'ਰੋਜ਼ ਪੋਤੇ ਦੇ ਖਿਡੌਣੇ ਸਾਫ ਕਰਦੀ ਹਾਂ, ਬਹੁਤ ਯਾਦ ਆਉਂਦੀ', ਪਰਵਾਸ ਕਾਰਨ ਪੰਜਾਬ 'ਚ ਇਕੱਲਾਪਣ ਝੱਲਦੇ ਬਜ਼ੁਰਗਾਂ ਦੀ ਕਹਾਣੀ

ਤਸਵੀਰ ਸਰੋਤ, BBC/Gurdev Singh
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਕਦੇ ਅਸੀਂ ਘਰ ਵਿੱਚ 13 ਮੈਂਬਰ ਹੁੰਦੇ ਸੀ ਪਰ ਹੁਣ ਅਸੀਂ ਸਿਰਫ਼ ਦੋ ਰਹਿ ਗਏ ਹਾਂ। ਪੋਤੇ-ਪੋਤੀਆਂ ਨਾਲ ਕਿਵੇਂ ਖੇਡੀਦਾ ਹੈ, ਅਸੀਂ ਇਸ ਅਹਿਸਾਸ ਤੋਂ ਵਾਂਝੇ ਰਹਿ ਗਏ।"
ਇਹ ਪਟਿਆਲਾ ਵਿੱਚ ਰਹਿੰਦੇ ਉਸ ਬਜ਼ੁਰਗ ਮਾਂ-ਪਿਉ ਦੀਆਂ ਅਧੂਰੀਆਂ ਸਧਰਾਂ ਹਨ, ਜਿਨ੍ਹਾਂ ਦੇ ਦੋਵੇਂ ਪੁੱਤ ਰੁਜ਼ਗਾਰ ਦੀ ਭਾਲ ਵਿੱਚ ਪਰਵਾਸ ਕਾਰਨ ਕਈ ਸਾਲਾਂ ਤੋਂ ਪ੍ਰਦੇਸ ਵਿੱਚ ਰਹਿ ਰਹੇ ਹਨ।
ਪਟਿਆਲਾ ਸ਼ਹਿਰ ਦੀ ਇੱਕ ਸ਼ਾਂਤ ਕਾਲੋਨੀ ਵਿੱਚ ਇਹ ਬਜ਼ੁਰਗ ਜੋੜਾ ਆਪਣੇ ਰੋਜ਼ਾਨਾ ਜੀਵਨ ਦੇ ਕੰਮ ਕਾਜ ਖੁਦ ਹੀ ਕਰਦਾ ਹੈ ਪਰ ਬੱਚਿਆਂ ਅਤੇ ਪੋਤੇ-ਪੋਤੀਆਂ ਦੀ ਗੈਰ-ਮੌਜੂਦਗੀ ਕਰਕੇ ਹੁਣ ਕਈ ਸਾਲਾਂ ਤੋਂ ਉਨ੍ਹਾਂ ਨੂੰ 'ਛੋਟਾ ਜਿਹਾ ਘਰ ਬਹੁਤ ਵੱਡਾ ਅਤੇ ਖਾਲੀ ਲੱਗਣ ਲੱਗ ਪਿਆ ਹੈ'।
ਇਸ ਬਜ਼ੁਰਗ ਜੋੜੇ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਇਕੱਲਤਾ ਵਿੱਚ ਰਹਿਣ ਨੂੰ ਮਜਬੂਰ ਹੈ।
ਉਹ ਦੋਵੇਂ ਪਤੀ ਪਤਨੀ ਇੱਕੋ ਸੁਰ ਵਿੱਚ ਕਹਿੰਦੇ ਹਨ, "ਚਿੰਤਾ, ਘਬਰਾਹਟ, ਤਣਾਅ, ਉਦਾਸੀ, ਉਡੀਕ ਅਤੇ ਉਮੀਦ ਹੀ ਹੁਣ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਹੈ।"
ਸਮਾਜ ਸ਼ਾਸ਼ਤਰੀ ਮੰਨਦੇ ਹਨ ਕਿ ਬੁੱਢੇ ਮਾਪਿਆਂ ਦੇ ਅਜਿਹੇ ਹਾਲਾਤ 'ਪੰਜਾਬ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਪਰਵਾਸ ਦੇ ਰੁਝਾਨ ਦਾ ਇੱਕ ਪੱਖ ਹੈ'।
ਇਸ ਤੋਂ ਇਲਾਵਾ ਸੁੰਨੀਆਂ ਗਲੀਆਂ, ਘਰਾਂ ਨੂੰ ਜਿੰਦੇ, ਐੱਨਆਰਆਈਜ਼ ਵੱਲੋਂ ਆਪਣੇ ਘਰ-ਬਾਰ ਵੇਚਣ ਦਾ ਰੁਝਾਨ, ਪਰਵਾਸ ਦੇ ਪੰਜਾਬ ਉੱਤੇ ਪਏ ਦੂਜੇ ਅਹਿਮ ਪ੍ਰਭਾਵ ਦੀ ਤਸਵੀਰ ਪੇਸ਼ ਕਰਦੇ ਹਨ।
ਬਜ਼ੁਰਗ ਮਾਂ-ਪਿਉ ਦਾ ਇਕਲਾਪਾ

ਤਸਵੀਰ ਸਰੋਤ, BBC/Gurdev Singh
ਪਟਿਆਲਾ ਦੇ ਬਜ਼ੁਰਗ ਜੋੜੇ ਦੇ ਦੋ ਮੁੰਡੇ ਹਨ ਜੋ ਪਿਛਲੇ ਕਈ ਦਹਾਕਿਆਂ ਤੋਂ ਵਿਦੇਸ਼ਾਂ ਵਿੱਚ ਵੱਸੇ ਹੋਏ ਹਨ।
ਅਸੀਂ ਇੱਥੇ ਇਨ੍ਹਾਂ ਦੀ ਪਛਾਣ ਨਹੀਂ ਦੱਸ ਰਹੇ।
ਇਸ ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਲਈ 'ਹਰ ਤੀਜੇ ਦਿਨ ਵੀਡੀਓ ਕਾਲ ਅਤੇ ਸਾਲਾਂ ਬਾਅਦ ਪੰਜਾਬ ਦੇ ਗੇੜੇ ਦੀ ਉਡੀਕ ਹੀ ਜ਼ਿੰਦਗੀ ਜਿਉਣ ਦਾ ਸਹਾਰਾ ਹਨ'।
75 ਸਾਲਾ ਪਿਤਾ ਦੱਸਦੇ ਹਨ ਕਿ ਉਨ੍ਹਾਂ ਦੇ ਦੋਵੇਂ ਪੁੱਤਰਾਂ ਵਿੱਚੋਂ ਵੱਡਾ 27 ਸਾਲਾਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਹੈ ਅਤੇ ਦੂਜਾ 18 ਸਾਲਾਂ ਤੋਂ ਉਨ੍ਹਾਂ ਤੋਂ ਦੂਰ ਹੈ।
ਉਨ੍ਹਾਂ ਨੂੰ ਹੁਣ ਇਹ ਵੀ 'ਯਾਦ ਨਹੀਂ ਹੈ ਕਿ ਵੱਡਾ ਮੁੰਡਾ ਆਖਰੀ ਵਾਰ ਘਰ ਕਦੋਂ ਆਇਆ ਸੀ'। ਛੋਟਾ ਮੁੰਡਾ 10 ਸਾਲ ਪਹਿਲਾਂ ਘਰ ਆਇਆ ਸੀ।
ਉਹ ਕਹਿੰਦੇ ਹਨ, "ਪਰਵਾਸ ਨੇ ਮੇਰੇ ਬੱਚੇ ਮੇਰੇ ਤੋਂ ਦੂਰ ਕਰ ਦਿੱਤੇ। ਵੱਡਾ ਮੁੰਡਾ 27 ਸਾਲਾਂ ਅਤੇ ਛੋਟਾ 18 ਸਾਲਾਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਹੈ।"
"ਬੱਚਿਆਂ ਦੀ ਕਮੀ ਤਾਂ ਮਹਿਸੂਸ ਹੁੰਦੀ ਹੈ। ਪਹਿਲਾਂ ਉਨ੍ਹਾਂ ਦੇ ਕਰੀਅਰ ਨੂੰ ਧਿਆਨ ਵਿੱਚ ਰੱਖਦੇ ਹੋਏ ਕਮੀ ਜ਼ਰ ਲੈਂਦੇ ਸੀ। ਪਰ ਹੁਣ ਜਿਵੇਂ-ਜਿਵੇਂ ਉਮਰ ਵੱਧ ਰਹੀ ਹੈ, ਬੱਚਿਆਂ ਦੀ ਘਾਟ ਵੱਧ ਮਹਿਸੂਸ ਹੋਣ ਲੱਗ ਪਈ ਹੈ।"
ਉਹ ਦੱਸਦੇ ਹਨ ਕਿ ਪਹਿਲਾਂ ਉਹ ਸਾਂਝੇ ਪਰਿਵਾਰ ਵਿੱਚ ਰਹਿੰਦੇ ਸੀ। ਪਰ ਹੁਣ ਪਰਿਵਾਰ ਦੇ ਕਈ ਮੈਂਬਰ ਇਸ ਦੁਨੀਆਂ ਵਿੱਚ ਨਹੀਂ ਰਹੇ ਅਤੇ ਕਈ ਰੁਜ਼ਗਾਰ ਅਤੇ ਪਰਵਾਸ ਕਰਕੇ ਖਿੰਡ ਗਏ।
ਬਜ਼ੁਰਗ ਕਹਿੰਦੇ ਹਨ, "ਕਦੀ ਅਸੀਂ ਘਰ ਵਿੱਚ 13 ਮੈਂਬਰ ਹੁੰਦੇ ਸੀ ਪਰ ਹੁਣ ਅਸੀਂ ਸਿਰਫ਼ ਦੋ ਰਹਿ ਗਏ ਹਾਂ।"
ਮੁੰਡਿਆਂ ਦੀ 65 ਸਾਲਾ ਮਾਂ ਕਹਿੰਦੀ ਹੈ, "ਜੇਕਰ ਪਰਵਾਸ ਦਾ ਰੁਝਾਨ ਨਾ ਹੁੰਦਾ ਤਾਂ ਸਾਡੇ ਬੱਚੇ ਸਾਡੇ ਕੋਲ ਹੁੰਦੇ।"

ਤਸਵੀਰ ਸਰੋਤ, BBC/Gurdev Singh
ਪੰਜਾਬੀਆਂ ਵੱਲੋਂ ਖਾਲੀ ਕੀਤੇ ਘਰਾਂ ਵਿੱਚ ਕੌਣ ਵਸਿਆ?
ਦੁਆਬੇ ਦੇ ਕਈ ਪਿੰਡ ਐੱਨਆਰਆਈਜ਼ ਦੇ ਪਿੰਡਾਂ ਵਜੋਂ ਮਸ਼ਹੂਰ ਹਨ। ਕਪੂਰਥਲੇ ਜ਼ਿਲ੍ਹੇ ਦਾ ਪਲਾਹੀ ਵੀ ਅਜਿਹੇ ਪਿੰਡਾਂ ਵਿੱਚ ਸ਼ਾਮਲ ਹੈ। ਪਰਵਾਸੀ ਪੰਜਾਬੀਆਂ ਨੇ ਇੱਕ ਸਮੇਂ ਆਪਣੀ ਮਿਹਨਤ ਨਾਲ ਇਸ ਪਿੰਡ ਦੀ ਨੁਹਾਰ ਬਦਲੀ।
ਪਰ ਪਿੰਡ ਵਾਸੀਆਂ ਮੁਤਾਬਕ ਹੁਣ ਪਰਵਾਸੀ ਪੰਜਾਬੀ ਆਪਣੀ ਜ਼ਮੀਨ-ਜਾਇਦਾਦਾਂ ਅਤੇ ਘਰ ਵੇਚਕੇ ਪੱਕੇ ਤੌਰ ਉੱਤੇ ਪਿੰਡ ਤੋਂ ਕਿਨਾਰਾ ਕਰਨ ਲੱਗ ਪਏ ਹਨ।
ਇਸ ਪਿੰਡ ਦੇ ਲੋਕਾਂ ਮੁਤਾਬਕ 1950-60 ਤੋਂ ਪਹਿਲਾਂ ਵੀ ਇੱਥੋਂ ਦੇ ਵਸਨੀਕਾਂ ਦੇ ਵਿਦੇਸ਼ਾਂ ਵਿੱਚ ਜਾਣ ਦੀਆਂ ਉਦਾਹਰਣਾਂ ਹਨ।

ਪਿੰਡ ਦੀ ਸਰਪੰਚ ਬਲਵਿੰਦਰ ਕੌਰ ਮੁਤਾਬਕ ਪਿੰਡ ਦੇ ਲਗਭਗ 75% ਫ਼ੀਸਦੀ ਵਸਨੀਕ ਵਿਦੇਸ਼ਾਂ ਵਿੱਚ ਵੱਸਦੇ ਹਨ। ਪਿੰਡ ਦੇ ਲਗਭਗ ਹਰ ਘਰ ਵਿੱਚੋਂ ਘੱਟੋ-ਘੱਟ ਇੱਕ ਮੈਂਬਰ ਜਾਂ ਦੋ ਮੈਂਬਰ ਪਰਵਾਸੀ ਹਨ।
ਉਹ ਕਹਿੰਦੇ ਹਨ, "ਜਿਹੜੇ ਇੱਥੇ ਹਨ, ਉਹ ਵੀ ਵਿਦੇਸ਼ਾਂ ਵਿੱਚ ਜਾਣ ਦੀ ਚਾਹ ਰੱਖਦੇ ਹਨ। ਪਿੰਡ ਦੇ ਬਹੁਤ ਘਰਾਂ ਨੂੰ ਜਿੰਦੇ ਲੱਗੇ ਹਨ ਹਨ। ਕਈ ਘਰਾਂ ਵਿੱਚ ਭਾਰਤੀ ਪਰਵਾਸੀ ਕਿਰਾਏ ਉੱਤੇ ਰਹਿੰਦੇ ਹਨ।"
ਪਿੰਡ ਦੇ ਵਸਨੀਕ ਅਤੇ ਸ੍ਰੀ ਗੁਰੂ ਹਰਗੋਬਿੰਦ ਐਜੂਕੇਸ਼ਨ ਕੌਂਸਲ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਦੱਸਦੇ ਹਨ ਕਿ ਪਿੰਡ ਦੇ ਮੂਲ ਨਿਵਾਸੀਆਂ ਦੀ ਗਿਣਤੀ ਭਾਵੇਂ ਘੱਟ ਗਈ ਹੈ ਪਰ ਪਿੰਡ ਵਿੱਚ ਯੂਪੀ ਅਤੇ ਬਿਹਾਰ ਤੋਂ ਆਏ ਪਰਵਾਸੀਆਂ ਦੀ ਗਿਣਤੀ ਵੱਧ ਗਈ ਹੈ ।
ਮਾਡਲ ਪਿੰਡ ਕਿਵੇਂ ਬਣਿਆ

ਤਸਵੀਰ ਸਰੋਤ, BBC/Gurdev Singh
ਸਥਾਨ ਲੋਕਾਂ ਅਨੁਸਾਰ ਵਿਦੇਸ਼ਾਂ ਵਿੱਚ ਕਾਮਯਾਬ ਹੋਣ ਮਗਰੋਂ ਇੱਥੋਂ ਦੇ ਵਸਨੀਕਾਂ ਨੇ ਪਿੰਡ ਨੂੰ ਵਿਕਸਤ ਕਰਨ ਅਤੇ ਮਾਡਲ ਪਿੰਡ ਬਣਾਉਣ ਲਈ ਕਾਫ਼ੀ ਯਤਨ ਕੀਤੇ।
ਪਲਾਹੀ ਪਿੰਡ ਵਿੱਚ ਐੱਨਆਰਆਈ ਭਾਈਚਾਰੇ ਦੇ ਸਹਿਯੋਗ ਨਾਲ ਤਿੰਨ ਨਿੱਜੀ ਸਕੂਲ, ਇੱਕ ਆਈਟੀਆਈ ਅਤੇ ਇੱਕ ਕਮਿਊਨਿਟੀ ਪਾਲੀਟੈਕਨਿਕ ਕਾਲਜ ਸਥਾਪਿਤ ਕੀਤਾ ਗਿਆ ਹੈ।
ਇਨ੍ਹਾਂ ਸਿੱਖਿਆ ਸੰਸਥਾਵਾਂ ਦਾ ਪ੍ਰਬੰਧ ਸ੍ਰੀ ਗੁਰੂ ਹਰਗੋਬਿੰਦ ਐਜੂਕੇਸ਼ਨ ਕੌਂਸਲ, ਪਲਾਹੀ ਕਰਦੀ ਹੈ। ਇਸ ਕੌਂਸਲ ਅਧੀਨ ਚੱਲਦੀਆਂ ਸਿੱਖਿਆ ਸੰਸਥਾਵਾਂ ਦੀਆਂ ਫ਼ੀਸਾਂ ਬਹੁਤ ਮਾਮੂਲੀ ਹਨ।
ਜਤਿੰਦਰਪਾਲ ਸਿੰਘ ਦੱਸਦੇ ਹਨ, "ਸਾਰੇ ਪਿੰਡ ਵਿੱਚ ਜ਼ਮੀਨਦੋਜ਼ ਸੀਵਰੇਜ ਪਾਇਆ ਹੋਇਆ ਹੈ। ਗਲੀਆਂ-ਨਾਲੀਆਂ ਵੀ ਪੱਕੀਆਂ ਹਨ। ਪਿੰਡ ਵਿੱਚ ਖੇਡ ਸਟੇਡੀਅਮ ਅਤੇ ਪਾਰਕ ਵੀ ਬਣਾਏ ਗਏ ਹਨ।"
ਜ਼ਮੀਨ-ਜਾਇਦਾਦ ਵੇਚਣ ਦਾ ਰੁਝਾਨ ਵਧਿਆ

ਤਸਵੀਰ ਸਰੋਤ, BBC/Gurdev Singh
ਭਾਵੇਂ ਪਲਾਹੀ ਦੇ ਜੰਮੇ-ਪਲੇ ਪਰਵਾਸੀ ਪੰਜਾਬੀਆਂ ਨੇ ਪਿੰਡ ਨੂੰ ਮਾਡਲ ਪਿੰਡ ਵਿੱਚੋਂ ਵਿਕਸਤ ਕਰਕੇ ਇੱਕ ਮਿਸਾਲ ਪੇਸ਼ ਕੀਤੇ ਸੀ, ਪਰ ਹੁਣ ਇੱਥੋਂ ਹੋਏ ਪਰਵਾਸ ਦਾ ਇੱਕ ਹੋਰ ਪੱਖ ਸਾਹਮਣੇ ਆਉਣ ਲੱਗਾ ਹੈ। ਪਰਵਾਸੀ ਪੰਜਾਬੀ ਹੁਣ ਜਾਇਦਾਦਾਂ ਵੇਚਕੇ ਹਮੇਸ਼ਾ ਵਾਸਤੇ ਪਿੰਡ ਖਾਲ਼ੀ ਕਰਨ ਲੱਗ ਪਏ ਹਨ।
ਜਤਿੰਦਰਪਾਲ ਚਿੰਤਾ ਪ੍ਰਗਟ ਕਰਦੇ ਹਨ ਕਿ ਪਹਿਲਾ ਵਿਦੇਸ਼ਾਂ ਵਿੱਚੋਂ ਪੂੰਜੀ ਪਿੰਡ ਜਾਂ ਪੰਜਾਬ ਆਉਂਦੀ ਸੀ। ਪਰਵਾਸੀ ਪੰਜਾਬੀ ਵਿਦੇਸ਼ਾਂ ਵਿੱਚ ਕਮਾਈ ਕਰਕੇ ਪੰਜਾਬ ਵਿੱਚ ਜਾਇਦਾਦ ਬਣਾਉਂਦੇ ਸਨ। ਹੁਣ ਐਨਆਰਆਈ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚਕੇ ਪੂੰਜੀ ਆਪਣੇ ਨਾਲ ਵਿਦੇਸ਼ਾਂ ਵਿੱਚ ਲੈਕੇ ਜਾ ਰਹੇ ਹਨ।
ਉਹ ਦੱਸਦੇ ਹਨ ਕਿ ਸਿੱਖਿਆ ਸੰਸਥਾਵਾਂ ਅਤੇ ਕੌਂਸਲ ਨਾਲ ਜੁੜੇ ਹੋਏ ਬਹੁਤੇ ਬਜ਼ੁਰਗ ਐੱਨਆਰਆਈ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਉਨ੍ਹਾਂ ਦੀ ਅਗਲੀ ਪੀੜ੍ਹੀ ਹੁਣ ਪਿੰਡ ਵਿੱਚੋਂ ਆਪਣੀਆਂ ਜਾਇਦਾਦਾਂ ਵੇਚ ਕੇ ਪੂੰਜੀ ਵਿਦੇਸ਼ਾਂ ਵਿੱਚ ਨਾਲ ਲੈ ਕੇ ਜਾ ਰਹੀ ਹੈ।
"ਜਿਹੜੀ ਨਵੀਂ ਪੀੜ੍ਹੀ ਹੁਣ ਵਿਦੇਸ਼ਾਂ ਵਿੱਚ ਗਈ ਹੈ। ਉਨ੍ਹਾਂ ਦਾ ਵਿਦੇਸ਼ਾਂ ਵਿੱਚ ਆਪਣੀ ਜੱਦੋ-ਜਹਿਦ ਚੱਲ ਰਹੀ ਹੈ। ਉਨ੍ਹਾਂ ਕੋਲ ਪਛਾਂਹ ਵੱਲ ਝਾਕਣ ਦਾ ਸਮਾਂ ਨਹੀਂ ਹੈ।"
ਅਧੂਰੀਆਂ ਸੱਧਰਾਂ

ਤਸਵੀਰ ਸਰੋਤ, BBC/Gurdev Singh
ਦੁਆਬੇ ਦੇ ਲੋਕਾਂ ਦੇ ਦਰਦ ਦੇ ਨਾਲ-ਨਾਲ ਮਾਲਵੇ ਵਿੱਚ ਵੀ ਪਰਵਾਸ ਕਾਰਨ ਮਨੁੱਖੀ ਭਾਵਨਾ ਦੀ ਪੀੜਾ ਵੱਖਰੀ ਅਤੇ ਡੂੰਘੀ ਝਲਕਦੀ ਹੈ।
ਪਟਿਆਲੇ ਦਾ ਬਜ਼ੁਰਗ ਜੋੜਾ ਦੱਸਦਾ ਹੈ ਕਿ ਉਨ੍ਹਾਂ ਦੇ ਦੋਵਾਂ ਪੁੱਤਰਾਂ ਨੇ ਵਿਆਹ ਕਰਵਾ ਲਏ ਸੀ ਅਤੇ ਹੁਣ ਉਨ੍ਹਾਂ ਦੇ ਵੱਡੇ ਪੋਤਰੇ ਦੀ ਉਮਰ ਬਿਲਕੁਲ ਉਨੀ ਹੈ, ਜਿੰਨੀ ਵੱਡੇ ਮੁੰਡੇ ਦੀ ਘਰ ਛੱਡਣ ਵੇਲੇ ਸੀ।
ਉਨ੍ਹਾਂ ਨੇ ਆਪਣੇ ਪੋਤਿਆਂ ਲਈ ਘਰ ਵਿੱਚ ਖਿਡੌਣੇ ਖ਼ਰੀਦਕੇ ਰੱਖੇ ਹੋਏ ਹਨ। ਉਹ ਹਰ ਦਿਨ ਉਨ੍ਹਾਂ ਨੂੰ ਇਸ ਉਮੀਦ ਵਿੱਚ ਸਾਫ ਕਰਦੇ ਹਨ ਕਿ ਉਨ੍ਹਾਂ ਦੇ ਪੋਤੇ ਇੱਕ ਦਿਨ ਉਨ੍ਹਾਂ ਨਾਲ ਖੇਡਣਗੇ, ਭਾਵੇਂ ਉਨ੍ਹਾਂ ਦੇ ਵੱਡੇ ਪੋਤੇ ਦੀ ਉਮਰ ਹੁਣ ਖਿਡੌਣਿਆਂ ਨਾਲ ਖੇਡਣ ਵਾਲੀ ਨਹੀਂ ਰਹੀਂ।
70 ਸਾਲਾ ਬਜ਼ੁਰਗ ਦੱਸਦੀ ਹੈ, "ਬੱਚਿਆਂ ਦੇ ਵਿਆਹ ਮਗਰੋਂ ਨੂੰਹਾਂ ਨਾਲ ਕਿਵੇਂ ਰਹੀਦਾ, ਪੋਤੇ-ਪੋਤੀਆਂ ਨਾਲ ਕਿਵੇਂ ਖੇਡੀਦਾ ਹੈ, ਉਨ੍ਹਾਂ ਨੂੰ ਵੱਡੇ ਹੁੰਦੇ ਦੇਖਣਾ, ਅਸੀਂ ਇਸ ਤੋਂ ਵਾਂਝੇ ਰਹਿ ਗਏ। ਜਦੋਂ ਦਿਨ-ਤਿਉਹਾਰ ਹੁੰਦਾ ਹੈ ਤਾਂ ਆਪਣੇ ਬੱਚਿਆਂ ਦੀ ਬਹੁਤ ਯਾਦ ਆਉਂਦੀ ਹੈ।"

ਉਹ ਕਹਿੰਦੇ ਹਨ, "ਜਦੋਂ ਦੋਸਤਾਂ ਦੇ ਘਰ ਜਾਂਦੇ ਹਾਂ ਤਾਂ ਉਨ੍ਹਾਂ ਦੇ ਪੋਤੇ-ਪੋਤੀਆਂ ਉਨ੍ਹਾਂ ਦੇ ਅੱਗੇ ਪਿੱਛੇ ਫਿਰਦੇ ਹਨ। ਨੂੰਹਾਂ ਆਉ ਭਗਤ ਵਿੱਚ ਲੱਗ ਜਾਂਦੀਆਂ ਹਨ। ਪਰ ਮੈਨੂੰ ਆਪ ਹੀ ਮਹਿਮਾਨ ਨਿਵਾਜੀ ਕਰਨੀ ਪੈਂਦੀ ਹੈ। ਕਾਸ਼ ਮੇਰੀ ਨੂੰਹ ਮੇਰੇ ਕੋਲ ਹੁੰਦੀ।"
"ਜਦੋਂ ਕਿਸੇ ਹੋਰ ਦੇ ਪੋਤੇ ਨੂੰ ਆਪਣੇ ਨਾਲ ਖੇਡਦੇ ਹੋਏ ਦੇਖਦੀ ਹਾਂ ਤਾਂ ਮੈਂ ਸੋਚਦੀ ਹਾਂ ਕਾਸ਼ ਮੈਂ ਆਪਣੇ ਪੋਤੇ ਦੀ ਉਂਗਲੀ ਫੜ ਕੇ ਉਸਨੂੰ ਗੁਰਦੁਆਰੇ ਲੈਕੇ ਜਾਂਦੀ। ਉਸਨੂੰ ਖੇਡਣ ਲਈ ਲੈਕੇ ਜਾਂਦੀ। ਨੂੰਹ ਨਾਲ ਮਿਲਕੇ ਉਸਦਾ ਲੰਚ ਬਾਕਸ ਤਿਆਰ ਕਰਦੀ।"
ਮਾਹਰਾਂ ਨੇ ਕੀ ਕਿਹਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਰਥ ਸ਼ਾਸ਼ਤਰ ਅਤੇ ਸਮਾਜ ਸ਼ਾਸਤਰ ਵਿਭਾਗ ਤੋਂ ਸੇਵਾ ਮੁਕਤ ਹੋਏ ਪ੍ਰੋਫੈਸਰ ਸੁਖਦੇਵ ਸਿੰਘ ਨੇ ਕਹਿੰਦੇ ਹਨ, "ਇਕੱਲੇਪਣ ਨਾਲ ਬਜ਼ੁਰਗ ਮਾਪਿਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ। ਪਰਵਾਸ ਕਾਰਨ ਹੁਣ ਪਰਿਵਾਰ ਦੀ ਪ੍ਰੀਭਾਸ਼ਾ ਬਦਲ ਗਈ ਹੈ। ਛੋਟੇ ਪਰਿਵਾਰਾਂ ਵਿੱਚ ਬੱਚੇ ਅਤੇ ਮਾਪੇ ਰਹਿੰਦੇ ਸਨ। ਹੁਣ ਇਕੱਲੇ ਮਾਪਿਆਂ ਦਾ ਅਲੱਗ ਪਰਿਵਾਰ ਹੈ। ਬੱਚਿਆਂ ਦਾ ਅਲੱਗ ਪਰਿਵਾਰ ਹੈ।"
ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮਾਜ ਸ਼ਾਸਤਰ ਵਿਭਾਗ ਤੋਂ ਸੇਵਾ ਮੁਕਤ ਹੋਏ ਪ੍ਰੋਫੈਸਰ ਹਰਵਿੰਦਰ ਭੱਟੀ ਦੱਸਦੇ ਹਨ ਕਿ ਪਰਵਾਸ ਪਿੱਛੇ ਦੋ ਫੈਕਟਰ ਹੁੰਦੇ ਹਨ। 'ਪੁੱਲ ਫੈਕਟਰ' ਅਤੇ 'ਪੁਸ਼ ਫੈਕਟਰ'।
ਉਹ ਕਹਿੰਦੇ ਹਨ, "ਪਰਵਾਸੀ ਪੰਜਾਬੀਆਂ ਦੀ ਸਫਲਤਾ ਦੇ ਕਿੱਸੇ ਅਤੇ ਵਿਦੇਸ਼ ਦੇ ਸੁਪਨੇ ਸੂਚਨਾ ਰਾਹੀਂ ਪੰਜਾਬ ਦੇ ਨੌਜਵਾਨ ਕੋਲ ਪਹੁੰਚ ਰਹੇ ਹਨ। ਇਨ੍ਹਾਂ ਸੁਪਨਿਆਂ ਅਤੇ ਕਿੱਸਿਆਂ ਵਿੱਚ ਬਹੁਤ ਖਿੱਚ ਹੈ। ਉਨ੍ਹਾਂ ਨੂੰ ਲੱਗਦਾ ਹੈ, ਉਹ ਵਿਦੇਸ਼ ਵਿੱਚ ਹੀ ਕਾਮਯਾਬ ਹੋ ਸਕਦੇ ਹਨ।"
"ਦੂਸਰਾ ਇੱਥੇ ਕਾਮਯਾਬ ਹੋਣ ਮਗਰੋਂ ਵੀ ਜ਼ਿੰਦਗੀ ਸਥਿਰ ਨਹੀਂ ਹੈ। ਇਸ ਲਈ ਇੱਥੇ ਕਾਮਯਾਬ ਹੋਣ ਵਾਲੇ ਵੀ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ।"

ਤਸਵੀਰ ਸਰੋਤ, BBC/Gurdev Singh
ਭੱਟੀ ਮੁਤਾਬਕ, "ਨੌਜਵਾਨਾਂ ਦੇ ਨਾਲ ਹੀ ਸਮਾਜ ਹੁੰਦਾ ਹੈ। ਇਸ ਲਈ ਸਾਡਾ ਸਮਾਜ ਵੀ ਨੌਜਵਾਨਾਂ ਨਾਲ ਪ੍ਰਵਾਸ ਕਰ ਗਿਆ ਹੈ। ਅਜਿਹੇ ਵਿੱਚ ਖ਼ਲਾਅ ਪੈਦਾ ਹੋ ਗਿਆ ਹੈ। ਇਹ ਖ਼ਲਾਅ ਕੋਈ ਤਾਂ ਭਰੇਗਾ ਹੀ। ਯੂਪੀ ਅਤੇ ਬਿਹਾਰ ਤੋਂ ਪੰਜਾਬ ਵਿੱਚ ਹੁੰਦਾ ਪਰਵਾਸ ਇਸੇ ਖ਼ਲਾਅ ਦਾ ਨਤੀਜਾ ਹੈ।"
ਉਹ ਕਹਿੰਦੇ ਹਨ, "ਅਸੀਂ ਆਪਣਾ ਸਭ ਤੋਂ ਉੱਤਮ ਮਨੁੱਖੀ ਸਰੋਤ ਵਿਦੇਸ਼ਾਂ ਵਿੱਚ ਭੇਜ ਰਹੇ ਹਾਂ। ਜਿਹੜੇ ਨੌਜਵਾਨ ਪੰਜਾਬ ਰਹਿੰਦੇ ਹਨ ਅਤੇ ਵਿਦੇਸ਼ਾਂ ਵਿੱਚ ਜਾਣ ਦੇ ਇੱਛੁਕ ਹਨ, ਉਹ ਦੋ ਸੰਸਾਰਾਂ ਵਿੱਚ ਰਹਿੰਦੇ ਹਨ। ਉਹ ਆਪਣੇ ਦੇਸ਼ ਅਤੇ ਵਿਦੇਸ਼ਾਂ ਦੀ ਤੁਲਨਾ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਵਿਦੇਸ਼ਾਂ ਵਿੱਚ ਸਭ ਠੀਕ ਹੈ ਅਤੇ ਇੱਥੇ ਸਭ ਗਲਤ ਹੈ। ਪਰ ਅਜਿਹਾ ਨਹੀਂ ਹੈ।"
ਪਰਵਾਸ ਦੀ ਪੀੜਾ ਨੂੰ ਬਿਆਨ ਕਰਦਿਆਂ ਭੱਟੀ ਆਪਣੀ ਦਲੀਲ ਖ਼ਤਮ ਕਰਦੇ ਹਨ, "ਪਹਿਲਾਂ ਲੋਕ ਵਿਦੇਸ਼ਾਂ ਨੂੰ ਮਿੱਠੀ ਜੇਲ੍ਹ ਕਹਿੰਦੇ ਸਨ। ਪਰ ਉਹ ਜੇਲ੍ਹ ਵੀ ਕੌੜੀ ਹੋ ਗਈ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













