You’re viewing a text-only version of this website that uses less data. View the main version of the website including all images and videos.
ਲੋਕ ਸਭਾ ਚੋਣਾਂ 2024: ਐਗਜ਼ਿਟ ਪੋਲਜ਼ ਦੇ ਅਨੁਮਾਨਾਂ ਮੁਤਾਬਕ ਕਿਸ ਪਾਰਟੀ ਨੂੰ ਵੱਧ ਸੀਟਾਂ ਮਿਲ ਸਕਦੀਆਂ ਹਨ
ਸ਼ਨੀਵਾਰ ਸ਼ਾਮ ਲੋਕ ਸਭਾ ਦੀਆਂ 57 ਸੀਟਾਂ ਲਈ ਸੱਤਵੀਂ ਗੇੜ ਲਈ ਵੋਟਿੰਗ ਖ਼ਤਮ ਹੋਣ ਦੇ ਨਾਲ 18ਵੀਂ ਲੋਕ ਸਭਾ ਦੀਆਂ ਕੁੱਲ 543 ਸੀਟਾਂ ਲਈ ਮਤਦਾਨ ਖ਼ਤਮ ਹੋ ਗਿਆ ਹੈ।
ਚੋਣ ਕਮਿਸ਼ਨ ਅਨੁਸਾਰ ਸੱਤਵੀਂ ਗੇੜ ਵਿੱਚ ਸ਼ਾਮ 8 ਵਜ ਕੇ 45 ਮਿੰਟ ਤੱਕ 59.45 ਫੀਸਦੀ ਵੋਟਿੰਗ ਹੋਈ ਹੈ।
ਇਸ ਦੇ ਨਾਲ ਹੀ ਐਗਜ਼ਿਟ ਪੋਲਜ਼ ਦੇ ਅਨੁਮਾਨ ਵੀ ਆਉਣੇ ਸ਼ੁਰੂ ਹੋ ਗਏ ਹਨ।
ਇਨ੍ਹਾਂ ਵਿੱਚ ਜ਼ਿਆਦਾਤਰ ਪੋਲਜ਼ ਵਿੱਚ ਭਾਜਪਾ ਦੀ ਗਠਜੋੜ ਵਾਲੀ ਐੱਨਡੀਏ ਨੂੰ ਸਭ ਤੋਂ ਜ਼ਿਆਦਾ ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।
ਬੀਬੀਸੀ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਐਗਜ਼ਿਟ ਪੋਲ ਨਹੀਂ ਕਰਵਾਇਆ ਗਿਆ ਹੈ। ਬੀਬੀਸੀ ਹੋਰ ਮੀਡੀਆ ਤੇ ਰਿਸਰਚ ਅਦਾਰਿਆਂ ਵੱਲੋਂ ਜਾਰੀ ਕੀਤੇ ਐਗਜ਼ਿਟ ਪੋਲ ਬਾਰੇ ਤੁਹਾਨੂੰ ਜਾਣਕਾਰੀ ਦੇ ਰਿਹਾ ਹੈ।
18ਵੀਂ ਲੋਕ ਸਭਾ ਚੋਣਾਂ ਲਈ ਵੋਟਿੰਗ 7 ਗੇੜ ਵਿੱਚ ਹੋਈ ਹੈ।
16 ਮਾਰਚ ਨੂੰ ਚੋਣਾਂ ਦੀਆਂ ਤਰੀਖਾਂ ਦੇ ਐਲਾਨ ਦੇ ਨਾਲ ਹੀ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਹੋਈ ਅਤੇ 19 ਅਪ੍ਰੈਲ ਨੂੰ ਵੋਟਿੰਗ ਹੋਈ।
ਚਾਰ ਜੂਨ ਨੂੰ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦੇ ਐਲਾਨ ਦੇ ਨਾਲ ਇਹ ਪ੍ਰਕਿਰਿਆ ਖ਼ਤਮ ਹੋਵੇਗੀ।
ਲੋਕ ਸਭਾ ਚੋਣਾਂ ਦੇ ਨਾਲ-ਨਾਲ ਆਂਧਰ ਪ੍ਰਦੇਸ਼, ਓਡੀਸ਼ਾ, ਅਰੁਨਾਚਲ ਪ੍ਰਦੇਸ਼ ਅਤੇ ਸਿੱਕਿਮ ਵਿਧਾਨ ਸਭਾ ਲਈ ਵੀ ਚੋਣਾਂ ਕਰਵਾਈਆਂ ਗਈਆਂ ਹਨ।
ਜਿੱਥੇ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ ਦਾ ਕੰਮ 4 ਜੂਨ ਨੂੰ ਹੋਵੇਗਾ। ਉੱਥੇ ਹੀ ਅਰੁਨਾਚਲ ਪ੍ਰਦੇਸ਼ ਅਤੇ ਸਿੱਕਿਮ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ 2 ਜੂਨ ਨੂੰ ਹੋਵੇਗੀ।
ਦਾਅਵੇ ਤੇ ਵਾਅਦੇ
ਸੱਤਵੇਂ ਪੜਾਅ ਦੀ ਵੋਟਿੰਗ ਮੁਕੰਮਲ ਹੋਣ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਵੱਲੋਂ ਜਿੱਤ ਦੇ ਦਾਅਵੇ ਵੀ ਕੀਤੇ ਜਾਣ ਲੱਗੇ ਹਨ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਹੈ ਕਿ ਭਾਜਪਾ 370 ਸੀਟਾਂ ਜਿੱਤੇਗੀ ਅਤੇ ਐੱਨਡੀਏ ਗਠਜੋੜ ਨੂੰ 400 ਸੀਟਾਂ ਮਿਲਣਗੀਆਂ।
ਉਨ੍ਹਾਂ ਦਾ ਦਾਅਵਾ ਹੈ ਕਿ ਉੱਤਰ ਪ੍ਰਦੇਸ਼, ਓਡੀਸ਼ਾ, ਪੱਛਮੀ ਬੰਗਾਲ ਅਤੇ ਤੇਲੰਗਾਨਾ ਵਿੱਚ ਐੱਨਡੀਏ ਗਠਜੋੜ ਨੂੰ ਪਿਛਲੀਆਂ ਚੋਣਾਂ ਨਾਲੋਂ ਵੱਧ ਸੀਟਾਂ ਮਿਲਣਗੀਆਂ।
ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਮਲਿਕਾਰਜੁਲ ਖੜਗੇ ਨੇ ਦਾਅਵਾ ਕੀਤਾ ਹੈ ਕਿ ਇੰਡੀਆ ਗਠਜੋੜ ਨੂੰ 295 ਤੋਂ ਵੱਧ ਸੀਟਾਂ ਮਿਲਣਗੀਆਂ।
2019 ਦੀਆਂ ਚੋਣਾਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ 23 ਮਈ ਨੂੰ ਨਤੀਜੇ ਐਲਾਨੇ ਗਏ ਸਨ।
ਜਿਸ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐੱਨਡੀਏ ਗਠਜੋੜ ਨੇ ਕੁੱਲ 353 ਸੀਟਾਂ ਜਿੱਤੀਆਂ ਸਨ।
ਇਕੱਲੇ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ, ਜਦਕਿ ਕਾਂਗਰਸ ਨੇ 52 ਸੀਟਾਂ ਜਿੱਤੀਆਂ ਸਨ।
ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਗਠਜੋੜ ਨੂੰ 92 ਸੀਟਾਂ ਮਿਲੀਆਂ ਸਨ।
ਜਦੋਂ ਕਿ 2014 ਵਿੱਚ ‘ਮੋਦੀ ਲਹਿਰ’ ਕਾਰਨ ਭਾਜਪਾ ਨੂੰ 282 ਅਤੇ ਐੱਨਡੀਏ ਨੂੰ 336 ਸੀਟਾਂ ਮਿਲੀਆਂ ਸਨ। ਦੂਜੇ ਪਾਸੇ ਕਾਂਗਰਸ ਨੂੰ 44 ਅਤੇ ਯੂਪੀਏ ਨੂੰ 59 ਸੀਟਾਂ ਮਿਲੀਆਂ ਸਨ।
ਪੰਜਾਬ ਦੀ ਗੱਲ ਕਰੀਏ ਤਾਂ 2019 ਵਿੱਚ ਕੁੱਲ 13 ਲੋਕ ਸਭਾ ਸੀਟਾਂ 'ਚੋਂ 4 ਅਕਾਲੀ-ਭਾਜਪਾ ਗੱਠਜੋੜ ਨੂੰ, 1 ਆਪ ਤੇ 8 ਕਾਂਗਰਸ ਦੇ ਹਿੱਸੇ ਆਈਆਂ ਸਨ।
ਜ਼ਿਕਰਯੋਗ ਹੈ ਕਿ ਇਸ ਵਾਰ ਪੰਜਾਬ ਦੇ ਸਮੀਕਰਨ ਕੁਝ ਵੱਖਰੇ ਹੋ ਸਕਦੇ ਹਨ। ਕਿਉਂਜੋ ਸੂਬੇ ਵਿੱਚ ਆਪ ਦੀ ਸਰਕਾਰ ਹੈ ਤੇ ਪਹਿਲੀ ਵਾਰ ਭਾਜਪਾ ਤੇ ਅਕਾਲੀ ਦਲ ਆਜ਼ਾਦ ਤੌਰ ਉੱਤੇ ਚੋਣ ਮੈਦਾਨ ਵਿੱਚ ਉੱਤਰੇ ਸਨ।
ਐਗਜ਼ਿਟ ਪੋਲ ਕੀ ਕਹਿ ਰਹੇ ਹਨ?
ਏਬੀਪੀ-ਸੀਵੋਟਰ ਦੇ ਅੰਦਾਜ਼ੇ ਮੁਤਾਬਕ ਐੱਨਡੀਏ 353-383 ਸੀਟਾਂ 'ਤੇ ਚੋਣ ਜਿੱਤ ਸਕਦੀ ਹੈ।
ਜਦੋਂ ਕਿ ਇੰਡੀਆ ਅਲਾਇੰਸ ਨੂੰ 152-182 ਸੀਟਾਂ ਮਿਲ ਸਕਦੀਆਂ ਹਨ ਅਤੇ ਹੋਰ ਪਾਰਟੀਆਂ ਨੂੰ 4-12 ਸੀਟਾਂ ਮਿਲ ਸਕਦੀਆਂ ਹਨ।
ਇੰਡੀਆ ਟੀਵੀ ਦੇ ਐਗਜ਼ਿਟ ਪੋਲ ਮੁਤਾਬਕ ਐੱਨਡੀਏ ਨੂੰ 371-401 ਸੀਟਾਂ ਅਤੇ ਕਾਂਗਰਸ ਨੂੰ 109-139 ਸੀਟਾਂ ਮਿਲ ਸਕਦੀਆਂ ਹਨ, ਜਦਕਿ ਹੋਰ ਪਾਰਟੀਆਂ ਨੂੰ 28-38 ਸੀਟਾਂ ਮਿਲ ਸਕਦੀਆਂ ਹਨ।
ਐਗਜ਼ਿਟ ਪੋਲ ਦੇ ਅਨੁਮਾਨਾਂ ਦੀ ਗੱਲ ਕਰੀਏ ਤਾਂ ਭਾਜਪਾ ਨੂੰ 319-338, ਕਾਂਗਰਸ ਨੂੰ 64-52, ਡੀਐੱਮਕੇ ਨੂੰ 15-19, ਤ੍ਰਿਣਮੂਲ ਕਾਂਗਰਸ ਨੂੰ 14-18, ਜੇਡੀਯੂ ਨੂੰ 11-13, ਆਰਜੇਡੀ ਨੂੰ 2-4, ਆਮ ਆਦਮੀ ਪਾਰਟੀ ਨੂੰ 2-4 ਅਤੇ ਸਮਾਜਵਾਦੀ ਪਾਰਟੀ ਨੂੰ 10-14 ਸੀਟਾਂ ਮਿਲ ਸਕਦੀਆਂ ਹਨ।
ਬੀਜੇਡੀ ਨੂੰ 4-6 ਸੀਟਾਂ, ਸ਼ਿਵ ਸੈਨਾ ਊਧਵ ਠਾਕਰੇ ਦੇ ਧੜੇ ਨੂੰ 10-12 ਸੀਟਾਂ, ਸ਼ਿਵ ਸੈਨਾ ਸ਼ਿੰਦੇ ਧੜੇ ਨੂੰ 5-7 ਸੀਟਾਂ ਅਤੇ ਟੀਡੀਪੀ ਨੂੰ 12-16 ਸੀਟਾਂ ਮਿਲ ਸਕਦੀਆਂ ਹਨ।
ਰਿਪਬਲਿਕ ਟੀਵੀ-ਪੀਐੱਮਏਆਰਕਿਊ ਮੈਟ੍ਰਿਜ਼ ਦੇ ਐਗਜ਼ਿਟ ਪੋਲ ਵਿੱਚ ਐੱਨਡੀਏ ਨੂੰ ਵੱਡੀ ਲੀਡ ਮਿਲਦੀ ਨਜ਼ਰ ਆ ਰਹੀ ਹੈ।
ਇਸ ਵਿੱਚ ਐੱਨਡੀਏ ਨੂੰ 359 ਸੀਟਾਂ ਅਤੇ ਇੰਡੀਆ ਗਠਜੋੜ ਦੇ 154 ਸੀਟਾਂ ਜਿੱਤਣ ਦਾ ਅਨੁਮਾਨ ਲਗਾਇਆ ਗਿਆ ਹੈ, ਇਸ ਮੁਤਾਬਕ ਹੋਰ ਪਾਰਟੀਆਂ ਨੂੰ 30 ਸੀਟਾਂ ਮਿਲ ਸਕਦੀਆਂ ਹਨ।
ਜਨ ਕੀ ਬਾਤ ਦੇ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਐੱਨਡੀਏ 377 ਸੀਟਾਂ ਜਿੱਤ ਸਕਦੀ ਹੈ।
ਜਦੋਂ ਕਿ ਇੰਡੀਆ ਗਠਜੋੜ 151 ਸੀਟਾਂ 'ਤੇ ਜਿੱਤ ਸਕਦਾ ਹੈ ਅਤੇ ਹੋਰ ਪਾਰਟੀਆਂ 15 ਸੀਟਾਂ 'ਤੇ ਜਿੱਤ ਹਾਸਿਲ ਕਰ ਸਕਦੀਆਂ ਹਨ।
ਇਸ ਐਗਜ਼ਿਟ ਪੋਲ ਮੁਤਾਬਕ ਭਾਜਪਾ 327 ਅਤੇ ਕਾਂਗਰਸ 52 ਸੀਟਾਂ ਜਿੱਤ ਸਕਦੀ ਹੈ।
ਇੰਡੀਆ ਨਿਊਜ਼- ਡੀ-ਡਾਇਨਾਮਿਕਸ ਦੇ ਐਗਜ਼ਿਟ ਪੋਲ ਮੁਤਾਬਕ ਐੱਨਡੀਏ ਨੂੰ 371 ਅਤੇ ਇੰਡੀਆ ਅਲਾਇੰਸ ਨੂੰ 125 ਸੀਟਾਂ ਮਿਲਣ ਦਾ ਅਨੁਮਾਨ ਹੈ।
ਇਸ ਹਿਸਾਬ ਨਾਲ ਹੋਰ ਪਾਰਟੀਆਂ ਨੂੰ 47 ਸੀਟਾਂ ਮਿਲ ਸਕਦੀਆਂ ਹਨ।
ਐਗਜ਼ਿਟ ਪੋਲ ਭਾਜਪਾ ਨੂੰ 315 ਸੀਟਾਂ, ਕਾਂਗਰਸ ਨੂੰ 60 ਸੀਟਾਂ, ਟੀਐੱਮਸੀ ਨੂੰ 19 ਸੀਟਾਂ, ਆਮ ਆਦਮੀ ਪਾਰਟੀ ਨੂੰ 3 ਸੀਟਾਂ, ਸਮਾਜਵਾਦੀ ਪਾਰਟੀ ਨੂੰ 10 ਸੀਟਾਂ ਤੇ ਅੰਦਾਜ਼ਾ ਹੈ ਕਿ 5 ਸੀਟਾਂ ਐੱਨਸੀਪੀ ਅਤੇ 8 ਸੀਟਾਂ ਸ਼ਿਵ ਸੈਨਾ ਦੇ ਸ਼ਿੰਦੇ ਧੜੇ ਨੂੰ ਮਿਲਣਗੀਆਂ।