ਪੰਜਾਬ 'ਚ ਨਵੇਂ ਬਿਜਲੀ ਰੇਟਾਂ ਕਾਰਨ ਕਿੰਨਾ ਵਧੇਗਾ ਤੁਹਾਡੀ ਜੇਬ 'ਤੇ ਬੋਝ

ਤਸਵੀਰ ਸਰੋਤ, Thinkstock
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿੱਚ ਖ਼ਪਤਕਾਰਾਂ ਨੂੰ ਬਿਜਲੀ ਲਈ ਹੁਣ ਵੱਧ ਕੀਮਤ ਦੇਣੀ ਪਵੇਗੀ। ਸਰਕਾਰ ਨੇ ਨਵੇਂ ਰੇਟ ਐਲਾਨੇ ਹਨ। ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਜੇਬ 'ਤੇ ਇਸ ਦਾ ਕਿੰਨਾ ਅਸਰ ਪਏਗਾ ਤੇ ਤੁਹਾਨੂੰ ਬਿਜਲੀ ਲਈ ਕਿੰਨੇ ਹੋਰ ਪੈਸੇ ਦੇਣੇ ਪੈ ਸਕਦੇ ਹਨ।
15 ਮਈ ਨੂੰ ਇੱਕ ਆਦੇਸ਼ ਰਾਹੀਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਇਸ ਸਾਲ ਲਈ ਬਿਜਲੀ ਦਰਾਂ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹਰੇਕ ਯੂਨਿਟ ਲਈ ਫਿਕਸਡ ਚਾਰਜਿਸ ਦੇ ਨਾਲ-ਨਾਲ ਟੈਰਿਫ਼ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸੋਧੇ ਹੋਏ ਟੈਰਿਫ਼ ਦਾ ਆਮ ਆਦਮੀ 'ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਵਾਧਾ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ।
ਘਰੇਲੂ ਖ਼ਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਮਿਲਦੀ ਹੈ। ਪਰ ਜੇ ਤੁਹਾਡੀ ਖ਼ਪਤ ਇਸ ਤੋਂ ਵੱਧ ਹੋ ਜਾਂਦੀ ਹੈ ਤਾਂ ਤੁਹਾਨੂੰ ਸਾਰੀ ਖ਼ਪਤ ਦੇ ਪੈਸੇ ਦੇਣੇ ਪੈਂਦੇ ਹਨ।
ਉਨ੍ਹਾਂ ਨੂੰ 15 ਰੁਪਏ ਪ੍ਰਤੀ ਕਿਲੋ ਵਾਟ ਵਾਧੂ ਫਿਕਸਡ ਚਾਰਜਿਸ ਵਜੋਂ ਅਦਾ ਕਰਨੇ ਪੈਣਗੇ, ਜਦਕਿ ਪ੍ਰਤੀ ਯੂਨਿਟ ਟੈਰਿਫ਼ 25 ਪੈਸੇ ਤੋਂ 70 ਪੈਸੇ ਪ੍ਰਤੀ ਯੂਨਿਟ ਵਧਾ ਦਿੱਤਾ ਗਿਆ ਹੈ।
ਗ਼ੈਰ-ਰਿਹਾਇਸ਼ੀ ਜਾਂ ਵਪਾਰਕ ਖ਼ਪਤਕਾਰਾਂ ਨੂੰ ਫਿਕਸਡ ਚਾਰਜਿਸ ਵਜੋਂ 25-30 ਰੁਪਏ ਅਦਾ ਕਰਨੇ ਪੈਣਗੇ, ਪ੍ਰਤੀ ਯੂਨਿਟ ਟੈਰਿਫ਼ ਵਿੱਚ 28-41 ਪੈਸੇ ਪ੍ਰਤੀ ਯੂਨਿਟ ਵਾਧਾ ਕੀਤਾ ਗਿਆ ਹੈ।
ਸੂਬੇ ਵਿੱਚ ਉਦਯੋਗਾਂ ਨੂੰ 25 ਤੋਂ 30 ਰੁਪਏ ਵਾਧੂ ਫਿਕਸਡ ਚਾਰਜਿਸ ਵਜੋਂ ਅਦਾ ਕਰਨੇ ਪੈਣਗੇ, ਉਦਯੋਗਿਕ ਖ਼ਪਤਕਾਰਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਪ੍ਰਤੀ ਯੂਨਿਟ ਟੈਰਿਫ਼ ਹੁਣ 30-40 ਪੈਸੇ ਪ੍ਰਤੀ ਯੂਨਿਟ ਹੋ ਗਿਆ ਹੈ।

ਇੱਥੋਂ ਤੱਕ ਕਿ ਖੇਤੀ ਖ਼ਪਤਕਾਰਾਂ ਲਈ ਵੀ ਪ੍ਰਤੀ ਯੂਨਿਟ ਲਾਗਤ 90 ਪੈਸੇ ਵਧਾ ਦਿੱਤੀ ਗਈ ਹੈ। ਭਾਵੇਂ ਖੇਤੀ ਖ਼ਪਤਕਾਰਾਂ ਲਈ ਬਿਜਲੀ ਮੁਫ਼ਤ ਹੈ, ਪਰ ਦਰਾਂ ਵਿੱਚ ਵਾਧੇ ਨਾਲ ਖੇਤੀ ਅਤੇ ਘਰੇਲੂ ਖ਼ਪਤਕਾਰਾਂ ਦੋਵਾਂ ਲਈ ਸੂਬਾ ਸਰਕਾਰ ਦੀ ਸਬਸਿਡੀ ਦਾ ਬੋਝ ਵਧੇਗਾ।
ਨਵਾਂ ਟੈਰਿਫ਼ ਆਰਡਰ ਮੰਗਲਵਾਰ ਤੋਂ ਲਾਗੂ ਹੋਵੇਗਾ। ਹਾਲਾਂਕਿ ਟੈਰਿਫ਼ ਆਰਡਰ 1 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ, ਪਰ ਇਸ ਸਾਲ ਜਲੰਧਰ ਉਪ ਚੋਣ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਨਵੇਂ ਟੈਰਿਫ਼ ਆਰਡਰ ਵਿੱਚ ਦੇਰੀ ਹੋਈ ਸੀ।
ਬੀਬੀਸੀ ਪੰਜਾਬੀ ਨੇ ਇੱਕ ਬਿਜਲੀ ਮਹਿਕਮੇ ਦੇ ਮਾਹਿਰ ਵਿਨੋਦ ਗੁਪਤਾ ਦੀ ਮਦਦ ਨਾਲ ਇਸ ਬਾਰੇ ਹਿਸਾਬ ਲਗਾਇਆ ਹੈ ਕਿ ਕਿਸ ਨੂੰ ਕਿੰਨੇ ਵਾਧੂ ਪੈਸੇ ਦੇਣੇ ਪੈਣਗੇ।
ਜੇ ਤੁਹਾਡਾ ਲੋਡ 7 ਕਿੱਲੋ ਵਾਟ ਤੱਕ ਹੈ ਤਾਂ ਪਹਿਲੀਆਂ 100 ਯੂਨਿਟਾਂ ਲਈ 70 ਪੈਸੇ ਪ੍ਰਤੀ ਯੂਨਿਟ, ਅਗਲੀਆਂ 200 ਯੂਨਿਟਾਂ ਲਈ 80 ਪੈਸੇ ਪ੍ਰਤੀ ਯੂਨਿਟ ਅਤੇ 300 ਯੂਨਿਟ ਤੋਂ ਵੱਧ ਦੀ ਖ਼ਪਤ ਲਈ 45 ਪੈਸੇ ਪ੍ਰਤੀ ਯੂਨਿਟ ਵਾਧੂ ਦਰ ਦੇਣੀ ਪਏਗੀ।
7 ਕਿੱਲੋ ਵਾਟ ਤੋਂ ਵੱਧ ਲੋਡ ਲਈ, ਪਹਿਲੇ 100 ਯੂਨਿਟਾਂ ਲਈ 70 ਪੈਸੇ ਪ੍ਰਤੀ ਯੂਨਿਟ, ਅਗਲੀਆਂ 200 ਯੂਨਿਟਾਂ ਲਈ 65 ਪੈਸੇ ਪ੍ਰਤੀ ਯੂਨਿਟ ਅਤੇ 300 ਯੂਨਿਟ ਤੋਂ ਵੱਧ ਦੀ ਖਪਤ ਲਈ 25 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ।


ਇਹ ਹੋਏਗਾ ਵਾਧਾ
7 ਕਿੱਲੋ ਵਾਟ ਤੱਕ ਲੋਡ ਵਾਲੇ ਖ਼ਪਤਕਾਰ
- 7 ਕਿੱਲੋ ਵਾਟ ਤੱਕ ਲੋਡ ਵਾਲੇ ਖ਼ਪਤਕਾਰਾਂ ਲਈ 400 ਯੂਨਿਟਾਂ ਦੀ ਖ਼ਪਤ ਲਈ, ਬਿੱਲ 342 ਰੁਪਏ ਪ੍ਰਤੀ ਮਹੀਨਾ ਵਧੇਗਾ।
- 500 ਯੂਨਿਟਾਂ ਲਈ 396 ਰੁਪਏ ਪ੍ਰਤੀ ਮਹੀਨਾ ਵਾਧਾ ਹੋਵੇਗਾ।
- ਜੇ ਤੁਹਾਡੀ ਖ਼ਪਤ 600 ਯੂਨਿਟਾਂ ਦੀ ਹੈ ਤਾਂ ਇਹ ਵਾਧਾ 450 ਰੁਪਏ ਪ੍ਰਤੀ ਮਹੀਨਾ ਹੋਵੇਗਾ।
- ਇਸ ਤੋਂ ਇਲਾਵਾ 15 ਰੁਪਏ ਪ੍ਰਤੀ ਕਿੱਲੋ ਵਾਟ ਲੋਡ ਦਾ ਵਾਧਾ ਵਾਧੂ ਹੋਵੇਗਾ।
7 ਕਿੱਲੋ ਵਾਟ ਦੇ ਲੋਡ ਤੋਂ ਉੱਪਰ ਦੇ ਖ਼ਪਤਕਾਰ
- ਜੇ ਤੁਸੀਂ 7 ਕਿੱਲੋ ਵਾਟ ਦੇ ਲੋਡ ਤੋਂ ਉੱਪਰ ਦੇ ਖ਼ਪਤਕਾਰ ਹੋ ਤਾਂ 400 ਯੂਨਿਟਾਂ ਦੀ ਖ਼ਪਤ ਲਈ, ਬਿੱਲ 270 ਰੁਪਏ ਪ੍ਰਤੀ ਮਹੀਨਾ ਵਧੇਗਾ।
- 500 ਯੂਨਿਟਾਂ ਲਈ 300 ਰੁਪਏ ਪ੍ਰਤੀ ਮਹੀਨਾ ਵਾਧਾ ਹੋਵੇਗਾ।
- 600 ਯੂਨਿਟਾਂ ਲਈ ਇਹ ਵਾਧਾ 330 ਰੁਪਏ ਪ੍ਰਤੀ ਮਹੀਨਾ ਹੋਵੇਗਾ।
- ਫਿਕਸਡ ਚਾਰਜਿਸ ਦਾ ਵਾਧਾ 30 ਰੁਪਏ ਪ੍ਰਤੀ ਕਿੱਲੋ ਵਾਟ ਲੋਡ ਦਾ ਵਾਧਾ ਵਾਧੂ ਹੋਵੇਗਾ।

ਕੀ ਹੈ ਰਿਆਇਤ
ਪੰਜਾਬ ਸਰਕਾਰ ਸਾਰੇ ਘਰੇਲੂ ਖ਼ਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਦਿੰਦੀ ਹੈ, 300 ਯੂਨਿਟ ਤੋਂ ਵੱਧ ਦੀ ਖ਼ਪਤ ਲਈ ਜਨਰਲ ਸ਼੍ਰੇਣੀ ਦੇ ਖ਼ਪਤਕਾਰਾਂ ਤੋਂ ਬਿਲ, ਇਸਤੇਮਾਲ ਕੀਤੇ ਗਏ ਪੂਰੇ ਯੂਨਿਟਾਂ ਲਈ ਲਿਆ ਜਾਂਦਾ ਹੈ।
ਐੱਸਸੀ/ਐੱਸਟੀ ਸ਼੍ਰੇਣੀ ਦੇ ਖ਼ਪਤਕਾਰਾਂ ਲਈ 300 ਯੂਨਿਟਾਂ ਤੋਂ ਵੱਧ ਦੀ ਬਿਲਿੰਗ ਪਹਿਲੀ ਸਲੈਬ ਤੋਂ ਲਈ ਜਾਂਦੀ ਹੈ।
ਇਸ ਤੋਂ ਇਲਾਵਾ 7 ਕਿੱਲੋ ਵਾਟ ਤੱਕ ਲੋਡ ਵਾਲੇ ਖ਼ਪਤਕਾਰਾਂ ਨੂੰ 2.50 ਰੁਪਏ ਪ੍ਰਤੀ ਯੂਨਿਟ ਦੀ ਛੋਟ ਦਿੱਤੀ ਜਾਂਦੀ ਹੈ। 7 ਕਿੱਲੋ ਵਾਟ ਤੋਂ ਵੱਧ ਲੋਡ ਵਾਲੇ ਖ਼ਪਤਕਾਰਾਂ ਲਈ ਕੋਈ ਛੋਟ ਨਹੀਂ ਹੈ। ਜੁੜੇ ਹੋਏ ਲੋਡ ਦੇ ਅਨੁਸਾਰ ਖ਼ਪਤਕਾਰਾਂ ਤੋਂ ਸਥਿਰ ਖ਼ਰਚੇ ਵਸੂਲ ਕੀਤੇ ਜਾਂਦੇ ਹਨ।
ਇਸ ਤੋਂ ਇਲਾਵਾ 20% ਟੈਕਸ ਅਤੇ ਡਿਊਟੀਆਂ ਲਾਗੂ ਹਨ।













