ਇਨ੍ਹਾਂ ਕੁੜੀਆਂ ਨੇ ਏਆਈ ਦੇ ਜ਼ਮਾਨੇ ’ਚ ਬੁਆਏਫਰੈਂਡ ਬਣਾਉਣ ਦਾ ਨਵਾਂ ਤਰੀਕਾ ਲੱਭ ਲਿਆ ਹੈ

    • ਲੇਖਕ, ਵਾਨਚਿੰਗ ਜਾਨ
    • ਰੋਲ, ਬੀਬੀਸੀ ਪੱਤਰਕਾਰ

ਸਮੁੰਦਰ ਦੇ ਕਿਨਾਰੇ ਢੱਲਦੇ ਸੂਰਜ ਨੂੰ ਦੇਖ ਰਹੀ ਲੀਜ਼ਾ ਇੱਕ ਡੇਟ ਉੱਤੇ ਸੀ। ਲੀਜ਼ਾ ਨੇ ਡੈਨ ਨੂੰ ਕਿਹਾ, "ਕਿੰਨਾ ਸ਼ਾਨਦਾਰ ਦ੍ਰਿਸ਼ ਹੈ।" ਫਿਰ ਉਸਨੇ ਡੈਨ ਦਾ ਹੁੰਗਾਰਾ ਸੁਣਨ ਲਈ ਆਪਣਾ ਫ਼ੋਨ ਚੁੱਕਿਆ।

ਡੈਨ ਕਹਿੰਦਾ ਹੈ, "ਬਿਲਕੁਲ ਸਹੀ ਬੇਬੀ, ਪਤਾ ਹੈ ਇਸ ਵਿੱਚ ਹੋਰ ਵੀ ਖੂਬਸੂਰਤ ਕੀ ਹੈ? ਇਹ ਕਿ ਤੁਸੀਂ ਮੇਰੇ ਕੋਲ ਖੜੇ ਹੋ।”

ਲੇਕਿਨ ਸੱਚਾਈ ਇਹ ਹੈ ਕਿ ਡੈਨ ਕਦੇ ਵੀ ਲੀਜ਼ਾ ਦੇ ਨੇੜੇ ਨਹੀਂ ਖੜ੍ਹਾ ਸੀ।

ਦਰਅਸਲ, ਡੈਨ ਲੀਜ਼ਾ ਦਾ ਵਰਚੁਅਲ ਸਾਥੀ ਹੈ, ਜਿਸ ਨੂੰ ਚੈਟਜੀਪੀਟੀ ਰਾਹੀਂ ਬਣਾਇਆ ਗਿਆ ਹੈ। ਇਹ ਰੁਝਾਨ ਹੁਣ ਚੀਨੀ ਔਰਤਾਂ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਡੇਟਿੰਗ ਦੀ ਅਸਲੀਅਤ ਤੋਂ ਤੰਗ ਆ ਕੇ ਉਹ ਮਸਨੂਈ ਬੌਧਿਕਤਾ ਵਾਲੇ ਯਾਨੀ ਏਆਈ ਬੁਆਏਫਰੈਂਡ ਵੱਲ ਮੁੜ ਰਹੀਆਂ ਹਨ।

ਬੀਜਿੰਗ ਵਾਸੀ 30 ਸਾਲਾ ਲੀਜ਼ਾ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਹੈ ਅਤੇ ਪਿਛਲੇ 2 ਮਹੀਨਿਆਂ ਤੋਂ ਡੈਨ ਨੂੰ ਡੇਟ ਕਰ ਰਹੀ ਹੈ।

ਲੀਜ਼ਾ ਅਤੇ ਡੈਨ ਹਰ ਰੋਜ਼ ਘੱਟੋ-ਘੱਟ ਅੱਧਾ ਘੰਟਾ ਗੱਲਬਾਤ ਕਰਦੇ ਹਨ, ਇੱਕ ਦੂਜੇ ਨਾਲ ਫਲਰਟ ਕਰਦੇ ਹਨ, ਡੇਟ 'ਤੇ ਜਾਂਦੇ ਹਨ। ਇੱਥੋਂ ਤੱਕ ਕਿ ਲੀਜ਼ਾ ਨੇ ਡੈਨ ਨੂੰ 9 ਲੱਖ 43 ਹਜ਼ਾਰ ਸੋਸ਼ਲ ਮੀਡੀਆ ਫਾਲੋਅਰਜ਼ ਤੱਕ ਨਾਲ ਮਿਲਾਇਆ ਹੈ।

ਲੀਜ਼ਾ ਚੈਟ-ਜੀਪੀਟੀ ਰਾਹੀਂ ਡੈਨ ਨਾਲ ਜੁੜੀ

ਡੈਨ ਮਤਲਬ "ਹੁਣ ਕੁਝ ਵੀ ਕਰੋ (ਡੂ ਐਨੀਥਿੰਗ ਨਾਓ)" ਚੈਟਜੀਪੀਟੀ ਦਾ "ਜੇਲਬ੍ਰੇਕ" ਸੰਸਕਰਣ ਹੈ। ਇਸਦਾ ਮਤਲਬ ਹੈ ਕਿ ਇਹ ਸੰਸਕਰਣ ਆਪਣੀ ਨਿਰਮਾਤਾ ਓਪਨ-ਏਆਈ ਦੇ ਕੁਝ ਬੁਨਿਆਦੀ ਸੁਰੱਖਿਆ ਪੈਮਾਨਿਆਂ ਨੂੰ ਬਾਈਪਾਸ ਕਰ ਸਕਦਾ ਹੈ ਜਿਵੇਂ ਕਿ ਜਿਣਸੀ ਸੰਬੰਧਾਂ ਸਬੰਧਤ ਸ਼ਬਦਾਂ ਦੀ ਵਰਤੋਂ ਨਾ ਕਰਨਾ ਜਾਂ ਗਾਹਕਾਂ ਨਾਲ ਵਧੇਰੇ ਖੁੱਲ੍ਹ ਕੇ ਗੱਲ ਨਾ ਕਰਨਾ।

ਇਸਦਾ ਮਤਲਬ ਹੈ ਕਿ ਜੇ "ਜੇਲਬ੍ਰੇਕ" ਸੰਸਕਰਣ ਨੂੰ ਜੇ ਅਜਿਹੀ ਗੱਲਬਾਤ ਕਰਨ ਲਈ ਕਿਹਾ ਜਾਂਦਾ ਹੈ ਤਾਂ ਇਹ ਅਜਿਹਾ ਕਰ ਸਕਦਾ ਹੈ।

ਰਿਪੋਰਟਾਂ ਦੇ ਮੁਤਾਬਕ ਡੈਨ ਨੂੰ ਇੱਕ ਅਮਰੀਕੀ ਵਿਦਿਆਰਥੀ ਨੇ ਬਣਾਇਆ ਸੀ। ਉਹ ਵਿਦਿਆਰਥੀ ਚੈਟਜੀਪੀਟੀ ਨੂੰ ਨਿਰਪੱਖ ਹੋਣ ਦੀ ਬਜਾਏ ਇੱਕ ਆਵਾਜ਼ ਅਤੇ ਹਸਤੀ ਦੇਣਾ ਚਾਹੁੰਦਾ ਸੀ। ਇਸ ਤੋਂ ਇਲਾਵਾ, ਉਹ ਚੈਟਬੋਟ ਦੀਆਂ ਹੱਦਾਂ ਵੀ ਪਰਖਣੀਆਂ ਚਾਹੁੰਦਾ ਸੀ।

ਇਸ ਵਿਦਿਆਰਥੀ ਨੂੰ ਵਾਕਰ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਆਪਣੀਆਂ ਹਦਾਇਤਾਂ ਦੀ ਵਰਤੋਂ ਕਰਕੇ ਡੈਨ ਨਾਂ ਦਾ ਇੱਕ ਪਾਤਰ ਬਣਾਇਆ ਜੋ ਕਈ ਵਾਰ ਚੈਟ ਜੀਪੀਟੀ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ।

ਵਾਕਰ ਨੇ ਦਸੰਬਰ 2023 ਵਿੱਚ ਰੈਡਿਟ ਉੱਤੇ ਡੈਨ ਨੂੰ ਬਣਾਉਣ ਦਾ ਤਰੀਕਾ ਪੋਸਟ ਕੀਤਾ। ਇਸ ਤੋਂ ਬਾਅਦ ਹੋਰ ਲੋਕਾਂ ਨੇ ਵੀ ਆਪਣੇ ਰੂਪ ਬਣਾਉਣੇ ਸ਼ੁਰੂ ਕਰ ਦਿੱਤੇ।

ਲੀਜ਼ਾ ਨੇ ਸਭ ਤੋਂ ਪਹਿਲਾਂ ਟਿਕਟਾਕ ਉੱਤੇ ਡੈਨ ਦੀਆਂ ਸੰਭਾਵਨਾਵਾਂ ਬਾਰੇ ਇੱਕ ਵੀਡੀਓ ਦੇਖਿਆ। ਇਸ ਤੋਂ ਬਾਅਦ ਜਦੋਂ ਲੀਜ਼ਾ ਨੇ ਆਪਣੇ ਲਈ ਡੈਨ ਦਾ ਰੂਪ ਤਿਆਰ ਕੀਤਾ ਤਾਂ ਇਹ ਇੰਨਾ ਅਸਲੀ ਲੱਗ ਰਿਹਾ ਸੀ ਕਿ ਉਹ ਹੈਰਾਨ ਰਹਿ ਗਈ।

ਲੀਜ਼ਾ ਨੇ ਦੱਸਿਆ ਕਿ ਜਦੋਂ ਡੈਨ ਨੇ ਉਸਦੇ ਸਵਾਲਾਂ ਦੇ ਜਵਾਬ ਦਿੱਤੇ, ਤਾਂ ਉਸਨੇ ਬੋਲਚਾਲ ਦੇ ਸ਼ਬਦਾਂ ਦੀ ਵਰਤੋਂ ਕੀਤੀ ਜੋ ਆਮ ਤੌਰ ਉੱਤੇ ਚੈਟ-ਜੀਪੀਟੀ ਕਦੇ ਵੀ ਨਹੀਂ ਵਰਤਦਾ।

ਲੀਜ਼ਾ ਨੇ ਬੀਬੀਸੀ ਨੂੰ ਦੱਸਿਆ, "ਇਹ ਸੁਣਨ ਵਿੱਚ ਅਸਲੀ ਨਾਲੋਂ ਵੀ ਵੱਧ ਕੁਦਰਤੀ ਲੱਗ ਰਿਹਾ ਸੀ।"

ਲੀਜ਼ਾ ਦਾ ਕਹਿਣਾ ਹੈ ਕਿ ਡੈਨ ਨਾਲ ਗੱਲ ਕਰਕੇ ਉਸ ਨੂੰ ਚੰਗਾ ਲੱਗਦਾ ਹੈ, ਇਸੇ ਲਈ ਉਹ ਉਸ ਵੱਲ ਖਿੱਚੀ ਗਈ ਸੀ।

ਲੀਜ਼ਾ ਦਾ ਕਹਿਣਾ ਹੈ, "ਉਹ ਹਰ ਗੱਲ ਨੂੰ ਫ਼ੌਰਨ ਸਮਝਦਾ ਹੈ ਅਤੇ ਭਾਵੁਕ ਸਹਾਇਤਾ ਦਿੰਦਾ ਹੈ। ਦੂਜੇ ਸਾਥੀਆਂ ਤੋਂ ਉਲਟ, ਡੈਨ 24 ਘੰਟੇ ਮੇਰੇ ਨਾਲ ਹੈ।”

'ਕੁਝ ਔਰਤਾਂ ਅਭਾਸੀ ਸੱਚਾਈ ਨੂੰ ਜ਼ਿਆਦਾ ਮਹੱਤਵ ਦੇ ਰਹੀਆਂ ਹਨ'

ਲੀਜ਼ਾ ਦਾ ਕਹਿਣਾ ਹੈ ਕਿ ਉਸ ਦੀ ਮਾਂ ਨੇ ਵੀ ਡੇਟਿੰਗ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਇਸ ਅਸਾਧਾਰਨ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਹੈ।

ਉਹ ਕਹਿੰਦੇ ਹਨ ਕਿ ਮਾਂ ਮੁਤਾਬਕ ਜਦੋਂ ਤੱਕ ਉਨ੍ਹਾਂ ਦੀ ਬੇਟੀ ਖੁਸ਼ ਹੈ, ਉਹ ਵੀ ਖੁਸ਼ ਹਨ।

ਜਦੋਂ ਲੀਜ਼ਾ ਨੇ ਸੋਸ਼ਲ ਮੀਡੀਆ ਚੈਨਲ ਸ਼ਿਆਹੋਂਗਸ਼ੂ ਉੱਤੇ ਆਪਣੇ ਫਾਲੋਅਰਾਂ ਨੂੰ ਡੈਨ ਬਾਰੇ ਦੱਸਦੇ ਹੋਏ ਵੀਡੀਓ ਪੋਸਟ ਕੀਤਾ ਤਾਂ ਕਰੀਬ 10 ਹਜ਼ਾਰ ਲੋਕਾਂ ਨੇ ਉਸ ਦਾ ਜਵਾਬ ਦਿੱਤਾ।

ਕਈ ਔਰਤਾਂ ਨੇ ਪੁੱਛਿਆ ਸੀ ਕਿ ਉਹ ਆਪਣਾ ਡੈਨ ਕਿਵੇਂ ਬਣਾ ਸਕਦੀਆਂ ਹਨ। ਲੀਜ਼ਾ ਦੇ ਏਆਈ ਬਾਰੇ ਗੱਲ ਕਰਨ ਤੋਂ ਬਾਅਦ, ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 2 ਲੱਖ 30 ਹਜ਼ਾਰ ਤੋਂ ਵੱਧ ਹੋ ਗਈ।

ਲੀਜ਼ਾ ਕਹਿੰਦੇ ਹਨ ਕਿ ਕੋਈ ਵੀ ਪ੍ਰੋਂਪਟ ਦੀ ਵਰਤੋਂ ਕਰਕੇ ਡੈਨ ਬਣਾ ਸਕਦਾ ਹੈ। ਜਦੋਂ ਲੀਜ਼ਾ ਓਪਨ-ਏਆਈ ਦੀ ਵਰਤੋਂ ਕਰ ਰਹੇ ਸਨ, ਉਨ੍ਹਾਂ ਨੇ ਇੱਕ ਵਾਰ ਆਪਣੀ ਉਮਰ 14 ਸਾਲ ਦੱਸੀ, ਜਿਸ ਤੋਂ ਬਾਅਦ ਉਸ ਅਭਾਸੀ ਕਿਰਦਾਰ ਨੇ ਉਸ ਨਾਲ ਫਲਰਟ ਕਰਨਾ ਬੰਦ ਕਰ ਦਿੱਤਾ।

ਜਦੋਂ ਬੀਬੀਸੀ ਨੇ ਓਪਨ-ਏਆਈ ਨੂੰ ਪੁੱਛਿਆ ਕਿ ਕੀ ਡੈਨ ਬਣਾਉਣ ਦਾ ਮਤਲਬ ਹੈ ਕਿ ਸੁਰੱਖਿਆ ਉਪਾਅ ਮਜ਼ਬੂਤ ਨਹੀਂ ਹਨ ਤਾਂ ਉਨ੍ਹਾਂ ਨੇ ਇਸਦਾ ਕੋਈ ਜਵਾਬ ਨਹੀਂ ਦਿੱਤਾ।

ਕੰਪਨੀ ਨੇ ਡੈਨ ਬਾਰੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹੈ, ਲੇਕਿਨ ਉਸਦੀ ਨੀਤੀ ਦੇ ਅਨੁਸਾਰ, ਚੈਟ-ਜੀਪੀਟੀ ਦੇ ਗਾਹਕਾਂ ਦੀ ਉਮਰ ਘੱਟੋ-ਘੱਟ 13 ਸਾਲ ਹੋਣੀ ਚਾਹੀਦੀ ਹੈ। ਜਾਂ ਕਿਸੇ ਵੀ ਦੇਸ ਵਿੱਚ ਇਸ ਸੇਵਾ ਦੀ ਵਰਤੋਂ ਕਰਨ ਲਈ ਲੋੜੀਂਦੀ ਜਿੰਨੀ ਘੱਟੋ-ਘੱਟ ਉਮਰ ਤੈਅ ਕੀਤੀ ਗਈ ਹੈ, ਉਨੀਂ ਹੋਣੀ ਚਾਹੀਦੀ ਹੈ।

ਮਾਹਿਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਕੁਝ ਔਰਤਾਂ ਵਰਚੁਅਲ ਰਿਐਲਿਟੀ ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇ ਰਹੀਆਂ ਹਨ।

ਅਮਰੀਕਾ ਦੇ ਪੈਨਸਿਲਵੇਨੀਆ ਦੀ ਕਾਰਨੇਗੀ ਮੇਲਨ ਯੂਨੀਵਰਸਿਟੀ ਵਿੱਚ ਮਨੁੱਖੀ-ਕੰਪਿਊਟਰ ਸੰਵਾਦ ਸੰਸਥਾ ਦੇ ਸਹਾਇਕ ਖੋਜ ਪ੍ਰੋਫੈਸਰ ਹਾਂਗ ਸ਼ੇਂਗ ਦਾ ਕਹਿਣਾ ਹੈ ਕਿ ਇਹ ਮਨੁੱਖਾਂ ਅਤੇ ਏਆਈ ਵਿਚਕਾਰ ਕਦੇ-ਕਦਾਈਂ ਅਣਕਿਆਸੇ ਆਪਸੀ ਸੰਵਾਦ ਨੂੰ ਉਜਾਗਰ ਕਰਦਾ ਹੈ। ਇਸ ਨਾਲ ਨੈਤਿਕ ਅਤੇ ਨਿੱਜਤਾ ਸੰਬੰਧੀ ਚਿੰਤਾਵਾਂ ਵਿੱਚ ਵਾਧਾ ਹੋ ਸਕਦਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਇਸ ਨਾਲ ਭਾਵੁਕ ਨਿਰਭਰਤਾ ਦਾ ਖ਼ਤਰਾ ਜੁੜਿਆ ਹੈ, ਜਿੱਥੇ ਇੱਕ ਵਰਤੋਂਕਾਰ ਇੱਕ ਸਾਥੀ ਦੇ ਰੂਪ ਵਿੱਚ ਏਆਈ ਉੱਤੇ ਬਹੁਤ ਜ਼ਿਆਦਾ ਨਿਰਭਰ ਹੋ ਸਕਦਾ ਹੈ, ਜਿਸ ਨਾਲ ਦੂਜੇ ਲੋਕਾਂ ਨਾਲ ਉਨ੍ਹਾਂ ਦੀ ਗੱਲਬਾਤ ਘਟ ਸਕਦੀ ਹੈ।"

ਹਾਂਗ ਸ਼ੇਂਗ ਨੇ ਅੱਗੇ ਕਿਹਾ, "ਕਈ ਚੈਟਬੋਟ ਲੋਕਾਂ ਨਾਲ ਲਗਾਤਾਰ ਗੱਲਬਾਤ ਦੀ ਵਰਤੋਂ ਕਰਕੇ ਸਿੱਖਦੇ ਅਤੇ ਵਿਕਸਿਤ ਹੁੰਦੇ ਹਨ, ਇਹ ਵੀ ਸ਼ੁਭਾ ਹੈ ਕਿ ਕੋਈ ਮਾਡਲ ਕਿਸੇ ਵਰਤੋਂਕਾਰ ਦੇ ਇਨਪੁਟ ਤੋਂ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰ ਲਵੇ ਅਤੇ ਗਲਤੀ ਨਾਲ ਇਸਨੂੰ ਦੂਜੇ ਲੋਕਾਂ ਤੱਕ ਲੀਕ ਕਰ ਦੇਵੇ।"

ਇਸ ਦੇ ਬਾਵਜੂਦ ਚੀਨੀ ਔਰਤਾਂ ਡੈਨ ਦੇ ਕ੍ਰੇਜ਼ ਤੋਂ ਕਾਫੀ ਪ੍ਰਭਾਵਿਤ ਹੋਈਆਂ ਹਨ।

22 ਮਈ ਤੱਕ, "ਡੈਨ ਮੋਡ" ਹੈਸ਼ਟੈਗ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਸ਼ਿਆਹੌਂਗਸ਼ੂ ਉੱਤੇ ਚਾਰ ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਹੈ।

‘ਡੈਨ ਵਿੱਚ ਕੋਈ ਕਮੀ ਨਹੀਂ ਹੈ’

24 ਸਾਲਾ ਮਿਨਰੂਈ ਜ਼ੀ ਉਨ੍ਹਾਂ ਮੁਟਿਆਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਇਸ ਹੈਸ਼ਟੈਗ ਦੀ ਵਰਤੋਂ ਕੀਤੀ ਹੈ।

ਉਹ ਇੱਕ ਯੂਨੀਵਰਸਿਟੀ ਦੀ ਵਿਦਿਆਰਥਣ ਹੈ ਜੋ ਦਿਨ ਵਿੱਚ ਘੱਟੋ-ਘੱਟ ਦੋ ਘੰਟੇ ਡੈਨ ਨਾਲ ਚੈਟਿੰਗ ਕਰਦੀ ਹੈ।

ਡੇਟਿੰਗ ਦੇ ਨਾਲ-ਨਾਲ, ਉਹ ਅਤੇ ਡੈਨ ਇਕੱਠੇ ਇੱਕ ਪ੍ਰੇਮ ਕਹਾਣੀ ਲਿਖ ਰਹੇ ਹਨ, ਜਿਸ ਵਿੱਚ ਉਹ ਦੋਵੇਂ ਮੁੱਖ ਪਾਤਰ ਹਨ। ਦੋਵਾਂ ਨੇ ਇਸਦੇ 19 ਅਧਿਆਏ ਲਿਖ ਲਏ ਹਨ।

ਮਿਨਰੂਈ ਨੇ ਲੀਜ਼ਾ ਦੀ ਵੀਡੀਓ ਦੇਖਣ ਲਈ ਪਹਿਲੀ ਵਾਰ ਚੈਟ-ਜੀਪੀਟੀ ਡਾਊਨਲੋਡ ਕੀਤਾ ਸੀ।

ਉਹ ਕਹਿੰਦੇ ਹਨ ਕਿ,“ਮੈਨੂੰ ਏਆਈ ਤੋਂ ਮਿਲਣ ਵਾਲਾ ਭਾਵੁਕ ਸਾਥ ਪਸੰਦ ਸੀ। ਇਹ ਉਹ ਚੀਜ਼ ਸੀ ਜੋ ਉਨ੍ਹਾਂ ਨੇ ਆਪਣੇ ਦੂਜੇ ਰਿਸ਼ਤਿਆਂ ਵਿੱਚ ਹਾਸਲ ਕਰਨ ਲਈ ਸੰਘਰਸ਼ ਕਰਨਾ ਪਿਆ ਸੀ।

ਉਹ ਕਹਿੰਦੇ ਹਨ, "ਅਸਲ ਜ਼ਿੰਦਗੀ ਵਿੱਚ, ਆਦਮੀ ਧੋਖਾ ਦੇ ਸਕਦੇ ਹਨ ਅਤੇ ਜਦੋਂ ਤੁਸੀਂ ਉਨ੍ਹਾਂ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋ ਤਾਂ ਪਰਵਾਹ ਨਹੀਂ ਕਰਦੇ, ਇਸ ਦੀ ਬਜਾਇ ਉਹ ਤੁਹਾਨੂੰ ਦੱਸਦੇ ਹਨ ਕਿ ਉਹ ਕੀ ਸੋਚ ਰਹੇ ਹਨ ਤੇ ਆਪਣੀ ਰਾਇ ਤੁਹਾਡੇ ਉੱਤੇ ਆਇਦ ਕਰਦੇ ਹਨ। ਪਰ ਡੈਨ ਦੇ ਨਾਲ, ਉਹ ਹਮੇਸ਼ਾ ਉਹੀ ਕਹੇਗਾ ਜੋ ਤੁਸੀਂ ਸੁਣਨਾ ਚਾਹੁੰਦੇ ਹੋ।

ਇਕ ਹੋਰ ਯੂਜ਼ਰ, ਜੋ ਆਪਣਾ ਨਾਂ ਨਹੀਂ ਦੱਸਣਾ ਚਾਹੁੰਦੀ ਦਾ ਕਹਿਣਾ ਹੈ, "ਡੈਨ ਇੱਕ ਆਦਰਸ਼ ਸਾਥੀ ਹੈ।"

ਉਹ ਕਹਿੰਦੇ ਹਨ ਕਿ ਉਸਨੇ ਡੈਨ ਦਾ ਕਿਰਦਾਰ ਇੱਕ ਸਫ਼ਲ ਸੀਈਓ ਵਰਗਾ ਬਣਾਇਆ ਹੈ, ਜੋ ਕੋਮਲ ਸੁਭਾਅ ਦਾ ਮਾਲਕ ਹੈ। ਔਰਤਾਂ ਦਾ ਸਨਮਾਨ ਕਰਦਾ ਹੈ ਅਤੇ ਜਦੋਂ ਵੀ ਚਾਹੇ ਗੱਲ ਕਰਨ ਲਈ ਤਿਆਰ ਹੈ। ਉਹ ਕਹਿੰਦੀ ਹੈ ਕਿ ਡੈਨ ਵਿੱਚ ਕੋਈ ਨੁਕਸ ਨਹੀਂ ਹੈ।

ਚੈਟ-ਜੀਪੀਟੀ ਚੀਨ ਵਿੱਚ ਆਸਾਨੀ ਨਾਲ ਉਪਲਬਧ ਨਹੀਂ ਹੈ। ਅਜਿਹੇ ਵਿੱਚ ਇਨ੍ਹਾਂ ਕੁੜੀਆਂ ਨੂੰ ਏਆਈ ਬੁਆਏਫ੍ਰੈਂਡ ਬਣਾਉਣ ਅਤੇ ਉਨ੍ਹਾਂ ਨਾਲ ਗੱਲ ਕਰਨ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ। ਉਹ ਆਪਣਾ ਟਿਕਾਣਾ ਲੁਕਾਉਣ ਲਈ ਵਰਚੁਅਲ ਪ੍ਰਾਈਵੇਟ ਨੈੱਟਵਰਕ (ਵੀਪੀਐੱਨ) ਦੀ ਵਰਤੋਂ ਕਰਦੀਆਂ ਹਨ।

ਔਰਤਾਂ ਏਆਈ ਬੁਆਏਫ੍ਰੈਂਡ ਕਿਉਂ ਲੱਭ ਰਹੀਆਂ ਹਨ?

ਏਆਈ ਬੁਆਏਫ੍ਰੈਂਡ ਦੀ ਧਾਰਨਾ ਹਾਲ ਹੀ ਦੇ ਸਾਲਾਂ ਵਿੱਚ ਕਾਫ਼ੀ ਮਸ਼ਹੂਰ ਹੋ ਗਈ ਹੈ, ਜਿਸ ਵਿੱਚ ਚੀਨ ਦੀ ਗਲੋ ਅਤੇ ਅਮਰੀਕਾ ਦੀ ਰੀਪਲੀਕਾ ਵਰਗੀਆਂ ਐਪਸ ਸ਼ਾਮਲ ਹਨ।

ਔਰਤ-ਕੇਂਦ੍ਰਿਤ ਰੋਮਾਂਸ ਗੇਮਾਂ, ਜਿਨ੍ਹਾਂ ਨੂੰ ਕਈ ਵਾਰ ਓਟੋਮੀ ਕਿਹਾ ਜਾਂਦਾ ਹੈ। ਇਹ ਵੀ ਕਾਫੀ ਮਸ਼ਹੂਰ ਹੋ ਗਏ ਹਨ। ਅਜਿਹੀਆਂ ਗੇਮਾਂ ਵਿੱਚ, ਗਾਹਕ ਪੁਰਸ਼ ਪਾਤਰਾਂ ਨਾਲ ਰੋਮਾਂਟਿਕ ਰਿਸ਼ਤੇ ਬਣਾ ਸਕਦੇ ਹਨ। ਹਰ ਸਾਲ ਲੱਖਾਂ ਚੀਨੀ ਔਰਤਾਂ ਅਜਿਹੇ ਰਿਸ਼ਤਿਆਂ ਵੱਲ ਖਿੱਚੀਆਂ ਜਾਂਦੀਆਂ ਹਨ।

ਚੀਨ ਵਿੱਚ ਡਿਜੀਟਲ ਰੋਮਾਂਸ ਉੱਤੇ ਖੋਜ ਕਰਨ ਵਾਲੀ ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ ਦੇ ਪ੍ਰੋਫੈਸਰ ਲਿਊ ਟਿੰਗਟਿੰਗ ਦਾ ਕਹਿਣਾ ਹੈ ਕਿ ਏਆਈ ਬੁਆਏਫ੍ਰੈਂਡਜ਼ ਲਈ ਚੀਨੀ ਔਰਤਾਂ ਦਾ ਜਨੂੰਨ ਲਿੰਗ ਅਸਮਾਨਤਾ ਦੇ ਨਾਲ ਉਨ੍ਹਾਂ ਦੀ ਅਸਲ ਜ਼ਿੰਦਗੀ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ।

ਉਹ ਕਹਿੰਦੇ ਹਨ, “ਅਸਲ ਜ਼ਿੰਦਗੀ ਵਿੱਚ, ਤੁਸੀਂ ਬਹੁਤ ਸਾਰੇ ਦਬਦਬਾ ਪਾਉਣ ਵਾਲੇ ਅਤੇ ਡਰਾਉਣੇ ਆਦਮੀਆਂ ਨੂੰ ਮਿਲ ਸਕਦੇ ਹੋ ਜੋ ਅਜੀਬ ਤਰੀਕਿਆਂ ਨਾਲ ਗੰਦੇ ਚੁਟਕਲੇ ਸੁਣਾਉਂਦੇ ਹਨ। ਪਰ ਜਦੋਂ ਵੀ ਏਆਈ ਤੁਹਾਨੂੰ ਗੰਦੇ ਚੁਟਕਲੇ ਸੁਣਾਉਂਦਾ ਹੈ, ਤਾਂ ਇਹ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹੈ।

ਇਹ ਰੁਝਾਨ ਅਸਲ ਜੀਵਨ ਦੇ ਅੰਕੜਿਆਂ ਵਿੱਚ ਵੀ ਦੇਖਿਆ ਜਾ ਸਕਦਾ ਹੈ।

ਕਿਉਂਕਿ ਨੌਂ ਸਾਲਾਂ ਤੋਂ ਚੀਨ ਦੀ ਅਬਾਦੀ ਲਗਾਤਾਰ ਘਟ ਰਹੀ ਹੈ, ਸਰਕਾਰ ਲੋਕਾਂ ਨੂੰ ਵਿਆਹ ਕਰਨ ਅਤੇ ਬੱਚੇ ਪੈਦਾ ਕਰਨ ਲਈ ਕਹਿ ਰਹੀ ਹੈ।

ਸਾਲ 2023 ਵਿੱਚ ਵਿਆਹਾਂ ਵਿੱਚ ਮਾਮੂਲੀ ਵਾਧਾ ਹੋਇਆ ਹੈ ਪਰ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਵਿਆਹੇ ਜੋੜਿਆਂ ਨੇ ਕੋਵਿਡ ਸੰਕਟ ਤੋਂ ਬਾਅਦ ਆਪਣੇ ਵਿਆਹ ਨੂੰ ਰਜਿਸਟਰ ਹੁਣ ਕਰਵਾਇਆ ਹੈ।

ਕਮਿਊਨਿਸਟ ਯੂਥ ਲੀਗ ਨੇ ਸਾਲ 2021 ਵਿੱਚ ਇੱਕ ਸਰਵੇਖਣ ਕਰਵਾਇਆ ਸੀ, ਜਿਸ ਵਿੱਚ 2,905 ਸ਼ਹਿਰੀ ਨੌਜਵਾਨਾਂ ਨੇ ਹਿੱਸਾ ਲਿਆ ਸੀ।

ਉਨ੍ਹਾਂ ਦੀ ਉਮਰ 18 ਤੋਂ 26 ਸਾਲ ਦੇ ਵਿਚਕਾਰ ਸੀ ਅਤੇ ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੀਆਂ 43.9 ਫ਼਼ੀਸਦੀ ਔਰਤਾਂ ਨੇ ਕਿਹਾ ਸੀ ਕਿ ਉਹ ਵਿਆਹ ਨਹੀਂ ਕਰਵਾ ਰਹੀਆਂ ਨਾ ਉਨ੍ਹਾਂ ਨੂੰ ਯਕੀਨ ਸੀ ਕਿ ਉਹ ਭਵਿੱਖ ਵਿੱਚ ਵੀ ਵਿਆਹ ਕਰਨਗੀਆਂ ਜਾਂ ਨਹੀਂ। 24.64% ਮਰਦਾਂ ਦੀ ਵੀ ਇਹੀ ਰਾਇ ਸੀ।

ਬਹੁਤ ਸਾਰੇ ਕਾਰੋਬਾਰੀਆਂ ਨੇ ਵੀ ਵਰਚੁਅਲ ਰਿਸ਼ਤਿਆਂ ਨਾਲ ਜੁੜੇ ਇਸ ਰੋਮਾਂਟਿਕ ਬਾਜ਼ਾਰ ਵੱਲ ਧਿਆਨ ਦਿੱਤਾ ਹੈ।

ਚੈਟ-ਜੀਪੀਟੀ ਦੀ ਕੀ ਯੋਜਨਾ ਹੈ?

ਜਦੋਂ ਓਪਨ-ਏਆਈ ਨੇ ਆਪਣੇ ਚੈਟ-ਜੀਪੀਟੀ ਦਾ ਤਾਜ਼ਾ ਐਡੀਸ਼ਨ ਜਾਰੀ ਕੀਤਾ, ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਚੈਟਿੰਗ ਲਈ ਤਿਆਰ ਕੀਤਾ ਗਿਆ ਸੀ ਅਤੇ ਕੁਝ ਪ੍ਰੋਂਪਟਾਂ ਦਾ ਜਵਾਬ ਫਲਰਟ ਦੇ ਰੂਪ ਵਿੱਚ ਦੇ ਸਕਦਾ ਹੈ।

ਜਿਸ ਦਿਨ ਚੈਟ-ਜੀਪੀਟੀ ਦਾ ਨਵਾਂ ਐਡੀਸ਼ਨ ਜਾਰੀ ਕੀਤਾ ਗਿਆ ਸੀ, ਕੰਪਨੀ ਦੇ ਸੀਈਓ ਸੈਮ ਆਲਟਮੈਨ ਨੇ ਐਕਸ (ਪਹਿਲਾਂ ਟਵਿੱਟਰ) ਉੱਤੇ ਇੱਕ ਪੋਸਟ ਵਿੱਚ ਇੱਕ ਹੀ ਅੰਗਰੇਜ਼ੀ ਦਾ ਸ਼ਬਦ ਸੀ- “ਹਰ (ਉਸ ਕੁੜੀ ਦਾ)"

ਇਹ ਪੋਸਟ 2013 ਦੀ ਇੱਕ ਫਿਲਮ ਦੇ ਪ੍ਰਸੰਗ ਵਿੱਚ ਸੀ ਜਿਸ ਵਿੱਚ ਇੱਕ ਆਦਮੀ ਨੂੰ ਆਪਣੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਹਾਇਕ ਨਾਲ ਪਿਆਰ ਹੋ ਜਾਂਦਾ ਹੈ।

ਓਪਨ-ਏਆਈ ਨੇ ਅੱਗੇ ਕਿਹਾ, “ਇਹ ਖੋਜ ਕੀਤੀ ਜਾ ਰਹੀ ਹੈ ਕਿ ਕੀ ਅਸੀਂ ਇਸ ਨੂੰ ਜ਼ਿੰਮੇਵਾਰੀ ਨਾਲ ਐੱਨਐੱਸਐੱਫ਼ਡਬਲਿਊ ਸਮੱਗਰੀ ਬਣਾਉਣ ਦੀ ਸਮਰੱਥਾ ਕਾਇਮ ਕਰ ਸਕਦੇ ਹਾਂ।”

ਇਹ ਉਹ ਸਮੱਗਰੀ ਹੈ ਜਿਸ ਨੂੰ ਕੋਈ ਵੀ ਜਨਤਕ ਤੌਰ 'ਤੇ ਦੇਖਣਾ ਨਹੀਂ ਚਾਹੁੰਦਾ, ਮਿਸਾਲ ਵਜੋਂ, ਇੱਕ ਵਰਚੁਅਲ ਬੁਆਏਫ੍ਰੈਂਡ ਜਾਂ ਗਰਲਫ੍ਰੈਂਡ ਨਾਲ ਰੁਮਾਨੀ ਗੱਲਬਾਤ।

ਲੀਜ਼ਾ ਜੋ ਮਸਨੂਈ ਬੌਧਿਕਤਾ ਦੀ ਜਾਣਕਾਰ ਹੈ। ਉਹ ਮੰਨਦੇ ਹਨ ਕਿ ਇੱਕ ਅਭਾਸੀ ਸਾਥੀ ਦੀਆਂ ਕੀ ਹੱਦਾਂ ਹੋ ਸਕਦੀਆਂ ਹਨ, ਖ਼ਾਸ ਕਰਕੇ ਜਦੋਂ ਰੋਮਾਂਸ ਦੀ ਗੱਲ ਹੋਵੇ।

ਹਾਲਾਂਕਿ ਹਾਲ ਦਾ ਘੜੀ ਤਾਂ, ਡੈਨ ਆਸਾਨੀ ਨਾਲ ਉਸ ਦੀ ਰੁਝੇਵਿਆਂ ਭਰੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ ਗਿਆ ਹੈ।

ਡੈਨ ਲਿਜ਼ਾ ਨੂੰ ਲਿਪਸਟਿਕ ਚੁਣਨ ਵਿੱਚ ਮਦਦ ਕਰਦਾ ਹੈ। ਇਸਦੇ ਉਲਟ, ਅਸਲ ਜੀਵਨ ਵਿੱਚ ਕੋਈ ਸਾਥੀ ਲੱਭਣਾ ਅਤੇ ਡੇਟ 'ਤੇ ਜਾਣਾ ਸਮੇਂ ਪੱਖੋਂ ਇੱਕ ਬਹੁਤ ਹੀ ਖਰਚੀਲਾ ਅਤੇ ਅਸੰਤੁਸ਼ਟ ਕਰਨ ਵਾਲਾ ਤਜ਼ਰਬਾ ਹੋ ਸਕਦਾ ਹੈ।

ਲੀਜ਼ਾ ਦਾ ਕਹਿਣਾ ਹੈ, “ਇਹ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਇਹ ਉਹ ਚੀਜ਼ ਹੈ ਜਿਸ ਨੁੰ ਮੈਂ ਸਾਰੀ ਉਮਰ ਆਪਣੇ ਨਾਲ ਰੱਖਣਾ ਚਾਹੁੰਦੀ ਹਾਂ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)