ਕਰਤਾਰਪੁਰ ਲਾਂਘਾ: ‘ਗੁਰਦੁਆਰਾ ਤਿੰਨ ਕਿਲੋਮੀਟਰ ਦੂਰ’ ਪਰ ਰਾਹ ਲਈ ਜ਼ਮੀਨਾਂ ਦੇਣ ਵਾਲਿਆਂ ਦੀ ਇਹ ਅਰਦਾਸ ਕਿਉਂ ਪੂਰੀ ਨਹੀਂ ਹੋਈ

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਪੱਤਰਕਾਰ

“ਸਾਡੇ ਪਿੰਡ ਅਤੇ ਸਾਡੀਆਂ ਜ਼ਮੀਨਾਂ ਵਿੱਚ ਕਰਤਾਰਪੁਰ ਲਾਂਘਾ ਬਣਿਆ ਪਰ ਮਨ ਵਿੱਚ ਇਕ ਉਦਾਸੀ ਇਹ ਹੈ ਕਿ ਅਸੀਂ ਹਾਲੇ ਤੱਕ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕੇ।”

ਇਹ ਸ਼ਬਦ ਪਿੰਡ ਪੱਖੋਕੇ ਟਾਹਲੀ ਸਾਹਿਬ ਦੇ ਰਹਿਣ ਵਾਲੇ ਗੁਰਨਾਮ ਸਿੰਘ ਦੇ ਹਨ।

ਭਾਰਤ-ਪਾਕਿਸਤਾਨ ਵਿਚਾਲੇ ਬਣੇ ਕਰਤਾਰਪੁਰ ਲਾਂਘੇ ਨੂੰ 5 ਸਾਲ ਪੂਰੇ ਹੋ ਗਏ ਹਨ। ਇਸ ਲਾਂਘੇ ਨੂੰ ਲੈ ਕੇ ਭਾਵੇਂ ਦੋਵਾਂ ਦੇਸ਼ਾਂ ਵਿਚਾਲੇ ਦੁਬਾਰਾ ਪੰਜ ਸਾਲ ਲਈ ਸਮਝੌਤਾ ਹੋ ਗਿਆ ਪਰ ਇਸ ਦੇ ਬਾਵਜੂਦ ਬਹੁਤੇ ਭਾਰਤੀ ਖਾਸਕਰ ਪੰਜਾਬੀ ਅਜਿਹੇ ਹਨ, ਜੋ ਹਾਲੇ ਤੱਕ ਇਸ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਨਤਮਸਤਕ ਨਹੀਂ ਹੋ ਸਕੇ।

ਉਨ੍ਹਾਂ ਦਾ ਕਹਿਣਾ ਹੈ ਕਿ ਲਾਂਘਾ ਤਾਂ ਖੁੱਲ੍ਹ ਗਿਆ ਪਰ ਉਨ੍ਹਾਂ ਦੀ ਜੋ ਖੁੱਲ੍ਹੇ ਦਰਸ਼ਨਾਂ ਦੀ ਅਰਦਾਸ ਸੀ, ਉਹ ਅਜੇ ਵੀ ਪੂਰੀ ਨਹੀਂ ਹੋਈ।

ਇਨ੍ਹਾਂ ਲੋਕਾਂ ਲਈ ਪਾਕਿਸਤਾਨ ਵੱਲੋਂ ਲਈ ਜਾਣ ਵਾਲੀ ਐਂਟਰੀ ਫ਼ੀਸ ਤੇ ਪਾਸਪੋਰਟ ਦੀ ਸ਼ਰਤ ਵੱਡੀ ਰੁਕਾਵਟ ਸਾਬਿਤ ਹੋ ਰਹੀ ਹੈ।

ਡੇਰਾ ਬਾਬਾ ਨਾਨਕ ਨੇੜੇ ਭਾਰਤ-ਪਾਕਿਸਤਾਨ ਸਰਹੱਦ ਉਤੇ ਕਰਤਾਰਪੁਰ ਲਾਂਘਾ ਬਣਾਇਆ ਗਿਆ ਹੈ।

ਜਦੋਂ ਡੇਰਾ ਬਾਬਾ ਨਾਨਕ ਕਸਬੇ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਕਰਤਾਰਪੁਰ ਲਾਂਘੇ ਵੱਲ ਅੱਗੇ ਵਧਦੇ ਹਾਂ ਤਾਂ ਕੰਡਿਆਲੀ ਤਾਰ ਦੇ ਨੇੜੇ ਭਾਰਤ ਦਾ ਆਖਰੀ ਪਿੰਡ ਪੱਖੋਕੇ ਟਾਹਲੀ ਸਾਹਿਬ ਹੈ।

ਇਸੇ ਪਿੰਡ ਦੇ ਕਿਸਾਨਾਂ ਦੀ ਜ਼ਮੀਨ ਐਕੁਵਾਇਰ ਕਰਕੇ ਭਾਰਤ ਸਰਕਾਰ ਵੱਲੋਂ ਇਸ ਪਾਸੇ ਮੁੱਖ ਮਾਰਗ ਅਤੇ ਇੰਟੀਗ੍ਰੇਟਿਡ ਚੈੱਕ ਪੋਸਟ ਸਥਾਪਤ ਕੀਤੀ ਗਈ ਹੈ।

ਪਾਸਪੋਰਟ ਦੀ ਸ਼ਰਤ ਵੱਡਾ ਅੜਿੱਕਾ

ਪਿੰਡ ਪੱਖੋਕੇ ਟਾਹਲੀ ਸਾਹਿਬ ਦੇ ਕਿਸਾਨ ਗੁਰਨਾਮ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ 3 ਏਕੜ ਜ਼ਮੀਨ ਲਾਂਘੇ ਵਿੱਚ ਐਕੁਵਾਇਰ ਹੋਈ ਸੀ।

ਉਹ ਦੱਸਦੇ ਹਨ ਕਿ ਜਿੱਥੇ ਹੁਣ ਇੰਟੀਗ੍ਰੇਟਿਡ ਚੈੱਕ ਪੋਸਟ ਦਾ ਮੇਨ ਗੇਟ ਹੈ, ਉੱਥੇ ਪਹਿਲਾਂ ਉਨ੍ਹਾਂ ਦੇ ਖੇਤ ਸਨ। ਉਹ ਆਪਣੀ ਬਾਕੀ ਦੀ ਕਰੀਬ 3 ਏਕੜ ਜ਼ਮੀਨ ਵਿੱਚ ਹੁਣ ਵੀ ਖੇਤੀ ਕਰਦੇ ਹਨ।

ਗੁਰਨਾਮ ਸਿੰਘ ਦੱਸਦੇ ਹਨ ਕਿ ਉਹ ਛੋਟੇ ਹੁੰਦੇ ਜਦੋਂ ਸਰਹੱਦ ਵੱਲ ਜਾਂਦੇ ਤਾਂ ਦੂਰੋਂ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਸਨ।

ਗੁਰਨਾਮ ਸਿੰਘ ਕਹਿੰਦੇ ਹਨ, “ਸਾਡੇ ਬਜ਼ੁਰਗ ਦੱਸਦੇ ਸਨ ਕਿ ਜਿੱਥੇ ਪਾਕਿਸਤਾਨ ਵਿੱਚ ਗੁਰਦੁਆਰਾ ਸਾਹਿਬ ਹੈ, ਉੱਥੋਂ ਤੱਕ ਉਨ੍ਹਾਂ ਦੇ ਪਿੰਡ ਦੀ ਜ਼ਮੀਨ ਹੁੰਦੀ ਸੀ ਪਰ ਵੰਡ ਦੌਰਾਨ ਉਹ ਥਾਂ ਪਾਕਿਸਤਾਨ ਦੇ ਹਿੱਸੇ ਰਹਿ ਗਈ। ਇਸ ਮਗਰੋਂ ਮੁੜ ਕਈ ਸਾਲ ਹਰ ਮੱਸਿਆ-ਸੰਗਰਾਂਦ ’ਤੇ ਲੋਕ ਇਸ ਥਾਂ ’ਤੇ ਆਉਂਦੇ ਅਤੇ ਖੁੱਲ੍ਹੇ ਲਾਂਘੇ ਦੀ ਅਰਦਾਸ ਕਰਦੇ ਸਨ।”

“ਜਦੋਂ ਇੱਥੇ ਲਾਂਘਾ ਬਣਨ ਦੀ ਗੱਲ ਆਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀਆਂ ਜ਼ਮੀਨਾਂ ਵਿੱਚ ਹੀ ਰਸਤਾ ਬਣਨ ਜਾ ਰਿਹਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਵੀ ਕੋਈ ਮਲਾਲ ਨਹੀਂ ਸੀ ਕਿ ਉਨ੍ਹਾਂ ਦੀਆਂ ਖੇਤੀ ਵਾਲੀਆਂ ਜ਼ਮੀਨਾਂ ਘੱਟ ਜਾਣਗੀਆਂ।”

ਗੁਰਨਾਮ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਜ਼ਰੂਰ ਸੀ ਕਿ ਗੁਰੂ ਦੇ ਦਰ ਦਾ ਰਾਹ ਸੰਗਤ ਲਈ ਖੁੱਲ੍ਹ ਰਿਹਾ ਹੈ ਪਰ ਜਦੋਂ ਕੰਮ ਸ਼ੁਰੂ ਹੋਇਆ ਤਾਂ ਉਸ ਵਿੱਚ ਪਾਸਪੋਰਟ ਦੀ ਸ਼ਰਤ ਰੱਖ ਦਿੱਤੀ ਗਈ, ਜੋ ਉਨ੍ਹਾਂ ਸੋਚਿਆ ਨਹੀਂ ਸੀ।

ਸੰਗਤ ਹਾਲੇ ਵੀ ਦੂਰਬੀਨ ਰਾਹੀਂ ਦਰਸ਼ਨ ਕਰਦੀ ਹੈ

ਗੁਰਨਾਮ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਾਜਨਪ੍ਰੀਤ ਕੌਰ ਆਖਦੇ ਹਨ ਕਿ ਭਾਵੇਂ ਲਾਂਘਾ ਖੁੱਲ੍ਹ ਗਿਆ ਹੈ ਪਰ ਉਹ ਤਾਂ ਉੱਥੇ ਹੀ ਰਹਿ ਗਏ।

ਉਹ ਦੂਰੋਂ ਹੀ ਧੁੱਸੀ ’ਤੇ ਬਣੇ ਦਰਸ਼ਨ ਸਥਲ ਤੋਂ ਹੀ ਦਰਸ਼ਨ ਕਰਦੇ ਹਨ ਕਿਉਂਕਿ ਉਨ੍ਹਾਂ ਕੋਲ ਪਾਸਪੋਰਟ ਨਹੀਂ ਹੈ ਅਤੇ ਉਹ ਇਕੱਲੇ ਹੀ ਨਹੀਂ ਬਲਕਿ ਵੱਡੀ ਗਿਣਤੀ ਵਿੱਚ ਅਜਿਹੀ ਸੰਗਤ ਹੈ, ਜੋ ਪਾਸਪੋਰਟ ਦੀ ਸ਼ਰਤ ਦੀ ਵਜ੍ਹਾ ਕਾਰਨ ਦਰਸ਼ਨਾਂ ਤੋਂ ਵਾਂਝੀ ਹੈ।

ਰਾਜਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ 17 ਸਾਲ ਪਹਿਲਾਂ ਵਿਆਹ ਕੇ ਇਸ ਪਿੰਡ ਵਿੱਚ ਆਏ ਹਨ ਅਤੇ ਉਸ ਸਮੇਂ ਤੋਂ ਹੀ ਇਹ ਸੁਣ ਰਹੇ ਹੈ ਕਿ ਖੁੱਲ੍ਹਾ ਲਾਂਘਾ ਹੋਵੇਗਾ।

ਭਾਵੇਂ ਕਿ ਹੁਣ ਉਨ੍ਹਾਂ ਦੀਆਂ ਜ਼ਮੀਨਾਂ ਵੀ ਇਸ ਲਾਂਘੇ ’ਚ ਆ ਗਈਆਂ ਪਰ ਉਨ੍ਹਾਂ ਲਈ ਤਾਂ ਹਾਲਾਤ ਉਵੇਂ ਦੇ ਉਵੇਂ ਹੀ ਹਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਤੋਂ ਤਾਂ ਸਰਹੱਦ ਪਾਰ ਗੁਰਦੁਆਰਾ ਮਹਿਜ਼ ਤਿੰਨ ਕਿਲੋਮੀਟਰ ਦੂਰੀ ’ਤੇ ਹੈ, ਜਿੱਥੇ ਉਹ ਰੋਜ਼ਾਨਾ ਸੈਰ ਕਰਦੇ ਜਾ ਸਕਦੇ ਹਨ ਪਰ ਸਰਕਾਰਾਂ ਦੀਆਂ ਸ਼ਰਤਾਂ ਅੜਿੱਕਾ ਪਾ ਰਹੀਆਂ ਹਨ।

“ਲਾਂਘੇ ਲਈ ਨਹੀਂ ਹੋਣੀ ਚਾਹੀਦੀ ਕੋਈ ਸ਼ਰਤ”

ਇਸੇ ਪਿੰਡ ਦੇ ਰਹਿਣ ਵਾਲੇ ਕਿਸਾਨ ਦਰਸ਼ਨ ਸਿੰਘ ਦਾ ਘਰ ਇੰਟੀਗ੍ਰੇਟਿਡ ਚੈੱਕ ਪੋਸਟ ਦੇ ਸਾਹਮਣੇ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਾਂ ਬਚਪਨ ਤੋਂ ਇਹ ਲਾਲਸਾ ਸੀ ਕਿ ਉਹ ਸਰਹੱਦ ਪਾਰ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਦੇ ਉਵੇਂ ਹੀ ਦਰਸ਼ਨ ਕਰਨ ਜਾਣ ਜਿਵੇਂ ਹੋਰਾਂ ਗੁਰੂਧਾਮਾਂ ਦੇ ਦਰਸ਼ਨ ਕਰਦੇ ਹਨ।

ਦਰਸ਼ਨ ਸਿੰਘ ਕਹਿੰਦੇ ਹਨ, “ਕਈ ਵਾਰ ਤਾਂ ਇਹ ਵੀ ਸੋਚਿਆ ਸੀ ਕਿ ਪਾਕਿਸਤਾਨ ਜੋ ਜਥਾ ਜਾਂਦਾ ਹੈ, ਉਸ ਰਸਤੇ ਉਹ ਜਾਣ ਪਰ ਆਖਿਰ ਇਹ ਲਾਂਘਾ ਖੁੱਲ੍ਹ ਗਿਆ। ਭਾਵੇਂ ਕਿ ਸਾਡੀਆਂ ਜ਼ਮੀਨਾਂ ਦਾ ਰਕਬਾ ਇਸ ਲਾਂਘੇ ਵਿੱਚ ਆ ਗਿਆ। ਜ਼ਮੀਨ ਦਾ ਮੁੱਲ ਵੀ ਘੱਟ ਮਿਲਿਆ ਪਰ ਲਾਂਘਾ ਖੁੱਲ੍ਹਣ ਦੀ ਖੁਸ਼ੀ ਸੀ।”

ਉਨ੍ਹਾਂ ਕਿਹਾ ਕਿ ਜਦੋਂ ਪਾਸਪੋਰਟ ਦੀ ਸ਼ਰਤ ਦਾ ਪਤਾ ਲੱਗਾ ਤਾਂ ਉਨ੍ਹਾਂ ਆਪਣਾ, ਆਪਣੀ ਪਤਨੀ ਅਤੇ ਬੇਟੀ ਦਾ ਪਾਸਪੋਰਟ ਤੁਰੰਤ ਬਣਵਾ ਲਿਆ।

ਦਰਸ਼ਨ ਸਿੰਘ ਮੁਤਾਬਕ, “17 ਮਾਰਚ 2020 ਵਿੱਚ ਕਰਤਾਰਪੁਰ ਜਾਣ ਦੀ ਤਰੀਕ ਤੈਅ ਸੀ, ਜਦੋਂਕਿ 16 ਮਾਰਚ 2020 ਨੂੰ ਕੋਵਿਡ ਦੇ ਕਾਰਨ ਇਹ ਲਾਂਘਾ ਬੰਦ ਹੋ ਗਿਆ। ਮੁੜ ਜਦੋਂ ਲਾਂਘਾ ਖੁੱਲ੍ਹਿਆ ਤਾਂ ਅਸੀਂ ਆਪਣੇ ਪਰਿਵਾਰ ਨਾਲ ਉੱਥੇ ਨਤਮਸਤਕ ਹੋਣ ਗਏ। ਜਦੋਂ ਉਧਰ ਪੈਰ ਰੱਖਿਆ ਤਾਂ ਇਵੇਂ ਜਾਪ ਰਿਹਾ ਸੀ ਕਿ ਜਿਵੇਂ ਸਵਰਗ ਦਾ ਅਲੌਕਿਕ ਨਜ਼ਾਰਾ ਹੋਵੇ।”

ਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੱਸਦੇ ਹਨ ਕਿ ਭਾਵੇਂ ਉਹ ਇਕ ਵਾਰ ਦਰਸ਼ਨ ਕਰ ਆਏ ਹਨ ਪਰ ਮਨ ਵਿੱਚ ਤਾਂ ਇਹ ਹੁੰਦਾ ਕਿ ਉਹ ਰੋਜ਼ਾਨਾ ਜਾਣ।

ਉਹ ਕਹਿੰਦੇ ਹਨ ਕਿ ਜਾਣ ਵਾਸਤੇ ਜੋ ਹੁਣ ਵੀਜ਼ਾ ਅਪਲਾਈ ਕਰਨ ਜਾਂ ਉਸ ਤੋਂ ਬਾਅਦ ਪੁਲਿਸ ਵੈਰੀਫਿਕੇਸ਼ਿਨ ਦੀ ਸ਼ਰਤ ਹੈ ਜਾਂ ਹੋਰ ਰੋਕਾਂ ਹਨ, ਉਹ ਨਹੀਂ ਹੋਣੀਆਂ ਚਾਹੀਦੀਆਂ।

“ਉਧਰ ਵਾਲਿਆਂ ਨੂੰ ਵੀ ਸਰਹੱਦ ਦਾ ਰੋਸ ਹੈ”

ਦਰਸ਼ਨ ਸਿੰਘ ਦੀ ਧੀ ਵਿਪਨਪ੍ਰੀਤ ਕੌਰ ਆਪਣੇ ਮਾਪਿਆਂ ਨਾਲ ਕਰਤਾਰਪੁਰ ਸਾਹਿਬ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰ ਚੁੱਕੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਬਚਪਨ ਤੋਂ ਚਾਹਤ ਸੀ ਕਿ ਉਧਰ ਦਰਸ਼ਨ ਜ਼ਰੂਰ ਕਰਨੇ ਹਨ ਅਤੇ ਜਦੋਂ ਉਸ ਧਰਤੀ ’ਤੇ ਗਏ ਤਾਂ ਇਵੇਂ ਲੱਗਾ ਕਿ ਇਸ ਸਰਹੱਦ ਨੇ ਗੁਰੂ ਨਾਨਕ ਦੇਵ ਜੀ ਨੂੰ ਹੀ ਉਨ੍ਹਾਂ ਤੋਂ ਦੂਰ ਕੀਤਾ ਹੈ।

ਵਿਪਨਪ੍ਰੀਤ ਦਾ ਮੰਨਣਾ ਹੈ ਕਿ ਖੁੱਲ੍ਹਾ ਲਾਂਘਾ ਉਹ ਹੈ, ਜਿਸ ਵਿੱਚ ਕੋਈ ਬੰਦਿਸ਼ ਨਾ ਹੋਵੇ, ਜਦੋਂਕਿ ਹੁਣ ਤੱਕ ਤਾਂ ਬੰਦਿਸ਼ਾਂ ਬਹੁਤ ਹਨ।

ਉਨ੍ਹਾਂ ਦਾ ਕਹਿਣਾ, “ਉਧਰ ਤਾਂ ਲੋਕ ਸਾਡੇ ਵਰਗੇ ਹਨ, ਉਹ ਦੇਸ਼ ਕੋਈ ਵੱਖਰਾ ਨਹੀਂ ਲੱਗਦਾ। ਸਾਡੇ ਵਾਲੀ ਪੰਜਾਬੀ ਬੋਲੀ ਹੈ, ਅਸੀਂ ਤਾਂ ਭਾਵੇਂ ਹੁਣ ਇਸ ਰਸਤੇ ਉਧਰ ਜਾ ਸਕਦੇ ਹਾ ਪਰ ਉਨ੍ਹਾਂ ਨੂੰ ਇਹ ਰੋਸ ਹੈ ਕਿ ਉਹ ਇੱਧਰ ਨਹੀਂ ਆ ਸਕਦੇ। ਉਹ ਵੀ ਇਧਰ ਆ ਕੇ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਚੋਲਾ ਸਾਹਿਬ ਦੇ ਦਰਸ਼ਨ ਕਰਨ ਦੀ ਚਾਹਤ ਰੱਖਦੇ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)