ਬਿਸ਼ਨੋਈਆਂ ਦੇ ਸਤਵਿੰਦਰ ਦੀ ‘ਖਤਰਨਾਕ ਬਦਮਾਸ਼’ ਲਾਰੈਂਸ ਬਣਨ ਦੀ ਕਹਾਣੀ, ਸਾਬਕਾ ਪੁਲਿਸ ਅਫ਼ਸਰਾਂ ਦੀ ਜ਼ੁਬਾਨੀ

ਲਾਰੈਂਸ ਬਿਸ਼ਨੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਰੈਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹਨ
    • ਲੇਖਕ, ਸੰਜੀਵ ਚੌਹਾਨ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਸਹਿਯੋਗੀ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਮੁਲਜ਼ਮ ਲਾਰੈਂਸ ਬਿਸ਼ਨੋਈ ਇਸੇ ਸਾਲ ਅਪ੍ਰੈਲ ਵਿੱਚ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀ ਚੱਲਣ ਦੀ ਘਟਨਾ ਕਰਕੇ ਮੁੜ ਚਰਚਾ ਵਿੱਚ ਆਏ।

ਮੁੰਬਈ ਪੁਲਿਸ ਇਸ ਮਾਮਲੇ ਵਿੱਚ 1735 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ।

ਇਸ ਚਾਰਜਸ਼ੀਟ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੀ ਕਈ ਥਾਵਾਂ ਉੱਤੇ ਜ਼ਿਕਰ ਹੈ।

ਇਹ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਸਲਮਾਨ ਖ਼ਾਨ ਦੇ ਕਰਕੇ ਬਿਸ਼ਨੋਈ ਦੀ ਚਰਚਾ ਹੋ ਰਹੀ ਹੈ।

ਅਪਰਾਧ ਦੀ ਦੁਨੀਆਂ ਉੱਤੇ ਨਜ਼ਰ ਰੱਖਣ ਵਾਲੇ ਪੱਤਰਕਾਰ ਹੋਣ ਜਾਂ ਫਿਰ ਪੁਲਿਸ ਦੇ ਆਹਲਾ ਅਧਿਕਾਰੀ, ਉਹ ਮੰਨਦੇ ਹਨ ਕਿ ਆਪਣਾ ਖ਼ੌਫ਼ ਵਧਾਉਣ ਦੇ ਲਈ ਬਿਸ਼ਨੋਈ ਸਲਮਾਨ ਖ਼ਾਨ ਜਿਹੇ ਹਾਈ ਪ੍ਰੋਫਾਈਲ ਲੋਕਾਂ ਨੂੰ ਧਮਕੀ ਦੇਣ ਦੀ ਰਣਨੀਤੀ ਅਪਣਾਉਂਦੇ ਹਨ।

ਬੀਤੇ ਲੰਬੇ ਸਮੇਂ ਤੋਂ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਕੋਈ ਖ਼ਬਰ ਜੇਲ੍ਹ ਤੋਂ ਬਾਹਰ ਨਹੀਂ ਆ ਰਹੀ ਸੀ, ਉਦੋਂ ਹੀ ਅਪ੍ਰੈਲ ਵਿੱਚ ਸਲਮਾਨ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ।

ਇਸ ਰਿਪੋਰਟ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਲਾਰੈਂਸ ਬਿਸ਼ਨੋਈ ਦੀ ਰਣਨੀਤੀ ਬਾਰੇ ਗੱਲਬਾਤ ਕੀਤੀ ਗਈ ਹੈ।

‘ਮੁਕੱਦਮੇਬਾਜ਼ੀ ’ਚ ਫੱਸਦਾ ਜਾ ਰਿਹਾ ਹਾਂ’

ਲਾਰੈਂਸ ਬਿਸ਼ਨੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚੋਂ ਮੀਡੀਆਂ ਨੂੰ ਇੰਟਰਵਿਊ ਵੀ ਦੇ ਚੁੱਕੇ ਹਨ

ਕੁਝ ਸਾਲ ਪਹਿਲਾਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ੀ ਦੇ ਦੌਰਾਨ ਲਾਰੈਂਸ ਬਿਸ਼ਨੋਈ ਨੇ ਪੁਲਿਸ ਸੁਰੱਖਿਆ ਅਤੇ ਤਮਾਸ਼ਬੀਨਾਂ ਦੀ ਭੀੜ ਦੇ ਵਿਚਾਲੇ ਮੇਰੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ, “ਮੈਂ ਇੱਕ ਤੋਂ ਬਾਅਦ ਇੱਕ ਮੁਕੱਦਮੇਬਾਜ਼ੀ ਵਿੱਚ ਫਸਦਾ ਜਾ ਰਿਹਾ ਹਾਂ, ਬਾਕੀ ਇਸ ਲਾਈਨ ਵਿੱਚ ਬਦਨਾਮੀ ਦੇ ਮਾਮਲੇ ਵਿੱਚ ਮੇਰਾ ਨਾਮ ਉੱਤੇ ਪਹੁੰਚਾਉਣ ਵਾਲੇ ਲੋਕਾਂ ਵਿੱਚ ਤੁਹਾਡਾ(ਮੀਡੀਆ) ਦਾ ਵੀ ਰੋਲ ਹੈ।”

ਮੀਡੀਆ ਦੀ ਭੂਮਿਕਾ ਉੱਤੇ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਸਾਬਕਾ ਡੀਸੀਪੀ ਐਲਐੱਨ ਰਾਓ ਕਹਿੰਦੇ ਹਨ, “ਲਾਰੈਂਸ ਬਿਸ਼ਨੋਈ ਹੋਵੇ ਜਾਂ ਕੋਈ ਹੋਰ ਵੱਡਾ ਅਪਰਾਧੀ, ਜੇਕਰ ਮੀਡੀਆ ਇਨ੍ਹਾਂ ਦੇ ਬਾਰੇ ਛਾਪਣਾ ਬੰਦ ਕਰ ਦੇਵੇ ਤਾਂ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਦਾ ਅੱਧੇ ਨਾਲੋਂ ਜ਼ਿਆਦਾ ਕੰਮ ਘੱਟ ਹੋ ਜਾਵੇਗਾ।”

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਲਾਰੈਂਸ ਬਿਸ਼ਨੋਈ ਦੇ ਨਾਮ ਦਾ ਹਊਆ ਵੱਧ ਜਾਂ ਉਹ ਅਸਲੀਅਤ ਵਿੱਚ ਹੀ ਬਹੁਤ ਖ਼ਤਰਨਾਕ ਹਨ, ਇਹ ਪੁੱਛੇ ਜਾਣ ਉੱਤੇ ਤਿਹਾੜ ਜੇਲ੍ਹ ਦੇ ਡੀਜੀਪੀ ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕੇ ਸੰਜੇ ਬੈਨੀਵਾਲ ਦੱਸਦੇ ਹਨ, “ਸਿਰਫ਼ ਹਊਆ ਮੰਨ ਲੈਣਾ ਸਹੀ ਨਹੀਂ ਹੈ, ਉਸ ਦਾ ਖ਼ੌਫ਼ ਹੀ ਹੈ ਕਿ ਜੇਲ੍ਹ ਦੀਆਂ ਸਲਾਖਾਂ ਵਿੱਚ ਬੰਦ ਰਹਿਣ ਦੇ ਬਾਵਜੂਦ ਬਾਹਰ ਬੈਠੇ ਆਪਣੇ ਭਰੋਸੇਮੰਦ ਬਦਮਾਸ਼ਾਂ ਅਤੇ ਸ਼ੂਟਰਾਂ ਦੇ ਜ਼ਰੀਏ ਜਿਹੜਾ ਮਰਜ਼ੀ ਜੁਰਮ ਕਰਵਾ ਲੈਂਦਾ ਹੈ, ਫਿਰ ਉਹ ਭਾਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਵੇ ਜਾਂ ਫਿਰ ਕੋਈ ਹੋਰ ਵਾਰਦਾਤ।”

ਸੰਜੇ ਦੱਸਦੇ ਹਨ, “ਲਾਰੈਂਸ ਬਿਸ਼ਨੋਈ ਦੀ ਨੈੱਟਵਰਕਿੰਗ ਜੇਲ੍ਹ ਤੋਂ ਬਾਹਰ ਜ਼ਬਰਦਸਤ ਹੈ, ਉਸ ਨੂੰ ਖ਼ਤਮ ਕਰਨਾ ਪੁਲਿਸ ਅਤੇ ਜਾਂਚ ਏਜੰਸੀਆਂ ਦੇ ਲਈ ਬੇਹੱਦ ਜ਼ਰੂਰੀ ਹੈ, ਜਦੋਂ ਤੱਕ ਅਜਿਹਾ ਨਹੀਂ ਹੋਵੇਗਾ ਉਦੋਂ ਤੱਕ ਲਾਰੈਂਸ ਬਿਸ਼ਨੋਈ ਜਿਹੇ ਅਪਰਾਧੀਆਂ ਉੱਤੇ ਦਬਾਅ ਨਹੀਂ ਪਵੇਗਾ।”

ਲਾਰੈਂਸ ਬਿਸ਼ਨੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਰੈਂਸ ਬਿਸ਼ਨੋਈ ਦੇ ਵਧੇਰੇ ਕੋਰਟ ਕੇਸਾਂ ਵਿੱਚ ਉਨ੍ਹਾਂ ਦਾ ਵਕੀਲ ਹਾਜ਼ਰ ਨਹੀਂ ਹੁੰਦਾ

ਕੀ ਦੇਸ਼ ਦੀ ਕੋਈ ਅਜਿਹੀ ਜੇਲ੍ਹ ਨਹੀਂ ਹੈ ਜਿਸਦਾ ਖ਼ੌਫ਼ ਲਾਰੈਂਸ ਬਿਸ਼ਨੋਈ ਨੂੰ ਵੀ ਹੋਵੇ, ਇਸ ਸਵਾਲ ਦੇ ਜਵਾਬ ਵਿੱਚ ਤਿਹਾੜ ਜੇਲ੍ਹ ਦੇ ਸਾਬਕਾ ਡੀਜੀਪੀ ਕਹਿੰਦੇ ਹਨ, “ਜਿਹੜਾ ਸ਼ਖ਼ਸ ਆਪਣੇ ਆਪ ਨੂੰ ਜੇਲ੍ਹ ਵਿੱਚ ਹੀ ਸੁਰੱਖਿਅਤ ਸਮਝਦਾ ਹੋਵੇ, ਜੇਲ੍ਹ ਤੋਂ ਬਾਹਰ ਜਾਣਾ ਹੀ ਨਾ ਚਾਹੁੰਦਾ ਹੋਵੇ, ਉਸ ਨੂੰ ਦੇਸ਼ ਦੀ ਕਿਸੇ ਵੀ ਜੇਲ਼੍ਹ ਵਿੱਚ ਬੰਦ ਰਹਿਣ ਦਾ ਖ਼ੌਫ਼ ਕਿਉਂ ਸਤਾਏਗਾ? ਉਹ ਤਾਂ ਚਾਹੁੰਦਾ ਹੈ ਕਿ ਉਸ ਨੂੰ ਹਮੇਸ਼ਾ ਹਾਈ ਸਕਿਓਰਟੀ ਵਾਲੀ ਜੇਲ੍ਹ ਵਿੱਚ ਰੱਖਿਆ ਜਾਵੇ ਤਾਂ ਕਿ ਜੇਲ੍ਹ ਦੇ ਬਾਹਰ ਮੌਜੂਦ ਉਸ ਦੇ ਦੁਸ਼ਮਣ ਉਸ ਤੱਕ ਨਾ ਪਹੁੰਚ ਸਕਣ।”

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਾਬਕਾ ਡੀਸੀਪੀ ਐੱਲਐੱਲ ਰਾਓ ਹੁਣ ਦਿੱਲੀ ਹਾਈ ਕੋਰਟ ਵਿੱਚ ਅਪਰਾਧਿਕ ਮਾਮਲਿਆਂ ਦੇ ਵਕੀਲ ਦੇ ਰੂਪ ਵਿੱਚ ਪ੍ਰੈਕਟਿਸ ਕਰਦੇ ਹਨ।

ਉਹ ਕਹਿੰਦੇ ਹਨ, “ਕਿਉਂ ਲਾਰੈਂਸ ਬਿਸ਼ਨੋਈ ਜਿਹੇ ਬਦਮਾਸ਼ ਜੇਲ੍ਹ ਵਿੱਚ ਹੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ ਇਸ ਲਈ ਮੈਂ ਅਕਸਰ ਦੇਖਿਆ ਸੁਣਿਆ ਹੈ ਕਿ ਅਦਾਲਤਾਂ ਦੀ ਸੁਣਵਾਈ ਦੇ ਦੌਰਾਨ ਵਧੇਰੇ ਮਾਮਲਿਆਂ ਵਿੱਚ ਉਨ੍ਹਾਂ ਦੇ ਵਕੀਲ ਅਦਾਲਤਾਂ ਵਿੱਚ ਪੇਸ਼ ਹੀ ਨਹੀਂ ਹੁੰਦੇ, ਜੇਕਰ ਲਾਰੈਂਸ ਜਿਹੇ ਲੋਕ ਜੇਲ੍ਹ ਤੋਂ ਬਾਹਰ ਜ਼ਮਾਨਤ ਉੱਤੇ ਨਿਕਲਣਾ ਚਾਹੁੰਦੇ ਉਦੋਂ ਤਾਂ ਉਨ੍ਹਾਂ ਦੇ ਵਕੀਲ ਤਰੀਕ ਉੱਤੇ ਵੱਧ ਮੁਸਤੈਦੀ ਨਾਲ ਹਾਜ਼ਰ ਹੁੰਦੇ, ਦਿੱਲੀ ਦੀਆਂ ਹੀ ਕੁਝ ਅਦਾਲਤਾਂ ਦਾ ਰਿਕਾਰਡ ਇਸ ਗੱਲ ਦਾ ਗਵਾਹ ਹੈ ਕਿ ਲਾਰੈਂਸ ਬਿਸ਼ਨੋਈ ਦੇ ਵਕੀਲ ਕੋਰਟ ਵਿੱਚ ਨਹੀਂ ਪਹੁੰਚਦੇ ਅਤੇ ਕੋਰਟ ਨੂੰ ਮਜਬੂਰਨ ਅਗਲੀ ਤਰੀਕ ਦੇਣੀ ਪੈਂਦੀ ਹੈ।”

ਬੀਬੀਸੀ
ਤਸਵੀਰ ਕੈਪਸ਼ਨ, ਲਾਰੈਂਸ ਦੇ ਵਕੀਲ ਆਮ ਕਰਕੇ ਅਦਾਲਤਾਂ ਵਿੱਚ ਪੇਸ਼ ਹੀ ਨਹੀਂ ਹੁੰਦੇ

ਵਕੀਲ ਰੱਖਣ ਵਿੱਚ ਦਿਲਚਸਪੀ ਨਹੀਂ

ਵਕੀਲਾਂ ਦੀ ਗ਼ੈਰ-ਹਾਜ਼ਰੀ ਬਾਰੇ, ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਦੀ ਪੈਰਵੀ ਕਰ ਰਹੇ ਸੀਨੀਅਰ ਵਕੀਲ ਅਸ਼ੋਕ ਬੈਨੀਵਾਲ ਨੇ ਕਿਹਾ, “ਲਾਰੈਂਸ ਬਿਸ਼ਨੋਈ ਨੂੰ ਅਜਿਹਾ ਕੀ ਹੋ ਗਿਆ ਹੈ ਕਿ ਉਨ੍ਹਾਂ ਨੂੰ ਅਦਾਲਤ ਵਿੱਚ ਹਰ ਮਾਮਲੇ ਵਿੱਚ ਆਪਣੀ ਨੁਮਾਇੰਦਗੀ ਕਰਨ ਲਈ ਵਕੀਲ ਖੜ੍ਹਾ ਕਰੇ, ਇਨ੍ਹਾਂ ਵਿੱਚ ਕਈ ਮੁਕੱਦਮੇ ਅਜਿਹੇ ਹਨ, ਜਿਨ੍ਹਾਂ ਵਿੱਚ ਪੁਲਿਸ ਨੇ ਆਪਣੀ ਵਾਹੋ-ਵਾਹੀ ਦੇ ਲਈ ਲਾਰੈਂਸ ਬਿਸ਼ਨੋਈ ਦਾ ਨਾਮ ਐਫਆਈਆਰ ਵਿੱਚ ਜ਼ਬਰਦਸਤੀ ਸ਼ਾਮਲ ਕੀਤਾ ਹੈ।"

ਐਡਵੋਕੇਟ ਅਸ਼ੋਕ ਬੈਨੀਵਾਲ ਕਹਿੰਦੇ ਹਨ, "ਪੁਲਿਸ ਬਹੁਤੇ ਕੇਸਾਂ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਜ਼ਬਰਦਸਤੀ ਪਾ ਕੇ ਮੀਡੀਆ ਵਿੱਚ ਪ੍ਰਸੰਸਾ ਚਾਹੁੰਦੀ ਹੈ, ਜਦੋਂ ਕੇਸ ਅਦਾਲਤ ਵਿੱਚ ਮੁਕੱਦਮੇ ਤੱਕ ਪਹੁੰਚਦਾ ਹੈ, ਤਾਂ ਪੁਲਿਸ ਵਧੇਰੇ ਮਾਮਲਿਆਂ ਵਿੱਚ ਲਾਰੈਂਸ ਬਿਸ਼ਨੋਈ ਦਾ ਘਟਨਾ ਨਾਲ ਸਬੰਧ ਸਾਬਿਤ ਕਰਨ ਵਿੱਚ ਫੇਲ੍ਹ ਹੋ ਜਾਂਦੀ ਹੈ।”

ਐੱਲਐੱਨ ਰਾਓ ਦੱਸਦੇ ਹਨ, “ਜਦੋਂ ਲਾਰੈਂਸ ਬਿਸ਼ਨੋਈ ਜਿਹੇ ਨੌਜਵਾਨ ਅਪਰਾਧ ਦੀ ਦੁਨੀਆਂ ਵਿੱਚ ਉੱਤਰਦੇ ਹਨ ਅਤੇ ਉਹ ਪਹਿਲੀ ਵਾਰ ਜੇਲ੍ਹ ਵਿੱਚ ਪਹੁੰਚਦੇ ਹਨ ਤਾਂ ਅਪਰਾਧ ਦੀ ਦੁਨੀਆਂ ਦਾ ਪਹਿਲਾਂ ਸਬਕ ਉਨ੍ਹਾਂ ਨੂੰ ਜੇਲ਼੍ਹ ਵਿੱਚ ਪਹਿਲਾਂ ਹੀ ਬੰਦ ਅਪਰਾਧੀ ਦਿੰਦੇ ਹਨ ਜੇਲ੍ਹ ਤੋਂ ਬਾਹਰ ਆਉਣ ਉੱਤੇ ਉਨ੍ਹਾਂ ਨੂੰ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੇ ਭ੍ਰਿਸ਼ਟ ਅਤੇ ਲਾਪਰਵਾਹ ਤੰਤਰ ਦਾ ਵੀ ਫਾਇਦਾ ਮਿਲਦਾ ਹੈ।”

ਲਾਰੈਂਸ ਬਿਸ਼ਨੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਪੁਲਿਸ ਅਧਿਕਾਰੀ ਕਹਿੰਦੇ ਹਨ ਕਿ ਬਿਸ਼ਨੋਈ ਜੇਲ੍ਹ ਵਿੱਚ ਹੀ ਖੁਦ ਨੂੰ ਵੱਧ ਸੁਰੱਖਿਅਤ ਸਮਝਦਾ ਹੈ

ਉੱਤਰ ਪ੍ਰਦੇਸ਼ ਦੇ ਸਾਬਕਾ ਪੁਲਿਸ ਡੀਜੀਪੀ ਵਿਕਰਮ ਸਿੰਘ ਕਹਿੰਦੇ ਹਨ, "ਸ਼ੁਰੂਆਤੀ ਦੌਰ ਵਿੱਚ ਲਾਰੈਂਸ ਬਿਸ਼ਨੋਈ ਵਰਗੇ ਗੁੰਡੇ ਆਪਣੇ ਘਰ ਦੀ ਡਿਓਢੀ ਆਪ ਹੀ ਪਾਰ ਕਰਦੇ ਹਨ ਪਰ ਤਸਵੀਰ ਦਾ ਦੂਜਾ ਪਾਸਾ ਇਹ ਹੈ ਕਿ ਲਾਰੈਂਸ ਬਿਸ਼ਨੋਈ ਵਰਗਿਆਂ ਨੂੰ ਪਾਲ ਕੇ ਉਨ੍ਹਾਂ ਨੂੰ ਵੱਡਾ ਕਰਕੇ ਆਪੋ-ਆਪਣੇ ਹਿੱਤ ਸਾਧਣ ਦੇ ਲਈ ਜੇਲ੍ਹ ਪੁਲਿਸ ਜਾਂ ਕੁਝ ਮਾਮਲਿਆਂ ਵਿੱਚ ਸਿਆਸਤਦਾਨ ਵੀ ਪਿੱਛੇ ਨਹੀਂ ਰਹਿੰਦੇ।”

ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਅਤੇ ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਰਹੇ ਅਜੇ ਰਾਜ ਸ਼ਰਮਾ ਅਤੇ ਯੂਪੀ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਵਿਕਰਮ ਸਿੰਘ ਦੀ ਵੀ ਇਹੀ ਰਾਏ ਹੈ।

ਉਨ੍ਹਾਂ ਮੁਤਾਬਕ, "ਜਿਸ ਦਿਨ ਦੇਸ਼ ਦੀ ਪੁਲਿਸ, ਸਿਆਸਤ ਅਤੇ ਕਾਨੂੰਨ ਨਿਡਰ ਹੋ ਕੇ ਲਾਰੈਂਸ ਵਰਗੇ ਗੁੰਡਿਆਂ ਨੂੰ ਕਾਬੂ ਕਰਨ ਦਾ ਇਮਾਨਦਾਰੀ ਨਾਲ ਫ਼ੈਸਲਾ ਕਰ ਲੈਣਗੇ, ਉਸ ਦਿਨ ਲਾਰੈਂਸ ਬਿਸ਼ਨੋਈ ਵਰਗੇ ਲੋਕ ਅਪਰਾਧ ਦੀ ਦੁਨੀਆ ਵਿੱਚ ਕਦੇ ਵੀ 'ਵੱਡੇ' ਅਤੇ 'ਖੌਫ਼ਨਾਕ' ਨਹੀਂ ਬਣ ਸਕਣਗੇ।"

ਅਜੇ ਰਾਜ ਸ਼ਰਮਾ ਦਾ ਕਹਿਣਾ ਹੈ, ''ਅਸਲ 'ਚ ਜਦੋਂ ਲਾਰੈਂਸ ਬਿਸ਼ਨੋਈ ਵਰਗਾ ਵਿਗੜਿਆ ਹੋਇਆ ਨੌਜਵਾਨ ਜੇਲ੍ਹ ਦੀਆਂ ਕੰਧਾਂ 'ਚੋਂ ਬਾਹਰ ਆਉਂਦਾ ਹੈ ਤਾਂ ਇਲਾਕੇ ਦੀ ਪੁਲਿਸ ਲਈ ਉਸ 'ਤੇ ਤਿੱਖੀ ਨਜ਼ਰ ਰੱਖਣੀ ਜ਼ਰੂਰੀ ਹੁੰਦੀ ਹੈ। ਇਹ ਦੇਖਣ ਲਈ ਕਿ ਉਹ ਸ਼ਖ਼ਸ ਪਹਿਲਾਂ ਜਾਂ ਦੂਜੀ ਵਾਰੀ ਜੇਲ੍ਹ ਜਾਣ ਤੋਂ ਬਾਅਦ ਆਖ਼ਿਰ ਸਮਾਜ ਵਿੱਚ ਕਿਸ ਨਾਲ ਉੱਠਦਾ ਬੈਠਦਾ ਹੈ?”

ਉਹ ਕਹਿੰਦੇ ਹਨ, “ਇਹ ਦੇਖਣਾ ਜ਼ਰੂਰੀ ਹੈ ਕਿ ਉਸ ਦੀਆਂ ਸ਼ੱਕੀ ਗਤੀਵਿਧੀਆਂ ਵੱਧ ਤਾਂ ਨਹੀਂ ਰਹੀਆਂ, ਜਿਨ੍ਹਾਂ ਦੇ ਚਲਦਿਆਂ ਉਹ ਪਹਿਲੀ ਜਾਂ ਦੂਜੀ ਵਾਰੀ ਜੇਲ੍ਹ ਪਹੁੰਚਿਆਂ ਸੀ, ਇਸੇ ਦਾ ਨਤੀਜਾ ਸਾਹਮਣੇ ਹੈ ਕਿ ਥਾਣਾ-ਪੁਲਿਸ, ਕਾਨੂੰਨ ਅਜਿਹਾ ਕਰਨ ਵਿੱਚ ਅਸਫ਼ਲ ਹੈ ਲਿਹਾਜ਼ਾ ਕੱਲ੍ਹ ਦੇ ਛੇਟੇ-ਮੋਟੇ ਅਪਰਾਧਕ ਮਾਨਸਿਕਾ ਵਾਲੇ ਨੌਜਵਾਨ ਦੇਖਦਿਆਂ-ਦੇਖਦਿਆਂ ਕਾਨੂੰਨ ਅਤੇ ਪੁਲਿਸ ਲਈ ਸਰਦਰਦੀ ਬਣ ਜਾਂਦੇ ਹਨ।”

ਜੇਲ੍ਹ ਵਿੱਚ ਰਹਿਣ ਮਗਰੋਂ ਵੀ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਪਹਿਲੂ ਉੱਤੇ ਦਿੱਲੀ ਪੁਲਿਸ ਦੇ ਸਾਬਕਾ ਕਮਿਸ਼ਨਰ ਨੀਰਜ ਕੁਮਾਰ ਕਹਿੰਦੇ ਹਨ, “ਕਿਸੇ ਵੀ ਅਪਰਾਧੀ ਨੂੰ ਜੇਲ੍ਹ ਵਿੱਚ ਰੱਖਣ ਦਾ ਮਤਲਬ ਇਹ ਹੈ ਕਿ ਉਸ ਨੂੰ ਸਮਾਜ ਤੋਂ ਹਟਾ ਕੇ ਕ੍ਰਾਈਮ ਕਰਨ ਦੇ ਬਦਲੇ ਵਿੱਚ ਬੰਦਿਸ਼ ਵਿੱਚ ਬੰਦ ਕਰ ਦਿੱਤਾ ਗਿਆ ਹੈ। ਇਸ ਮਗਰੋਂ ਵੀ ਕਈ ਮਾਮਲਿਆਂ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਜੇਲ੍ਹ ਸੁਪਰੀਟੈਂਡੈਂਟ ਦੇ ਟੈਲੀਫ਼ੋਨ ਤੋਂ ਹੀ ਕੁਝ ਅਪਰਾਧੀ ਤਾਂ ਜੇਲ੍ਹ ਤੋਂ ਬਾਹਰ ਫੋਨ ਕਰਦੇ ਰਹਿੰਦੇ ਹਨ।”

ਬੀਬੀਸੀ

ਉਹ ਕਹਿੰਦੇ ਹਨ, “ਜਦੋਂ ਜੇਲ੍ਹ ਸੁਪਰੀਟੈਂਡੈਂਟ ਦੇ ਦਫ਼ਤਰ ਵਿੱਚੋਂ ਹੀ ਅਪਰਾਧੀ ਜੇਲ਼੍ਹ ਤੋਂ ਬਾਹਰ ਫੋਨ ਕਰਨਾ ਸ਼ੁਰੂ ਕਰ ਦੇਵੇ ਤਾਂ ਫਿਰ ਲਾਰੈਂਸ ਬਿਸ਼ਨੋਈ ਜਿਹੇ ਲੋਕਾਂ ਨੂੰ ਕਾਬੂ ਕੌਣ ਕਰੇਗਾ? ਅਪਰਾਧੀ ਦਾ ਜੇਲ੍ਹ ਤੋਂ ਬਾਹਰ ਨੈਕਸਸ ਉੱਨਾ ਘਾਤਕ ਨਹੀਂ ਹੈ, ਜਿੰਨਾ ਘਾਤਕ ਉਨ੍ਹਾਂ ਦੀ ਜੇਲ੍ਹ ਦੇ ਸਟਾਫ਼ ਜਾਂ ਅਫ਼ਸਰਾਂ ਨਾਲ ਦੋਸਤੀ ਹੈ।”

ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਪ੍ਰਕਾਸ਼ ਸਿੰਘ ਦੱਸਦੇ ਹਨ, "ਜੇਲ੍ਹ ਵਿੱਚ ਬੰਦ ਰਹਿ ਕੇ ਲਾਰੈਂਸ ਬਿਸ਼ਨੋਈ ਜਿਹੇ ਗੁੰਡਿਆਂ ਨੂੰ ਬਾਹਰੀ ਦੁਨੀਆਂ ਵਿੱਚ ਆਪਣਾ ਮਜ਼ਬੂਤ ਨੈੱਟਵਰਕ ਖੜ੍ਹਾ ਕਰਨ ਅਤੇ ਫਿਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਿੱਚ ਜਿੰਨੀ ਸੌਖ ਰਹਿੰਦੀ ਹੈ, ਉਹ ਜੇਲ੍ਹ ਤੋਂ ਬਾਹਰ ਦੀ ਦੁਨੀਆਂ ਵਿੱਚ ਰਹਿੰਦਿਆਂ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨਦੇ।

ਉਹ ਕਹਿੰਦੇ ਹਨ, “ਤਿੰਨ ਦਹਾਕਿਆਂ ਤੋਂ ਵੱਧ ਪੁਲਿਸ ਵਿੱਚ ਨੌਕਰੀ ਦੇ ਤਜਰਬੇ ਨਾਲ ਮੈਂ ਕਹਿ ਸਕਦਾ ਹਾਂ ਕਿ ਮੌਜੂਦਾ ਹਾਲਾਤ ਵਿੱਚ ਦੇਸ਼ ਵਿੱਚ ਅਪਰਾਧੀਆਂ ਦੇ ਲਈ ਜੇਲ੍ਹ ਤੋਂ ਸੁਰੱਖਿਅਤ ਦੂਜਾ ਅੱਡਾ ਕਿਤੇ ਹੋਰ ਨਹੀਂ ਹੈ।”

ਦਿੱਲੀ ਹਾਈਕੋਰਟ ਦੇ ਰਿਟਾਇਰਡ ਜਸਟਿਸ ਐੱਸਐੱਨ ਢੀਂਗਰਾ ਕਹਿੰਦੇ ਹਨ, "ਲਾਰੈਂਸ ਬਿਸ਼ਨੋਈ ਵਰਗੇ ਬਦਮਾਸ਼-ਗੈਂਗਸਟਰ ਜੇਲ੍ਹ ਵਿੱਚ ਵੱਧ ਸੁਰੱਖਿਅਤ ਹਨ। ਉਹ ਜੇਲ਼੍ਹ ਦੇ ਅੰਦਰ ਰਹਿ ਕੇ ਕਿਤੇ ਵੱਧ ਚੰਗੇ ਤਰੀਕੇ ਨਾਲ ਆਪਣਾ ਨੈੱਟਵਰਕ ਬਾਹਰੀ ਦੁਨੀਆਂ ਵਿੱਚ ਫੈਲਾਉਂਦੇ ਹਨ, ਕਿਉਂ ਜੇਲ੍ਹ ਵਿੱਚ ਉਨ੍ਹਾਂ ਨੂੰ ਆਪਣੇ ਫੜ੍ਹੇ ਜਾਣ ਜਾਂ ਫ਼ਿਰ ਪੁਲਿਸ ਇਨਕਾਊਂਟਰ ਵਿੱਚ ਮਾਰੇ ਜਾਣ ਦੀ ਚਿੰਤਾ ਜਾਂ ਡਰ ਨਹੀਂ ਹੈ।”

ਬਿਸ਼ਨੋਈ ਪਰਿਵਾਰ ਦਾ ਮੁੰਡਾ ਅਤੇ ਨਾਮ ਹੈ ਲਾਰੈਂਸ

ਲਾਰੈਂਸ ਬਿਸ਼ਨੋਈ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਲਾਰੈਂਸ ਬਿਸ਼ਨੋਈ ਦੇ ਪਿਤਾ ਲਵਿੰਦਰ ਸਿੰਘ ਹਰਿਆਣਾ ਪੁਲਿਸ ਵਿੱਚ ਸਿਪਾਹੀ ਸਨ

ਲਾਰੈਂਸ ਬਿਸ਼ਨੋਈ ਬਾਰੇ ਮੀਡੀਆ ਰਿਪੋਰਟਾਂ ਵਿਚ ਉਪਲਬਧ ਜਾਣਕਾਰੀ ਮੁਤਾਬਕ ਕੁਝ ਥਾਵਾਂ 'ਤੇ ਉਨ੍ਹਾਂ ਦਾ ਜਨਮ ਦਿਨ 22 ਫਰਵਰੀ 1992 ਹੈ ਅਤੇ ਕੁਝ ਥਾਵਾਂ 'ਤੇ 12 ਫਰਵਰੀ 1993 ਹੈ। ਭਾਵ ਇਸ ਸਮੇਂ ਲਾਰੈਂਸ ਦੀ ਉਮਰ 31-32 ਸਾਲ ਹੈ।

ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਧੱਤਰਾਂਵਾਲੀ ਦੇ ਜੰਮਪਲ ਬਿਸ਼ਨੋਈ ਪਰਿਵਾਰ ਦੇ ਮੁੰਡੇ ਲਾਰੈਂਸ ਦਾ ਨਾਂ ਵੀ ਦਿਲਚਸਪੀ ਦਾ ਵਿਸ਼ਾ ਹੈ।

ਪੁਲਿਸ ਰਿਕਾਰਡ ਮੁਤਾਬਕ ਲਾਰੈਂਸ ਬਿਸ਼ਨੋਈ ਦਾ ਅਸਲੀ ਨਾਂ ਸਤਵਿੰਦਰ ਸਿੰਘ ਹੈ।

ਹਾਲਾਂਕਿ, ਕਈ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਕਿਉਂਕਿ ਉਹ ਬਚਪਨ ਵਿੱਚ ਬਹੁਤ ਗੋਰਾ ਚਿੱਟਾ ਸੀ, ਇਸ ਲਈ ਉਸਦੇ ਪਰਿਵਾਰ ਨੇ ਉਸਨੂੰ ਪਿਆਰ ਦੇ ਕਾਰਨ ਲਾਰੈਂਸ ਕਹਿਣਾ ਸ਼ੁਰੂ ਕਰ ਦਿੱਤਾ, ਜੋ ਬਾਅਦ ਵਿੱਚ ਉਸਦੇ ਅਸਲੀ ਨਾਮ ਤੋਂ ਵੱਧ ਮਸ਼ਹੂਰ ਹੋ ਗਿਆ।

ਲਾਰੈਂਸ ਬਿਸ਼ਨੋਈ ਦੇ ਪਿਤਾ ਲਵਿੰਦਰ ਸਿੰਘ ਹਰਿਆਣਾ ਪੁਲਿਸ ਵਿੱਚ ਸਿਪਾਹੀ ਸਨ। ਉਨ੍ਹਾਂ ਨੇ 1992 ਵਿੱਚ ਨੌਕਰੀ ਸ਼ੁਰੂ ਕੀਤੀ ਪਰ ਪੰਜ ਸਾਲ ਬਾਅਦ ਸੇਵਾਮੁਕਤੀ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਲਾਰੈਂਸ ਨੇ 12ਵੀਂ ਦੀ ਪੜ੍ਹਾਈ ਅਬੋਹਰ, ਪੰਜਾਬ ਤੋਂ ਕੀਤੀ ਅਤੇ ਅਗਲੇਰੀ ਪੜ੍ਹਾਈ ਲਈ 2010 ਵਿੱਚ ਚੰਡੀਗੜ੍ਹ ਪਹੁੰਚਿਆ।

ਲਾਰੈਂਸ ਨੇ ਡੀਏਵੀ ਕਾਲਜ ਵਿੱਚ ਦਾਖਲਾ ਲਿਆ। ਹੌਲੀ-ਹੌਲੀ ਉਸ ਨੇ ਵਿਦਿਆਰਥੀ ਰਾਜਨੀਤੀ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਇੱਥੇ ਹੀ ਉਸ ਦੀ ਗੋਲਡੀ ਬਰਾੜ ਨਾਲ ਦੋਸਤੀ ਹੋ ਗਈ।

ਇਹ ਉਹੀ ਗੋਲਡੀ ਬਰਾੜ ਹੈ, ਜੋ ਵਿਦੇਸ਼ ਤੋਂ ਲਾਰੈਂਸ ਬਿਸ਼ਨੋਈ ਗੈਂਗ ਲਈ ਕੰਮ ਕਰਦਾ ਹੈ ਅਤੇ ਇੱਕ ਤਰ੍ਹਾਂ ਨਾਲ ਇਸ ਗੈਂਗ ਨੂੰ ਮੈਨੇਜ ਕਰ ਰਿਹਾ ਹੈ। ਲਾਰੈਂਸ ਨੇ ਖੁਦ ਸਾਲ 2011-2012 ਵਿੱਚ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਆਰਗੇਨਾਈਜ਼ੇਸ਼ਨ (ਸੋਪੂ) ਬਣਾਈ ਅਤੇ ਇਸ ਦਾ ਆਗੂ ਬਣਿਆ।

ਅਪਰਾਧ ਦੀ ਦੁਨੀਆ ਵਿੱਚ ਕਦਮ

ਬੀਬੀਸੀ
ਤਸਵੀਰ ਕੈਪਸ਼ਨ, ਗੋਲਡੀ ਬਰਾੜ ਵਿਦੇਸ਼ ਵਿਚ ਬੈਠ ਕੇ ਲਾਰੈਂਸ ਬਿਸ਼ਨੋਈ ਗੈਂਗ ਲਈ ਕੰਮ ਕਰਦਾ ਹੈ

ਪਰ ਇਸ ਸਾਲ ਉਸ 'ਤੇ ਪਹਿਲਾ ਮੁਕੱਦਮਾ ਦਰਜ ਹੋਇਆ। ਲਾਰੈਂਸ ਬਿਸ਼ਨੋਈ 'ਤੇ ਵਿਦਿਆਰਥੀ ਜੀਵਨ ਦੇ ਆਖਰੀ ਦੌਰ ਵਿਚ ਜੋ ਪਹਿਲਾ ਮੁਕੱਦਮਾ ਦਰਜ ਹੋਇਆ ਸੀ ਉਹ ਕਤਲ ਦੀ ਕੋਸ਼ਿਸ਼ ਵਿਚ ਸ਼ਾਮਲ ਹੋਣ ਦਾ ਸੀ। ਇਹ ਗੱਲ ਸਾਲ 2011-2012 ਦੀ ਹੈ।

ਉਸ ਸਮੇਂ ਵਿਦਿਆਰਥੀ ਰਾਜਨੀਤੀ ਵਿਚ ਹਾਰ ਦਾ ਮੂੰਹ ਵੇਖਣ ਕਰਕੇ ਤੰਗ ਆਏ ਲਾਰੈਂਸ ਦੇ ਸਾਥੀ ਵਿਦਿਆਰਥੀ ਨੇ ਦੂਜੇ ਵਿਦਿਆਰਥੀ ਆਗੂ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਉਸ ਘਟਨਾ ਤੋਂ ਬਾਅਦ ਦਰਜ ਮੁਕੱਦਮੇ ਵਿਚ ਲਾਰੈਂਸ ਦਾ ਨਾਮ ਪਹਿਲੀ ਵਾਰ ਪੁਲਿਸ ਦੀ ਐੱਫਆਈਆਰ ਵਿਚ ਦਰਜ ਹੋਇਆ ਸੀ।

ਲਾਰੈਂਸ ਬਿਸ਼ਨੋਈ ਨੂੰ ਸਾਲ 2014 ਵਿਚ ਪਹਿਲੀ ਵਾਰ ਰਾਜਸਥਾਨ ਵਿਚ ਗ੍ਰਿਫ਼ਤਾਰ ਕਰਕੇ ਭਰਤਪੁਰ ਜੇਲ੍ਹ ਭੇਜਿਆ ਗਿਆ ਸੀ। ਜਦੋਂ ਉਸ ਨੂੰ ਪੇਸ਼ੀ ਲਈ ਮੋਹਾਲੀ (ਪੰਜਾਬ) ਲਿਜਾਇਆ ਜਾ ਰਿਹਾ ਸੀ ਤਾਂ ਉਹ ਉਦੋਂ ਪੁਲਿਸ ਹਿਰਾਸਤ 'ਚੋਂ ਫਰਾਰ ਹੋ ਗਿਆ।

ਸਾਲ 2016 ਵਿਚ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ। ਜਦਕਿ ਸਾਲ 2021 ਵਿਚ ਉਸ ਨੂੰ ਸੰਗਠਿਤ ਅਤੇ ਅੰਡਰਵਰਲਡ ਅਪਰਾਧ ਦੀ ਦੁਨੀਆ 'ਚ ਜਾਣ ਤੋਂ ਰੋਕਣ ਲਈ ਮਕੋਕਾ (ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ) ਦੇ ਇਕ ਮਾਮਲੇ ਵਿਚ ਸੁਰੱਖਿਆ ਕਾਰਨਾਂ ਕਰਕੇ ਤਿਹਾੜ ਜੇਲ੍ਹ ਵਿਚ ਲਿਆ ਕੇ ਬੰਦ ਕਰ ਦਿੱਤਾ ਗਿਆ ਸੀ।

ਤਿਹਾੜ ਜੇਲ੍ਹ ਲਿਆਏ ਜਾਣ ਤੋਂ ਪਹਿਲਾਂ ਉਹ ਪੰਜਾਬ ਦੀ ਬਠਿੰਡਾ ਜੇਲ੍ਹ ਵਿਚ ਬੰਦ ਰਿਹਾ ਸੀ।

ਸਾਲ 2022 ਵਿਚ ਉਸ ਨੂੰ ਜੇਲ੍ਹ ਤੋਂ ਹੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਸਾਲ 2022 ਵਿਚ ਗੁਜਰਾਤ ਐਂਟੀ ਟੈਰੋਰਿਸਟ ਸਕੁਐਡ ਨੇ ਲਾਰੈਂਸ ਬਿਸ਼ਨੋਈ ਨੂੰ ਨਸ਼ਾ ਤਸਕਰੀ ਦੇ ਮੁਕੱਦਮੇ ਵਿਚ ਨਾਮਜ਼ਦ ਕੀਤਾ ਸੀ। ਇਹ ਮਾਮਲਾ ਕੱਛ ਵਿਚ ਇਕ ਪਾਕਿਸਤਾਨੀ ਜਹਾਜ਼ 'ਚੋਂ ਨਸ਼ੇ ਦੀ ਵੱਡੀ ਖੇਪ ਦੇ ਜ਼ਬਤ ਹੋਣ ਨਾਲ ਜੁੜਿਆ ਸੀ।

ਪੁਲਿਸ ਨੂੰ ਸ਼ੱਕ ਸੀ ਕਿ ਉਸ ਖੇਪ ਨੂੰ ਮੰਗਵਾਉਣ ਵਿਚ ਲਾਰੈਂਸ ਦਾ ਹੱਥ ਸੀ। ਉਸ ਤੋਂ ਬਾਅਦ ਹੀ ਗੁਜਰਾਤ ਪੁਲਿਸ ਲਾਰੈਂਸ ਨੂੰ ਦਿੱਲੀ ਦੀ ਜੇਲ੍ਹ ਤੋਂ ਕੱਢ ਕੇ 23 ਅਗਸਤ 2023 ਵਿਚ ਗੁਜਰਾਤ ਦੇ ਸਾਬਰਮਤੀ ਜੇਲ੍ਹ ਵਿਚ ਲੈ ਗਈ ਸੀ।

ਉਦੋਂ ਤੋਂ ਉਹ ਇਸੇ ਸਾਬਰਮਤੀ ਜੇਲ੍ਹ ਵਿਚ ਬੰਦ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ 30 ਅਗਸਤ 2023 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਲਾਰੈਂਸ ਬਿਸ਼ਨੋਈ 'ਤੇ ਸੀਆਰਪੀਸੀ ਦੀ ਧਾਰਾ 268(1) ਵੀ ਲਗਾ ਦਿੱਤੀ ਸੀ, ਤਾਂਕਿ ਉਸ ਨੂੰ ਕਿਸੇ ਵੀ ਹਾਲ ਵਿਚ ਸਾਬਰਮਤੀ ਜੇਲ੍ਹ ਤੋਂ ਇੱਕ ਸਾਲ ਤੱਕ ਬਾਹਰ ਲਿਆਂਦਾ ਹੀ ਨਾ ਜਾ ਸਕੇ।

ਇਹੀ ਕਾਰਨ ਹੈ ਕਿ ਵੱਖ-ਵੱਖ ਅਦਾਲਤਾਂ ਵਿਚ ਚਲ ਰਹੇ ਕੇਸਾਂ ਵਿਚ ਉਸ ਦੀ ਹੁਣ ਪੇਸ਼ੀ ਵੀ ਵੀਡੀਓ ਕਾਨਫਰੈਂਸ ਰਾਹੀਂ ਹੋ ਰਹੀ ਹੈ।

ਆਮ ਤੌਰ 'ਤੇ ਤਾਂ ਅਪਰਾਧੀ ਅਪਰਾਧ ਕਰਨ ਤੋਂ ਬਾਅਦ ਪੁਲਿਸ ਅਤੇ ਕਾਨੂੰਨ ਤੋਂ ਲੁਕਦਾ ਹੈ। ਪਰ ਲਾਰੈਂਸ ਬਿਸ਼ਨੋਈ ਅਤੇ ਉਸ ਦੀ ਗੈਂਗ ਅਜਿਹੀ ਹੈ ਜੋ ਕਿਸੇ ਵੀ ਵੱਡੀ ਵਾਰਦਾਤ ਤੋਂ ਬਾਅਦ ਉਸ ਦੀ ਜ਼ਿੰਮੇਦਾਰੀ ਖੁਦ ਅੱਗੇ ਵੱਧ ਕੇ ਲੈਂਦੀ ਹੈ।

ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਲਾਰੈਂਸ ਦੇ ਸਨਸਨੀਖੇਜ਼ ਅਪਰਾਧਾਂ ਦੀ ਗੱਲ ਕਰੀਏ ਤਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਅਤੇ ਫਿਰ ਬੀਤੇ ਸਾਲ ਜੈਪੁਰ ਵਿਚ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਕਤਲ ਸੁਰਖੀਆਂ ਵਿਚ ਰਿਹਾ ਹੈ।

ਲਾਰੈਂਸ ਬਿਸ਼ਨੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੋਲਡੀ ਬਰਾੜ ਵਿਦੇਸ਼ ਵਿਚ ਬੈਠ ਕੇ ਲਾਰੈਂਸ ਬਿਸ਼ਨੋਈ ਗੈਂਗ ਲਈ ਕੰਮ ਕਰਦਾ ਹੈ

'ਲਾਰੈਂਸ ਬਿਸ਼ਨੋਈ ਇਕੱਲੇ ਨਹੀਂ ਬਣਦੇ...'

ਵਿਦਿਆਰਥੀ ਰਾਜਨੀਤੀ ਤੋਂ ਕਦੇ ਭਾਰਤੀ ਰਾਜਨੀਤੀ ਦੀ ਮੁੱਖ ਧਾਰਾ ਵਿਚ ਪੈਰ ਜਮਾਉਣ ਦੀ ਸੁਪਨੇ ਵੇਖਣ ਵਾਲਾ ਵਿਦਿਆਰਥੀ ਅੱਜ ਅੰਤਰਾਸ਼ਟਰੀ ਬਦਮਾਸ਼ ਲਾਰੈਂਸ ਬਿਸ਼ਨੋਈ ਕਿਵੇਂ ਬਣ ਗਿਆ ?

ਬੀਬੀਸੀ ਦੇ ਸਵਾਲ ਦੇ ਜਵਾਬ ਵਿਚ ਸਾਬਕਾ ਆਈਏਐੱਸ ਅਧਿਕਾਰੀ ਅਤੇ ਪੰਜਾਬ ਦੇ ਸੇਵਾਮੁਕਤ ਪ੍ਰਿੰਸੀਪਲ ਸਕੱਤਰ ਸਿਕਸ਼ਾ ਰਾਮ ਲੱਧੜ ਨੇ ਕਿਹਾ, "ਜੇਲ੍ਹ-ਪੁਲਿਸ ਅਤੇ ਕੁਝ ਸਿਆਸਤਦਾਨਾਂ ਦੀ ਮਿਲੀਭੁਗਤ ਦਾ ਨਤੀਜਾ ਹੈ ਲਾਰੈਂਸ ਬਿਸ਼ਨੋਈ।"

ਤਾਂ ਕੀ ਲਾਰੈਂਸ ਨੂੰ ਇੰਨਾ ਵੱਡਾ ਗੈਂਗਸਟਰ ਬਣਾਉਣ ਵਿਚ ਪੰਜਾਬ ਪੁਲਿਸ ਦਾ ਵੀ ਯੋਗਦਾਨ ਹੈ ? ਇਸ ਸਵਾਲ ਦੇ ਜਵਾਬ ਵਿਚ 1991 ਬੈਚ ਪੰਜਾਬ ਕੈਡਰ ਦੇ ਸਾਬਕਾ ਆਈਏਐੱਸ ਅਤੇ ਹੁਣ ਸਿਆਸੀ ਆਗੂ ਬਣ ਚੁਕੇ ਸ਼ਿਕਸ਼ਾ ਰਾਮ ਲੱਧੜ ਬੋਲੇ, "ਨਹੀਂ-ਨਹੀਂ ਮੈਂ ਸਾਰੀਆਂ ਜੇਲ੍ਹਾਂ, ਪੁਲਿਸਵਾਲਿਆਂ, ਸਿਆਸੀ ਆਗੂਆਂ ਜਾਂ ਨੌਕਰਸ਼ਾਹਾਂ ਦਾ ਜ਼ਿਕਰ ਨਹੀਂ ਕਰ ਰਿਹਾ ਹਾਂ। ਮੈਂ ਕਹਿਣਾ ਚਾਹੁੰਦਾ ਹਾਂ ਕਿ ਕੁਝ ਲੋਕਾਂ ਦੀ ਸ਼ਹਿ ਤੋਂ ਬਿਨਾਂ ਲਾਰੈਂਸ ਬਿਸ਼ਨੋਈ ਵਰਗੇ ਬਦਮਾਸ਼ ਅਪਰਾਧ ਦੀ ਦੁਨੀਆ ਦਾ ਵੱਡਾ ਨਾਮ ਨਹੀਂ ਬਣ ਸਕਦੇ।"

ਲਾਰੈਂਸ ਬਿਸ਼ਨੋਈ ਭਾਵੇ ਕਾਨੂੰਨ ਅਤੇ ਪੁਲਿਸ ਦੀ ਨਜ਼ਰ ਵਿਚ ਬਦਮਾਸ਼-ਗੈਂਗਸਟਰ ਹੈ ਪਰ ਬਿਸ਼ਨੋਈ ਸਮਾਜ 'ਤੇ ਉਸ ਦਾ ਵੱਡਾ ਪ੍ਰਭਾਵ ਹੈ। ਇਸ ਦੀ ਪੁਸ਼ਟੀ ਰਾਜਸਥਾਨ ਦੇ ਸੀਨੀਅਰ ਕ੍ਰਿਮੀਨਲ ਵਕੀਲ ਅਸ਼ੋਕ ਬੈਨੀਪਾਲ ਵੀ ਕਰਦੇ ਹਨ।

ਉਨ੍ਹਾਂ ਦੇ ਮੁਤਾਬਕ, "ਬਿਸ਼ਨੋਈ ਸਮਾਜ ਵਿਚ ਲਾਰੈਂਸ ਬਿਸ਼ਨੋਈ ਦੀ ਅਹਿਮੀਅਤ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ, ਦੇਸ਼-ਦੁਨੀਆ ਵਿਚ ਰਹਿਣ ਵਾਲੇ ਬਿਸ਼ਨੋਈ ਸਮਾਜ ਦੀਆਂ ਦੋ ਧਿਰਾਂ ਵਿਚ ਕਿਸੇ ਵੀ ਵਿਵਾਦ ਦਾ ਨਿਪਟਾਰਾ, ਲਾਰੈਂਸ ਦੀ ਇੱਕ ਆਵਾਜ਼ ਨਾਲ ਹੋ ਜਾਂਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)