ਓਰੋਪੁਛ ਵਾਇਰਸ ਕੀ ਹੈ, ਲਾਗ ਨਾਲ ਪਹਿਲੀ ਵਾਰ ਹੋਈ ਮੌਤਾਂ ਦੀ ਪੁਸ਼ਟੀ, ਇਸ ਦੀ ਨਾ ਕੋਈ ਦਵਾਈ ਹੈ, ਨਾ ਟੀਕਾ, ਜਾਣੋ ਲੱਛਣ ਤੇ ਬਚਾਅ

ਤਸਵੀਰ ਸਰੋਤ, Getty Images
- ਲੇਖਕ, ਓਨਰ ਈਰਮ
- ਰੋਲ, ਬੀਬੀਸੀ ਪੱਤਰਕਾਰ
ਮਾਮਲਿਆਂ ਵਿੱਚ ਅਚਾਨਕ ਵਾਧਾ ਅਤੇ ਪਹਿਲੀਆਂ ਮਨੁੱਖੀ ਮੌਤਾਂ ਦੀ ਪੁਸ਼ਟੀ ਨੇ ਖੋਜਕਾਰਾਂ ਨੂੰ ਓਰੋਪੁਛ ਦੇ ਵਧ ਰਹੇ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਹੈ।
ਇਹ ਇੱਕ ਅਜਿਹਾ ਵਾਇਰਸ ਹੈ, ਜਿਸ ਬਾਰੇ ਜਾਣਕਾਰੀ ਦਾ ਵੀ ਘਾਟਾ ਹੈ ਅਤੇ ਇਸ ਦਾ ਨਾ ਕੋਈ ਟੀਕਾ ਹੈ ਅਤੇ ਨਾ ਹੀ ਕੋਈ ਦਵਾਈ ਉਪਲੱਬਧ ਹੈ।
ਜੁਲਾਈ ਦੇ ਅੰਤ ਵਿੱਚ ਬ੍ਰਾਜ਼ੀਲ ਵਿੱਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉੱਤਰ-ਪੂਰਬੀ ਰਾਜ ਬਾਹੀਆ ਦੀਆਂ ਦੋ ਮੁਟਿਆਰਾਂ ਦੀ ਓਰੋਪੁਛ ਕਾਰਨ ਮੌਤ ਹੋ ਗਈ ਸੀ।
ਕਿਊਬਾ ਵਿੱਚ ਵੀ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਮਿਡਜ਼ (ਮੱਛਰ ਦਾ ਇੱਕ ਵਿਸ਼ੇਸ਼ ਪ੍ਰਕਾਰ) ਅਤੇ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਇਹ ਡੇਂਗੂ ਵਰਗੀ ਬਿਮਾਰੀ ਹੈ।
ਆਓ, ਜਾਣਦੇ ਹਾਂ ਕਿ ਇਸ ਵਾਇਰਸ ਨਾਲ ਕਿਹੜੇ ਜੋਖ਼ਮ ਪੈਦਾ ਹੁੰਦੇ ਹਨ ਅਤੇ ਇਸ ਤੋਂ ਬਚਾਅ , ਰੋਕਥਾਮ ਅਤੇ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ?

ਓਰੋਪੁਛ ਵਾਇਰਸ ਕੀ ਹੈ?
ਓਰੋਪੁਛ ਕੀੜੇ-ਮਕੌੜਿਆਂ ਦੇ ਕੱਟਣ ਨਾਲ ਫੈਲਣ ਵਾਲਾ ਇੱਕ ਵਾਇਰਸ ਹੈ। ਆਮ ਤੌਰ ʼਤੇ ਛੋਟੇ ਜਿਹੇ ਸੂਈ ਦੇ ਨੱਕੇ ਜਿੰਨੇ ਆਕਾਰ ਵਾਲੇ ਮਿਡਜ਼ ਦੀ ਪ੍ਰਜਾਤੀ ਕਿਊਲੀਕੋਈਡਸ ਪੈਰੇਂਸਿਸ ਨਾਲ ਫੈਲਦਾ ਹੈ, ਜੋ ਅਮਰੀਕਾ ਦੇ ਵੱਡੇ ਹਿੱਸੇ ਵਿੱਚ ਕਾਫੀ ਮਾਤਰਾ ਵਿੱਚ ਮਿਲਦੀ ਹੈ।
ਇਸ ਦਾ ਕੇਸ ਪਹਿਲੀ ਵਾਰ 1955 ਵਿੱਚ ਤ੍ਰਿਨੀਦਾਦ ਅਤੇ ਟੋਬੈਗੋ ਦੇ ਵੇਗਾ ਦੇ ਓਰੋਪੁਛ ਪਿੰਡ ਵਿੱਚ ਦਰਜ ਕੀਤਾ ਗਿਆ ਸੀ।
ਖੋਜਕਾਰਾਂ ਦਾ ਅੰਦਾਜ਼ਾ ਹੈ ਕਿ ਪਿਛਲੇ ਛੇ ਦਹਾਕਿਆਂ ਵਿੱਚ ਬ੍ਰਾਜ਼ੀਲ ਵਿੱਚ ਵਾਇਰਸ ਕਾਰਨ ਹੋਣ ਵਾਲੀ ਬਿਮਾਰੀ ਦੇ 5 ਲੱਖ ਤੋਂ ਵੱਧ ਕੇਸਾਂ ਦੀ ਜਾਂਚ ਕੀਤੀ ਗਈ ਹੈ।
ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕੇਸ ਦਰਜ ਕੀਤੇ ਗਏ ਅੰਕੜੇ ਨਾਲੋਂ ਵੱਧ ਹੋ ਸਕਦੇ ਹਨ।
ਇਸ ਸਾਲ ਦੇਸ ਵਿੱਚ ਹੁਣ ਤੱਕ ਲਗਭਗ 10,000 ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ 2023 ਵਿੱਚ ਸਿਰਫ਼ 800 ਤੋਂ ਵੱਧ ਹਨ।
ਬ੍ਰਾਜ਼ੀਲ ਦੇ ਜ਼ਿਆਦਾਤਰ ਮਾਮਲੇ ਐਮਾਜ਼ਨ ਖੇਤਰ ਵਿੱਚ ਹੋਏ ਹਨ, ਜਿੱਥੇ ਓਰੋਪੁਛ ਨੂੰ ਸਥਾਨਕ ਰੋਗ ਮੰਨਿਆ ਜਾਂਦਾ ਹੈ।
ਬ੍ਰਾਜ਼ੀਲ ਤੋਂ ਇਲਾਵਾ, ਪੇਰੂ, ਕੋਲੰਬੀਆ, ਐਕਵਾਡੋਰ, ਅਰਜਨਟੀਨਾ, ਫ੍ਰੈਂਚ ਗੁਆਨਾ, ਪਨਾਮਾ, ਤ੍ਰਿਨੀਦਾਦ ਤੇ ਟੋਬੈਗੋ, ਬੋਲੀਵੀਆ ਅਤੇ ਕਿਊਬਾ ਵਿੱਚ ਹਾਲ ਹੀ ਦੇ ਦਹਾਕਿਆਂ ਵਿੱਚ ਓਰੋਪੂਛ ਇੱਕ ਜਨਤਕ ਸਿਹਤ ਸਮੱਸਿਆ ਬਣ ਗਿਆ ਹੈ।
ਯੂਰਪ ਵਿੱਚ, ਸਪੇਨ, ਇਟਲੀ ਅਤੇ ਜਰਮਨੀ ਵਿੱਚ ਜੂਨ ਤੋਂ ਕੁਝ ਮਾਮਲੇ ਸਾਹਮਣੇ ਆਏ ਹਨ ਪਰ ਇਹ ਮਾਮਲੇ ਕਿਊਬਾ ਅਤੇ ਬ੍ਰਾਜ਼ੀਲ ਤੋਂ ਆਉਣ ਵਾਲੇ ਯਾਤਰੀਆਂ ਵਿੱਚੋਂ ਸਨ।

ਤਸਵੀਰ ਸਰੋਤ, Getty Images
ਓਰੋਪੁਛ ਕਿਵੇਂ ਫੈਲਦਾ ਹੈ
ਕੀੜੇ-ਮਕੌੜਿਆਂ ਦੇ ਕੱਟਣ ਨਾਲ ਵਾਇਰਸ ਇੱਕ ਲਾਗ ਵਾਲੇ ਵਿਅਕਤੀ ਤੋਂ ਦੂਜਿਆਂ ਵਿੱਚ ਫੈਲ ਸਕਦੀ ਹੈ।
ਇਸ ਦੇ ਚਮੜੀ ਦੇ ਸੰਪਰਕ ਜਾਂ ਹਵਾ ਰਾਹੀਂ ਫੈਲਣ ਬਾਰੇ ਅਜੇ ਕੋਈ ਸਬੂਤ ਨਹੀਂ ਮਿਲੇ ਹਨ।
ਹਾਲਾਂਕਿ, ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਬੂਤ ਇਹ ਸੁਝਾਅ ਦਿੰਦੇ ਹਨ ਕਿ ਵਾਇਰਸ ਗਰਭਵਤੀ ਔਰਤਾਂ ਤੋਂ ਉਨ੍ਹਾਂ ਦੇ ਭਰੂਣਾਂ ਵਿੱਚ ਫੈਲ ਸਕਦਾ ਹੈ।
ਗਰਭ ਅਵਸਥਾ ਅਤੇ ਅਣਜੰਮੇ ਬੱਚਿਆਂ 'ਤੇ ਓਰੋਪੁਛ ਦੇ ਪ੍ਰਭਾਵ ਅਸਪੱਸ਼ਟ ਹਨ, ਪਰ ਇਸ ਬਾਰੇ ਜਾਂਚ ਜਾਰੀ ਹੈ।
ਇਹ ਨਿਸ਼ਚਿਤ ਜਾਪਦਾ ਹੈ ਕਿ ਸ਼ਹਿਰੀਕਰਨ, ਜੰਗਲਾਂ ਦੀ ਕਟਾਈ ਅਤੇ ਜਲਵਾਯੂ ਤਬਦੀਲੀ ਸਣੇ ਹੋਰ ਕਾਰਕਾਂ ਕਾਰਨ ਮਨੁੱਖੀ ਪ੍ਰਕੋਪ ਵਧੇਰੇ ਵਿਆਪਕ ਹੋ ਰਿਹਾ ਹੈ।
ਓਰੋਪੁਛ ਕੁਦਰਤੀ ਤੌਰ 'ਤੇ ਪ੍ਰਾਈਮੇਟਸ, ਜਿਵੇਂ ਕਿ ਬਾਂਦਰਾਂ ਅਤੇ ਸਲੋਥਾਂ (ਅਫਰੀਕੀ ਜਾਨਵਰ) ਵਿੱਚ ਵੀ ਹੁੰਦਾ ਹੈ।
ਵਿਗਿਆਨੀਆਂ ਨੂੰ ਸ਼ੱਕ ਹੈ ਕਿ ਇਹ ਕੁਝ ਪੰਛੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

ਤਸਵੀਰ ਸਰੋਤ, Getty Images
ਓਰੋਪੁਛ ਦੇ ਲੱਛਣ
ਓਰੋਪੁਛ ਨਾਲ ਫਲੂ ਵਰਗੀ ਬਿਮਾਰੀ ਹੁੰਦੀ ਹੈ, ਜਿਵੇਂ ਡੇਂਗੂ ਬੁਖ਼ਾਰ। ਵਿਸ਼ਵ ਸਿਹਤ ਸੰਗਠਨ ਇਸ ਦੇ ਲੱਛਣਾਂ ਇਹ ਦੱਸਦਾ:
• ਅਚਾਨਕ ਤੇਜ਼ ਬੁਖਾਰ
• ਸਿਰ ਦਰਦ
• ਅੱਖਾਂ ਦੇ ਪਿੱਛੇ ਦਰਦ
• ਜੋੜਾਂ ਵਿੱਚ ਅਕੜਾਅ ਜਾਂ ਦਰਦ
• ਠੰਢ ਲੱਗਣਾ
• ਜੀਅ ਕੱਚਾ ਹੋਣਾ
• ਉਲਟੀਆਂ ਆਉਣਾ
ਜ਼ਿਆਦਾਤਰ ਮਾਮਲਿਆਂ ਵਿੱਚ ਇਹ ਲੱਛਣ ਪੰਜ ਤੋਂ ਸੱਤ ਦਿਨਾਂ ਤੱਕ ਰਹਿੰਦੇ ਹਨ।
ਯੂਐੱਸ ਸੈਂਟਰ ਫਾਰ ਡਿਜ਼ੀਜ਼ ਕੰਟ੍ਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦਾ ਕਹਿਣਾ ਹੈ ਕਿ 60 ਫੀਸਦ ਤੱਕ ਮਰੀਜ਼ਾਂ ਵਿੱਚ, ਲੱਛਣ ਕੁਝ ਦਿਨਾਂ ਜਾਂ ਹਫ਼ਤਿਆਂ ਬਾਅਦ ਦੁਬਾਰਾ ਨਜ਼ਰ ਦਿੰਦੇ ਹਨ। ਬਿਮਾਰੀ ਦੁਬਾਰਾ ਹੋਣ ʼਤੇ ਇਹੀ ਲੱਛਣ ਮੁੜ ਆਉਂਦੇ ਹਨ।
ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਸ ਦੇ ਦੁਬਾਰਾ ਹੋਣ ਦੇ ਕੀ ਕਾਰਨ ਹਨ। ਇਹ ਉਹੀ ਲਾਗ ਹੋ ਸਕਦੀ ਹੈ ਜੋ ਦੁਬਾਰਾ ਉੱਭਰਦੀ ਹੈ, ਜਾਂ ਜਿੱਥੇ ਇਹ ਵਾਇਰਸ ਵਾਲੇ ਕੀੜੇ-ਮਕੌੜੇ ਮੌਜੂਦ ਹਨ, ਉੱਥੇ ਰਹਿਣ ਵਾਲੇ ਲੋਕਾਂ ਨੂੰ ਮੁੜ ਲਾਗ ਲੱਗ ਜਾਂਦੀ ਹੈ।

ਤਸਵੀਰ ਸਰੋਤ, Getty Images
ਓਰੋਪੁਛ ਬੁਖ਼ਾਰ ਕਿੰਨਾ ਖ਼ਤਰਨਾਕ
25 ਜੁਲਾਈ ਨੂੰ, ਬ੍ਰਾਜ਼ੀਲ ਵਿੱਚ ਅਧਿਕਾਰੀਆਂ ਨੇ ਓਰੋਪੁਛ ਨਾਲ ਹੋਈਆਂ ਪਹਿਲੀਆਂ ਮੌਤਾਂ ਦਰਜ ਕੀਤੀਆਂ।
ਦੋਵੇਂ ਵੀਹ ਸਾਲਾਂ ਦੀਆਂ ਔਰਤਾਂ ਸਨ, ਜਿਨ੍ਹਾਂ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਮੌਜੂਦ ਕੋਈ ਵੀ ਸਿਹਤ ਸਮੱਸਿਆ ਨਹੀਂ ਸੀ।
ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਵਾਇਰਸ ਗਰਭ ਵਿੱਚ ਲਾਗ ਵਾਲੇ ਬੱਚਿਆਂ ਵਿੱਚ ਦਿਮਾਗ਼ੀ ਨੁਕਸ ਨਾਲ ਵੀ ਜੁੜਿਆ ਹੋ ਸਕਦਾ ਹੈ।
ਇਸ ਨੇ ਲਾਗ ਵਾਲੀਆਂ ਮਾਵਾਂ ਦੇ ਨਵਜੰਮੇ ਬੱਚਿਆਂ ਵਿੱਚ ਮਾਈਕ੍ਰੋਸੇਫਲੀ, ਦਿਮਾਗ਼ ਦੇ ਵਿਕਾਸ ਕਮੀ, ਜੋ ਅਕਸਰ ਜ਼ੀਕਾ ਵਾਇਰਸ ਨਾਲ ਜੁੜਿਆ ਹੁੰਦਾ ਹੈ, ਦੇ ਚਾਰ ਕੇਸਾਂ ਦੀ ਜਾਣਕਾਰੀ ਦਿੱਤੀ ਹੈ।
ਇਨ੍ਹਾਂ ਵਿੱਚ ਇੱਕ ਮ੍ਰਿਤਕ ਬੱਚੇ ਦਾ ਜਨਮ ਵੀ ਸੰਭਾਵੀ ਤੌਰ 'ਤੇ ਓਰੋਪੁਛ ਨਾਲ ਜੁੜਿਆ ਹੋਇਆ ਸੀ।
ਪਰ ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ ਕਿ ਗਰਭ ਅਵਸਥਾ ਦੌਰਾਨ ਵਾਇਰਸ ਦੇ ਸੰਭਾਵੀ ਜੋਖ਼ਮਾਂ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਹੋਰ ਖੋਜ ਦੀ ਲੋੜ ਹੈ।
ਓਰੋਪੁਛ ਤੋਂ ਹੋਰ ਸੰਭਾਵਿਤ ਗੰਭੀਰ ਜਟਿਲਤਾਵਾਂ ਵੀ ਹੋ ਸਕਦੀਆਂ ਹਨ। ਜਿਵੇਂ ਇਨਸੇਫਲਾਈਟਿਸ ਅਤੇ ਮੈਨਿਨਜਾਈਟਿਸ, ਜੋ ਕਿ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੇ ਆਲੇ ਦੁਆਲੇ ਦੀਆਂ ਝਿੱਲੀ ਦੀਆਂ ਸੋਜਿਸ਼ ਸਬੰਧੀ ਬਿਮਾਰੀਆਂ ਹਨ।
ਹਾਲਾਂਕਿ, ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਦੁਆਰਾ ਐਲਾਨੀਆਂ ਗਈਆਂ ਦੋ ਮੌਤਾਂ ਹੈਰਾਨੀਜਨਕ ਹਨ।
ਕੀ ਪਿਛਲੀਆਂ ਮੌਤਾਂ ਨੂੰਅਣਦੇਖਿਆ ਕੀਤਾ ਗਿਆ ਹੈ ਜਾਂ ਡੇਂਗੂ ਦੇ ਕਾਰਨ ਗ਼ਲਤੀ ਨਾਲ ਇਲਾਜ ਕੀਤਾ ਗਿਆ ਹੈ।
ਕਈ ਦਹਾਕਿਆਂ ਵਿੱਚ 5 ਲੱਖ ਤੋਂ ਵੱਧ ਬਾਅਚ ਦੇ ਸੰਦਰਭ ਵਿੱਚ ਅਜਿਹਾ ਸੰਭਵ ਹੈ।

ਕੀ ਇਲਾਜ ਹੈ
ਓਰੋਪੁਛ ਦੇ ਇਲਾਜ ਲਈ ਕੋਈ ਖ਼ਾਸ ਦਵਾਈ ਨਹੀਂ ਹੈ।
ਅਕਾਦਮਿਕ ਜਰਨਲ ਦਿ ਲੈਂਸੇਟ ਮਾਈਕ੍ਰੋਬ ਵਿੱਚ ਇੱਕ ਲੇਖ ਓਰੋਪੁਛ ਬੁਖ਼ਾਰ ਦੇ ਪ੍ਰਕੋਪ ਨੂੰ "ਵਿਸ਼ਵ ਸਿਹਤ ਲਈ ਇੱਕ ਉੱਭਰਦੇ ਖ਼ਤਰੇ" ਵਜੋਂ ਸ਼੍ਰੇਣੀਬੱਧ ਕਰਦਾ ਹੈ ਅਤੇ ਨਵੇਂ ਇਲਾਜਾਂ ਵਿੱਚ ਖੋਜ ਦੀ ਘਾਟ ਦੀ ਚੇਤਾਵਨੀ ਵੀ ਦਿੰਦਾ ਹੈ।
ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ "ਮਰੀਜ਼ਾਂ ਨੂੰ ਲੱਛਣਾਂ ਮੁਤਾਬਕ ਇਲਾਜ ਅਤੇ ਡਾਕਟਰੀ ਨਿਗਰਾਨੀ ਦੇ ਨਾਲ ਆਰਾਮ ਕਰਨਾ ਚਾਹੀਦਾ ਹੈ।"
ਬੁਖ਼ਾਰ, ਦਰਦ ਅਤੇ ਜੀਅ ਕੱਚਾ ਹੋਣ ਵਰਗੇ ਲੱਛਣਾਂ ਨੂੰ ਦੂਰ ਕਰਨ ਲਈ ਡਾਕਟਰ ਖ਼ਾਸ ਦਵਾਈਆਂ ਦੀ ਸਿਫ਼ਾਰਸ਼ ਕਰ ਸਕਦੇ ਹਨ।
ਕਿਸੇ ਵੀ ਲਾਗ ਵਾਲੇ ਵਿਅਕਤੀ ਨੂੰ ਕੀੜੇ-ਮਕੌੜਿਆਂ ਦੇ ਕੱਟੇ ਜਾਣ ਦੀ ਸੰਭਾਵਨਾ ਨੂੰ ਘਟਾਉਣ ਲਈ, ਕੀੜੇ-ਮਕੌੜਿਆਂ ਨੂੰ ਰੋਕਣ ਵਾਲੀਆਂ ਦਵਾਈਆਂ ਦੀ ਵਰਤੋਂ ਵੀ ਜਾਰੀ ਰੱਖਣੀ ਚਾਹੀਦੀ ਹੈ, ਜੋ ਵਾਇਰਸ ਹੋਰਨਾਂ ਲੋਕਾਂ ਵਿੱਚ ਫੈਲਾਅ ਸਕਦਾ ਹੈ।

ਤਸਵੀਰ ਸਰੋਤ, Getty Images
ਓਰੋਪੁਛ ਤੋਂ ਬਚਣ ਦੇ ਉਪਾਅ
ਲਾਗ ਤੋਂ ਬਚਾਅ ਲਈ ਕੋਈ ਟੀਕਾ ਨਹੀਂ ਹੈ।
ਓਰੋਪੁਛ ਤੋਂ ਆਪਣੇ ਆਪ ਨੂੰ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਮਿਡਜ਼ ਅਤੇ ਮੱਛਰਾਂ ਤੋਂ ਬਚ ਕੇ ਰਹੋ। ਇਸ ਸਬੰਧੀ ਸਿਹਤ ਅਧਿਕਾਰੀ ਬੁਨਿਆਦੀ ਰੋਕਥਾਮ ਦੇ ਉਪਾਵਾਂ ਦਾ ਸੁਝਾਅ ਦਿੰਦੇ ਹਨ,
• ਉਹਨਾਂ ਖੇਤਰਾਂ ਵਿੱਚ ਜਾਣ ਤੋਂ ਪਰਹੇਜ਼ ਕਰਨਾ ਜਿੱਥੇ ਬਹੁਤ ਸਾਰੇ ਮੱਛਰ ਹੁੰਦੇ ਹਨ
• ਦਰਵਾਜ਼ਿਆਂ ਅਤੇ ਖਿੜਕੀਆਂ 'ਤੇ ਬਰੀਕ ਜਾਲੀਦਾਰ ਪਰਦੇ ਲਗਾਉਣਾ
• ਮੱਛਰਾਂ ਅਤੇ ਕੀੜੇ-ਮਕੌੜਿਆਂ ਦੇ ਕੱਟੇ ਜਾਣ ਤੋਂ ਰੋਕਣ ਲਈ ਸਰੀਰ ਦੇ ਜ਼ਿਆਦਾਤਰ ਹਿੱਸੇ ਨੂੰ ਢੱਕਣ ਵਾਲੇ ਕੱਪੜੇ ਪਹਿਨੋ
• ਖੁੱਲ੍ਹੀ ਚਮੜੀ 'ਤੇ ਕੋਈ ਪ੍ਰਤੀਰੋਧੀ ਮੱਲ੍ਹਮ ਲਗਾਉਣਾ
• ਆਪਣੇ ਘਰ ਦੇ ਆਲੇ-ਦੁਆਲੇ ਦੇ ਖੇਤਰ ਨੂੰ ਸਾਫ਼ ਰੱਖਣਾ, ਖ਼ਾਸ ਕਰਕੇ ਪੌਦਿਆਂ ਜਾਂ ਜਾਨਵਰਾਂ ਵਾਲੇ ਬਾਹਰੀ ਖੇਤਰ
ਮੱਛਰਦਾਨੀ ਸੰਭਾਵੀ ਤੌਰ 'ਤੇ ਲਾਭਦਾਇਕ ਹੋ ਸਕਦੀ ਹੈ ਪਰ ਇਹ ਮਲੇਰੀਆ ਵਰਗੀਆਂ ਕੀੜੇ-ਮਕੌੜਿਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਤੁਲਨਾ ਵਿੱਚ ਓਰੋਪੁਛ ਨੂੰ ਰੋਕਣ ਲਈ ਘੱਟ ਪ੍ਰਭਾਵਸ਼ਾਲੀ ਹੋ ਸਕਦੀ ਹੈ, ਕਿਉਂਕਿ ਓਰੋਪੁਛ ਨੂੰ ਲੈ ਕੇ ਜਾਣ ਵਾਲੇ ਛੋਟੇ ਮਿਡਜ਼ ਇੰਨੇ ਛੋਟੇ ਹੁੰਦੇ ਹਨ ਕਿ ਉਹ ਅਕਸਰ ਉਨ੍ਹਾਂ ਵਿੱਚੋਂ ਲੰਘ ਸਕਦੇ ਹਨ।
ਡੈਲਟਾਮੇਥਰਿਨ ਅਤੇ ਐੱਨ,ਐੱਨ-ਡਾਈਥਾਈਲ-ਮੇਟਾ-ਟੋਲੂਆਮਾਈਡ (ਡੀਈਈਟੀ) ਵਰਗੇ ਕੁਝ ਕੀਟਨਾਸ਼ਕਾਂ ਨੂੰ ਰੋਗ ਫੈਲਾਉਣ ਵਾਲੀਆਂ ਪ੍ਰਜਾਤੀਆਂ ਨੂੰ ਨਿਯੰਤਰਿਤ ਕਰਨ ਵਿੱਚ ਪ੍ਰਭਾਵਸ਼ਾਲੀ ਦੱਸਿਆ ਗਿਆ ਹੈ।
ਵਿਆਪਕ ਜਨਤਕ ਸਿਹਤ ਦੇ ਦ੍ਰਿਸ਼ਟੀਕੋਣ ਤੋਂ, ਜਾਂਚਾਂ ਵਿੱਚ ਤੇਜ਼ੀ ਲੈ ਕੇ ਆਉਣ ਅਤੇ ਫੈਲਣ ਦੇ ਪ੍ਰਕ੍ਰੋਪ ਨੂੰ ਰੋਕਣ ਵਿੱਚ ਮਦਦ ਕਰਨ ਲਈ ਪ੍ਰੀਖਣਾਂ ਨੂੰ ਵਧੇਰੇ ਵਿਆਪਕ ਤੌਰ ʼਤੇ ਉਪਲਬਧ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਜੰਗਲਾਂ ਦੀ ਕਟਾਈ ਅਤੇ ਵਾਤਾਵਰਨ ਤਬਦੀਲੀ ਦਾ ਵਿਸਥਾਰ ਨਾਲ ਓਰੋਪੁਛ ਦੇ ਫੈਲਣ ਦਾ ਜੋਖ਼ਮ ਵਧ ਜਾਂਦਾ ਹੈ ਅਤੇ ਇਸ ਵਾਇਰਸ ਦੇ ਸ਼ਹਿਰੀ ਪ੍ਰਸਾਰਣ ਦੇ ਨਵੇਂ ਚੱਕਰ ਬਣਦੇ ਹਨ ਜੋ ਪਹਿਲਾਂ ਹੀ ਡੇਂਗੂ, ਜ਼ੀਕਾ ਅਤੇ ਚਿਕਨਗੁਨੀਆ ਨਾਲ ਹੋ ਰਿਹਾ ਹੈ।
ਐਂਟਨੀ ਗਾਰਵੇ ਦੁਆਰਾ ਸੰਪਾਦਿਤ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












