ਪੰਜਾਬ ਵਿੱਚ ਇਸਾਈ ਭਾਈਚਾਰੇ ਦੇ ਧਰਮ ਪ੍ਰਚਾਰ ਦਾ ਢਾਂਚਾ ਕਿਵੇਂ ਕੰਮ ਕਰਦਾ ਹੈ ਤੇ ਨਿੱਜੀ ਡੇਰਿਆਂ ਦਾ ਕੀ ਰੋਲ ਹੈ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿੱਚ ਖ਼ਾਸ ਤੌਰ ਉੱਤੇ ਸਰਹੱਦੀ ਇਲਾਕਿਆਂ ਵਿੱਚ ਕੁਝ ਪਾਦਰੀਆਂ ਵੱਲੋਂ ਸਿੱਖਾਂ ਅਤੇ ਹਿੰਦੂਆਂ ਦਾ ਕਥਿਤ ਤੌਰ 'ਤੇ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਕਾਫੀ ਚਰਚਾ ਵਿੱਚ ਰਿਹਾ ਹੈ।

ਇਸੇ ਮੁੱਦੇ ਨੂੰ ਲੈ ਕੇ ਇਸਾਈ ਭਾਈਚਾਰੇ ਦੇ ਆਗੂਆਂ ਨੇ ਹਾਲ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਵੀ ਕੀਤੀ ਸੀ।

ਇਸਾਈ ਧਰਮ ਦਾ ਪੰਜਾਬ ਵਿੱਚ ਆਧਾਰ ਕੀ ਹੈ ਅਤੇ ਇਹ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਇਸ ਬਾਰੇ ਬੀਬੀਸੀ ਪੰਜਾਬੀ ਨੇ ਇਸ ਧਰਮ ਨਾਲ ਜੁੜੇ ਵੱਖ-ਵੱਖ ਮੋਹਤਬਰ ਲੋਕਾਂ ਨਾਲ ਗੱਲ ਕੀਤੀ।

ਇਸਾਈ ਦੇ ਧਰਮ ਦੇ ਕਿੰਨੇ ਵਰਗ ਹਨ

ਇਸਾਈ ਧਰਮ ਦੇ ਵਿੱਚ ਵੀ ਵੱਖ ਵੱਖ ਵਰਗ ਹਨ ਪਰ ਪੰਜਾਬ ਵਿੱਚ ਦੋ ਮੁੱਖ ਧਾਰਾ ਦੇ ਚਰਚ ਹਨ।

ਇਸ ਵਿੱਚ ਇੱਕ ਚਰਚ ਆਫ਼ ਨਾਰਥ ਇੰਡੀਆ (ਸੀਐਨਆਈ) ਜਿਸ ਅਧੀਨ ਉੱਤਰੀ ਭਾਰਤ ਵਿੱਚ ਜ਼ਿਆਦਾਤਰ ਪ੍ਰੋਟੈਸਟੈਂਟ ਚਰਚ ਹਨ ਅਤੇ ਦੂਜਾ ਹੈ ਜਲੰਧਰ ਡਾਇਓਸਿਸ, ਜਿਸ ਦੇ ਅਧਿਕਾਰ ਖੇਤਰ ਵਿੱਚ ਰੋਮਨ ਕੈਥੋਲਿਕ ਚਰਚ ਆਉਂਦੇ ਹਨ। ਇਸ ਦੇ ਚਰਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਜੂਦ ਹਨ।

ਡਾਇਓਸੀਸ ਆਫ਼ ਅੰਮ੍ਰਿਤਸਰ ਅਤੇ ਡਾਇਓਸੀਸ ਆਫ਼ ਜਲੰਧਰ ਪੂਰੀ ਤਰਾਂ ਸੰਗਠਿਤ ਹਨ ਅਤੇ ਇਨ੍ਹਾਂ ਦੀ ਅਗਵਾਈ ਬਿਸ਼ਪ ਵੱਲੋਂ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ ਸਾਲਵੇਸ਼ਨ ਆਰਮੀ, ਮੈਥੋਡਿਸਟ ਚਰਚ (ਪ੍ਰਮੁੱਖ ਚਰਚ ਬਟਾਲਾ ਅਤੇ ਪਟਿਆਲਾ ) ਅਤੇ ਸੈਵਨਥ ਡੇਅ ਐਡਵੈਂਟਿਸਟ ਚਰਚ (ਐਸ.ਡੀ.ਏ.ਸੀ) ਵੀ ਪੰਜਾਬ ਵਿੱਚ ਮੌਜੂਦ ਹਨ।

ਇਹ ਸਾਰੇ ਚਰਚ ਸੰਗਠਿਤ ਹਨ ਅਤੇ ਨਿਯਮ ਵਿੱਚ ਰਹਿ ਕੇ ਪ੍ਰਚਾਰ ਕਰਦੇ ਹਨ ਅਤੇ ਇਹਨਾਂ ਦੀ ਜਵਾਬਦੇਹੀ ਵੀ ਹੈ।

ਡਾਇਓਸੀਸ ਆਫ਼ ਅੰਮ੍ਰਿਤਸਰ ਨਾਲ ਜੁੜੇ ਡੈਨੀਅਲ ਬੀ ਦਾਸ ਨੇ ਦੱਸਿਆ ਕਿ ਡਾਇਓਸੀਸ ਆਫ਼ ਅੰਮ੍ਰਿਤਸਰ ਦੇ ਅਧੀਨ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਦੇ ਕਰੀਬ 40 ਚਰਚ ਹਨ।

ਇਸ ਤੋਂ ਇਲਾਵਾ ਡਾਇਸਸ ਆਫ਼ ਚੰਡੀਗੜ੍ਹ ਦੇ ਅਧੀਨ ਵੀ ਬਹੁਤ ਸਾਰੇ ਚਰਚ ਆਉਂਦੇ ਹਨ।

ਇਹਨਾਂ ਤੋਂ ਇਲਾਵਾ ਕੁਝ ਪਾਦਰੀਆਂ ਵੱਲੋਂ ਨਿੱਜੀ ਤੌਰ ਉੱਤੇ ਪੰਜਾਬ ਵਿੱਚ ਇਸਾਈ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਹ ਸੰਗਠਿਤ ਨਹੀਂ ਹਨ ਅਤੇ ਨਾ ਹੀ ਕਿਸੇ ਪ੍ਰਤੀ ਜਵਾਬਦੇਹ ਹਨ।

ਸਿੱਧੇ ਸ਼ਬਦਾਂ ਵਿੱਚ ਇਹ ਪੰਜਾਬ ਵਿੱਚ ਇਸਾਈ ਪ੍ਰਚਾਰਕਾਂ ਦੇ ਡੇਰੇ ਕਹੇ ਜਾ ਸਕਦੇ ਹਨ।

ਮਸੀਹ ਮਹਾਂ ਸਭਾ

ਪੰਜਾਬ ਦੇ ਵੱਖ ਵੱਖ ਚਰਚਾਂ ਨੂੰ ਇਸ ਸੰਸਥਾ ਦੇ ਅੰਤਰਗਤ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਹਾ ਜਾ ਸਕਦਾ ਹੈ ਕਿ ਮਸੀਹ ਮਹਾਂ ਸਭਾ (ਐਮ ਐੱਸ ਐੱਸ ) ਸਾਰੇ ਚਰਚਾਂ ਦੀ ਇੱਕ ਸਾਂਝੀ ਸੰਸਥਾ ਹੈ।

ਇਸ ਦੇ ਮੌਜੂਦਾ ਪ੍ਰਧਾਨ ਅੰਮ੍ਰਿਤਸਰ ਡਾਇਸਸ ਦੇ ਬਿਸ਼ਪ ਡਾਕਟਰ ਪ੍ਰਦੀਪ ਕੁਮਾਰ ਸਾਮੰਤਾ ਰੌਏ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਮਸੀਹੀ ਮਹਾਂ ਸਭਾ ਦਾ ਕੰਮ ਇਸਾਈ ਧਰਮ ਦੇ ਵੱਖ ਵੱਖ ਵਰਗਾਂ ਨੂੰ ਇਕੱਠ ਕਰ ਕੇ ਇੱਕ ਸੰਸਥਾ ਥੱਲੇ ਲਿਆਉਣਾ ਹੈ।

ਇਸ ਤੋਂ ਇਲਾਵਾ ਇਸਾਈ ਧਰਮ ਦੀਆਂ ਦਿੱਕਤਾਂ ਨੂੰ ਸੰਸਥਾ ਦੀ ਮੀਟਿੰਗ ਵਿੱਚ ਰੱਖਣਾ ਅਤੇ ਹੱਲ ਕਰਨ ਦੀ ਕੋਸ਼ਿਸ ਕਰਨਾ ਇਸ ਦਾ ਮੁੱਖ ਕੰਮ ਹੈ।

ਇਸ ਤੋਂ ਇਲਾਵਾ ਸੰਸਥਾ ਦੇ ਅੰਤਰਗਤ ਆਉਣ ਵਾਲੇ ਸਾਰੇ ਚਰਚਾਂ ਦੀ ਜਵਾਬਦੇਹੀ ਵੀ ਇਸ ਪ੍ਰਤੀ ਹੈ। ਭਾਵ ਪੰਜਾਬ ਵਿੱਚ ਇਸਾਈ ਧਰਮ ਦੇ ਸੰਗਠਿਤ ਚਰਚਾਂ ਦੀ ਇਹ ਸੁਪਰੀਮ ਬਾਡੀ ਹੈ।

ਬਿਸ਼ਪ ਸਾਮੰਤਾ ਰੌਏ ਨੇ ਦੱਸਿਆ ਕਿ ਪੰਜਾਬ ਵਿੱਚ ਇਸਾਈ ਧਰਮ ਦੇ ਕਈ ਹੋਰ ਵੀ ਵਰਗ ਹਨ, ਜੋ ਨਿੱਜੀ ਤੌਰ ਉੱਤੇ ਪ੍ਰਚਾਰ ਕਰ ਰਹੇ ਹਨ ਅਤੇ ਉਨ੍ਹਾਂ ਦਾ ਇਸ ਸੰਸਥਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਮੌਜੂਦਾ ਸਮੇਂ ਵਿੱਚ ਧਰਮ ਬਦਲੀ ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਹੈ ਉਸ ਨੂੰ ਲੈ ਕੇ ਇਸੇ ਸੰਸਥਾ ਦੇ ਨੁਮਾਇੰਦਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਬੁੱਧਵਾਰ ਨੂੰ ਮੀਟਿੰਗ ਕੀਤੀ ਸੀ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਬਿਸ਼ਪ ਸਾਮੰਤਾ ਰੌਏ ਨੇ ਕਿਹਾ, ''ਜੇਕਰ ਪੰਜਾਬ ਵਿੱਚ ਇਸਾਈ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਵੱਧ ਵੀ ਰਹੀ ਹੈ ਤਾਂ ਇਸ ਵਿੱਚ ਦਿੱਕਤ ਕੀ ਹੈ? ਕਿਸੇ ਵੀ ਧਰਮ ਨੂੰ ਮੰਨਣਾ ਹਰ ਵਿਅਕਤੀ ਦਾ ਵਿਅਕਤੀਗਤ ਮਾਮਲਾ ਹੈ।''

ਇਸਾਈ ਧਰਮ ਦੇ ‘ਡੇਰੇ’

ਮੁੱਖ ਧਾਰਾ ਦੇ ਚਰਚਾਂ ਤੋਂ ਇਲਾਵਾ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਪਾਸਟਰ ਹਨ ਜੋ ਨਿੱਜੀ ਤੌਰ ਉੱਤੇ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਹਨ।

ਇਹਨਾਂ ਨੇ ਆਪਣੇ ਵੱਡੇ ਵੱਡੇ ਡੇਰੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਥਾਪਤ ਕਰ ਲਏ ਹਨ।

ਇਹਨਾਂ ਡੇਰਿਆਂ ਨੂੰ ਮੰਨਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ।

ਇਹਨਾਂ ਵਿੱਚੋਂ ਪ੍ਰਮੁੱਖ ਹਨ ਡੇਰੇ ਹਨ ਪਾਸਟਰ ਬਲਜਿੰਦਰ ਸਿੰਘ, ਅੰਕੁਰ ਯੂਸਫ਼ ਨਰੂਲਾ, ਪਾਸਟਰ ਹਰਪ੍ਰੀਤ ਦਿਓਲ ਖੋਜੇਵਾਲਾ, ਪਾਸਟਰ ਅੰਮ੍ਰਿਤ ਸੰਧੂ, ਪਾਸਟਰ ਹਰਜੀਤ, ਪਾਸਟਰ ਮਨੀਸ਼ ਗਿੱਲ, ਪਾਸਟਰ ਕੰਚਨ ਮਿੱਤਲ, ਪਾਸਟਰ ਦਵਿੰਦਰ ਸਿੰਘ, ਪਾਸਟਰ ਰਮਨ ਆਦਿ।

ਜੇਕਰ ਪਾਸਟਰ ਹਰਪ੍ਰੀਤ ਦਿਓਲ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਡੇਰਾ ਜਲੰਧਰ ਲਾਗੇ ਖੋਜੇਵਾਲ ਪਿੰਡ ਵਿੱਚ ਹੈ ਜਿੱਥੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦੇ ਹਨ। ਇਸ ਤੋਂ ਇਲਾਵਾ ਟੀਵੀ ਅਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਇਹ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਹਨ।

ਇਸ ਤਰਾਂ ਪਾਸਟਰ ਅੰਕੁਰ ਯੂਸਫ਼ ਨਰੂਲਾ ਦਾ ਆਪਣਾ ਚਰਚ ਜਲੰਧਰ ਵਿੱਚ ਹੈ। ਪਾਸਟਰ ਨਰੂਲਾ ਨੇ ਆਪਣੀ ਵੈੱਬਸਾਈਟ ਉੱਤੇ ਦਾਅਵਾ ਕੀਤਾ ਹੈ ਕਿ ਹਰ ਹਫ਼ਤੇ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਂਦੇ ਹਨ।

ਪਾਸਟਰ ਬਲਜਿੰਦਰ ਦੀ ਗੱਲ ਕਰੀਏ ਤਾਂ ਇਹ ਮੂਲ ਰੂਪ ਵਿੱਚ ਹਰਿਆਣਾ ਦੇ ਰਹਿਣ ਵਾਲੇ ਹਨ ਪਰ ਇਨ੍ਹਾਂ ਨੇ ਆਪਣਾ ਡੇਰਾ ਮੁਹਾਲੀ ਜ਼ਿਲ੍ਹੇ ਦੇ ਨਵੇਂ ਚੰਡੀਗੜ੍ਹ ਵਿੱਚ ਕਈ ਏਕੜ ਵਿੱਚ ਸਥਾਪਤ ਕੀਤਾ ਹੈ। ਹਰ ਹਫ਼ਤੇ ਐਤਵਾਰ ਨੂੰ ਇਨ੍ਹਾਂ ਦੇ ਡੇਰੇ ਉੱਤੇ ਵੀ ਵੱਡਾ ਇਕੱਠ ਹੁੰਦਾ ਹੈ। ਪਾਸਟਰ ਅੰਮ੍ਰਿਤ ਸੰਧੂ ਵੀ ਦੁਆਬਾ ਇਲਾਕੇ ਵਿੱਚ ਕਾਫ਼ੀ ਚਰਚਿਤ ਨਾਮ ਹਨ।

ਨਿੱਜੀ ਡੇਰਿਆਂ ਦੀ ਆਪਣੀ ਸੰਸਥਾ

ਹਾਲਾਂਕਿ ਮਸੀਹ ਮਹਾਂ ਸਭਾ ਦਾ ਦਾਅਵਾ ਹੈ ਕਿ ਜੋ ਪਾਸਟਰ ਨਿੱਜੀ ਹੈਸੀਅਤ ਵਿੱਚ ਪ੍ਰਚਾਰ ਕਰ ਰਹੇ ਹਨ ਉਨ੍ਹਾਂ ਨਾਲ ਸੰਸਥਾ ਦਾ ਕੋਈ ਲੈਣਾ ਦੇਣਾ ਨਹੀਂ ਹੈ।

ਇਸ ਕਰ ਕੇ ਇਸਾਈ ਧਰਮ ਦੇ ਇਹਨਾਂ ਡੇਰਿਆਂ ਨੇ ਇਕੱਠੇ ਹੋਕੇ ਆਪਣੀ ਇੱਕ ਵੱਖਰੀ ਸੰਸਥਾ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਸਾਲ 2021 ਵਿੱਚ ਸਥਾਪਤ ਕੀਤੀ।

ਇਸ ਸੰਸਥਾ ਦਾ ਮੁੱਖ ਦਫ਼ਤਰ ਜਲੰਧਰ ਵਿੱਚ ਖੋਜੇਵਾਲ ਪਿੰਡ ਵਿੱਚ ਹੈ ਅਤੇ ਇਸ ਦੇ ਕਰਤਾ ਧਰਤਾ ਪਾਸਟਰ ਹਰਪ੍ਰੀਤ ਦਿਓਲ ਹਨ।

ਇਸ ਸੰਸਥਾ ਨਾਲ ਜੁੜੇ ਪਾਸਟਰ ਗੁਰਮਿੰਦਰ ਸਿੰਘ ਬਾਜਵਾ ਨੇ ਬੀਬੀਸੀ ਨੂੰ ਦੱਸਿਆ ਕਿ ਹੁਣ ਤੱਕ ਸੰਸਥਾ ਨਾਲ 1000 ਪਾਸਟਰ ਜੁੜ ਚੁੱਕੇ ਹਨ ਪਰ ਇਸ ਦਾ ਸਬੰਧ ਮਸੀਹ ਮਹਾਂ ਸਭਾ ਨਾਲ ਕੋਈ ਨਹੀਂ ਹੈ। ਉਨ੍ਹਾਂ ਨੇ ਆਖਿਆ ਇਸ ਸੰਸਥਾ ਦੇ ਦਰਵਾਜ਼ੇ ਸਾਰਿਆਂ ਲਈ ਖੁੱਲੇ ਹਨ ਅਤੇ ਕੋਈ ਵੀ ਚਰਚ ਇਸ ਵਿੱਚ ਸ਼ਾਮਲ ਹੋ ਸਕਦਾ ਹੈ।

ਜਦੋਂਕਿ ਦੂਜੇ ਪਾਸੇ ਮਸੀਹ ਮਹਾਂ ਸਭਾ ਦੇ ਪ੍ਰਧਾਨ ਬਿਸ਼ਪ ਪ੍ਰਦੀਪ ਕੁਮਾਰ ਸਾਮੰਤਾ ਰੌਏ ਦਾ ਕਹਿਣਾ ਹੈ ਕਿ ਜੋ ਪਾਸਟਰ ਨਿੱਜੀ ਤੌਰ ਉੱਤੇ ਆਪਣੇ ਡੇਰੇ ਸਥਾਪਤ ਕਰ ਕੇ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਉੱਤੇ ਇਸ ਸੰਸਥਾ ਦਾ ਕੋਈ ਕੰਟਰੋਲ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਛੇਤੀ ਹੀ ਇਹ ਯਕੀਨੀ ਬਣਾਉਣਗੇ ਕਿ ਜੋ ਪਾਸਟਰ ਬਾਈਬਲ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਸਬੰਧ ਵਿੱਚ ਉਹ ਸਰਕਾਰ ਤੋਂ ਵੀ ਮਦਦ ਲੈਣਗੇ।

ਇਸ ਦੇ ਨਾਲ ਹੀ ਪੰਜਾਬ ਘੱਟ ਕਮਿਸ਼ਨ ਦੇ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਦਾ ਕਹਿਣਾ ਹੈ ਕਿ ਇਸਾਈ ਧਰਮ ਦੇ ਅੰਦਰ ਵੀ ਕੁਝ ਅਖੌਤੀ ਪਾਸਟਰ ਆ ਗਏ ਜਿੰਨ੍ਹਾਂ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ ਹੈ।

ਉਨ੍ਹਾਂ ਮੁਤਾਬਕ ਅਜਿਹੇ ਅਖੌਤੀ ਪਾਸਟਰਾਂ ਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਗੱਲ ਦਾ ਪਤਾ ਲਗਾਇਆ ਚਾਹੀਦਾ ਹੈ ਕਿ ਉਨ੍ਹਾਂ ਕੋਲ ਵਿੱਤੀ ਸਾਧਨ ਕਿੱਥੇ ਆ ਰਹੇ ਹਨ।

ਉਹ ਕਹਿੰਦੇ ਹਨ, ''ਚਰਚਾਂ ਦੇ ਨਾਂ ਉੱਤੇ ਚੱਲਣ ਵਾਲੇ ਨਿੱਜੀ ਕਾਰੋਬਾਰ ਬੰਦ ਹੋਣੇ ਚਾਹੀਦੇ ਹਨ, ਭਾਵੇਂ ਕੋਈ ਤੇਲ ਵੇਚਦਾ ਹੈ ਜਾਂ ਪਾਣੀ, ਅਸੀਂ ਅਜਿਹੇ ਲੋਕਾਂ ਦੇ ਹੱਕ ਵਿਚ ਨਹੀਂ ਹਾਂ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)