You’re viewing a text-only version of this website that uses less data. View the main version of the website including all images and videos.
ਈਰਾਨ ਦਾ ਇਜ਼ਰਾਈਲ ’ਤੇ ਹਮਲਾ: ਬੀਬੀਸੀ ਦੀ ਪੱਤਰਕਾਰ ਨੇ ਦੱਸਿਆ ਕਿਵੇਂ ਸਾਰੀ ਰਾਤ ਮਿਜ਼ਾਈਲਾਂ ਡਿੱਗੀਆਂ ਅਤੇ ਸਾਇਰਨ ਵੱਜਦੇ ਰਹੇ
- ਲੇਖਕ, ਐਲਿਸ ਕੁਡੀ
- ਰੋਲ, ਬੀਬੀਸੀ ਪੱਤਰਕਾਰ
ਸਥਾਨਕ ਸਮੇਂ ਮੁਤਾਬਕ ਤਕਰੀਬਨ 19:30 ਵਜੇ ਅਲਰਟ ਲਈ ਸਾਰਿਆਂ ਦੇ ਫ਼ੋਨਾਂ ਉੱਤੇ ਇੱਕ ਮੈਸੇਜ ਆਇਆ।
ਇਸ ਵਿੱਚ ਲਿਖਿਆ ਹੈ: "ਤੁਹਾਨੂੰ ਇੱਕ ਸੁਰੱਖਿਅਤ ਇਲਾਕੇ ਵਿੱਚ ਤੁਰੰਤ ਦਾਖਲ ਹੋਣਾ ਚਾਹੀਦਾ ਹੈ ਅਤੇ ਅਗਲੀ ਸੂਚਨਾ ਤੱਕ ਉੱਥੇ ਰਹਿਣਾ ਚਾਹੀਦਾ ਹੈ।"
ਇਹ ਸੰਦੇਸ਼ ਇਜ਼ਰਾਈਲ ਡਿਫੈਂਸ ਫੋਰਸਿਜ਼ ਦੀ ਹੋਮ ਫਰੰਟ ਕਮਾਂਡ ਨੇ ਭੇਜਿਆ ਸੀ ਅਤੇ ‘ਲਾਈਫ਼-ਸੇਵਿੰਗ ਇੰਸਟਰੰਕਸ਼ਨ’ ਯਾਨੀ ‘ਜ਼ਿੰਦਗੀ ਬਚਾਉਣ ਲਈ ਹਦਾਇਤਾਂ’ ਵਾਕਾਂਸ਼ ਨਾਲ ਖ਼ਤਮ ਹੋਇਆ ਸੀ।
ਈਰਾਨ ਤੋਂ ਇਜ਼ਰਾਈਲ ਵੱਲ ਮਿਜ਼ਾਈਲਾਂ ਦਾਗ਼ੀਆਂ ਜਾਣ ਕਾਰਨ ਲੋਕ ਸੇਫ਼ ਰੂਮਜ਼ (ਸੁਰੱਖਿਅਤ ਕਮਰਿਆਂ) ਵਿੱਚ ਪਨਾਹ ਲਈ ਜਾਣ ਲੱਗੇ।
ਦੇਸ਼ ਭਰ ਵਿੱਚ ਵੱਜਦੇ ਸਾਇਰਨਾਂ ਨੂੰ ਲੱਖਾਂ ਲੋਕਾਂ ਨੇ ਸੁਣਿਆ।
ਬੀਬੀਸੀ ਪੱਤਰਕਾਰ ਐਲਿਸ ਕੁਡੀ ਕਿਸੇ ਸੁਰੱਖਿਅਤ ਥਾਂ ਲਈ ਬੀਬੀਸੀ ਦੇ ਯੇਰੂਸ਼ਲਮ ਬਿਊਰੋ ਵਿੱਚ ਨੇ ਆਪਣੀ ਹੱਡਬੀਤੀ ਸੁਣਾਈ ਹੈ।
ਸੁਰੱਖਿਅਤ ਥਾਵਾਂ ਵੱਲ ਦੌੜ
ਜਿਵੇਂ ਹੀ ਬਾਹਰ ਅਲਾਰਮ ਦੀ ਆਵਾਜ਼ ਗੂੰਜੀ, ਅਸੀਂ ਬੀਬੀਸੀ ਦੇ ਯੇਰੂਸ਼ਲਮ ਬਿਊਰੋ ਵਿੱਚ ਸ਼ਰਨ ਲਈ ਚਲੇ ਗਏ, ਇਮਾਰਤ ਦਾ ਇੱਕ ਸੁਰੱਖਿਅਤ ਹਿੱਸਾ ਹੈ ਜਿਸ ਵਿੱਚ ਕੋਈ ਖਿੜਕੀ ਨਹੀਂ ਸੀ।
ਅਸੀਂ ਲਗਾਤਾਰ ਉੱਪਰ ਉੱਡਦੀਆਂ ਮਿਜ਼ਾਈਲਾਂ ਦੀ ਆਵਾਜ਼ ਸੁਣ ਸਕਦੇ ਸੀ ਜਿਨ੍ਹਾਂ ਨੂੰ ਇਜ਼ਰਾਈਲ ਦੇ ਡਿਫ਼ੈਂਸ ਸਿਸਟਮ ਵਲੋਂ ਰੋਕਿਆ ਜਾ ਰਿਹਾ ਸੀ।
ਇਥੇ ਅਤੇ ਕਈ ਹੋਰ ਥਾਵਾਂ ਉੱਤੇ ਕੈਪਚਰ ਹੋਈਆਂ ਵੀਡੀਓਜ਼ ਜੋ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਹਨ, ਵਿੱਚ ਅਸਮਾਨ ਵਿੱਚ ਰੌਸ਼ਨੀਆਂ ਦੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ ਜੋ ਅਸਲ ਵਿੱਚ ਉੱਡਦੀਆਂ ਮਿਜ਼ਾਈਲਾਂ ਹਨ।
ਇਨ੍ਹਾਂ ਰੌਸ਼ਨੀ ਦੀਆਂ ਲਾਈਨਾਂ ਤੋਂ ਬਾਅਦ ਧੂੰਏ ਦੇ ਬਦਲ ਨਜ਼ਰ ਆਉਂਦੇ ਆਏ, ਜੋ ਉਨ੍ਹਾਂ ਦੇ ਅਟੈਕ ਨੂੰ ਰੋਕਣ ’ਤੇ ਵਿਸਫ਼ੋਟ ਤੋਂ ਪੈਦਾ ਹੋਏ ਸਨ।
ਦੱਖਣੀ ਇਜ਼ਰਾਈਲ ਵਿੱਚ ਫਿਲਮਾਏ ਗਏ ਇੱਕ ਵੀਡੀਓ, ਜਿਸ ਵਿੱਚ ਰਾਤ ਨੂੰ ਅਸਮਾਨ ਵਿੱਚ ਰੌਸ਼ਨੀ ਦੇ ਲਗਾਤਾਰ ਬਣਦੇ ਚੱਕਰਾਂ ਨੂੰ ਦੇਖਿਆ ਗਿਆ, ਵਿੱਚ ਇੱਕ ਸੰਪਰਕ ਨੇ ਕਿਹਾ ਕਿ, “ਇੱਥੇ ਬਹੁਤ ਸਾਰੇ ਅਜਿਹੇ ਦ੍ਰਿਸ਼ ਦੇਖੇ ਗਏ ਸਨ।”
ਤਕਰੀਬਨ ਰਾਤ ਦਸ ਵਜੇ, ਆਈਡੀਐੱਫ਼ ਨੇ ਕਿਹਾ ਕਿ ਉਸ ਦੀ ਏਰੀਅਲ ਡਿਫੈਂਸ ਐਰੇ ਹੋਣ ਵਾਲੇ ਮਿਜ਼ਾਈਲ ਹਮਲਿਆਂ ਦੀ ਪਛਾਣ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਰੋਕ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ, “ਅਗਲੇ ਨੋਟਿਸ ਤੱਕ ਇੱਕ ਸੁਰੱਖਿਅਤ ਜਗ੍ਹਾ ਵਿੱਚ ਰਹੋ।"
ਮੈਸੇਜ ਵਿੱਚ ਅੱਗੇ ਕਿਹਾ ਗਿਆ, “ਜੋ ਧਮਾਕੇ ਤੁਸੀਂ ਸੁਣ ਰਹੇ ਹੋ, ਉਹ ਮਿਜ਼ਾਈਲਾਂ ਨੂੰ ਰੋਕਣ ਅਤੇ ਡਿੱਗ ਰਹੇ ਪ੍ਰੋਜੈਕਟਾਈਲਾਂ ਨਾਲ ਹੋ ਰਹੇ ਹਨ।"
ਇਜ਼ਰਾਈਲ ਵਿੱਚ ਹਾਰ ਪਾਸੇ ਚਿੰਤਾ
ਇਜ਼ਰਾਈਲ ਵਿੱਚ ਹਰ ਪਾਸੇ ਚਿੰਤਾ ਵਧੀ ਹੋਈ ਸੀ ਕਿਉਂਕਿ ਸ਼ਾਮ ਨੂੰ ਖਬਰਾਂ ਆਈਆਂ ਸਨ ਕਿ ਈਰਾਨ ਇੱਕ ਹਮਲੇ ਦੀ ਤਿਆਰੀ ਕਰ ਰਿਹਾ ਹੈ।
ਇਹ ਖ਼ਬਰਾਂ ਇਜ਼ਰਾਈਲੀ ਫ਼ੌਜਾਂ ਦੇ ਲੇਬਨਾਨ 'ਤੇ ਹਮਲਾ ਕਰਨ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਈਆਂ ਸਨ।
ਇਸ ਹਮਲੇ ਨੂੰ ਇਜ਼ਰਾਈਲੀ ਫ਼ੌਜ ਨੇ ਹਿਜ਼ਬੁੱਲ੍ਹਾ ਖ਼ਿਲਾਫ਼ "ਸੀਮਤ, ਸਥਾਨਕ ਅਤੇ ਨਿਸ਼ਾਨਾਕੁੰਨ" ਜ਼ਮੀਨੀ ਕਾਰਵਾਈ ਦੱਸਿਆ ਸੀ।
ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਕਿਹਾ ਕਿ ਉਸ ਨੇ ਹਾਲ ਹੀ ਦੇ ਹਮਲਿਆਂ ਦੇ ਬਦਲੇ ਵਜੋਂ ਮਿਜ਼ਾਈਲਾਂ ਚਲਾਈਆਂ ਹਨ ਜਿਸ ਵਿੱਚ ਹਿਜ਼ਬੁੱਲ੍ਹਾ ਅਤੇ ਹਮਾਸ ਦੇ ਆਗੂਆਂ ਦੇ ਨਾਲ-ਨਾਲ ਇੱਕ ਸੀਨੀਅਰ ਈਰਾਨੀ ਕਮਾਂਡਰ ਦੀ ਵੀ ਮੌਤ ਹੋ ਗਈ ਸੀ।
ਜਿਵੇਂ ਹੀ ਮਿਜ਼ਾਈਲਾਂ ਉੱਪਰੋਂ ਉੱਡਦੀਆਂ ਸਨ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਨੂੰ ਫ਼ੋਨ ਉੱਤੇ ਮੈਸੇਜ ਮਿਲਣ ਲੱਗਦੇ ਹਨ ਜਾਂ ਉਹ ਕਿਸੇ ਨੂੰ ਆਪਣੀ ਖ਼ਬਰ ਦੇਣ ਲਈ ਮੈਸੇਜ ਭੇਜ ਰਹੇ ਹੁੰਦੇ ਹਨ। ਉਹ ਸੇਫ਼ ਰੂਮਜ਼ ਵਿੱਚ ਹੀ ਹਨ।
ਇਜ਼ਰਾਈਲ ਦੇ ਦੱਖਣ ਵਿੱਚ ਦੋ ਬੱਚਿਆਂ ਦੀ ਮਾਂ ਨੇ ਮੈਨੂੰ ਵਾਇਸ ਨੋਟ ਭੇਜ ਕੇ ਦੱਸਿਆ, “ਹਰ ਵੇਲੇ ਬਹੁਤ ਸਾਰੇ ਅਲਾਰਮ ਵੱਜ ਰਹੇ ਹੁੰਦੇ ਹਨ। ਇਸ ਲਈ ਅਸੀਂ ਸੇਫ਼ ਰੂਮ ਵਿੱਚ ਹਾਂ…ਪਰ ਅਸੀਂ ਹੁਣ ਲਈ ਠੀਕ ਹਾਂ।”
ਤੇਲ ਅਵੀਵ ਦੇ ਨੇੜੇ ਰੁਕੇ ਇੱਕ ਪੱਤਰਕਾਰ ਦਾ ਮੈਸੇਜ ਆਇਆ, “ਇਹ ਸਭ ਬਹੁਤ, ਬਹੁਤ ਡਰਾਉਣਾ ਹੈ। ਮੈਂ ਅਜੇ ਵੀ ਵਿਸ਼ਵਾਸ ਨਹੀਂ ਕਰ ਪਾ ਰਿਹਾ ਕਿ ਇਹ ਸਾਡੀ ਜ਼ਿੰਦਗੀ ਹੈ...ਇਹ ਸਭ ਬਹੁਤ ਨੇੜੇ ਵਾਪਰ ਰਿਹਾ ਹੈ।”
"ਆਮ ਤੌਰ 'ਤੇ ਅਸੀਂ ਉੱਪਰ ਵਾਲੀ ਮੰਜ਼ਿਲ 'ਤੇ ਰਹਿੰਦੇ ਹਾਂ ਅਤੇ ਪਨਾਹ ਲਈ ਹੇਠਾਂ ਨਹੀਂ ਜਾਂਦੇ ਪਰ ਇਸ ਵਾਰ...ਸਾਨੂੰ ਅਹਿਸਾਸ ਹੋਇਆ ਕਿ ਸਾਨੂੰ ਹੇਠਾਂ ਜਾਣਾ ਪਵੇਗਾ।"
ਕੇਂਦਰੀ ਇਜ਼ਰਾਈਲ ਦੇ ਰਾਅਨਾਨਾ ਤੋਂ ਵਟਸਐਪ ਮੈਸੇਜ ਜ਼ਰੀਏ ਵਕੀਲ ਐਫਰਾਟ ਐਲਡਨ ਸ਼ੇਚਟਰ ਕਹਿੰਦੇ ਹਨ, “ਇਨ੍ਹਾਂ ਦੀ ਆਵਾਜ਼ ਬਹੁਤ ਉੱਚੀ ਸੀ।”
ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਮੰਨਦੇ ਹਨ ਕਿ “ਇਹ ਅੱਜ ਰਾਤ ਹੀ ਖ਼ਤਮ ਨਹੀਂ ਹੋਵੇਗਾ।”
“ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਅੱਗੇ ਕੀ ਕੁਝ ਹੋਵੇਗਾ। ਇਹ ਸੱਚਮੁੱਚ ਬਹੁਤ ਡਰਾਉਣਾ ਹੈ… ਪਰ ਅਸੀਂ ਮਜ਼ਬੂਤ ਹਾਂ ਅਤੇ ਭਰੋਸਾ ਰੱਖਦੇ ਹਾਂ ਕਿ ਸਾਡਾ ਆਈਡੀਐੱਫ਼ ਸਾਡੀ ਰੱਖਿਆ ਕਰੇਗਾ। ਈਰਾਨ ਨੇ ਬਹੁਤ ਵੱਡੀ ਗ਼ਲਤੀ ਕੀਤੀ ਹੈ।”
ਹਮਲਿਆਂ ਵਿੱਚ ਹੋਇਆ ਨੁਕਸਾਨ
ਪਹਿਲੇ ਮੈਸੇਜ ਤੋਂ ਤਕਰੀਬਨ ਇੱਕ ਘੰਟੇ ਬਾਅਦ, ਹੋਮ ਫਰੰਟ ਕਮਾਂਡ ਤੋਂ ਇੱਕ ਨਵੀਂ ਚੇਤਾਵਨੀ ਦੇ ਨਾਲ ਫੋਨ ਦੁਬਾਰਾ ਵਾਈਬ੍ਰੇਟ ਹੋਏ। ਹੁਣ ਲੋਕਾਂ ਨੂੰ ਕਿਹਾ ਗਿਆ ਕਿ ਉਹ ਸੇਫ਼ ਰੂਮਜ਼ ਤੇ ਸ਼ੈਲਟਰਜ਼ ਨੂੰ ਛੱਡ ਕੇ ਜਾ ਸਕਦੇ ਹਨ।
ਹਮਲਿਆਂ ਤੋਂ ਬਾਅਦ, ਆਈਡੀਐੱਫ਼ ਦੇ ਬੁਲਾਰੇ ਨੇ ਕਿਹਾ ਕਿ ਮੱਧ ਅਤੇ ਦੱਖਣੀ ਇਜ਼ਰਾਈਲ ਵਿੱਚ ਕੁਝ ਮਿਜ਼ਾਈਲਾਂ ਨਿਸ਼ਾਨੇ ’ਤੇ ਦਾਗ਼ੀਆਂ ਗਈਆਂ ਸਨ।
ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਵੀਡੀਓਜ਼ ਵਿੱਚ ਤੇਲ ਅਵੀਵ ਦੇ ਨੇੜੇ ਜ਼ਮੀਨ ਵਿੱਚ ਇੱਕ ਵੱਡੇ ਟੋਏ ਸਣੇ ਕਈ ਥਾਵਾਂ 'ਤੇ ਮਿਜ਼ਾਈਲਾਂ ਤੋਂ ਹੋਏ ਨੁਕਸਾਨ ਨੂੰ ਦਿਖਾਇਆ ਗਿਆ ਹੈ।
ਵੈਸਟ ਬੈਂਕ ਦੇ ਕਬਜ਼ੇ ਵਾਲੇ ਸ਼ਹਿਰ ਜੇਰੀਕੋ ਵਿੱਚ ਫਲਸਤੀਨੀ ਸਿਵਲ ਡਿਫੈਂਸ ਅਥਾਰਟੀ ਨੇ ਕਿਹਾ ਕਿ ਈਰਾਨੀ ਮਿਜ਼ਾਈਲੀ ਹਮਲੇ ਦੌਰਾਨ ਉੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ।
ਖ਼ਬਰ ਏਜੰਸੀ ਏਐੱਫ਼ਪੀ ਨੇ ਸ਼ਹਿਰ ਦੇ ਗਵਰਨਰ ਹੁਸੈਨ ਹਮਾਯੇਲ ਨਾਲ ਕੀਤੀ ਗਈ ਗੱਲ ਦੇ ਆਧਾਰ ਉੱਤੇ ਰਿਪੋਰਟ ਕੀਤਾ ਹੈ ਕਿ ਪੀੜਤ ਦੀ ਮੌਤ ਰਾਕੇਟ ਦਾ ਮਲਬਾ ਡਿੱਗਣ ਨਾਲ ਹੋਈ।
ਇਜ਼ਰਾਈਲੀ ਅਧਿਕਾਰੀਆਂ ਨੇ ਮੰਗਲਵਾਰ ਦੇ ਹਵਾਈ ਹਮਲਿਆਂ ਕਾਰਨ ਕਿਸੇ ਦੇ ਵੀ ਗੰਭੀਰ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਦਿੱਤੀ ਹੈ।
ਆਈਡੀਐਫ ਦੇ ਬੁਲਾਰੇ ਡੈਨੀਅਲ ਹੈਗਾਰੀ ਨੇ ਇੱਕ ਟੈਲੀਵਿਜ਼ਨ ਸੰਬੋਧਨ ਵਿੱਚ ਕਿਹਾ, “ਇਸ ਪੜਾਅ 'ਤੇ ਅਸੀਂ ਈਰਾਨ ਤੋਂ ਹੋਰ ਮਿਜ਼ਾਈਲਾਂ ਦਾਗ਼ੇ ਜਾਣ ਦੀ ਪਛਾਣ ਨਹੀਂ ਕਰ ਰਹੇ। ਜ਼ਿੰਮੇਵਾਰ ਰਹੋ ਅਤੇ ਨਿਰਦੇਸ਼ਾਂ ਨੂੰ ਸੁਣੋ।”
ਇਜ਼ਰਾਈਲ ਦਾ ਕਹਿਣਾ ਹੈ ਕਿ ਘੱਟੋ-ਘੱਟ 180 ਮਿਜ਼ਾਈਲਾਂ ਦਾਗ਼ੀਆਂ ਗਈਆਂ, ਜਿਨ੍ਹਾਂ 'ਚੋਂ ਜ਼ਿਆਦਾਤਰ ਨੂੰ ਰੋਕ ਦਿੱਤਾ ਗਿਆ।
ਇਸ ਨੇ ਕਿਹਾ ਹੈ ਕਿ ‘ਨਤੀਜੇ’ ਹੋਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ