You’re viewing a text-only version of this website that uses less data. View the main version of the website including all images and videos.
ਐਗਜ਼ਿਟ ਪੋਲ ਪੰਜਾਬ ਦੇ ਲੋਕ ਸਭਾ ਨਤੀਜਿਆਂ ਬਾਰੇ ਕੀ ਕਹਿ ਰਹੇ ਹਨ, ਜਾਣੋ ਅੰਕੜੇ ਕਿੰਨੇ ਸਪੱਸ਼ਟ
ਇਸ ਪੰਨੇ ਰਾਹੀ ਅਸੀਂ ਤੁਹਾਡੇ ਨਾਲ ਲੋਕ ਸਭਾ ਚੋਣਾਂ ਨਾਲ ਸਬੰਧਤ ਪੰਜਾਬ ਦੇ ਘਟਨਾਕ੍ਰਮ ਅਤੇ ਹੋਰ ਅਹਿਮ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ।
ਸ਼ਨੀਵਾਰ ਸ਼ਾਮ ਲੋਕ ਸਭਾ ਦੀਆਂ 57 ਸੀਟਾਂ ਲਈ ਸੱਤਵੀਂ ਗੇੜ ਲਈ ਵੋਟਿੰਗ ਖ਼ਤਮ ਹੋਣ ਦੇ ਨਾਲ 18ਵੀਂ ਲੋਕ ਸਭਾ ਦੀਆਂ ਕੁੱਲ 543 ਸੀਟਾਂ ਲਈ ਮਤਦਾਨ ਖ਼ਤਮ ਹੋ ਗਿਆ ਹੈ।
ਚੋਣ ਕਮਿਸ਼ਨ ਅਨੁਸਾਰ ਸੱਤਵੇਂ ਗੇੜ ਵਿੱਚ ਸ਼ਾਮ 8 ਵਜ ਕੇ 45 ਮਿੰਟ ਤੱਕ 59.45 ਫੀਸਦੀ ਵੋਟਿੰਗ ਹੋਈ ਹੈ।
ਇਸ ਦੇ ਨਾਲ ਹੀ ਐਗਜ਼ਿਟ ਪੋਲਜ਼ ਦੇ ਅਨੁਮਾਨ ਵੀ ਆਉਣੇ ਸ਼ੁਰੂ ਹੋ ਗਏ ਹਨ।
ਇਨ੍ਹਾਂ ਵਿੱਚ ਜ਼ਿਆਦਾਤਰ ਪੋਲਜ਼ ਵਿੱਚ ਭਾਜਪਾ ਦੀ ਗਠਜੋੜ ਵਾਲੀ ਐੱਨਡੀਏ ਨੂੰ ਸਭ ਤੋਂ ਜ਼ਿਆਦਾ ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।
ਬੀਬੀਸੀ ਵੱਲੋਂ ਆਪਣੇ ਤੌਰ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਐਗਜ਼ਿਟ ਪੋਲ ਨਹੀਂ ਕਰਵਾਇਆ ਜਾਂਦਾ। ਬੀਬੀਸੀ ਪੰਜਾਬੀ ਹੋਰ ਮੀਡੀਆ ਤੇ ਰਿਸਰਚ ਅਦਾਰਿਆਂ ਵੱਲੋਂ ਜਾਰੀ ਕੀਤੇ ਐਗਜ਼ਿਟ ਪੋਲ ਹੀ ਤੁਹਾਡੇ ਨਾ ਸਾਂਝੀ ਕਰ ਰਿਹਾ ਹੈ।
18ਵੀਂ ਲੋਕ ਸਭਾ ਚੋਣਾਂ ਲਈ ਵੋਟਿੰਗ 7 ਗੇੜ ਵਿੱਚ ਹੋਈ ਹੈ।
16 ਮਾਰਚ ਨੂੰ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਹੋਈ ਅਤੇ 19 ਅਪ੍ਰੈਲ ਨੂੰ ਵੋਟਿੰਗ ਹੋਈ।
ਚਾਰ ਜੂਨ ਨੂੰ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦੇ ਐਲਾਨ ਦੇ ਨਾਲ ਇਹ ਪ੍ਰਕਿਰਿਆ ਖ਼ਤਮ ਹੋਵੇਗੀ।
ਲੋਕ ਸਭਾ ਚੋਣਾਂ ਦੇ ਨਾਲ-ਨਾਲ ਆਂਧਰ ਪ੍ਰਦੇਸ਼, ਓਡੀਸ਼ਾ, ਅਰੁਨਾਚਲ ਪ੍ਰਦੇਸ਼ ਅਤੇ ਸਿੱਕਿਮ ਵਿਧਾਨ ਸਭਾ ਲਈ ਵੀ ਚੋਣਾਂ ਕਰਵਾਈਆਂ ਗਈਆਂ ਹਨ।
ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਬਠਿੰਡਾ ਵਿੱਚ 60.84% ਅਤੇ ਸਭ ਤੋਂ ਘੱਟ ਵੋਟਾਂ ਅੰਮ੍ਰਿਤਸਰ ਵਿੱਚ 50.33% ਪਈਆਂ ਹਨ। ਜਦਕਿ ਸੱਤਵੇਂ ਗੇੜ ਵਿੱਚ ਪੂਰੇ ਦੇਸ ਵਿੱਚ ਵੋਟ ਪ੍ਰਤੀਸ਼ਤ 59.45 ਰਹੀ ਹੈ।
ਇੱਥੇ ਇੱਕ ਨਜ਼ਰ ਦੇਖਦੇ ਹਾਂ ਕਿ ਵੱਖ-ਵੱਖ ਐਗਜ਼ਿਟ ਪੋਲ ਪੰਜਾਬ ਬਾਰੇ ਕੀ ਕਹਿ ਰਹੇ ਹਨ—
ਦੇਸ ਦੇ ਰੁਝਾਨ ਦੇ ਉਲਟ ਹੋਣ ਦਾ ਦਾਅਵਾ
ਲੋਕ ਸਭਾ ਚੋਣਾਂ ਦੇ ਪੰਜਾਬ ਵਿੱਚ ਨਤੀਜਿਆਂ ਬਾਰੇ ਐਗਜਿਟ ਪੋਲਜ਼ ਜੋ ਤਸਵੀਰ ਉਭਾਰ ਰਹੇ ਹਨ, ਉਨ੍ਹਾਂ ਮੁਤਾਬਕ ਪੰਜਾਬ ਕੇਂਦਰੀ ਰੁਝਾਨ ਨੇ ਉਲਟ ਵਿਰੋਧੀ ਧਿਰ ਦੇ ਪੱਖ਼ ਵਿੱਚ ਭੁਗਤਦਾ ਦਿਖ ਰਿਹਾ ਹੈ। ਭਾਵੇਂ ਕਿ 1996 ਤੋਂ ਬਾਅਦ ਪਹਿਲੀ ਵਾਰ ਅਕਾਲੀ ਦਲ ਨਾਲੋਂ ਅਲੱਗ ਹੋ ਕੇ ਲੜ ਰਹੀ ਭਾਰਤੀ ਜਨਤਾ ਪਾਰਟੀ ਨੂੰ ਚੰਗਾ ਹੁਲਾਰਾ ਮਿਲਣ ਦੇ ਦਾਅਵੇ ਕੀਤੇ ਜਾ ਰਹੇ ਹਨ।
ਐਕਸਿਜ਼ ਮਾਈਇੰਡੀਆ ਟੀਵੀ ਦੇ ਐਗਜਿਟ ਪੋਲ ਮੁਤਾਬਕ ਭਾਰਤੀ ਜਨਤਾ ਪਾਰਟੀ ਨੂੰ 2-4 ਸੀਟਾਂ ਉੱਤੇ ਜਿੱਤ ਹਾਸਲ ਹੋ ਸਕਦੀ ਹੈ। ਜਦਕਿ ਇੰਡੀਆ ਬਲਾਕ ਨੂੰ 7-9 ਸੀਟਾਂ ਮਿਲ ਸਕਦੀਆਂ ਹਨ। ਇਹ ਐਗਜਿਟ ਪੋਲਜ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ 0-2 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ।
ਨਿਊਜ਼ 24 -ਚਾਣਕਿਆ ਨੇ ਵੀ ਭਾਜਪਾ ਨੂੰ 4 ਸੀਟਾਂ ਦਿੱਤੀਆਂ ਹਨ, ਕਾਂਗਰਸ ਹਿੱਸੇ ਵੀ ਚਾਰ ਸੀਟਾਂ ਦੀ ਦਿਖਾਈਆਂ ਗਈਆਂ ਹਨ ਜਦਕਿ 2 ਸੀਟਾਂ ਆਮ ਆਦਮੀ ਪਾਰਟੀ ਨੂੰ ਜਿੱਤ ਦੇ ਦਿਖਾਇਆ ਗਿਆ ਹੈ। ਤਿੰਨ ਸੀਟਾਂ ਹੋਰਾਂ ਨੂੰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਅਕਾਲੀ ਦਲ ਅਤੇ ਅਜਾਦ ਉਮੀਦਵਾਰ ਹੋ ਸਕਦੇ ਹਨ।
ਨਿਊਜ਼18 ਦੇ ਐਗਜਿਟ ਪੋਲ ਮੁਤਾਬਕ ਕਾਂਗਰਸ ਨੂੰ 8-10 ਸੀਟਾਂ ਮਿਲ ਦਾ ਦਾਅਵਾ ਕੀਤਾ ਗਿਆ ਹੈ, ਆਪ ਨੂੰ 0-1 ਅਤੇ ਭਾਜਪਾ ਨੂੰ 2-4 ਸੀਟਾਂ ਜਿੱਤਣ ਦੀ ਗੱਲ ਕਹੀ ਜਾ ਚੁੱਕੀ ਹੈ। ਇਸੇ ਤਰ੍ਹਾਂ 0-1 ਸੀਟ ਹੋਰਾਂ ਦੇ ਖਾਤੇ ਵਿੱਚ ਜਾਂਦੀ ਦਿਖਾਈ ਦੇ ਰਹੀ ਹੈ।
ਇਹ ਅਕੰੜੇ ਸਪੱਸ਼ਟ ਕਰਦੇ ਹਨ ਕਿ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ ਅਤੇ ਸੀਟਾਂ ਦੇ ਪੱਖ਼ ਤੋਂ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਦੂਜੇ ਸਥਾਨ ਉੱਤੇ ਆਉਣ ਲਈ ਲੜਾਈ ਹੈ। ਇਨ੍ਹਾਂ ਪੋਲਜ਼ ਵਿੱਚ ਅਕਾਲੀ ਦਲ ਦੀ ਹਾਲਤ ਨੂੰ ਕਾਫੀ ਪਤਲਾ ਦਿਖਾਇਆ ਗਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਅਕਾਲੀ ਦਲ ਨੂੰ ਜ਼ਬਰਦਸਤ ਝਟਕਾ ਲੱਗੇਗਾ।
ਐਗਜ਼ਿਟ ਪੋਲਜ਼ ਦੇ ਅੰਕੜੇ
ਆਜ ਤਕ ਦੇ ਐਗਜ਼ਿਟ ਪੋਲ ਮੁਤਾਬਕ ਪੰਜਾਬ ਵਿੱਚ ਭਾਜਪਾ ਨੂੰ 2-4, ਆਪ ਨੂੰ 0-2, ਕਾਂਗਰਸ ਨੂੰ 7-9 ਅਤੇ ਹੋਰਾਂ ਨੂੰ 2-4 ਸੀਟਾਂ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਨਿਊਜ਼-18 ਦੇ ਐਗਜ਼ਿਟ ਪੋਲ ਮੁਤਾਬਕ ਪੰਜਾਬ ਵਿੱਚ ਕਾਂਗਰਸ ਨੂੰ 8-10 ਸੀਟਾਂ, ਆਮ ਆਦਮੀ ਪਾਰਟੀ ਨੂੰ 0-1 ਸੀਟ ਅਤੇ ਭਾਜਪਾ ਨੂੰ- 2-4 ਸੀਟਾਂ ਜਦਕਿ ਹੋਰਾਂ ਨੂੰ 0-1 ਸੀਟ ਮਿਲ ਸਕਦੀਆਂ ਹਨ।
ਏਬੀਪੀ-ਸੀਵੋਟਰ ਦੇ ਅੰਦਾਜ਼ੇ ਮੁਤਾਬਕ ਕੌਮੀ ਪੱਧਰ ਉੱਤੇ ਐੱਨਡੀਏ 353-383 ਸੀਟਾਂ, ਇੰਡੀਆ ਅਲਾਇੰਸ 152-182 ਸੀਟਾਂ ਅਤੇ ਹੋਰ ਪਾਰਟੀਆਂ ਨੂੰ 4-12 ਸੀਟਾਂ ਮਿਲ ਸਕਦੀਆਂ ਹਨ।
ਇੰਡੀਆ ਟੀਵੀ ਦੇ ਐਗਜ਼ਿਟ ਪੋਲ ਮੁਤਾਬਕ ਐੱਨਡੀਏ ਨੂੰ 371-401 ਸੀਟਾਂ, ਕਾਂਗਰਸ ਨੂੰ 109-139 ਸੀਟਾਂ, ਜਦਕਿ ਹੋਰ ਪਾਰਟੀਆਂ ਨੂੰ 28-38 ਸੀਟਾਂ ਮਿਲ ਸਕਦੀਆਂ ਹਨ।
ਪੰਜਾਬ ਦੇ ਸੰਬੰਧ ਵਿੱਚ ਕਾਂਗਰਸ ਨੂੰ 4-6 ਸੀਟਾਂ, ਭਾਜਪਾ ਨੂੰ 2-3 ਸੀਟਾਂ, ਅਕਾਲੀ ਦਲ 1-3 ਸੀਟਾਂ ਅਤੇ ਆਮ ਆਦਮੀ ਪਾਰਟੀ ਦੀ ਝੋਲੀ 2-4 ਸੀਟਾਂ ਪੈ ਸਕਦੀਆਂ ਹਨ।
ਰਿਪਬਲਿਕ ਟੀਵੀ-ਪੀਐੱਮਏਆਰਕਿਊ ਮੈਟ੍ਰਿਜ਼ ਮੁਤਾਬਕ ਕੇਂਦਰ ਵਿੱਚਐੱਨਡੀਏ ਨੂੰ 359 ਸੀਟਾਂ, ਇੰਡੀਆ ਗਠਜੋੜ 154 ਸੀਟਾਂ ਅਤੇ ਹੋਰ ਪਾਰਟੀਆਂ ਨੂੰ 30 ਸੀਟਾਂ ਮਿਲ ਸਕਦੀਆਂ ਹਨ।
ਪੰਜਾਬ ਬਾਰੇ ਕੀਤੀ ਗਈ ਪੇਸ਼ੀਨਗੋਈ ਮੁਤਾਬਕ, ਭਾਜਪਾ ਨੂੰ ਸੂਬੇ ਵਿੱਚ 2, ਇੰਡੀਆ ਗਠਬੰਧਨ ਨੂੰ 10 ਅਤੇ ਹੋਰਾਂ ਨੂੰ ਇੱਕ ਸੀਟ ਮਿਲ ਸਕਦੀ ਹੈ।
ਲੋਕ ਸਭਾ ਚੋਣਾਂ ਦੇ ਆਖਰੀ ਦਿਨ ਦੀਆਂ ਸਿਆਸੀ ਸਰਗਰਮੀਆਂ ਬਾਰੇ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰਕੇ ਪੜ੍ਹ ਸਕਦੇ ਹੋ।