ਭਲਵਾਨਾਂ ਦੇ ਸਮਰਥਨ ਵਿੱਚ ਆਈ ਕੌਮਾਂਤਰੀ ਓਲੰਪਿਕ ਕਮੇਟੀ: 'ਐਥਲੀਟਾਂ ਦੀ ਸੁਰੱਖਿਆ 'ਤੇ ਧਿਆਨ ਦਿੱਤਾ ਜਾਵੇ'

ਭਾਰਤ ਵਿੱਚ ਧਰਨਾ ਕਰ ਰਹੇ ਕੁਸ਼ਤੀ ਭਲਵਾਨਾਂ ਬਾਰੇ ਕੌਮਾਂਤਰੀ ਓਲੰਪਿਕ ਕਮੇਟੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਕਮੇਟੀ ਨੇ ਕਿਹਾ ਹੈ ਕਿ ਐਤਵਾਰ ਨੂੰ ਭਾਰਤੀ ਕੁਸ਼ਤੀ ਅਥਲੀਟਾਂ ਨਾਲ ਹੋਇਆ ਵਿਹਾਰ ਬਹੁਤ ਪ੍ਰੇਸ਼ਾਨ ਕਰਨ ਵਾਲਾ ਸੀ।

ਕਮੇਟੀ ਨੇ ਜ਼ੋਰ ਦੇ ਕੇ ਕਿਹਾ ਕਿ ਭਲਵਾਨਾਂ ਵੱਲੋਂ ਲਗਾਏ ਇਲਜ਼ਾਮਾਂ ਦੀ ਸਥਾਨਕ ਕਾਨੂੰਨ ਮੁਤਾਬਕ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ।

ਭਲਵਾਨ ਪਿਛਲੇ ਕਈ ਹਫ਼ਤਿਆਂ ਤੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ਼ ਭੂਸ਼ਣ ਸ਼ਰਨ ਸਿੰਘ ਉੱਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਾ ਰਹੇ ਹਨ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਸੰਘਰਸ਼ ਕਰ ਰਹੇ ਹਨ।

ਬ੍ਰਿਜ਼ ਭੂਸ਼ਣ ਸ਼ਰਨ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।

ਜਿਸ ਤੋਂ ਬਾਅਦ ਦੇਸ਼ ਅਤੇ ਵਿਦੇਸ਼ ਤੋਂ ਪ੍ਰਤੀਕਿਰਿਆ ਦਾ ਦੌਰ ਚੱਲ ਰਿਹਾ ਹੈ।

ਆਈਓਸੀ ਨੇ ਕਿਹਾ, "ਅਸੀਂ ਸਮਝਦੇ ਹਾਂ ਕਿ ਅਜਿਹੀ ਅਪਰਾਧਿਕ ਜਾਂਚ ਵੱਲ ਪਹਿਲਾ ਕਦਮ ਚੁੱਕਿਆ ਗਿਆ ਹੈ, ਪਰ ਠੋਸ ਕਾਰਵਾਈਆਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੋਰ ਕਦਮ ਚੁੱਕਣੇ ਪੈਣਗੇ। ਅਸੀਂ ਤਾਕੀਦ ਕਰਦੇ ਹਾਂ ਕਿ ਇਨ੍ਹਾਂ ਐਥਲੀਟਾਂ ਦੀ ਸੁਰੱਖਿਆ ਅਤੇ ਭਲਾਈ ਲਈ ਉਚਿਤ ਵਿਚਾਰ ਕੀਤਾ ਜਾਵੇ ਅਤੇ ਜਾਂਚ ਤੇਜ਼ੀ ਨਾਲ ਖ਼ਤਮ ਕੀਤੀ ਜਾਵੇਗੀ।"

ਇਲਜ਼ਾਮਾਂ ਦੀ ਸ਼ੁਰੂਆਤ ਤੋਂ ਹੀ, ਆਈਓਸੀ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਦੇ ਸੰਪਰਕ ਵਿੱਚ ਹੈ, ਜਿਸ ਨੇ ਪਹਿਲਾਂ ਹੀ ਉਪਾਅ ਕੀਤੇ ਹਨ।

ਆਈਓਸੀ ਇਸ ਮੁੱਦੇ ਨੂੰ ਹੱਲ ਕਰਨ ਲਈ ਸਮਰੱਥ ਖੇਡ ਅਥਾਰਟੀ ਵਜੋਂ ਯੂਡਬਲਿਊਡਬਲਿਊ ਦਾ ਸਮਰਥਨ ਕਰਦਾ ਹੈ ਕਿਉਂਕਿ ਇਹ ਭਾਰਤ ਵਿੱਚ ਕੁਸ਼ਤੀ ਦੀ ਖੇਡ ਦੇ ਸ਼ਾਸਨ ਨਾਲ ਸਬੰਧਤ ਹੈ।

'45 'ਚ ਹੋਣ ਚੋਣਾਂ ਨਹੀਂ ਤਾਂ...'

ਉਧਰ ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਯੂਡਬਲਿਊਡਬਲਿਊ ਨੇ ਭਲਵਾਨਾਂ ਦੇ ਧਰਨੇ 'ਤੇ ਸਖ਼ਤ ਬਿਆਨ ਜਾਰੀ ਕਰਕੇ ਭਲਵਾਨਾਂ ਨਾਲ ਹੋਏ ਸਲੂਕ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ।

ਯੂਡਬਲਿਊਡਬਲਿਊ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਜੇਕਰ ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ 45 ਦਿਨਾਂ ਦੇ ਅੰਦਰ ਨਹੀਂ ਕਰਵਾਈਆਂ ਗਈਆਂ ਤਾਂ ਭਾਰਤ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।

ਯੂਨਾਈਟਿਡ ਵਰਲਡ ਰੈਸਲਿੰਗ ਨੇ ਵੀ ਹੁਣ ਤੱਕ ਦੀ ਜਾਂਚ ਦੇ ਨਤੀਜੇ ਨਾ ਆਉਣ 'ਤੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਅਧਿਕਾਰੀਆਂ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਇਲਜ਼ਾਮਾਂ ਦੀ ਪੂਰੀ ਅਤੇ ਨਿਰਪੱਖ ਜਾਂਚ ਕਰਨ ਦੀ ਅਪੀਲ ਕੀਤੀ।

ਤਗਮੇ ਗੰਗਾ 'ਚ ਪ੍ਰਵਾਹ ਕਰਨੇ ਪਹੁੰਚੇ ਸਨ ਹਰਿਦੁਆਰ

ਬੀਤੇ ਦਿਨ (ਮੰਗਲਵਾਰ) ਭਾਰਤ ਦੇ ਕੌਮਾਂਤਰੀ ਭਲਵਾਨ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬਜਰੰਗ ਪੂਨੀਆ ਸਮੇਤ ਕਈ ਵੱਡੇ ਖਿਡਾਰੀ ਆਪਣੇ ਤਗਮੇ ਗੰਗਾ ਵਿਚ ਪ੍ਰਵਾਹ ਕਰਨ ਲਈ ਹਰਿਦੁਆਰ ਪਹੁੰਚੇ ਸਨ।

ਭਲਵਾਨਾਂ ਦੇ ਪਹੁੰਚਣ ਤੋਂ ਇਕ ਘੰਟੇ ਬਾਅਦ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਨਰੇਸ਼ ਟਿਕੈਤ ਆਪਣੇ ਸਮਰਥਕਾਂ ਸਣੇ ਭਲਵਾਨਾਂ ਨੂੰ ਮਨਾਉਣ ਲਈ ਹਰਿਦੁਆਰ ਸਥਿਤ ਹਰਿ ਕੀ ਪੌੜੀ ਪਹੁੰਚੇ।

ਇਸ ਤੋਂ ਪਹਿਲਾਂ ਉਨ੍ਹਾਂ ਦੇ ਛੋਟੇ ਭਰਾ ਰਾਕੇਸ਼ ਟਿਕੈਤ ਨੇ ਵੀ ਭਲਵਾਨਾਂ ਨੂੰ ਆਪਣੇ ਤਗਮੇ ਗੰਗਾ ਵਿੱਚ ਨਾ ਸੁੱਟਣ ਦੀ ਅਪੀਲ ਕੀਤੀ ਸੀ।

ਪਰ ਨਰੇਸ਼ ਟਿਕੈਤ ਉਨ੍ਹਾਂ ਨੂੰ ਮਨਾਉਣ ਵਿੱਚ ਸਫ਼ਲ ਰਹੇ ਅਤੇ ਭਲਵਾਨਾਂ ਆਪਣੇ ਮੈਡਲ ਨਰੇਸ਼ ਟਿਕੈਤ ਨੂੰ ਸੌਂਪ ਦਿੱਤੇ।

ਪੰਜ ਦਿਨ ਦਾ ਅਲਟੀਮੇਟਮ

ਭਲਵਾਨ ਆਪਣੇ ਮੈਡਲ ਨਰੇਸ਼ ਟਿਕੈਤ ਨੂੰ ਸੌਂਪ ਕੇ ਚਲੇ ਗਏ, ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਨਰੇਸ਼ ਟਿਕੈਤ ਨੇ ਕਿਹਾ ਕਿ ਭਲਵਾਨਾਂ ਨੂੰ ਪੰਜ ਦਿਨ ਉਡ਼ੀਕ ਕਰਨ ਲਈ ਕਿਹਾ ਗਿਆ ਹੈ।

ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਇਸ ਸੰਘਰਸ਼ ਵਿੱਚ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਕਰੇਗਾ।

ਇਸੇ ਦੌਰਾਨ ਮੁਜ਼ੱਫਰਨਗਰ ਦੇ ਬੁਢਾਨਾ ਇਲਾਕੇ ਵਿੱਚ ਸੋਰਮ ਪਿੰਡ ਵਿੱਚ ਭਲਵਾਨਾਂ ਦੇ ਸਮਰਥਨ ਵਿੱਚ ਖਾਪ ਪੰਚਾਇਤ ਸੱਦੀ ਗਈ ਹੈ।

ਨਰੇਸ਼ ਟਿਕੈਤ ਮੁਤਾਬਕ ਇਹ ਪੰਚਾਇਤ ਵੀਰਵਾਰ ਨੂੰ ਹੋਵੇਗੀ ਅਤੇ ਇਸ ਵਿੱਚ ਆਮ ਲੋਕ ਹਿੱਸਾ ਨਹੀਂ ਲੈਣਗੇ।

ਟਿਕੈਤ ਮੁਤਾਬਕ ਇਸ ਵਿੱਚ ਵੱਖ-ਵੱਖ ਖਾਪਾਂ ਦੇ ਚੌਧਰੀ ਸ਼ਾਮਿਲ ਹੋਣਗੇ ਅਤੇ ਹੋਰਨਾਂ ਸੂਬਿਆਂ ਦੀਆਂ ਖਾਪਾਂ ਦੇ ਚੌਧਰੀਆਂ ਨੂੰ ਵੀ ਸੱਦਿਆ ਜਾਵੇਗਾ।

ਭਲਵਾਨਾਂ ਦੇ ਧਰਨੇ 'ਚ ਹੁਣ ਤੱਕ ਕੀ-ਕੀ ਹੋਇਆ

23 ਅਪ੍ਰੈਲ, 2023 ਨੂੰ ਭਾਰਤ ਦੇ ਨਾਮੀ ਮਹਿਲਾ ਭਲਵਾਨਾਂ ਨੇ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨਾ ਸ਼ੁਰੂ ਕੀਤਾ ਸੀ। ਖਿਡਾਰੀਆਂ ਦਾ ਇਲਜ਼ਾਮ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਮਹਿਲਾ ਭਲਵਾਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।

24 ਅਪ੍ਰੈਲ - ਪਾਲਮ 360 ਖਾਪ ਦੇ ਪ੍ਰਧਾਨ ਚੌਧਰੀ ਸੁਰੇਂਦਰ ਸੋਲੰਕੀ ਭਲਵਾਨਾਂ ਦੇ ਸਮਰਥਨ ਲਈ ਦਿੱਲੀ ਦੇ ਜੰਤਰ-ਮੰਤਰ ਪਹੁੰਚੇ।

25 ਅਪ੍ਰੈਲ - ਵਿਨੇਸ਼ ਫੋਗਾਟ ਅਤੇ 6 ਹੋਰ ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਅਦਾਲਤ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ।

27 ਅਪ੍ਰੈਲ- ਬ੍ਰਿਜ ਭੂਸ਼ਣ ਸਿੰਘ ਨੇ ਇੱਕ ਕਵਿਤਾ ਸੁਣਾ ਕੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ।

28 ਅਪ੍ਰੈਲ - ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦੋ ਐੱਫ਼ਆਈਆਰ ਦਰਜ ਕੀਤੀਆਂ ਹਨ। ਭਲਵਾਨ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।

29 ਅਪ੍ਰੈਲ - ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਧਰਨੇ ਵਾਲੀ ਥਾਂ 'ਤੇ ਪਹੁੰਚ ਕੇ ਕਿਹਾ ਕਿ ਜਦੋਂ ਔਰਤਾਂ ਦਾ ਸ਼ੋਸ਼ਣ ਹੁੰਦਾ ਹੈ ਤਾਂ ਸਰਕਾਰ ਚੁੱਪ ਹੋ ਜਾਂਦੀ ਹੈ।

3-4 ਮਈ ਦੇ ਦਰਮਿਆਨੀ ਰਾਤ ਵਰ੍ਹਦੇ ਮੀਂਹ ਵਿੱਚ ਭਲਵਾਨਾਂ ਤੇ ਦਿੱਲੀ ਪੁਲਿਸ ਦਰਮਿਆਨ ਝੜਪ ਹੋਈ।

7 ਮਈ - ਭਲਵਾਨਾਂ ਨੇ ਜੰਤਰ-ਮੰਤਰ 'ਤੇ ਕੈਂਡਲ ਮਾਰਚ ਕੱਢਿਆ।

8 ਮਈ - ਕਈ ਸੂਬਿਆਂ ਦੇ ਕਿਸਾਨ ਭਲਵਾਨਾਂ ਦੇ ਸਮਰਥਨ ਲਈ ਜੰਤਰ-ਮੰਤਰ ਪਹੁੰਚੇ।

11 ਮਈ - ਪਹਿਲਵਾਨਾਂ ਨੇ ਸਿਰਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਲਾ ਦਿਵਸ ਮਨਾਇਆ। ਨਾਬਾਲਗ ਮਹਿਲਾ ਭਲਵਾਨ ਨੇ ਮੈਜਿਸਟਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ।

20 ਮਈ - ਭਲਵਾਨ ਫਿਰੋਜ਼ਸ਼ਾਹ ਆਈਪੀਐੱਲ ਮੈਚ ਦੇਖਣ ਲਈ ਕੋਟਲਾ ਮੈਦਾਨ ਪਹੁੰਚੇ ਪਰ ਜਿੱਥੇ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਸਟੇਡੀਅਮ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ।

21 ਮਈ- ਹਰਿਆਣਾ ਦੇ ਰੋਹਤਕ ਵਿੱਚ ਭਲਵਾਨਾਂ ਦੇ ਸਮਰਥਨ ਵਿੱਚ ਖਾਪ ਪੰਚਾਇਤ ਹੋਈ। ਪੰਚਾਇਤ ਵਿੱਚ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਨਾਰਕੋ ਟੈਸਟ ਕਰਵਾਉਣ ਦੀ ਮੰਗ ਕੀਤੀ ਗਈ।

22 ਮਈ- ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਉਹ ਆਪਣਾ ਨਾਰਕੋ, ਪੌਲੀਗ੍ਰਾਫ ਅਤੇ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਤਿਆਰ ਹੈ ਪਰ ਇਸ ਸ਼ਰਤ 'ਤੇ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਵੀ ਉਨ੍ਹਾਂ ਨਾਲ ਇਹ ਟੈਸਟ ਕਰਵਾਉਣਾ ਚਾਹੀਦਾ ਹੈ।

23 ਮਈ – ਜੰਤਰ-ਮੰਤਰ 'ਤੇ ਧਰਨੇ ਪ੍ਰਦਰਸ਼ਨ ਦਾ ਇੱਕ ਮਹੀਨਾ ਪੂਰਾ ਹੋਇਆ। ਭਲਵਾਨਾਂ ਨੇ ਜੰਤਰ-ਮੰਤਰ ਤੋਂ ਇੰਡੀਆ ਗੇਟ ਤੱਕ ਪੈਦਲ ਮਾਰਚ ਕੀਤਾ।

25 ਮਈ- ਹਰਿਆਣਾ ਦੇ ਜੀਂਦ ਵਿੱਚ ਹੋਈ ਮਹਾਪੰਚਾਇਤ ਵਿੱਚ ਹਿੱਸਾ ਲਿਆ। ਭਲਵਾਨਾਂ ਦੇ ਸਮਰਥਨ ਕਰਨ ਲਈ ਸੈਂਕੜੇ ਲੋਕ ਪੁੱਜੇ।

27 ਮਈ – ਭਲਵਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਉਨ੍ਹਾਂ 'ਤੇ ਸਮਝੌਤਾ ਕਰਨ ਲਈ ਦਬਾਅ ਪਾ ਰਹੀ ਹੈ।

28 ਮਈ - ਨਵੇਂ ਸੰਸਦ ਭਵਨ ਦੇ ਉਦਘਾਟਨ ਵਾਲੇ ਦਿਨ, ਸੰਸਦ ਭਵਨ ਦੇ ਸਾਹਮਣੇ ਭਲਵਾਨਾਂ ਨੇ ਔਰਤਾਂ ਦੇ ਸਨਮਾਨ ਲਈ ਮਹਾਪੰਚਾਇਤ ਦਾ ਪ੍ਰਬੰਧ ਕੀਤਾ, ਜਿਸ ਵਿੱਚ ਹਿੱਸਾ ਲੈਣ ਲਈ ਕਈ ਸੂਬਿਆਂ ਤੋਂ ਕਿਸਾਨ ਆਗੂ ਅਤੇ ਸਮਰਥਕ ਜੰਤਰ-ਮੰਤਰ ਪਹੁੰਚੇ। ਜਿਵੇਂ ਹੀ ਭਲਵਾਨਾਂ ਨੇ ਸੰਸਦ ਭਵਨ ਵੱਲ ਮਾਰਚ ਕੀਤਾ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਖਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

28 ਮਈ - ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਅਤੇ ਧਰਨੇ ਦੇ ਪ੍ਰਬੰਧਕਾਂ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਸੰਗੀਤਾ ਫੋਗਾਟ, ਅਤੇ ਬਜਰੰਗ ਪੁਨੀਆ ਸਮੇਤ ਐਫਆਈਆਰ ਦਰਜ ਕੀਤੀ। ਇਸ ਵਿੱਚ ਭਲਵਾਨਾਂ ਅਤੇ ਪ੍ਰਦਰਸ਼ਨਕਾਰੀਆਂ 'ਤੇ ਦੰਗਾ ਭੜਕਾਉਣ, ਗ਼ੈਰ-ਕਾਨੂੰਨੀ ਇਕੱਠ ਕਰਨ, ਸਰਕਾਰੀ ਕਰਮਚਾਰੀਆਂ ਦੇ ਕੰਮ ਵਿੱਚ ਰੁਕਾਵਟ ਪਾਉਣ ਵਰਗੇ ਇਲਜ਼ਾਮ ਲਗਾਏ ਗਏ ਹਨ।

30 ਮਈ –ਭਲਵਾਨ, ਆਪਣੇ ਜਿੱਤੇ ਹੋਏ ਮੈਡਲ ਗੰਗਾ ਵਿੱਚ ਪ੍ਰਵਾਹ ਕਰਨ ਲਈ ਹਰਿਦੁਆਰ ਪਹੁੰਚੇ, ਜਿੱਥੇ ਉਨ੍ਹਾਂ ਨੂੰ ਕਿਸਾਨ ਆਗੂ ਨਰੇਸ਼ ਟਿਕੈਤ ਨੇ ਅਜਿਹਾ ਨਾ ਕਰਨ ਲਈ ਮਨਾਇਆ।

31 ਮਈ - ਭਾਰਤ ਵਿੱਚ ਧਰਨਾ ਕਰ ਰਹੇ ਕੁਸ਼ਤੀ ਭਲਵਾਨਾਂ ਬਾਰੇ ਕੌਮਾਂਤਰੀ ਓਲੰਪਿਕ ਕਮੇਟੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਮੇਟੀ ਨੇ ਜ਼ੋਰ ਦੇ ਕੇ ਕਿਹਾ ਕਿ ਭਲਵਾਨਾਂ ਵੱਲੋਂ ਲਗਾਏ ਇਲਜ਼ਾਮਾਂ ਦੀ ਸਥਾਨਕ ਕਾਨੂੰਨ ਮੁਤਾਬਕ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ।

31 ਮਈ - ਯੂਨਾਈਟਿਡ ਵਰਲਡ ਰੈਸਲਿੰਗ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜੇਕਰ ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ 45 ਦਿਨਾਂ ਦੇ ਅੰਦਰ ਨਹੀਂ ਕਰਵਾਈਆਂ ਗਈਆਂ ਤਾਂ ਭਾਰਤ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)