ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਹਿਜ਼ਬੁੱਲ੍ਹਾ ਦੇ ਆਗੂ ਹਸਨ ਨਸਰੱਲ੍ਹਾ ਕੌਣ ਸਨ

ਇਜ਼ਰਾਇਲੀ ਡਿਫ਼ੈਂਸ ਫ਼ੋਰਸਿਜ਼ (ਆਈਡੀਐੱਫ਼) ਨੇ ਦਾਅਵਾ ਕੀਤਾ ਹੈ ਕਿ ਹਿਜ਼ਬੁੱਲ੍ਹਾ ਆਗੂ ਹਸਨ ਨਸਰੱਲ੍ਹਾ ਮਾਰੇ ਗਏ ਹਨ।

ਆਈਡੀਐੱਫ਼ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ ਉੱਤੇ ਇੱਕ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ,“ਹਸਨ ਨਸਰੱਲ੍ਹਾ ਹੁਣ ਦੁਨੀਆਂ ਨੂੰ ਦਹਿਸ਼ਤਜ਼ਦਾ ਨਹੀਂ ਕਰ ਸਕਣਗੇ।”

ਉੱਥੇ ਹੀ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਹੈ ਕਿ ਹਸਨ ਨਸਰੱਲ੍ਹਾ ਦੀ ਮੌਤ ਹੋ ਗਈ ਹੈ।

ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਐਕਸ 'ਤੇ ਲਿਖਿਆ, "ਇਜ਼ਰਾਈਲ ਡਿਫ਼ੈਂਸ ਫ਼ੋਸਸਿਜ਼ ਨੇ ਹਿਜ਼ਬੁੱਲ੍ਹਾ ਦੇ ਆਗੂ ਹਸਨ ਨਸਰੱਲ੍ਹਾ ਨੂੰ ਮਾਰ ਦਿੱਤਾ ਅਤੇ ਕੱਲ੍ਹ ਹਿਜ਼ਬੁੱਲ੍ਹਾ ਦੇ ਇੱਕ ਸੰਸਥਾਪਕ ਮੈਂਬਰ ਦੇ ਕਤਲ ਦੀ ਵੀ ਪੁਸ਼ਟੀ ਹੋ ਗਈ ਸੀ।''

ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਹਿਜ਼ਬੁੱਲ੍ਹਾ ਦੇ ਦੱਖਣੀ ਫ਼ਰੰਟ ਦੇ ਕਮਾਂਡਰ ਅਲੀ ਕਾਰਕੀ ਅਤੇ ਕਈ ਹੋਰ ਕਮਾਂਡਰ ਵੀ ਮਾਰੇ ਗਏ ਹਨ।

ਹਸਨ ਨਸਰੱਲ੍ਹਾ ਇੱਕ ਸ਼ੀਆ ਧਾਰਮਿਕ ਆਗੂ ਸਨ ਜੋ ਲੇਬਨਾਨ ਵਿੱਚ ਹਿਜ਼ਬੁੱਲ੍ਹਾ ਸਮੂਹ ਦੇ ਮੁਖੀ ਸਨ।

ਇਜ਼ਰਾਈਲ ਵੱਲੋਂ ਕਤਲ ਕੀਤੇ ਜਾਣ ਦੇ ਡਰ ਕਾਰਨ ਨਸਰੱਲ੍ਹਾ ਕਈ ਸਾਲਾਂ ਤੋਂ ਜਨਤਕ ਜੀਵਨ ਵਿੱਚ ਨਹੀਂ ਦੇਖੇ ਗਏ।

ਹਿਜ਼ਬੁੱਲ੍ਹਾ ਨੇ ਵੀ ਆਪਣੇ ਆਗੂ ਸ਼ੇਖ ਹਸਨ ਨਸਰੱਲ੍ਹਾ ਦੀ ਮੌਤ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।

ਕੌਣ ਹੈ ਹਿਜ਼ਬੁੱਲ੍ਹਾ ਦੇ ਆਗੂ ਹਸਨ ਨਸਰੱਲ੍ਹਾ?

ਲੇਬਨਾਨ ਦੇ ਅੱਤਵਾਦੀ ਸ਼ੀਆ ਇਸਲਾਮਿਸਟ ਹਿਜ਼ਬੁੱਲ੍ਹਾ ਅੰਦੋਲਨ ਦੇ ਆਗੂ ਸ਼ੇਖ ਹਸਨ ਨਸਰੱਲ੍ਹਾ ਮੱਧ ਪੂਰਬ ਵਿੱਚ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿੱਚੋਂ ਇੱਕ ਹਨ।

ਸ਼ੇਖ ਹਸਨ ਨਸਰੱਲ੍ਹਾ ਇੱਕ ਸ਼ੀਆ ਮੌਲਵੀ ਹਨ ਜਿਨ੍ਹਾਂ ਨੇ 1992 ਤੋਂ ਹਿਜ਼ਬੁੱਲ੍ਹਾ ਦੀ ਅਗਵਾਈ ਕੀਤੀ ਸੀ।

ਨਸਰੱਲ੍ਹਾ ਨੇ ਹਿਜ਼ਬੁੱਲ੍ਹਾ ਨੂੰ ਸਿਆਸੀ ਅਤੇ ਫੌਜੀ ਤਾਕਤ ਬਣਾਉਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਸੀ।

ਉਨ੍ਹਾਂ ਦੇ ਈਰਾਨ ਅਤੇ ਇਸ ਦੇ ਸੁਪਰੀਮ ਲੀਡਰ ਅਯਾਤੁੱਲ੍ਹਾ ਅਲੀ ਖਾਮਨੇਈ ਨਾਲ ਨਜ਼ਦੀਕੀ ਸਬੰਧ ਹਨ। ਇਸ ਦੇ ਬਾਵਜੂਦ ਹਿਜ਼ਬੁੱਲ੍ਹਾ ਨੂੰ ਅਮਰੀਕਾ ਨੇ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ।

ਹਾਲਾਂਕਿ, ਇਰਾਨ ਜਾਂ ਨਸਰੱਲ੍ਹਾ ਨੇ ਆਪਣੇ ਗਹਿਰੇ ਸਬੰਧਾਂ ਨੂੰ ਕਦੇ ਵੀ ਲੁਕਾਇਆ ਨਹੀਂ। ਹਸਨ ਦੇ ਜਿੰਨੇ ਉਤਸ਼ਾਹ ਭਰੇ ਸਮਰਥਕ ਹਨ ਉਨ੍ਹਾਂ ਦੇ ਉਨੇਂ ਹੀ ਦੁਸ਼ਮਨ ਵੀ ਹਨ।

ਇਸ ਕਾਰਨ ਉਹ ਸਾਲਾਂ ਤੋਂ ਇਜ਼ਰਾਈਲ ਹੱਥੋਂ ਮਾਰੇ ਜਾਣੇ ਦੇ ਖ਼ੌਫ਼ ਅਧੀਨ ਜਨਤਕ ਜ਼ਿੰਦਗੀ ਤੋਂ ਦੂਰ ਰਹੇ। ਪਰ ਇਸ ਕਾਰਨ ਹਸਨ ਦੇ ਸਮਰਥਕ ਉਨ੍ਹਾਂ ਦੇ ਭਾਸ਼ਣ ਸੁਣਨ ਤੋਂ ਵਾਂਝੇ ਰਹਿੰਦੇ ਰਹੇ। ਹਾਲਾਂਕਿ ਉਹ ਹਰ ਹਫ਼ਤੇ ਉਨ੍ਹਾਂ ਦਾ ਇੱਕ ਭਾਸ਼ਣ ਟੈਲੀਵਿਜ਼ਨ ਉੱਤੇ ਜ਼ਰੂਰ ਪ੍ਰਸਾਰਿਤ ਹੁੰਦਾ ਸੀ।

ਅਜਿਹੇ ਭਾਸ਼ਣ ਅਸਲ ਵਿੱਚ ਨਸਰੱਲ੍ਹਾ ਲਈ ਤਾਕਤ ਦੀ ਵਰਤੋਂ ਕਰਨ ਲਈ ਇੱਕ ਅਹਿਮ ਹਥਿਆਰ ਹਨ ਅਤੇ ਇਸ ਤਰ੍ਹਾਂ ਉਹ ਲੇਬਨਾਨ ਅਤੇ ਦੁਨੀਆਂ ਦੀਆਂ ਵੱਖ-ਵੱਖ ਸਮੱਸਿਆਵਾਂ 'ਤੇ ਟਿੱਪਣੀ ਕਰਦੇ ਹਨ।

ਇੰਨਾ ਹੀ ਨਹੀਂ ਆਪਣੇ ਭਾਸ਼ਣਾਂ ਜ਼ਰੀਏ ਉਹ ਆਪਣੇ ਵਿਰੋਧੀਆਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।

ਲੇਬਨਾਨ ਦੇ ਬਹੁਤ ਸਾਰੇ ਲੋਕ ਅਜੇ ਵੀ 2006 ਵਿੱਚ ਇਜ਼ਰਾਈਲ ਦੇ ਵਿਰੁੱਧ ਹਿਜ਼ਬੁੱਲ੍ਹਾ ਦੀ ਤਬਾਹੀਕੁੰਨ ਮਹੀਨਾ-ਲੰਬੀ ਜੰਗ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਨੂੰ ਡਰ ਸੀ ਕਿ ਇਹ ਸਮੂਹ ਦੇਸ਼ ਨੂੰ ਇੱਕ ਹੋਰ ਸੰਘਰਸ਼ ਵਿੱਚ ਧੱਕ ਸਕਦਾ ਹੈ।

ਨਸਰੱਲ੍ਹਾ ਦੀ ਅਗਵਾਈ ਅਧੀਨ ਹਿਜ਼ਬੁੱਲ੍ਹਾ ਦੇ ਉਦੇਸ਼ਾਂ ਵਿੱਚੋਂ ਇੱਕ ਇਜ਼ਰਾਈਲ ਨੂੰ ਖ਼ਤਮ ਕਰਨਾ ਸੀ, ਜੋ ਇਸ ਸਮੂਹ ਨੂੰ ਹਮਾਸ ਨਾਲੋਂ ਵਧੇਰੇ ਸ਼ਕਤੀਸ਼ਾਲੀ ਦੁਸ਼ਮਣ ਵਜੋਂ ਵੇਖਦਾ ਸੀ।

ਜ਼ਿਕਰਯੋਗ ਹੈ ਕਿ ਹਿਜ਼ਬੁੱਲ੍ਹਾ ਕੋਲ ਹਥਿਆਰਾਂ ਦਾ ਵੱਡਾ ਭੰਡਾਰ ਹੈ, ਜਿਸ ਵਿੱਚ ਮਿਜ਼ਾਈਲਾਂ ਵੀ ਸ਼ਾਮਲ ਹਨ ਜੋ ਇਜ਼ਰਾਈਲੀ ਖੇਤਰ 'ਤੇ ਲੰਬੀ ਰੇਂਜ 'ਤੇ ਹਮਲਾ ਕਰ ਸਕਦੀਆਂ ਹਨ। ਇਸ ਵਿੱਚ ਹਜ਼ਾਰਾਂ ਸਿਖਲਾਈ ਪ੍ਰਾਪਤ ਲੜਾਕੂ ਵੀ ਹਨ।

ਬਚਪਨ ਅਤੇ ਜਵਾਨੀ

1960 ਵਿੱਚ ਪੈਦਾ ਹੋਏ, ਹਸਨ ਨਸਰੱਲ੍ਹਾ ਬੇਰੂਤ ਦਾ ਬਚਪਨ ਪੂਰਬੀ ਬੋਰਜ ਹਾਮੂਦ ਇਲਾਕੇ ਵਿੱਚ ਬੀਤਿਆ। ਇਹ ਇੱਕ ਗਰੀਬ ਇਲਾਕਾ ਸੀ।

ਉੱਥੇ ਉਨ੍ਹਾਂ ਦੇ ਪਿਤਾ ਅਬਦੁਲ ਕਰੀਮ ਫ਼ਲਾਂ ਅਤੇ ਸਬਜ਼ੀਆਂ ਦੇ ਇੱਕ ਛੋਟੇ ਜਿਹੇ ਕਾਰੋਬਾਰੀ ਸਨ।

ਉਹ ਪਰਿਵਾਰ ਦੇ ਨੌਂ ਬੱਚਿਆਂ ਵਿੱਚੋਂ ਸਭ ਤੋਂ ਵੱਡੇ ਸਨ। ਹਸਨ ਨਸਰੱਲਾ ਹਾਲੇ ਪੰਜ ਸਾਲੇ ਦੇ ਹੀ ਸਨ ਜਦੋਂ ਲੇਬਨਾਨ ਵਿੱਚ ਘਰੇਲੂ ਯੁੱਧ ਸ਼ੁਰੂ ਹੋ ਗਿਆ ਸੀ।

ਇਹ ਇੱਕ ਤਬਾਹੀਕੁੰਨ ਜੰਗ ਸੀ ਜਿਸ ਨੇ ਇਸ ਛੋਟੇ ਜਿਹੇ ਮੱਧਸਾਗਰੀ ਦੇਸ਼ ਨੂੰ ਪੰਦਰਾਂ ਸਾਲਾਂ ਤੱਕ ਆਪਣੀ ਲਪੇਟ ਵਿੱਚ ਰੱਖਿਆ, ਜਿਸ ਦੌਰਾਨ ਲੇਬਨਾਨ ਦੇ ਨਾਗਰਿਕ ਧਰਮ ਅਤੇ ਨਸਲ ਦੇ ਅਧਾਰ 'ਤੇ ਇੱਕ ਦੂਜੇ ਨਾਲ ਲੜੇ।

ਇਸ ਸਮੇਂ ਦੌਰਾਨ ਈਸਾਈ ਅਤੇ ਸੁੰਨੀ ਮਿਲੀਸ਼ੀਆ ਸਮੂਹਾਂ 'ਤੇ ਵਿਦੇਸ਼ਾਂ ਤੋਂ ਮਦਦ ਲੈਣ ਦੇ ਇਲਜ਼ਾਮ ਲੱਗੇ।

ਜੰਗ ਦੀ ਸ਼ੁਰੂਆਤ ਦੇ ਕਾਰਨ, ਹਸਨ ਨਸਰੱਲਾ ਦੇ ਪਿਤਾ ਨੇ ਬੇਰੂਤ ਛੱਡਣ ਅਤੇ ਦੱਖਣੀ ਲੇਬਨਾਨ ਵਿੱਚ ਆਪਣੇ ਜੱਦੀ ਪਿੰਡ ਵਾਪਸ ਜਾਣ ਦਾ ਫ਼ੈਸਲਾ ਕੀਤਾ ਜਿੱਥੇ ਸ਼ੀਆ ਬਹੁਗਿਣਤੀ ਵਿੱਚ ਸਨ।

ਪੰਦਰਾਂ ਸਾਲ ਦੀ ਉਮਰ ਵਿੱਚ, ਹਸਨ ਨਸਰੱਲ੍ਹਾ ਉਸ ਸਮੇਂ ਦੇ ਸਭ ਤੋਂ ਅਹਿਮ ਲੇਬਨਾਨੀ ਸ਼ੀਆ ਸਿਆਸੀ-ਫੌਜੀ ਸਮੂਹ, ਅਮਲ ਅੰਦੋਲਨ ਦੇ ਮੈਂਬਰ ਬਣ ਗਏ।

ਇਹ ਇੱਕ ਪ੍ਰਭਾਵਸ਼ਾਲੀ ਅਤੇ ਸਰਗਰਮ ਸਮੂਹ ਸੀ ਜਿਸਦੀ ਨੀਂਹ ਈਰਾਨੀ ਮੂਸਾ ਸਦਰ ਨੇ ਰੱਖੀ ਸੀ।

ਇਸ ਸਮੇਂ ਦੌਰਾਨ ਨਸਰੱਲ੍ਹਾ ਨੇ ਆਪਣੀ ਧਾਰਮਿਕ ਸਿੱਖਿਆ ਵੀ ਸ਼ੁਰੂ ਕੀਤੀ।

ਨਸਰੱਲ੍ਹਾ ਦੇ ਸਿਖਅਕਾਂ ਵਿੱਚੋਂ ਇੱਕ ਨੇ ਉਨ੍ਹਾਂ ਨੂੰ ਰਾਇ ਦਿੱਤੀ ਕਿ ਉਹ ਸ਼ੇਖ ਬਣਨ ਦਾ ਰਾਹ ਚੁਣਨ ਅਤੇ ਨਜਫ਼ ਜਾਣ।

ਹਸਨ ਨਸਰੱਲ੍ਹਾ ਇਸ ਸਲਾਹ ਦੀ ਰਾਹ ਉੱਤੇ ਚੱਲ ਪਏ ਅਤੇ ਸੋਲਾਂ ਸਾਲ ਦੀ ਉਮਰ ਵਿੱਚ ਇਰਾਕੀ ਸ਼ਹਿਰ ਨਜਫ਼ ਚਲੇ ਗਏ।

ਲੇਬਨਾਨ ਵਾਪਸੀ ਅਤੇ ਹਥਿਆਰਬੰਦ ਸੰਘਰਸ਼

ਹਸਨ ਨਸਰੱਲ੍ਹਾ ਦੀ ਨਜਫ਼ ਵਿੱਚ ਮੌਜੂਦਗੀ ਦੇ ਦੌਰਾਨ, ਇਰਾਕ ਇੱਕ ਅਸਥਿਰ ਦੇਸ਼ ਸੀ, ਜਿਸ ਵਿੱਚ ਦੋ ਦਹਾਕਿਆਂ ਦੀ ਲਗਾਤਾਰ ਕ੍ਰਾਂਤੀ, ਖੂਨੀ ਬਗ਼ਵਤ ਅਤੇ ਸਿਆਸੀ ਕਤਲਾਂ ਦਾ ਸਿਲਸਿਲਾ ਚੱਲ ਰਿਹਾ ਸੀ।

ਇਸ ਸਮੇਂ ਦੌਰਾਨ ਇਰਾਕ ਦੇ ਤਤਕਾਲੀ ਉਪ ਰਾਸ਼ਟਰਪਤੀ ਸੱਦਾਮ ਹੁਸੈਨ ਨੇ ਕਾਫ਼ੀ ਦਬਦਬਾ ਹਾਸਲ ਕਰ ਲਿਆ ਸੀ।

ਹਸਨ ਨਸਰੱਲ੍ਹਾ ਦੇ ਨਜਫ਼ ਵਿੱਚ ਮਹਿਜ਼ ਦੋ ਸਾਲ ਰਹਿਣ ਤੋਂ ਬਾਅਦ ਬਾਥ ਪਾਰਟੀ ਦੇ ਆਗੂਆਂ ਅਤੇ ਖ਼ਾਸ ਕਰਕੇ ਸੱਦਾਮ ਹੁਸੈਨ ਦੇ ਫੈਸਲਿਆਂ ਵਿਚੋਂ ਇੱਕ ਇਹ ਸੀ ਕਿ ਇਰਾਕੀ ਮਦਰੱਸਿਆਂ ਵਿਚੋਂ ਸਾਰੇ ਲੇਬਨਾਨੀ ਸ਼ੀਆ ਵਿਦਿਆਰਥੀਆਂ ਨੂੰ ਬਾਹਰ ਕੱਢ ਦਿੱਤਾ ਜਾਵੇ।

ਹਸਨ ਨਸਰੱਲ੍ਹਾ ਨੇ ਦੇਸ਼ ਛੱਡਣ ਤੋਂ ਪਹਿਲਾਂ ਸਿਰਫ ਦੋ ਸਾਲ ਨਜਫ਼ ਵਿੱਚ ਪੜ੍ਹਾਈ ਕੀਤੀ ਸੀ, ਪਰ ਨਜਫ਼ ਵਿੱਚ ਉਨ੍ਹਾਂ ਵਿੱਚ ਬਿਤਾਏ ਇਸ ਸਮੇਂ ਦਾ ਉਨ੍ਹਾਂ ਦੀ ਜ਼ਿੰਦਗੀ ਉੱਤੇ ਡੂੰਘਾ ਅਸਰ ਪਿਆ।

ਉਹ ਨਜਫ਼ ਵਿੱਚ ਅੱਬਾਸ ਮੌਸਾਵੀ ਨਾਂ ਦੇ ਇੱਕ ਹੋਰ ਵਿਦਵਾਨ ਨੂੰ ਵੀ ਮਿਲੇ। ਮੌਸਾਵੀ ਕਦੇ ਲੇਬਨਾਨ ਵਿੱਚ ਮੂਸਾ ਸਦਰ ਦੇ ਚੇਲਿਆਂ ਵਿੱਚ ਗਿਣੇ ਜਾਂਦੇ ਸਨ।

ਉਹ ਈਰਾਨ ਦੇ ਕ੍ਰਾਂਤੀਕਾਰੀ ਆਗੂ ਆਯਾਤੁੱਲ੍ਹਾ ਖ਼ੂਮੈਨੀ ਦੀ ਸਿਆਸੀ ਸਮਝ ਤੋਂ ਬਹੁਤ ਪ੍ਰਭਾਵਿਤ ਸਨ।

ਉਹ ਨਸਰੱਲ੍ਹਾ ਨਾਲੋਂ ਅੱਠ ਸਾਲ ਵੱਡੇ ਸਨ ਅਤੇ ਉਨ੍ਹਾਂ ਨੇ ਬਹੁਤ ਜਲਦੀ ਇਸ ਸਖ਼ਤ ਅਧਿਆਪਕ ਅਤੇ ਪ੍ਰਭਾਵਸ਼ਾਲੀ ਆਗੂ ਦੀ ਭੂਮਿਕਾ ਨੂੰ ਕਬੂਲ ਲਿਆ।

ਲੇਬਨਾਨ ਪਰਤਣ ਤੋਂ ਬਾਅਦ, ਦੋਵੇਂ ਸਥਾਨਕ ਘਰੇਲੂ ਯੁੱਧ ਵਿੱਚਚ ਸ਼ਾਮਲ ਹੋ ਗਏ।

ਪਰ ਇਸ ਵਾਰ ਨਸਰੱਲ੍ਹਾ ਅੱਬਾਸ ਮੌਸਾਵੀ ਦੇ ਜੱਦੀ ਸ਼ਹਿਰ ਗਏ ਜਿੱਥੇ ਜ਼ਿਆਦਾਤਰ ਆਬਾਦੀ ਸ਼ੀਆ ਸੀ।

ਉਸ ਸਮੇਂ ਦੌਰਾਨ, ਨਸਰੱਲ੍ਹਾ ਅਮਲ ਲਹਿਰ ਦੇ ਮੈਂਬਰ ਸਨ ਅਤੇ ਅੱਬਾਸ ਮੌਸਾਵੀ ਦੁਆਰਾ ਬਣਾਏ ਗਏ ਮਦਰੱਸੇ ਵਿੱਚ ਸਿੱਖਿਆ ਵੀ ਲੈ ਰਹੇ ਸਨ।

ਈਰਾਨੀ ਕ੍ਰਾਂਤੀ ਅਤੇ ਹਿਜ਼ਬੁੱਲ੍ਹਾ ਦੀ ਸਥਾਪਨਾ

ਹਸਨ ਨਸਰੱਲ੍ਹਾ ਦੀ ਲੇਬਨਾਨ ਵਾਪਸੀ ਦੇ ਇੱਕ ਸਾਲ ਬਾਅਦ, ਈਰਾਨ ਵਿੱਚ ਕ੍ਰਾਂਤੀ ਆਈ ਅਤੇ ਰੂਹਓਲ੍ਹਾ ਖ਼ੂਮੈਨੀ ਨੇ ਸੱਤਾ ’ਤੇ ਕਬਜ਼ਾ ਕਰ ਲਿਆ।

ਇੱਥੋਂ ਨਾ ਸਿਰਫ ਇਰਾਨ ਨਾਲ ਲੇਬਨਾਨ ਦੇ ਸ਼ੀਆ ਭਾਈਚਾਰੇ ਦੇ ਰਿਸ਼ਤੇ ਪੂਰੀ ਤਰ੍ਹਾਂ ਬਦਲੇ, ਬਲਕਿ, ਉਨ੍ਹਾਂ ਦਾ ਸਿਆਸੀ ਜੀਵਨ ਅਤੇ ਹਥਿਆਰਬੰਦ ਸੰਘਰਸ਼ ਵੀ ਈਰਾਨ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਦ੍ਰਿਸ਼ਟੀਕੋਣ ਤੋਂ ਬਹੁਤ ਪ੍ਰਭਾਵਿਤ ਸੀ।

ਹਸਨ ਨਸਰੱਲ੍ਹਾ ਨੇ ਬਾਅਦ ਵਿੱਚ ਤਹਿਰਾਨ ਵਿੱਚ ਈਰਾਨ ਦੇ ਤਤਕਾਲੀ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਖ਼ੂਮੈਨੀ ਨੇ ਉਨ੍ਹਾਂ ਨੂੰ ਲੇਬਨਾਨ ਵਿੱਚ ਆਪਣਾ ਪ੍ਰਤੀਨਿਧੀ ਬਣਾਇਆ।

ਇੱਥੋਂ ਹੀ ਹਸਨ ਨਸਰੱਲ੍ਹਾ ਦੇ ਈਰਾਨ ਦੇ ਦੌਰੇ ਸ਼ੁਰੂ ਹੋਏ ਅਤੇ ਇਰਾਨ ਦੀ ਸਰਕਾਰ ਦੇ ਨਿਰਣਾਇਕ ਅਤੇ ਸ਼ਕਤੀਸ਼ਾਲੀ ਕੇਂਦਰਾਂ ਨਾਲ ਉਨ੍ਹਾਂ ਦੇ ਸਬੰਧ ਸਥਾਪਿਤ ਹੋ ਗਏ।

ਈਰਾਨ ਲੇਬਨਾਨ ਦੇ ਸ਼ੀਆ ਭਾਈਚਾਰੇ ਨਾਲ ਸਬੰਧਾਂ ਨੂੰ ਬਹੁਤ ਅਹਿਮੀਅਤ ਦਿੰਦਾ ਰਿਹਾ ਹੈ।

ਇਸ ਸਮੇਂ ਦੌਰਾਨ, ਘਰੇਲੂ ਜੰਗ ਵਿੱਚ ਉਲਝਿਆ ਲੇਬਨਾਨ, ਫ਼ਿਲਸਤੀਨੀ ਲੜਾਕਿਆਂ ਦਾ ਇੱਕ ਅਹਿਮ ਅੱਡਾ ਬਣ ਗਿਆ।

ਲੇਬਨਾਨ ਵਿੱਚ ਵਧਦੀ ਅਸਥਿਰਤਾ ਦੇ ਵਿੱਚ, ਇਜ਼ਰਾਈਲ ਨੇ ਲੇਬਨਾਨ ਉੱਤੇ ਹਮਲਾ ਕੀਤਾ ਅਤੇ ਜਲਦੀ ਹੀ ਇਸ ਦੇਸ਼ ਦੇ ਮਹੱਤਵਪੂਰਨ ਕੇਂਦਰਾਂ ਉੱਤੇ ਕਬਜ਼ਾ ਕਰ ਲਿਆ।

ਇਹ ਅੰਦੋਲਨ ਹਿਜ਼ਬੁੱਲ੍ਹਾ ਸੀ ਅਤੇ ਹਸਨ ਨਸਰੱਲ੍ਹਾ ਅਤੇ ਅੱਬਾਸ ਮੌਸਾਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ ਜੋ ਅਮਲ ਲਹਿਰ ਦੇ ਕੁਝ ਹੋਰ ਮੈਂਬਰਾਂ ਦੇ ਨਾਲ ਇਸ ਨਵੇਂ ਬਣੇ ਸਮੂਹ ਵਿੱਚ ਸ਼ਾਮਲ ਹੋ ਗਏ ਸਨ।

ਇਸ ਸਮੂਹ ਨੇ ਲੇਬਨਾਨ ਵਿੱਚ ਅਮਰੀਕੀ ਫ਼ੌਜ ਵਿਰੁੱਧ ਹਥਿਆਰਬੰਦ ਕਾਰਵਾਈਆਂ ਕਰਕੇ ਇਲਾਕੀ ਦੀ ਸਿਆਸਤ ਵਿੱਚ ਤੇਜ਼ੀ ਨਾਲ ਆਪਣਾ ਨਾਮ ਬਣਾਇਆ।

ਜਦੋਂ ਹਸਨ ਨਸਰੱਲ੍ਹਾ ਹਿਜ਼ਬੁੱਲ੍ਹਾ ਵਿੱਚ ਸ਼ਾਮਲ ਹੋਏ ਸਨ ਉਸ ਸਮੇਂ ਉਹ ਮਹਿਜ਼ 22 ਸਾਲਾਂ ਦੇ ਸਨ ਅਤੇ ਉਨ੍ਹਾਂ ਨੂੰ ਇੱਕ ਨੌਸਿੱਖਾ ਮੰਨਿਆ ਜਾਂਦਾ ਸੀ।

ਤੇ ਕਰੀਬ 10 ਸਾਲ ਬਾਅਦ 1992 ਵਿੱਚ ਇਸ ਸਮੂਹ ਦੀ ਵਾਗਡੋਰ ਹਸਨ ਨਸਰੱਲ੍ਹਾ ਦੇ ਹੱਥਾਂ ਵਿੱਚ ਆ ਗਈ। ਉਸ ਸਮੇਂ ਉਨ੍ਹਾਂ ਦੀ ਉਮਰ 32 ਸਾਲ ਸੀ

ਉਸ ਸਮੇਂ, ਲੇਬਨਾਨ ਦੀ ਘਰੇਲੂ ਜੰਗ ਖ਼ਤਮ ਹੋਈ ਨੂੰ ਇੱਕ ਸਾਲ ਹੋ ਚੁੱਕਾ ਸੀ ਤੇ ਨਸਰੱਲ੍ਹਾ ਨੇ ਹਿਜ਼ਬੁੱਲ੍ਹਾ ਦੇ ਸਿਆਸੀ ਵਿੰਗ ਨੂੰ ਆਪਣੇ ਫੌਜੀ ਵਿੰਗ ਦੇ ਨਾਲ-ਨਾਲ ਦੇਸ਼ ਵਿੱਚ ਇੱਕ ਗੰਭੀਰ ਥਾਂ ਦਿਵਾਉਣ ਦਾ ਫੈਸਲਾ ਕੀਤਾ ਸੀ।

ਇਸ ਰਣਨੀਤੀ 'ਤੇ ਚੱਲਦੇ ਹੋਏ ਹਿਜ਼ਬੁੱਲ੍ਹਾ ਲੇਬਨਾਨ ਦੀ ਸੰਸਦ 'ਚ ਅੱਠ ਸੀਟਾਂ ਜਿੱਤਣ 'ਚ ਸਫ਼ਲ ਰਿਹਾ।

ਤਾਈਫ਼ ਸਮਝੌਤੇ ਦੇ ਤਹਿਤ, ਜਦੋਂ ਲੇਬਨਾਨੀ ਘਰੇਲੂ ਜੰਗ ਨੂੰ ਖ਼ਤਮ ਕੀਤਾ ਗਿਆ ਉਸ ਸਮੇਂ ਹਿਜ਼ਬੁੱਲ੍ਹਾ ਨੂੰ ਆਪਣੇ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ।

ਉਸ ਸਮੇਂ ਇਜ਼ਰਾਈਲ ਨੇ ਦੱਖਣੀ ਲੇਬਨਾਨ 'ਤੇ ਕਬਜ਼ਾ ਕਰ ਲਿਆ ਸੀ ਅਤੇ ਹਿਜ਼ਬੁੱਲ੍ਹਾ ਹਥਿਆਰਬੰਦ ਅੰਦੋਲਨ ਚਲਾ ਰਿਹਾ ਸੀ।

ਲੇਬਨਾਨ ਦੇ ਹਿਜ਼ਬੁੱਲ੍ਹਾ ਸਮੂਹ ਨੂੰ ਈਰਾਨ ਤੋਂ ਵਿੱਤੀ ਸਹਾਇਤਾ ਮਿਲ ਰਹੀ ਸੀ ਅਤੇ ਇਸ ਤਰ੍ਹਾਂ ਹਸਨ ਨਸਰੱਲ੍ਹਾ ਨੇ ਦੇਸ਼ ਵਿੱਚ ਸਕੂਲਾਂ, ਹਸਪਤਾਲਾਂ ਅਤੇ ਰਾਹਤ ਕੇਂਦਰਾਂ ਦਾ ਇੱਕ ਵਿਸ਼ਾਲ ਨੈੱਟਵਰਕ ਖੜਾ ਕੀਤਾ।

ਇਹ ਕਲਿਆਣਕਾਰੀ ਪਹਿਲੂ ਲੇਬਨਾਨ ਵਿੱਚ ਹਿਜ਼ਬੁੱਲ੍ਹਾ ਦੀ ਸਿਆਸੀ ਲਹਿਰ ਦੀ ਪਛਾਣ ਦਾ ਇੱਕ ਅਹਿਮ ਹਿੱਸਾ ਬਣ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)