰ ਨਾਲ ਹੈ।
- ਅੰਕੁਰ ਨਰੂਲਾ - ਜਲੰਧਰ ਜ਼ਿਲ੍ਹੇ ਦੇ ਖਾਂਬਰਾ ਪਿੰਡ ਵਿੱਚ ''ਦਾ ਚਰਚ ਆਫ਼ ਸਾਈਨਜ਼ ਐਂਡ ਵੰਡਰਜ਼'' ਦੇ ਕਰਤਾ ਧਰਤਾ ਪਾਸਟਰ ਅੰਕੁਰ ਯੂਸਫ਼ ਨਰੂਲਾ ਹਨ। ਚਰਚ ਦੀ ਵੈੱਬਸਾਈਟ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਚਰਚ "ਪੰਜਾਬ ਵਿੱਚ ਸਭ ਤੋਂ ਵੱਡਾ ਅਤੇ ਤੇਜ਼ੀ ਨਾਲ ਵੱਧ ਰਿਹਾ ਚਰਚ ਹੈ।" ਅੰਕੁਰ ਨਰੂਲਾ ਦਾ ਸਬੰਧ ਹਿੰਦੂ ਖੱਤਰੀ ਪਰਿਵਾਰ ਨਾਲ ਹੈ।
ਇਹ ਵੀ ਪੜ੍ਹੋ:
ਪਾਸਟਰ ਬਜਿੰਦਰ ਦਾ ਕੀ ਹੈ ਪਿਛੋਕੜ
ਜਲੰਧਰ ਨੇੜਲੇ ਪਿੰਡ ਤਾਜਪੁਰ ਦੇ ਜਿਸ ਚਰਚ ਵਿੱਚ ਕੈਂਸਰ ਪੀੜਤ ਕੁੜੀ ਦੀ ਮੌਤ ਹੋਈ ਸੀ ਉਹ ਵੀ ਬਜਿੰਦਰ ਸਿੰਘ ਦਾ ਹੀ ਸੀ।
ਹਾਲਾਂਕਿ ਇਸ ਘਟਨਾ ਸਬੰਧੀ ਪਾਦਰੀ ਬਜਿੰਦਰ ਸਿੰਘ ਦਾ ਕਹਿਣਾ ਹੈ ਕਿ ਕੁੜੀ ਕੈਂਸਰ ਤੋਂ ਪੀੜਤ ਸੀ ਅਤੇ ਹੋਰਨਾਂ ਲੋਕਾਂ ਵਾਂਗ ਉਹ ਵੀ ਪ੍ਰਾਥਨਾ ਲਈ ਚਰਚ ਵਿੱਚ ਆਈ ਸੀ ਪਰ ਉਨ੍ਹਾਂ ਦੀ ਇਸ ਕੁੜੀ ਨਾਲ ਮੁਲਾਕਾਤ ਨਹੀਂ ਹੋ ਸਕੀ।
ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਤੋਂ ਵੀ ਪ੍ਰਾਥਨਾ ਲਈ ਪੈਸੇ ਨਹੀਂ ਲਈ ਗਏ।
ਕੁੜੀ ਦੀ ਮੌਤ ਤੋਂ ਬਾਅਦ ਬੀਬੀਸੀ ਪੰਜਾਬੀ ਨੇ ਜਲੰਧਰ ਦੇ ਬਾਹਰਲੇ ਪਾਸੇ ਪਿੰਡ ਤਾਜਪੁਰ ਦੇ ਚਰਚ ਦਾ ਦੌਰਾ ਕੀਤਾ। ਇਹ ਚਰਚ ਖੇਤਾਂ ਵਿੱਚ ਹੈ ਅਤੇ ਇਸ ਤੱਕ ਪਹੁੰਚਣ ਲਈ ਕੱਚਾ ਰਸਤਾ ਹੈ। ਖੇਤਾਂ ਦੀ ਚਾਰਦੀਵਾਰੀ ਕੀਤੀ ਗਈ ਹੈ ਅਤੇ ਚਰਚ ਵਿੱਚ ਦਾਖਲ ਹੋਣ ਲਈ ਵੱਡਾ ਗੇਟ ਹੈ।
ਬਿਲਡਿੰਗ ਦੀ ਥਾਂ ਇੱਥੇ ਚਾਰਦੀਵਾਰੀ ਦੇ ਅੰਦਰ ਟੈਂਟ ਲੱਗਿਆ ਹੋਇਆ ਸੀ। ਚਰਚ ਦੇ ਮੈਨੇਜਰ ਅਵਤਾਰ ਸਿੰਘ ਮੁਤਾਬਕ ਹਰ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਪਹੁੰਚਦੇ ਹਨ।
ਅਵਤਾਰ ਸਿੰਘ ਨੇ ਦੱਸਿਆ ਕਿ ਇਹ ਚਰਚ ਬਿਸ਼ਪ ਬਜਿੰਦਰ ਸਿੰਘ ਵੱਲੋਂ ਚਲਾਇਆ ਜਾਂਦਾ ਹੈ ਅਤੇ ਇਸ ਚਰਚ ਦਾ ਖਰਚਾ ਇੱਥੇ ਪ੍ਰਾਥਨਾ ਲਈ ਆਉਣ ਵਾਲੇ ਲੋਕਾਂ ਦੇ ਦਾਨ ਨਾਲ ਚਲਦਾ ਹੈ।
ਅਵਤਾਰ ਸਿੰਘ ਦਸਤਾਰ ਸਜਾਉਂਦੇ ਹਨ ਅਤੇ ਉਨ੍ਹਾਂ ਦਾ ਸਬੰਧ ਅੰਮ੍ਰਿਤਸਰ ਜ਼ਿਲ੍ਹੇ ਨਾਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵਿਆਹ ਇੱਕ ਇਸਾਈ ਕੁੜੀ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਹ ਵੀ ਇਸਾਈ ਧਰਮ ਨਾਲ ਜੁੜ ਗਏ।
ਤਾਜਪੁਰ ਚਰਚ ਦੀ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਇਹ ਸਥਾਪਤ ਕੀਤਾ ਗਿਆ ਹੈ ਅਤੇ ਇੱਥੇ ਹਰ ਐਤਵਾਰ ਭਾਰੀ ਗਿਣਤੀ ਵਿੱਚ ਲੋਕ ਆਉਂਦੇ ਹਨ।
ਉਨ੍ਹਾਂ ਦੱਸਿਆ ਕਿ ਜੇ ਕੋਈ ਮਰੀਜ਼ ਪ੍ਰਾਥਨਾ ਲਈ ਆਉਂਦਾ ਹੈ ਤਾਂ ਉਸ ਲਈ ਦੁਆ ਕੀਤੀ ਜਾਂਦੀ ਹੈ ਅਤੇ ਨਾਲ ਹੀ ਉਸ ਨੂੰ ਡਾਕਟਰੀ ਇਲਾਜ ਕਰਵਾਉਣ ਲਈ ਵੀ ਆਖਿਆ ਜਾਂਦਾ ਹੈ। ਅਵਤਾਰ ਸਿੰਘ ਨੇ ਦਾਅਵਾ ਕੀਤਾ ਕਿ ਉਹ ਬਿਮਾਰ ਹੋਣ ਉੱਤੇ ਖ਼ੁਦ ਵੀ ਦਵਾਈਆਂ ਲੈਂਦੇ ਹਨ।
ਚਰਚ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਸੁਰੱਖਿਆ ਦੀ ਕੀ ਪ੍ਰਬੰਧ ਹਨ? ਇਸ ਸਵਾਲ ਦੇ ਜਵਾਬ ਵਿੱਚ ਉਹ ਆਖਦੇ ਹਨ ਅਜਿਹਾ ਕੋਈ ਖ਼ਾਸ ਪ੍ਰਬੰਧ ਨਹੀਂ ਹੈ, ਪਰ ਜੇ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਗੱਡੀ ਕਿਰਾਏ ਉੱਤੇ ਕਰ ਕੇ ਲੋੜ ਮੁਤਾਬਕ ਦੇ ਦਿੱਤੀ ਜਾਂਦੀ ਹੈ। ਪਰ ਜਿਸ ਕੁੜੀ ਦੀ ਮੌਤ ਹੋਈ ਉਨ੍ਹਾਂ ਦੇ ਮਾਪਿਆਂ ਨੂੰ ਗੱਡੀ ਪੰਜਾਬ ਪੁਲਿਸ ਵੱਲੋਂ ਕਰ ਕੇ ਦਿੱਤੀ ਗਈ।
ਬਿਸ਼ਪ ਬਜਿੰਦਰ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਸਬੰਧ ਹਰਿਆਣਾ ਦੇ ਜਾਟ ਪਰਿਵਾਰ ਨਾਲ ਹੈ ਅਤੇ ਬਿਸ਼ਪ ਬਣਨ ਤੋਂ ਪਹਿਲਾਂ ਉਹ ਇੰਜੀਨੀਅਰ ਸਨ। ਚਰਚ ਦੇ ਸੋਸ਼ਲ ਮੀਡੀਆ ਹੈਂਡਲਾਂ ਉੱਤੇ ਬਿਸ਼ਪ ਬਜਿੰਦਰ ਸਿੰਘ ਦੀਆਂ ਜੋ ਵੀਡੀਓਜ਼ ਅਤੇ ਤਸਵੀਰਾਂ ਹਨ ਉਸ ਵਿੱਚ ਉਹ ਜ਼ਿਆਦਾਤਰ ਜੀਨ ਅਤੇ ਕੋਟ ਪਹਿਨੇ ਹੀ ਨਜ਼ਰ ਆਉਂਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਪੰਜਾਬ ਵਿੱਚ ਇਸ ਸਮੇਂ ਜੇ ਸਥਾਪਤ ਪਾਸਟਰਾਂ ਦੀ ਗੱਲ ਕਰੀਏ ਤਾਂ ਇਹ ਜ਼ਿਆਦਾਤਰ ਦੁਆਬਾ ਖੇਤਰ ਵਿੱਚ ਹੀ ਹਨ ਅਤੇ ਬਕਾਇਦਾ ਵੱਡੇ-ਵੱਡੇ ਚਰਚ ਸਥਾਪਤ ਕੀਤੇ ਗਏ ਹਨ।
ਇਨ੍ਹਾਂ ਵਿੱਚ ਪਾਸਟਰ ਅੰਕੁਰ ਯੂਸਫ਼ ਨਰੂਲਾ, ਪਾਸਟਰ ਹਰਪ੍ਰੀਤ ਦਿਓਲ ਖੋਜੇਵਾਲ, ਪਾਸਟਰ ਬਜਿੰਦਰ ਸਿੰਘ ਅਤੇ ਪਾਸਟਰ ਅੰਮ੍ਰਿਤ ਸੰਧੂ ਪ੍ਰਮੁੱਖ ਹਨ।
ਇਹ ਸਾਰੇ ਪਾਸਟਰ ਬਿਮਾਰ ਵਿਅਕਤੀਆਂ ਨੂੰ ਠੀਕ ਕਰਨ, ਨਸ਼ੇ ਛੁਡਵਾਉਣ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਕਰਦੇ ਹਨ ਜਿਸ ਦੀ ਗਵਾਹੀ ਭਰਦੀਆਂ ਹਨ ਇਨ੍ਹਾਂ ਵੱਲੋਂ ਆਪੋ-ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਅਪਲੋਡ ਕੀਤੀਆਂ ਵੀਡੀਓਜ਼।
ਕਪੂਰਥਲਾ ਦਾ ਖੋਜੇਵਾਲਾ ਚਰਚ
ਬੀਬੀਸੀ ਪੰਜਾਬੀ ਦੀ ਟੀਮ ਨੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖੋਜੇਵਾਲਾ ਵਿੱਚ ਬਣੇ "ਦਿ ਓਪਨ ਡੋਰ ਚਰਚ" ਦਾ ਵੀ ਦੌਰਾ ਕੀਤਾ। ਇਸ ਚਰਚ ਦੇ ਕਰਤਾ ਧਰਤਾ ਪਾਸਟਰ ਹਰਪ੍ਰੀਤ ਦਿਓਲ ਹਨ। ਪਿੰਡ ਦੇ ਵਿਚਕਾਰ ਚਰਚ ਦੀ ਵਿਸ਼ਾਲ ਉਸਾਰੀ ਅਧੀਨ ਇਮਾਰਤ ਦੂਰ ਤੋਂ ਹੀ ਨਜ਼ਰ ਆਉਂਦੀ ਹੈ।
ਪਿੰਡ ਦੀ ਜ਼ਿਆਦਾਤਰ ਆਬਾਦੀ ਐਨ ਆਰ ਆਈ ਹੈ। ਪਿੰਡ ਦੇ ਵਿਚਕਾਰ ਪਾਸਟਰ ਹਰਪ੍ਰੀਤ ਦਿਓਲ ਨੇ ਆਪਣਾ ਦਫ਼ਤਰ ਬਣਾਇਆ ਹੋਇਆ ਹੈ, ਜਿੱਥੇ ਸੁਰੱਖਿਆ ਲਈ ਬਾਊਂਸਰ ਵੀ ਮੌਜੂਦ ਰਹਿੰਦੇ ਹਨ।
ਪਿੰਡ ਦੇ ਬਜ਼ੁਰਗ ਫ਼ਕੀਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਇੱਥੇ ਬਹੁਤ ਜ਼ਿਆਦਾ ਲੋਕ ਆਉਂਦੇ ਹਨ। ਇਸ ਕਰ ਕੇ ਪਿੰਡ ਦੇ ਬਾਹਰ ਖੇਤਾਂ ਵਿੱਚ ਲੋਕਾਂ ਦੇ ਲਈ ਪ੍ਰਾਥਨਾ ਘਰ ਬਣਾਇਆ ਗਿਆ ਹੈ।
ਪਾਸਟਰ ਦਿਓਲ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਸਬੰਧ ਸਿੱਖ ਪਰਿਵਾਰ ਨਾਲ ਹੈ ਅਤੇ ਕਾਫ਼ੀ ਸਮਾਂ ਪਹਿਲਾਂ ਇਨ੍ਹਾਂ ਦੇ ਪਿਤਾ ਵਿਦੇਸ਼ ਗਏ ਸਨ ਅਤੇ ਉੱਥੇ ਉਨ੍ਹਾਂ ਨੇ ਇਸਾਈ ਧਰਮ ਅਪਣਾ ਲਿਆ।
ਉਨ੍ਹਾਂ ਦੱਸਿਆ ਕਿ ਵਾਪਸ ਆ ਕੇ ਉਨ੍ਹਾਂ ਪਿੰਡ ਵਿੱਚ ਛੋਟਾ ਚਰਚ ਸਥਾਪਤ ਕੀਤਾ ਪਰ ਜਦੋਂ ਦਾ ਹਰਪ੍ਰੀਤ ਦਿਓਲ ਨੇ ਚਰਚ ਸੰਭਾਲਿਆ ਹੈ ਤਾਂ ਸੰਗਤ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ।
ਪਾਸਟਰ ਹਰਪ੍ਰੀਤ ਦਿਓਲ ਨੇ ਨਾਲ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਵੀ ਚਰਚ ਦਾ ਕੰਮ ਕਾਜ ਦੇਖਦੇ ਹਨ।
ਬੀਬੀਸੀ ਨੇ ਪਾਸਟਰ ਦਿਓਲ ਨਾਲ ਗੱਲ ਕਰਨ ਲਈ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਪਰ ਉਨ੍ਹਾਂ ਕਿਸੇ ਵੀ ਮੁੱਦੇ ਉੱਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਕੌਣ ਹਨ ਪਾਸਟਰ ਅੰਕੁਰ ਨਰੂਲਾ
ਦੁਆਬਾ ਖੇਤਰ ਦਾ ਦੂਜਾ ਵੱਡਾ ਚਰਚ ਹੈ ਜਲੰਧਰ ਜ਼ਿਲ੍ਹੇ ਦੇ ਖਾਂਬਰਾ ਪਿੰਡ ਦਾ। ਇਸ ਚਰਚ ਦੇ ਕਰਤਾ ਧਰਤਾ ਹਨ ਪਾਸਟਰ ਅੰਕੁਰ ਯੂਸਫ਼ ਨਰੂਲਾ।
ਖਾਂਬਰਾ ਪਿੰਡ ਦੇ ਖੇਤਾਂ ਵਿੱਚ ਵਿਸ਼ਾਲ ਇਮਾਰਤ ਉਸਾਰੀ ਅਧੀਨ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਚਰਚ ਦਾ ਘੇਰਾ ਕਿੰਨਾ ਜ਼ਿਆਦਾ ਹੈ।
ਚਰਚ ਦੇ ਬਾਹਰ ਟੀਨ ਦੀ ਛੱਤ ਹੇਠ ਬਹੁਤ ਸਾਰੇ ਮਰੀਜ਼ ਬੈਠੇ ਹੋਏ ਸਨ। ਇਨ੍ਹਾਂ ਵਿੱਚ ਇੱਕ ਬਿਹਾਰ ਸੂਬੇ ਦੇ ਵਕੀਲ ਕੁਮਾਰ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੱਤ ਵਿੱਚ ਤਕਲੀਫ਼ ਹੈ ਅਤੇ ਇਸ ਦੇ ਇਲਾਜ ਲਈ ਉਹ ਇੱਥੇ ਆਏ ਹਨ।
ਉਨ੍ਹਾਂ ਦੱਸਿਆ ਕਿ ਯੂ ਟਿਊਬ ਉੱਤੇ ਵੀਡੀਓ ਦੇਖ ਕੇ ਉਨ੍ਹਾਂ ਨੂੰ ਚਰਚ ਬਾਰੇ ਪਤਾ ਲੱਗਾ ਸੀ। ਵਕੀਲ ਕੁਮਾਰ ਨੇ ਦੱਸਿਆ ਕਿ ਇੱਥੇ ਪ੍ਰਾਥਨਾ ਅਤੇ ਲੱਤ ਉੱਤੇ ਲਾਉਣ ਲਈ ਤੇਲ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਜਿਹਾ ਹੋਣ ਨਾਲ ਤਕਲੀਫ ਖਤਮ ਹੋ ਜਾਵੇਗੀ।
ਵਕੀਲ ਕੁਮਾਰ ਵਰਗੇ ਹੋਰ ਵੀ ਬਹੁਤ ਸਾਰੇ ਮਰੀਜ਼ ਇਸ ਚਰਚ ਦੇ ਬਾਹਰ ਬੈਠੇ ਦਿਖਾਈ ਦਿੱਤੇ।
ਖਾਂਬਰਾ ਪਿੰਡ ਦੇ ਨੌਜਵਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜ- ਛੇ ਸਾਲਾਂ ਦੇ ਵਿੱਚ ਇਸ ਚਰਚ ਨੇ ਤਰੱਕੀ ਕੀਤੀ ਹੈ। ਪਹਿਲਾਂ ਇਹ ਛੋਟੀ ਥਾਂ ਉੱਤੇ ਸੀ ਪਰ ਜਿਵੇਂ ਲੋਕਾਂ ਦੀ ਗਿਣਤੀ ਵਧਦੀ ਗਈ ਇਹ ਜ਼ਮੀਨ ਖਰੀਦਕੇ ਹੁਣ ਇਨ੍ਹਾਂ ਨੇ ਪੱਕਾ ਚਰਚਾ ਸਥਾਪਤ ਕਰ ਲਿਆ ਹੈ ਜੋ ਹੁਣ ਉਸਾਰੀ ਅਧੀਨ ਹੈ।
ਹਰਪ੍ਰੀਤ ਸਿੰਘ ਮੁਤਾਬਕ ਪੰਜਾਬੀ ਲੋਕਾਂ ਤੋਂ ਇਲਾਵਾ ਬਿਹਾਰ, ਯੂਪੀ ਦੇ ਪ੍ਰਵਾਸੀ ਮਜ਼ਦੂਰ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਐਤਵਾਰ ਨੂੰ ਆਉਂਦੇ ਹਨ।
ਅੰਕੁਰ ਨਰੂਲਾ ਚਰਚ ਦੀ ਵੈੱਬਸਾਈਟ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਚਰਚ "ਪੰਜਾਬ ਵਿੱਚ ਸਭ ਤੋਂ ਵੱਡਾ ਅਤੇ ਤੇਜ਼ੀ ਨਾਲ ਵੱਧ ਰਿਹਾ ਚਰਚ ਹੈ।" "ਦਿ ਚਰਚ ਆਫ਼ ਸਾਈਨਜ਼ ਐਂਡ ਵੰਡਰਜ਼" ਨੇ ਆਪਣੇ ਤਿੰਨ ਲੱਖ ਸ਼ਰਧਾਲੂ ਹੋਣ ਦਾ ਦਾਅਵਾ ਕੀਤਾ ਹੈ।
ਪਾਸਟਰ ਅੰਕੁਰ ਨਰੂਲਾ ਦਾ ਸਬੰਧ ਹਿੰਦੂ ਖੱਤਰੀ ਪਰਿਵਾਰ ਨਾਲ ਹੈ। ਵੈੱਬਸਾਈਟ ਵਿੱਚ ਦਾਅਵਾ ਕੀਤਾ ਗਿਆ ਹੈ ਇਸਾਈ ਧਰਮ ਵਿੱਚ ਆਉਣ ਤੋਂ ਪਹਿਲਾਂ ਅੰਕੁਰ ਨਰੂਲਾ ਨਸ਼ੇ ਕਰਦੇ ਸੀ ਅਤੇ ਖ਼ੁਦਕੁਸ਼ੀ ਕਰਨ ਤੱਕ ਪਹੁੰਚ ਗਏ ਸੀ ਪਰ ਇਸਾਈ ਧਰਮ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰਾਂ ਬਦਲ ਗਈ।
2008 ਵਿੱਚ ਤਿੰਨ ਲੋਕਾਂ ਦੇ ਨਾਲ ਪਾਸਟਰ ਅੰਕੁਰ ਨੇ ਚਰਚ ਸ਼ੁਰੂ ਕੀਤੀ ਸੀ। ਚਰਚ ਦਾ ਦਾਅਵਾ ਹੈ ਕਿ ਉਹ ਹਰ ਹਫ਼ਤੇ ਇੱਕ ਲੱਖ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਂਦੇ ਹਨ। ਪਾਸਟਰ ਅੰਕੁਰ ਨਰੂਲਾ ਦੇ ਦੋ ਚਰਚ ਹਨ, ਇੰਨਾ ਵਿਚੋਂ ਇੱਕ ਜਲੰਧਰ ਨੇੜਲੇ ਖਾਂਬਰਾ ਪਿੰਡ ਵਿੱਚ ਅਤੇ ਦੂਜਾ ਗੁਰਦਾਸਪੁਰ ਵਿੱਚ।
ਪਾਸਟਰ ਅੰਕੁਰ ਨੇ ਕੁਝ ਦਿਨ ਪਹਿਲਾਂ ਆਪਣੀ ਐਤਵਾਰ ਦੀ ਪ੍ਰਾਥਨਾ ਦੌਰਾਨ ਧਰਮ ਪਰਿਵਰਤਨ ਦੇ ਮੁੱਦੇ ਉੱਤੇ ਆਪਣੀ ਰਾਏ ਰੱਖਦਿਆ ਆਖਿਆ ਕਿ ਕਿਸੇ ਨੂੰ ਵੀ ਜਬਰੀ ਇਸਾਈ ਨਹੀਂ ਬਣਾਇਆ ਜਾ ਰਿਹਾ।
ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸਾਈ ਪਾਦਰੀਆਂ ਦੇ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਲਈ ਸਾਵਧਾਨੀ ਨਾਲ ਚੱਲਣ ਦੀ ਅਪੀਲ ਕੀਤੀ।
ਉਨ੍ਹਾਂ ਨਾਲ ਹੀ ਸਪਸ਼ਟ ਕੀਤਾ ਕਿ ਇੱਕ ਹਫਤੇ ਦੇ ਅੰਦਰ ਅੰਦਰ ਪਾਦਰੀਆਂ ਦੀ ਇੱਕ ਐਕਸ਼ਨ ਕਮੇਟੀ ਦਾ ਗਠਨ ਕਰ ਦਿੱਤਾ ਜਾਵੇਗਾ।
ਚਰਚ ਵੱਲੋਂ ਆਪਣੀ ਵੈੱਬਸਾਈਟ ਉੱਤੇ ਕਈ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮਰੀਜ਼ਾਂ ਦੀ ਬਿਮਾਰੀ ਇਸ ਚਰਚ ਵਿੱਚ ਆ ਕੇ ਕਿਵੇਂ ਠੀਕ ਹੋਈ ਉਸ ਦਾ ਜ਼ਿਕਰ ਕੀਤਾ ਗਿਆ ਹੈ।
ਬੀਬੀਸੀ ਨੇ ਵਾਰ-ਵਾਰ ਇਸ ਚਰਚ ਨਾਲ ਸਬੰਧਿਤ ਲੋਕਾਂ ਨਾਲ ਫੋਨ ਰਾਹੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ ਕੀਤੀ ਪਰ ਕਿਸੇ ਨੇ ਵੀ ਫ਼ੋਨ ਕਾਲ ਦਾ ਜਵਾਬ ਨਹੀਂ ਦਿੱਤਾ।
ਪੰਜਾਬ ਘੱਟ ਗਿਣਤੀ ਕਮਿਸ਼ਨ ਦੀ ਰਾਏ
ਸਿੱਖ ਸੰਸਥਾਵਾਂ ਵੱਲੋਂ ਜਬਰੀ ਧਰਮ ਪਰਿਵਰਤਨ ਦੇ ਮੁੱਦੇ ਉੱਤੇ ਬੀਬੀਸੀ ਨੇ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਨਾਲ ਗੱਲ ਕੀਤੀ।
ਉਨ੍ਹਾਂ ਆਖਿਆ ਕਿ ਇਸਾਈ ਧਰਮ ਦੇ ਅੰਦਰ ਕੁਝ ਅਖੌਤੀ ਪਾਸਟਰ ਆ ਗਏ ਜਿੰਨ੍ਹਾਂ ਨੇ ਧਰਮ ਨੂੰ ਕਾਰੋਬਾਰ ਦਾ ਰੂਪ ਦੇ ਦਿੱਤਾ ਹੈ।
ਉਨ੍ਹਾਂ ਮੁਤਾਬਕ ਅਜਿਹੇ ਅਖੌਤੀ ਪਾਸਟਰਾਂ ਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਗੱਲ ਦਾ ਪਤਾ ਲਗਾਉਣਾ ਚਾਹੀਦਾ ਹੈ ਕਿ ਉਨ੍ਹਾਂ ਕੋਲੋਂ ਵਿੱਤੀ ਸਾਧਨ ਕਿੱਥੋਂ ਆ ਰਹੇ ਹਨ।
ਪ੍ਰੋਫ਼ੈਸਰ ਨਾਹਰ ਮੁਤਾਬਕ ਇਸਾਈ ਧਰਮ ਪੰਜਾਬ ਵਿੱਚ ਬਹੁਤ ਪੁਰਾਣਾ ਹੈ ਅਤੇ ਕਦੇ ਵੀ ਤਰਨਤਾਰਨ ਦੇ ਚਰਚ ਵਿੱਚ ਹੋਏ ਹਮਲੇ ਵਰਗੀ ਘਟਨਾ ਨਹੀਂ ਵਾਪਰੀ।
ਉਹ ਕਹਿੰਦੇ ਹਨ, ''ਚਰਚਾਂ ਦੇ ਨਾਂ ਉੱਤੇ ਚੱਲਣ ਵਾਲੇ ਨਿੱਜੀ ਕਾਰੋਬਾਰ ਬੰਦ ਹੋਣੇ ਚਾਹੀਦੇ ਹਨ, ਭਾਵੇਂ ਕੋਈ ਤੇਲ ਵੇਚਦਾ ਹੈ ਜਾਂ ਪਾਣੀ, ਅਸੀਂ ਅਜਿਹੇ ਲੋਕਾਂ ਦੇ ਹੱਕ ਵਿਚ ਨਹੀਂ ਹਾਂ।''
ਦੂਜੇ ਪਾਸੇ ਮਸੀਹ ਮਹਾਂ ਸਭਾ ਦੇ ਪ੍ਰਧਾਨ ਬਿਸ਼ਪ ਸਮੰਤਾ ਰਾਏ ਦਾ ਕਹਿਣਾ ਹੈ ਕਿ ਧਰਮ ਨੂੰ ਕਾਰੋਬਾਰ ਦਾ ਰੂਪ ਦੇਣ ਵਾਲੇ ਵਿਅਕਤੀਆਂ ਦਾ ਪ੍ਰਮੁੱਖ ਚਰਚ ਵਿਰੋਧ ਕਰਦੇ ਹਨ।
ਉਨ੍ਹਾਂ ਆਖਿਆ ਕਿ ਇਸਾਈ ਮਤ ਪੰਜਾਬ ਵਿੱਚ ਬਹੁਤ ਪੁਰਾਣਾ ਹੈ ਅਤੇ ਇਸ ਕਰਕੇ ਦੋਹਾਂ ਵਰਗਾਂ ਵਿੱਚ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ: