ਈਰਾਨ ਦਾ ਇਜ਼ਰਾਈਲ ਉੱਤੇ ਮਿਜ਼ਾਇਲੀ ਹਮਲਾ: ਹੁਣ ਤੱਕ ਕੀ-ਕੀ ਪਤਾ ਹੈ, ਦੋਵਾਂ ਧਿਰਾਂ ਨੇ ਕੀ ਦਾਅਵੇ ਕੀਤੇ

    • ਲੇਖਕ, ਮੈਟ ਮਰਫ਼ੀ
    • ਰੋਲ, ਬੀਬੀਸੀ ਪੱਤਰਕਾਰ

ਈਰਾਨ ਨੇ ਇਜ਼ਰਾਈਲ ਉੱਤੇ ਮੰਗਲਵਾਰ ਨੂੰ ਕਈ ਮਿਜ਼ਾਇਲਾਂ ਦਾਗ਼ੀਆਂ ਹਨ।

ਇਜ਼ਰਾਈਲ ਵਿੱਚ ਹਵਾਈ ਹਮਲੇ ਦੇ ਸਾਇਰਨ ਸੁਣ ਰਹੇ ਸਨ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਜਾਣ ਲਈ ਕਿਹਾ ਗਿਆ ਸੀ। ਅਜੇ ਤੱਕ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਈਰਾਨ ਦੇ ਸਰਕਾਰੀ ਟੀਵੀ 'ਤੇ ਇੱਕ ਬਿਆਨ ਜਾਰੀ ਕਰਕੇ ਇਜ਼ਰਾਈਲ 'ਤੇ ਹਮਲੇ ਦੀ ਪੁਸ਼ਟੀ ਕੀਤੀ ਹੈ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਵੱਲ ਦਰਜਨਾਂ ਮਿਜ਼ਾਈਲਾਂ ਦਾਗ਼ੀਆਂ ਗਈਆਂ ਹਨ।

ਇਹ ਧਮਕੀ ਵੀ ਦਿੱਤੀ ਗਈ ਹੈ ਕਿ ਜੇਕਰ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ ਤਾਂ ਹੋਰ ਮਿਜ਼ਾਈਲਾਂ ਦਾਗ਼ੀਆਂ ਜਾਣਗੀਆਂ।

ਬਹੁਤ ਤਾਕਤਵਰ ਮੰਨੇ ਜਾਂਦੇ ਈਰਾਨੀ ਰੈਵੋਲਿਊਸ਼ਨਰੀ ਗਾਰਡਜ਼ ਨੇ ਕਿਹਾ ਹੈ ਕਿ ਇਹ ਹਮਲੇ ਹਮਾਸ ਦੇ ਆਗੂ ਇਸਮਾਈਲ ਹਾਨੀਆ, ਹਿਜ਼ਬੁੱਲ੍ਹਾ ਨੇਤਾ ਹਸਨ ਨਸਰੁੱਲ੍ਹਾ ਦੇ ਨਾਲ-ਨਾਲ ਲੇਬਨਾਨੀ ਅਤੇ ਫ਼ਲਸਤੀਨੀ ਲੋਕਾਂ ਦੀ ਮੌਤ ਦੇ ਜਵਾਬ 'ਚ ਕੀਤੇ ਗਏ ਹਨ।

ਇਜ਼ਰਾਈਲੀ ਫ਼ੌਜ ਨੇ ਵੀ ਮੰਨਿਆ ਹੈ ਕਿ ਈਰਾਨ ਨੇ ਇਜ਼ਰਾਈਲ ਵੱਲ ਮਿਜ਼ਾਈਲਾਂ ਦਾਗ਼ੀਆਂ ਹਨ।

ਇਸ ਤੋਂ ਪਹਿਲਾਂ ਅਮਰੀਕਾ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਈਰਾਨ ਵਲੋਂ ਮਿਜ਼ਾਈਲਾਂ ਦਾਗ਼ੀਆਂ ਜਾ ਸਕਦੀਆਂ ਹਨ।

ਬੀਤੇ ਦਿਨੀਂ ਇਜ਼ਰਾਈਲੀ ਫੌਜ ਨੇ ਲੇਬਨਾਨ ਦੇ ਆਗੂ ਹਸਨ ਨਸਰੱਲ੍ਹਾ ਨੂੰ ਵੀ ਮਾਰ ਦਿੱਤਾ ਸੀ।

ਇਜ਼ਰਾਈਲੀ ਫ਼ੌਜ ਨੇ ਲੇਬਨਾਨ ਉੱਤੇ ਹਮਲਾ ਕੀਤਾ ਹੈ ਜਿਸ ਨੂੰ ਉਹ ਹਿਜ਼ਬੁੱਲ੍ਹਾ ਦੇ ਖ਼ਿਲਾਫ਼ 'ਲਿਮਿਟਿਡ, ਲੋਕਲਾਇਜ਼ਡ, ਅਤੇ ਟਾਰਗੇਟਡ' ਗਰਾਉਂਡ ਅਪ੍ਰੇਸ਼ਨ ਕਹਿੰਦੀ ਹੈ।

ਕਿੰਨੇ ਵੱਡੇ ਪੱਧਰ ’ਤੇ ਹੋਇਆ ਹਮਲਾ?

ਇਜ਼ਰਾਈਲੀ ਫ਼ੌਜ ਮੁਤਾਬਕ ਈਰਾਨ ਨੇ ਕਰੀਬ 180 ਮਿਜ਼ਾਇਲਾਂ ਦਾਗ਼ੀਆਂ ਹਨ।

ਇਸ ਅਪ੍ਰੈਲ ਮਹੀਨੇ ਇਜ਼ਰਾਈਲ ਵੱਲ ਦਾਗ਼ੀਆਂ ਗਈਆਂ 110 ਬੈਲਿਸਟਿਕ ਮਿਜ਼ਾਈਲਾਂ ਅਤੇ 30 ਕਰੂਜ਼ ਮਿਜ਼ਾਈਲਾਂ ਦੇ ਹਮਲੇ ਦੇ ਮੁਕਾਬਲੇ ਇਹ ਵੱਡਾ ਅਟੈਕ ਹੈ।

ਇਜ਼ਰਾਈਲੀ ਟੈਲੀਵਿਜ਼ਨ ਉੱਤੇ ਪ੍ਰਕਾਸ਼ਿਤ ਫੁਟੇਜ ਵਿੱਚ ਸਥਾਨਕ ਸਮੇਂ ਮੁਤਾਬਕ 19:45 ਤੋਂ ਥੋੜ੍ਹੀ ਦੇਰ ਪਹਿਲਾਂ ਤੇਲ ਅਵੀਵ ਇਲਾਕੇ ਉੱਤੇ ਉੱਡਦੀਆਂ ਕੁਝ ਮਿਜ਼ਾਈਲਾਂ ਨਜ਼ਰ ਆਈਆਂ ਸਨ।

ਫੌਜੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹਮਲੇ ਦੌਰਾਨ ਕੁਝ ਮਿਜ਼ਾਇਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਪਰ ਨਾਲ ਹੀ ਦੇਸ਼ ਦੇ ਦੱਖਣ ਦੇ ਕੇਂਦਰ ਵਿੱਚ ਅਤੇ ਕੁਝ ਹੋਰ ਇਲਾਕਿਆਂ ਵਿੱਚ ਅਟੈਕ ਵੀ ਦਰਜ ਕੀਤੇ ਗਏ ਹਨ।

ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਰੋਪਸ (ਆਈਆਰਜੀਸੀ) ਨੇ ਕਿਹਾ ਕਿ ਉਸ ਦੇ ਦਸਤਿਆਂ ਨੇ ਪਹਿਲੀ ਵਾਰ ਹਾਈਪਰਸੋਨਿਕ ਮਿਜ਼ਾਈਲਾਂ ਦੀ ਵਰਤੋਂ ਕੀਤੀ ਅਤੇ ਦਾਅਵਾ ਕੀਤਾ ਕਿ 90 ਫ਼ੀਸਦੀ ਪ੍ਰੋਜੈਕਟਾਈਲ ਆਪਣੇ ਨਿਸ਼ਾਨਿਆਂ ਉੱਤੇ ਲੱਗੇ ਹਨ।

ਆਈਆਰਜੀਸੀ ਦੇ ਸੂਤਰਾਂ ਨੇ ਤਹਿਰਾਨ ਵਿੱਚ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਇਸ ਨੇ ਹਮਲੇ ਵਿੱਚ ਤਿੰਨ ਇਜ਼ਰਾਈਲੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਪਰ ਇਜ਼ਰਾਈਲੀ ਫ਼ੌਜ ਨੇ ਇਸ ਗੱਲ 'ਤੇ ਜ਼ੋਰ ਦਿੱਤੀ ਕਿ ਈਰਾਨ ਵੱਲੋਂ ਦਾਗ਼ੀਆਂ ਗਈਆਂ ਮਿਜ਼ਾਈਲਾਂ ਦੀ ‘ਵੱਡੀ ਗਿਣਤੀ’ ਨੂੰ ਰੋਕਿਆ ਗਿਆ ਸੀ।

ਤੇਲ ਅਵੀਵ ਦੇ ਉੱਪਰ ਅਸਮਾਨ ਉੱਤੇ ਨਜ਼ਰ ਆਉਣ ਵਾਲੀਆਂ ਬਿਜਲਈ ਲਿਸ਼ਕੋਰਾਂ ਹਵਾਈ ਰੱਖਿਆ ਨੂੰ ਦਰਸਾਉਂਦੀਆਂ ਹਨ।

ਈਰਾਨ ਨੇ ਇਜ਼ਰਾਈਲ 'ਤੇ ਹਮਲਾ ਕਿਉਂ ਕੀਤਾ?

ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਹਮਲੇ ਆਈਆਰਜੀਸੀ ਦੇ ਇੱਕ ਚੋਟੀ ਦੇ ਕਮਾਂਡਰ ਅਤੇ ਈਰਾਨ ਸਮਰਥਿਤ ਮਿਲੀਸ਼ੀਆ ਸਮੂਹਾਂ ਦੇ ਆਗੂਆਂ ਦੇ ਕਤਲਾਂ ਬਦਲੇ ਜਵਾਬੀ ਕਾਰਵਾਈ ਵਜੋਂ ਕੀਤੇ ਗਏ ਹਨ।

ਆਈਆਰਜੀਸੀ ਦੇ ਬਿਆਨ ਵਿੱਚ ਪਿਛਲੇ ਹਫ਼ਤੇ ਬੇਰੂਤ ਵਿੱਚ ਹਿਜ਼ਬੁੱਲ੍ਹਾ ਮੁਖੀ ਹਸਨ ਨਸਰੱਲ੍ਹਾ ਅਤੇ ਆਈਆਰਜੀਸੀ ਕਮਾਂਡਰ ਅੱਬਾਸ ਨੀਲਫੋਰਸ਼ਾਨ ਦੀ ਮੌਤ ਦਾ ਜ਼ਿਕਰ ਕੀਤਾ ਗਿਆ ਹੈ।

ਬਿਆਨ ਵਿੱਚ ਜੁਲਾਈ ਮਹੀਨੇ ਤਹਿਰਾਨ ਵਿੱਚ ਹਮਾਸ ਦੇ ਸਿਆਸੀ ਵਿੰਗ ਦੇ ਮੁਖੀ ਇਸਮਾਈਲ ਹਾਨੀਆ ਦੀ ਮੌਤ ਬਾਰੇ ਕਿਹਾ ਗਿਆ ਹੈ।

ਹਾਲਾਂਕਿ ਇਜ਼ਰਾਈਲ ਨੇ ਹਾਨੀਆ ਦੀ ਮੌਤ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਪਿੱਛੇ ਇਜ਼ਰਾਈਲ ਦਾ ਹੱਥ ਸੀ।

ਈਰਾਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਮਾਚਾਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਦੇਸ਼ ਦੇ ਸਰਵਉੱਚ ਆਗੂ ਆਯਾਤੁੱਲ੍ਹਾ ਅਲੀ ਖ਼ਾਮੇਨੇਈ ਨੇ ਖ਼ੁਦ ਇੰਨਾ ਹਮਲਿਆਂ ਦਾ ਹੁਕਮ ਦਿੱਤਾ ਸੀ।

ਦਰਅਸਲ, ਈਰਾਨ ਇਜ਼ਰਾਈਲ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ। ਇਜ਼ਰਾਈਲ ਈਰਾਨ ਦੀ ਫ਼ੌਜੀ ਨੀਤੀ ਦਾ ਕੇਂਦਰ ਬਣਿਆ ਹੋਇਆ ਹੈ।

ਦੂਜੇ ਪਾਸੇ ਇਜ਼ਰਾਈਲ ਈਰਾਨ ਨੂੰ ਆਪਣੀ ਹੋਂਦ ਲਈ ਖ਼ਤਰਾ ਮੰਨਦਾ ਹੈ ਅਤੇ ਸਾਲਾਂ ਤੋਂ ਇਸ ਵਿਰੁੱਧ ਗੁਪਤ ਮੁਹਿੰਮ ਚਲਾ ਰਿਹਾ ਹੈ।

ਕੀ ਆਇਰਨ ਡੋਮ ਨੇ ਮਿਜ਼ਾਈਲਾਂ ਨੂੰ ਰੋਕਿਆ?

ਇਜ਼ਰਾਈਲ ਕੋਲ ਹਵਾਈ ਰੱਖਿਆ ਲਈ ਇੱਕ ਵੱਡਾ ਸਿਸਟਮ ਹੈ। ਇਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਆਇਰਨ ਡੋਮ ਹੈ।

ਆਇਰਨ ਡੋਮ ਨੂੰ ਹਮਾਸ ਅਤੇ ਹਿਜ਼ਬੁੱਲ੍ਹਾ ਵੱਲੋਂ ਦਾਗ਼ੇ ਗਏ ਘੱਟ ਦੂਰੀ ਦੇ ਰਾਕੇਟਾਂ ਨੂੰ ਰੋਕਣ ਲਈ ਤਿਆਰ ਕੀਤਾ ਗਿਆ ਹੈ।

ਅਪ੍ਰੈਲ 'ਚ ਈਰਾਨ ਵੱਲੋਂ ਕੀਤੇ ਗਏ ਹਮਲੇ ਦੌਰਾਨ ਹਵਾਈ ਰੱਖਿਆ ਦੇ ਕੁਝ ਹਿੱਸਿਆਂ ਦੀ ਵਰਤੋਂ ਕੀਤੀ ਗਈ ਸੀ।

ਪਰ ਮੰਗਲਵਾਰ ਨੂੰ ਹੋਏ ਇਸ ਹਮਲੇ ਵਿੱਚ ਏਅਰ ਡਿਫ਼ੈਂਸ ਸਿਸਟਮ ਦੇ ਬਾਕੀ ਹਿੱਸੇ ਨੇ ਵੀ ਕੰਮ ਕੀਤਾ ਹੋਵੇਗਾ।

ਜਿਵੇਂ ਕਿ, "ਡੇਵਿਡਜ਼ ਸਲਿੰਗ, ਜਿਸ ਨੂੰ "ਜਾਦੂ ਦੀ ਛੜੀ" ਵੀ ਕਿਹਾ ਜਾਂਦਾ ਹੈ। ਇਹ ਇੱਕ ਅਮਰੀਕੀ-ਇਜ਼ਰਾਈਲੀ ਸਿਸਟਮ ਹੈ, ਜਿਸ ਦੀ ਵਰਤੋਂ ਮੱਧਮ ਤੋਂ ਲੰਬੀ ਰੇਂਜ ਦੇ ਰਾਕੇਟਾਂ ਦੇ ਨਾਲ-ਨਾਲ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਨੂੰ ਰੋਕਣ ਲਈ ਕੀਤੀ ਜਾਂਦੀ ਹੈ।

ਜਦੋਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਗੱਲ ਆਉਂਦੀ ਹੈ, ਜੋ ਧਰਤੀ ਦੇ ਵਾਯੂਮੰਡਲ ਤੋਂ ਬਾਹਰ ਉੱਡਦੀਆਂ ਹਨ, ਇਸ ਲਈ ਅਜਿਹੀ ਸਥਿਤੀ ਵਿੱਚ ਇਜ਼ਰਾਈਲ ਐਰੋ-2 ਅਤੇ ਐਰੋ-3 ਇੰਟਰਸੈਪਟਰਾਂ ਦੀ ਵਰਤੋਂ ਕਰਦਾ ਹੈ।

ਅਮਰੀਕਾ ਨੇ ਇਜ਼ਰਾਈਲ ਦੀ ਕੀਤੀ ਮਦਦ, ਰਾਸ਼ਟਰਪਤੀ ਬਾਇਡਨ ਨੇ ਕੀ ਕਿਹਾ?

ਹਮਲੇ ਦੇ ਚਲਦਿਆਂ ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਈਰਾਨ ਦੇ ਹਮਲਿਆਂ 'ਤੇ ਨਜ਼ਰ ਰੱਖ ਰਹੇ ਹਨ।

ਇੰਨਾਂ ਹਮਲਿਆਂ ਬਾਰੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਪ੍ਰਤੀਕਿਰਿਆ ਸਾਹਮਣੇ ਆਈ।

ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ, “ਅਮਰੀਕਾ ਪੂਰੀ ਤਰ੍ਹਾਂ ਇਜ਼ਰਾਈਲ ਦਾ ਸਮਰਥਨ ਕਰਦਾ ਹੈ।"

ਬਾਇਡਨ ਨੇ ਕਿਹਾ ਕਿ, “ਉਨ੍ਹਾਂ ਦੇ ਹੁਕਮਾਂ 'ਤੇ, ਅਮਰੀਕੀ ਫ਼ੌਜ ਨੇ ਹਮਲੇ ਦੌਰਾਨ ਸਰਗਰਮੀ ਨਾਲ ਇਜ਼ਰਾਈਲ ਦੀ ਸੁਰੱਖਿਆ ਵਿੱਚ ਮਦਦ ਕੀਤੀ ਹੈ।”

ਤਾਜ਼ਾ ਜਾਣਕਾਰੀ ਦੇ ਅਧਾਰ 'ਤੇ, ਉਨ੍ਹਾਂ ਨੇ ਕਿਹਾ ਕਿ ਹਮਲਾ ‘ਨਾਕਾਮ’ ਸਾਬਤ ਹੋਇਆ ਹੈ।

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਨੇ ਈਰਾਨੀ ਮਿਜ਼ਾਈਲਾਂ ਨੂੰ ਡੇਗਣ 'ਚ ਇਜ਼ਰਾਈਲ ਦੀ ਮਦਦ ਕੀਤੀ ਉਹ ਬਿਲਕੁਲ ਸਹੀ ਹੈ।

ਕਮਲਾ ਹੈਰਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਹਮਲੇ ਨੂੰ ਵਾਈਟ ਹਾਊਸ ਦੇ ਸਿਚੂਏਸ਼ਨ ਰੂਮ ਤੋਂ ਰੀਅਲ ਟਾਈਮ 'ਚ ਦੇਖਿਆ ਹੈ।

ਉਨ੍ਹਾਂ ਨੇ ਈਰਾਨ ਨੂੰ ਪੱਛਮ ਏਸ਼ੀਆ ਵਿੱਚ ‘ਅਸਥਿਰਤਾ ਫ਼ੈਲਾਉਣ ਵਾਲੀ ਤਾਕਤ" ਦੱਸਿਆ ਹੈ।

ਈਰਾਨ ਦੇ ਰਾਸ਼ਟਰਪਤੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕੀ ਕਿਹਾ?

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਯਾਨ ਨੇ ਈਰਾਨ ਦੇ ਹਮਲੇ ਦਾ ਬਚਾਅ ਕੀਤਾ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਚੇਤਾਵਨੀ ਵੀ ਦਿੱਤੀ।

ਪੇਜ਼ੇਸ਼ਕਯਾਨ ਨੇ ਟਵਿੱਟਰ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਈਰਾਨ ਨੇ ਜਾਇਜ਼ ਅਧਿਕਾਰਾਂ" ਦੇ ਨਾਲ "ਈਰਾਨ ਅਤੇ ਇਲਾਕੇ ਦੀ ਸ਼ਾਂਤੀ ਅਤੇ ਸੁਰੱਖਿਆ" ਲਈ "ਨਿਰਣਾਇਕ" ਜਵਾਬ ਦਿੱਤਾ ਹੈ, ਜੋ "ਈਰਾਨ ਦੇ ਹਿੱਤਾਂ ਅਤੇ ਨਾਗਰਿਕਾਂ ਦੀ ਸੁਰੱਖਿਆ” ਲਈ ਹੈ।

ਉਨ੍ਹਾਂ ਨੇ ਬੈਂਜਾਮਿਨ ਨੇਤਨਯਾਹੂ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ "ਇਰਾਨ ਜੰਗ ਦੇ ਹੱਕ ਵਿੱਚ ਨਹੀਂ ਹੈ ਪਰ ਕਿਸੇ ਵੀ ਖ਼ਤਰੇ ਦੇ ਖ਼ਿਲਾਫ਼ ਮਜ਼ਬੂਤੀ ਨਾਲ ਖੜੇਗਾ।"

ਇਜ਼ਰਾਈਲ ਨੂੰ ਚੇਤਾਵਨੀ ਦਿੰਦੇ ਹੋਏ, ਉਨ੍ਹਾਂ ਨੇ ਲਿਖਿਆ ਕਿ ਅੱਜ ਦਾ ਹਮਲਾ "ਇਰਾਨ ਦੀ ਸਮਰੱਥਾ ਦੀ ਇੱਕ ਝਲਕ" ਸੀ ਅਤੇ "ਇਰਾਨ ਨਾਲ ਟਕਰਾਅ ਵਿੱਚ ਸ਼ਾਮਲ ਨਾ ਹੋਣ"।

ਇਸ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਇੱਕ ਬਿਆਨ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ, ''ਈਰਾਨ ਨੇ ਅੱਜ ਰਾਤ ਵੱਡੀ ਗ਼ਲਤੀ ਕੀਤੀ ਹੈ ਅਤੇ ਇਸ ਦੀ ਕੀਮਤ ਚੁਕਾਉਣੀ ਪਵੇਗੀ।''

ਇਜ਼ਰਾਇਲੀ ਕੈਬਨਿਟ ਦੀ ਬੈਠਕ ਦੀ ਸ਼ੁਰੂਆਤ ਕਰਦੇ ਹੋਏ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਦ੍ਰਿੜ ਹੈ, ਈਰਾਨ ਇਹ ਨਹੀਂ ਸਮਝਦਾ ਹੈ।

ਨੇਤਨਯਾਹੂ ਨੇ ਅੱਗੇ ਕਿਹਾ, "ਹੁਣ ਉਹ ਇਸ ਨੂੰ ਸਮਝਣਗੇ।"

"ਅਸੀਂ ਆਪਣੇ ਬਣਾਏ ਨਿਯਮਾਂ 'ਤੇ ਕਾਇਮ ਰਹਾਂਗੇ: ਜੋ ਕੋਈ ਸਾਡੇ 'ਤੇ ਹਮਲਾ ਕਰੇਗਾ, ਅਸੀਂ ਉਸ ’ਤੇ ਹਮਲਾ ਕਰਾਂਗੇ।"

ਇਸ ਦੇ ਨਾਲ ਹੀ, ਇਜ਼ਰਾਈਲੀ ਫ਼ੌਜ ਦੇ ਬੁਲਾਰੇ ਡੈਨੀਅਲ ਹਾਗਰੀ ਦਾ ਕਹਿਣਾ ਹੈ ਕਿ ਇਜ਼ਰਾਈਲੀ ਹਵਾਈ ਸੈਨਾ ਅੱਜ ਰਾਤ ‘ਮੱਧ ਪੂਰਬ ਵਿੱਚ ਜ਼ੋਰਦਾਰ ਹਮਲੇ’ ਕਰੇਗੀ।

ਹਮਲੇ ਬਾਰੇ ਉਨ੍ਹਾਂ ਕਿਹਾ ਕਿ ਇਜ਼ਰਾਈਲ ਅਤੇ ਅਮਰੀਕਾ ਦੇ ਏਅਰ ਡਿਫ਼ੈਂਸ ਸਿਸਟਮ ਨੇ ਈਰਾਨ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਦਿੱਤਾ।

ਉਨ੍ਹਾਂ ਨੇ ਅੱਗੇ ਕਿਹਾ, "ਈਰਾਨ ਨੇ ਅੱਜ ਰਾਤ ਇੱਕ ਗੰਭੀਰ ਕਦਮ ਚੁੱਕਿਆ ਹੈ ਅਤੇ ਮੱਧ ਪੂਰਬ ਨੂੰ ਸੰਘਰਸ਼ ਵੱਲ ਧੱਕ ਰਿਹਾ ਹੈ।"

“ਅੱਜ ਰਾਤ ਦੀ ਘਟਨਾ ਦੇ ਨਤੀਜੇ ਸਾਹਮਣੇ ਆਉਣਗੇ।”

ਇਜ਼ਰਾਈਲ ’ਤੇ ਹਮਲੇ ਤੋਂ ਬਾਅਦ ਈਰਾਨ ਵਿੱਚ ਲੋਕਾਂ ਨੇ ਜਸ਼ਨ ਮਨਾਇਆ

ਇਜ਼ਰਾਈਲ 'ਤੇ ਈਰਾਨ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਲੋਕ ਈਰਾਨ ਦੀ ਰਾਜਧਾਨੀ ਤਹਿਰਾਨ ਦੀਆਂ ਸੜਕਾਂ 'ਤੇ ਜਸ਼ਨ ਮਨਾਉਂਦੇ ਦੇਖੇ ਗਏ ਹਨ।

ਕੁਝ ਲੋਕ ਬ੍ਰਿਟਿਸ਼ ਦੂਤਾਵਾਸ ਦੇ ਬਾਹਰ ਵੀ ਇਕੱਠੇ ਹੋਏ।

ਇੱਥੇ ਵੀ ਲੋਕਾਂ ਨੇ ਜਸ਼ਨ ਮਨਾਇਆ।

ਇਸ ਦੌਰਾਨ ਕਈ ਲੋਕਾਂ ਦੇ ਹੱਥਾਂ 'ਚ ਹਿਜ਼ਬੁੱਲ੍ਹਾ ਆਗੂ ਨਸਰੱਲ੍ਹਾ ਦੀ ਤਸਵੀਰ ਵੀ ਦੇਖੀ ਗਈ।

ਕੁਝ ਲੋਕਾਂ ਨੇ ਪਟਾਕੇ ਵੀ ਚਲਾਏ।

ਈਰਾਨ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਧੀਆਂ ਹਨ

ਈਰਾਨ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਧੀਆਂ ਹਨ। ਇਸ ਹਮਲੇ ਤੋਂ ਬਾਅਦ ਪੱਛਮ ਏਸ਼ੀਆ 'ਚ ਸੰਘਰਸ਼ ਹੋਰ ਵਧਣ ਦਾ ਡਰ ਵਧ ਗਿਆ ਹੈ।

ਜੇਕਰ ਅਜਿਹਾ ਹੁੰਦਾ ਹੈ ਤਾਂ ਤੇਲ ਦੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਬ੍ਰੈਂਟ ਕਰੂਡ ਤੇਲ ਦੀਆਂ ਕੀਮਤਾਂ ਲਈ ਅੰਤਰਰਾਸ਼ਟਰੀ ਬੈਂਚਮਾਰਕ ਹੈ।

ਇਹ ਇੱਕ ਫ਼ੀਸਦੀ ਤੋਂ ਵਧ ਕੇ 74.40 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ। ਮੰਗਲਵਾਰ ਨੂੰ ਵਪਾਰ ਦੌਰਾਨ ਇਹ ਪੰਜ ਫ਼ੀਸਦੀ ਤੋਂ ਵੱਧ ਵਧਿਆ।

ਯੂਐੱਸ ਐਨਰਜੀ ਇਨਫ਼ਰਮੇਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ, ਈਰਾਨ ਦੁਨੀਆ ਦਾ ਸੱਤਵਾਂ ਸਭ ਤੋਂ ਵੱਡਾ ਤੇਲ ਉਤਪਾਦਕ ਹੈ।

ਇਹ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਆਰਗੇਨਾਈਜ਼ੇਸ਼ਨ ਆਫ਼ ਆਇਲ ਇਕਸਪੋਰਟਿੰਗ ਕੰਟਰੀਜ਼ (ਓਪੇਕ) ਦਾ ਤੀਜਾ ਸਭ ਤੋਂ ਵੱਡਾ ਮੈਂਬਰ ਵੀ ਹੈ।

ਵਪਾਰੀਆਂ ਵਿੱਚ ਚਿੰਤਾ ਵਧ ਗਈ ਹੈ ਕਿ ਇਸ ਖੇਤਰ ਵਿੱਚ ਕਿਸੇ ਵੀ ਕਿਸਮ ਦਾ ਫੌਜੀ ਟਕਰਾਅ ਹੋਰਮੁਜ਼ ਜਲਡਮਰੂਮੱਧ ਰਾਹੀਂ ਹੋਣ ਵਾਲੇ ਵਪਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਹੋਰਮੁਜ਼ ਜਲਡਮਰੂਮੱਧ ਓਮਾਨ ਅਤੇ ਈਰਾਨ ਦੇ ਵਿਚਕਾਰ ਸਥਿਤ ਹੈ।

ਇਹ ਕੌਮਾਂਤਰੀ ਪੱਧਰ ਉੱਤੇ ਹੋਣ ਵਾਲੇ ਤੇਲ ਵਪਾਰ ਲਈ ਮਹੱਤਵਪੂਰਨ ਹੈ ਅਤੇ ਦੁਨੀਆ ਦੇ ਤੇਲ ਵਪਾਰ ਦਾ 20 ਫ਼ੀਸਦ ਇੱਥੋਂ ਹੁੰਦਾ ਹੈ।

ਓਪੇਕ ਦੇ ਹੋਰ ਮੈਂਬਰ ਦੇਸ਼ ਸਾਊਦੀ ਅਰਬ, ਯੂਏਈ, ਕੁਵੈਤ ਅਤੇ ਇਰਾਕ ਵੀ ਤੇਲ ਦੀ ਬਰਾਮਦ ਲਈ ਇਸ ਰਸਤੇ ਦੀ ਵਰਤੋਂ ਕਰਦੇ ਹਨ।

ਇਜ਼ਰਾਈਲ ਸਥਿਤ ਭਾਰਤੀ ਦੂਤਾਵਾਸ ਦੀ ਐਡਵਾਇਜ਼ਰੀ

ਇਜ਼ਰਾਈਲ ਸਥਿਤ ਭਾਰਤੀ ਦੂਤਾਵਾਸ ਨੇ ਉੱਥੇ ਰਹਿੰਦੇ ਭਾਰਤੀਆਂ ਨੂੰ ਸੁਚੇਤ ਰਹਿਣ ਅਤੇ ਸਥਾਨਕ ਅਧਿਕਾਰੀਆਂ ਵਲੋਂ ਸੁਝਾਏ ਗਏ ਸੁਰੱਖਿਆ ਪ੍ਰੋਟੋਕਾਲਾਂ ਦਾ ਪਾਲਣ ਕਰਨ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ।

ਇਸ ਤੋਂ ਇਲਾਵਾ ਕਿਸੇ ਐਮਰਜੈਂਸੀ ਹਾਲਾਤ ਸੰਪਰਕ ਨੰਬਰ ਵੀ ਜਾਰੀ ਕੀਤੇ ਗਏ ਹਨ।

ਹੈਲਪਲਾਈਨ ਨੰਬਰ: +972-547520711, +972-543278392

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)