ਸ਼ੇਖ ਹਸਨ ਨਸਰੱਲ੍ਹਾ: ਆਗੂ ਤੋਂ ਬਿਨਾਂ ਹਿਜ਼ਬੁੱਲ੍ਹਾ ਕੋਲ ਹੁਣ ਕੀ ਰਾਹ ਹੈ, ਕੌਣ ਹੋ ਸਕਦਾ ਹੈ ਵਾਰਸ

    • ਲੇਖਕ, ਡੀਮਾ ਬਾਬੀਲੀ
    • ਰੋਲ, ਬੀਬੀਸੀ ਅਰਬੀ

ਸ਼ੇਖ ਹਸਨ ਨਸਰੱਲ੍ਹਾ ਨੇ ਹਿਜ਼ਬੁੱਲ੍ਹਾ ਦੀ ਤਿੰਨ ਤੋਂ ਜ਼ਿਆਦਾ ਦਹਾਕੇ ਅਗਵਾਈ ਕੀਤੀ ਸੀ।

ਹਿਜ਼ਬੁੱਲ੍ਹਾ ਦੇ ਮੁਖੀ ਹਸਨ ਨਸਰੱਲ੍ਹਾ ਦੀ ਇਜ਼ਰਾਇਲ ਵੱਲੋਂ ਬੇਰੂਤ ਉੱਤੇ ਕੀਤੇ ਹਮਲੇ ਵਿੱਚ ਮੌਤ ਹੋ ਗਈ ਹੈ। ਉਹ ਮੱਧ ਪੂਰਬ ਦੇ ਕੁਝ ਬੇਹੱਦ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚੋਂ ਇੱਕ ਸਨ।

ਉਨ੍ਹਾਂ ਦੀ ਮੌਤ ਨੂੰ ਇਜ਼ਰਾਇਲ ਦੀ ਇੱਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਲੇਕਿਨ ਬੇਰੂਤ ਵਿੱਚ ਉਨ੍ਹਾਂ ਦੇ ਹਮਾਇਤੀ ਸਦਮੇ ਵਿੱਚ ਹਨ।

ਇਜ਼ਰਾਇਲ ਮੁਤਾਬਕ ਉਹ ਲੇਬਨਾਨ ਵਿੱਚ ਹਮਲੇ ਜਾਰੀ ਰੱਖੇਗਾ। ਹਿਜ਼ਬੁੱਲ੍ਹਾ ਨੇ ਵੀ ਇਜ਼ਰਾਇਲ ਉੱਤੇ ਰਾਕਟੀ ਹਮਲੇ ਕਰਦੇ ਰਹਿਣ ਦੀ ਗੱਲ ਕਹੀ ਹੈ।

ਇਜ਼ਰਇਲ ਅਤੇ ਹਿਜ਼ਬੁੱਲ੍ਹਾ ਦਰਮਿਆਨ ਕਦੇ-ਕਦਾਈਂ ਹੋਣ ਵਾਲੀਆਂ ਝੜਪਾਂ ਪਿਛਲੇ ਸਾਲ ਅੱਠ ਅਕਤੂਬਰ ਤੋਂ ਤੇਜ਼ ਲੜਾਈ ਵਿੱਚ ਬਦਲ ਗਈਆਂ।

ਅਕਤੂਬਰ ਦੀ 7 ਤਰੀਕ ਨੂੰ ਇਜ਼ਰਾਇਲ ਉੱਤੇ ਹਮਾਸ ਦੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ ਸੀ। ਇਸ ਤੋਂ ਗਾਜ਼ਾ ਵਿੱਚ ਜੰਗ ਛਿੜ ਗਈ। ਉਸ ਤੋਂ ਅਗਲੇ ਹੀ ਦਿਨ ਹਿਜ਼ਬੁੱਲ੍ਹਾ ਨੇ ਇਜ਼ਰਾਇਲ ਉੱਤੇ ਹਮਲਾ ਕਰ ਦਿੱਤਾ।

ਹੁਣ ਨਸਰੱਲ੍ਹਾ ਦੀ ਮੌਤ ਤੋਂ ਬਾਅਦ ਹਿਜ਼ਬੁੱਲ੍ਹਾ ਦੇ ਭਵਿੱਖ ਦਾ ਸਵਾਲ ਖੜ੍ਹਾ ਹੋ ਗਿਆ ਹੈ?

ਹਿਜ਼ਬੁੱਲ੍ਹਾ ਜਿਸ ਨੂੰ ਕਈ ਅਰਬ ਦੇਸਾਂ ਤੋਂ ਇਲਾਵਾ ਅਮਰੀਕਾ, ਬ੍ਰਿਟੇਨ ਅਤੇ ਕਈ ਪੱਛਮੀ ਮੁਲਕਾਂ ਨੇ ਦਹਿਸ਼ਤਗਰਦ ਸੰਗਠਨ ਐਲਾਨ ਕੀਤਾ ਹੋਇਆ ਹੈ, ਦੀ ਇਰਾਨ ਹਰ ਕਿਸਮ ਦੀ ਮਦਦ ਕਰਦਾ ਹੈ।

ਨਸਰੱਲ੍ਹਾ ਦੀ ਮੌਤ ਨੇ ਪਹਿਲਾਂ ਹੀ ਹਿਜ਼ਬੁੱਲ੍ਹਾ ਦੀ ਹੋਣੀ ਤੋਂ ਇਲਵਾ ਹੁਣ ਉਸਦੀ ਇਜ਼ਰਾਇਲ ਖਿਲਾਫ਼ ਆਪਣਾ ਹਥਿਆਰਬੰਦ ਲੜਾਈ ਜਾਰੀ ਰੱਖ ਸਕਣ ਦੀ ਸਮਰੱਥਾ ਬਾਰੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਇਸ ਸੰਬੰਧ ਵਿੱਚ ਇਬਰਾਹੀਮ ਬੈਰਮ ਦੀ ਪੇਸ਼ੀਨਗੋਈ ਹੈ ਕਿ, “ਇਸ ਨਾਲ ਹਿਜ਼ਬੁੱਲ੍ਹਾ ਦੀ ਇਜ਼ਰਾਇਲ ਦਾ ਵਿਰੋਧ ਕਰਨ ਦੀ ਵਚਨਬਧਤਾ, ਖ਼ਾਸ ਕਰ ਗਾਜ਼ਾ ਦੀ ਮੌਜੂਦਾ ਜੰਗ ਦੇ ਸੰਬੰਧ ਵਿੱਚ, ਕੁਝ ਨਹੀਂ ਬਦਲੇਗਾ।”

ਇਬਰਾਹੀਮ ਬੈਰਮ ਲੇਬਨਾਨੀ ਅਖ਼ਬਾਰ ਅਨ-ਨਾਹਰ ਦੇ ਪੱਤਰਕਾਰ ਅਤੇ ਸਿਆਸੀ ਵਿਸ਼ਲੇਸ਼ਕ ਹਨ।

ਉਨ੍ਹਾਂ ਨਾਲ ਬੀਬੀਸੀ ਅਰਬੀ ਸੇਵਾ ਨੇ ਗੱਲਬਾਤ ਕੀਤੀ। ਉਨ੍ਹਾਂ ਮੁਤਾਬਕ ਨਸਰੱਲ੍ਹਾ ਦੀ ਮੌਤ ਇੱਕ ਅਸਧਾਰਨ ਘਟਨਾ ਹੈ।

ਉਨ੍ਹਾਂ ਨੇ ਕਿਹਾ, “ਹਿਜ਼ਬੁੱਲ੍ਹਾ ਨਸਰੱਲ੍ਹਾ ਦੇ ਦੱਸੇ ਰਾਹ ਉੱਤੇ, ਉਸੇ ਵਫ਼ਾਦਾਰੀ ਨਾਲ ਤੁਰਨਾ ਜਾਰੀ ਰਹੇਗਾ, ਜਿਸ ਵਫ਼ਾਦਾਰੀ ਦੀ ਨਸਰੱਲ੍ਹਾ ਤਰਜ਼ਮਾਨੀ ਕਰਦੇ ਸਨ।”

ਬੈਰਮ ਮੁਤਾਬਕ ਲੇਬਨਾਨ ਦੇ ਲੋਕਾਂ ਅੰਦਰ ਇਸ ਸਮੇਂ ਮਿਲੀਆਂ-ਜੁਲੀਆਂ ਭਾਵਨਾਵਾਂ ਹਨ। ਅਜਿਹੇ ਵੀ ਲੋਕ ਹਨ ਜੋ ਅੰਦਰੋਂ-ਅੰਦਰ ਖੁਸ਼ ਹਨ ਅਤੇ ਦੂਜੇ ਇਸ ਨੂੰ ਹਿਜ਼ਬੁੱਲ੍ਹਾ ਨੂੰ ਪਹੁੰਚੇ ਨਾ ਪੂਰਿਆ ਜਾ ਸਕਣ ਵਾਲੇ ਘਾਟੇ ਵਜੋਂ ਦੇਖ ਰਹੇ ਹਨ।

ਲੇਬਨਾਨੀ ਪੱਤਰਕਾਰ ਮੁਤਾਬਕ ਨਸਰੱਲ੍ਹਾ ਨੂੰ ਪਤਾ ਸੀ ਉਨ੍ਹਾਂ ਦਾ ਭਵਿੱਖ ਕੀ ਹੋ ਸਕਦਾ ਸੀ। ਨਸਰੱਲ੍ਹਾ ਜਾਣਦੇ ਸਨ ਕਿ ਉਨ੍ਹਾਂ ਦੀ ਹੋਣੀ ਵੀ ਪਾਰਟੀ ਦੇ ਕਈ ਸਾਬਕਾ ਆਗੂ ਅਬਾਸ ਅਲ-ਮੁਸਾਵੀ ਵਰਗੀ ਹੋ ਸਕਦੀ ਹੈ।

ਮੁਸਾਵੀ ਹਿਜ਼ਬੁੱਲ੍ਹਾ ਦੇ ਸਹਿ-ਸੰਸਥਾਪਕ ਸਨ, ਜਿਨ੍ਹਾਂ ਦੀ ਇਜ਼ਰਾਇਲ ਨੇ 1992 ਵਿੱਚ ਹੱਤਿਆ ਕਰ ਦਿੱਤੀ ਸੀ। ਨਸਰੱਲ੍ਹਾ ਨੂੰ ਖ਼ਤਮ ਕਰਨ ਤੋਂ ਬਾਅਦ ਇਜ਼ਰਾਇਲ ਦਾ ਕਹਿਣਾ ਹੈ ਕਿ ਉਸਦੇ ਭੱਥੇ ਵਿੱਚ ਤੀਰ ਅਜੇ ਹੋਰ ਵੀ ਹਨ।

ਇਰਾਨ ਅਤੇ ਹਿਜ਼ਬੁੱਲ੍ਹਾ

ਇਰਾਨ ਨੇ ਕਿਹਾ ਹੈ ਕਿ ਸ਼ੁੱਕਰਵਾਰ ਦੇ ਬੇਰੂਤ ਹਮਲੇ ਵਿੱਚ ਰੈਵਲੂਸ਼ਨਰੀ ਗਾਰਡ ਦਾ ਇੱਕ ਸੀਨੀਅਰ ਕਮਾਂਡਰ ਵੀ ਮਾਰਿਆ ਗਿਆ ਹੈ। ਇਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖ਼ਮੇਨੀ ਨੇ ਹਿਜ਼ਬੁੱਲ਼੍ਹਾ ਨੂੰ ਆਪਣੀ ਹਮਾਇਤ ਦੁਹਰਾਈ ਹੈ ਪਰ ਇਹ ਨਹੀਂ ਕਿਹਾ ਕਿ ਉਨ੍ਹਾਂ ਦਾ ਦੇਸ ਹਸਨ ਨਸਰੱਲ੍ਹਾ ਉੱਤੇ ਕੋਈ ਕਾਰਵਾਈ ਵੀ ਕਰੇਗਾ।

ਆਪਣੇ ਪਹਿਲੇ ਬਿਆਨ ਵਿੱਚ ਖ਼ਮੇਨੀ ਨੇ ਲੇਬਨਾਨ ਵਿੱਚ ਬੇਕਸੂਰ ਨਾਗਰਿਕਾਂ ਦੀਆਂ ਮੌਤਾਂ ਦੀ ਨਿੰਦਾ ਕਰਦਿਆਂ ਇਸ ਨੂੰ ਇਜ਼ਰਾਇਲੀ ਆਗੂਆਂ ਦੀ "ਦ੍ਰਿਸ਼ਟੀਹੀਣਤਾ ਅਤੇ ਬੇਵਕੂਫ਼ੀ" ਦਾ ਨਤੀਜਾ ਦੱਸਿਆ।

ਹਾਲਾਂਕਿ ਉਨ੍ਹਾਂ ਨੇ ਨਸਰੱਲ੍ਹਾ ਦਾ ਨਾਮ ਲੈਣ ਤੋਂ ਪਰਹੇਜ਼ ਕੀਤਾ।

ਖ਼ਮੇਨੀ ਨੇ ਕਿਹਾ “ਇਜ਼ਰਾਇਲੀ ਅਪਰਾਧੀ” ਹਿਜ਼ਬੁੱਲ਼੍ਹਾ ਨੂੰ ਅਹਿਮ ਨੁਕਸਾਨ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ, “ਰਜ਼ਿਸਟੈਂਸ ਫੋਰਸਿਸ ਪਾਰਟੀ ਦੇ ਨਾਲ ਖੜ੍ਹੀਆਂ ਹਨ।”

ਰਿਜ਼ਸਟੈਂਸ ਫੋਰਸ, ਇਰਾਨੀ ਹਮਾਇਤ ਹਾਸਲ ਹਥਿਆਰਬੰਦ ਸਮੂਹਾਂ ਨੂੰ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਹਿਜ਼ਬੁੱਲ੍ਹਾ, ਹੂਥੀ ਅਤੇ ਇਰਾਕ ਦਾ ਸ਼ੀਆ ਮਿਲੀਸ਼ੀਆ ਸ਼ਾਮਲ ਹਨ।

ਖ਼ਮੇਨੀ ਨੇ ਇਹ ਵੀ ਕਿਹਾ ਕਿ ਮੁਸਲਮਾਨਾਂ ਨੂੰ ਲੇਬਨਾਨੀ ਲੋਕਾਂ ਅਤੇ ਹਿਜ਼ਬੁੱਲ੍ਹਾ ਨਾਲ “ਕਬਜ਼ਾਕਾਰੀ ਅਤੇ ਦਮਨਕਾਰੀ ਰਾਜ” ਦਾ ਮੁਕਾਬਲਾ ਕਰਨ ਵਿੱਚ ਸਾਥ ਦੇਣ।

ਨਸਰੱਲ੍ਹਾ ਦੀ ਮੌਤ ਦਾ ਕੀ ਨਤੀਜਾ ਹੋ ਸਕਦਾ ਹੈ?

ਇਰਾਨ ਦਰਸਾ ਰਿਹਾ ਹੈ ਕਿ ਆਪਣੇ ਸਿਰਮੌਰ ਆਗੂ ਨਸਰੱਲ੍ਹਾ ਦੀ ਮੌਤ ਨਾਲ ਹਿਜ਼ਬੁੱਲ੍ਹਾ ਦੀ ਸਮਰੱਥਾ ਜਾਂ ਖਿੱਤੇ ਵਿੱਚ ਉਸਦੀ ਸਥਿਤੀ ਪ੍ਰਭਾਵਿਤ ਨਹੀਂ ਹੋਵੇਗੀ।

ਇਰਾਨ ਦੇ ਰੈਵਲੂਸ਼ਨਰੀ ਗਾਰਡ ਦੇ ਕੁਦਸ ਫੋਰਸ ਦੇ ਸਾਬਕਾ ਕਮਾਂਡਰ ਅਹਿਮਦ ਵਹੀਦੀ ਦਾ ਕਹਿਣਾ ਹੈ, “ਹਿਜ਼ਬੁੱਲ੍ਹਾ ਨੇ ਕਈ ਆਗੂ ਤਿਆਰ ਕੀਤੇ ਹਨ ਅਤੇ ਹਰ ਸ਼ਹੀਦ ਹੋਣ ਵਾਲੇ ਆਗੂ ਦੀ ਥਾਂ ਦੂਜਾ ਆਗੂ ਮੈਦਾਨ ਵਿੱਚ ਆ ਜਾਂਦਾ ਹੈ।”

ਇਸੇ ਦੌਰਾਨ ਅਮਰੀਕਾ ਦੇ ਹੇਠਲੇ ਸਦਨ (ਹਾਊਸ ਆਫ਼ ਰਿਪਰਿਜ਼ੈਂਟੇਟਿਵਸ) ਦੇ ਸਪੀਕਰ ਮਾਈਕ ਜੌਹਨਸਨ ਦਾ ਮੰਨਣਾ ਹੈ, “ਨਸਰੱਲ੍ਹਾ ਦੀ ਮੌਤ ਮੱਧ ਪੂਰਬ ਲਈ ਅਗਾਂਹ ਵੱਲ ਇੱਕ ਅਹਿਮ ਕਦਮ ਹੈ।”

ਲੇਬਨਾਨ ਦੀ ਸਰਕਾਰ ਹਿਜ਼ਬੁੱਲ੍ਹਾ ਨੂੰ ਇਰਾਨ ਦੇ ਖਿਲਾਫ਼ ਇੱਕ ਵੈਧ ਰੋਕ ਸਮਝਦੀ ਹੈ। ਇਸਦੇ ਮੈਂਬਰ ਲੇਬਨਾਨ ਦੀ ਸੰਸਦ ਲਈ ਵੀ ਚੁਣੇ ਜਾਂਦੇ ਹਨ।

ਯੂਨੀਵਰਸਿਟੀ ਪ੍ਰੋਫ਼ੈਸਰ ਅਤੇ ਪੱਤਰਕਾਰ ਮੁਹੰਮਦ ਅਲੀ ਮੋਕਾਲੇਦ ਦਾ ਮੰਨਣਾ ਹੈ, “ਹਾਲੀਆ ਘਟਨਾਕ੍ਰਮ ਹਿਜ਼ੁਬੁੱਲ੍ਹਾ ਨੂੰ ਆਪਣਾ ਅਕਸ ਨਰਮ ਕਰਨ ਤੇ ਉਨ੍ਹਾਂ ਸਮਝੌਤਿਆਂ ਦਾ ਮੌਕਾ ਦੇਵੇਗਾ ਜਿਸ ਨਾਲ ਲੇਬਨਾਨ ਸਰਕਾਰ ਨੂੰ ਆਪਣੇ ਸਮੁੱਚੇ ਖੇਤਰ ਉੱਤੇ ਹੋਰ ਪ੍ਰਭੂਸੱਤਾ ਮੁੜ ਹਾਸਲ ਕਰਨ ਵਿੱਚ ਮਦਦ ਮਿਲੇ।”

ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਨਸਰੱਲ੍ਹਾ ਦੀ ਮੌਤ ਲੇਬਨਾਨ ਵਿੱਚ ਰਾਸ਼ਟਰਪਤੀ ਚੋਣਾ ਕਰਵਾਉਣ ਸਮੇਤ ਸਿਆਸੀ ਹੱਲ ਦੇ ਬੂਹੇ ਖੋਲ੍ਹ ਸਕਦੀ ਹੈ।

ਉਹ ਕਹਿੰਦੇ ਹਨ, “ਇਸ ਵਿੱਚ ਇਰਾਨੀ ਪ੍ਰੋਜੈਕਟ (ਜੋ ਕਿ ਲੇਬਨਾਨ ਦਾ ਨਹੀਂ ਹੈ) ਨੂੰ ਤਿਆਗਣ ਤੋਂ ਬਾਅਦ ਹਿਜ਼ਬੁੱਲ੍ਹਾ ਦੇ ਲੇਬਨਾਨੀ ਤੱਤਾਂ ਨੂੰ ਸੰਜੋਅ ਕੇ ਰੱਖਣਾ ਵੀ ਸ਼ਾਮਿਲ ਹੋ ਸਕਦਾ ਹੈ।”

ਮੋਕਾਲੇਦ ਮੁਤਾਬਕ ਨਸਰੱਲ੍ਹਾ ਦੀ ਮੌਤ ਤੋਂ ਬਾਅਦ ਹਿਜ਼ਬੁੱਲ੍ਹਾ ਦੇ ਮੈਂਬਰਾਂ ਵਿੱਚ ਇੱਕ ਸੰਭਾਵੀ ਫੁੱਟ ਵੀ ਪੈ ਸਕਦੀ ਹੈ। ਪਹਿਲੀ ਸਥਿਤੀ ਵਿੱਚ ਇਸਦਾ ਇੱਕ ਗਰਮ ਦਲ ਲੜਾਈ ਜਾਰੀ ਰੱਖ ਸਕਦਾ ਹੈ ਜਦਕਿ ਇੱਕ ਵੱਡਾ ਅੰਸ਼ ਇਰਾਨੀ ਪ੍ਰਜੈਕਟ ਤੋਂ ਹਟ ਕੇ ਲੇਬਨਾਨੀ ਸਰਕਾਰ ਨੂੰ ਅਪਣਾ ਸਕਦਾ ਹੈ।

ਦੁੱਖ ਤੇ ਗੁੱਸਾ

ਬੇਰੂਤ ਵਿੱਚ, ਇਸ ਮੌਤ ਦਾ ਪ੍ਰਭਾਵ ਸੜਕਾਂ ਉੱਤੇ ਦਿਖਾਈ ਦੇ ਰਿਹਾ ਹੈ। ਕੁਝ ਹਮਾਇਤੀਆਂ ਨੇ ਸੜਕਾਂ ਉੱਤੇ ਤਾਂ ਕੁਝ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ।

ਟੀਵੀ ਉੱਤੇ ਅਲ-ਮਨਾਰ, ਹਿਜ਼ਬੁੱਲ੍ਹਾ ਦੇ ਚੈਨਲ ਅਲ-ਮਨਾਰ ਉੱਤੇ ਸ਼ੀਆ ਆਗੂ ਦੀ ਮੌਤ ਦੀ ਖ਼ਬਰ ਨਸ਼ਰ ਕਰਨ ਤੋਂ ਕੁਰਾਨ ਦਾ ਪਾਠ ਚਲਾਇਆ ਗਿਆ।

ਉਸੇ ਸਮੇਂ ਕਈ ਉੱਜੜੇ ਹੋਏ, ਬੇਘਰੇ ਲੋਕ ਜਿਨ੍ਹਾਂ ਵਿੱਚੋਂ ਲੇਬਨਾਨ ਦੇ ਸਿਹਤ ਮੰਤਰਾਲੇ ਮੁਤਾਬਕ 800 ਤੋਂ ਜ਼ਿਆਦਾ ਦੀ ਇਜ਼ਰਾਈਲੀ ਹਮਲਿਆਂ ਵਿੱਚ ਮੌਤ ਹੋ ਚੁੱਕੀ ਹੈ, ਸੜਕਾਂ ਉੱਤੇ ਰਹਿਣ ਨੂੰ ਮਜਬੂਰ ਹਨ।

ਜਦੋਂ ਬੀਬੀਸੀ ਨੇ ਬੇਰੂਤ ਦੇ ਇੱਕ ਇਲਾਕੇ ਏਇਨ ਅਲ-ਮਰਸੀਆਹ ਵਿੱਚ ਕੁਝ ਲੋਕਾਂ ਨਾਲ ਨਸਰੱਲ੍ਹਾ ਦੀ ਮੌਤ ਦੀ ਪੁਸ਼ਟੀ ਹੋਣ ਮਗਰੋਂ ਗੱਲਬਾਤ ਕੀਤੀ ਤਾਂ- ਕਈ ਇਸ ਖ਼ਬਰ ਨੂੰ ਹਜ਼ਮ ਨਹੀਂ ਕਰ ਸਕੇ।

ਖ਼ਬਰ ਸੁਣ ਕੇ ਕੁਝ ਲੋਕ ਗਸ਼ ਖਾ ਕੇ ਡਿੱਗ ਪਏ ਅਤੇ ਕਈ ਹਾਲ-ਦੁਹਾਈ ਪਾਉਣ ਲੱਗੇ ਤੇ ਲੋਕ ਰੋਂਦੇ ਹੋਏ ਸਾਰੇ ਪਾਸੇ ਭੱਜਣ ਲੱਗੇ।

ਇੱਕ ਬੀਬੀ ਨੇ ਕਿਹਾ: “ਕਾਸ਼ ਉਹ ਸਾਨੂੰ ਸਾਰਿਆਂ ਨੂੰ ਮਾਰ ਦਿੰਦੇ ਤੇ ਉਸ ਨੂੰ ਰੱਖ ਲੈਂਦੇ।”

ਲੋਕਾਂ ਲਈ ਸਦਮਾ ਬਹੁਤ ਵੱਡਾ ਹੈ। ਨਸਰੱਲ੍ਹਾ ਸਿਰਫ ਹਿਜ਼ਬੁੱਲ੍ਹਾ ਦੇ ਮੁਖੀ ਨਹੀਂ ਸਨ ਸਗੋਂ ਲੋਕਾਂ ਵਿੱਚ ਵੀ ਉਨ੍ਹਾਂ ਦਾ ਚੰਗਾ ਅਧਾਰ ਸੀ। ਆਪਣੇ ਚਾਹੁਣ ਵਾਲਿਆਂ ਲਈ ਉਹ ਇੱਕ ਆਦਰਸ਼ ਸਨ।

ਬੇਰੂਤ ਵਿੱਚ ਭਾਵੇਂ ਹਰ ਕੋਈ ਹਿਜ਼ਬੁੱਲ੍ਹਾ ਦਾ ਹਮਾਇਤੀ ਤਾਂ ਨਹੀਂ ਹੈ ਪਰ ਕੁਝ ਸੜਕਾਂ ਉੱਤੇ ਲੋਕਾਂ ਨੇ ਗੁੱਸੇ ਅਤੇ ਦੁੱਖ ਦੇ ਇਜ਼ਹਾਰ ਵਜੋਂ ਹਵਾਈ ਫਾਇਰ ਕੱਢੇ।

ਕੌਣ ਹੋ ਸਕਦਾ ਹੈ ਵਾਰਸ

ਨਸਰੱਲ੍ਹਾ ਦੀ ਮੌਤ ਨੇ ਇੱਕ ਸਵਾਲ ਹੋਰ ਵੀ ਖੜ੍ਹਾ ਕੀਤਾ ਹੈ ਕਿ ਉਨ੍ਹਾਂ ਦਾ ਵਾਰਸ ਜੋ ਕੋਈ ਵੀ ਹੋਵੇ— ਉਨ੍ਹਾਂ ਦੇ ਜਾਣ ਨਾਲ ਪੈਦਾ ਹੋਏ ਸਿਆਸੀ ਅਤੇ ਫੌਜੀ ਖਲਾਅ ਨੂੰ ਕਿਸ ਹੱਦ ਤੱਕ ਪੂਰ ਸਕੇਗਾ।

ਇਬਰਾਹਿਮ ਬੈਰਮ ਕਹਿੰਦੇ ਹਨ, “ਕੀ ਉਨ੍ਹਾਂ ਦਾ ਵਾਰਸ ਨਸਰੱਲ੍ਹਾ ਵਾਂਗ ਪਾਰਟੀ ਨੂੰ ਸਾਂਭ ਸਕੇਗਾ, ਜਿਨ੍ਹਾਂ ਦੀ ਸ਼ਖਸ਼ੀਅਤ ਪਾਰਟੀ ਨੂੰ ਇਕਜੁੱਟ ਰੱਖਣ ਲਈ ਅਸਧਾਰਨ ਰੂਪ ਵਿੱਚ ਯੋਗ ਸੀ।”

ਹਿਜ਼ਬੁੱਲ੍ਹਾ ਦੀ ਕਾਰਜਕਾਰਨੀ ਕਾਊਂਸਲ ਦੇ ਮੁਖੀ ਹਾਸ਼ਿਮ ਸਫ਼ੀ ਅਲ-ਦਿਨ ਨੂੰ ਉਨ੍ਹਾਂ ਦੇ ਸੰਭਾਵੀ ਵਾਰਸ ਵਜੋਂ ਦੇਖਿਆ ਜਾ ਰਿਹਾ ਹੈ।

ਬੈਰਮ ਕਹਿੰਦੇ ਹਨ ਕਿ ਦਹਾਕਿਆਂ ਤੱਕ ਕਦੇ ਉਮੀਦ ਨਹੀਂ ਕੀਤੀ ਗਈ ਸੀ ਕਿ ਨਸਰੱਲ੍ਹਾ ਵਰਗੀ ਕੋਈ ਸ਼ੀਆ ਸ਼ਖਸ਼ੀਅਤ ਇਜ਼ਰਾਇਲ ਖਿਲਾਫ਼ ਇੰਨੀ ਮਹੱਤਵਪੂਰ ਭੂਮਿਕਾ ਨਿਭਾਏਗੀ। ਇਸ ਤੋਂ ਇਲਾਵਾ “ਨਸਰੱਲ੍ਹਾ ਨਾਲ ਤੁਲਨਾਈ ਜਾ ਸਕਣ ਵਾਲੀ ਅਸਾਧਾਰਨ ਸ਼ਖਸ਼ੀਅਤ ਦੇ ਉਭਾਰ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ”।

ਲੇਬਨਾਨੀ ਪੱਤਰਕਾਰ ਨਸਰੱਲ੍ਹਾ ਨੂੰ “ਇੱਕ ਆਗੂ ਅਤੇ ਵਰਣਨਯੋਗ ਗਾਰਡੀਅਨ” ਵਜੋਂ ਬਿਆਨ ਕਰਦੇ ਹਨ “ਜਿਸ ਨੇ ਪਾਰਟੀ ਨੂੰ ਸਿਆਸੀ ਅਤੇ ਫੌਜੀ ਪੱਖ ਤੋਂ ਇਕ-ਜੁਟ ਕੀਤਾ।”

ਸ਼ੀਆ ਆਗੂ ਦੀ ਵਿਰਾਸਤ ਪੇਚੀਦਾ ਹੈ ਅਤੇ ਲੰਬੇ ਸਮੇਂ ਤੱਕ ਚਰਚਾ ਦਾ ਵਿਸ਼ਾ ਰਹੇਗੀ। ਦੁਨੀਆਂ ਦਾ ਧਿਆਨ ਹੁਣ ਇਸ ਵੱਲ ਹੈ ਕਿ ਹਿਜ਼ਬੁੱਲ੍ਹਾ ਇਸ ਇਤਿਹਾਸਕ ਰੂਪਾਂਤਰਨ ਨੂੰ ਕਿਵੇਂ ਲਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)