You’re viewing a text-only version of this website that uses less data. View the main version of the website including all images and videos.
ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ 'ਚ ਜਿੱਤ ਦਾ ਦਾਅਵਾ ਕਰਦਿਆਂ ਸਿੱਧੂ ਮੂਸੇਵਾਲਾ ਦੇ ਗਾਣੇ 295 ਦਾ ਕਿਵੇਂ ਜ਼ਿਕਰ ਕੀਤਾ
ਸ਼ਨੀਵਾਰ ਨੂੰ ਵੋਟਿੰਗ ਖਤਮ ਹੋਣ ਤੋਂ ਬਾਅਦ ਜਾਰੀ ਕੀਤੇ ਗਏ ਐਗਜ਼ਿਟ ਪੋਲ 'ਤੇ ਟਿੱਪਣੀ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਹ 'ਮੋਦੀ ਮੀਡੀਆ ਪੋਲ' ਹੈ।
ਜ਼ਿਆਦਾਤਰ ਚੈਨਲਾਂ ਦੇ ਐਗਜ਼ਿਟ ਪੋਲ ਨੇ ਪੇਸ਼ੀਨਗੋਈ ਕੀਤੀ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਨੂੰ 543 ਵਿੱਚੋਂ 350 ਤੋਂ ਵੱਧ ਸੀਟਾਂ ਮਿਲਣਗੀਆਂ।
ਜਦੋਂ ਪੱਤਰਕਾਰਾਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਐਗਜ਼ਿਟ ਪੋਲ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, “ਇਸ ਦਾ ਨਾਂ ਐਗਜ਼ਿਟ ਪੋਲ ਨਹੀਂ ਹੈ, ਇਹ ਮੋਦੀ ਮੀਡੀਆ ਪੋਲ ਹੈ, ਇਹ ਮੋਦੀ ਜੀ ਦਾ ਪੋਲ ਹੈ, ਇਹ ਉਨ੍ਹਾਂ ਦੀ ਕਲਪਨਾ ਦਾ ਪੋਲ ਹੈ।”
ਜਦੋਂ ਪੱਤਰਕਾਰਾਂ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ 'ਇੰਡੀਆ ਗਠਜੋੜ' ਨੂੰ ਕਿੰਨੀਆਂ ਸੀਟਾਂ ਮਿਲ ਰਹੀਆਂ ਹਨ ਤਾਂ ਉਨ੍ਹਾਂ ਕਿਹਾ, “ਕੀ ਤੁਸੀਂ ਸਿੱਧੂ ਮੂਸੇਵਾਲਾ ਦਾ ਗੀਤ ਸੁਣਿਆ ਹੈ? 295 !"
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੇ 295 ਨਾਂ ਦਾ ਗੀਤ ਰਿਲੀਜ਼ ਕੀਤਾ ਸੀ।
ਰਾਹੁਲ ਗਾਂਧੀ ਨੇ ਕਿਹਾ ਕਿ 'ਇੰਡੀਆ ਗਠਜੋੜ' ਨੂੰ 295 ਸੀਟਾਂ ਮਿਲ ਰਹੀਆਂ ਹਨ।
ਜ਼ਿਆਦਾਤਰ ਵਿਰੋਧੀ ਧਿਰ ਦੇ ਆਗੂਆਂ ਨੇ ਐਗਜ਼ਿਟ ਪੋਲ ਨੂੰ ਰੱਦ ਕਰ ਦਿੱਤਾ ਹੈ ਅਤੇ 4 ਜੂਨ ਨੂੰ ਆਉਣ ਵਾਲੇ ਨਤੀਜਿਆਂ ਵਿੱਚ 'ਇੰਡੀਆ ਗਠਜੋੜ' ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ।
ਭਾਰਤ ਵਿੱਚ 7 ਪੜਾਵਾਂ ਦੀ ਵੋਟਿੰਗ ਤੋਂ ਬਾਅਦ 4 ਜੂਨ ਨੂੰ ਨਤੀਜੇ ਆਉਣਗੇ।
ਸਾਰੇ ਐਗਜ਼ਿਟ ਪੋਲ ਇਹ ਸੰਕੇਤ ਦੇ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪੂਰਨ ਬਹੁਮਤ ਨਾਲ ਸੱਤਾ ਹਾਸਲ ਕਰ ਸਕਦੇ ਹਨ।
'ਇੰਡੀਆ ਗਠਜੋੜ' ਦੇ ਕੀ ਦਾਅਵੇ ਹਨ
ਸ਼ਨੀਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਲ ਖੜਗੇ ਨੇ ਦਾਅਵਾ ਕੀਤਾ ਕਿ ਇੰਡੀਆ ਗਠਜੋੜ ਨੂੰ 295 ਤੋਂ ਵੱਧ ਸੀਟਾਂ ਮਿਲਣਗੀਆਂ।
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਸਾਨੂੰ ਬਹੁਮਤ ਦਿਸ ਰਿਹਾ ਹੈ ਇਸੇ ਲਈ ਬੈਠਕ ਸੱਦੀ ਗਈ ਹੈ, ਨਹੀਂ ਤਾਂ ਕੌਣ ਬੈਠਕ ਕਰਦਾ ਹੈ।
ਬਾਜਵਾ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ, “ਸਰਵੇਖਣ ਮੁਤਾਬਕ ਇੰਡੀਆ ਬਲਾਕ ਨੂੰ ਐੱਨਡੀਏ ਤੋਂ 50 ਦੇ ਲਗਭਗ ਸੀਟਾਂ ਜ਼ਿਆਦਾ ਮਿਲ ਰਹੀਆਂ ਹਨ। ਉਨ੍ਹਾਂ ਨੂੰ ਸਮੇਤ ਭਾਜਪਾ 235-245 ਸੀਟਾਂ ਮਿਲ ਰਹੀਆਂ ਹਨ। ਇਸ ਲਈ ਅਸੀਂ ਇਹ ਹੰਗਾਮੀ ਬੈਠਕ ਸੱਦੀ ਹੈ ਤਾਂ ਜੋ ਸਾਂਸਦਾਂ ਦੀ ਵੇਚ-ਖ਼ਰੀਦ ਨਾ ਕੀਤੀ ਜਾ ਸਕੇ। ਸਾਨੂੰ ਸ਼ੱਕ ਹੈ ਕਿ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਜੇ ਇਹ ਬੈਠਕ ਸੱਦੀ ਗਈ ਹੈ ਤਾਂ ਇਸਦਾ ਮਤਲਬ ਹੈ ਕਿ ਸਾਨੂੰ ਪਤਾ ਹੈ ਕਿ ਅਸੀਂ ਬਹੁਮਤ ਹਾਸਲ ਕਰ ਰਹੇ ਹਾਂ।”
''ਜੇ ਸਾਨੂੰ ਇਹ ਲੱਗਦਾ ਕਿ ਸਾਡੇ ਕੋਲ ਨੰਬਰ ਹੀ ਨਹੀਂ ਹਨ ਤਾਂ ਮੀਟਿੰਗ ਕੌਣ ਬੁਲਾਉਂਦਾ ? ਬੈਠਕ ਉਦੋਂ ਹੀ ਸੱਦੀ ਜਾਂਦੀ ਹੈ ਜਦੋਂ ਗੰਭੀਰਤਾ ਹੋਵੇ ਕਿ ਸਰਕਾਰ ਕੋਈ ਵੀ ਗਲਤ ਕੰਮ ਕਰ ਸਕਦੀ ਹੈ। ਇਨ੍ਹਾਂ ਦੇ ਕਿਸੇ ਹੋਰ ਏਜੰਡੇ ਤੋਂ ਪਹਿਲਾਂ-ਪਹਿਲਾਂ ਇਕੱਠੇ ਹੋਈਏ।”
“ਕਿਉਂਕਿ ਜੇ ਸਾਡੀਆਂ ਸੀਟਾਂ ਆਉਣਗੀਆਂ ਤਾਂ ਸਾਰਿਆਂ ਨੂੰ ਲਿਖ ਕੇ ਰਾਸ਼ਟਰਪਤੀ ਜੀ ਨੂੰ ਦੇਣਾ ਪਵੇਗਾ, ਕਿ ਅਸੀਂ ਇਕੱਠੇ ਹਾਂ ਅਤੇ ਸਾਡਾ ਲੀਡਰ ਕੌਣ ਹੈ।”
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਐਤਵਾਰ ਨੂੰ ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਚਾਰ ਦੇ ਇੰਚਾਰਜ ਜੈ ਰਾਮ ਰਮੇਸ਼ ਨੇ ਕਿਹਾ, “ਇਹ ਐਗਜ਼ਿਟ ਪੋਲ ਝੂਠੇ ਹਨ। ਇੰਡੀਆ ਅਲਾਇੰਸ 295 ਤੋਂ ਘੱਟ ਸੀਟਾਂ ਨਹੀਂ ਲੈ ਰਿਹਾ ਹੈ। ਇਹ ਐਗਜ਼ਿਟ ਪੋਲ ਝੂਠੇ ਹਨ ਕਿਉਂਕਿ ਪੀਐੱਮ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਕ ਮਨੋਵਿਗਿਆਨਕ ਖੇਡ ਖੇਡ ਰਹੇ ਹਨ। ਉਹ ਵਿਰੋਧੀ ਪਾਰਟੀਆਂ, ਚੋਣ ਕਮਿਸ਼ਨ, ਕਾਊਂਟਿੰਗ ਏਜੰਟਾਂ, ਰਿਟਰਨਿੰਗ ਅਧਿਕਾਰੀਆਂ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਜਿਹਾ ਮਾਹੌੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਵਾਪਸ ਆ ਰਹੇ ਹਨ ਜਦਕਿ ਸਚਾਈ ਇਸ ਤੋਂ ਬਿਲਕੁਲ ਵੱਖਰੀ ਹੈ।”
ਉਨ੍ਹਾਂ ਨੇ ਕਿਹਾ ਕਿ ਐਤਵਾਰ ਨੂੰ ਕਾਂਗਰਸ ਪ੍ਰਧਾਨ ਮਿਲਾਕਾਰਜੁਨ ਖੜਗੇ ਅਤੇ ਸਾਂਸਦ ਰਾਹੁਲ ਗਾਂਧੀ ਨੇ ਸਾਡੇ ਸਾਰੇ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਹੈ।
ਐਤਵਾਰ ਦੀ ਬੈਠਕ ਵਿੱਚ ਕਾਂਗਰਸ ਲੈਜਿਸਲੇਚਰ ਪਾਰਟੀ ਦੇ ਆਗੂ ਅਤੇ ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਪ੍ਰਧਾਨ ਵੀ ਵੀਡੀਓ ਕਾਨਫਰੰਸਿਗ ਰਾਹੀਂ ਸ਼ਾਮਿਲ ਹੋਏ।
ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਰੱਦ ਕਰਦੇ ਹੋਏ ਬੈਠਕ ਵਿੱਚ ਨਤੀਜਿਆਂ ਦੇ ਦਿਨ ਚਾਰ ਜੂਨ ਲਈ ਰਣਨੀਤੀ ਤਿਆਰ ਕਰਨ ਬਾਰੇ ਵਿਚਾਰ ਕੀਤਾ ਗਿਆ।
ਸਿੱਧੂ ਮੂਸੇਵਾਲਾ ਦਾ 295 ਗੀਤ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਾਨੂੰਨੀ ਧਾਰਾਵਾਂ ਨਾਲ ਸਬੰਧਤ ਸ਼ਬਦਾਵਲੀ ਦੀ ਆਪਣੇ ਗੀਤਾਂ ਵਿੱਚ ਆਮ ਵਰਤੋਂ ਕਰਦੇ ਰਹੇ ਸਨ।
ਉਨ੍ਹਾਂ ਦਾ ਇੱਕ ਗੀਤ 295 ਦਾ ਨਾਂਅ ਵੀ ਭਾਰਤੀ ਦੰਡਾਵਲੀ ਦੀ ਧਾਰਾ ਉੱਤੇ ਸੀ।
ਭਾਰਤੀ ਦੰਡਾਵਲੀ ਦੀ ਧਾਰਾ 295(ਏ) ਧਾਰਮਿਕ ਭਾਵਨਾਵਾਂ ਭੜਕਾਉਣ ਵਾਲਿਆਂ ਉੱਤੇ ਲੱਗਦੀ ਹੈ। ਆਪਣੇ ਇਸ ਗੀਤ ਵਿੱਚ ਉਨ੍ਹਾਂ ਨੇ ਤਥਾਕਥਿਤ ਧਾਰਮਿਕ ਆਗੂਆਂ ਅਤੇ ਸਿਆਸੀ ਆਗੂਆਂ ਉੱਤੇ ਤੰਜ਼ ਕੱਸਿਆ ਸੀ।
ਇਸ ਗੀਤ ਵਿੱਚ ਉਨ੍ਹਾਂ ਕਿਹਾ ਸੀ “ਸੱਚ ਬੋਲੇਂਗਾ ਤਾਂ ਮਿਲੂ 295, ਜੇ ਕਰੇਂਗਾ ਤਰੱਕੀ ਪੁੱਤ ਹੇਟ(ਨਫ਼ਰਤ) ਮਿਲੂਗੀ।”
ਗੀਤ ਵਿੱਚ ਚੜ੍ਹਦੇ ਬੰਦੇ ਨੂੰ ਹੇਠਾਂ ਸੁੱਟਣ ਦੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਹੈ।
ਦੇਸ ਵਿੱਚ ਫੈਲੇ ਧਾਰਮਿਕ ਨਫ਼ਰਤ ਦਾ ਰਾਹੁਲ ਗਾਂਧੀ ਅਕਸਰ ਵਿਰੋਧ ਕਰਦੇ ਹਨ।
ਸਿੱਧੂ ਮੂਸੇਵਾਲਾ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਉਹਨਾਂ ਨੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਅਸਫ਼ਲ ਚੋਣ ਲੜੀ ਸੀ।
ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪਿਛਲੇ ਦਿਨੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਵੀ ਕੀਤਾ ਸੀ।
29 ਮਈ ਨੂੰ ਆਪਣੀ ਪੰਜਾਬ ਫੇਰੀ ਦੌਰਾਨ ਰਾਹੁਲ ਗਾਂਧੀ ਨੇ ਬਲਕੌਰ ਸਿੰਘ ਨਾਲ ਮੁਲਾਕਾਤ ਵੀ ਕੀਤੀ ਸੀ।
ਧਾਰਾ 295 ਕੀ ਹੈ?
ਕੁਝ ਸਮਾਂ ਪਹਿਲਾਂ ਬੀਬੀਸੀ ਨੇ ਸੀਨੀਅਰ ਵਕੀਲ ਅਤੇ ਲੇਖਿਕਾ ਨਿਤਿਆ ਰਾਮਾਕ੍ਰਿਸ਼ਣਨ ਨਾਲ ਧਾਰਾ 295 ਬਾਰੇ ਸਮਝਣ ਲਈ ਗੱਲਬਾਤ ਕੀਤੀ ਸੀ।
ਆਈਪੀਸੀ ਦੀ ਧਾਰਾ 295 ਬਾਰੇ ਨਿਤਿਆ ਨੇ ਦੱਸਿਆ ਸੀ, ''ਕਿਸੇ ਧਰਮ ਨਾਲ ਜੁੜੀ ਉਪਾਸਨਾ (ਪੂਜਾ-ਪਾਠ) ਵਾਲੀ ਥਾਂ ਨੂੰ ਨੁਕਸਾਨ ਪਹੁੰਚਾਉਣ, ਅਪਮਾਨ ਕਰਨ ਜਾਂ ਅਪਵਿੱਤਰ ਕਰਨ ਦੇ ਉਦੇਸ਼ ਨਾਲ ਕੋਈ ਵੀ ਕਦਮ ਚੁੱਕਿਆ ਗਿਆ ਹੋਵੇ ਤਾਂ ਉਸ ਮਾਮਲੇ 'ਚ ਇਹ ਧਾਰਾ ਲਗਾਈ ਜਾ ਸਕਦੀ ਹੈ। ਇਸ 'ਚ ਵੱਧ ਤੋਂ ਵੱਧ 2 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਇਸ 'ਚ ਜ਼ਮਾਨਤ ਵੀ ਮਿਲ ਸਕਦੀ ਹੈ।''
ਹਾਲਾਂਕਿ, ਇਸ ਦੇ ਨਾਲ ਹੀ ਨਿਤਿਆ ਨੇ ਇੱਕ ਹੋਰ ਅਹਿਮ ਗੱਲ ਵੀ ਜੋੜੀ ਸੀ।
ਉਹ ਕਿਹਾ ਸੀ, ''ਆਈਪੀਸੀ ਦੀ ਕਿਹੜੀ ਧਾਰਾ ਜ਼ਮਾਨਤੀ ਜਾਂ ਗੈਰ ਜ਼ਮਾਨਤੀ ਹੈ, ਇਸ ਤੋਂ ਇਲਾਵਾਂ ਇੱਕ ਹੋਰ ਕੈਟੇਗਰੀ ਹੈ, ਜਿਸ ਦਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ।''
''ਜੇ ਕਿਸੇ ਮਾਮਲੇ 'ਚ 7 ਸਾਲ ਤੋਂ ਘੱਟ ਦੀ ਸਜ਼ਾ ਹੋਵੇ ਤਾਂ ਗ੍ਰਿਫ਼ਤਾਰੀ ਨਹੀਂ ਹੋਣੀ ਚਾਹੀਦੀ। ਸੁਪਰੀਮ ਕੋਰਟ ਨੇ ਅਰਨੇਸ਼ ਕੁਮਾਰ ਜੱਜਮੈਂਟ 'ਚ ਇਹ ਗੱਲ ਕਹੀ ਹੈ। ਪਿਛਲੇ ਦੋ-ਤਿੰਨ ਫੈਸਲਿਆਂ 'ਚ ਇਸ ਨੂੰ ਦੁਹਰਾਇਆ ਵੀ ਹੈ।''
ਇਸ ਤਰ੍ਹਾਂ ਲੱਗ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਦੇ 295 ਗੀਤ ਦਾ ਜ਼ਿਕਰ ਕਰਕੇ ਬਹੁਤ ਹੀ ਅਸਿੱਧੇ ਢੰਗ ਨਾਲ ਆਪਣੇ ਵਿਰੋਧੀਆਂ ਅਤੇ ਸਵਾਲ ਚੁੱਕਣ ਵਾਲਿਆਂ ਨੂੰ ਇੱਕ ਨਿੱਜੀ ਅਤੇ ਸੰਦੇਸ਼ ਦਿੱਤਾ ਹੈ।