ਕੀ ਰਿਐਲਿਟੀ ਸ਼ੋਅਜ਼ ਦੇ ਹੰਝੂ ਤੇ ਹਾਸੇ ਅਸਲੀ ਹੁੰਦੇ ਹਨ, ਕਿਵੇਂ ਤਿਆਰ ਹੁੰਦੀ ਹੈ ਇਨ੍ਹਾਂ ਦੀ ਸਕ੍ਰਿਪਟ

ਤਸਵੀਰ ਸਰੋਤ, PUNEET BARNALA/BBC
- ਲੇਖਕ, ਵਿਕਾਸ ਤ੍ਰਿਵੇਦੀ
- ਰੋਲ, ਬੀਬੀਸੀ ਪੱਤਰਕਾਰ, ਮੁੰਬਈ ਤੋਂ
ਇੱਕ ਰਿਐਲਿਟੀ ਸ਼ੋਅ ਚੱਲ ਰਿਹਾ ਹੈ। ਮੰਚ ‘ਤੇ ਇੱਕ ਮੁੰਡਾ ਮਾਈਕ ਫੜੀ ਖੜ੍ਹਾ ਹੈ। ਇਸ ਰਿਐਲਿਟੀ ਸ਼ੋਅ ਵਿੱਚ ਮੁੰਡੇ ਦਾ ਆਖ਼ਰੀ ਦਿਨ ਹੈ।
ਸਭ ਨੂੰ ਲੱਗ ਰਿਹਾ ਸੀ ਕਿ ਇਹ ਮੁੰਡਾ ਜਿੱਤੇਗਾ। ਪਰ ਸ਼ੋਅ ਵਿੱਚ ਕਿਹਾ ਗਿਆ ਕਿ ਦੂਜਿਆਂ ਦੀ ਤੁਲਨਾ ਵਿੱਚ ਇਸ ਲੜਕੇ ਨੂੰ ਲੋਕਾਂ ਨੇ ਵੋਟਿੰਗ ਵਿੱਚ ਘੱਟ ਪਸੰਦ ਕੀਤਾ। ਲਿਹਾਜ਼ਾ- ਬਾਹਰ ਜਾਣਾ ਪਵੇਗਾ।
ਕੁਝ ਸਾਲ ਬੀਤਦੇ ਹਨ। ਉਹੀ ਲੜਕਾ ਫਿਰ ਮੰਚ ‘ਤੇ ਆਉਂਦਾ ਹੈ। ਜਿਵੇਂ ਹੀ ਮੁੰਡਾ ਗਾਉਂਦਾ ਹੈ- ‘ਮੁਝਕੋ ਇਤਨਾ ਬਤਾਏ ਕੋਈ, ਕੈਸੇ ਤੁਝਸੇ ਦਿਲ ਨਾ ਲਗਾਏ ਕੋਈ…’
ਇਹ ਸੁਣਦੇ ਹੀ ਮੰਚ ਤੋਂ ਬਾਹਰ ਮੌਜੂਦ ਇਸ ਲੜਕੇ ਨੂੰ ਪਸੰਦ ਕਰਦੇ ਹਜ਼ਾਰਾਂ, ਲੱਖਾਂ ਲੋਕਾਂ ਦੀ ਭੀੜ ਰੌਲਾ ਪਾਉਂਦੀ ਹੈ- “ਅਰਿਜੀਤ, ਅਰਿਜੀਤ, ਲਵ ਯੂ ਅਰਿਜੀਤ…”
ਇਹੀ ਅਰਿਜੀਤ ਸਿੰਘ 2005 ਵਿੱਚ ਰਿਐਲਿਟੀ ਸ਼ੋਅ ‘ਫੇਮ ਗੁਰੂਕੁਲ’ ਤੋਂ ਹਾਰ ਕੇ ਬਾਹਰ ਹੋਏ ਸੀ।
ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ-ਜਦੋਂ ਕੋਈ ਰਿਐਲਿਟੀ ਸ਼ੋਅ ਹੋਇਆ ਹੈ ਅਤੇ ਕੋਈ ਕਲਾਕਾਰ ਜਾਂ ਪ੍ਰਤੀਭਾਗੀ ਜਿੱਤਿਆ ਜਾਂ ਹਾਰਿਆ ਹੈ, ਇੱਕ ਸਵਾਲ ਕੁਝ ਲੋਕਾਂ ਨੇ ਜ਼ਰੂਰ ਪੁੱਛਿਆ ਹੈ।

ਤਸਵੀਰ ਸਰੋਤ, SONY
ਰਿਐਲਿਟੀ ਸ਼ੋਅ ਦੇ ਪਿੱਛੇ ਦੀ ਕਹਾਣੀ ਕੀ ਹੈ ?
ਰਿਐਲਿਟੀ ਸ਼ੋਅ ‘ਤੇ ਸਵਾਲ ਚੁੱਕਣ ਵਾਲਿਆਂ ਵਿੱਚ ਸ਼ੋਅ ਵਿੱਚ ਹਿੱਸਾ ਲੈ ਚੁੱਕੇ ਪ੍ਰਤੀਭਾਗੀ ਵੀ ਸ਼ਾਮਲ ਰਹੇ ਹਨ। ਜਿਵੇਂ-
- ਇੱਕ ਵਾਰ ਬਿਗ ਬੌਸ ਵਿੱਚ ਪਾਰਸ ਛਾਬੜਾ ਨੇ ਸਲਮਾਨ ਖ਼ਾਨ ਨੂੰ ਇਹ ਤੱਕ ਕਹਿ ਦਿੱਤਾ ਸੀ, “ਸਰ, ਇਹ ਪਲੀਜ਼ ਕ੍ਰੀਏਟਿਵਜ਼ ਨੂੰ ਕਹੋ ਕਿ ਬੇਕਾਰ ਦੀਆਂ ਗੱਲਾਂ ਨਾ ਹੀ ਕਰਨ ਪਿੱਛਿਓਂ।”
- ਲੌਕਅਪ ਸ਼ੋਅ ਵਿੱਚ ਕਰਨਵੀਰ ਨੇ ਅੰਜਲੀ ਨਾਲ ਫੇਕ ਅਫੇਅਰ ਕਰਨ ਦੀ ਗੱਲ ਕਹੀ ਸੀ ਤਾਂ ਕਿ ਸ਼ੋਅ ਵਿੱਚ ਸਫਲਤਾ ਮਿਲ ਸਕੇ। ਕਰਨਵੀਰ ਨੇ ਕਿਹਾ ਸੀ-“ਤੁਹਾਨੂੰ ਪਤਾ ਹੈ ਤੁਸੀਂ ਕੁਝ ਸਟੋਰੀ ਦਿਖਾਉਂਦੇ ਹੋ ਅਤੇ ਕੁਝ ਫੇਕਨੈੱਸ।”
ਤਾਂ ਰਿਐਲਿਟੀ ਸ਼ੋਅ ਦੀ ਦੁਨੀਆਂ ਵਿੱਚ ਜੋ ਦਿਸ ਦਾ ਹੈ, ਉਹੀ ਸੱਚ ਹੈ ਜਾਂ ਫਿਰ ਸੱਚ ਕੁਝ ਹੋਰ ਹੀ ਹੈ ?
ਇਸ ਸਵਾਲ ਦਾ ਜਵਾਬ ਜਾਣਨ ਲਈ ਅਸੀਂ ਮੁੰਬਈ ਪਹੁੰਚੇ, ਜਿੱਥੇ ਹੋਣ ਵਾਲੇ ਕਿਸੇ ਰਿਐਲਿਟੀ ਸ਼ੋਅ ਲਈ ਜਦੋਂ ਕਿਸੇ ਨੂੰ ਚੁਣਿਆ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ, “ਤੁਸੀਂ ਮੁੰਬਈ ਆ ਰਹੇ ਹੋ।”
ਰਿਐਲਿਟੀ ਸ਼ੋਅ ਦੀ ਇਸ ਕਹਾਣੀ ਵਿੱਚ ਅਸੀਂ ਜਾਣਾਂਗੇ ਕਿ ਰਿਐਲਿਟੀ ਸ਼ੋਅ ਭਾਰਤ ਵਿੱਚ ਕਦੋਂ ਆਏ, ਕਿਵੇਂ ਛਾਏ ਅਤੇ ਤੁਸੀਂ ਰਿਐਲਿਟੀ ਸ਼ੋਅ ਵਿੱਚ ਜੋ ਦੇਖਦੇ ਹੋ, ਉਹ ਸੱਚ ਦੇ ਕਿੰਨਾ ਨੇੜੇ ਹੁੰਦਾ ਹੈ?
ਫਿਰ ਭਾਵੇਂ ਨੇਹਾ ਕੱਕੜ ਦੇ ਅੱਥਰੂ ਹੋਣ ਜਾਂ ਸਲਮਾਨ ਖਾਨ ਦਾ ਗ਼ੁੱਸਾ। ਅਨੂ ਮਲਿਕ ਦਾ ‘ਤੂੰ ਆਗ ਲਗਾ ਦੇਗਾ’ ਕਹਿਣਾ ਹੋਵੇ ਜਾਂ ਫਿਰ ਰਿਐਲਿਟੀ ਸ਼ੋਅ ਵਿਚ ਸਿਆਸੀ ਏਜੰਡਾ ਫੈਲਾਉਣ ਦੇ ਇਲਜ਼ਾਮ।

ਤਸਵੀਰ ਸਰੋਤ, SOPA IMAGES
ਰਿਐਲਿਟੀ ਸ਼ੋਅ ਹੁੰਦੇ ਕੀ ਹਨ ?
ਮੁੰਬਈ ਦੀ ਫ਼ਿਲਮ ਸਿਟੀ ਵਿੱਚ ਕਾਮੇਡੀ ਦਾ ‘ਦਿ ਕਪਿਲ ਸ਼ਰਮਾ ਸ਼ੋਅ’, ਸ਼ੂਟ ਹੋ ਰਿਹਾ ਹੈ। ਸ਼ੋਅ ਦੇਖਣ ਜਿਹੜੇ ਆਮ ਲੋਕਾਂ ਨੇ ਜਾਣਾ ਹੈ, ਉਨ੍ਹਾਂ ਨੂੰ ਫ਼ੋਨ ਸਾਈਲੈਂਟ ਮੋਡ ‘ਤੇ ਕਰਨ ਲਈ ਆਖਿਆ ਜਾ ਰਿਹਾ ਹੈ।
ਇਹ ਸ਼ੋਅ ਜ਼ਿਆਦਾਤਰ ਸ਼ਾਮ ਤੋਂ ਰਾਤ ਤੱਕ ਫਿਲਮਾਇਆ ਜਾਂਦਾ ਹੈ ਅਤੇ ਚਾਰ-ਪੰਜ ਘੰਟੇ ਦੀਆਂ ਦੋ ਸ਼ਿਫਟਾਂ ਵਿੱਚ ਪੂਰਾ ਹੁੰਦਾ ਹੈ।
ਸਟੂਡੀਓ ਤੋਂ ਬਾਹਰ ਕਈ ਵੈਨਿਟੀ ਵੈਨਾਂ ਖੜ੍ਹੀਆਂ ਹਨ। ਸ਼ੋਅ ਵਿੱਚ ਹਿੱਸਾ ਲੈਣ ਆਈਆਂ ਹਸਤੀਆਂ ਨੂੰ ਕ੍ਰੀਏਟਿਵ ਟੀਮ ਹੱਥਾਂ ਵਿਚ ਕੁਝ ਕਾਗਜ਼ ਫੜੀ ਕੁਝ ਸਮਝਾਂ ਰਹੇ ਹੁੰਦੇ ਹਨ।
ਇਹ ਸਮਝਾ ਰਹੇ ਲੋਕ ਹੀ ਤੈਅ ਕਰਦੇ ਹਨ ਕਿ ਕੋਈ ਰਿਐਲਿਟੀ ਸ਼ੋਅ ਕਿੰਨਾ ਜ਼ਿਆਦਾ ਮਨੋਰੰਜਕ ਹੋਏਗਾ ਅਤੇ ਇਸ ਨੂੰ ਕਿਵੇਂ ਹਾਸਿਲ ਕਰਨਾ ਹੈ?
ਪਰ ਰਿਐਲਿਟੀ ਸ਼ੋਅ ਹੁੰਦੇ ਕੀ ਹਨ? ਟੀਵੀ ਦੇ ਦਰਸ਼ਕ ਇਸ ਸਵਾਲ ਦਾ ਜਵਾਬ ਦੇਣਗੇ- ਬਿਗ ਬੌਸ, ਕੌਣ ਬਣੇਗਾ ਕਰੋੜਪਤੀ, ਡਾਂਸ ਇੰਡੀਆ ਡਾਂਸ, ਨੱਚ ਬੱਲੀਏ, ਇੰਡੀਅਨ ਆਈਡਲ...ਯਾਨੀ ਉਹ ਸ਼ੋਅ ਜਿੱਥੇ ਸਭ ਕੁਝ ਅਸਲੀ ਹੋਵੇ।
ਟੀਵੀ ਚੈਨਲਾਂ ਦੀ ਕ੍ਰੀਏਟਿਵ ਟੀਮ ਹੈਡ ਕਰ ਚੁੱਕੇ ਲੋਕਾਂ ਤੋਂ ਪੁੱਛੋਗੇ ਤਾਂ ਜਵਾਬ ਹੋਏਗਾ- ਰਿਐਲਿਟੀ ਸ਼ੋਅ ਵਰਗਾ ਕੁਝ ਨਹੀਂ ਹੁੰਦਾ।
ਇਹ ਸਭ ਜੋ ਤੁਸੀਂ ਦੇਖਦੇ ਹੋ ਇਹ ਅਣ-ਸਕ੍ਰਿਪਟਿਡ ਕੰਟੈਂਟ ਕਹਾਉਂਦਾ ਹੈ। ਜੋ ਜਿਵੇਂ ਹੈ, ਉਸ ਨੂੰ ਕੈਮਰੇ ਵਿਚ ਕੈਦ ਕੀਤਾ ਅਤੇ ਬਾਅਦ ਵਿੱਚ ਐਡਿਟ ਕਰਕੇ ਦਿਖਾ ਦਿੱਤਾ।
ਅਣ-ਸਕ੍ਰਿਪਟਿਡ ਵਿਚ ਦੋ ਚੀਜ਼ਾਂ ਆਉਂਦੀਆਂ ਹਨ। ਇੱਕ ਦਸਤਾਵੇਜ਼ੀ ਫ਼ਿਲਮਾਂ ਅਤੇ ਦੂਜੇ ਰਿਐਲਿਟੀ ਸ਼ੋਅ।

ਤਸਵੀਰ ਸਰੋਤ, INDRANIL MUKHERJEE

ਰਿਐਲਿਟੀ ਸ਼ੋਅ ਵੀ ਕਈ ਤਰ੍ਹਾਂ ਦੇ ਹੁੰਦੇ ਹਨ-
- ਗੇਮ ਸ਼ੋਅ ਜਿਵੇਂ ਕਿ ਕੌਣ ਬਣੇਗਾ ਕਰੋੜਪਤੀ, ਦਸ ਕਾ ਦਮ
- ਸੈਲੇਬ੍ਰਿਟੀ ਰਿਐਲਿਟੀ ਸ਼ੋਅ ਜਿਵੇਂ ਕਿ ਨੱਚ ਬੱਲੀਏ, ਝਲਕ ਦਿਖਲਾ ਜਾ
- ਟੈਲੇਂਟ ਰਿਐਲਿਟੀ ਸ਼ੋਅ ਜਿਵੇਂ ਕਿ ਇੰਡੀਅਨ ਆਈਡਲ, ਡਾਂਸ ਇੰਡੀਆ ਡਾਂਸ
- ਅਡਵੈਂਚਰ ਰਿਐਲਿਟੀ ਸ਼ੋਅ ਜਿਵੇਂ ਕਿ ਖ਼ਤਰੋਂ ਕੇ ਖਿਲਾੜੀ, ਫੀਅਰ ਫੈਕਟਰ
- ਕੈਪਟਿਵ ਰਿਐਲਿਟੀ ਸ਼ੋਅ ਜਿਵੇਂ ਕਿ ਬਿਗ ਬੌਸ
- ਡੇਟਿੰਗ ਰਿਐਲਿਟੀ ਸ਼ੋਅ ਜਿਵੇਂ ਕਿ ਟੂ ਹਾਟ ਟੂ ਹੈਂਡਲ,ਸਪਿਟਸਵਿਲਾ
- ਕੁਕਿੰਗ ਰਿਐਲਿਟੀ ਸ਼ੋਅ ਜਿਵੇਂ ਕਿ ਮਾਸਟਰ ਸ਼ੈਫ


ਤਸਵੀਰ ਸਰੋਤ, HINDUSTAN TIMES
ਦੁਨੀਆ ਦਾ ਪਹਿਲਾ ਟੀਵੀ ਰਿਐਲਿਟੀ ਸ਼ੋਅ ਕੈਂਡਿਡ ਕੈਮਰਾ ਮੰਨਿਆ ਜਾਂਦਾ ਹੈ।
1948 ਵਿੱਚ ਆਏ ਇਸ ਸ਼ੋਅ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਕਿਸੇ ਅਜਬ-ਗਜਬ ਸਥਿਤੀ ਵਿੱਚ ਛੱਡਿਆ ਜਾਂਦਾ ਸੀ ਅਤੇ ਫਿਰ ਪ੍ਰਤੀਕਿਰਿਆਵਾਂ ਕੈਮਰੇ ਵਿੱਚ ਕੈਦ ਕਰਕੇ ਪ੍ਰਸਾਰਿਤ ਕੀਤਾ ਜਾਂਦਾ ਸੀ।
ਜਿਵੇਂ ਕਿਸੇ ਬੱਚੇ ਦੇ ਸਾਹਮਣੇ ਅਚਾਨਕ ਮੁਹੰਮਦ ਅਲੀ ਨੂੰ ਲਿਆ ਕੇ ਖੜ੍ਹਾ ਕਰਨਾ ਅਤੇ ਪ੍ਰਤੀਕਿਰਿਆਵਾਂ ਦਿਖਾਉਣਾ।
ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਰਿਐਲਿਟੀ ਸ਼ੋਅ ਦਾ ਨਾਮ ‘ਕੌਪਸ’ ਹੈ। 1989 ਵਿੱਚ ਸ਼ੁਰੂ ਇਸ ਸ਼ੋਅ ਦਾ ਹੁਣ 35ਵਾਂ ਸੀਜ਼ਨ ਚੱਲ ਰਿਹਾ ਹੈ।

ਭਾਰਤ ਦੇ ਕੁਝ ਸ਼ੁਰੂਆਤੀ ਰਿਐਲਿਟੀ ਸ਼ੋਅ ਦਾ ਜ਼ਿਕਰ ਜ਼ਰੂਰੀ ਹੈ-
- 1972 ਵਿੱਚ ਰੇਡੀਓ ‘ਤੇ ਸ਼ੁਰੂ ਹੋਇਆ ‘ਕੁਇਜ਼ ਕੰਟੈਸਟੈਂਟ’। ਬਾਅਦ ਵਿੱਚ ਟੀਵੀ ਵਰਜਨ ਦੇ ਹੋਸਟ-ਡੇਰੇਕ ਓ ਬ੍ਰਾਇਨ
- 1995 ਵਿੱਚ ਸ਼ੁਰੂ ਹੋਇਆ ਸਿੰਗਿੰਗ ਸ਼ੋਅ ‘ਸਾ ਰੇ ਗਾ ਮਾ ਪਾ’। ਹੋਸਟ-ਸੋਨੂ ਨਿਗਮ
- 1996 ਵਿੱਚ ਸ਼ੁਰੂ ਹੋਇਆ ਭਾਰਤ ਦਾ ਪਹਿਲਾ ਡਾਂਸ ਰਿਐਲਿਟੀ ਸ਼ੋਅ ‘ਬੂਗੀ ਵੂਗੀ’। ਜੱਜ- ਜਾਵੇਦ ਜਾਫ਼ਰੀ।
ਭਾਰਤ ਵਿੱਚ ਰਿਐਲਿਟੀ ਸ਼ੋਅ ਦਾ ਬੂਮ
ਭਾਰਤ ਵਿੱਚ ਰਿਐਲਿਟੀ ਸ਼ੋਅ ਦੀ ਦੁਨੀਆ ਸਾਲ 2000 ਤੋਂ ਬਾਅਦ ਤੇਜ਼ੀ ਨਾਲ ਬਦਲੀ, ਜਦੋਂ ਅਮਿਤਾਭ ਬਚਨ ਨੇ ‘ਕੌਣ ਬਣੇਗਾ ਕਰੋੜਪਤੀ’ ਸ਼ੋਅ ਨਾਲ ਛੋਟੇ ਪਰਦੇ ‘ਤੇ ਐਂਟਰੀ ਲਈ।
ਇੱਕ ਵਿਦੇਸ਼ੀ ਸ਼ੋਅ ਦੇ ਇਸ ਹਿੰਦੀ ਪਰਿਵਾਰਕ ਰੂਪ ਨੇ ਟੀਵੀ ਦੇ ਰਸਤੇ ਜਲਦੀ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲਈ।
ਕਿਸੇ ਦੇ ਸੁਫ਼ਨਿਆਂ ਨੂੰ ਪੂਰਾ ਹੁੰਦੇ ਦੇਖ ਅਕਸਰ ਦੂਜਿਆਂ ਦੇ ਸੁਫ਼ਨੇ ਵੀ ਜਾਗਦੇ ਹਨ।
‘ਕੌਣ ਬਣੇਗਾ ਕਰੋੜਪਤੀ’ ਦੀ ਵਧਦੀ ਲੋਕਪ੍ਰਿਅਤਾ ਅਤੇ ਇਨਾਮੀ ਰਾਸ਼ੀ ਨਾਲ ਆਈਆਂ ਖੁਸ਼ੀਆਂ ਇਸ ਦਾ ਉਦਾਹਰਨ ਸੀ। ਸ਼ੋਅ ਵਿੱਚ ਜਾ ਕੇ ਜਾਂ ਦੇਖ ਕੇ, ਲੋਕ ਕਿਸੇ ਨਾ ਕਿਸੇ ਤਰ੍ਹਾਂ ਕੇਬੀਸੀ ਨਾਲ ਜੁੜੇ ਰਹਿੰਦੇ।
ਫਿਰ 2004 ਵਿੱਚ ‘ਅਮੇਰਿਕਨ ਆਈਡਲ’ ਦੀ ਤਰਜ਼ ’ਤੇ ‘ਇੰਡੀਅਨ ਆਈਡਲ’ ਦੀ ਸ਼ੁਰੂਆਤ ਹੋਈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਾਬਿਲ ਗਾਇਕ ਚੁਣੇ ਜਾਣ ਲੱਗੇ।

ਤਸਵੀਰ ਸਰੋਤ, SAJJAD HUSSAIN
ਪਰ ਰਿਐਲਿਟੀ ਸ਼ੋਅ ਦੀ ਦੁਨੀਆ ਵਿੱਚ ਜਿਸ ਇੱਕ ਸ਼ੋਅ ਨੇ ਸਭ ਤੋਂ ਵੱਖ ਜਾ ਕੇ ਆਪਣਾ ਨਾਮ ਲਿਖਿਆ, ਉਹ ਸੀ-‘ਬਿਗ ਬ੍ਰਦਰ’ ਦੀ ਤਰਜ਼ ’ਤੇ ਭਾਰਤ ਵਿੱਚ ਆਇਆ ‘ਬਿਗ ਬੌਸ’।
ਇਹ ਉਹੀ ਬਿਗ ਬ੍ਰਦਰ ਸ਼ੋਅ ਸੀ, ਜਿਸ ਵਿੱਚ ਨਸਲੀ ਟਿੱਪਣੀ ਝੱਲਣ ਤੋਂ ਬਾਅਦ ਚਰਚਾ ਵਿੱਚ ਆਈ ਸ਼ਿਲਪਾ ਸ਼ੈਟੀ ਜੇਤੂ ਰਹੀ ਸੀ ਅਤੇ ਇੱਕ ਤਰ੍ਹਾਂ ਨਾਲ ਸ਼ੋਅ ਬਿਜ਼ਨਸ ਵਿੱਚ ਕਮਬੈਕ ਕੀਤਾ ਸੀ।
ਇਸ ਵੇਲੇ ਜਦੋਂ ਤੁਸੀਂ ਇਸ ਲਾਈਨ ਨੂੰ ਪੜ੍ਹ ਰਹੇ ਹੋ, ਉਦੋਂ ਵੀ ਭਾਰਤ ਵਿੱਚ ਕੋਈ ਨਾ ਕੋਈ ਰਿਐਲਿਟੀ ਸ਼ੋਅ ਸ਼ਾਇਦ ਫਿਲਮਾਇਆ ਜਾ ਰਿਹਾ ਹੋਏਗਾ।
ਭਾਰਤੀ ਟੀਵੀ, ਓਟੀਟੀ, ਯੂ-ਟਿਊਬ ਦੇ ਵੱਡੇ ਬਜ਼ਾਰ ਵਿੱਚ ਹੁਣ ਹਰ ਤਰ੍ਹਾਂ ਦੇ ਰਿਐਲਿਟੀ ਸ਼ੋਅ ਉਪਲਭਧ ਹਨ।
ਬੱਚੇ ਅਤੇ ਵੱਡਿਆਂ ਦੇ ਡਾਂਸ, ਖਾਣਾ ਪਕਾਉਣ, ਖ਼ਤਰਿਆਂ ਨਾਲ ਜੂਝਦੇ, ਸੈਲਿਬ੍ਰਿਟੀ ਜੋੜੀਆਂ ਨੂੰ ਇਕੱਠਿਆਂ ਦਿਖਾਉਂਦੇ, ਮੁਹੱਬਤ ਤਲਾਸ਼ਦੇ, ਘਰ ਵਿੱਚ ਮਹੀਨੇ ਬਿਤਾਉਂਦੇ, ਸਵਾਲਾਂ ਦੇ ਜਵਾਬ ਦਿੰਦੇ ਅਤੇ ਇੱਥੋਂ ਤੱਕ ਕਿ ਸਵੰਵਰ ਸ਼ੋਅ ਜਿਸ ਵਿੱਚ ਕਿਸੇ ਹਸਤੀ ਦੀ ਧਾਰਮਿਕ ਵਿਧੀ ਨਾਲ ਨਹੀਂ ਪਰ ਲਾਈਟ, ਕੈਮਰਾ, ਐਕਸ਼ਨ ਦੇ ਨਾਲ ‘ਅਰੇਂਜ ਮੈਰਿਜ’ ਦਿਖਾਈ ਗਈ।
ਹੁਣ ਰਿਐਲਿਟੀ ਸ਼ੋਅ ਕਈ ਭਾਰਤੀ ਭਾਸ਼ਾਵਾਂ ਵਿੱਚ ਵੀ ਬਣਨ ਲੱਗੇ ਹਨ।
ਕੁਝ ਰਿਐਲਿਟੀ ਸ਼ੋਅਜ਼ ਨੇ ਭਾਰਤੀ ਨੂੰ ਕਈ ਵੱਡੇ ਸਿਤਾਰੇ ਵੀ ਦਿੱਤੇ। ਜਿਵੇਂ ਐੱਮਟੀਵੀ ਰੋਡੀਜ਼ ਤੋਂ ਨਿਕਲੇ ਆਯੂਸ਼ਮਾਨ ਖੁਰਾਣਾ ਜਾਂ ਫਿਰ ਡੀਡੀ ਨੈਸ਼ਨਲ ਵਿੱਚ ਮੇਰੀ ਅਵਾਜ਼ ਸੁਣੋ ਸ਼ੋਅ ਜਿੱਤਣ ਵਾਲੀ ਸੁਨਿਧੀ ਚੌਹਾਨ।

ਤਸਵੀਰ ਸਰੋਤ, PRODIP GUHA
ਰਿਐਲਿਟੀ ਸ਼ੋਅ: ਮੌਲਿਕਤਾ ‘ਤੇ ਭਾਵੁਕਤਾ ਭਾਰੀ?
ਇਹ ਕਿੰਨੀ ਹੀ ਵਾਰ ਦੇਖਿਆ ਗਿਆ ਕਿ ਰਿਐਲਿਟੀ ਸ਼ੋਅ ਵਿੱਚ ਭਾਵੁਕਤਾ ਦਾ ਐਂਗਲ ਕਾਫ਼ੀ ਦਿਖਾਇਆ ਜਾਂਦਾ ਹੈ। ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਕੀ ਭਾਵੁਕਤਾ ਦਿਖਾਉਣ ਦੇ ਚੱਕਰ ਵਿੱਚ ਮੌਲਿਕਤਾ ਖਤਮ ਹੋ ਜਾਂਦੀ ਹੈ?
ਭਾਰਤ ਵਿੱਚ ਰਿਐਲਿਟੀ ਸ਼ੋਅ ਦੀ ਦੁਨੀਆ ਨੂੰ ਖੜ੍ਹਾ ਕਰਨ ਵਾਲਿਆਂ ਵਿੱਚ ਆਸ਼ੀਸ਼ ਗੋਲਵਲਕਰ ਇੱਕ ਵੱਡਾ ਨਾਮ ਹਨ।
ਸੋਨੀ, ਜ਼ੀ, ਸਟਾਰ ਟੀਵੀ ਸਮੇਤ ਕਈ ਚੈਨਲਾਂ ਵਿੱਚ ਉਹ ਨੌਨ ਫਿਕਸ਼ਨ ਯਾਨੀ ਰਿਐਲਿਟੀ ਸ਼ੋਅ ਦੇ ਮੁਖੀ ਰਹਿ ਚੁੱਕੇ ਹਨ।
ਡਾਂਸ ਇੰਡੀਆ ਡਾਂਸ, ਸੁਪਰ ਡਾਂਸਰ, ਸ਼ਾਬਾਸ਼ ਇੰਡੀਆ, ਸਲਮਾਨ ਖ਼ਾਨ ਦੀ ਹੋਸਟਿੰਗ ਵਾਲੇ ਸ਼ੋਅ ਦੱਸ ਕਾ ਦਮ, ਕੌਣ ਬਣੇਗਾ ਕਰੋੜਪਤੀ ਦੇ ਕਈ ਸੀਜ਼ਨ, ਸਾਰੇਗਾਮਾਪਾ ਦਾ ਨਵਾਂ ਰੂਪ, ਅਮਿਤਾਭ ਬਚਨ ਦਾ ਆਜ ਕੀ ਰਾਤ ਹੈ ਜ਼ਿੰਦਗੀ, ਮਾਸਟਰ ਸ਼ੈਫ, ਨੱਚ ਬੱਲੀਏ, ਦਿ ਕਪਿਲ ਸ਼ਰਮਾ ਸ਼ੋਅ, ਸ਼ਾਰਕ ਟੈਂਕ, ਇੰਡੀਆ ਗੌਟ ਟੈਲੇਂਟ ਸਮੇਤ ਕਈ ਸ਼ੋਅ ਸ਼ੁਰੂ ਕਰਨ ਜਾਂ ਚਲਾਉਣ ਵਾਲੀ ਟੀਮ ਦਾ ਉਹ ਪ੍ਰਮੁੱਖ ਹਿੱਸਾ ਰਹੇ ਹਨ।
ਆਸ਼ੀਸ਼ ਗੋਲਵਾਲਕਰ ਕਹਿੰਦੇ ਹਨ, “ਟੈਲੇਂਟ ਸ਼ੋਅ ਇੱਕ ਪਲੇਟਫ਼ਾਰਮ ਹੁੰਦਾ ਹੈ ਨਾ ਕਿ ਰੋਜ਼ਗਾਰ ਦੀ ਗਾਰੰਟੀ। ਸ਼ੋਅ ਦਾ ਕੰਮ ਹੈ ਟੈਲੇਂਟ ਦਿਖਾਉਣਾ। ਟੈਲੇਂਟ ਅਤੇ ਕੰਟੈਂਟ ਦੋਹੇਂ ਚੀਜ਼ਾਂ ਹੁੰਦੀਆਂ ਹਨ। ਪਰ ਸਭ ਤੋਂ ਪਹਿਲਾ ਫ਼ਿਲਟਰ ਟੈਲੇਂਟ ਹੁੰਦਾ ਹੈ।"
"ਦੂਜਾ ਫ਼ਿਲਟਰ ਹੈ ਕਿ ਕੌਣ ਕਿੱਥੋਂ ਆ ਰਿਹਾ ਹੈ। ਫ਼ਰਸ਼ ਤੋਂ ਅਰਸ਼ ਤੱਕ ਜਾਣ ਵਾਲੀਆਂ ਕਹਾਣੀਆਂ ਲੋਕਾਂ ਨੂੰ ਪ੍ਰੇਰਣਾ ਦਿੰਦੀਆਂ ਹਨ। ਮਾਈਕ ਅਤੇ ਕੈਮਰਾ ਰਿਸ਼ਵਤ ਨਹੀਂ ਲੈਂਦੇ। ਮੇਰੀ ਕਹਾਣੀ ਭਿਅੰਕਰ ਹੈ, ਪਰ ਮੇਰੀ ਅਵਾਜ਼ ਖ਼ਰਾਬ ਹੈ ਤਾਂ ਕੀ ਮੈਂ ਰਿਐਲਿਟੀ ਸ਼ੋਅ ਵਿੱਚ ਜਾ ਕੇ ਗਾ ਸਕਦਾ ਹਾਂ।”
“ਰਿਐਲਿਟੀ ਸ਼ੋਅ ਦਾ ਸੋਸ਼ਲ ਮੀਡੀਆ ‘ਤੇ ਮਜ਼ਾਕ ਵੀ ਉਡਾਇਆ ਜਾਂਦਾ ਹੈ ਕਿ ਜੇ ਕੋਈ ਪ੍ਰਤੀਯੋਗੀ ਗਰੀਬ ਜਾਂ ਸੰਘਰਸ਼ ਭਰੀ ਕਹਾਣੀ ਵਾਲਾ ਨਹੀਂ ਹੈ, ਤਾਂ ਉਹ ਜ਼ਿਆਦਾ ਦਿਨ ਟਿਕ ਨਹੀਂ ਸਕੇਗਾ।”
ਕਈ ਰਿਐਲਿਟੀ ਸ਼ੋਅ ਵਿੱਚ ਜੱਜ ਰਹਿ ਚੁੱਕੇ ਸੰਗੀਤਕਾਰ ਅਨੂ ਮਲਿਕ ਕਹਿੰਦੇ ਹਨ, “12 ਸਾਲ ਦੀ ਪਿਆਰੀ ਸਿੰਗਰ ਬੱਚੀ ਗਿਆਨੇਸ਼ਵਰੀ, ਜਿਸ ਦੇ ਪਿਤਾ ਆਟੋ ਚਲਾਉਂਦੇ ਹਨ ਜਾਂ ਪੰਜਾਬ ਦੇ ਇੱਕ ਪਿੰਡ ਤੋਂ ਆਇਆ ਅਨਾਥ ਮੁੰਡਾ। ਇਹ ਕਹਾਣੀਆਂ ਮਨ-ਘੜਤ ਨਹੀਂ, ਅਸਲੀ ਹਨ।"
"ਇਹ ਸਾਹਮਣੇ ਲਿਆਂਦੀਆਂ ਜਾਂਦੀਆਂ ਹਨ ਕਿਉਂਕਿ ਇਸ ਨਾਲ ਜਨਤਾ ਦੀਆਂ ਅੱਖਾਂ ਵਿੱਚ ਵੀ ਹੰਝੂ ਆਉਂਦੇ ਹਨ ਅਤੇ ਪ੍ਰੇਰਨਾ ਵੀ ਮਿਲਦੀ ਹੈ। ਸੁਨੇਹਾ ਜਾਂਦਾ ਹੈ ਕਿ ਇਨਸਾਨ ਦੇ ਕੋਲ ਕਲਾ ਹੋਵੇ ਤਾਂ ਕਿਸੇ ਵੀ ਹਾਲਾਤ ਵਿੱਚ ਅੱਗੇ ਵਧ ਸਕਦਾ ਹੈ।”

ਤਸਵੀਰ ਸਰੋਤ, MAIL TODAY
ਜ਼ਿਆਦਾ ਜ਼ਰੂਰੀ ਕੀ ਹੈ- ਕਾਬਲੀਅਤ ਜਾਂ ਸੰਘਰਸ਼ ਭਰੀ ਕਹਾਣੀ ?
‘ਮਿੱਟੀ ਨੂੰ ਇੰਨਾ ਕਸ ਕੇ ਫੜਣਾ ਕਿ ਜ਼ਮੀਨ ਨਹੀਂ ਖਿਸਕਣੀ ਚਾਹੀਦੀ। ਭਾਵੇਂ ਕਿੰਨਾ ਵੀ ਹੜ੍ਹ, ਤੂਫ਼ਾਨ ਆ ਜਾਵੇ।’
‘ਮਾਂ, ਮੈਂ ਘਰੋਂ ਭੱਜਿਆ ਸੀ ਹਨੇਰੇ ਵਿੱਚ…ਪਰ ਜਦੋਂ ਆਊਂਗਾ ਤਾਂ ਨਾਲ ਰੌਸ਼ਨੀ ਲੈ ਕੇ ਆਊਂਗਾ।’
ਖਾਣਾ ਡਿਲੀਵਰ ਕਰਨ ਵਾਲੇ ਪ੍ਰਤੀਭਾਗੀ ਦਿਬੋਯ ਦਾਸ ਇੰਡੀਆਜ਼ ਬੈਸਟ ਡਾਂਸਰ, ਰਿਐਲਿਟੀ ਸ਼ੋਅ ਸ਼ੂਟ ਹੋਣ ਤੋਂ ਪਹਿਲਾਂ ਆਪਣੀ ਪਛਾਣ ਦੱਸੇ ਜਾਣ ਨੂੰ ਲੈ ਕੇ ਸਹਿਜ ਨਹੀਂ ਸੀ।
ਪਰ ਸ਼ੋਅ ਵਿਚ ਦਿਬੋਯ ਦੀ ਕਹਾਣੀ ਵੀ ਦਿਖਾਈ ਅਤੇ ਉੱਤੇ ਲਿਖੀਆਂ ਲਾਈਨਾਂ ਵੀ ਉਸ ਨੇ ਬੋਲੀਆਂ।
ਅਸੀਂ ਪਤਾ ਕੀਤਾ ਕਿ, ਕੀ ਇਹ ਲਾਈਨਾਂ ਕ੍ਰੀਏਟਿਵ ਟੀਮ ਨੇ ਲਿਖੀਆਂ ਸੀ? ਸ਼ੋਅ ਨਾਲ ਜੁੜੇ ਲੋਕਾਂ ਨੇ ਇਸ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਕਈ ਵਾਰ ਸ਼ੋਅ ਵਿੱਚ ਸ਼ਾਮਲ ਹੋਣ ਵਾਲੇ ਲੋਕ ਖ਼ੁਦ ਇੰਨਾਂ ਚੰਗਾ ਸੋਚਦੇ ਜਾਂ ਲਿਖਦੇ ਹਨ ਕਿ ਕੁਝ ਲਾਈਨ ਦੇਣ ਦੀ ਲੋੜ ਹੀ ਨਹੀਂ ਪੈਂਦੀ।
ਕਈ ਡਾਂਸ ਵਾਲੇ ਰਿਐਲਿਟੀ ਸ਼ੋਅ ਵਿੱਚ ਜੱਜ ਰਹੇ ਟੇਰੇਂਸ ਲੂਈਸ ਬੋਲੇ, ਕ੍ਰੀਏਟਿਵ ਟੀਮ ਦਾ ਇਹ ਰਹਿੰਦਾ ਹੈ ਕਿ ਜੇ ਕਿਸੇ ਬੰਦੇ ਦਾ ਇਮੋਸ਼ਨਲ ਸਫ਼ਰ ਹੈ ਤਾਂ ਉਸ ਦਾ ਕਰੈਕਟਰ ਸਕੈਚ ਬਣਦਾ ਹੈ।
ਪਰ ਕਿਸੇ ਦੀ ਚੋਣ ਡਾਂਸ ਦੇ ਅਧਾਰ 'ਤੇ ਹੁੰਦੀ ਹੈ ਨਾ ਕਿ ਕਹਾਣੀ ਦੇ ਅਧਾਰ 'ਤੇ। ਚੁਣੇ ਹੋਏ ਲੋਕਾਂ ਦੀ ਕਹਾਣੀ ਕ੍ਰੀਏਟਿਵ ਟੀਮ ਲੱਭਦੀ ਹੈ।
ਕਈ ਵਾਰ ਇਮੋਸ਼ਨਲ ਨਹੀਂ, ਮਜ਼ਾਕੀਆ ਕਹਾਣੀ ਵੀ ਹੁੰਦੀ ਹੈ। ਜੇ ਕੋਈ ਗਰੀਬ ਨਹੀਂ ਹੈ, ਮਾਂ-ਬਾਪ ਜਿਉਂਦੇ ਹਨ ਤਾਂ ਝੂਠ ਨਹੀਂ ਬੋਲਿਆ ਜਾਏਗਾ ਕਿਉਂਕਿ ਅਜਿਹਾ ਕਰੋਗੇ ਤਾਂ ਫੜੇ ਜਾਓਗੇ।
ਕਹਾਣੀ ਦਾ ਸੱਚ ਹੋਣਾ ਜ਼ਰੂਰੀ ਹੈ। ਪਰ ਇਸ ਤਰ੍ਹਾਂ ਪੁੱਛਿਆ ਜਾਂਦਾ ਹੈ ਤਾਂ ਕਿ ਕਹਾਣੀ ਚੰਗੀ ਤਰ੍ਹਾਂ ਬਾਹਰ ਨਿਕਲੇ, ਇੱਕ ਹੱਦ ਤੱਕ ਇਹ ਸਕ੍ਰਿਪਟਡ ਹੁੰਦੀ ਹੈ।

ਤਸਵੀਰ ਸਰੋਤ, SUJIT JAISWAL
ਜਿਨ੍ਹਾਂ ਦਾ ਸੰਘਰਸ਼ ਨਹੀਂ ਪਰ ਕਾਬਲੀਅਤ ਖ਼ੂਬ ਹੋਵੇ, ਕੀ ਅਜਿਹੇ ਲੋਕਾਂ ਦੀਆਂ ਕਹਾਣੀਆਂ ਨਹੀਂ ਹੁੰਦੀਆਂ ਜਾਂ ਉਹ ਰਿਐਲਿਟੀ ਸ਼ੋਅ ਵਿੱਚ ਜ਼ਿਆਦਾ ਦਿਖਾਏ ਜਾਣ ਦੇ ਕਾਬਿਲ ਨਹੀਂ ?
ਅਨੂ ਮਲਿਕ ਬੋਲੋ, “ਉਹ ਬੱਚੇ ਵੀ ਅੱਗੇ ਵਧਦੇ ਹਨ। ਹੁਣ ਜੇ ਕੋਈ ਚੰਗੇ ਘਰ ਵਿੱਚ ਪੈਦਾ ਹੋ ਗਿਆ ਤਾਂ ਅਸੀਂ ਇਨਕਾਰ ਥੋੜ੍ਹੀ ਕਰ ਦੇਵਾਂਗੇ। ਜਾਂ ਅਜਿਹਾ ਵੀ ਹੋਇਆ ਹੈ ਕਿ ਕਿਸੇ ਦੀ ਕਹਾਣੀ ਬਹੁਤ ਜਜ਼ਬਾਤੀ ਦੇਣ ਵਾਲੀ ਸੀ ਪਰ ਉਹ ਕਾਬਲੀਅਤ ਨਾ ਹੋਣ ਨਾਲ ਅੱਗੇ ਨਹੀਂ ਵਧ ਸਕਿਆ। ਅੰਤ ਵਿੱਚ ਕਲਾ ਹੀ ਤੁਹਾਨੂੰ ਅੱਗੇ ਲੈ ਕੇ ਜਾਵੇਗੀ।”
ਟੇਰੇਂਸ ਲੂਈਸ ਕਹਿੰਦੇ ਹਨ, “ਮੈਨੂੰ ਇੱਕ ਜੱਜ ਦੀ ਕੁਰਸੀ ਦਿੱਤੀ ਗਈ ਹੈ। ਮੈਂ ਇਨਸਾਨੀ ਤੌਰ ’ਤੇ ਜੁੜ ਸਕਦਾ ਹਾਂ, ਜੱਜ ਵਜੋਂ ਨਹੀਂ। ਕਿਉਂਕਿ ਇਹ ਜ਼ਰੂਰੀ ਹੈ ਉਨ੍ਹਾਂ ਲੋਕਾਂ ਲਈ, ਜੋ ਕਾਬਿਲ ਹਨ ਪਰ ਕਹਾਣੀ ਇਮੋਸ਼ਨਲ ਨਹੀਂ ਹੈ।”
ਦਿਬੋਯ ਦਾਸ ਇੰਡੀਆਜ਼ ਬੈਸਟ ਡਾਂਸਰ ਸ਼ੋਅ ਜਿੱਤ ਨਹੀਂ ਸਕੇ ਸੀ। ਪਰ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਵਾਲਾ ਵੀਡੀਓ ਯੂ-ਟਿਊਬ ’ਤੇ ਲੱਖਾਂ ਵਿਊਜ਼ ਜਿੱਤ ਰਿਹਾ ਹੈ।
ਅੱਥਰੂ ਤਾਂ ਠੀਕ। ਪਰ ਰਿਐਲਿਟੀ ਸ਼ੋਅ ਵਿੱਚ ਜੋ ਮਜ਼ਾਕ ਉਡਾਇਆ ਜਾਂਦਾ ਹੈ, ਉਹ ਹਾਸਾ ਪਹਿਲਾਂ ਤੋਂ ਤੈਅ ਹੁੰਦਾ ਹੈ ?
ਟੇਰੇਂਸ ਨੇ ਕਿਹਾ, “ਸਾਡੇ ’ਤੇ ਜੋ ਚੁਟਕਲੇ ਬੋਲੇ ਜਾਂਦੇ ਹਨ, ਉਹ ਲਿਖੇ ਜਾਂਦੇ ਹਨ। ਸਾਨੂੰ ਦੱਸਿਆ ਨਹੀਂ ਜਾਂਦਾ ਕਿ ਕੀ ਮਜ਼ਾਕ ਹੋਏਗਾ ਪਰ ਅਸੀਂ ਹਿੱਸਾ ਲੈਣਾ ਹੁੰਦਾ ਹੈ। ਕੁਝ ਹੱਦ ਤੱਕ ਕਾਮੇਡੀ ਸਕ੍ਰਿਪਟਿਡ ਹੁੰਦੀ ਹੈ।”
ਕਈ ਵਾਰ ਰਿਐਲਿਟੀ ਸ਼ੋਅ ਵਿੱਚ ਇਹ ਵੀ ਦੇਖਿਆ ਜਾਂਦਾ ਹੈ ਕਿ ਅਚਾਨਕ ਉਮੜੀਆਂ ਪ੍ਰਤੀਕਿਰਿਆਵਾਂ ਨੂੰ ਦਰਜ ਕਰਨ ਲਈ ਕੈਮਰਾ ਮੌਜੂਦ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਆਟੋ ਚਲਾਉਣ ਵਾਲੇ ਦੀ ਗਾਇਕਾ ਬੇਟੀ ਗਿਆਨੇਸ਼ਵਰੀ ਦੇ ਘਰ ਅਨੂ ਮਲਿਕ ਗਏ ਸੀ, ਨਾਲ ਹੀ ਚੈਨਲ ਦੇ ਕੈਮਰੇ ਵੀ ਗਏ ਸੀ।
ਅਨੂ ਮਲਿਕ ਬੋਲੇ, “ਰਿਐਲਿਟੀ ਸ਼ੋਅ ਵਿੱਚ ਜੋ ਜਿਵੇਂ ਹੋ ਰਿਹਾ ਹੁੰਦਾ ਹੈ, ਸਭ ਕੈਮਰੇ ਵਿਚ ਕੈਦ ਕੀਤਾ ਜਾਂਦਾ ਹੈ। ਜੇ ਮੈਂ ਸ਼ੋਅ ਵਿਚ ਕਹਿੰਦਾ ਹਾਂ ਕਿ ਮੈਂ ਗਿਆਨੇਸ਼ਵਰੀ ਦੇ ਘਰ ਜਾਵਾਂਗਾ ਤਾਂ ਕ੍ਰੀਏਟਿਵ ਟੀਮ ਕਹਿੰਦੀ ਹੈ ਕਿ ਕੈਮਰਾ ਤੁਹਾਡੇ ਨਾਲ ਜਾਵੇਗਾ।"
"ਤਾਂ ਕਿ ਇਹ ਸਾਬਿਤ ਹੋ ਸਕੇ ਕਿ ਤੁਸੀਂ ਕਿਹਾ ਸੀ ਅਤੇ ਤੁਸੀਂ ਗਏ ਵੀ। ਜਨਤਾ ਨੂੰ ਇਹ ਦਿਖਾਇਆ ਜਾਵੇ। ਅਜਿਹੇ ਵਿੱਚ ਕੈਮਰਾ ਨਾਲ ਰਹੇਗਾ ਹੀ। ਕ੍ਰੀਏਟਿਵ ਟੀਮ ਵੱਲੋਂ ਹੋਰ ਕੁਝ ਨਹੀਂ ਕਿਹਾ ਜਾਂਦਾ।”
ਵੋਟਿੰਗ ਸਿਸਟਮ ਸਹੀ ਢੰਗ ਨਾਲ ਕੰਮ ਕਰਦਾ ਹੈ ?
ਜ਼ਿਆਦਾਤਰ ਰਿਐਲਿਟੀ ਸ਼ੋਅ ਵਿੱਚ ਵੋਟਿੰਗ ਦੇ ਅਧਾਰ ‘ਤੇ ਵਿਜੇਤਾ ਚੁਣੇ ਜਾਂਦੇ ਹਨ।
2007 ਵਿਚ ‘ਇੰਡੀਅਨ ਆਈਡਲ-3’ ਦਾਰਜੀਲਿੰਗ ਵਿੱਚ ਰਹਿਣ ਵਾਲੇ ਭਾਰਤੀ ਨੇਪਾਲੀ ਗਾਇਕ ਪ੍ਰਸ਼ਾਂਤ ਤਮਾਂਗ ਨੇ ਜਿੱਤਿਆ ਸੀ।
ਪ੍ਰਸ਼ਾਂਤ ਤਮਾਂਗ ਨੂੰ ਉਦੋਂ ਸੱਤ ਕਰੋੜ ਵੋਟ ਮਿਲੇ ਸੀ। ਪ੍ਰਸ਼ਾਂਤ ਨੇ ਮੇਘਾਲਿਆ ਦੇ ਅਮਿਤ ਪੌਲ ਨੂੰ ਹਰਾਇਆ ਸੀ।
ਇਸ ਵੋਟਿੰਗ ਦਾ ਅਸਰ ਇਹ ਰਿਹਾ ਕਿ ਸ਼ੋਅ ਵਿੱਚ ਵਿਜੇਤਾ ਦਾ ਐਲਾਨ ਹੁੰਦੇ ਹੀ ਸ਼ਿਲੌਂਗ ਵਿਚ ਨੇਪਾਲੀਆਂ ‘ਤੇ ਹਮਲੇ ਸ਼ੁਰੂ ਹੋਏ। ਰਾਇਟਰਜ਼ ਦੀ ਰਿਪੋਰਟ ਮੁਤਾਬਕ, ਪੰਜ ਲੋਕ ਜ਼ਖਮੀ ਵੀ ਹੋਏ ਸੀ।
ਵੋਟਿੰਗ ਦਾ ਬਜ਼ਾਰ ਕਦੇ ਇੰਨਾਂ ਵੱਡਾ ਸੀ ਕਿ ਇਸ ਨਾਲ ਕਰੋੜਾਂ ਦੀ ਕਮਾਈ ਵੀ ਹੁੰਦੀ ਸੀ। ਰਿਐਲਿਟੀ ਸ਼ੋਅ ‘ਤੇ ਇਹ ਇਲਜ਼ਾਮ ਲਗਦੇ ਰਹੇ ਹਨ ਕਿ ਵਿਜੇਤਾ ਸਿਰਫ਼ ਵੋਟਿੰਗ ਦੇ ਅਧਾਰ ‘ਤੇ ਨਹੀਂ ਚੁਣੇ ਜਾਂਦੇ।
ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਤੀਭਾਗੀ ਹੀ ਪੈਸੇ ਦਾ ਇਸਤੇਮਾਲ ਕਰਕੇ ਆਪਣੇ ਪੱਖ ਵਿੱਚ ਵੋਟਿੰਗ ਕਰਵਾ ਲੈਂਦੇ ਹਨ। ਇਸ ਨਾਲ ਅਸਲੀ ਕਾਬਲੀਅਤ ਪਿੱਛੇ ਰਹਿ ਜਾਂਦੀ ਹੈ।

ਤਸਵੀਰ ਸਰੋਤ, SONY
ਆਸ਼ੀਸ਼ ਗੋਵਾਲਕਰ ਕਹਿੰਦੇ ਹਨ, “ਚੈਨਲਾਂ ਵਿੱਚ ਆਡੀਟਰ ਹੁੰਦੇ ਹਨ ਜੋ ਰਿਜ਼ਲਟ ਨੂੰ ਆਡਿਟ ਕਰਦੇ ਹਨ। ਕੋਈ ਕਿਸੇ ਦੀ ਤਰਫ਼ਦਾਰੀ ਨਹੀਂ ਕਰ ਸਕਦਾ। ਕਿਸੇ ਨੂੰ ਜਿਤਾ ਕੇ ਜੋ ਕੋਈ ਫ਼ਾਇਦਾ ਨਹੀਂ ਤਾਂ ਕੋਈ ਇਹ ਕੰਮ ਕਰੇਗਾ ਹੀ ਕਿਉਂ ?”
ਅਜਿਹਾ ਨਹੀਂ ਹੈ ਕਿ ਰਿਐਲਿਟੀ ਸ਼ੋਅ ਵਿੱਚ ਜਿੱਤਣ ਵਾਲੇ ਹੀ ਸਫ਼ਲ ਹੁੰਦੇ ਹਨ। ਰਿਐਲਿਟੀ ਸ਼ੋਅ ਵਿੱਚ ਨਾ ਜਿੱਤਣ ਵਾਲੇ ਲੋਕਾਂ ਨੂੰ ਵੀ ਸਫ਼ਲਤਾ ਜਾਂ ਪਛਾਣ ਮਿਲਦੀ ਹੈ।
ਅਨੂ ਮਲਿਕ ਨੇ ਕਿਹਾ, “ਜਿੱਤਣਾ ਵੋਟ ਅਤੇ ਨਸੀਬ ਨਾਲ ਤੈਅ ਹੁੰਦਾ ਹੈ। ਜਿਸ ਨੂੰ ਜ਼ਿਆਦਾ ਵੋਟ ਮਿਲਦੇ ਹਨ, ਉਹੀ ਅੱਗੇ ਵਧਦਾ ਹੈ। ਇੰਡੀਅਨ ਆਈਡਲ, ਸਾਰੇਗਾਮਾਪਾ ਜਿਹੇ ਪਲੇਟਫ਼ਾਰਮ ਕਰਕੇ ਕਿੰਨੇ ਹੀ ਲੋਕਾਂ ਨੂੰ ਪਛਾਣ ਮਿਲ ਰਹੀ ਹੈ। ਇਨ੍ਹਾਂ ਸ਼ੋਅ ਕਰਕੇ ਕਿੰਨੇ ਲੋਕ ਰੋਟੀ ਕਮਾਉਂਦੇ ਹਨ।”
ਵੋਟਿੰਗ ਵਿੱਚ ਇੱਕ ਅਹਿਮ ਪੈਮਾਨਾ ਉਹ ਕੈਂਪੇਨ ਵੀ ਹੁੰਦਾ ਹੈ ਜਿਸ ਵਿੱਚ ਕਿਸੇ ਪ੍ਰਤੀਭਾਗੀ ਦੀ ਸਥਾਨਕ ਪਛਾਣ ਨੂੰ ਖ਼ੂਬ ਪੇਸ਼ ਕੀਤਾ ਜਾਂਦਾ ਹੈ।
ਅਜਿਹਾ ਚੈਨਲ ਵੱਲੋਂ ਵੀ ਹੁੰਦਾ ਹੈ ਅਤੇ ਕਈ ਵਾਰ ਪ੍ਰਤੀਭਾਗੀ ਵੱਲੋਂ ਵੀ ਹੁੰਦਾ ਹੈ।
ਕੁਝ ਸਮਾਂ ਪਹਿਲਾਂ ਕੰਗਨਾ ਰਣੌਤ ਦੀ ਮੇਜ਼ਬਾਨੀ ਵਾਲੀ ਸ਼ੋਅ ਲੌਕਅਪ ਵਿੱਚ ਮੁਨਵਰ ਫਾਰੂਕੀ ਨੇ ਖੁਦ ਦੀ ਡੋਗਰੀ ਵਾਲੀ ਪਛਾਣ ਨੂੰ ਖ਼ੂਬ ਪੇਸ਼ ਕੀਤਾ ਸੀ। ਇਹ ਸ਼ੋਅ ਮੁਨਵਰ ਜਿੱਤੇ ਵੀ ਸੀ।
ਅਜਿਹੀਆਂ ਪਛਾਣਾਂ ਕਰਕੇ ਮਿਲਦੇ ਫ਼ਾਇਦੇ ’ਤੇ ਟੇਰੇਂਸ ਲੂਈਸ ਕਹਿੰਦੇ ਹਨ, “ਕੁਝ ਸੂਬੇ ਬਹੁਤ ਇਮੋਸ਼ਨਲ ਹਨ। ਜਿਵੇਂ ਉੱਤਰ-ਪੂਰਬ, ਬੰਗਾਲ, ਗੁਜਰਾਤ, ਜਾਂ ਕੋਈ ਛੋਟੇ ਸ਼ਹਿਰ ਤੋਂ ਆਏ, ਤਾਂ ਉੱਥੋਂ ਦੇ ਲੋਕ ਮਾਣ ਮਹਿਸੂਸ ਕਰਦੇ ਹਨ ਅਤੇ ਜ਼ਬਰਦਸਤ ਵੋਟਿੰਗ ਕਰਦੇ ਹਨ। ਕਿਉਂਕਿ ਸਾਡਾ ਦੇਸ਼ ਇਮੋਸ਼ਨਲ ਹੈ।"
"ਅਤੇ ਜੋ ਸਹੀ ਹਨ, ਉਨ੍ਹਾਂ ਨੂੰ ਵੋਟ ਨਹੀਂ ਕਰਨਗੇ। ਜੋ ਲੋਕ ਕਹਿੰਦੇ ਹਨ ਕਿ ਭੇਦਭਾਵ ਹੋ ਗਿਆ, ਉਨ੍ਹਾਂ ਨੂੰ ਪੁੱਛੋ ਕਿ ਖੁਦ ਵੋਟ ਕੀਤਾ ਜਾਂ ਨਹੀਂ। ਇਮੋਸ਼ਨਲ ਇਨਸਾਨ ਸਹੀ ਵੋਟ ਨਹੀਂ ਕਰੇਗਾ। ਅਸੀਂ ਜਾਣਦੇ ਹਾਂ ਇਸ ਦੇਸ਼ ਵਿੱਚ ਵੋਟਿੰਗ ਬਹੁਤ ਪੱਖਪਾਤ ਨਾਲ ਹੁੰਦੀ ਹੈ।"
"ਮੈਂ ਕਈ ਵਾਰ ਟੀਵੀ ਵਾਲਿਆਂ ਨਾਲ ਲੜਦਾ ਹਾਂ ਕਿ ਜੱਜ ਕਿਉਂ ਨਹੀਂ ਚੁਣਦੇ ਵਿਜੇਤਾ, ਜਨਤਾ ਕਿਉਂ ਚੁਣਦੀ ਹੈ। ਵਿਦੇਸ਼ਾਂ ਵਿੱਚ ਜੱਜ ਤੈਅ ਕਰਦੇ ਹਨ। ਉਦੋਂ ਅਸੀਂ ਕਾਬਿਲ ਇਨਸਾਨ ਨੂੰ ਜਿਤਾਉਂਦੇ ਹਾਂ ਨਾ ਕਿ ਇਸ ਲਈ ਕਿ ਕੌਣ ਕਿਹੜੇ ਸੂਬੇ ਤੋਂ ਹੈ ਤਾਂ ਕਿਸ ਦੀ ਮਾਂ ਦਾ ਕੀ ਸੁਫਨਾ ਹੈ।”

ਤਸਵੀਰ ਸਰੋਤ, SONY PR
ਰਿਐਲਿਟੀ ਸ਼ੋਅ ਵਿੱਚ ਜੱਜ ਕਿਵੇਂ ਚੁਣਦੇ ਹਨ ਅਤੇ ਕਿੰਨੇ ਪੈਸੇ ਦਿੰਦੇ ਹਨ?
ਜਦੋਂ ਕਦੇ ਕੋਈ ਰਿਐਲਿਟੀ ਸ਼ੋਅ ਬਣਦਾ ਹੈ, ਤਾਂ ਜੱਜਾਂ ਅਤੇ ਹੋਸਟ ਦੀ ਚੋਣ ਸ਼ੁਰੂਆਤ ਤੋਂ ਅੰਤ ਤੱਕ ਅਹਿਮ ਹੁੰਦੀ ਹੈ।
ਪਰ ਇਹ ਚੋਣ ਕਿਵੇਂ ਹੁੰਦੀ ਹੈ ਅਤੇ ਇਸ ਲਈ ਕਿੰਨੇ ਪੈਸੇ ਦਿੱਤੇ ਜਾਂਦੇ ਹਨ?
ਆਸ਼ੀਸ਼ ਗੋਲਵਾਲਕਰ ਨੇ ਦੱਸਿਆ, “ਹਰ ਸ਼ੋਅ ਦੀ ਪਰਸਨੈਲਿਟੀ ਹੁੰਦੀ ਹੈ। ਜਦੋਂ ਅਸੀਂ ਡਾਂਸ ਇੰਡੀਆ ਡਾਂਸ ਬਣਾਇਆ ਤਾਂ ਮਿਥੁਨ ਚਕਰਵਤੀ ਨੂੰ ਚੁਣਿਆ। ਕਿਉਂਕਿ ਡਾਂਸ ਉਨ੍ਹਾਂ ਦੀ ਵਿਰਾਸਤ ਹੈ।"
"ਉਨ੍ਹਾਂ ਦੀ ਵੀ ਇੱਕ ਸੰਘਰਸ਼ ਵਾਲੀ ਕਹਾਣੀ ਹੈ। ਅਸੀਂ ਉਨ੍ਹਾਂ ਨੂੰ ਗ੍ਰਾਂਡ ਮਾਸਟਰ ਬਣਾਇਆ। ਜੋ ਟਰੇਨਿੰਗ ਦੇਣ ਵਾਲੇ ਮਾਸਟਰਜ਼ ਨੂੰ ਸੁਪਰਵਾਇਜ਼ ਕਰਨਗੇ। ਬਾਕੀ ਦੇ ਜੱਜ ਡਾਂਸ ਦੇ ਕਈ ਰੂਪਾਂ ਨੂੰ ਰੀਪ੍ਰੈਜ਼ੈਂਟ ਕਰਦੇ ਸੀ।”
ਜੱਜਾਂ ਨੂੰ ਚੁਣੇ ਜਾਣ ਵੇਲੇ ਬਜਟ ਵੀ ਅਹਿਮ ਹੁੰਦਾ ਹੈ। ਅਜਿਹੇ ਵਿੱਚ ਜੇ ਕਿਸੇ ਜੱਜ ਨੂੰ ਚੁਣਿਆ ਜਾ ਰਿਹਾ ਹੈ, ਤਾਂ ਸਿਰਫ਼ ਇਹ ਜ਼ਰੂਰੀ ਨਹੀਂ ਹੈ ਕਿ ਉਹ ਇਸ ਸ਼ੋਅ ਵਿੱਚ ਜੱਜ ਬਣਨ ਦੇ ਕਾਬਿਲ ਹੈ ਜਾਂ ਨਹੀਂ। ਜ਼ਰੂਰੀ ਇਹ ਵੀ ਹੈ ਕਿ ਕੀ ਉਹ ਬਜਟ ਵਿੱਚ ਆ ਰਿਹਾ ਹੈ ਜਾਂ ਨਹੀਂ।
ਕਿਸੇ ਰਿਐਲਿਟੀ ਸ਼ੋਅ ਵਿੱਚ ਜੱਜ ਇੱਕ ਐਪੀਸੋਡ ਦੇ ਕਈ ਵਾਰ ਕਰੋੜ ਰੁਪਏ ਤੱਕ ਲੈਂਦੇ ਹਨ।
ਟੀਵੀ ਇੰਡਸਟਰੀ ਨਾਲ ਜੁੜੀ ਇੱਕ ਹਸਤੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ, “ਜੇ ਤੁਸੀਂ ਸਲਮਾਨ, ਸ਼ਾਹਰੁਖ, ਅਮਿਤਾਭ ਬਚਨ ਜਿਹੇ ਏ-ਲਿਸਟ ਸਟਾਰਜ਼ ਦੀ ਗੱਲ ਕਰੋ ਤਾਂ ਇਨ੍ਹਾਂ ਦੀ ਫ਼ੀਸ ਕਾਫ਼ੀ ਜ਼ਿਆਦਾ ਹੁੰਦੀ ਹੈ।"
"ਕਿਸੇ ਸ਼ੋਅ ਨੂੰ ਪੇਸ਼ ਕਰਨ ਲਈ ਇੱਕ ਸੈਲੇਬ੍ਰਿਟੀ ਐਕਟਰ ਨੂੰ 25 ਹਜ਼ਾਰ ਤੋਂ ਲੈ ਕੇ ਢਾਈ ਕਰੋੜ ਰੁਪਏ ਤੱਕ ਦਿੱਤੇ ਜਾਂਦੇ ਹਨ। ਇਸ ਦੀ ਕੋਈ ਰੇਂਜ ਨਹੀਂ ਹੈ।”

ਤਸਵੀਰ ਸਰੋਤ, ALT BALAJI/TWITTER
ਪਰ ਇੰਨੇ ਪੈਸੇ ਲਗਾਉਣ ਦਾ ਕੋਈ ਫ਼ਾਇਦਾ ਹੁੰਦਾ ਹੈ?
ਉਹ ਕਹਿੰਦੀ ਹੈ, “ਜੇ ਮੁਨਾਫ਼ਾ ਨਾ ਹੋਵੇ ਤਾਂ ਇਹ ਸ਼ੋਅ ਬੰਦ ਹੀ ਹੋ ਜਾਣਗੇ। ਜਿਸ ਵੀ ਸ਼ੋਅ ਦੇ ਦੋ ਤੋਂ ਵੱਧ ਸੀਜ਼ਨ ਹੋਏ ਹਨ, ਸਮਝ ਲਓ ਕਿ ਉਹ ਸਾਰੇ ਸ਼ੋਅ ਫ਼ਾਇਦੇ ਵਿੱਚ ਹਨ।”
ਹਾਲਾਂਕਿ ਹਾਲ ਵਿੱਚ ਟੀਵੀ ਦੇ ਦਰਸ਼ਕ ਕਾਫ਼ੀ ਘਟੇ ਹਨ। ਇਸ ਦਾ ਕਾਰਨ ਫ਼ੋਨ ਅਤੇ ਓਟੀਟੀ ਦਾ ਵਧਣਾ ਵੀ ਹੈ।
ਟੀਵੀ ਵਿੱਚ ਕੰਮ ਕਰ ਰਹੀ ਇੱਕ ਜੂਨੀਅਰ ਪ੍ਰਡਿਊਸਰ ਕਹਿੰਦੀ ਹੈ, ”ਟੀਆਰਪੀ ਘੱਟ ਹੋ ਰਹੀ ਹੈ। ਟੀਵੀ ਦੇ ਦਰਸ਼ਕ ਵੀ ਘਟ ਰਹੇ ਹਨ ਕਿਉਂਕਿ ਸੀਰੀਅਲ ਜਾਂ ਸ਼ੋਅ ਤੋਂ ਜ਼ਿਆਦਾ ਡਰਾਮਾ ਨਿਊਜ਼ ਚੈਨਲ ਦਿਖਾ ਰਹੇ ਹਨ, ਤਾਂ ਲੋਕ ਉਧਰ ਸ਼ਿਫਟ ਹੋ ਰਹੇ ਹਨ। ਅਸਲੀ ਰਿਐਲਿਟੀ ਸ਼ੋਅ ਉਧਰ ਹਨ।”

ਤਸਵੀਰ ਸਰੋਤ, VIACOM18 MEDIA
ਜੱਜਾਂ ਦੀ ਪ੍ਰਤੀਕਿਰਿਆ ਕਿੰਨੀ ਸੱਚੀ ਹੁੰਦੀ ਹੈ ?
ਅਰਚਨਾ ਪੂਰਨ ਸਿੰਘ ਦਾ ਹਾਸਾ, ਨਵਜੋਤ ਸਿੰਘ ਸਿੱਧੂ ਦਾ ਠੋਕੋ ਤਾਲੀ ਕਹਿਣਾ ਅਤੇ ਨੇਹਾ ਕੱਕੜ ਦੇ ਅੱਥਰੂ।
ਰਿਐਲਿਟੀ ਸ਼ੋਅ ਦੇ ਜੱਜਾਂ ਦੀਆਂ ਪ੍ਰਤੀਕਿਰਿਆਵਾਂ ਵੀ ਚਰਚਾ ਵਿੱਚ ਰਹਿੰਦੀਆਂ ਹਨ।
ਆਸ਼ੀਸ਼ ਗੋਲਵਲਕਰ ਕਹਿੰਦੇ ਹਨ, “ਇੱਕ ਸ਼ੋਅ ਵਿੱਚ ਕਈ ਘੰਟੇ ਦਾ ਸ਼ੂਟ ਹੁੰਦਾ ਹੈ। ਤੁਸੀਂ ਜੋ ਦੇਖਦੇ ਹੋ, ਉਹ ਉਸ ਦਾ ਇੱਕ ਛੋਟਾ ਐਡਿਟ ਕੀਤਾ ਹੋਇਆ ਰੂਪ ਹੁੰਦਾ ਹੈ। ਜੇ ਤੁਹਾਨੂੰ ਕੋਈ ਰੋਂਦਾ ਹੋਇਆ ਨਜ਼ਰ ਆਇਆ ਹੈ ਤਾਂ ਅਜਿਹਾ ਨਹੀਂ ਹੈ ਕਿ ਉਹ ਅਚਾਨਕ ਰੋਇਆ ਹੈ।"
"ਉਸ ਦੀ ਇੱਕ ਪ੍ਰਕਿਰਿਆ ਹੁੰਦੀ ਹੈ। ਪਰ ਤੁਸੀਂ ਪ੍ਰਕਿਰਿਆ ਨਹੀਂ ਦੇਖ ਸਕਦੇ ਤੇ ਤੁਹਾਨੂੰ ਲਗਦਾ ਹੈ ਕਿ ਇਹ ਹੁਣੇ ਰੋਈ ਸੀ ਅਤੇ ਹੁਣ ਫਿਰ ਰੋ ਰਹੀ ਹੈ। ਹਕੀਕਤ ਵਿੱਚ ਅਜਿਹਾ ਨਹੀਂ ਹੁੰਦਾ ਹੈ।"
"ਇਹ ਵਿਅਕਤੀ ‘ਤੇ ਨਿਰਭਰ ਕਰਦਾ ਹੈ। ਤੁਸੀਂ ਗੀਤਾ ਨੂੰ ਕੋਈ ਫ਼ਿਲਮ ਦਿਖਾ ਦੇਵੋ, ਉਹ ਰੋ ਪਵੇਗੀ। ਨੇਹਾ ਕੱਕੜ ਨਾਲ ਵੀ ਅਜਿਹਾ ਹੀ ਹੈ। ਟੇਰੇਂਸ ਲੂਈਸ ਅੱਜ ਤੱਕ ਰੋਇਆ ਨਹੀਂ ਹੋਏਗਾ।”
ਅਕਸਰ ਜੱਜਾਂ ਦੀਆਂ ਕਹੀਆਂ ਲਾਈਨਾਂ ਵੀ ਵਾਇਰਲ ਹੋ ਜਾਂਦੀਆਂ ਹਨ। ਫਿਰ ਭਾਵੇਂ ਹਿਮੇਸ਼ ਰੇਸ਼ਮੀਆ ਦਾ ‘ਮੁਝੇ ਤੇਰੇ ਘਰ ਮੇਂ ਰੋਟੀ ਚਾਹੀਏ’ ਕਹਿਣਾ ਹੋਵੇ ਮਿਥੁਨ ਚਕਰਵਤੀ ਦਾ ‘ਕਿਆ ਬਾਤ, ਕਿਆ ਬਾਤ, ਕਿਆ ਬਾਤ’ ਕਹਿਣੇ ਹੋਵੇ।
ਅਨੂ ਮਲਿਕ ਦੀ ਕਹੀ ਇੱਕ ਲਾਈਨ ‘ਆਗ ਲਗਾ ਦੇਗਾ’ ਵੀ ਚਰਚਾ ਵਿੱਚ ਰਹਿੰਦੀ ਹੈ। ਅਨੂ ਮਲਿਕ ਤੋਂ ਮੈਂ ਪੁੱਛਿਆ ਕਿ ਜਦੋਂ ਤੁਸੀਂ ਇਹ ਲਾਈਨ ਕਹੀ ਸੀ ਤਾਂ ਕੀ ਕ੍ਰੀਏਟਿਵ ਟੀਮ ਨੇ ਲਿਖੀ ਸੀ ਜਾਂ ਤੁਹਾਡਾ ਅਸਲੀ ਰਿਐਕਸ਼ਨ ਸੀ।
ਅਨੂ ਮਲਿਕ ਨੇ ਕਿਹਾ, “ਮੇਰੀਆਂ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਹਨ, ਮੇਰੀਆਂ ਹੁੰਦੀਆਂ ਹਨ। ਮੇਰੇ ਦਿਲੋਂ ਜੋ ਗੱਲਾਂ ਨਿਕਲਦੀਆਂ ਹਨ, ਉਹ ਮੇਰੀਆਂ ਹੁੰਦੀਆਂ ਹਨ। ਜਦੋਂ ਇਹ ਪਲ ਆਇਆ ਸੀ, ਤਾਂ ਅਚਾਨਕ ਮੈਂ ਬੋਲਿਆ-ਆਗ ਲਗਾ ਦੀ, ਆਗ ਲਗਾ ਦੀ। ਕ੍ਰੀਏਟਿਵ ਟੀਮ ਬੋਲੀ ਕਿ ਇਹ ਤਾਂ ਕਮਾਲ ਅਤੇ ਕੋਈ ਨਵੀਂ ਚੀਜ਼ ਹੈ।”
ਪਰ ਕਈ ਵਾਰ ਰਿਐਲਿਟੀ ਸ਼ੋਅ ਦੇ ਜੱਜਾਂ, ਹੋਸਟ ਦਾ ਗੁੱਸਾ ਅਤੇ ਦਖ਼ਲ ਵੀ ਸਵਾਲਾਂ ਦੇ ਘੇਰੇ ਵਿੱਚ ਰਹਿੰਦਾ ਹੈ। ਬਿਗ ਬੌਸ ਦੇ ਹੋਸਟ ਸਲਮਾਨ ਖ਼ਾਨ ਅਜਿਹੀਆਂ ਪ੍ਰਤੀਕਿਰਿਆਵਾਂ ਲਈ ਜਾਣੇ ਜਾਂਦੇ ਹਨ।
ਬਿਗ ਬੌਸ ਦੇ ਪ੍ਰੋਡਕਸ਼ਨ ਨਾਲ ਜੁੜੇ ਇੱਕ ਸ਼ਖ਼ਸ ਨੇ ਸਾਨੂੰ ਦੱਸਿਆ, “ਸਲਮਾਨ ਖੁਦ ਐਪੀਸੋਡ ਦੇਖਦੇ ਹਨ ਅਤੇ ਉਨ੍ਹਾਂ ਦੀ ਆਪਣੀ ਵੀ ਰਾਏ ਹੁੰਦੀ ਹੈ। ਫਿਰ ਸਲਮਾਨ ਨਾਲ ਜੋ ਚਰਚਾ ਹੁੰਦੀ ਹੈ ਉਹ ਪੂਰੀ ਟੀਮ ਤਿਆਰ ਕਰਦੀ ਹੈ।"
"ਜਦੋਂ ਉਹ ਕਿਸੇ ਮੁੱਦੇ ਤੇ ਵਾਰ-ਵਾਰ ਛੇੜਦੇ ਹਨ ਤਾਂ ਉਹ ਕਿਹਾ ਜਾਂਦਾ ਹੈ। ਪਰ ਜਦੋਂ ਉਹ ਬਿਗ ਬੌਸ ਦੇ ਘਰ ਦੇ ਮੈਂਬਰਾਂ ਨਾਲ ਗੱਲ ਕਰ ਰਹੇ ਹੁੰਦੇ ਹਨ ਤਾਂ ਸਭ ਰੀਅਲ ਹੁੰਦਾ ਹੈ। ਮੁੱਦੇ ਰਚੇ ਜਾ ਸਕਦੇ ਹਨ, ਪ੍ਰਤੀਕਿਰਿਆਵਾਂ ਨਹੀਂ।”
ਅਨੂ ਮਲਿਕ ਬੋਲੇ, “ਪਹਿਲਾਂ ਮੈਨੂੰ ਗ਼ੁੱਸਾ ਆਉਂਦਾ ਸੀ, ਪਰ ਮੈਂ ਖੁਦ ਨੂੰ ਟੋਨ ਡਾਊਨ ਕੀਤਾ ਹੈ।”

ਤਸਵੀਰ ਸਰੋਤ, SONYTVPR
ਰਿਐਲਿਟੀ ਸ਼ੋਅ ਦੇ ਰੀਅਲ ਹੋਣ ‘ਤੇ ਸਵਾਲ
ਕਿਸ਼ੋਰ ਕੁਮਾਰ ਦੇ ਬੇਟੇ ਅਮਿਤ ਕੁਮਾਰ ਵੀ ਇੰਡੀਅਨ ਆਈਡਲ ਦੇ ਇੱਕ ਖ਼ਾਸ ਐਪੀਸੋਡ ਵਿੱਚ ਨਜ਼ਰ ਆਏ ਸੀ।
ਅਮਿਤ ਕੁਮਾਰ ਨੇ ਸ਼ੋਅ ਤੋਂ ਬਾਅਦ ਕਿਹਾ ਸੀ ਕਿ ਸ਼ੋਅ ਵਿੱਚ ਸਭ ਨੂੰ ਚੰਗਾ-ਚੰਗਾ ਬੋਲਣ ਲਈ ਕਿਹਾ ਜਾਂਦਾ ਹੈ।
ਉਦੋਂ ਇਹ ਖ਼ਬਰ ਕਾਫ਼ੀ ਚਰਚਾ ਵਿੱਚ ਰਹੀ ਸੀ ਅਤੇ ਸੋਨੂੰ ਨਿਗਮ ਨੇ ਵੀ ਇਸ ‘ਤੇ ਕਿਹਾ ਸੀ ਕਿ ਅਮਿਤ ਕੁਮਾਰ ਸਿੱਧੇ ਸਾਦੇ ਆਦਮੀ ਹਨ, ਇਹ ਮਾਮਲਾ ਚੈਨਲ ਅਤੇ ਅਮਿਤ ਕੁਮਾਰ ਨੂੰ ਆਪਸ ਵਿੱਚ ਗੱਲ ਕਰਕੇ ਸੁਲ਼ਝਾ ਲੈਣਾ ਚਾਹੀਦਾ ਹੈ।
ਹਾਲਾਂਕਿ ਬਾਅਦ ਵਿੱਚ ਅਮਿਤ ਕੁਮਾਰ ਇੱਕ ਵਾਰ ਫਿਰ ਇੰਡੀਅਨ ਆਈਡਲ ਵਿਚ ਦਿਖਾਈ ਦਿੱਤੇ ਸੀ। ਅਸੀਂ ਅਮਿਤ ਕੁਮਾਰ, ਸੋਨੂੰ ਨਿਗਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਕਹਾਣੀ ਨੂੰ ਲਿਖੇ ਜਾਣ ਤੱਕ ਉਨ੍ਹਾਂ ਦੀ ਪ੍ਰਤੀਕਿਰਿਆ ਨਹੀਂ ਆ ਸਕੀ ਹੈ।
ਆਸ਼ੀਸ਼ ਗੋਲਵਲਕਰ ਕਹਿੰਦੇ ਹਨ, “ਜੋ ਹੈ ਜੇ ਵੈਸਾ ਹੀ ਲੈਣਾ ਹੈ, ਤਾਂ ਇਸ ਦਾ ਤਰੀਕਾ ਹੈ-ਦਸਤਾਵੇਜ਼ੀ ਫ਼ਿਲਮ ਬਣਾਉਣਾ। ਅਸੀਂ ਰਿਐਲਿਟੀ ਸ਼ੋਅ ਬਣਾਉਂਦੇ ਹਾਂ ਲੋਕਾਂ ਨੂੰ ਹੌਸਲਾ ਦੇਣ ਲਈ ਨਾ ਕਿ ਕਿਸੇ ਨੂੰ ਨੀਚਾ ਦਿਖਾਉਣ ਲਈ।"
"ਅਮਿਤ ਕੁਮਾਰ ਜੀ ਨੂੰ ਇਹ ਕਿਹਾ ਗਿਆ ਹੋਏਗਾ ਕਿ ਸਭ ਦੀ ਤਾਰੀਫ ਕਰੋ, ਤਾਂ ਇਹ ਨਹੀਂ ਕਿਹਾ ਗਿਆ ਹੋਏਗਾ ਕਿ ਇੱਕ ਦੀ ਤਾਰੀਫ਼ ਕਰੋ ਅਤੇ ਕਿਸੇ ਇੱਕ ਦੀ ਵਾਟ ਲਗਾ ਦਿਓ। ਕੋਸ਼ਿਸ਼ ਰਹਿੰਦੀ ਹੈ ਕਿ ਸਭ ਦਾ ਉਤਸ਼ਾਹ ਬਣਾਈ ਰੱਖਿਆ ਜਾ ਸਕੇ।”
ਬੂਗੀ ਵੂਗੀ ਸ਼ੋਅ ਦੇ ਜੱਜ ਜਾਵੇਦ ਜਾਫਰੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, “ਬੂਗੀ ਵੂਗੀ ਵਿੱਚ ਕੋਈ ਸਕ੍ਰਿਪਟ ਨਹੀਂ ਹੁੰਦੀ ਸੀ। ਅਸੀਂ ਵਹਾਅ ਨਾਲ ਜਾਂਦੇ ਸੀ। ਉਦੋਂ ਇਸ ਗੱਲ ‘ਤੇ ਫੋਕਸ ਨਹੀਂ ਰਹਿੰਦਾ ਸੀ ਕਿ ਕੋਈ ਅਮੀਰ ਹੈ ਜਾਂ ਗਰੀਬ।"
"ਪਰ ਅੱਜ ਦੇ ਰਿਐਲਿਟੀ ਸ਼ੋਅ ਅਜਿਹੇ ਹਨ ਕਿ ਤੂੰ ਮੇਰੀ ਪੀਠ ਖੁਜਾ, ਮੈਂ ਤੇਰੀ ਪੀਠ ਖੁਜਾਊਂ। ਕਈ ਵਾਰ ਚੀਜ਼ਾਂ ਬਹੁਤ ਮਨ-ਘੜਤ ਹੁੰਦੀ ਹੈ, ਪਰ ਜੋ ਕਾਬਿਲ ਹਨ ਉਹ ਸਾਹਮਣੇ ਆ ਹੀ ਜਾਣਗੇ।”
ਰਿਐਲਿਟੀ ਸ਼ੋਅ ਬਿਗ ਬੌਸ ਜ਼ਿਆਦਾਤਰ ਵਿਵਾਦਾਂ ਲਈ ਜਾਣਿਆ ਜਾਂਦਾ ਹੈ। ਇਲਜ਼ਾਮ ਇਹ ਵੀ ਲਗਦਾ ਹੈ ਕਿ ਇਸ ਸ਼ੋਅ ਵਿੱਚ ਦਿਸਣ ਵਾਲੀਆਂ ਲੜਾਈਆਂ, ਮੁਹੱਬਤ ਸਭ ਸਕ੍ਰਿਪਟਡ ਹੁੰਦਾ ਹੈ।
ਅਜਿਹੀ ਹੀ ਇੱਕ ਲੜਾਈ ਕਾਫੀ ਚਰਚਾ ਵਿੱਚ ਰਹੀ ਸੀ, ਦਿਸ ਵਿੱਚ ਡੌਲੀ ਬਿੰਦਰਾ ਨੇ ਚੀਖ ਕੇ ਕਿਹਾ ਸੀ- ‘ਬਾਪ ’ਤੇ ਨਹੀਂ ਜਾਣਾ…’
ਬਿਗ ਬੌਸ ਸ਼ੋਅ ਦੀ ਪ੍ਰੋਡਕਸ਼ਨ ਟੀਮ ਦਾ ਹਿੱਸਾ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ, ”ਜਨਤਾ ਨੂੰ ਉਹ ਦਿਖਾਇਆ ਜਾਂਦਾ ਹੈ ਜੋ ਦੇਖਣਾ ਹੈ। ਲੜਾਈ ਤਾਂ ਦਿਖਾਈ ਜਾਂਦੀ ਹੈ ਪਰ ਜੋ ਤੁਰੰਤ ਸਮਝੌਤਾ ਹੋ ਜਾਂਦਾ ਹੈ, ਉਹ ਨਹੀਂ ਦਿਖਾਇਆ ਜਾਂਦਾ।”
ਉਹ ਬੋਲੇ, “ਗਾਲ੍ਹਾਂ, ਲੜਾਈ, ਮੁਹੱਬਤ ਕੁਝ ਵੀ ਮਨ-ਘੜਤ ਨਹੀਂ ਹੈ। ਇਸ ਬਾਰੇ ਸ਼ੋਅ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਕੁਝ ਨਹੀਂ ਕਿਹਾ ਜਾਂਦਾ। ਇਹ ਲੋਕ ਜਾਣਦੇ ਹਨ ਕਿ ਲੋਕ ਕੀ ਦੇਖਣਾ ਚਾਹੁੰਦੇ ਹਨ।"
"ਸਾਡੇ ਸਭ ਦੀ ਤਰ੍ਹਾਂ ਇਹ ਲੋਕ ਪਿਛਲੇ ਸੀਜ਼ਨ ਦੇਖ ਚੁੱਕੇ ਹਨ ਅਤੇ ਜਾਣਗੇ ਹਨ ਕਿ ਜਨਤਾ ਨੂੰ ਕੀ ਮੋਹਦਾ ਹੈ। 24 ਘੰਟੇ ਦੀ ਰਿਕਾਰਡਿੰਗ ਤੋਂ ਇੱਕ ਘੰਟੇ ਦਾ ਐਪੀਸੋਡ ਕੱਢਿਆ ਜਾਂਦਾ ਹੈ, ਜੋ ਪ੍ਰਸਾਰਿਤ ਕੀਤਾ ਜਾਂਦਾ ਹੈ। ਤਾਂ ਸਿਰਫ਼ ਮਸਾਲਾ ਦਿਖਾਇਆ ਜਾਂਦਾ ਹੈ।”

ਪਰ ਸ਼ੋਅ ਵਿੱਚ ਜਿਨ੍ਹਾਂ ਲੋਕਾਂ ਨੂੰ ਰੱਖਿਆ ਜਾਂਦਾ ਹੈ, ਉਹ ਕਿਵੇਂ ਚੁਣੇ ਜਾਂਦੇ ਹਨ, ਜਵਾਬ ਮਿਲਿਆ-
- ਜਿਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਫੌਲੋਇੰਗ ਚੰਗੀ ਹੋਵੇ
- ਜੋ ਵਿਵਾਦਾਂ ਵਿੱਚ ਰਹੇ ਹੋਣ ਜਾਂ ਲੋਕਪ੍ਰਿਅੇ ਹੋਣ
- ਜਿਨ੍ਹਾਂ ਦੀ ਸਤਰੰਗੀ ਪਛਾਣ ਜਾਂ ਸੰਬੰਧ ਮਸ਼ਹੂਰੀ ਹੋਵੇ
- ਰਾਜਨੀਤੀ ਰਿਐਲਿਟੀ ਸ਼ੋਅ ‘ਤੇ ਕਿੰਨਾ ਅਸਰ ਪਾਉਂਦੀ ਹੈ

ਕੁਝ ਦਿਨ ਪਹਿਲਾਂ ਇੰਡੀਅਨ ਆਈਡਲ ਦਾ ਖ਼ਿਤਾਬ ਅਯੋਧਿਆ ਦੇ ਰਿਸ਼ੀ ਸਿੰਘ ਨੇ ਜਿੱਤਿਆ।
ਸੋਸ਼ਲ ਮੰਡੀਆ ’ਤੇ ਕੁਝ ਲੋਕਾਂ ਨੇ ਇਸ ਨੂੰ ਅਯੋਧਿਆ ਵਿੱਚ ਬਣ ਰਹੇ ਰਾਮ ਮੰਦਰ ਅਤੇ ਸਿਆਸਤ ਨਾਲ ਜੋੜ ਕੇ ਦੇਖਿਆ।
ਫਿਕਸ਼ਨ ਅਤੇ ਨੌਨ-ਫਿਕਸ਼ਨ ਸ਼ੋਅ ਵਿੱਚ ਕੰਮ ਕਰ ਚੁੱਕੇ ਇੱਕ ਸੀਨੀਅਰ ਦੱਸਦੇ ਹਨ, “ਤੁਸੀਂ ਜਾਣਦੇ ਹੋ ਕਿ ਸਰਕਾਰ ਕਿਵੇਂ ਚੱਲ ਰਹੀ ਹੈ। ਰਾਜਨੀਤੀ ਦਾ ਦਖ਼ਲ ਨਿਊਜ਼ ਚੈਨਲਾਂ ਵਿੱਚ ਜ਼ਿਆਦਾ ਹੁੰਦਾ ਹੋਏਗਾ ਕਿ ਕਿਸੇ ਇੱਕ ਏਜੰਡਾ ਨੂੰ ਉੱਤੇ ਚੁੱਕਣਾ ਹੈ ਅਤੇ ਕਿਸੇ ਇੱਕ ਨੂੰ ਨੀਚੇ ਕਰਨਾ ਹੈ। ਰਿਐਲਿਟੀ ਸ਼ੋਅ ਵਿੱਚ ਰਾਜਨੀਤਿਕ ਏਜੰਡਾ ਹੁਣ ਤੱਕ ਤਾਂ ਮੈਂ ਨਹੀਂ ਦੇਖਿਆ ਹੈ।”
ਟੀਵੀ ਇੰਡਸਟਰੀ ਵਿੱਚ ਪ੍ਰੋਡਕਸ਼ਨ ਨਾਲ ਜੁੜੀ ਇੱਕ ਬੀਬੀ ਦੱਸਦੀ ਹੈ, “ਰਾਮ ਆਪਣੇ ਆਪ ਵਿੱਚ ਬਿਰਤਾਂਤ ਹੈ। ਰਾਮ ਦੇ ਬਿਰਤਾਂਤ ਤੋਂ ਜੇ ਕਿਸੇ ਦਾ ਫ਼ਾਇਦਾ ਹੋ ਰਿਹਾ ਹੈ ਤਾਂ ਉਹ ਹੋ ਚੁੱਕਿਆ ਹੈ। ਹੁਣ ਉਸ ਫ਼ਾਇਦੇ ਤੋਂ ਹੋਰ ਫ਼ਾਇਦਾ ਨਹੀਂ ਹੋਣ ਵਾਲਾ ਹੈ।"
"ਜੋ ਲੜਕਾ ਜਿੱਤਿਆ ਹੈ ਉਹ ਸ਼ਾਇਦ ਚੰਗਾ ਗਾਇਕ ਵੀ ਸੀ। ਵੋਟਿੰਗ ਦੇ ਅਧਾਰ ’ਤੇ ਵਿਜੇਤਾ ਚੁਣਿਆ ਜਾਂਦਾ ਹੈ। ਇਸ ਵੋਟਿੰਗ ਦਾ ਆਡਿਟ ਹੁੰਦਾ ਹੈ। ਜੇ ਕੋਈ ਗੜਬੜ ਹੋਈ, ਤਾਂ ਸ਼ੋਅ ਬਣਾਉਣ ਵਾਲੇ ਮੁਸ਼ਕਿਲ ਵਿੱਚ ਪੈ ਸਕਦੇ ਹਨ।”
ਸਲਮਾਨ ਖ਼ਾਨ ਦੀ ਜੁੜਵਾ ਫ਼ਿਲਮ ਵਿੱਚ ਅਨੂ ਮਲਿਕ ਦੇ ਗੀਤ ਦੀ ਲਾਈਨ ਸੀ, ‘ਸਾਰੇ ਜਹਾਂ ਸੇ ਅੱਛਾ, ਹਿੰਦੂਸਤਾਨ ਹਮਾਰਾ। ਹਮ ਬੁਲਬੁਲੇ ਹੈਂ ਇਸ ਕੀ, ਯੇ ਗੁਲਸਿਤਾਂ ਹਮਾਰਾ..ਹਮਾਰਾ..ਯੋ ਈਸਟ ਔਰ ਵੈਸਟ ਯੋ, ਇੰਡੀਆ ਇਜ਼ ਦਾ ਬੈਸਟ।’
ਰਿਐਲਿਟੀ ਸ਼ੋਅ ਵਿੱਚ ਰਾਜਨੀਤਿਕ ਦਖ਼ਲ ਦੇ ਸਵਾਲ ‘ਤੇ ਅਨੂ ਮਲਿਕ ਇਸੇ ਗੀਤ ਦਾ ਜ਼ਿਕਰ ਕਰਦਿਆਂ ਕਹਿੰਦਿਆਂ ਹਨ, “ਸਾਡਾ ਦੇਸ਼ ਬਹੁਤ ਮਹਾਨ ਹੈ। ਸਾਡੇ ਪੀਐਮ, ਸੱਤਾਧਾਰੀ ਪਾਰਟੀ ਬਹੁਤ ਮਹਾਨ ਹੈ।”
ਰਿਐਲਿਟੀ ਸ਼ੋਅ ਦੀ ਦੁਨੀਆ ਕਿੰਨੀ ਅਸਲੀ ਹੈ ਅਤੇ ਰਾਜਨੀਤਿਕ ਦਖ਼ਲ ਕਿੰਨਾ ਹੈ ?
ਇੰਡਸਟਰੀ ਵਿੱਚ ਕੰਮ ਕਰਨ ਅਤੇ ਰਿਐਲਿਟੀ ਸ਼ੋਅ ਵਿੱਚ ਹਿੱਸਾ ਲੈ ਚੁੱਕੇ ਲੋਕਾਂ ਤੋਂ ਜਦੋਂ ਇਹ ਪੁੱਛਿਆ ਗਿਆ, ਤਾਂ ਜ਼ਿਆਦਾਤਰ ਲੋਕ ਜਵਾਬ ਦੇਣ ਤੋਂ ਬਚਦੇ ਨਜ਼ਰ ਆਏ।
ਕੁਝ ਨੇ ਇਨ੍ਹਾਂ ਸਵਾਲਾਂ ਨੂੰ ਪੂਰੀ ਤਰ੍ਹਾਂ ਖ਼ਾਰਜ ਵੀ ਕੀਤਾ। ਕੁਝ ਨੇ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ ‘ਤੇ ਜਵਾਬ ਵੀ ਦਿੱਤਾ। ਇਨ੍ਹਾਂ ਜਵਾਬਾਂ, ਅਨੁਭਵਾਂ ਨੂੰ ਪਾ ਕੇ ਅਨੂ ਮਲਿਕ ਦੇ ਹੀ ਗਾਣੇ ਇੰਡੀਆ ਇਜ਼ ਦਿ ਬੈਸਟ ਦੀ ਸ਼ੁਰੂਆਤੀ ਲਾਈਨ ਯਾਦ ਆਉਂਦੀ ਹੈ।
‘ਇੰਡੀਆ..ਆ..ਹਾਂ…ਨਥਿੰਗ ਆਫਿਸ਼ੀਅਲ ਅਬਾਊਟ ਇੱਟ।’












