ਐਗਜ਼ਿਟ ਪੋਲ ਕਿਵੇਂ ਹੁੰਦੇ ਹਨ ਤੇ ਇੰਨਾਂ ਦੇ ਅੰਦਾਜ਼ੇ ਕਿੰਨੇ ਕੁ ਸੱਚ ਨਿਕਲਦੇ ਹਨ

    • ਲੇਖਕ, ਇਕਬਾਲ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਸੱਤਵੇਂ ਪੜਾਅ ਦੀ ਵੋਟਿੰਗ 1 ਜੂਨ ਨੂੰ ਖ਼ਤਮ ਹੋਣ ਦੇ ਨਾਲ ਹੀ 2024 ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ ਅਤੇ ਇਸ ਤੋਂ ਬਾਅਦ ਸਾਰਿਆਂ ਨੂੰ 4 ਜੂਨ ਦੀ ਉਡੀਕ ਰਹੇਗੀ ਜਿਸ ਦਿਨ ਇਨ੍ਹਾਂ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਸਾਹਮਣੇ ਆਉਣਗੇ।

ਪਰ ਵੋਟਾਂ ਦੀ ਗਿਣਤੀ ਤੋਂ ਪਹਿਲਾਂ 1 ਜੂਨ ਨੂੰ ਜਿਵੇਂ ਹੀ ਵੋਟਿੰਗ ਖ਼ਤਮ ਹੋਵੇਗੀ, ਸਾਰੀਆਂ ਪੋਲ ਏਜੰਸੀਆਂ ਅਤੇ ਨਿਊਜ਼ ਚੈਨਲ ਐਗਜ਼ਿਟ ਪੋਲ ਜਾਰੀ ਕਰਨਗੇ।

2024 ਦੀਆਂ ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਕੀ ਕਹਿੰਦੇ ਹਨ, ਇਹ ਤਾਂ 1 ਜੂਨ ਨੂੰ ਪਤਾ ਲੱਗੇਗਾ ਪਰ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

ਅਤੇ ਫ਼ਿਰ ਅਸੀਂ ਦੇਖਾਂਗੇ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ 2023 ਦੀਆਂ ਵਿਧਾਨ ਸਭਾ ਚੋਣਾਂ ਤੱਕ ਐਗਜ਼ਿਟ ਪੋਲ ਅਤੇ ਅਸਲ ਨਤੀਜਿਆ ਵਿੱਚ ਕਿੰਨਾ ਕੁ ਫ਼ਰਕ ਰਿਹਾ ਸੀ।

ਐਗਜ਼ਿਟ ਪੋਲ ਨਾਲ ਜੁੜੇ ਮੁੱਦਿਆਂ ਨੂੰ ਸਮਝਣ ਲਈ, ਬੀਬੀਸੀ ਨੇ ਪ੍ਰੋਫੈਸਰ ਸੰਜੇ ਕੁਮਾਰ ਨਾਲ ਗੱਲ ਕੀਤੀ। ਸੰਜੇ ਕੁਮਾਰ ਇੱਕ ਮਸ਼ਹੂਰ ਚੋਣ ਵਿਸ਼ਲੇਸ਼ਕ ਅਤੇ ਸੈਂਟਰ ਫ਼ਾਰ ਦਿ ਸਟੱਡੀ ਆਫ਼ ਡਿਵੈਲਪਿੰਗ ਸਟੱਡੀਜ਼ (ਸੀਐੱਸਡੀਐੱਸ) ਲੋਕਨੀਤੀ ਦੇ ਸਹਿ-ਨਿਰਦੇਸ਼ਕ ਹਨ।

ਐਗਜ਼ਿਟ ਪੋਲ ਕੀ ਹੈ ਅਤੇ ਇਹ ਕਿਵੇਂ ਕੀਤਾ ਜਾਂਦਾ ਹੈ?

ਐਗਜ਼ਿਟ ਪੋਲ ਦਾ ਮਤਲਬ ਹੈ ਬਾਹਰ ਨਿਕਲਣਾ। ਇਸ ਲਈ ਐਗਜ਼ਿਟ ਸ਼ਬਦ ਹੀ ਦੱਸਦਾ ਹੈ ਕਿ ਇਹ ਕਹਾਣੀ ਕਿਸ ਬਾਰੇ ਹੈ।

ਜਦੋਂ ਕੋਈ ਵੋਟਰ ਚੋਣਾਂ ਵਿੱਚ ਵੋਟ ਪਾਉਣ ਤੋਂ ਬਾਅਦ ਬੂਥ ਤੋਂ ਬਾਹਰ ਆਉਂਦਾ ਹੈ ਤਾਂ ਉਸਨੂੰ ਪੁੱਛਿਆ ਜਾਂਦਾ ਹੈ ਕਿ ਕੀ ਉਹ ਦੱਸਣਾ ਚਾਹੇਗਾ ਕਿ ਉਸਨੇ ਕਿਸ ਪਾਰਟੀ ਜਾਂ ਉਮੀਦਵਾਰ ਨੂੰ ਵੋਟ ਪਾਈ ਹੈ।

ਐਗਜ਼ਿਟ ਪੋਲ ਕਰਵਾਉਣ ਵਾਲੀਆਂ ਏਜੰਸੀਆਂ ਆਪਣੇ ਲੋਕਾਂ ਨੂੰ ਪੋਲਿੰਗ ਬੂਥ ਦੇ ਬਾਹਰ ਖੜ੍ਹਾ ਕਰਦੀਆਂ ਹਨ।

ਜਿਵੇਂ ਹੀ ਵੋਟਰ ਵੋਟ ਪਾਉਣ ਤੋਂ ਬਾਅਦ ਬਾਹਰ ਆਉਂਦੇ ਹਨ, ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਨੇ ਕਿਸ ਨੂੰ ਵੋਟ ਪਾਈ ਹੈ।

ਕੁਝ ਹੋਰ ਸਵਾਲ ਵੀ ਪੁੱਛੇ ਜਾ ਸਕਦੇ ਹਨ ਜਿਵੇਂ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਤੁਹਾਡਾ ਪਸੰਦੀਦਾ ਉਮੀਦਵਾਰ ਕੌਣ ਹੈ ਵਗੈਰਾ।

ਆਮ ਤੌਰ 'ਤੇ ਜੇ ਪੋਲਿੰਗ ਸਟੇਸ਼ਨ ਵੱਡਾ ਹੋਵੇ ਤਾਂ ਪੋਲਿੰਗ ਬੂਥ 'ਤੇ ਹਰ ਦਸਵੇਂ ਵੋਟਰ ਨੂੰ ਜਾਂ ਹਰ 20ਵੇਂ ਵੋਟਰ ਨੂੰ ਸਵਾਲ ਪੁੱਛੇ ਜਾਂਦੇ ਹਨ।

ਵੋਟਰਾਂ ਤੋਂ ਪ੍ਰਾਪਤ ਜਾਣਕਾਰੀ ਦਾ ਵਿਸ਼ਲੇਸ਼ਣ ਕਰਕੇ ਇਹ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚੋਣ ਨਤੀਜੇ ਕੀ ਹੋਣਗੇ।

ਭਾਰਤ ਵਿੱਚ ਕਿਹੜੀਆਂ ਪ੍ਰਮੁੱਖ ਏਜੰਸੀਆਂ ਹਨ ਜੋ ਐਗਜ਼ਿਟ ਪੋਲ ਕਰਵਾਉਂਦੀਆਂ ਹਨ?

ਸੀ-ਵੋਟਰ, ਐਕਸਿਸ ਮਾਈ ਇੰਡੀਆ, ਸੀਐੱਨਐੱਕਸ ਭਾਰਤ ਦੀਆਂ ਕੁਝ ਪ੍ਰਮੁੱਖ ਏਜੰਸੀਆਂ ਹਨ।

ਚੋਣਾਂ ਸਮੇਂ ਕਈ ਨਵੀਆਂ ਕੰਪਨੀਆਂ ਵੀ ਆ ਜਾਂਦੀਆਂ ਹਨ ਜੋ ਚੋਣਾਂ ਖ਼ਤਮ ਹੁੰਦੇ ਹੀ ਗਾਇਬ ਹੋ ਜਾਂਦੀਆਂ ਹਨ।

ਐਗਜ਼ਿਟ ਪੋਲ ਨਾਲ ਸਬੰਧਤ ਨਿਯਮ ਕੀ ਹਨ?

ਐਗਜ਼ਿਟ ਪੋਲ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 126ਏ ਦੇ ਤਹਿਤ ਨਿਯੰਤ੍ਰਿਤ ਕੀਤੇ ਜਾਂਦੇ ਹਨ।

ਭਾਰਤ ਵਿੱਚ ਚੋਣ ਕਮਿਸ਼ਨ ਨੇ ਐਗਜ਼ਿਟ ਪੋਲ ਨੂੰ ਲੈ ਕੇ ਕੁਝ ਨਿਯਮ ਬਣਾਏ ਹਨ।

ਇਨ੍ਹਾਂ ਨਿਯਮਾਂ ਦਾ ਮਕਸਦ ਇਹ ਹੈ ਕਿ ਚੋਣਾਂ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਹੋਣ ਦਿੱਤਾ ਜਾਵੇ।

ਚੋਣ ਕਮਿਸ਼ਨ ਸਮੇਂ-ਸਮੇਂ 'ਤੇ ਐਗਜ਼ਿਟ ਪੋਲ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਹੈ।

ਇਸ ਵਿੱਚ ਦੱਸਿਆ ਗਿਆ ਹੈ ਕਿ ਐਗਜ਼ਿਟ ਪੋਲ ਕਰਵਾਉਣ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ।

ਇੱਕ ਆਮ ਨਿਯਮ ਹੈ ਕਿ ਐਗਜ਼ਿਟ ਪੋਲ ਦੇ ਨਤੀਜੇ ਵੋਟਿੰਗ ਵਾਲੇ ਦਿਨ ਪ੍ਰਸਾਰਿਤ ਨਹੀਂ ਕੀਤੇ ਜਾ ਸਕਦੇ ਹਨ।

ਚੋਣ ਪ੍ਰਕਿਰਿਆ ਸ਼ੁਰੂ ਹੋਣ ਅਤੇ ਆਖਰੀ ਪੜਾਅ ਦੀ ਵੋਟਿੰਗ ਖ਼ਤਮ ਹੋਣ ਤੋਂ ਅੱਧੇ ਘੰਟੇ ਬਾਅਦ ਐਗਜ਼ਿਟ ਪੋਲ ਦਾ ਪ੍ਰਸਾਰਣ ਨਹੀਂ ਕੀਤਾ ਜਾ ਸਕਦਾ।

ਇਸ ਤੋਂ ਇਲਾਵਾ ਵੋਟਿੰਗ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਪ੍ਰਸਾਰਿਤ ਕਰਨ ਲਈ ਸਰਵੇਖਣ ਏਜੰਸੀ ਨੂੰ ਚੋਣ ਕਮਿਸ਼ਨ ਤੋਂ ਇਜਾਜ਼ਤ ਲੈਣੀ ਪੈਂਦੀ ਹੈ।

ਕੀ ਐਗਜ਼ਿਟ ਪੋਲ ਦੇ ਅੰਦਾਜ਼ੇ ਆਮ ਤੌਰ 'ਤੇ ਸਹੀ ਹੁੰਦੇ ਹਨ?

ਆਮ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਪ੍ਰੋਫ਼ੈਸਰ ਸੰਜੇ ਕੁਮਾਰ ਇਸ ਨੂੰ ਮੌਸਮ ਵਿਭਾਗ ਦੀ ਭਵਿੱਖਬਾਣੀ ਨਾਲ ਜੋੜਦੇ ਹਨ।

ਉਹ ਕਹਿੰਦੇ ਹਨ, “ਐਗਜ਼ਿਟ ਪੋਲ ਦੇ ਅੰਦਾਜ਼ੇ ਵੀ ਮੌਸਮ ਵਿਭਾਗ ਦੇ ਅਨੁਮਾਨਾਂ ਵਾਂਗ ਹਨ।

ਕਈ ਵਾਰ ਉਹ ਬਹੁਤ ਸਹੀ ਹੁੰਦੇ ਹਨ, ਕਈ ਵਾਰ ਉਹ ਇਸਦੇ ਨੇੜੇ ਹੁੰਦੇ ਹਨ ਅਤੇ ਕਈ ਵਾਰ ਉਹ ਬਿਲਕੁਲ ਸਹੀ ਨਹੀਂ ਹੁੰਦੇ ਹਨ।

ਐਗਜ਼ਿਟ ਪੋਲ ਦੋ ਚੀਜ਼ਾਂ ਦੀ ਭਵਿੱਖਬਾਣੀ ਕਰਦੇ ਹਨ।

"ਇਹ ਵੋਟ ਪ੍ਰਤੀਸ਼ਤ ਦਾ ਅੰਦਾਜ਼ਾ ਲਗਾਉਂਦਾ ਹੈ ਅਤੇ ਫਿਰ ਇਸਦੇ ਆਧਾਰ 'ਤੇ ਪਾਰਟੀਆਂ ਨੂੰ ਮਿਲਣ ਵਾਲੀਆਂ ਸੀਟਾਂ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।"

ਉਹ ਅੱਗੇ ਕਹਿੰਦੇ ਹਨ, “ਸਾਨੂੰ 2004 ਦੀਆਂ ਚੋਣਾਂ ਨੂੰ ਨਹੀਂ ਭੁੱਲਣਾ ਚਾਹੀਦਾ। ਸਾਰੇ ਐਗਜ਼ਿਟ ਪੋਲ ਵਿੱਚ ਕਿਹਾ ਗਿਆ ਸੀ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਮੁੜ ਸੱਤਾ ਵਿੱਚ ਆਵੇਗੀ ਪਰ ਸਾਰੇ ਐਗਜ਼ਿਟ ਪੋਲ ਗ਼ਲਤ ਸਾਬਤ ਹੋਏ ਸਨ ਅਤੇ ਭਾਜਪਾ ਚੋਣਾਂ ਹਾਰ ਗਈ ਸੀ।”

ਕਈ ਵਾਰ ਵੱਖ-ਵੱਖ ਐਗਜ਼ਿਟ ਪੋਲ ਵੱਖੋ-ਵੱਖਰੇ ਅੰਦਾਜ਼ੇ ਲਗਾਉਂਦੇ ਹਨ, ਅਜਿਹਾ ਕਿਉਂ?

ਇਸ ਸਵਾਲ ਦੇ ਜਵਾਬ ਵਿੱਚ, ਪ੍ਰੋਫ਼ੈਸਰ ਸੰਜੇ ਕੁਮਾਰ ਇੱਕ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ, “ਕਈ ਵਾਰ ਵੱਖ-ਵੱਖ ਡਾਕਟਰ ਇੱਕੋ ਬਿਮਾਰੀ ਦਾ ਵੱਖ-ਵੱਖ ਤਰੀਕਿਆਂ ਨਾਲ ਇਲਾਜ ਕਰਦੇ ਹਨ। ਐਗਜ਼ਿਟ ਪੋਲ ਨਾਲ ਵੀ ਅਜਿਹਾ ਹੀ ਹੋ ਸਕਦਾ ਹੈ।”

“ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਵੱਖ-ਵੱਖ ਏਜੰਸੀਆਂ ਨੇ ਵੱਖ-ਵੱਖ ਤਰੀਕਿਆਂ ਨਾਲ ਵੱਖ-ਵੱਖ ਸੈਂਪਲਿੰਗ ਜਾਂ ਫੀਲਡ ਵਰਕ ਕੀਤੇ ਹਨ।”

"ਕੁਝ ਏਜੰਸੀਆਂ ਫ਼ੋਨ 'ਤੇ ਡਾਟਾ ਇਕੱਠਾ ਕਰਦੀਆਂ ਹਨ, ਜਦੋਂ ਕਿ ਕੁਝ ਏਜੰਸੀਆਂ ਆਪਣੇ ਲੋਕਾਂ ਨੂੰ ਫੀਲਡ ਵਿੱਚ ਭੇਜਦੀਆਂ ਹਨ, ਇਸ ਲਈ ਨਤੀਜੇ ਵੱਖਰੇ ਹੋ ਸਕਦੇ ਹਨ।"

ਭਾਰਤ ਵਿੱਚ ਪਹਿਲੀ ਵਾਰ ਐਗਜ਼ਿਟ ਪੋਲ ਕਦੋਂ ਕਰਵਾਇਆ ਗਿਆ ਸੀ?

ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਓਪੀਨੀਅਨ ਨੇ ਭਾਰਤ ਵਿੱਚ ਦੂਜੀਆਂ ਆਮ ਚੋਣਾਂ ਦੌਰਾਨ 1957 ਵਿੱਚ ਆਪਣਾ ਪਹਿਲਾ ਚੋਣ ਸਰਵੇਖਣ ਕਰਵਾਇਆ।

ਇਸ ਦੇ ਮੁਖੀ ਐਰਿਕ ਡੀ'ਕੋਸਟਾ ਨੇ ਚੋਣ ਸਰਵੇਖਣ ਕਰਵਾਇਆ ਸੀ ਪਰ ਇਸ ਨੂੰ ਪੂਰੀ ਤਰ੍ਹਾਂ ਐਗਜ਼ਿਟ ਪੋਲ ਨਹੀਂ ਕਿਹਾ ਜਾ ਸਕਦਾ।

ਉਸ ਤੋਂ ਬਾਅਦ 1980 ਵਿੱਚ ਡਾਕਟਰ ਪ੍ਰਣਯ ਰਾਏ ਨੇ ਪਹਿਲੀ ਵਾਰ ਐਗਜ਼ਿਟ ਪੋਲ ਕਰਵਾਇਆ। ਉਨ੍ਹਾਂ ਨੇ 1984 ਦੀਆਂ ਚੋਣਾਂ ਵਿੱਚ ਦੁਬਾਰਾ ਐਗਜ਼ਿਟ ਪੋਲ ਕਰਵਾਏ ਸਨ।

ਬਾਅਦ ਵਿੱਚ ਦੂਰਦਰਸ਼ਨ ਨੇ 1996 ਵਿੱਚ ਐਗਜ਼ਿਟ ਪੋਲ ਕਰਵਾਇਆ।

ਇਹ ਪੋਲ ਪੱਤਰਕਾਰ ਨਲਿਨੀ ਸਿੰਘ ਵੱਲੋਂ ਕਰਵਾਈ ਗਈ ਸੀ ਪਰ ਇਸ ਦਾ ਡਾਟਾ ਇਕੱਠਾ ਕਰਨ ਲਈ ਫੀਲਡ ਵਰਕ ਸੈਂਟਰ ਫ਼ਾਰ ਦਾ ਸਟੱਡੀ ਆਫ਼ ਡਿਵੈਲਪਿੰਗ ਸਟੱਡੀਜ਼ (ਸੀਐੱਸਡੀਐੱਸ) ਵੱਲੋਂ ਕੀਤਾ ਗਿਆ ਸੀ।

ਉਦੋਂ ਤੋਂ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਪਰ ਉਸ ਸਮੇਂ ਇੱਕ ਜਾਂ ਦੋ ਐਗਜ਼ਿਟ ਪੋਲ ਹੁੰਦੇ ਸਨ, ਜਦੋਂ ਕਿ ਅੱਜਕੱਲ੍ਹ ਦਰਜਨਾਂ ਐਗਜ਼ਿਟ ਪੋਲ ਹਨ।

ਕੀ ਹੋਰ ਦੇਸ਼ਾਂ ਵਿੱਚ ਵੀ ਐਗਜ਼ਿਟ ਪੋਲ ਕਰਵਾਏ ਜਾਂਦੇ ਹਨ?

ਭਾਰਤ ਤੋਂ ਪਹਿਲਾਂ ਕਈ ਦੇਸ਼ਾਂ ਵਿੱਚ ਐਗਜ਼ਿਟ ਪੋਲ ਕਰਵਾਏ ਜਾ ਚੁੱਕੇ ਹਨ।

ਐਗਜ਼ਿਟ ਪੋਲ ਅਮਰੀਕਾ, ਦੱਖਣੀ ਅਮਰੀਕਾ, ਯੂਰਪ, ਦੱਖਣੀ ਏਸ਼ੀਆ ਅਤੇ ਦੱਖਣੀ ਪੂਰਬੀ ਏਸ਼ੀਆ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਕਰਵਾਏ ਜਾਂਦੇ ਹਨ।

ਸੰਯੁਕਤ ਰਾਜ ਅਮਰੀਕਾ ਵਿੱਚ 1936 ਵਿੱਚ ਪਹਿਲਾ ਐਗਜ਼ਿਟ ਪੋਲ ਕਰਵਾਇਆ ਗਿਆ ਸੀ।

ਜਾਰਜ ਗੈਲਪ ਅਤੇ ਕਲਾਉਡ ਰੌਬਿਨਸਨ ਨੇ ਨਿਊਯਾਰਕ ਸਿਟੀ ਵਿੱਚ ਇੱਕ ਚੋਣ ਸਰਵੇਖਣ ਕਰਵਾਇਆ ਜਿਸ ਵਿੱਚ ਵੋਟ ਪਾਉਣ ਤੋਂ ਬਾਅਦ ਬੂਥ ਤੋਂ ਬਾਹਰ ਆ ਰਹੇ ਵੋਟਰਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਕਿਸ ਰਾਸ਼ਟਰਪਤੀ ਦੇ ਆਹੁਦੇ ਦੇ ਉਮੀਦਵਾਰ ਨੂੰ ਵੋਟ ਪਾਈ ਹੈ।

ਇਸ ਤਰ੍ਹਾਂ ਪ੍ਰਾਪਤ ਕੀਤੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ, ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਫਰੈਂਕਲਿਨ ਡੀ. ਰੂਜ਼ਵੈਲਟ ਚੋਣ ਜਿੱਤਣਗੇ। ਜਦੋਂ ਨਤੀਜੇ ਆਏ ਤਾਂ ਰੂਜ਼ਵੈਲਟ ਨੇ ਅਸਲ ਵਿੱਚ ਚੋਣ ਜਿੱਤੀ।

ਇਸ ਤੋਂ ਬਾਅਦ ਐਗਜ਼ਿਟ ਪੋਲ ਦੂਜੇ ਦੇਸ਼ਾਂ ਵਿੱਚ ਵੀ ਮਸ਼ਹੂਰ ਹੋ ਗਏ। ਸਾਲ 1937 ਵਿੱਚ ਬਰਤਾਨੀਆ ਵਿੱਚ ਪਹਿਲਾ ਐਗਜ਼ਿਟ ਪੋਲ ਕਰਵਾਇਆ ਗਿਆ।

1938 ਵਿੱਚ ਫਰਾਂਸ ਵਿੱਚ ਪਹਿਲਾ ਐਗਜ਼ਿਟ ਪੋਲ ਕਰਵਾਇਆ ਗਿਆ।

ਹੁਣ ਗੱਲ ਕਰੀਏ ਭਾਰਤ ਵਿੱਚ ਕਰਵਾਏ ਗਏ ਐਗਜ਼ਿਟ ਪੋਲ ਦੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 2019 ਦੀਆਂ ਲੋਕ ਸਭਾ ਚੋਣਾਂ ਦੀ।

ਲੋਕ ਸਭਾ ਚੋਣਾਂ, 2019

2019 ਦੀਆਂ ਲੋਕ ਸਭਾ ਚੋਣਾਂ ਦੇ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ, ਭਾਜਪਾ ਅਤੇ ਐੱਨਡੀਏ ਨੂੰ 300 ਤੋਂ ਵੱਧ ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਗਿਆ ਸੀ।

ਜਦੋਂਕਿ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਗਠਜੋੜ ਨੂੰ 100 ਦੇ ਕਰੀਬ ਸੀਟਾਂ ਮਿਲਣ ਦੀ ਉਮੀਦ ਜਤਾਈ ਗਈ ਸੀ। ਅਸਲ ਨਤੀਜੇ ਐਗਜ਼ਿਟ ਪੋਲ ਵਿੱਚ ਕੀਤੀਆਂ ਭਵਿੱਖਬਾਣੀਆਂ ਦੇ ਅਨੁਸਾਰ ਹੀ ਸਨ।

ਭਾਜਪਾ ਨੂੰ 303 ਅਤੇ ਐੱਨਡੀਏ ਨੂੰ 350 ਸੀਟਾਂ ਮਿਲੀਆਂ ਸਨ। ਜਦਕਿ ਕਾਂਗਰਸ ਨੂੰ ਸਿਰਫ਼ 52 ਸੀਟਾਂ ਮਿਲੀਆਂ ਸਨ।

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ, 2021

ਸਾਲ 2021 ਵਿੱਚ ਕੇਰਲ, ਅਸਾਮ, ਤਾਮਿਲਨਾਡੂ, ਪੁਡੂਚੇਰੀ ਅਤੇ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ। ਪਰ ਸਾਰਿਆਂ ਦੀਆਂ ਨਜ਼ਰਾਂ ਪੱਛਮੀ ਬੰਗਾਲ 'ਤੇ ਟਿਕੀਆਂ ਹੋਈਆਂ ਸਨ।

292 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਜ਼ਿਆਦਾਤਰ ਏਜੰਸੀਆਂ ਨੇ ਭਾਜਪਾ ਨੂੰ 100 ਤੋਂ ਵੱਧ ਸੀਟਾਂ ਦਿੱਤੀਆਂ ਸਨ ਅਤੇ ‘ਜਨ ਕੀ ਬਾਤ’ ਨਾਮ ਦੀ ਇੱਕ ਏਜੰਸੀ ਨੇ ਭਵਿੱਖਬਾਣੀ ਕੀਤੀ ਸੀ ਕਿ ਭਾਜਪਾ ਨੂੰ 174 ਸੀਟਾਂ ਮਿਲਣਗੀਆਂ।

ਕੁਝ ਏਜੰਸੀਆਂ ਨੇ ਟੀਐੱਮਸੀ ਦੀ ਲੀਡ ਦਿਖਾਈ ਸੀ ਪਰ ਕੁਝ ਨੇ ਇਹ ਵੀ ਕਿਹਾ ਸੀ ਕਿ ਪਹਿਲੀ ਵਾਰ ਭਾਜਪਾ ਪੱਛਮੀ ਬੰਗਾਲ ਵਿੱਚ ਸਰਕਾਰ ਬਣਾ ਸਕਦੀ ਹੈ।

ਪਰ ਜਦੋਂ ਨਤੀਜੇ ਆਏ ਤਾਂ ਮਮਤਾ ਬੈਨਰਜੀ ਦੀ ਟੀਐੱਮਸੀ ਇੱਕ ਵਾਰ ਫਿਰ ਸੱਤਾ ਵਿੱਚ ਆ ਗਈ।

ਅਤੇ ਭਾਜਪਾ ਨੇ 2016 ਵਿੱਚ ਜਿੱਤੀਆਂ ਤਿੰਨ ਸੀਟਾਂ ਦੇ ਮੁਕਾਬਲੇ ਬਹੁਤ ਬਹਿਤਰ ਪ੍ਰਦਰਸ਼ਨ ਕੀਤਾ, ਪਰ ਇਹ ਸਿਰਫ 75 ਸੀਟਾਂ ਤੱਕ ਹੀ ਪਹੁੰਚ ਸਕੀ ਅਤੇ ਸਰਕਾਰ ਬਣਾਉਣ ਤੋਂ ਬਹੁਤ ਦੂਰ ਰਹੀ।

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ, 2022

ਨਵੰਬਰ-ਦਸੰਬਰ, 2022 ਵਿੱਚ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ।

ਗੁਜਰਾਤ ਦੇ ਐਗਜ਼ਿਟ ਪੋਲ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਸੱਤਾ 'ਚ ਵਾਪਸੀ ਕਰਦੇ ਦਿਖਾਇਆ ਗਿਆ ਸੀ ਅਤੇ 182 ਸੀਟਾਂ ਵਾਲੀ ਵਿਧਾਨ ਸਭਾ 'ਚ ਭਾਜਪਾ ਨੂੰ 117 ਤੋਂ 148 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਗਿਆ ਸੀ।

ਸਾਰੇ ਐਗਜ਼ਿਟ ਪੋਲਾਂ 'ਚ ਵਿਰੋਧੀ ਧਿਰ ਕਾਂਗਰਸ ਨੂੰ 30 ਤੋਂ 50 ਸੀਟਾਂ ਮਿਲਣ ਦੀ ਉਮੀਦ ਜਤਾਈ ਗਈ ਸੀ।

ਪਰ ਜਦੋਂ ਨਤੀਜੇ ਆਏ ਤਾਂ ਭਾਜਪਾ ਨੇ 156 ਸੀਟਾਂ ਜਿੱਤ ਕੇ ਸੂਬੇ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਜਦਕਿ ਕਾਂਗਰਸ ਦਾ ਪ੍ਰਦਰਸ਼ਨ ਸਭ ਤੋਂ ਮਾੜਾ ਰਿਹਾ ਅਤੇ ਉਹ ਮਹਿਜ਼ 17 ਸੀਟਾਂ ਹੀ ਜਿੱਤ ਸਕੀ।

ਹਿਮਾਚਲ ਪ੍ਰਦੇਸ਼ 'ਚ ਜ਼ਿਆਦਾਤਰ ਏਜੰਸੀਆਂ ਨੇ ਐਗਜ਼ਿਟ ਪੋਲ 'ਚ ਭਾਜਪਾ ਨੂੰ ਲੀਡ ਦਿੱਤੀ ਸੀ।

ਇੰਡੀਆ ਟੂਡੇ-ਐਕਸਿਸ ਮਾਈ ਨੇ ਕਾਂਗਰਸ ਦੀ ਲੀਡ ਦੀ ਗੱਲ ਕੀਤੀ ਸੀ।

ਪਰ ਜਦੋਂ ਨਤੀਜੇ ਆਏ ਤਾਂ ਕਾਂਗਰਸ ਨੇ 68 ਸੀਟਾਂ ਵਾਲੀ ਵਿਧਾਨ ਸਭਾ ਵਿੱਚ 40 ਸੀਟਾਂ ਜਿੱਤ ਕੇ ਸਰਕਾਰ ਬਣਾਈ, ਜਦਕਿ ਭਾਜਪਾ ਸਿਰਫ਼ 25 ਸੀਟਾਂ ਹੀ ਹਾਸਲ ਕਰ ਸਕੀ।

ਕਰਨਾਟਕ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ, 2023

ਕਰਨਾਟਕ ਵਿੱਚ ਅਪ੍ਰੈਲ-ਮਈ, 2023 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ।

ਇੱਥੇ ਕੁਝ ਕੁ ਨੂੰ ਛੱਡ ਕੇ ਜ਼ਿਆਦਾਤਰ ਏਜੰਸੀਆਂ ਨੇ ਕਿਹਾ ਸੀ ਕਿ ਕਾਂਗਰਸ ਦੀ ਕਾਰਗੁਜ਼ਾਰੀ ਭਾਜਪਾ ਨਾਲੋਂ ਬਿਹਤਰ ਰਹੇਗੀ।

ਨਤੀਜੇ ਵੀ ਥੋੜੇ-ਬਹੁਤੇ ਅੰਦਾਜ਼ਿਆਂ ਮੁਤਾਬਕ ਹੀ ਆਏ।

ਫ਼ਰਕ ਸਿਰਫ ਇੰਨਾ ਸੀ ਕਿ ਕਾਂਗਰਸ ਦਾ ਪ੍ਰਦਰਸ਼ਨ ਬਹੁਤੀਆਂ ਉਮੀਦਾਂ ਤੋਂ ਬਿਹਤਰ ਸੀ।

224 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਕਾਂਗਰਸ ਨੇ 43 ਫ਼ੀਸਦੀ ਵੋਟਾਂ ਨਾਲ 136 ਸੀਟਾਂ ਜਿੱਤੀਆਂ ਸਨ।

ਪਿਛਲੇ ਤਿੰਨ ਦਹਾਕਿਆਂ 'ਚ ਸੂਬੇ 'ਚ ਕਾਂਗਰਸ ਦੀ ਇਹ ਸਭ ਤੋਂ ਵੱਡੀ ਜਿੱਤ ਹੈ।

ਭਾਜਪਾ ਮਹਿਜ਼ 65 ਸੀਟਾਂ ਹੀ ਹਾਸਲ ਕਰ ਸਕੀ ਅਤੇ ਜਨਤਾ ਦਲ-ਐਸ ਨੂੰ ਸਿਰਫ਼ 19 ਸੀਟਾਂ ਮਿਲੀਆਂ।

ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਨਵੰਬਰ-ਦਸੰਬਰ ਵਿੱਚ ਚੋਣਾਂ ਹੋਈਆਂ।

ਛੱਤੀਸਗੜ੍ਹ— ਸਾਰੀਆਂ ਏਜੰਸੀਆਂ ਨੇ ਐਗਜ਼ਿਟ ਪੋਲ 'ਚ ਕਾਂਗਰਸ ਅਤੇ ਭਾਜਪਾ ਵਿਚਾਲੇ ਕਰੀਬੀ ਮੁਕਾਬਲਾ ਦਿਖਾਇਆ ਸੀ ਜਾਂ ਕਾਂਗਰਸ ਨੂੰ ਲੀਡ ਦਿਖਾਈ ਸੀ।

90 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਕਿਸੇ ਵੀ ਏਜੰਸੀ ਨੇ ਕਾਂਗਰਸ ਨੂੰ 40 ਤੋਂ ਘੱਟ ਸੀਟਾਂ ਮਿਲਣ ਦੀ ਭਵਿੱਖਬਾਣੀ ਨਹੀਂ ਕੀਤੀ ਸੀ। ਭਾਜਪਾ ਨੂੰ 25 ਤੋਂ 48 ਸੀਟਾਂ ਮਿਲਣ ਦਾ ਅੰਦਾਜ਼ਾ ਸੀ।

ਪਰ ਜਦੋਂ ਨਤੀਜੇ ਆਏ ਤਾਂ ਭਾਜਪਾ ਨੇ 54 ਸੀਟਾਂ ਜਿੱਤ ਕੇ ਸਰਕਾਰ ਬਣਾਈ, ਜਦਕਿ ਕਾਂਗਰਸ ਨੂੰ ਸਿਰਫ਼ 35 ਸੀਟਾਂ ਮਿਲੀਆਂ।

ਮੱਧ ਪ੍ਰਦੇਸ਼ ਵਿੱਚ 230 ਵਿਧਾਨ ਸਭਾ ਸੀਟਾਂ ਹਨ।

ਐਗਜ਼ਿਟ ਪੋਲ 'ਚ ਭਾਜਪਾ ਨੂੰ 88 ਤੋਂ 163 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਗਿਆ ਸੀ।

ਜਦਕਿ ਕਾਂਗਰਸ ਨੂੰ ਘੱਟੋ-ਘੱਟ 62 ਅਤੇ ਵੱਧ ਤੋਂ ਵੱਧ 137 ਸੀਟਾਂ ਮਿਲਣ ਦਾ ਅੰਦਾਜ਼ਾ ਸੀ।

ਪਰ ਜਦੋਂ ਨਤੀਜੇ ਆਏ ਤਾਂ ਭਾਜਪਾ ਨੇ 163 ਸੀਟਾਂ ਜਿੱਤੀਆਂ ਜਦਕਿ ਕਾਂਗਰਸ ਸਿਰਫ਼ 66 ਸੀਟਾਂ 'ਤੇ ਹੀ ਸਿਮਟ ਗਈ।

ਰਾਜਸਥਾਨ ਵਿਧਾਨ ਸਭਾ-2023

ਏਬੀਪੀ ਨਿਊਜ਼-ਸੀ ਵੋਟਰ ਐਗਜ਼ਿਟ ਪੋਲ ਵਿੱਚ ਭਾਜਪਾ ਦਾ ਹੱਥ ਦਿਖਾਈ ਦੇ ਰਿਹਾ ਸੀ।

ਇਸ ਹਿਸਾਬ ਨਾਲ ਭਾਜਪਾ ਨੂੰ 194 ਤੋਂ 114, ਕਾਂਗਰਸ ਨੂੰ 71 ਤੋਂ 91 ਅਤੇ ਹੋਰ ਪਾਰਟੀਆਂ ਨੂੰ 9 ਤੋਂ 19 ਸੀਟਾਂ ਮਿਲਣ ਦੀ ਉਮੀਦ ਹੈ।

ਨਿਊਜ਼ 24-ਟੂਡੇ ਚਾਣਕਿਆ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 77 ਤੋਂ 101 ਸੀਟਾਂ, ਕਾਂਗਰਸ ਨੂੰ 89 ਤੋਂ 113 ਅਤੇ ਹੋਰ ਪਾਰਟੀਆਂ ਨੂੰ 2 ਤੋਂ 16 ਸੀਟਾਂ ਮਿਲਣ ਦੀ ਉਮੀਦ ਹੈ।

ਇੰਡੀਆ ਟੂਡੇ ਐਕਸਿਸ ਮਾਈ ਇੰਡੀਆ ਦੇ ਸਰਵੇਖਣ ਮੁਤਾਬਕ ਰਾਜਸਥਾਨ ਵਿੱਚ ਭਾਜਪਾ ਨੂੰ 80 ਤੋਂ 100 ਸੀਟਾਂ, ਕਾਂਗਰਸ ਨੂੰ 86 ਤੋਂ 106 ਸੀਟਾਂ ਅਤੇ ਹੋਰਨਾਂ ਨੂੰ 9 ਤੋਂ 18 ਸੀਟਾਂ ਮਿਲ ਸਕਦੀਆਂ ਹਨ।

ਇੰਡੀਆ ਟੀਵੀ ਦੇ ਐਗਜ਼ਿਟ ਪੋਲ ਵਿੱਚ ਕਾਂਗਰਸ ਨੂੰ 94 ਤੋਂ 104 ਸੀਟਾਂ, ਭਾਜਪਾ ਨੂੰ 80 ਤੋਂ 90 ਅਤੇ ਹੋਰਨਾਂ ਨੂੰ 14 ਤੋਂ 18 ਸੀਟਾਂ ਮਿਲ ਰਹੀਆਂ ਹਨ।

ਟਾਈਮਜ਼ ਨਾਓ ਈਟੀਜੀ ਦੇ ਐਗਜ਼ਿਟ ਪੋਲ ਵਿੱਚ ਕਾਂਗਰਸ ਨੂੰ 56 ਤੋਂ 72 ਸੀਟਾਂ, ਭਾਜਪਾ ਨੂੰ 108 ਤੋਂ 128 ਸੀਟਾਂ ਅਤੇ ਹੋਰਨਾਂ ਨੂੰ 13 ਤੋਂ 21 ਸੀਟਾਂ ਮਿਲਣ ਦਾ ਅੰਦਾਜ਼ਾ ਹੈ।

ਰਾਜਸਥਾਨ ਵਿੱਚ ਭਾਜਪਾ ਨੂੰ ਘੱਟੋ-ਘੱਟ 77 ਅਤੇ ਵੱਧ ਤੋਂ ਵੱਧ 128 ਸੀਟਾਂ ਮਿਲਣ ਦਾ ਅੰਦਾਜ਼ਾ ਸੀ।

ਜਦੋਂਕਿ ਸੱਤਾਧਾਰੀ ਕਾਂਗਰਸ ਨੂੰ ਘੱਟੋ-ਘੱਟ 56 ਅਤੇ ਵੱਧ ਤੋਂ ਵੱਧ 113 ਸੀਟਾਂ ਮਿਲਣ ਦਾ ਅਨੁਮਾਨ ਸੀ।

ਪਰ ਜਦੋਂ ਨਤੀਜੇ ਆਏ ਤਾਂ ਭਾਜਪਾ ਨੂੰ 115 ਅਤੇ ਕਾਂਗਰਸ ਨੂੰ 69 ਸੀਟਾਂ ਮਿਲੀਆਂ।

ਹੋਰ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ 15 ਸੀਟਾਂ ਜਿੱਤੀਆਂ ਹਨ।

ਤੇਲੰਗਾਨਾ

ਹੁਣ ਤੱਕ ਸਾਹਮਣੇ ਆਏ ਜ਼ਿਆਦਾਤਰ ਐਗਜ਼ਿਟ ਪੋਲ ਦੇ ਅੰਦਾਜ਼ੇ ਸੱਤਾਧਾਰੀ ਬੀਆਰਐੱਸ ਅਤੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀਆਂ ਉਮੀਦਾਂ ਦੇ ਵਿਰੁੱਧ ਜਾਪਦੇ ਹਨ। ਇੱਥੇ ਕਾਂਗਰਸ ਦੂਜਿਆਂ ਤੋਂ ਅੱਗੇ ਜਾਪਦੀ ਹੈ।

ਏਬੀਪੀ ਨਿਊਜ਼-ਸੀ ਵੋਟਰ ਐਗਜ਼ਿਟ ਪੋਲ ਦੇ ਮੁਤਾਬਕ ਬੀਆਰਐਸ ਨੂੰ 38 ਤੋਂ 54 ਸੀਟਾਂ, ਕਾਂਗਰਸ ਨੂੰ 49 ਤੋਂ 65, ਭਾਜਪਾ ਨੂੰ 5 ਤੋਂ 13 ਅਤੇ ਹੋਰ ਪਾਰਟੀਆਂ ਨੂੰ 5 ਤੋਂ 9 ਸੀਟਾਂ ਮਿਲ ਸਕਦੀਆਂ ਹਨ।

ਨਿਊਜ਼ 24 ਟੁਡੇ ਚਾਣਕਿਆ ਦੇ ਐਗਜ਼ਿਟ ਪੋਲ ਨੇ ਵੀ ਕਾਂਗਰਸ ਨੂੰ ਬਹੁਮਤ ਮਿਲਣ ਦੀ ਭਵਿੱਖਬਾਣੀ ਕੀਤੀ ਹੈ।

ਇੱਥੇ ਬੀਆਰਐੱਸ ਨੂੰ 24 ਤੋਂ 42 ਭਾਜਪਾ ਨੂੰ 2 ਤੋਂ 12, ਕਾਂਗਰਸ ਨੂੰ 62 ਤੋਂ 80 ਅਤੇ ਹੋਰ ਪਾਰਟੀਆਂ ਨੂੰ 5 ਤੋਂ 11 ਸੀਟਾਂ ਮਿਲਣ ਦੀ ਸੰਭਾਵਨਾ ਦੱਸੀ ਹੈ।

ਇੰਡੀਆ ਟੀਵੀ ਦੇ ਐਗਜ਼ਿਟ ਪੋਲ ਮੁਤਾਬਕ ਤੇਲੰਗਾਨਾ ਦੀਆਂ 119 ਸੀਟਾਂ ਵਿੱਚੋਂ ਬੀਆਰਐੱਸ ਨੂੰ 31-47 ਸੀਟਾਂ, ਕਾਂਗਰਸ ਨੂੰ 63 ਤੋਂ 79, ਭਾਜਪਾ ਨੂੰ 2 ਤੋਂ 4 ਅਤੇ ਏਆਈਐੱਮਆਈਐੱਮ ਨੂੰ 5 ਤੋਂ 7 ਸੀਟਾਂ ਮਿਲ ਸਕਦੀਆਂ ਹਨ।

ਟਾਈਮਜ਼ ਨਾਓ ਈਟੀਜੀ ਪੋਲ ਨੇ ਅੰਦਾਜ਼ਾ ਲਗਾਇਆ ਹੈ ਕਿ ਕਾਂਗਰਸ ਨੂੰ ਇੱਥੇ 60 ਤੋਂ 70 ਸੀਟਾਂ ਮਿਲ ਸਕਦੀਆਂ ਹਨ।

ਬੀਆਰਐੱਸ ਨੂੰ 37 ਤੋਂ 45 ਸੀਟਾਂ, ਭਾਜਪਾ ਨੂੰ 6 ਤੋਂ 8 ਸੀਟਾਂ ਅਤੇ ਏਆਈਐੱਮਆਈਐੱਮ ਨੂੰ 5 ਤੋਂ 7 ਸੀਟਾਂ ਮਿਲ ਸਕਦੀਆਂ ਹਨ।

ਤਕਰੀਬਨ ਸਾਰੀਆਂ ਏਜੰਸੀਆਂ ਦੇ ਐਗਜ਼ਿਟ ਪੋਲ ਨੇ ਤੇਲੰਗਾਨਾ ਵਿੱਚ ਕਾਂਗਰਸ ਨੂੰ ਅੱਗੇ ਦਿਖਾਇਆ ਸੀ।

ਕਾਂਗਰਸ ਨੂੰ ਘੱਟੋ-ਘੱਟ 49 ਅਤੇ ਵੱਧ ਤੋਂ ਵੱਧ 80 ਸੀਟਾਂ ਮਿਲਣ ਦਾ ਅੰਦਾਜ਼ਾ ਸੀ।

ਸੱਤਾਧਾਰੀ ਬੀਆਰਐੱਸ ਨੂੰ ਸਾਰੇ ਐਗਜ਼ਿਟ ਪੋਲਾਂ ਵਿੱਚ ਸੱਤਾ ਤੋਂ ਬਾਹਰ ਦੇਖਿਆ ਗਿਆ ਸੀ।

ਜਦੋਂ ਨਤੀਜੇ ਆਏ ਤਾਂ ਕਾਂਗਰਸ ਨੂੰ 64 ਸੀਟਾਂ ਮਿਲੀਆਂ ਜਦਕਿ ਬੀਆਰਐੱਸ ਨੂੰ 39 ਸੀਟਾਂ ਮਿਲੀਆਂ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)