ਕੈਨੇਡਾ ਨੇ 10 ਸਾਲਾਂ ਦੇ ਮਲਟੀਪਲ ਵੀਜ਼ਾ ਬਾਰੇ ਕੀਤਾ ਵੱਡਾ ਬਦਲਾਅ, ਹੁਣ ਇਮੀਗ੍ਰੇਸ਼ਨ ਅਫ਼ਸਰ ਇੰਝ ਤੈਅ ਕਰੇਗਾ ਵੀਜ਼ਾ ਦੀ ਮਿਆਦ

ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਅਤੇ ਆਰਜ਼ੀ ਕਾਮਿਆਂ ਦੀ ਗਿਣਤੀ ਨੂੰ ਸੀਮਤ ਕਰਨ ਮਗਰੋਂ ਹੁਣ ਕੈਨੇਡਾ ਵੱਲੋਂ ਮਲਟੀਪਲ ਵੀਜ਼ਾ ਐਂਟਰੀ ਦੇ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ।

ਕੈਨੇਡਾ ਇਮੀਗ੍ਰੇਸ਼ਨ ਦੀ ਅਧਿਕਾਰਤ ਵੈਬਸਾਈਟ ਉੱਤੇ ਦਿੱਤੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਕੈਨੇਡਾ ਨੇ ਕਿਹਾ ਹੈ ਕਿ ਪਹਿਲਾਂ ਤੋਂ ਜਾਰੀ ਮਲਟੀਪਲ ਐਂਟਰੀ ਵੀਜ਼ਾ ਦਸਤਾਵੇਜ਼ ਹੁਣ ਕੈਨੇਡਾ ਵਿੱਚ ਪ੍ਰਵੇਸ਼ ਲਈ ਕੋਈ ਤੈਅ ਪੈਮਾਨਾ ਨਹੀਂ ਹੋਵੇਗਾ।

ਇਹ ਇਮੀਗ੍ਰੇਸ਼ਨ ਅਧਿਕਾਰੀ ਉੱਤੇ ਨਿਰਭਰ ਕਰੇਗਾ ਕਿ ਉਹ ਕਿਸੇ ਨੂੰ ਸਿੰਗਲ ਜਾਂ ਮਲਟੀਪਲ ਐਂਟਰੀ ਦੀ ਇਜਾਜ਼ਤ ਦਿੰਦਾ ਹੈ ਜਾਂ ਨਹੀਂ ਹੈ।

ਇਸ ਤੋਂ ਇਲਾਵਾ ਵੈਧਤਾ ਦੀ ਮਿਆਦ ਬਾਰੇ ਵੀ ਅਧਿਕਾਰੀ ਆਪਣੇ ਵਿਵੇਕ ਨਾਲ ਫ਼ੈਸਲਾ ਲੈ ਸਕਦਾ ਹੈ।

ਮਲਟੀਪਲ ਐਂਟਰੀ ਵੀਜ਼ਾ ਕੀ ਹੁੰਦਾ ਹੈ

ਮਲਟੀਪਲ ਐਂਟਰੀ ਵੀਜ਼ਾ ਦੇ ਤਹਿਤ ਕੋਈ ਵੀ ਜਿਸ ਕੋਲ ਅਧਿਕਾਰਤ ਵੀਜ਼ਾ ਹੈ, ਉਹ ਆਪਣੀ ਵੀਜ਼ਾ ਮਿਆਦ ਦੌਰਾਨ ਜਿੰਨੀ ਵਾਰ ਮਰਜ਼ੀ ਚਾਹੇ ਕਿਸੇ ਵੀ ਦੇਸ਼ ਤੋਂ ਕੈਨੇਡਾ ਵਿੱਚ ਪ੍ਰਵੇਸ਼ ਕਰ ਸਕਦਾ ਸੀ।

ਇਸ ਲਈ 10 ਸਾਲਾਂ ਦੀ ਮਿਆਦ ਹੁੰਦੀ ਹੈ ਜਾਂ ਫਿਰ ਯਾਤਰੀ ਦਸਤਾਵੇਜ਼ ਜਿਵੇਂ ਕਿ ਪਾਸਪੋਰਟ ਦੇ ਜਾਂ ਬਾਓਮੈਟ੍ਰਿਕ ਦੀ ਤਰੀਕ ਖ਼ਤਮ ਹੋਣ ਤੱਕ (ਦੋਵਾਂ ਵਿਚੋਂ ਜਿਹੜਾ ਪਹਿਲਾਂ ਖ਼ਤਮ ਹੋਵੇ) ਅਨੁਸਾਰ ਮਿਆਦ ਤੈਅ ਹੁੰਦੀ ਹੈ।

ਸਿੰਗਲ ਜਾਂ ਮਲਟੀਪਲ ਐਂਟਰੀ ਵੀਜ਼ਾ ਲਈ ਜਾਰੀ ਦਿਸ਼ਾ-ਨਿਰਦੇਸ਼

ਸਿੰਗਲ ਜਾਂ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ ਲਈ ਸਬੰਧਿਤ ਅਧਿਕਾਰੀ ਆਪਣੇ ਹਿਸਾਬ ਨਾਲ ਫ਼ੈਸਲਾ ਲੈ ਸਕਦਾ ਹੈ।

ਪਰ ਇਸ ਵਿੱਚ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ, ਜੋ ਇਸ ਪ੍ਰਕਾਰ ਹਨ।

ਯਾਤਰਾ ਦੀ ਉਦੇਸ਼

ਇਮੀਗ੍ਰੇਸ਼ਨ ਅਫ਼ਸਰ ਇਨ੍ਹਾਂ ਪਹਿਲੂਆਂ ਨੂੰ ਵਿਚਾਰੇਗਾ:

  • ਜੇਕਰ ਬਿਨੈਕਾਰ ਇੱਕ ਵਾਰ ਦੇ ਸਮਾਗਮ ਵਿੱਚ ਹਿੱਸਾ ਲੈਣ ਆ ਰਿਹਾ ਹੈ, ਜਿਵੇਂ ਕਿ ਕਾਨਫਰੰਸ, ਸਿਖਲਾਈ ਸੈਸ਼ਨ ਜਾਂ ਘੁੰਮਣ-ਫਿਰਨ ਲਈ ਜਾਂ ਫਿਰ ਉਹ ਨਿਯਮਤ ਤੌਰ 'ਤੇ ਕੈਨੇਡਾ ਆਉਂਦਾ ਰਹੇਗਾ, ਜਿਵੇਂ ਕਿ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ
  • ਕੀ ਇਹ ਅਜਿਹੇ ਵਿਦਿਆਰਥੀ ਜਾਂ ਕਰਮਚਾਰੀ ਹਨ ਜੋ ਥੋੜ੍ਹੇ ਸਮੇਂ ਲਈ ਆ ਰਹੇ ਅਤੇ ਉਨ੍ਹਾਂ ਨੂੰ ਪਰਮਿਟ ਦੀ ਲੋੜ ਨਹੀਂ ਹੈ? ਕੀ ਉਨ੍ਹਾਂ ਨੂੰ ਯਾਤਰਾ ਲਈ ਹਰ ਵਾਰ ਮਾਤਾ-ਪਿਤਾ ਦੀ ਮਨਜ਼ੂਰੀ ਦੀ ਲੋੜ ਹੈ (ਉਦਾਹਰਣ ਵਜੋਂ, ਗਰਮੀਆਂ ਦੇ ਪ੍ਰੋਗਰਾਮ ਲਈ ਆਉਣ ਵਾਲੇ ਇੱਕ ਨਾਬਾਲਗ਼ ਵਜੋਂ)
  • ਜੇਕਰ ਕੋਈ ਹਮਦਰਦੀ ਦੇ ਉਦੇਸ਼ ਨਾਲ ਆ ਰਿਹਾ ਹੈ, ਜਿਵੇਂ ਕਿ ਪਰਿਵਾਰ ਦੇ ਕਿਸੇ ਮੈਂਬਰ ਦੀ ਦੇਖਭਾਲ ਕਰਨ ਜੋ ਗੰਭੀਰ ਰੂਪ ਵਿੱਚ ਬਿਮਾਰ ਹੈ ਜਾਂ ਮਰ ਰਿਹਾ ਹੈ।

ਪੈਸਿਆਂ ਦਾ ਕੀ ਇੰਤਜ਼ਾਮ ਹੈ

ਇਸ ਵੀ ਦੇਖਿਆ ਜਾਵੇਗਾ ਕਿ, ਕੀ ਬਿਨੈਕਾਰ ਕੋਲ ਫੰਡਾਂ ਦਾ ਇੱਕ ਸਥਿਰ, ਨਿਯਮਿਤ ਸਰੋਤ ਹੈ ਜਿਵੇਂ ਕਿ ਰੁਜ਼ਗਾਰ, ਜੋ ਕੈਨੇਡਾ ਵਿੱਚ ਕਈ ਚੱਕਰ ਲਗਾਉਣ ਕਾਫੀ ਹੋਵੇ।

ਜੇਕਰ ਕੈਨੇਡਾ ਵਿੱਚ ਮੇਜ਼ਬਾਨ (ਪਰਿਵਾਰ ਜਾਂ ਦੋਸਤ) ਆਉਣ ਵਾਲੇ ਦੇ ਖਰਚਿਆਂ ਨੂੰ ਪੂਰਾ ਕਰੇਗਾ ਤਾਂ ਰਿਸ਼ਤੇਦਾਰੀ ਦਾ ਕੋਈ ਸਬੂਤ ਦੇਖਿਆ ਜਾਵੇਗਾ ਅਤੇ ਮੇਜ਼ਬਾਨ ਕੈਨੇਡਾ ਵਿੱਚ ਚੰਗੀ ਤਰ੍ਹਾਂ ਰਹਿ ਰਿਹਾ ਹੋਵੇ ਇਸ ਦੀ ਵੀ ਤਸਦੀਕ ਕੀਤੀ ਜਾਵੇਗੀ।

ਕੀ ਮੇਜ਼ਬਾਨ ਨੇ ਹੋਰ ਵੀ ਲੋਕਾਂ ਨੂੰ ਵੀ ਸੱਦਾ ਦਿੱਤਾ ਹੈ? ਕੀ ਉਨ੍ਹਾਂ ਕੋਲ ਸਾਰੇ ਸੱਦੇ ਗਏ ਵਿਅਕਤੀਆਂ ਨੂੰ ਕਈ ਲਈ ਲੋੜੀਂਦੇ ਸਰੋਤ ਹਨ?

ਇੱਕ ਵਾਰ ਦੀ ਕਾਨਫਰੰਸ ਜਾਂ ਕਾਰੋਬਾਰੀ ਮੀਟਿੰਗ ਲਈ ਜੋ ਆਉਣਾ ਚਾਹ ਰਿਹਾ ਹੈ, ਉਸ ਦੇ ਲਈ ਫੰਡ ਕੀ ਉਸ ਦਾ ਮਾਲਕ ਦੇਵੇਗਾ ਜਾਂ ਜੋ ਪ੍ਰਬੰਧ ਕਰ ਰਿਹਾ ਹੈ ਉਹ ਦੇ ਰਿਹਾ ਹੈ? ਕੀ ਰੁਜ਼ਗਾਰਦਾਤਾ ਨੇ ਇਸ ਤੱਥ ਦੀ ਤਸਦੀਕ ਕਰਨ ਵਾਲਾ ਕੋਈ ਪੱਤਰ ਸੌਂਪਿਆ ਹੈ?

ਮੈਡੀਕਲ ਜਾਣਕਾਰੀ ਬਾਰੇ ਕੀ ਦੱਸਿਆ ਗਿਆ

  • ਕੀ ਬਿਨੈਕਾਰ ਨੇ ਕੋਈ ਅਜਿਹੀ ਸਿਹਤ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ ਜੋ ਸਮੇਂ ਦੇ ਨਾਲ ਹੋਰ ਖ਼ਰਾਬ ਹੋ ਸਕਦੀ ਹੈ?
  • ਕੀ ਬਿਨੈਕਾਰ ਕਿਸੇ ਬਿਮਾਰੀ ਦੇ ਇਲਾਜ ਲਈ ਆ ਰਿਹਾ ਹੈ?
  • ਕੀ ਬਿਨੈਕਾਰ ਵੱਲੋਂ ਕੋਈ ਮਿਟੀਗੇਸ਼ਨ ਯੋਜਨਾ ਦਿੱਤੀ ਗਈ, ਜਾਵੇਂ ਸਿਹਤ ਬੀਮਾ? ਅਤੇ ਇਹ ਕਦੋਂ ਤੱਕ ਵੈਧ ਹੈ।

ਹੋਰ ਕਾਰਕ ਕਿਹੜੇ ਹਨ

  • ਕੀ ਬਿਨੈਕਾਰ ਨੇ ਆਪਣੇ ਮੂਲ ਦੇਸ਼ ਨਾਲ ਮਜ਼ਬੂਤ ਸਬੰਧਾਂ ਦਰਸਾਏ ਹਨ ਜਿਵੇਂ ਕਿ ਰੁਜ਼ਗਾਰ ਜਾਂ ਪਰਿਵਾਰਕ ਜ਼ਿੰਮੇਵਾਰੀਆਂ?
  • ਕੀ ਬਿਨੈਕਾਰ ਨੇ ਆਪਣੇ ਦੇਸ਼ ਤੋਂ ਬਾਹਰ ਯਾਤਰਾ ਕੀਤੀ ਹੈ? ਕੀ ਉਹ ਪਹਿਲਾਂ ਕੈਨੇਡਾ ਗਏ ਹਨ? ਜੇਕਰ ਅਜਿਹਾ ਹੈ, ਤਾਂ ਕੀ ਉਨ੍ਹਾਂ ਨੇ ਆਪਣੇ ਵੀਜ਼ੇ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕੀਤੀ ਹੈ?
  • ਕੀ ਬਿਨੈਕਾਰ ਨੂੰ ਪਹਿਲਾਂ ਕੈਨੇਡਾ ਜਾਂ ਕਿਸੇ ਹੋਰ ਦੇਸ਼ ਲਈ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਸੀ?

ਵੈਧਤਾ ਦੀ ਮਿਆਦ ਕਿਵੇਂ ਤੈਅ ਹੋਵੇਗੀ

ਮਲਟੀਪਲ-ਐਂਟਰੀ ਵੀਜ਼ਿਆਂ ਲਈ, ਅਧਿਕਾਰੀ ਵੱਧ ਤੋਂ ਵੱਧ (10 ਸਾਲ ਜਾਂ ਪਾਸਪੋਰਟ ਜਾਂ ਬਾਇਓਮੈਟ੍ਰਿਕਸ ਦੀ ਮਿਆਦ, ਜੋ ਵੀ ਪਹਿਲਾਂ ਆਵੇ) ਤੋਂ ਘੱਟ ਸਮੇਂ ਦੇ ਨਾਲ ਵੀਜ਼ਾ ਜਾਰੀ ਕਰਨ ਦਾ ਫ਼ੈਸਲਾ ਕਰ ਸਕਦੇ ਹਨ।

ਵਿਚਾਰਨਯੋਗ ਹੋਰ ਕੁਝ ਗੱਲਾਂ

  • ਇਸ ਵੀ ਵਿਚਾਰਿਆ ਜਾਵੇਗਾ ਕਿ ਕੈਨੇਡਾ ਆਉਣ ਲਈ ਕੋਈ ਥੋੜ੍ਹੇ ਸਮੇਂ ਦਾ ਉਦੇਸ਼ ਹੈ, ਉਦਾਹਰਨ ਲਈ, ਇੱਕ ਵਪਾਰਕ ਵਿਜ਼ਟਰ ਵਾਰੰਟੀ ਜਾਂ ਵਿਕਰੀ ਸਮਝੌਤੇ ਦੇ ਹਿੱਸੇ ਵਜੋਂ ਵਿਕਰੀ ਤੋਂ ਬਾਅਦ ਸਹਾਇਤਾ ਪ੍ਰਦਾਨ ਲਈ?
  • ਬਿਨੈਕਾਰ ਦੀ ਮੌਜੂਦਾ ਰਿਹਾਇਸ਼ ਵਾਲੇ ਦੇਸ਼ ਵਿੱਚ ਉਸ ਦੀ ਕੀ ਸਥਿਤੀ ਹੈ? ਕੀ ਸਮੇਂ ਦੇ ਨਾਲ ਉਨ੍ਹਾਂ ਦੇ ਆਪਣੇ ਦੇਸ਼ ਅਤੇ ਕੈਨੇਡਾ ਨਾਲ ਸਬੰਧ ਬਦਲ ਜਾਣਗੇ?
  • ਕੀ ਬਿਨੈਕਾਰ ਦੇ ਮੂਲ ਦੇਸ਼ ਵਿੱਚ ਆਰਥਿਕ ਜਾਂ ਰਾਜਨੀਤਿਕ ਹਾਲਾਤ ਅਸਥਿਰ ਹਨ?

ਪਹਿਲਾਂ ਕੀਤੇ ਬਦਲਾਅ

ਅਕਤੂਬਰ ਦੇ ਅਖ਼ੀਰਲੇ ਹਫ਼ਤੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਜੋ ਨੇ ਕੈਨੇਡਾ ਵਿੱਚ ਆਰਜ਼ੀ ਤੌਰ ʼਤੇ ਪਰਵਾਸੀ ਕਾਮਿਆਂ ਦੀ ਗਿਣਤੀ ਘੱਟ ਕਰਨ ਬਾਰੇ ਐਲਾਨ ਕੀਤਾ ਸੀ।

ਟਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ 2025 ਤੋਂ ਸ਼ੁਰੂ ਹੋਣ ਵਾਲੇ ਇਮੀਗ੍ਰੇਸ਼ਨ ਨੰਬਰਾਂ ਵਿੱਚ ਕਟੌਤੀ ਕਰੇਗੀ ਅਤੇ ਕੰਪਨੀਆਂ ਲਈ ਸਖ਼ਤ ਨਿਯਮਾਂ ਦਾ ਐਲਾਨ ਕਰੇਗੀ।

ਇਸ ਤੋਂ ਪਹਿਲਾਂ 19 ਸਤੰਬਰ ਨੂੰ ਕੈਨੇਡਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦਿਆਰਥੀ ਵੀਜ਼ੇ ਨੂੰ ਲੈ ਕੇ ਅਹਿਮ ਐਲਾਨ ਕੀਤਾ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਕੈਨੇਡਾ ਵੱਲੋਂ ਇਸ ਸਾਲ (2024) ਵਿੱਚ 35 ਫੀਸਦ ਘੱਟ ਕੌਮਾਂਤਰੀ ਵਿਦਿਆਰਥੀਆਂ ਨੂੰ ਪਰਮਿਟ ਦਿੱਤੇ ਹਨ ਅਤੇ ਅਗਲੇ ਸਾਲ ਇਸ ਵਿੱਚ 10 ਫੀਸਦ ਹੋਰ ਕਟੌਤੀ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਵਿਦੇਸ਼ੀ ਕਾਮਿਆਂ ਦੇ ਨਿਯਮਾਂ ਨੂੰ ਸਖ਼ਤ ਕਰਨ ਬਾਰੇ ਵੀ ਐਲਾਨ ਕੀਤਾ ਸੀ।

ਜੀਆਈਸੀ ਵਿੱਚ ਵਾਧਾ

ਸਟੱਡੀ ਵੀਜ਼ੇ ਉੱਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਤੋਂ ਉੱਥੇ ਰਹਿਣ ਲਈ ਜੋ ਲਾਗਤ ਲਈ ਜਾਂਦੀ ਹੈ, ਉਸ ਨੂੰ ਜੀਆਈਸੀ ਕਿਹਾ ਜਾਂਦਾ ਹੈ। ਜੀਆਈਸੀ ਸਬੰਧੀ ਨਵੇਂ ਨਿਯਮ 1 ਜਨਵਰੀ 2024 ਤੋਂ ਲਾਗੂ ਹੋ ਗਏ ਹਨ।

ਜੀਆਈਸੀ ਦੇ ਨਾਂ ਤਹਿਤ ਜਮ੍ਹਾ ਹੋਣ ਵਾਲੀ ਰਕਮ ਇਸ ਗੱਲ ਦਾ ਸਬੂਤ ਦੇਣ ਲਈ ਹੁੰਦੀ ਹੈ ਕਿ ਵਿਦਿਆਰਥੀ ਕੋਲ ਕੈਨੇਡਾ ਜਾ ਕੇ ਆਪਣੇ ਰਹਿਣ-ਸਹਿਣ ਦਾ ਖ਼ਰਚਾ ਕਰਨ ਲਈ ਲੋੜੀਂਦੀ ਰਕਮ ਹੈ।

ਇਸ ਵਿੱਚ ਟਿਊਸ਼ਨ ਫ਼ੀਸ ਸ਼ਾਮਲ ਹੁੰਦੀ ਹੈ, ਇਹ ਵਿਦਿਆਰਥੀਆਂ ਨੂੰ ਕਿਸ਼ਤਾਂ ਵਿੱਚ ਮੋੜੀ ਜਾਂਦੀ ਹੈ।

ਸਪਾਊਸ ਵੀਜ਼ਾ ਵਿੱਚ ਬਦਲਾਅ

ਇਸੇ ਤਰ੍ਹਾਂ ਕੈਨੇਡਾ ਨੇ ਕਿਹਾ ਹੈ ਕਿ ਉਹ ਹੁਣ ਸਿਰਫ਼ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ ਨੂੰ ਹੀ ਵੀਜ਼ਾ ਦੇਵੇਗਾ ਜਿਹੜੇ ਉੱਥੇ ਮਾਸਟਰਜ਼ ਜਾਂ ਡਾਕਟਰੇਟ ਪੱਧਰ ਦੀ ਪੜ੍ਹਾਈ ਕਰਨ ਜਾ ਰਹੇ ਹਨ।

ਹੇਠਲੇ ਪੱਧਰ ਦੇ ਕੋਰਸ ਕਰ ਰਹੇ ਵਿਦਿਆਰਥੀ ਸਪਾਊਸ ਵੀਜ਼ੇ ਉੱਪਰ ਆਪਣੇ ਪਤੀ ਜਾਂ ਪਤਨੀ ਨੂੰ ਕੈਨੇਡਾ ਨਹੀਂ ਬੁਲਾ ਸਕਣਗੇ। ਜਦਕਿ ਪਹਿਲਾਂ ਡਿਪਲੋਮਾ ਕੋਰਸ ਕਰਨ ਵਾਲੇ ਕੌਮਾਂਤਰੀ ਵਿਦਿਆਰਥੀ ਵੀ ਆਪਣੇ ਪਤੀ- ਪਤਨੀ ਨੂੰ ਆਪਣੇ ਕੋਲ ਬੁਲਾ ਸਕਦੇ ਸਨ।

ਸਪਾਊਸ ਵੀਜ਼ਾ ਇੱਕ ਤਰਾਂ ਦਾ ਡਿਪੈਂਡੇਂਟ ਵੀਜ਼ਾ ਹੈ। ਇਸ ਵੀਜ਼ੇ ਦਾ ਇਸਤੇਮਾਲ ਵਿਦੇਸ਼ਾਂ ਵਿੱਚ ਰਹਿੰਦੇ ਲੋਕ ਆਪਣੇ ਪਰਿਵਾਰ ਨੂੰ ਨਾਲ ਰੱਖਣ ਲਈ ਕਰਦੇ ਹਨ।

ਕੰਮ ਕਰਨ ਦੇ ਘੰਟਿਆਂ ਵਿੱਚ ਕਟੌਤੀ

ਇਸੇ ਸਾਲ ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਦੀ ਇਜ਼ਾਜਤ ਦਿੰਦੇ ਘੰਟਿਆਂ ਵਿੱਚ ਵੀ ਕਟੌਤੀ ਕੀਤੀ ਹੈ।

ਕੈਨੇਡਾ ਸਰਕਾਰ ਦੇ ਮੌਜੂਦਾ ਫ਼ੈਸਲੇ ਮੁਤਾਬਕ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟੇ ਤੱਕ ਕੰਮ ਕਰਨ ਦੀ ਇਜਾਜ਼ਤ ਹੈ।

ਸਰਕਾਰ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੌਮਾਂਤਰੀ ਵਿਦਿਆਰਥੀ ਮੁੱਖ ਤੌਰ 'ਤੇ ਆਪਣਾ ਧਿਆਨ ਪੜ੍ਹਾਈ 'ਤੇ ਕੇਂਦਰਿਤ ਕਰਨ ਅਤੇ ਲੋੜ ਪੈਣ ਉੱਤੇ ਹੀ ਕੰਮ ਕਰਨ ਦੇ ਬਦਲ ਉੱਤੇ ਜਾਣ।

ਯਾਦ ਰਹੇ ਕਿ ਕੈਨੇਡਾ ਸਰਕਾਰ ਨੇ ਪਹਿਲਾਂ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਦਿਨ ਦੇ 8 ਘੰਟੇ ਤੱਕ ਕੰਮ ਕਰਨ ਦੀ ਆਗਿਆ ਦੇ ਦਿੱਤੀ ਸੀ ਅਤੇ ਇਹ ਨਿਯਮ 31 ਦਸੰਬਰ 2023 ਤੱਕ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)