ਯੂਕਰੇਨ-ਰੂਸ ਜੰਗ: ਠੰਢ ਮੁੱਕਣ ਦੀ ਉਡੀਕ 'ਚ ਪੁਤਿਨ ਦੀ ਅਗਲੀ ਯੋਜਨਾ ਕੀ, 2024 ਤੱਕ ਵੀ ਚੱਲੇਗੀ ਜੰਗ?

ਤਸਵੀਰ ਸਰੋਤ, Getty Images
ਯੂਕਰੇਨ ਵਿੱਚ ਚੱਲ ਰਹੀ ਜੰਗ ਨੂੰ ਇੱਕ ਸਾਲ ਹੋਣ ਵਾਲਾ ਹੈ, ਫਰਵਰੀ ਵਿੱਚ ਇਸ ਜੰਗ ਦਾ ਦੂਜਾ ਸਾਲ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਉੱਤੇ ਅਸੀਂ ਕੁਝ ਫੌਜੀ ਮਾਹਰਾਂ ਤੋਂ ਜਾਣਨ ਅਤੇ ਸਮਝਣ ਦੀ ਕੋਸ਼ਿਸ਼ ਕੀਤੀ ਕਿ 2023 ਵਿੱਚ ਇਹ ਜੰਗ ਕੀ ਰੂਪ ਲੈ ਸਕਦੀ ਹੈ?
ਆਉਣ ਵਾਲੇ ਸਮੇਂ ਵਿੱਚ ਕੀ ਇਹ ਜੰਗ ਖ਼ਤਮ ਹੋ ਜਾਵੇਗੀ? ਜੇ ਅਜਿਹਾ ਹੋਇਆ ਤਾਂ ਕੀ ਇਸ ਦਾ ਹੱਲ ਗੱਲਬਾਤ ਰਾਹੀਂ ਸੰਭਵ ਹੋਵੇਗਾ ਜਾਂ ਫ਼ਿਰ ਜੰਗ ਦੇ ਮੈਦਾਨ ਵਿੱਚ? ਜਾਂ ਫ਼ਿਰ ਇਹ ਜੰਗ 2024 ਤੱਕ ਵੀ ਖਿੱਚ ਸਕਦੀ ਹੈ?
ਠੰਢ ਤੋਂ ਬਾਅਦ ਰੂਸ ਦਾ ਹਮਲਾ ਅਹਿਮ ਹੋਵੇਗਾ
ਬ੍ਰਿਟੇਨ ਦੇ ਐਕਸੇਟਰ ਵਿੱਚ ਸਟ੍ਰੇਟੇਜਿਕ ਸਟੱਡੀਜ਼ ਦੇ ਅਸੋਸੀਏਟ ਡਾਇਰੈਕਟਰ ਮਾਇਕਲ ਕਲਾਰਕ ਇਸ ਬਾਰੇ ਦੱਸਦੇ ਹਨ।
ਇਤਿਹਾਸ ਗਵਾਹ ਹੈ, ਠੰਢ ਦਾ ਮੌਸਮ ਉਨ੍ਹਾਂ ਸਭ ਲਈ ਸ਼ਰਾਪ ਸਾਬਤ ਹੋਇਆ ਜਿਨ੍ਹਾਂ ਨੇ ਯੂਰੇਸ਼ਿਆਈ ਘਾਹ ਦੇ ਮੈਦਾਨਾਂ – ਦਿ ਗ੍ਰੇਟ ਸਟੇਪੀਜ ਦੇ ਪਾਰ ਜਾ ਕੇ ਕਿਸੇ ਵੀ ਦੂਜੇ ਦੇਸ਼ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ।

ਤਸਵੀਰ ਸਰੋਤ, Getty Images
ਨੇਪੋਲਿਅਨ ਤੋਂ ਲੈ ਕੇ ਹਿਟਲਰ ਅਤੇ ਸਟਾਲਿਨ ਤੱਕ, ਸਭ ਨੂੰ ਸਟੇਪੀ ਦੇ ਮੈਦਾਨਾਂ ਦੀ ਠੰਡ ਦਾ ਸਾਹਮਣਾ ਕਰਦੇ ਹੋਏ ਆਪਣੀ ਫੌਜ ਨੂੰ ਅੱਗੇ ਵਧਾਉਂਦੇ ਰਹਿਣਾ ਪਿਆ ਅਤੇ ਹੁਣ ਵਲਾਦੀਮੀਰ ਪੁਤਿਨ, ਜੋ ਮੈਦਾਨ-ਏ-ਜੰਗ ਵਿੱਚ ਹਮਲੇ ਨਾਲ ਆਪਣੇ ਫੌਜੀਆਂ ਨੂੰ ਪਿੱਛੇ ਹਟਾ ਰਹੇ ਹਨ, ਉਸ ਦੀ ਵਜ੍ਹਾ ਵੀ ਇਹ ਠੰਢ ਹੀ ਹੈ।
ਪੁਤਿਨ ਦੀ ਯੋਜਨਾ ਹੈ, ਠੰਢ ਖ਼ਤਮ ਹੋਣ ਦਾ ਇੰਤਜ਼ਾਰ ਕਰਨ ਅਤੇ ਬਸੰਤ ਸ਼ੁਰੂ ਹੁੰਦੇ ਹੀ ਫੌਜ ਨੂੰ ਨਵੇਂ ਸਿਰੇ ਤੋਂ ਹਮਲੇ ਲਈ ਤਿਆਰ ਕਰਨ ਦੀ।
ਠੰਢ ਵਿੱਚ ਇਸ ਤਰ੍ਹਾਂ ਦੇ ਯੁੱਧ ਵਿਰਾਮ (ਬ੍ਰੇਕ) ਦੀ ਲੋੜ ਦੋਵਾਂ ਪੱਖਾਂ ਨੂੰ ਹੈ, ਪਰ ਯੂਕਰੇਨ ਦੀ ਫੌਜ ਇਸ ਮੌਸਮ ਵਿੱਚ ਵੀ ਅੱਗੇ ਵਧਣ ਦੇ ਮਾਮਲੇ ਵਿੱਚ ਰੂਸ ਦੀ ਫੌਜ ਤੋਂ ਬਿਹਤਰ ਸਾਬਤ ਹੋ ਰਹੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਘੱਟ ਤੋਂ ਘੱਟ ਡੋਨਬਾਸ ਇਲਾਕੇ ਵਿੱਚ ਰੂਸ ਉੱਤੇ ਦਬਾਅ ਬਣਾ ਕੇ ਰੱਖਣ ਵਿੱਚ ਸਫ਼ਲ ਹੋਵੇਗੀ।
ਜਿੱਥੋਂ ਤੱਕ 2023 ਦਾ ਸਵਾਲ ਹੈ ਤਾਂ ਜੰਗ ਦੀ ਪੂਰੀ ਦਸ਼ਾ ਅਤੇ ਦਿਸ਼ਾ ਠੰਢ ਤੋਂ ਬਾਅਦ ਰੂਸ ਵੱਲੋਂ ਹੋਣ ਵਾਲੇ ਹਮਲਿਆਂ ਉੱਤੇ ਨਿਰਭਰ ਕਰਦੀ ਹੈ।
ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਪੁਤਿਨ ਇਹ ਕਹਿ ਚੁੱਕੇ ਹਨ ਉਨ੍ਹਾਂ ਦੇ 50 ਹਜ਼ਾਰ ਤੋਂ ਜ਼ਿਆਦਾ ਫੌਜੀ ਵਾਰ ਫਰੰਟ ਉੱਤੇ ਤਾਇਨਾਤ ਹਨ, ਜਦਕਿ ਢਾਈ ਲੱਖ ਫੌਜੀਆਂ ਨੂੰ ਅਗਲੇ ਸਾਲ ਹਮਲੇ ਲਈ ਤਿਆਰ ਕੀਤਾ ਜਾ ਰਿਹਾ ਹੈ।
ਇਸ ਲਈ ਜਦੋਂ ਤੱਕ ਰੂਸ ਦੇ ਇਨ੍ਹਾਂ ਨਵੇਂ ਫੌਜੀਆਂ ਦੀ ਤਾਇਨਾਤੀ ਨੂੰ ਲੈਕੇ ਹਾਲਾਤ ਸਾਫ਼ ਨਹੀਂ ਹੋ ਜਾਂਦੇ, ਉਦੋਂ ਤੱਕ ਜੰਗ ਤੋਂ ਇਲਾਵਾ ਕਿਸੇ ਹੋਰ ਸਥਿਤੀ ਦੀ ਗੁੰਜਾਇਸ਼ ਬਣਦੀ ਨਹੀਂ ਦਿਖ ਰਹੀ।
ਇਸ ਲਈ ਥੋੜ੍ਹੀ ਦੇਰ ਲਈ ਯੁੱਧ ਵਿਰਾਮ ਦੀ ਸਥਿਤੀ ਜੋ ਬਣੀ ਹੈ, ਉਹ ਲੰਬੇ ਸਮੇਂ ਤੱਕ ਨਹੀਂ ਰਹਿਣ ਵਾਲੀ।
ਪੁਤਿਨ ਇਹ ਸਾਫ਼ ਕਰ ਚੁੱਕੇ ਹਨ ਕਿ ਜਿੱਤ ਤੋਂ ਘੱਟ ਉਹ ਨਹੀਂ ਮੰਨਣ ਵਾਲੇ ਅਤੇ ਯੂਕਰੇਨ ਇਸ ਗੱਲ ਦਾ ਐਲਾਨ ਕਰ ਚੁੱਕਾ ਹੈ ਕਿ ਉਸ ਦੇ ਫੌਜੀ ਆਖਰੀ ਸਾਹ ਤੱਕ ਪਿੱਛੇ ਨਹੀਂ ਹਟਣ ਵਾਲੇ।

ਤਸਵੀਰ ਸਰੋਤ, Getty Images
ਯੂਕਰੇਨ ਆਪਣੀ ਪੂਰੀ ਜ਼ਮੀਨ ਵਾਪਸ ਲਏਗਾ
ਵਾਸ਼ਿੰਗਟਨ ਡੀਸੀ ਤੋਂ ਵਿਗਿਆਨੀ ਅਤੇ ਵਾਰ ਐਨਾਲਿਸਟ ਏਂਡ੍ਰੇਈ ਪਿਯੰਟਕੋਵਸਕੀ ਇਸ ਬਾਰੇ ਗੱਲ ਕਰਦੇ ਹਨ।
ਮੇਰੀ ਨਜ਼ਰ ਵਿੱਚ ਯੂਕਰੇਨ 2023 ਦੇ ਬਸੰਤ ਆਉਣ ਤੱਕ ਰੂਸ ਦੇ ਕਬਜ਼ੇ ਵਿੱਚ ਗਏ ਆਪਣੇ ਸਾਰੇ ਇਲਾਕੇ ਦੁਬਾਰਾ ਵਾਪਸ ਹਾਸਲ ਕਰ ਲਏਗਾ। ਇਸ ਨਤੀਜੇ ਉੱਤੇ ਪਹੁੰਚਣ ਦੇ ਦੋ ਕਾਰਨ ਬੇਹੱਦ ਸਾਫ਼ ਹਨ।

ਤਸਵੀਰ ਸਰੋਤ, Getty Images
ਇਸ ’ਚ ਸਭ ਤੋਂ ਪਹਿਲਾ ਅਤੇ ਅਹਿਮ ਕਾਰਨ ਹੈ ਯੂਕਰੇਨੀ ਫੌਜ ਦਾ ਹੌਸਲਾ ਅਤੇ ਦ੍ਰਿੜਤਾ ਅਤੇ ਇੱਕ ਦੇਸ਼ ਦੇ ਰੂਪ ਵਿੱਚ ਪੂਰੇ ਯੂਕਰੇਨ ਦਾ ਇੱਕ ਜੁੱਟ ਹੋ ਕੇ ਜੰਗ ਵਿੱਚ ਡਟੇ ਰਹਿਣ ਦੀ ਹਿੰਮਤ। ਅਜਿਹੀ ਮਿਸਾਲ ਜੰਗ ਦੇ ਪੂਰੇ ਆਧੁਨਿਕ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਦੇਖੀ ਗਈ।
ਦੂਜਾ ਕਾਰਨ ਹੈ ਪੱਛਮੀ ਦੇਸ਼ਾਂ ਨੂੰ ਹੋਇਆ ਜ਼ਬਰਦਸਤ ਅਹਿਸਾਸ। ਸਾਲਾਂ ਤੱਕ ਰੂਸੀ ਤਾਨਾਸ਼ਾਹ ਦੇ ਮਾਨ-ਮਨੁਹਾਰ ਤੋਂ ਬਾਅਦ ਪੱਛਮੀ ਦੇਸਾਂ ਨੇ ਜਿਨ੍ਹਾਂ ਇਤਿਹਾਸਿਕ ਚੁਣੌਤੀਆਂ ਨੂੰ ਮਹਿਸੂਸ ਕੀਤਾ ਹੈ, ਉਹ ਨਾਟੋ ਦੇ ਮੁੱਖ ਸਕੱਤਰ ਜੇਨਸ ਸਟੋਲਟੇਨਬਰਗ ਦੇ ਤਾਜ਼ਾ ਬਿਆਨ ਵਿੱਚ ਸਾਫ਼ ਝਲਕਦਾ ਹੈ।
ਉਨ੍ਹਾਂ ਕਿਹਾ ਸੀ, ‘‘ਅਸੀਂ ਲੋਕ (ਪੱਛਮੀ ਦੇਸ਼) ਹਾਲੇ ਜੋ ਕੀਮਤ ਪੈਸੇ ਨਾਲ ਚੁਕਾ ਰਹੇ ਹਾਂ, ਯੂਕਰੇਨ ਦੇ ਲੋਕ ਆਪਣੇ ਖੂਨ ਨਾਲ ਚੁਕਾ ਰਹੇ ਹਨ। ਤਾਨਾਸ਼ਾਹ ਸੱਤਾ ਜਦੋਂ ਆਪਣੀ ਫੌਜ ਦਾ ਸਤਿਕਾਰ ਕਰੇਗੀ, ਉਦੋਂ ਸਾਨੂੰ ਹੋਰ ਵੀ ਵੱਡੀ ਕੀਮਤ ਅਦਾ ਕਰਨੀ ਹੋਵੇਗੀ। ਉਦੋਂ ਸਾਡੇ ਸਭ ਲਈ ਇਹ ਦੁਨੀਆ ਪਹਿਲਾਂ ਤੋਂ ਕਿਤੇ ਜ਼ਿਆਤਾ ਖ਼ਤਰਨਾਕ ਹੋ ਚੁੱਕੀ ਹੋਵੇਗੀ।’’
ਜੰਗ ਦੇ ਇਸ ਮੋਰਚੇ ਉੱਤੇ ਯੂਕਰੇਨ ਦੀ ਇਸ ਹਮਲਾਵਰ ਵਾਧੇ ਤੋਂ ਬਾਅਦ ਤਕਨੀਕੀ ਗੱਲਬਾਤ ਵਿੱਚ ਰੂਸ ਦੇ ਆਤਮ-ਸਮਰਪਣ ਉੱਤੇ ਅਧਿਕਾਰਿਤ ਸਹਿਮਤੀ ਬਣੇਗੀ। ਇਸ ਵਿੱਚ ਜੇਤੂ ਹੋਣਗੇ ਯੂਕਰੇਨ ਦੇ ਨਾਲ ਅਮਰੀਕਾ ਅਤੇ ਬ੍ਰਿਟੇਨ, ਜੋ ਸੁਰੱਖਿਆ ਦੀ ਨਵੀਂ ਅੰਤਰਰਾਸ਼ਟਰੀ ਵਿਵਸਥਾ ਨੂੰ ਆਕਾਰ ਦੇਣਗੇ।

ਇਹ ਵੀ ਪੜ੍ਹੋ:

ਮੇਰੀ ਨਜ਼ਰ ਵਿੱਚ ਇਸ ਜੰਗ ਦਾ ਕੋਈ ਅੰਤ ਨਹੀਂ
ਲੰਡਨ ਵਿੱਚ ਕਿੰਗਸ ਕਾਲਜ ਦੇ ਡਿਪਾਰਟਮੈਂਟ ਆਫ਼ ਵਾਰ ਸਟੱਡੀਜ਼ ਦੇ ਬਾਰਬਰਾ ਜੈਂਚੇਟਾ ਯੂਕਰੇਨ-ਰੂਸ ਜੰਗ ਬਾਰੇ ਆਪਣੀ ਰਾਇ ਰੱਖਦੇ ਹਨ।
ਜੰਗ ਦੀ ਸ਼ੁਰੂਆਤ ਤੋਂ ਪਹਿਲਾਂ ਵਲਾਦੀਮੀਰ ਪੁਤਿਨ ਨੂੰ ਇਹ ਲੱਗਿਆ ਸੀ ਕਿ ਯੂਕਰੇਨ ਉਨ੍ਹਾਂ ਦੀ ਮਜ਼ਬੂਤ ਫੌਜ ਦੇ ਅੱਗੇ ਹਥਿਆਰ ਸੁੱਟ ਦੇਵੇਗਾ। ਉਨ੍ਹਾਂ ਨੂੰ ਇਹ ਵੀ ਲੱਗਿਆ ਸੀ ਕਿ ਉਨ੍ਹਾਂ ਦੇ ਹਮਲੇ ਵਿੱਚ ਕੋਈ ਹੋਰ ਦੇਸ਼ ਯੂਕਰੇਨ ਦੇ ਨਾਲ ਨਹੀਂ ਖੜ੍ਹਾ ਹੋਵੇਗਾ।

ਤਸਵੀਰ ਸਰੋਤ, Getty Images
ਪੁਤਿਨ ਦੇ ਇਹ ਸਾਰੇ ਆਂਕਲਣ ਗਲਤ ਸਾਬਤ ਹੋਏ ਅਤੇ ਇਸ ਕਾਰਨ ਅੱਜ ਇਹ ਪੂਰਾ ਸੰਘਰਸ਼ ਇੱਕ ਅਜਿਹੀ ਜੰਗ ਵਿੱਚ ਤਬਦੀਲ ਹੋ ਚੁੱਕਿਆ ਹੈ ਜਿਸ ਦਾ ਫ਼ਿਲਹਾਲ ਅੰਤ ਨਜ਼ਰ ਨਹੀਂ ਆਉਂਦਾ।
ਇਹ ਠੰਢ ਬੇਹੱਦ ਔਖੀ ਹੋਵੇਗੀ, ਕਿਉਂਕਿ ਯੂਕਰੇਨ ਦੀ ਫੌਜ ਅਤੇ ਆਮ ਲੋਕਾਂ ਦਾ ਹੌਸਲਾ ਤੋੜਨ ਲਈ ਰੂਸ ਬੁਨਿਆਦੀ ਢਾਂਚਿਆਂ ਉੱਤੇ ਹਮਲੇ ਤੇਜ਼ ਕਰੇਗਾ, ਪਰ ਬਰਬਾਦੀ ਅਤੇ ਤਬਾਹੀ ਵਿਚਾਲੇ ਯੂਕਰੇਨ ਨੇ ਕਮਾਲ ਦੀ ਪ੍ਰਤਿਰੋਧ ਸਮਰੱਥਾ ਦਾ ਲੋਹਾ ਮਨਵਾਇਆ ਹੈ। ਇਹ ਲੋਕ ਡਟੇ ਰਹਿਣਗੇ ਅਤੇ ਜੰਗ ਲੰਬੀ ਖਿੱਚਦੀ ਜਾਵੇਗੀ।
ਅਜਿਹੇ ਮਾਹੌਲ ਵਿੱਚ ਗੱਲਬਾਤ ਦੀ ਸੰਭਾਵਨਾ ਬੇਹੱਦ ਕਮਜ਼ੋਰ ਦਿਖਦੀ ਹੈ ਕਿਉਂਕਿ ਸਥਾਈ ਸ਼ਾਂਤੀ ਲਈ ਘੱਟੋ-ਘੱਟ ਇੱਕ ਪੱਖ ਨੂੰ ਆਪਣੀਆਂ ਮੁੱਖ ਮੰਗਾਂ ਵਿੱਚ ਬਦਲਾਅ ਕਰਨਾ ਹੋਵੇਗਾ, ਪਰ ਇਸ ਗੱਲ ਦੇ ਕੋਈ ਸੰਕੇਤ ਨਹੀਂ ਹਨ ਕਿ ਅਜਿਹਾ ਕਿਸੇ ਵੀ ਪੱਖ ਨੇ ਕੀਤਾ ਜਾਂ ਆਉਣ ਵਾਲੇ ਦਿਨਾਂ ਵਿੱਚ ਜਲਦੀ ਕਰਨ ਵਾਲਾ ਹੈ।
ਜੰਗ ਖ਼ਤਮ ਕਿਵੇਂ ਹੋਵੇਗੀ?

ਤਸਵੀਰ ਸਰੋਤ, Getty Images
ਇਸ ਦਾ ਇੱਕੋ ਹੀ ਰਾਹ ਦਿਖਦਾ ਹੈ। ਜੰਗ ਵਿੱਚ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ। ਇਹੀ ਉਹ ਪਹਿਲੂ ਹੈ ਜੋ ਜੰਗ ਨੂੰ ਲੈ ਕੇ ਰੂਸ ਦੀ ਰਾਜਨੀਤਿਕ ਅਗਵਾਈ ਦਾ ਪਾਗਲਪਨ ਖ਼ਤਮ ਕਰੇਗੀ। ਰੂਸ ਦੇ ਅੰਦਰ ਇਹ ਕਦੇ ਵੀ ਹੋ ਸਕਦਾ ਹੈ।
ਜੇ ਅਤੀਤ ਵਿੱਚ ਦੇਖਿਆ ਜਾਵੇ ਤਾਂ ਜਿਸ ਵੀ ਜੰਗ ਵਿੱਚ ਗਲਤ ਆਂਕਲਣ ਦਾ ਖ਼ਾਮਿਆਜ਼ਾ ਭੁਗਤਣਾ ਪਿਆ ਜਿਵੇਂ ਵਿਯਤਨਾਮ ਵਿੱਚ ਅਮਰੀਕਾ ਨੂੰ, ਅਫ਼ਗਾਨਿਸਤਾਨ ਵਿੱਚ ਸੋਵੀਅਤ ਰੂਸ ਨੂੰ, ਅਜਿਹੀਆਂ ਸਾਰੀਆਂ ਜੰਗਾਂ ਦਾ ਖ਼ਾਤਮਾ ਇੰਝ ਹੀ ਹੋਇਆ ਹੈ।
ਇਨ੍ਹਾਂ ਸਾਰੇ ਦੇਸ਼ਾਂ ਵਿੱਚ ਰਾਜਨੀਤਿਕ ਹਾਲਾਤ ਬਦਲਦੇ ਹੀ ਸਰਕਾਰਾਂ ਨੂੰ ਜੰਗ ਤੋਂ ਹੱਥ ਖਿੱਚਣਾ ਹੀ ਪਿਆ। ਭਾਵੇਂ ਇਹ ਸਨਮਾਨ ਭਰੇ ਸੀ ਜਾਂ ਨਹੀਂ, ਇਸ ਤੋਂ ਇਲਾਵਾ ਕੋਈ ਬਦਲ ਵੀ ਨਹੀਂ ਸੀ।
ਯੂਕਰੇਨ ਦੇ ਮਾਮਲੇ ਵਿੱਚ ਵੀ ਅਜਿਹਾ ਮੁਮਕਿਨ ਹੋ ਸਕਦਾ ਹੈ, ਬਸ਼ਰਤੇ ਜੰਗ ਵਿੱਚ ਜਾਨ-ਮਾਲ ਦੇ ਨੁਕਸਾਨ ਨੂੰ ਲੈ ਕੇ ਰੂਸ ਉੱਤੇ ਵਧਦੇ ਘਰੇਲੂ ਦਬਾਅ ਦੇ ਨਾਲ ਪੱਛਮੀ ਦੇਸ਼ ਯੂਕਰੇਨ ਦੇ ਸਮਰਥਨ ਵਿੱਚ ਡਟ ਕੇ ਖੜ੍ਹੇ ਰਹਿਣ।
ਪਰ ਅਫ਼ਸੋਸ ਕਿ ਫੌਜ ਦੇ ਨਾਲ ਆਰਥਿਕ ਮੋਰਚੇ ਉੱਤੇ ਵੀ ਇਹ ਲੜਾਈ ਅਜੇ ਜਾਰੀ ਰਹੇਗੀ। 2023 ਦੇ ਆਖਿਰ ਤੱਕ ਇਹ ਜੰਗ ਖ਼ਤਮ ਹੁੰਦੀ ਨਹੀਂ ਦਿਖਦੀ।
ਜੰਗ ’ਚ ਰੂਸ ਦੀ ਹਾਰ ਤੈਅ ਹੈ

ਤਸਵੀਰ ਸਰੋਤ, Getty Images
ਯੂਰਪ ਵਿੱਚ ਅਮਰੀਕੀ ਫੌਜ ਦੇ ਸਾਬਕਾ ਕਮਾਂਡਿਗ ਜਨਰਲ ਬੇਨ ਹੋਜ਼ੇਜ ਆਪਣੀ ਰਾਇ ਰੱਖਦੇ ਹਨ।
ਹਾਲਾਂਕਿ ਅਜੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਯੂਕਰੇਨੀ ਫੌਜ ਦੀ ਜਿੱਤ ਦੇ ਜਸ਼ਨ ਦੀ ਯੋਜਨਾ ਬਣਾਉਣਾ ਥੋੜ੍ਹਾ ਜਲਜਬਾਜ਼ੀ ਹੋਵੇਗੀ, ਪਰ ਸਾਰੇ ਹਾਲਾਤ ਅਜੇ ਯੂਕਰੇਨ ਦੇ ਪੱਖ ਵਿੱਚ ਹਨ। ਯੂਕਰੇਨ ਇਸ ਜੰਗ ਨੂੰ ਇਸੇ ਸਾਲ ਜਿੱਤ ਲਵੇਗਾ, ਇਸ ਨੂੰ ਲੈ ਕੇ ਮੇਰੇ ਮਨ ਵਿੱਚ ਕੋਈ ਸ਼ੱਕ ਨਹੀਂ ਹੈ।
ਹਾਲਾਂਕਿ ਠੰਢ ਕਾਰਨ ਚੀਜ਼ਾਂ ਥੋੜ੍ਹੀ ਘੱਟ ਰਫ਼ਤਾਰ ਨਾਲ ਬਦਲਣਗੀਆਂ ਪਰ ਯੂਕਰੇਨ ਦੀ ਫੌਜ ਰੂਸ ਤੋਂ ਹਰ ਮੋਰਚੇ ਉੱਤੇ ਬਿਹਤਰ ਕਰੇਗੀ, ਕਿਉਂਕਿ ਉਸ ਕੋਲ ਬ੍ਰਿਟੇਨ, ਕੈਨੇਡਾ ਅਤੇ ਜਰਮਨੀ ਵੱਲੋਂ ਠੰਢ ਵਿੱਚ ਵਰਤੇ ਜਾਣ ਵਾਲੇ ਬਿਹਤਰ ਸਾਜ਼ੋ-ਸਮਾਨ ਹਨ।
ਮੈਨੂੰ ਯਕੀਨ ਹੈ ਕਿ 2023 ਦੇ ਅਖੀਰ ਤੱਕ ਕ੍ਰੀਮੀਆ ਉੱਤੇ ਯੂਕਰੇਨ ਦਾ ਕਬਜ਼ਾ ਪੂਰੀ ਤਰ੍ਹਾਂ ਬਹਾਲ ਹੋ ਜਾਵੇਗਾ। ਹਾਲਾਂਕਿ ਇਸ ਨੂੰ ਲੈ ਕੇ ਕੁਝ ਸਮਝੌਤੇ ਵੀ ਹੋ ਸਕਦੇ ਹਨ ਤਾਂ ਜੋ ਰੂਸ ਸੇਵਾਸਤੋਪੋਲ ਵਿੱਚ ਤਾਇਨਾਤ ਆਪਣੀ ਸਮੁੰਦਰੀ ਫੌਜ ਦੇ ਬੇਸ ਨੂੰ ਹੌਲੀ-ਹੌਲੀ ਹਟਾ ਸਕੇ।
ਜੋ ਹੋ ਰਿਹਾ ਹੈ, ਉਹ ਅੱਗੇ ਵੀ ਹੋਵੇਗਾ
ਇਜ਼ਰਾਇਲ ਦੇ ਫੌਜ ਮਾਹਰ ਡੇਵਿਡ ਗੇਂਡਲਮੈਨ ਵੀ ਇਸ ਜੰਗ ਬਾਰੇ ਆਪਣੇ ਵਿਚਾਰ ਰੱਖਦੇ ਹਨ।
ਇਹ ਸੋਚਣ ਦੀ ਥਾਂ ਕਿ ਇਹ ਜੰਗ ਕਿਵੇਂ ਖ਼ਤਮ ਹੋਵੇਗੀ, ਇੱਥੇ ਦੇਖਣਾ ਦਿਲਚਸਪ ਹੋਵੇਗਾ ਕਿ ਅਗਲੇ ਪੜਾਅ ਵਿੱਚ ਕਿਸੇ ਪੱਖ ਨੂੰ ਕੀ ਹਾਸਲ ਹੁੰਦਾ ਹੈ।

ਤਸਵੀਰ ਸਰੋਤ, Getty Images
ਹਾਲੇ ਜੋ ਯੂਕਰੇਨ ਨਾਲ ਜੰਗ ਚੱਲ ਰਹੀ ਹੈ, ਉਸ ਦੇ ਮੋਰਚੇ ਉੱਤੇ ਰੂਸ ਦੇ ਸਿਰਫ਼ ਅੱਧੇ ਫੌਜੀ ਜਿਨ੍ਹਾਂ ਦੀ ਗਿਣਤੀ ਕਰੀਬ ਤਿੰਨ ਲੱਖ ਹੈ, ਉਹ ਤਾਇਨਾਤ ਹਨ। ਇਸ ਤੋਂ ਇਲਾਵਾ ਖ਼ਾਸ ਤੌਰ ਉੱਤੇ ਖੇਰਸਾਨ ਤੋਂ ਪਿੱਛੇ ਹਟਣ ਤੋਂ ਬਾਅਦ ਜੋ ਬਾਕੀ ਫੌਜੀ ਹਨ ਉਹ ਰੂਸ ਨੂੰ ਅਗਲੇ ਹਮਲੇ ਲਈ ਤਾਕਤਵਰ ਬਣਾਉਣ ਲਈ ਕਾਫੀ ਹਨ।
ਲੁਹਾਂਸਕ ਅਤੇ ਦੋਨੇਤਸਕ ਵਰਗੇ ਖੇਤਰਾਂ ਵਿੱਚ ਰੂਸ ਦਾ ਕਬਜ਼ਾ ਭਾਵੇਂ ਬਰਕਰਾਰ ਰਹੇ, ਪਰ ਦੱਖਣੀ ਯੂਕਰੇਨ ਦੇ ਡੋਨਬਾਸ ਵਿੱਚ ਯੂਕਰੇਨੀ ਫੌਜ ਨੂੰ ਘੇਰਨ ਲਈ ਪਾਵਲੋਗ੍ਰੈਡ ਉੱਤੇ ਕਬਜ਼ੇ ਵਰਗੀ ਗੱਲ ਅਸੰਭਵ ਲਗਦੀ ਹੈ।
ਹੁਣ ਸਵਾਲ ਇਹ ਆਉਂਦਾ ਹੈ ਕਿ ਇਸ ਮੋਰਚੇ ਉੱਤੇ ਹਮਲੇ ਲਈ ਯੂਕਰੇਨ ਕੋਲ ਕਿੰਨੇ ਫੌਜੀ ਬਾਕੀ ਬਚੇ ਹਨ? ਅਤੇ ਇਹ ਵੀ ਕਿ ਅਗਲੇ ਇੱਕ ਤੋਂ ਤਿੰਨ ਮਹੀਨਿਆਂ ਵਿਚਾਲੇ ਯੂਕਰੇਨੀ ਜਨਰਲ ਜ਼ਾਲੁਜ਼ਨੀ ਕਿੰਨੇ ਰੈਗੂਲਰ ਅਤੇ ਰਿਜ਼ਰਵ ਫੌਜੀਆਂ ਦੀਆਂ ਟੁਕੜੀਆਂ ਹਮਲੇ ਲਈ ਤਿਆਰ ਕਰਦੇ ਹਨ।
ਇਨ੍ਹਾਂ ਵਿੱਚ ਫੌਜੀਆਂ ਦੇ ਨਾਲ ਫੌਜੀ ਵਾਹਨ ਅਤੇ ਹਥਿਆਰਾਂ ਦਾ ਇੰਤਜ਼ਾਮ ਵੀ ਅਹਿਮ ਹੋਵੇਗਾ।
ਇਨ੍ਹਾਂ ਸਵਾਲਾਂ ਦਾ ਜਵਾਬ ਬਰਫ਼ਬਾਰੀ ਤੋਂ ਬਾਅਦ ਮਿਲੇਗਾ। ਇਸ ਜਵਾਬ ਦੇ ਆਧਾਰ ਉੱਤੇ ਹੀ ਅਸੀਂ ਅੰਦਾਜ਼ਾ ਲਗਾ ਸਕਾਂਗੇ ਕਿ ਰੂਸ ਤੇ ਯੂਕਰੇਨ ਵਿਚਾਲੇ ਜੋ ਚੱਲ ਰਿਹਾ ਹੈ ਉਹ ਕਿਸ ਤਰ੍ਹਾਂ ਖ਼ਤਮ ਹੋਵੇਗਾ।
(ਨੋਟ – ਲੇਖ ਵਿੱਚ ਮਾਹਰਾਂ ਦੀ ਚੋਣ ਉਨ੍ਹਾਂ ਨੇ ਤਜਰਬੇ ਅਤੇ ਵੱਖ-ਵੱਖ ਨਜ਼ਰੀਏ ਦੇ ਆਧਾਰ ਉੱਤੇ ਕੀਤਾ ਗਿਆ ਹੈ।)

ਰੂਸ ਨੇ 120 ਮਿਜ਼ਾਈਲਾਂ ਦਾਗੀਆਂ – ਯੂਕਰੇਨ ਦਾ ਦਾਅਵਾ
ਬੀਬੀਸੀ ਪੱਤਰਕਾਰ ਹੁਗੋ ਬਚੇਗਾ ਤੇ ਮੈਟ ਮਰਫ਼ੀ, ਕੀਵ ਅਤੇ ਲੰਡਨ ਤੋਂ
ਵੀਰਵਾਰ ਦੀ ਸਵੇਰ ਪੂਰੇ ਯੂਕਰੇਨ ਵਿੱਚ ਹਵਾਈ ਰੇਡ ਦੀ ਇੱਕ ਚੇਤਾਵਨੀ ਦਿੱਤੀ ਗਈ। ਅਜਿਹਾ ਰੂਸ ਵੱਲੋਂ ਯੂਕਰੇਨ ਦੇ ਮੁੱਖ ਸ਼ਹਿਰਾਂ ਨੂੰ ਮਿਜ਼ਾਈਲ ਹਮਲਿਆਂ ਨਾਲ ਨਿਸ਼ਾਨਾ ਬਣਾਇਆ ਜਾਣ ਦੇ ਸੰਦਰਭ ਵਿੱਚ ਕੀਤਾ ਗਿਆ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸਲਹਾਕਾਰ ਮਿਖ਼ਾਇਲੋ ਪੋਡੋਲਿਆਕ ਨੇ ਕਿਹਾ ਕਿ 120 ਤੋਂ ਵੀ ਵੱਧ ਮਿਜ਼ਾਈਲਾਂ ਆਮ ਲੋਕਾਂ ਦੇ ਢਾਂਚਿਆਂ ਉੱਤੇ ਦਾਗੀਆਂ ਗਈਆਂ।

ਤਸਵੀਰ ਸਰੋਤ, KYRYLO TYMOSHENKO
ਯੂਕਰੇਨ ਦੀ ਰਾਜਧਾਨੀ ਕੀਵ ਦੇ ਮੇਅਰ ਵਿਟਾਲੀ ਕਲਿਤਸਕੋ ਨੇ ਕਿਹਾ ਕਿ ਰਾਜਧਾਨੀ ਉੱਤੇ ਹਮਲਾ ਹੋਇਆ ਤਾਂ 14 ਸਾਲਾਂ ਦੀ ਇੱਕ ਕੁੜੀ ਸਣੇ ਘੱਟੋ-ਘੱਟ ਤਿੰਨ ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ।
ਧਮਾਕੇ ਕੀਵ ਸਣੇ ਹੋਰ ਸ਼ਹਿਰਾਂ ਵਿੱਚ ਸੁਣੇ ਗਏ, ਜਿਨ੍ਹਾਂ ਵਿੱਚ ਖਾਰਕੀਵ, ਓਡੇਸਾ, ਲਵੀਵ ਅਤੇ ਜ਼ਾਇਤੋਮਿਰ ਸ਼ਾਮਲ ਹਨ।
ਹਵਾ ਰਾਹੀਂ ਹਮਲੇ ਲਗਭਗ ਪੰਜ ਘੰਟਿਆਂ ਤੱਕ ਚੱਲੇ ਅਤੇ ਦੱਖਣੀ ਸੂਬੇ ਓਡੇਸਾ ਦੇ ਆਗੂ ਮਾਕਸਿਮ ਨੇ ਕਿਹਾ ਕਿ ‘‘ਇਹ ਯੂਕਰੇਨ ਉੱਤੇ ਇੱਕ ਜ਼ਬਰਦਸਤ ਮਿਜ਼ਾਈਲ ਹਮਲਾ ਹੈ।’’
ਯੂਕਰੇਨ ਦੀ ਏਅਰ ਫੋਰਸ ਨੇ ਕਿਹਾ ਕਿ ਰੂਸ ਨੇ ਮੁਲਕ ਉੱਤੇ ‘‘ਵੱਖ-ਵੱਖ ਦਿਸ਼ਾਵਾਂ ਤੋਂ ਹਵਾਈ ਅਤੇ ਸਮੁੰਦਰੀ ਰਾਹ ਤੋਂ ਮਿਜ਼ਾਈਲਾਂ ਦਾਗੀਆਂ।’’
ਯੂਕਰੇਨ ਨੇ ਇਹ ਵੀ ਕਿਹਾ ਕਿ ਕਈ ਡਰੋਨਾਂ ਦਾ ਵੀ ਇਸਤੇਮਾਲ ਹੋਇਆ।
ਵੀਰਵਾਰ ਦੀ ਸਵੇਰ ਯੂਕਰੇਨ ਦੇ ਹਰ ਸੂਬੇ ਵਿੱਚ ਹਵਾਈ ਰੇਡ ਦੇ ਅਲਰਟ ਜਾਰੀ ਕੀਤੇ ਗਏ। ਰਾਸ਼ਟਰਪਤੀ ਦੇ ਸਲਾਹਾਕਾਰ ਓਲੇਕਸੀ ਨੇ ਨਾਗਰਿਕਾਂ ਨੂੰ ਪਨਾਹ ਲੈਣ ਨੂੰ ਕਿਹਾ ਅਤੇ ਨਾਲ ਹੀ ਦੱਸਿਆ ਕਿ ਦੇਸ਼ ਦੀ ਹਵਾਈ ਫੌਜ ਕੰਮ ਕਰ ਰਹੀ ਹੈ।
ਕੀਵ ਦੇ ਮਿਲਟਰੀ ਪ੍ਰਸ਼ਾਸਨ ਮੁਤਾਬਕ ਸ਼ਹਿਰ ਵਿੱਚ ਮਿਜ਼ਾਈਲਾਂ ਕਾਰਨ ਦੋ ਘਰ ਮਲਬੇ ਵਿੱਚ ਤਬਦੀਲ ਹੋ ਗਏ। ਸ਼ਹਿਰ ਦੇ ਮੇਅਰ ਨੇ ਕਿਹਾ ਕਿ ਹਵਾਈ ਫੌਜਾਂ ਵੱਲੋਂ 16 ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਗਿਆ।
ਉਧਰ ਦੱਖਣੀ ਸੂਬੇ ਮਾਇਕੋਲੇਵ ਦੇ ਗਵਰਨਰ ਵਿਟਲੀ ਕਿਮ ਨੇ ਲਿਖਿਆ ਕਿ ਹਵਾਈ ਫੌਜਾਂ ਵੱਲ਼ੋਂ ਪੰਜ ਮਿਜ਼ਾਈਲਾਂ ਤਬਾਹ ਕਰ ਦਿੱਤੀਆਂ ਗਈਆਂ।
ਓਡੇਸਾ ਸੂਬੇ ਦੇ ਮੁਖੀ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ਵਿੱਚ 21 ਮਿਜ਼ਾਈਲਾਂ ਨੂੰ ਤਬਾਹ ਕੀਤਾ ਗਿਆ। ਉਨ੍ਹਾਂ ਮੁਤਾਬਕ ਮਿਜ਼ਾਈਲਾਂ ਨੇ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾਂ ਬਣਾਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਦੂਜੇ ਪਾਸੇ ਪੱਛਮੀ ਸ਼ਹਿਰ ਲਵੀਵ ਦੇ ਮੇਅਰ ਮੁਤਾਬਕ ਕਈ ਧਮਾਕੇ ਰਿਪੋਰਟ ਕੀਤੇ ਗਏ।
ਵੋਲੋਦੀਮੀਰ ਜ਼ੇਲੇਂਸਕੀ ਦੇ ਇੱਕ ਸੀਨੀਅਰ ਸਲਾਹਕਾਰ ਨੇ ਕਿਹਾ ਕਿ ਪੱਛਮੀ ਸੂਬੇ ਇਵਾਨੋ-ਫਰੈਂਕਿਵਸਕ ਦੇ ਇੱਕ ਪਿੰਡ ਵਿੱਚ ਮਿਜ਼ਾਈਲ ਰਿਹਾਇਸ਼ੀ ਇਮਾਰਤ ਨਾਲ ਟਕਰਾਈ ਪਰ ਧਮਾਕਾ ਨਹੀਂ ਹੋਇਆ।
ਬੀਬੀਸੀ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।
ਯੂਕਰੇਨ ਵਿੱਚ ਲੰਘੇ ਕੁਝ ਹਫ਼ਤਿਆਂ ’ਚ ਰੂਸ ਵੱਲੋਂ ਦਰਜਨਾਂ ਹਮਲੇ ਹੋਏ ਹਨ ਜਿਸ ਕਾਰਨ ਪੂਰੇ ਮੁਲਕ ਵਿੱਚ ਵਾਰ-ਵਾਰ ਬਿਜਲੀ ਗੁੱਲ ਰਹੀ ਹੈ।
ਯੂਕਰੇਨ ਦੇ ਬਿਜਲੀ ਮੰਤਰੀ ਹਰਮਨ ਹਾਲੁਸ਼ਚੇਂਕੋ ਨੇ ਕਿਹਾ ਹੈ ਕਿ ਇਨ੍ਹਾਂ ਹਮਲਿਆਂ ਨੇ ਬਿਜਲੀ ਉਤਪਾਦਨ ਕਰਨ ਵਾਲੀਆਂ ਮਸ਼ੀਨਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਓਡੇਸਾ ਤੇ ਕੀਵ ਸੂਬਿਆਂ ਵਿੱਚ ਹਾਲਾਤ ‘‘ਮੁਸ਼ਕਲ’’ ਹਨ।













