You’re viewing a text-only version of this website that uses less data. View the main version of the website including all images and videos.
ਨਿੰਦਰ ਘੁਗਿਆਣਵੀ : ਪੰਜਾਬੀ ਦਾ ਦਸਵੀਂ ਫ਼ੇਲ ਲੇਖਕ ਜਿਸ ਦੀਆਂ ਕਿਤਾਬਾਂ ਯੂਨੀਵਰਸਿਟੀਆਂ 'ਚ ਪੜ੍ਹਾਈਆਂ ਜਾਂਦੀਆਂ ਹਨ
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਨਿੰਦਰ ਘੁਗਿਆਣਵੀ ਅਜਿਹੇ ਪੰਜਾਬੀ ਲੇਖਕ ਹਨ, ਜਿਨ੍ਹਾਂ ਦੀ ਸਾਹਿਤ ਨੂੰ ਤਾਂ ਵੱਡੀ ਦੇਣ ਹੈ ਹੀ ਪਰ ਉਨ੍ਹਾਂ ਦਾ ਜੀਵਨ ਵੀ ਕਿਸੇ ਪ੍ਰੇਰਨਾ ਤੋਂ ਘੱਟ ਨਹੀਂ।
ਖ਼ੁਦ ਦਸਵੀਂ ਫੇਲ੍ਹ ਨਿੰਦਰ, ਆਪਣੀ ਜ਼ਿੰਦਗੀ ਦੇ ਪੰਜਾਵਿਆਂ ਵਿੱਚ ਹਨ ਅਤੇ ਹੁਣ ਤੱਕ ਸੱਤਰ ਦੇ ਕਰੀਬ ਕਿਤਾਬਾਂ ਲਿਖ ਚੁੱਕੇ ਹਨ। ਉਨ੍ਹਾਂ ਦੀਆਂ ਕਿਤਾਬਾਂ ਕੁਝ ਯੁਨੀਵਰਸਿਟੀਆਂ ਦੇ ਪਾਠਕ੍ਰਮ ਵਿੱਚ ਵੀ ਸ਼ਾਮਲ ਹਨ।
ਉਨ੍ਹਾਂ ਦਾ ਜੱਜ ਦੇ ਅਰਦਲੀ ਤੋਂ ਮੰਨੇ ਪ੍ਰਮੰਨੇ ਲੇਖਕ ਬਣਨ ਦਾ ਸਫਰ ਕਾਫ਼ੀ ਘਾਲਣਾ ਭਰਿਆ ਹੈ।
ਪੇਂਡੂ ਜੀਵਨ ਤੋਂ ਮਿਲੀ ਕਲਾ ਦੀ ਗੁੜ੍ਹਤੀ
ਨਿੰਦਰ, ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਘੁਗਿਆਣਾ ਦੇ ਸਧਾਰਨ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਉਨ੍ਹਾਂ ਦੇ ਪਿਤਾ ਪਿੰਡ ਵਿੱਚ ਦੁਕਾਨ ਚਲਾਉਂਦੇ ਸੀ ਅਤੇ ਥੋੜ੍ਹੀ ਜਿਹੀ ਜ਼ਮੀਨ 'ਤੇ ਖੇਤੀ ਵੀ ਕਰਦੇ ਸੀ।
ਨਿੰਦਰ ਘੁਗਿਆਣਵੀ ਪੇਂਡੂ ਜੀਵਨ ਨੂੰ ਆਪਣੇ ਸਫ਼ਰ ਦੀ ਜੜ੍ਹ ਮੰਨਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਲਾ ਦੀ ਗੁੜ੍ਹਤੀ ਪਿੰਡ ਵਿੱਚ ਵਜਦੇ ਸਪੀਕਰਾਂ ਅਤੇ ਗ੍ਰਾਮੋਫੋਨਾਂ ਜ਼ਰੀਏ ਸੁਣੀਆਂ ਲੋਕ ਗਾਇਕਾਂ ਦੀਆਂ ਅਵਾਜ਼ਾਂ ਤੋਂ ਹੀ ਮਿਲੀ ਸੀ।
ਉਨ੍ਹਾਂ ਨੂੰ ਛੋਟੇ ਹੁੰਦਿਆਂ ਹੀ ਗਾਉਣ ਦਾ ਸ਼ੌਕ ਸੀ ਪਰ ਪਰਿਵਾਰ ਵਿਰੋਧ ਕਰਦਾ ਸੀ।
ਆਰਥਿਕ ਜ਼ਿੰਮੇਵਾਰੀਆਂ ਹੋਣ ਕਾਰਨ ਪਰਿਵਾਰ ਚਾਹੁੰਦਾ ਸੀ ਕਿ ਉਹ ਪੜ੍ਹ-ਲਿਖ ਕੇ ਨੌਕਰੀ ਕਰਨ ਪਰ ਨਿੰਦਰ ਘੁਗਿਆਣਵੀ ਆਪਣੇ ਵੇਲੇ ਦੇ ਪ੍ਰਸਿੱਧ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਬਣ ਕੇ ਗਾਉਣਾ ਚਾਹੁੰਦੇ ਸੀ।
ਆਖਿਰ ਪਰਿਵਾਰ ਉਨ੍ਹਾਂ ਦੀ ਜ਼ਿੱਦ ਅੱਗੇ ਹਾਰ ਗਿਆ ਅਤੇ ਖ਼ੁਦ ਨਿੰਦਰ ਦੇ ਪਿਤਾ ਉਨ੍ਹਾਂ ਨੂੰ ਉਸਤਾਦ ਯਮਲਾ ਜੱਟ ਕੋਲ ਛੱਡ ਕੇ ਆਏ।
ਇਹ ਸਾਲ 1988 ਦਾ ਜੂਨ ਮਹੀਨਾ ਸੀ ਜਦੋਂ ਨਿੰਦਰ ਦੇ ਪਿਤਾ ਬੱਸ 'ਤੇ ਉਨ੍ਹਾਂ ਨੂੰ ਲੁਧਿਆਣਾ ਦੇ ਜਵਾਹਰ ਨਗਰ ਸਥਿਤ ਲਾਲ ਚੰਦ ਯਮਲਾ ਦੇ ਡੇਰੇ ਛੱਡ ਕੇ ਆਏ।
ਯਮਲਾ ਜੱਟ ਦੇ ਚੇਲੇ ਬਣਨ ਤੋਂ ਬਾਅਦ ਨਿੰਦਰ ਘੁਗਿਆਣਵੀ ਗਾਉਣ ਅਤੇ ਤੂੰਬੀ ਵਜਾਉਣ ਲੱਗ ਗਏ। ਨਿੰਦਰ ਨੇ ਛੋਟੀ ਉਮਰ ਵਿੱਚ ਹੀ ਪਿੰਡ ਜਾਂ ਆਲੇ-ਦੁਆਲੇ ਦੇ ਪਰਿਵਾਰਕ ਸਮਾਗਮਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ।
ਦਸਵੀਂ ਫੇਲ੍ਹ ਹੋਣਾ ਬਣਿਆ ਪਛਾਣ
ਨਿੰਦਰ ਘੁਗਿਆਣਵੀ ਪੰਜਾਬੀ ਦੇ ਪਹਿਲੇ ਸਾਹਿਤਕਾਰ ਹਨ, ਜਿੰਨਾ ਨੂੰ ਮਹਾਂਰਾਸ਼ਟਰ ਦੀ ਕੇਂਦਰੀ ਮਹਾਤਮਾ ਗਾਂਧੀ ਹਿੰਦੀ, ਯੂਨੀਵਰਸਿਟੀ ਵਿਖੇ ਵੱਕਾਰੀ ਅਹੁਦੇ ' ਰਾਈਟਰ ਇਨ ਰੈਜੀਡੈਂਟ' ਉੱਤੇ ਨਿਯੁਕਤ ਕੀਤਾ ਗਿਆ।
ਉਹ ਇਕ ਸਾਹਿਤਕਾਰ ਹੋਣ ਸਦਕਾ ਹੀ ਪੰਜਾਬ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ' ਪ੍ਰੋਫੈਸਰ ਆਫ ਪ੍ਰੈਕਟਿਸ' ਬਣੇ।
ਨਿੰਦਰ ਘੁਗਿਆਣਵੀ ਦੀ ਪਛਾਣ ਜਿੰਨੀ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਕਰਕੇ ਹੈ, ਓਨੀਂ ਹੀ ਇਸ ਤੱਥ ਕਰਕੇ ਵੀ ਬਣੀ ਕਿ ਇਹ ਕਿਤਾਬਾਂ ਇੱਕ ਦਸਵੀਂ ਫੇਲ੍ਹ ਸ਼ਖਸ ਨੇ ਲਿਖੀਆਂ ਹਨ।
ਨਿੰਦਰ ਦੱਸਦੇ ਹਨ ਕਿ ਉਨ੍ਹਾਂ ਨੇ ਦਸਵੀਂ ਦੇ ਪੇਪਰ ਦਿੱਤੇ ਸਨ ਪਰ ਫੇਲ੍ਹ ਹੋ ਗਏ ਸਨ।
ਇਸ ਤੋਂ ਬਾਅਦ ਜਦੋਂ ਸੰਗੀਤ ਅਤੇ ਸਾਹਿਤ ਵਾਲੇ ਪਾਸੇ ਰੁਚੀ ਵਧੀ ਤਾਂ ਪੜ੍ਹਾਈ ਤੋਂ ਧਿਆਨ ਹੱਟ ਚੁੱਕਿਆ ਸੀ।
ਉਹ ਘਰ ਦੀ ਆਰਥਿਕ ਹਾਲਤ ਬਹੁਤੀ ਮਜ਼ਬੂਤ ਨਾ ਹੋਣ ਕਰਕੇ ਵੀ ਗਾਇਕੀ ਨਾਲ ਕਮਾਈ ਕਰਨੀ ਚਾਹੁੰਦੇ ਸਨ। ਜਿਸ ਲਈ ਪਿੰਡ ਦੇ ਸਮਾਗਮਾਂ ਤੋਂ ਇਲਾਵਾ ਟੀਵੀ, ਰੇਡੀਓ 'ਤੇ ਵੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਪੜ੍ਹਾਈ ਵੱਲ ਤਵੱਜੋ ਨਹੀਂ ਦਿੱਤੀ ਗਈ ਸੀ।
ਆਪਣੇ ਦਸਵੀਂ ਫੇਲ੍ਹ ਹੋਣ ਬਾਰੇ ਨਿੰਦਰ ਨੇ ਕਿਹਾ, "ਇੱਕ ਦਿਨ ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਤੇਰੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਸਿਲੈਬਸਾਂ ਵਿੱਚ ਲੱਗੀਆਂ ਹਨ। ਹੁਣ ਤੂੰ ਭਾਵੇਂ ਪੀਐੱਚਡੀ ਵੀ ਕਰ ਲੈ ਪਰ ਤੇਰੀ ਪਛਾਣ ਇਸ ਵਿੱਚ ਹੈ ਕਿ ਤੂੰ ਦਸਵੀਂ ਫੇਲ੍ਹ ਹੈਂ।"
"ਜੌਹਲ ਨੇ ਤਾਂ ਇਹ ਗੱਲ ਹਾਲੇ ਕੁਝ ਸਾਲ ਪਹਿਲਾਂ ਹੀ ਕਹੀ ਪਰ ਮੇਰੀ ਰਸਮੀ ਪੜ੍ਹਾਈ ਤਾਂ ਕਾਫ਼ੀ ਸਮਾਂ ਪਹਿਲਾਂ ਹੀ ਛੁੱਟ ਗਈ ਸੀ।"
ਘੁਗਿਆਣਵੀ ਦਾ ਕਿਤਾਬੀ ਸਫ਼ਰ
ਗਾਉਣ ਦੇ ਸ਼ੌਂਕ ਤੋਂ ਉਨ੍ਹਾਂ ਦਾ ਝੁਕਾਅ ਲਿਖਣ ਵੱਲ ਵੀ ਹੋ ਗਿਆ। ਇੱਕ ਅਖ਼ਬਾਰ ਲਈ ਆਰਟੀਕਲ ਲਿਖਣੇ ਸ਼ੁਰੂ ਕੀਤੇ ਅਤੇ ਇਸ ਤੋਂ ਬਾਅਦ ਕਿਤਾਬਾਂ ਲਿਖੀਆਂ।
ਨਿੰਦਰ ਘੁਗਿਆਣਵੀ ਉਨ੍ਹਾਂ ਸਾਹਿਤਕਾਰਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੀ ਲਿਖਤ ਦੇ ਵਿਸ਼ਿਆਂ ਵਿੱਚ ਬੇਹੱਦ ਵੰਨ-ਸੁਵੰਨਤਾ ਨਜ਼ਰ ਆਉਂਦੀ ਹੈ।
ਉਨ੍ਹਾਂ ਨੇ ਪੰਜਾਬ ਦੇ ਲੋਕ ਸੰਗੀਤ ਅਤੇ ਲੋਕ ਗਾਇਕਾਂ ਤੋਂ ਲੈ ਕੇ ਆਪਣੇ ਸਫ਼ਰਨਾਮੇ, ਜ਼ਿੰਦਗੀ ਦੇ ਤਜਰਬਿਆਂ ਬਾਰੇ ਕਿਤਾਬਾਂ ਲਿਖੀਆਂ ਹਨ।
ਉਹ ਲਾਲ ਚੰਦ ਯਮਲਾ ਜੱਟ ਬਾਰੇ ਤਿੰਨ ਕਿਤਾਬਾਂ ਲਿਖ ਚੁੱਕੇ ਹਨ। ਉਨ੍ਹਾਂ ਦੀ ਪਹਿਲੀ ਕਿਤਾਬ 'ਤੂੰਬੀ ਦੇ ਵਾਰਿਸ' 1994 ਵਿੱਚ ਛਪੀ ਸੀ।
ਉਨ੍ਹਾਂ ਨੇ ਕਵੀਸ਼ਰ ਕਰਨੈਲ ਸਿੰਘ ਪਾਰਸ, ਬੀਬੀ ਸੁਰਿੰਦਰ ਕੌਰ ਸਣੇ ਪੰਜਾਬ ਦੇ ਕਈ ਨਾਮੀ ਲੋਕ ਗਾਇਕਾਂ ਦੀਆਂ ਜੀਵਨੀਆਂ ਲਿਖੀਆਂ। ਜਿਨ੍ਹਾਂ ਲਈ ਲੰਮਾ ਸਮਾਂ ਉਨ੍ਹਾਂ ਗਾਇਕਾਂ ਨਾਲ ਬਿਤਾਇਆ।
ਨਿੰਦਰ ਘੁਗਿਆਣਵੀ ਕਹਿੰਦੇ ਹਨ ਕਿ ਉਨ੍ਹਾਂ ਲੋਕਾਂ ਦੀ ਸੰਗਤ ਮਾਨਣੀ ਆਪਣੇ-ਆਪ ਵਿੱਚ ਇੱਕ ਹਾਸਿਲ ਸੀ ਤੇ ਨਿੰਦਰ ਘੁਗਿਾਣਵੀ ਦੀ ਸ਼ਖਸੀਅਤ 'ਤੇ ਉਨ੍ਹਾਂ ਮਹਾਨ ਹਸਤੀਆਂ ਦਾ ਅਸਰ ਪਿਆ।
ਉਨ੍ਹਾਂ ਦੀ ਸਵੈ-ਜੀਵਨੀ 'ਮੈਂ ਸਾਂ ਜੱਜ ਦਾ ਅਰਦਲੀ' ਬੇਹੱਦ ਮਕਬੂਲ ਹੋਈ ਅਤੇ ਅੰਗਰੇਜ਼ੀ ਸਣੇ ਕਈ ਭਾਸ਼ਾਵਾਂ ਵਿੱਚ ਇਸ ਕਿਤਾਬ ਦਾ ਅਨੁਵਾਦ ਵੀ ਕੀਤਾ ਗਿਆ ਹੈ।
'ਮੈਂ ਸਾਂ ਜੱਜ ਦਾ ਅਰਦਲੀ'
ਛੋਟੀ ਉਮਰ ਵਿੱਚ ਹੀ ਨਿੰਦਰ ਨੇ ਪਹਿਲਾਂ ਵਕੀਲ ਦੇ ਮੁਨਸ਼ੀ ਅਤੇ ਬਾਅਦ ਵਿੱਚ ਜੱਜ ਦੇ ਅਰਦਲੀ ਵਜੋਂ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ।
ਕਿਤਾਬ 'ਮੈਂ ਸਾਂ ਜੱਜ ਦਾ ਅਰਦਲੀ' ਘੁਗਿਆਣਵੀ ਨੇ ਆਪਣੀ ਅਰਦਲੀ ਵੱਜੋਂ ਨੌਕਰੀ ਦੇ ਤਜਰਬਿਆਂ ਬਾਰੇ ਹੀ ਲਿਖੀ ਸੀ। ਕਿਤਾਬ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਹੋਣ ਤੋਂ ਇਲਾਵਾ 2005 ਵਿੱਚ ਇਸ ਕਿਤਾਬ 'ਤੇ ਅਧਾਰਿਤ ਟੈਲੀਫਿਲਮ ਵੀ ਬਣੀ।
ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਉਹਨਾਂ ਨੇ ਜਿਨ੍ਹਾਂ ਸਮਾਂ ਨੌਕਰੀ ਕੀਤੀ, ਉਹ ਘੁਟਣ ਮਹਿਸੂਸ ਕਰਦੇ ਰਹੇ ਸਨ, ਕਿਉਂਕਿ ਕਲਾਕਾਰ ਮਨ ਅਜ਼ਾਦੀ ਚਾਹੁੰਦਾ ਸੀ। ਨਿੰਦਰ ਕਹਿੰਦੇ ਹਨ ਕਿ ਉਹ ਕਈ ਵਾਰ ਝੂਠ ਬੋਲ ਕੇ ਰੇਡੀਓ ਪ੍ਰੋਗਰਾਮ ਕਰਨ ਵੀ ਜਾਂਦੇ ਰਹੇ।
ਅਖੀਰ ਨਿੰਦਰ ਘੁਗਿਆਣਵੀ ਕਲਾ ਖ਼ਾਤਰ ਨੌਕਰੀ ਛੱਡ ਕੇ ਚਲੇ ਗਏ। ਹਾਲਾਂਕਿ ਇਸ ਨੌਕਰੀ ਦਾ ਉਨ੍ਹਾਂ ਦੇ ਪਰਿਵਾਰ ਨੂੰ ਵਿੱਤੀ ਸਹਾਰਾ ਸੀ।
ਨਿੰਦਰ ਘੁਗਿਆਣਵੀ ਨੇ ਅਰਦਲੀ ਰਹਿੰਦਿਆਂ ਸਿਰਫ਼ ਆਪਣੇ ਤਜਰਬੇ ਹੀ ਨਹੀਂ ਲਿਖੇ, ਬਲਕਿ 'ਕਾਲੇ ਕੋਟ ਦਾ ਦਰਦ' ਨਾਮ ਦੀ ਕਿਤਾਬ ਵਿੱਚ ਜੱਜ ਦੀ ਜ਼ਿੰਦਗੀ ਬਾਰੇ ਵੀ ਲਿਖਿਆ।
ਘੁਗਿਆਣਵੀ ਦੇ ਸਫ਼ਰਨਾਮੇ
ਨਿੰਦਰ ਘੁਗਿਆਣਵੀ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਘੁੰਮਦਿਆਂ ਆਪਣੇ ਸਫ਼ਰਨਾਮਿਆਂ ਨੂੰ ਵੀ ਕਿਤਾਬੀ ਰੂਪ ਦਿੱਤਾ।
ਇਨ੍ਹਾਂ ਵਿੱਚ 'ਮੇਰੀ ਅਮਰੀਕਾ ਫੇਰੀ', 'ਵੱਖਰੇ ਰੰਗ ਵਲੈਤ ਦੇ', 'ਦੇਖੀ ਤੇਰੀ ਵਲੈਤ' ਅਤੇ 'ਠੰਡੀ ਧਰਤੀ, ਤਪਦੇ ਲੋਕ' ਕਿਤਾਬਾਂ ਸ਼ਾਮਲ ਹਨ।
ਘੁਗਿਆਣਵੀ ਨੇ ਵਿਦੇਸ਼ਾਂ ਵਿੱਚ ਪਰਵਾਸ ਕੀਤੇ ਆਪਣੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵੀ ਨੇੜਿਓਂ ਜਾਣਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਾਡੇ ਲੋਕਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਬਹੁਤ ਕੁਝ ਹਾਸਿਲ ਵੀ ਕੀਤਾ ਅਤੇ ਬਹੁਤ ਕੁਝ ਗਵਾਇਆ ਵੀ।
ਲੰਡਨ ਦਾ ਇੱਕ ਕਿੱਸਾ ਸਾਂਝਾ ਕਰਦਿਆਂ ਘੁਗਿਆਣਵੀ ਨੇ ਦੱਸਿਆ ਕਿ ਇੱਕ ਵਾਰ ਉਹ ਕਿਸੇ ਬਜ਼ੁਰਗ ਦੇ ਘਰ ਠਹਿਰੇ ਹੋਏ ਸੀ ਜੋ ਕਿ ਬਹੁਤ ਵੱਡੇ ਘਰ ਵਿੱਚ ਇਕੱਲਾ ਰਹਿੰਦਾ ਸੀ।
"ਉਹ ਜਦੋਂ ਘਰੋਂ ਬਾਹਰ ਜਾਂਦਾ ਤਾਂ ਉਹ ਟੀਵੀ ਬੰਦ ਨਹੀਂ ਸੀ ਕਰਦਾ ਤਾਂ ਕਿ ਘਰ ਪਰਤ ਕੇ ਜਦੋਂ ਖਾਲੀ ਘਰ ਦਾ ਦਰਵਾਜ਼ਾ ਖੋਲ੍ਹੇ ਤਾਂ ਟੀਵੀ ਦੀ ਅਵਾਜ਼ ਇੰਝ ਲੱਗੇ ਜਿਵੇਂ ਘਰ ਦੇ ਜੀਅ ਗੱਲਾਂ ਕਰ ਰਹੇ ਹਨ।"
"ਪਰਵਾਸੀਆਂ ਦੀ ਇਕਲਾਪੇ ਭਰੀ ਜ਼ਿੰਦਗੀ ਦੇ ਅਜਿਹੇ ਕਈ ਕਿੱਸੇ ਨਿੰਦਰ ਘੁਗਿਆਣਵੀ ਨੇ ਕਿਤਾਬਾਂ ਵਿੱਚ ਲਿਖੇ ਹਨ।"
'ਲਿਖਾਰੀਆਂ ਲਈ ਕੋਈ ਸਰਕਾਰੀ ਨੀਤੀ ਨਹੀਂ'
ਕਲਾ ਲਈ ਆਪਣੇ ਜਨੂੰਨ ਕਾਰਨ ਨਿੰਦਰ ਘੁਗਿਆਣਵੀ ਲਗਾਤਾਰ ਲਿਖਦੇ ਰਹੇ ਹਨ ਅਤੇ ਹਾਲੇ ਤੱਕ ਇਹ ਜਾਰੀ ਹੈ। ਕਮਾਈ ਲਈ ਉਹ ਰੇਡੀਓ ਪ੍ਰੋਗਰਾਮ, ਯੂਨੀਵਰਸਿਟੀਆਂ ਵਿੱਚ ਪੜ੍ਹਾਉਣ ਅਤੇ ਲੈਕਚਰ ਲੈਣ ਦਾ ਕੰਮ ਕਰਦੇ ਹਨ।
ਘੁਗਿਆਣਵੀ ਕਹਿੰਦੇ ਹਨ, "ਪੰਜਾਬੀ ਵਿੱਚ ਲਿਖ ਕੇ ਮਾਣ ਤਾਂ ਮਿਲ ਜਾਂਦਾ ਹੈ, ਕਿਉਂਕਿ ਸਾਡੀ ਮਾਂ ਬੋਲੀ ਹੈ, ਪਰ ਪੈਸੇ ਨਹੀਂ ਮਿਲਦੇ।"
ਉਹ ਕਹਿੰਦੇ ਹਨ ਕਿ ਲੇਖਕ ਨੂੰ ਕੋਈ ਪੱਕੀ ਕਮਾਈ ਨਹੀਂ ਹੁੰਦੀ। ਜਿਸ ਤਰ੍ਹਾਂ ਹੋਰ ਲੋਕਾਂ ਲਈ ਨੀਤੀਆਂ ਹੁੰਦੀਆਂ ਹਨ, ਲਿਖਾਰੀਆਂ ਲਈ ਸਰਕਾਰ ਦੀ ਕੋਈ ਨੀਤੀ ਨਹੀਂ।
ਨਿੰਦਰ ਕਹਿੰਦੇ ਹਨ ਕਿ ਪੈਸਾ ਮਿਲੇ ਜਾਂ ਨਾ ਮਿਲੇ, ਲਿਖਾਰੀ ਨੂੰ ਹਲਾਸ਼ੇਰੀ ਮਿਲਦੀ ਰਹੇ,ਉਹ ਇਸੇ ਲਈ ਲਿਖਦੇ ਰਹਿੰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ