'ਧਾਰਮਿਕ ਰਸਮਾਂ ਦੀ ਆੜ ਹੇਠ ਸ਼ੋਸ਼ਣ', ਦੇਵਦਾਸੀ ਬਣਾਈਆਂ ਗਈਆਂ ਨੌਜਵਾਨ ਕੁੜੀਆਂ ਦੀ ਦਰਦਨਾਕ ਕਹਾਣੀ

ਤਸਵੀਰ ਸਰੋਤ, Sakhi Trust
"ਦੇਹ ਵਪਾਰ ਨੇ ਮੇਰੇ 'ਤੇ ਬਹੁਤ ਅਸਰ ਪਾਇਆ ਹੈ। ਮੇਰਾ ਸਰੀਰ ਬਹੁਤ ਕਮਜ਼ੋਰ ਹੈ, ਮੈਂ ਮਾਨਸਿਕ ਤੌਰ ਉੱਤੇ ਟੁੱਟ ਚੁੱਕੀ ਹਾਂ,'' ਇਹ ਕਹਿਣਾ ਹੈ ਚੰਦ੍ਰਿਕਾ ਦਾ।
ਚੰਦ੍ਰਿਕਾ ਦਾ ਸੈਕਸ ਵਰਕਰ ਵਜੋਂ ਜੀਵਨ ਇੱਕ ਧਾਰਮਿਕ ਰਸਮ ਨਾਲ ਸ਼ੁਰੂ ਹੋਇਆ ਸੀ। 15 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਮੰਦਰ ਲਿਜਾਇਆ ਗਿਆ ਅਤੇ ਇੱਕ ਦੇਵੀ ਨਾਲ ਰਸਮੀ ਵਿਆਹ ਕਰਵਾਇਆ ਗਿਆ। ਚੰਦ੍ਰਿਕਾ ਨੇ ਬੀਬੀਸੀ ਨੂੰ ਦੱਸਿਆ, "ਉਸ ਵੇਲੇ ਮੈਨੂੰ ਇਸ ਰਸਮ ਦੇ ਮਤਲਬ ਦਾ ਪਤਾ ਨਹੀਂ ਸੀ।"
ਚੰਦ੍ਰਿਕਾ ਹੁਣ 30 ਸਾਲਾਂ ਦੇ ਹਨ। ਉਨ੍ਹਾਂ ਨੂੰ ਪੈਸਿਆਂ ਲਈ ਦੇਹ ਵਪਾਰ ਸ਼ੁਰੂ ਕੀਤੇ ਦੋ ਦਹਾਕੇ ਹੋ ਗਏ ਹਨ।
ਦੇਵਦਾਸੀ ਤੋਂ ਵੇਸਵਾ ਤੱਕ

ਦੱਖਣੀ ਭਾਰਤੀ ਸੂਬਾ ਕਰਨਾਟਕ ਵਿੱਚ ਇੱਕ ਸਰਵੇਖਣ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਔਰਤਾਂ ਦੀ ਪਛਾਣ ਕੀਤੀ ਜਾ ਸਕੇ ਜਿਨ੍ਹਾਂ ਨੂੰ ਚੰਦ੍ਰਿਕਾ ਵਾਂਗ ਦੇਵਦਾਸੀ ਪਰੰਪਰਾ ਨੂੰ ਅਪਣਾਉਣ ਤੋਂ ਬਾਅਦ ਸੈਕਸ ਵਰਕਰ ਬਣਨ ਲਈ ਮਜਬੂਰ ਕੀਤਾ ਗਿਆ ਸੀ।
ਦੇਵਦਾਸੀਆਂ ਦੀ ਪ੍ਰਥਾ ਦੱਖਣੀ ਭਾਰਤ ਵਿੱਚ ਇੱਕ ਹਜ਼ਾਰ ਸਾਲਾਂ ਤੋਂ ਵੱਧ ਸਮੇਂ ਤੋਂ ਚੱਲਦੀ ਆ ਰਹੀ ਹੈ। ਸ਼ੁਰੂ ਵਿੱਚ ਉਹ ਮੰਦਰਾਂ 'ਚ ਕਲਾਕਾਰਾਂ ਵਜੋਂ ਨਾਚ-ਗੀਤ ਪੇਸ਼ ਕਰਦੀਆਂ ਸਨ। ਸਮੇਂ ਦੇ ਨਾਲ–ਨਾਲ ਇਹ ਪ੍ਰਥਾ ਇਕ ਤਰ੍ਹਾਂ ਦੀ ਮਨਜ਼ੂਰਸ਼ੁਦਾ ਵੇਸ਼ਵਾਵ੍ਰਿਤੀ ਵਾਂਗ ਬਣ ਗਈ।
ਭਾਰਤ ਦੇ ਕਈ ਹਿੱਸਿਆਂ ਵਿੱਚ ਬਸਤੀਵਾਦੀ ਕਾਲ ਵਿੱਚ ਹੀ ਇਸ 'ਤੇ ਪਾਬੰਦੀ ਲੱਗਣੀ ਸ਼ੁਰੂ ਹੋ ਗਈ ਸੀ, ਪਰ ਕਰਨਾਟਕ ਨੇ ਇਸ ਅਭਿਆਸ ਨੂੰ 1982 ਵਿੱਚ ਹੀ ਗੈਰਕਾਨੂੰਨੀ ਐਲਾਨਿਆ। ਫਿਰ ਵੀ ਇਹ ਅੱਜ ਵੀ ਜਾਰੀ ਹੈ।
ਪਿੰਡਾਂ ਵਿੱਚ ਰਹਿਣ ਵਾਲੀਆਂ ਦੇਵਦਾਸੀਆਂ ਦੇ ਕੁਝ ਕਰੀਬੀ ਦੋਸਤ ਜਾਂ ਹੋਰ ਗਾਹਕ ਹੁੰਦੇ ਹਨ, ਜਦੋਂ ਕਿ ਬਹੁਤ ਸਾਰੀਆਂ ਦੇਵਦਾਸੀਆਂ ਮੁੰਬਈ ਵਰਗੇ ਸ਼ਹਿਰਾਂ ਵਿੱਚ ਵੇਸਵਾਘਰਾਂ ਵਿੱਚ ਕੰਮ ਕਰਨ ਲਈ ਜਾਂਦੀਆਂ ਹਨ।
ਧੋਖੇ ਨਾਲ ਦੇਹ ਵਪਾਰ 'ਚ ਸ਼ਾਮਲ ਕਰਨਾ

ਤਸਵੀਰ ਸਰੋਤ, Sakhi Trust
ਬੇਲਗਾਮ ਸ਼ਹਿਰ ਵਿੱਚ ਆਪਣੀ ਸਮਰਪਣ ਰਸਮ ਤੋਂ ਬਾਅਦ ਚੰਦ੍ਰਿਕਾ ਘਰ ਆ ਗਈ ਅਤੇ ਚਾਰ ਸਾਲ ਤੱਕ ਆਮ ਜੀਵਨ ਜਿਉਂਦੀ ਰਹੀ। ਫਿਰ ਚੰਦ੍ਰਿਕਾ ਦੀ ਇੱਕ ਰਿਸ਼ਤੇਦਾਰ ਮਹਿਲਾ ਉਨ੍ਹਾਂ ਨੂੰ ਸਾਂਗਲੀ ਦੇ ਉਦਯੋਗਿਕ ਸ਼ਹਿਰ 'ਚ ਘਰੇਲੂ ਨੌਕਰਾਣੀ ਵਜੋਂ ਕੰਮ ਦੁਆਉਣ ਦਾ ਵਾਅਦਾ ਕਰਕੇ ਲੈ ਗਈ। ਉੱਥੇ ਚੰਦ੍ਰਿਕਾ ਨੂੰ ਇੱਕ ਵੇਸਵਾਘਰ ਵਿੱਚ ਛੱਡ ਦਿੱਤਾ ਗਿਆ।
ਚੰਦ੍ਰਿਕਾ ਯਾਦ ਕਰਦੇ ਹਨ, ''ਪਹਿਲੇ ਕੁਝ ਮਹੀਨੇ ਬਹੁਤ ਔਖੇ ਸਨ। ਮੈਂ ਬਿਮਾਰ ਮਹਿਸੂਸ ਕਰਦੀ ਸੀ। ਨਾ ਢੰਗ ਨਾਲ ਖਾ ਸਕਦੀ ਸੀ, ਨਾ ਸੌਂ ਸਕਦੀ ਸੀ, ਮੈਂ ਭੱਜ ਜਾਣ ਬਾਰੇ ਸੋਚਦੀ ਸੀ, ਪਰ ਹੌਲੀ–ਹੌਲੀ ਇਹ ਸਭ ਕਬੂਲ ਕਰਨਾ ਪਿਆ।"
ਚੰਦ੍ਰਿਕਾ ਸਿਰਫ਼ 19 ਸਾਲਾਂ ਦੀ ਸੀ, ਬਹੁਤ ਘੱਟ ਪੜ੍ਹੀ-ਲਿਖੀ ਅਤੇ ਸਾਂਗਲੀ ਵਿੱਚ ਬੋਲੀ ਜਾਣ ਵਾਲੀ ਹਿੰਦੀ ਜਾਂ ਮਰਾਠੀ ਵੀ ਢੰਗ ਨਾਲ ਨਹੀਂ ਸਮਝਦੀ ਸੀ।
ਉਨ੍ਹਾਂ ਕਿਹਾ, ''ਕੁਝ ਗਾਹਕਾਂ ਨੇ ਮੇਰੇ 'ਤੇ ਸਰੀਰਕ ਹਮਲਾ ਕੀਤਾ, ਕੁਝ ਨੇ ਮੇਰੇ ਲਈ ਭੱਦੀ ਸ਼ਬਦਾਵਲੀ ਵਰਤੀ, ਮੈਨੂੰ ਇਸ ਨਾਲ ਨਜਿੱਠਣ ਲਈ ਸੰਘਰਸ਼ ਕਰਨਾ ਪਿਆ।"
ਵੇਸਵਾਖਾਨੇ ਦੇ ਗਾਹਕਾਂ ਵਿੱਚ ਕਾਲਜ ਦੇ ਵਿਦਿਆਰਥੀਆਂ ਤੋਂ ਲੈ ਕੇ ਡਰਾਈਵਰ, ਵਕੀਲ ਅਤੇ ਰੋਜ਼ਾਨਾ ਦਿਹਾੜੀਦਾਰ ਮਜ਼ਦੂਰ ਸ਼ਾਮਲ ਸਨ।
ਸੈਕਸ ਵਰਕ ਵਜੋਂ ਸਾਂਗਲੀ ਵਿੱਚ ਚੰਦ੍ਰਿਕਾ ਦੀ ਮੁਲਾਕਾਤ ਉਸਦੇ ਇੱਕ ਸਾਥੀ ਨਾਲ ਹੋਈ ਜੋ ਇੱਕ ਟਰੱਕ ਡਰਾਈਵਰ ਸੀ।
ਦੋਵਾਂ ਦੇ ਇੱਕ ਧੀ ਅਤੇ ਇੱਕ ਪੁੱਤਰ ਹੋਏ। ਚੰਦ੍ਰਿਕਾ ਦਾ ਸਾਥੀ ਬੱਚਿਆਂ ਦੀ ਦੇਖਭਾਲ ਕਰਦਾ ਸੀ ਜਦਕਿ ਉਹ ਆਪ ਵੇਸਵਾਘਰ ਵਿੱਚ ਕੰਮ ਕਰਦੀ ਰਹੀ, ਜਿੱਥੇ ਉਹ ਦਿਨ ਵਿੱਚ 10 ਤੋਂ 15 ਗਾਹਕਾਂ ਨਾਲ ਮਿਲਦੀ ਸੀ।
ਆਪਣੇ ਦੂਜੇ ਬੱਚੇ ਦੇ ਜਨਮ ਤੋਂ ਕੁਝ ਸਾਲ ਬਾਅਦ, ਚੰਦ੍ਰਿਕਾ ਦੇ ਸਾਥੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਗਈ ਅਤੇ ਉਹ ਵਾਪਸ ਬੇਲਗਾਮ ਚਲੀ ਗਈ, ਜਿੱਥੋਂ ਉਨ੍ਹਾਂ ਨੇ ਇੱਕ ਅਨੁਵਾਦਕ ਰਾਹੀਂ ਬੀਬੀਸੀ ਨਾਲ ਗੱਲ ਕੀਤੀ।
'ਮਰਦ ਸਾਡੇ ਨਾਲ ਵਿਆਹ ਕਰਨ ਨਹੀਂ ਆਉਂਦੇ'

ਤਸਵੀਰ ਸਰੋਤ, Sakhi Trust
ਸਾਰੀਆਂ ਦੇਵਦਾਸੀਆਂ ਵੇਸਵਾਘਰਾਂ ਵਿੱਚ ਕੰਮ ਨਹੀਂ ਕਰਦੀਆਂ ਅਤੇ ਸਾਰੀਆਂ ਸੈਕਸ ਵਰਕਰ ਵੀ ਨਹੀਂ ਹਨ।
ਅੰਕਿਤਾ ਅਤੇ ਸ਼ਿਲਪਾ ਦੋਵੇਂ 23 ਸਾਲ ਦੀਆਂ ਹਨ, ਚਚੇਰੀਆਂ ਭੈਣਾਂ ਹਨ ਅਤੇ ਉੱਤਰੀ ਕਰਨਾਟਕ ਦੇ ਇੱਕ ਪਿੰਡ ਵਿੱਚ ਰਹਿੰਦੀਆਂ ਹਨ। ਚੰਦ੍ਰਿਕਾ ਵਾਂਗ ਉਹ ਵੀ ਦਲਿਤ ਭਈਚਾਰੇ ਨਾਲ ਸਬੰਧ ਰੱਖਦੀਆਂ ਹਨ, ਜਿਸ ਨੂੰ ਭਾਰਤ ਵਿੱਚ ਬਹੁਤ ਜ਼ਿਆਦਾ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ਼ਿਲਪਾ ਨੇ ਸਕੂਲ ਵਿੱਚ ਸਿਰਫ਼ ਇੱਕ ਸਾਲ ਪੜ੍ਹਨ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਅਤੇ ਉਨ੍ਹਾਂ ਦਾ ਸਮਰਪਣ 2022 ਵਿੱਚ ਹੋਇਆ। ਅੰਕਿਤਾ ਨੇ ਲਗਭਗ 15 ਸਾਲ ਦੀ ਉਮਰ ਤੱਕ ਪੜ੍ਹਾਈ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੇ 2023 ਵਿੱਚ ਸਮਰਪਣ ਰਸਮ ਦਾ ਪ੍ਰਬੰਧ ਕੀਤਾ। ਆਪਣੇ ਭਰਾ ਦੀ ਮੌਤ ਤੋਂ ਬਾਅਦ ਸ਼ਿਲਪਾ 'ਤੇ ਦੇਵਦਾਸੀ ਬਣਨ ਲਈ ਦਬਾਅ ਪਾਇਆ ਗਿਆ।
ਅੰਕਿਤਾ ਨੇ ਕਿਹਾ, "ਮੇਰੇ ਮਾਪਿਆਂ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਦੇਵੀ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ। ਮੈਂ ਇਨਕਾਰ ਕਰ ਦਿੱਤਾ। ਇੱਕ ਹਫ਼ਤੇ ਬਾਅਦ ਉਨ੍ਹਾਂ ਨੇ ਮੈਨੂੰ ਖਾਣਾ ਦੇਣਾ ਬੰਦ ਕਰ ਦਿੱਤਾ।"
"ਮੈਨੂੰ ਬਹੁਤ ਬੁਰਾ ਲੱਗਾ ਪਰ ਮੈਂ ਆਪਣੇ ਪਰਿਵਾਰ ਦੀ ਖਾਤਰ ਇਸ ਨੂੰ ਸਵੀਕਾਰ ਕਰ ਲਿਆ। ਮੈਂ ਲਾੜੀ ਵਾਂਗ ਕੱਪੜੇ ਪਾਏ ਅਤੇ ਦੇਵੀ ਨਾਲ ਵਿਆਹ ਕੀਤਾ।"
ਅੰਕਿਤਾ ਚਿੱਟੇ ਮੋਤੀਆਂ ਅਤੇ ਲਾਲ ਮਣਕਿਆਂ ਨਾਲ ਬਣਿਆ ਇੱਕ ਹਾਰ ਫੜੀ ਹੋਈ ਹੈ ਜੋ ਇਸ ਮਿਲਾਪ ਦਾ ਪ੍ਰਤੀਕ ਹੈ।
ਨਾ ਤਾਂ ਅੰਕਿਤਾ ਦੀ ਮਾਂ ਅਤੇ ਨਾ ਹੀ ਉਨ੍ਹਾਂ ਦੀ ਦਾਦੀ ਦੇਵਦਾਸੀ ਸਨ। ਪਰਿਵਾਰ ਕੋਲ ਖੇਤੀ ਯੋਗ ਜ਼ਮੀਨ ਦਾ ਇੱਕ ਛੋਟਾ ਟੁਕੜਾ ਹੈ ਪਰ ਇਹ ਉਨ੍ਹਾਂ ਦਾ ਪੇਟ ਭਰਨ ਲਈ ਕਾਫੀ ਨਹੀਂ ਹੈ।
"ਇਹ ਡਰ ਹੈ ਕਿ ਜੇ ਕੋਈ ਵੀ ਸ਼ਾਮਲ ਨਹੀਂ ਹੋਇਆ, ਤਾਂ ਦੇਵੀ ਸਾਨੂੰ ਸਰਾਪ ਦੇਵੇਗੀ।"

ਤਸਵੀਰ ਸਰੋਤ, Sakhi Trust
ਦੇਵਦਾਸੀਆਂ ਵਿਆਹ ਨਹੀਂ ਕਰਵਾ ਸਕਦੀਆਂ ਪਰ ਉਨ੍ਹਾਂ ਦੇ ਨਜ਼ਦੀਕੀ ਸਾਥੀ ਬਣ ਸਕਦੇ ਹਨ ਜੋ ਕਾਨੂੰਨੀ ਤੌਰ 'ਤੇ ਕਿਸੇ ਹੋਰ ਔਰਤ ਨਾਲ ਵਿਆਹੇ ਹੋਏ ਹੋ ਸਕਦੇ ਹਨ।
ਅੰਕਿਤਾ ਨੇ ਮਰਦਾਂ ਦੇ ਸਾਰੇ ਪ੍ਰਸਤਾਵਾਂ ਨੂੰ ਠੁਕਰਾ ਦਿੱਤਾ ਅਤੇ ਹਾਲੇ ਵੀ ਖੇਤੀ ਮਜ਼ਦੂਰ ਵਜੋਂ ਕੰਮ ਕਰ ਰਹੀ ਹੈ ਤੇ ਰੋਜ਼ਾਨਾ ਲਗਭਗ 300-350 ਰੁਪਏ ਕਮਾਉਂਦੇ ਹਨ।
ਸ਼ਿਲਪਾ ਦੀ ਜ਼ਿੰਦਗੀ ਨੇ ਇੱਕ ਵੱਖਰਾ ਮੋੜ ਲਿਆ। ਆਪਣੇ ਸਮਰਪਣ ਤੋਂ ਬਾਅਦ, ਉਨ੍ਹਾਂ ਨੇ ਇੱਕ ਪਰਵਾਸੀ ਮਜ਼ਦੂਰ ਨਾਲ ਰਿਸ਼ਤਾ ਸ਼ੁਰੂ ਕੀਤਾ।
ਸ਼ਿਲਪਾ ਦੱਸਦੇ ਹਨ, "ਉਹ ਮੇਰੇ ਕੋਲ ਆਇਆ ਕਿਉਂਕਿ ਉਹ ਜਾਣਦਾ ਸੀ ਕਿ ਮੈਂ ਇੱਕ ਦੇਵਦਾਸੀ ਹਾਂ।"
ਕਈ ਦੇਵਦਾਸੀ ਔਰਤਾਂ ਵਾਂਗ ਸ਼ਿਲਪਾ ਵੀ ਆਪਣੇ ਸਾਥੀ ਨਾਲ ਆਪਣੇ ਘਰ ਵਿੱਚ ਰਹਿੰਦੀ ਸੀ।
"ਉਹ ਮੇਰੇ ਨਾਲ ਸਿਰਫ ਕੁਝ ਮਹੀਨੇ ਰਿਹਾ ਅਤੇ ਮੈਨੂੰ ਗਰਭਵਤੀ ਕਰ ਗਿਆ। ਜਦੋਂ ਉਹ ਮੇਰੇ ਨਾਲ ਸੀ ਤਾਂ ਉਸ ਨੇ ਮੈਨੂੰ 3,000 ਰੁਪਏ ਦਿੱਤੇ। ਉਸ ਨੇ ਮੇਰੀ ਗਰਭ ਅਵਸਥਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਇੱਕ ਦਿਨ ਉਹ ਗਾਇਬ ਹੋ ਗਿਆ।"
ਸ਼ਿਲਪਾ ਤਿੰਨ ਮਹੀਨੇ ਦੀ ਗਰਭਵਤੀ ਸੀ ਅਤੇ ਪਰੇਸ਼ਾਨੀ ਵਿੱਚ ਸੀ।
"ਮੈਂ ਉਸ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦਾ ਫੋਨ ਪਹੁੰਚ ਤੋਂ ਬਾਹਰ ਸੀ। ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਅਸਲ ਵਿੱਚ ਕਿੱਥੋਂ ਦਾ ਹੈ।"
ਸ਼ਿਲਪਾ ਨੇ ਉਸ ਨੂੰ ਲੱਭਣ ਲਈ ਪੁਲਿਸ ਕੋਲ ਜਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ।
ਉਹ ਕਹਿੰਦੇ ਹਨ, "ਸਾਡੇ ਕੰਮ ਵਿੱਚ ਮਰਦ ਸਾਡੇ ਨਾਲ ਵਿਆਹ ਕਰਨ ਨਹੀਂ ਆਉਂਦੇ।"
ਗਰੀਬੀ ਅਤੇ ਸ਼ੋਸ਼ਣ

ਡਾ. ਐਮ ਭਾਗਿਆਲਕਸ਼ਮੀ ਸਥਾਨਕ ਐਨਜੀਓ ਸਖੀ ਟਰੱਸਟ ਵਿੱਚ ਇੱਕ ਡਾਇਰੈਕਟਰ ਹਨ ਅਤੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਦੇਵਦਾਸੀ ਔਰਤਾਂ ਨਾਲ ਕੰਮ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਪਾਬੰਦੀ ਦੇ ਬਾਵਜੂਦ ਸਮਰਪਣ ਜਾਰੀ ਹਨ।
"ਹਰ ਸਾਲ ਅਸੀਂ ਤਿੰਨ ਜਾਂ ਚਾਰ ਕੁੜੀਆਂ ਨੂੰ ਦੇਵਦਾਸੀ ਵਜੋਂ ਸਮਰਪਿਤ ਹੋਣ ਤੋਂ ਰੋਕਦੇ ਹਾਂ। ਪਰ ਜ਼ਿਆਦਾਤਰ ਰਸਮਾਂ ਗੁਪਤ ਰੂਪ ਵਿੱਚ ਹੁੰਦੀਆਂ ਹਨ। ਸਾਨੂੰ ਇਸ ਬਾਰੇ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਕੋਈ ਨੌਜਵਾਨ ਕੁੜੀ ਗਰਭਵਤੀ ਹੋ ਜਾਂਦੀ ਹੈ ਜਾਂ ਉਸ ਦੇ ਬੱਚਾ ਹੁੰਦਾ ਹੈ।"
ਡਾ. ਭਾਗਿਆਲਕਸ਼ਮੀ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਔਰਤਾਂ ਕੋਲ ਬੁਨਿਆਦੀ ਸਹੂਲਤਾਂ ਦੀ ਘਾਟ ਹੈ, ਉਨ੍ਹਾਂ ਕੋਲ ਨਾ ਤਾਂ ਸਹੀ ਭੋਜਨ ਹੈ ਅਤੇ ਨਾ ਹੀ ਸਿੱਖਿਆ ਅਤੇ ਉਹ ਮਦਦ ਮੰਗਣ ਤੋਂ ਬਹੁਤ ਡਰਦੀਆਂ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਵਿਜੇਨਗਰਾ ਜ਼ਿਲ੍ਹੇ ਵਿੱਚ 10,000 ਦੇਵਦਾਸੀਆਂ ਦਾ ਸਰਵੇਖਣ ਕੀਤਾ ਹੈ। ਮੈਂ ਬਹੁਤ ਸਾਰੀਆਂ ਅਪਾਹਜ, ਅੰਨ੍ਹੀਆਂ ਅਤੇ ਹੋਰ ਕਮਜ਼ੋਰ ਔਰਤਾਂ ਨੂੰ ਇਸ ਪ੍ਰਣਾਲੀ ਵਿੱਚ ਧੱਕਿਆ ਹੋਇਆ ਦੇਖਿਆ। ਲਗਭਗ 70% ਕੋਲ ਘਰ ਨਹੀਂ ਸੀ।"
ਨਜ਼ਦੀਕੀ ਸਾਥੀ ਅਕਸਰ ਕੰਡੋਮ ਦੀ ਵਰਤੋਂ ਕਰਨ ਤੋਂ ਇਨਕਾਰ ਕਰਦੇ ਹਨ ਜਿਸ ਦੇ ਨਤੀਜੇ ਵਜੋਂ ਅਣਚਾਹਾ ਗਰਭ ਜਾਂ ਐੱਚਆਈਵੀ ਫੈਲਣ ਦਾ ਖ਼ਤਰਾ ਹੁੰਦਾ ਹੈ।
ਡਾ. ਭਾਗਿਆਲਕਸ਼ਮੀ ਦਾ ਅੰਦਾਜ਼ਾ ਹੈ ਕਿ ਲਗਭਗ 95% ਦੇਵਦਾਸੀਆਂ ਦਲਿਤ ਸਮਾਜ ਤੋਂ ਆਉਂਦੀਆਂ ਹਨ ਅਤੇ ਬਾਕੀ ਕਬਾਇਲੀ ਭਾਈਚਾਰਿਆਂ ਤੋਂ ਹਨ।
ਪੁਰਾਣੇ ਸਮੇਂ ਤੋਂ ਉਲਟ, ਅੱਜ ਕੱਲ੍ਹ ਦੀਆਂ ਦੇਵਦਾਸੀਆਂ ਨੂੰ ਮੰਦਰਾਂ ਤੋਂ ਕੋਈ ਸਹਾਇਤਾ ਜਾਂ ਆਮਦਨ ਨਹੀਂ ਮਿਲਦੀ।
ਉਹ ਜ਼ੋਰ ਦੇ ਕੇ ਕਹਿੰਦੇ ਹਨ, "ਦੇਵਦਾਸੀ ਪ੍ਰਣਾਲੀ ਸਿਰਫ ਇੱਕ ਸ਼ੋਸ਼ਣ ਹੈ।"
ਰਿਵਾਜ ਦਾ ਅੰਤ

ਮੌਜੂਦਾ ਅਤੇ ਸਾਬਕਾ ਦੇਵਦਾਸੀਆਂ ਇੱਕ ਸਾਲਾਨਾ ਤਿਉਹਾਰ ਲਈ ਬੇਲਗਾਮ ਦੇ 'ਸੌਂਦੱਤੀ ਯੇਲੰਮਾ ਮੰਦਰ' ਵਿੱਚ ਇਕੱਠੀਆਂ ਹੁੰਦੀਆਂ ਹਨ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਥੇ ਕੋਈ ਸਮਰਪਣ ਨਹੀਂ ਹੁੰਦਾ।
ਵਿਸ਼ਵਾਸ ਵਸੰਤ ਵੈਦਿਆ ਕਹਿੰਦੇ ਹਨ, "ਇਹ ਹੁਣ ਇੱਕ ਸਜ਼ਾਯੋਗ ਅਪਰਾਧ ਹੈ। ਅਸੀਂ ਤਿਉਹਾਰਾਂ ਦੌਰਾਨ ਲੋਕਾਂ ਨੂੰ ਚਿਤਾਵਨੀ ਦੇਣ ਲਈ ਪੋਸਟਰ ਅਤੇ ਪੈਂਫਲੈਟ ਲਗਾਉਂਦੇ ਹਾਂ ਕਿ ਸਖ਼ਤ ਕਾਰਵਾਈ ਕੀਤੀ ਜਾਵੇਗੀ।"
ਵੈਦਿਆ ਕਰਨਾਟਕ ਵਿਧਾਨ ਸਭਾ ਦੇ ਮੈਂਬਰ ਹਨ ਅਤੇ ਯੇਲੰਮਾ ਮੰਦਰ ਬੋਰਡ ਦੇ ਮੈਂਬਰ ਵੀ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਸਰਗਰਮ ਦੇਵਦਾਸੀਆਂ ਦੀ ਗਿਣਤੀ ਵਿੱਚ ਬਹੁਤ ਕਮੀ ਆਈ ਹੈ।
ਉਹ ਕਹਿੰਦੇ ਹਨ, "ਹੁਣ ਮੇਰੇ ਚੋਣ ਹਲਕੇ ਵਿੱਚ ਸ਼ਾਇਦ 50 ਤੋਂ 60 ਦੇਵਦਾਸੀਆਂ ਹੋਣਗੀਆਂ, ਮੰਦਿਰ ਵਿੱਚ ਕੋਈ ਵੀ ਦੇਵਦਾਸੀ ਦੀ ਰਸਮ ਸ਼ੁਰੂ ਕਰਨ ਲਈ ਉਤਸ਼ਾਹਿਤ ਨਹੀਂ ਕਰ ਰਿਹਾ ਹੈ।"
ਵੈਦਿਆ ਦਾਅਵਾ ਕਰਦੇ ਹਨ, "ਅਸੀਂ ਆਪਣੀਆਂ ਸਖ਼ਤ ਕਾਰਵਾਈਆਂ ਕਾਰਨ ਦੇਵਦਾਸੀ ਪ੍ਰਥਾ ਨੂੰ ਬੰਦ ਕਰ ਦਿੱਤਾ ਹੈ।"
ਕਰਨਾਟਕ ਸਰਕਾਰ ਵੱਲੋਂ 2008 ਵਿੱਚ ਕੀਤੇ ਗਏ ਸਭ ਤੋਂ ਤਾਜ਼ਾ ਸਰਵੇਖਣ 'ਚ ਰਾਜ ਵਿੱਚ 46,000 ਤੋਂ ਵੱਧ ਦੇਵਦਾਸੀਆਂ ਦੀ ਪਛਾਣ ਕੀਤੀ ਗਈ ਸੀ।
ਅਗਲੀ ਪੀੜ੍ਹੀ

ਤਸਵੀਰ ਸਰੋਤ, Sakhi Trust
ਦੇਹ ਵਪਾਰ ਤੋਂ ਮਿਲੇ ਪੈਸੇ ਨੇ ਚੰਦ੍ਰਿਕਾ ਨੂੰ ਗ਼ਰੀਬੀ ਤੋਂ ਬਚਣ ਵਿੱਚ ਮਦਦ ਕੀਤੀ। ਆਪਣੇ ਬੱਚਿਆਂ ਨੂੰ ਕਲੰਕ ਤੋਂ ਬਚਾਉਣ ਲਈ ਉਨ੍ਹਾਂ ਨੂੰ ਬੋਰਡਿੰਗ ਸਕੂਲਾਂ ਵਿੱਚ ਭੇਜ ਦਿੱਤਾ।
ਚੰਦ੍ਰਿਕਾ ਕਹਿੰਦੇ ਹਨ, "ਮੈਨੂੰ ਆਪਣੀ ਧੀ ਦੀ ਹਮੇਸ਼ਾ ਚਿੰਤਾ ਰਹਿੰਦੀ ਸੀ।"
"ਜਦੋਂ ਉਹ ਲਗਭਗ 16 ਸਾਲ ਦੀ ਸੀ, ਮੈਂ ਉਸਦਾ ਵਿਆਹ ਇੱਕ ਰਿਸ਼ਤੇਦਾਰ ਨਾਲ ਕਰ ਦਿੱਤਾ ਤਾਂ ਜੋ ਉਸਨੂੰ ਮੇਰੇ ਵਾਂਗ ਦੇਵਦਾਸੀ ਨਾ ਬਣਨਾ ਪਵੇ। ਉਹ ਹੁਣ ਆਪਣੇ ਪਤੀ ਨਾਲ ਰਹਿ ਰਹੀ ਹੈ।"
ਚੰਦ੍ਰਿਕਾ ਹੁਣ ਇੱਕ ਐਨਜੀਓ ਨਾਲ ਕੰਮ ਕਰ ਰਹੀ ਹੈ ਅਤੇ ਰੈਗੂਲਰ ਐੱਚਆਈਵੀ ਜਾਂਚ ਲਈ ਜਾਂਦੀ ਹੈ।
ਉਹ ਕਹਿੰਦੇ ਹਨ, "ਮੈਂ ਬੁੱਢੀ ਹੋ ਰਹੀ ਹਾਂ - ਮੈਂ ਕੁਝ ਸਾਲਾਂ ਵਿੱਚ ਸੈਕਸ ਵਰਕ ਨਹੀਂ ਕਰ ਸਕਾਂਗੀ।" ਉਹ ਫਲਾਂ ਅਤੇ ਸਬਜ਼ੀਆਂ ਦੀ ਦੁਕਾਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ।
ਸ਼ਿਲਪਾ ਆਪਣੀ ਧੀ ਨੂੰ ਚੰਗੀ ਸਿੱਖਿਆ ਹਾਸਲ ਕਰਵਾਉਣਾ ਚਾਹੁੰਦੇ ਹਨ। ਉਹ ਦੇਵਦਾਸੀ ਪ੍ਰਥਾ ਪ੍ਰਤੀ ਦੁਖੀ ਹਨ।
ਉਹ ਕਹਿੰਦੇ ਹਨ, "ਮੈਂ ਚਾਹੁੰਦੀ ਹਾਂ ਕਿ ਇਹ ਬੰਦ ਹੋ ਜਾਵੇ। ਮੈਂ ਆਪਣੀ ਧੀ ਨੂੰ ਦੇਵਦਾਸੀ ਨਹੀਂ ਬਣਾਵਾਂਗੀ। ਮੈਂ ਇਸ ਪ੍ਰਥਾ ਨੂੰ ਜਾਰੀ ਨਹੀਂ ਰੱਖਣਾ ਚਾਹੁੰਦੀ ਹਾਂ।"
ਅੰਕਿਤਾ ਕਹਿੰਦੇ ਹਨ ਕਿ ਉਹ ਵਿਆਹ ਕਰਵਾਉਣਾ ਚਾਹੁੰਦੀ ਹੈ ਅਤੇ ਆਖਰਕਾਰ ਮੋਤੀਆਂ ਦਾ ਹਾਰ ਉਤਾਰਨਾ ਚਾਹੁੰਦੀ ਹੈ।
(*ਚੰਦ੍ਰਿਕਾ ਦੀ ਪਛਾਣ ਦੀ ਰੱਖਿਆ ਲਈ ਉਸਦਾ ਨਾਮ ਬਦਲਿਆ ਹੈ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












