ਚੰਨ ਤੱਕ ਪਹੁੰਚਣ ਦੀ ਦੌੜ ਵਿੱਚ ਭਾਰਤ ਦਾ ਚੰਦਰਯਾਨ-3 ਬਾਜ਼ੀ ਮਾਰੇਗਾ ਜਾਂ ਰੂਸ ਦਾ ਲੂਨਾ-25

    • ਲੇਖਕ, ਕ੍ਰਿਸ ਬਰੌਨਿਕ
    • ਰੋਲ, ਬੀਬੀਸੀ ਫਿਊਚਰ

ਰੂਸ ਦਾ ਲੂਨਾ-25 ਪੁਲਾੜ ਯਾਨ ਇੱਕ ਬੇਕਾਬੂ ਘੇਰਾ (ਔਰਬਿਟ) ਵਿੱਚ ਘੁੰਮਣ ਮਗਰੋਂ ਚੰਦਰਮਾ 'ਤੇ ਹਾਦਸਾਗ੍ਰਸਤ ਹੋ ਗਿਆ ਹੈ। ਇਸ ਦੀ ਤਸਦੀਕ ਅਧਿਕਾਰੀਆਂ ਨੇ ਕੀਤੀ ਹੈ।

ਮਾਨਵ ਰਹਿਤ ਲੂਨਾ ਚੰਦਰਮਾ ਦੇ ਦੱਖਣੀ ਧਰੁਵ 'ਤੇ ਆਰਾਮਦਾਇਕ ਲੈਂਡਿੰਗ ਕਰਨ ਵਾਲਾ ਸੀ, ਪਰ ਇਸ ਦੇ ਪ੍ਰੀ-ਲੈਂਡਿੰਗ ਘੇਰੇ ਵਿਚ ਪ੍ਰਵੇਸ਼ ਕਰਨ ਵੇਲੇ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨ ਵਿੱਚ ਅਸਫ਼ਲ ਰਿਹਾ।

ਲਗਭਗ 50 ਸਾਲਾਂ ਵਿੱਚ ਇਹ ਰੂਸ ਦਾ ਪਹਿਲਾ ਚੰਦਰਮਾ ਮਿਸ਼ਨ ਸੀ।

ਲੂਨਾ-25 ਸੋਮਵਾਰ ਨੂੰ ਚੰਦਰਮਾ ਦੇ ਉਸ ਹਿੱਸੇ ਦੀ ਪੜਚੋਲ ਕਰਨ ਲਈ ਉਤਰਨ ਵਾਲਾ ਸੀ ਜਿਸ ਬਾਰੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਉੱਥੇ ਜੰਮੇ ਹੋਏ ਪਾਣੀ ਅਤੇ ਕੀਮਤੀ ਤੱਤ ਮੌਜੂਦ ਹੋ ਸਕਦੇ ਹਨ।

1960 ਦੇ ਦਹਾਕੇ ਵਿੱਚ ਸ਼ੁਰੂ ਹੋਈ ਇਹ ਰੇਸ

ਪਿਛਲੇ ਮਹੀਨੇ ਭਾਰਤ ਨੇ ਇੱਕ ਵਾਰ ਫਿਰ ਚੰਦਰਮਾ 'ਤੇ ਆਪਣਾ ਮਿਸ਼ਨ ਭੇਜਿਆ ਹੈ। ਇਸ ਦੇ ਨਾਲ ਹੀ ਕਰੀਬ ਪੰਜ ਦਹਾਕਿਆਂ ਦੇ ਲੰਬੇ ਵਕਫ਼ੇ ਤੋਂ ਬਾਅਦ ਰੂਸ ਵੀ ਚੰਦਰਮਾ 'ਤੇ ਪਹੁੰਚਣ ਦੀ ਦੌੜ 'ਚ ਸ਼ਾਮਲ ਹੋ ਗਿਆ ਹੈ।

ਇਸ ਦਾ ਮਤਲਬ ਹੈ ਕਿ ਇਸ ਸਮੇਂ ਇੱਕ ਰੂਸੀ ਅਤੇ ਇੱਕ ਭਾਰਤੀ ਪੁਲਾੜ ਯਾਨ ਚੰਦਰਮਾ 'ਤੇ ਉਤਰਨ ਦੇ ਇਰਾਦੇ ਨਾਲ ਅੱਗੇ ਵਧ ਰਹੇ ਹਨ।

ਭਾਰਤ ਦਾ ਚੰਦਰਯਾਨ-3 ਅਤੇ ਰੂਸ ਦਾ ਲੂਨਾ-25 ਆਪਣੇ ਇੱਕ-ਇੱਕ ਲੈਂਡਰ ਨਾਲ ਪੁਲਾੜ ਵਿੱਚ ਗਏ ਹਨ, ਤਾਂ ਜੋ ਚੰਨ ਦੇ ਦੱਖਣੀ ਧਰੁਵ ਵਿੱਚ ਭਾਵ ਹਨ੍ਹੇਰੇ ਵਾਲੇ ਹਿੱਸੇ 'ਚ ਉਤਰ ਕੇ ਇਤਿਹਾਸ ਰਚ ਸਕਣ।

ਇਹ ਚੰਦਰਮਾ ਦਾ ਉਹ ਖੇਤਰ ਹੈ ਜਿੱਥੇ ਹੁਣ ਤੱਕ ਕੋਈ ਵੀ ਲੈਂਡਰ ਸਫਲਤਾਪੂਰਵਕ ਉਤਰ ਨਹੀਂ ਸਕਿਆ ਹੈ।

ਇਹ ਦੋਵੇਂ ਲੈਂਡਰ ਚੰਨ 'ਤੇ ਜੰਮੇ ਪਾਣੀ ਅਤੇ ਕਿਸੇ ਵੀ ਸੰਭਾਵਿਤ ਖਣਿਜ ਨੂੰ ਲੱਭਣ ਦੇ ਉਦੇਸ਼ ਨਾਲ ਚੰਨ ਵੱਲ ਗਏ ਹਨ।

ਰੂਸ ਨੇ 11 ਅਗਸਤ 2023 (ਮਾਸਕੋ ਦੇ ਸਮੇਂ ਅਨੁਸਾਰ) ਲੂਨਾ-25 ਨੂੰ ਲਾਂਚ ਕੀਤਾ ਹੈ, ਜਦਕਿ ਭਾਰਤ ਨੇ ਚੰਦਰਯਾਨ-3 ਨੂੰ 14 ਜੁਲਾਈ ਨੂੰ ਚੰਨ 'ਤੇ ਭੇਜਿਆ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਦੋਵੇਂ ਮਿਸ਼ਨ ਲਗਭਗ ਇੱਕੋ ਸਮੇਂ ਚੰਨ 'ਤੇ ਆਪਣੇ-ਆਪਣੇ ਲੈਂਡਰ ਨੂੰ ਉਤਾਰਨਗੇ।

ਅਜਿਹੇ 'ਚ ਦੁਨੀਆਂ ਭਰ ਦੇ ਲੋਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਚੰਦਰਮਾ ਦੇ ਦੱਖਣੀ ਧਰੁਵ 'ਤੇ ਆਪਣਾ ਲੈਂਡਰ ਪਹਿਲਾਂ ਅਤੇ ਸਫਲਤਾਪੂਰਵਕ ਕਿਹੜਾ ਦੇਸ਼ ਉਤਾਰੇਗਾ, ਭਾਰਤ ਜਾਂ ਰੂਸ?

ਹਾਲਾਂਕਿ, ਚੰਦਰਮਾ ਤੱਕ ਦੀ ਇਹ ਦੌੜ ਅੱਜ-ਕੱਲ੍ਹ ਨਹੀਂ ਸਗੋਂ 1960 ਵਿੱਚ ਸ਼ੁਰੂ ਹੋਈ ਸੀ। ਉਸ ਸਮੇਂ ਅਮਰੀਕਾ ਅਤੇ ਸੋਵੀਅਤ ਸੰਘ ਵਿਚਕਾਰ ਇਹ ਮੁਕਾਬਲਾ ਸੀ ਕਿ ਚੰਦ 'ਤੇ ਸਭ ਤੋਂ ਪਹਿਲਾਂ ਮਨੁੱਖ ਨੂੰ ਕੌਣ ਉਤਾਰ ਸਕਦਾ ਹੈ।

ਧਰਤੀ ਦੇ ਆਰਬਿਟ ਵਿੱਚ ਪਹਿਲਾ ਉਪਗ੍ਰਹਿ ਸਥਾਪਿਤ ਕਰਨ, ਪਹਿਲੀ ਵਾਰ ਮਨੁੱਖਾਂ ਨੂੰ ਪੁਲਾੜ ਵਿੱਚ ਭੇਜਣ ਅਤੇ ਚੰਨ 'ਤੇ ਮਨੁੱਖ ਰਹਿਤ ਮਿਸ਼ਨ ਨੂੰ ਉਤਾਰਨ ਵਿੱਚ ਰੂਸ ਨੇ ਬਾਜ਼ੀ ਮਾਰੀ।

ਪਰ ਅਪੋਲੋ ਮਿਸ਼ਨ ਰਾਹੀਂ ਅਮਰੀਕਾ ਨੇ ਪਹਿਲੀ ਵਾਰ ਚੰਦਰਮਾ ਦੀ ਸਤ੍ਹਾ 'ਤੇ ਮਨੁੱਖ ਨੂੰ ਉਤਾਰਿਆ ਅਤੇ ਇਹ ਵੱਡੀ ਉਪਲੱਬਧੀ ਆਪਣੇ ਨਾਂ ਕਰ ਲਈ।

ਅਮਰੀਕਾ ਦੀ ਇਸ ਪ੍ਰਾਪਤੀ ਨੂੰ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੇ ਟੈਲੀਵਿਜ਼ਨ 'ਤੇ ਦੇਖਿਆ। ਇਸ ਤੋਂ ਬਾਅਦ ਅਮਰੀਕਾ ਨੇ ਚੰਦਰਮਾ 'ਤੇ ਕਈ ਹੋਰ ਮਨੁੱਖੀ ਮਿਸ਼ਨ ਭੇਜੇ।

ਅਮਰੀਕਾ ਦਾ ਅਪੋਲੋ ਪ੍ਰੋਗਰਾਮ ਸਾਲ 1972 ਵਿੱਚ ਖਤਮ ਹੋ ਗਿਆ ਸੀ। ਪੰਜ ਦਹਾਕਿਆਂ ਬਾਅਦ ਵੀ ਅਮਰੀਕਾ ਤੋਂ ਇਲਾਵਾ ਕੋਈ ਵੀ ਦੇਸ਼ ਚੰਦ 'ਤੇ ਮਨੁੱਖ ਨੂੰ ਨਹੀਂ ਉਤਾਰ ਸਕਿਆ ਹੈ।

ਦੱਖਣੀ ਧਰੁਵ 'ਤੇ ਕਿਸ ਦੀ ਲੈਂਡਿੰਗ ਹੋਵੇਗੀ ਪਹਿਲਾਂ

14 ਜੁਲਾਈ, 2023 ਨੂੰ, ਭਾਰਤ ਦੇ ਚੰਦਰਯਾਨ ਨੇ ਧਰਤੀ ਤੋਂ ਉਡਾਣ ਭਰੀ। ਇਸ ਵਿੱਚ ਚੰਦਰਮਾ ਦੀ ਸਤ੍ਹਾ ਨਾਲ ਸਬੰਧਤ ਜਾਣਕਾਰੀ ਇਕੱਠੀ ਕਰਨ ਲਈ ਵਿਗਿਆਨਕ ਯੰਤਰਾਂ ਦੇ ਨਾਲ ਛੇ ਪਹੀਆਂ ਵਾਲਾ ਰੋਵਰ ਵੀ ਹੈ।

ਉਮੀਦ ਕੀਤੀ ਜਾ ਰਹੀ ਹੈ ਕਿ ਚੰਦਰਮਾ ਦੇ ਆਰਬਿਟ 'ਚ ਕਈ ਵਾਰ ਚੱਕਰ ਲਗਾ ਕੇ ਇਹ ਪਹਿਲਾਂ ਚੰਦਰਮਾ 'ਤੇ ਉਤਰਨ ਦੀ ਤਿਆਰੀ ਕਰੇਗਾ ਅਤੇ ਫਿਰ 23 ਅਗਸਤ ਨੂੰ ਲੈਂਡਰ ਨੂੰ ਚੰਦਰਮਾ ਦੀ ਸਤ੍ਹਾ 'ਤੇ ਉਤਰੇਗਾ।

ਇਸ ਦੇ ਨਾਲ ਹੀ ਰੂਸ ਦਾ ਲੈਂਡਰ ਲੂਨਾ-25 11 ਅਗਸਤ ਨੂੰ ਚੰਦਰਮਾ ਲਈ ਰਵਾਨਾ ਹੋਇਆ ਹੈ। ਇਹ ਚੰਦਰਯਾਨ ਤੋਂ ਵੀ ਜ਼ਿਆਦਾ ਤੇਜ਼ ਰਫਤਾਰ ਨਾਲ ਸਿੱਧੇ ਰਸਤੇ ਰਾਹੀਂ ਚੰਦਰਮਾ ਵੱਲ ਜਾ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਆਪਣੇ ਲਾਂਚ ਦੇ 10 ਦਿਨਾਂ ਦੇ ਅੰਦਰ ਹੀ ਚੰਦਰਮਾ 'ਤੇ ਪਹੁੰਚ ਜਾਵੇਗਾ।

ਰੂਸੀ ਪੁਲਾੜ ਏਜੰਸੀ ਰੌਸਕੌਸਮੌਸ ਨੇ ਵੀ ਆਪਣੀ ਇੱਛਾ ਸਰੇਆਮ ਪ੍ਰਗਟਾਈ ਹੈ ਕਿ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਾਫਟ ਲੈਂਡਿੰਗ ਕਰਵਾਉਣ ਦੇ ਮਾਮਲੇ ਵਿੱਚ ਰੂਸ ਦੁਨੀਆਂ ਦਾ ਪਹਿਲਾ ਦੇਸ਼ ਬਣਨਾ ਚਾਹੁੰਦਾ ਹੈ।

ਪਰ ਮੰਨਿਆ ਜਾ ਰਿਹਾ ਹੈ ਕਿ ਲੂਨਾ-25 ਦੀ ਯਾਤਰਾ ਥੋੜ੍ਹੀ ਹੌਲੀ ਹੋ ਸਕਦੀ ਹੈ ਅਤੇ ਚੰਦਰਮਾ 'ਤੇ ਪਹੁੰਚਣ 'ਚ ਇਸ ਨੂੰ ਥੋੜ੍ਹਾ ਵੱਧ ਸਮਾਂ ਲੱਗ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਚੰਦਰਯਾਨ-3 ਦਾ ਲੈਂਡਰ ਸਭ ਤੋਂ ਪਹਿਲਾਂ ਚੰਦਰਮਾ ਦੀ ਸਤ੍ਹਾ 'ਤੇ ਉਤਰੇ।

ਗੱਲ ਰੂਸ ਦੀ ਹੋਵੇ ਜਾਂ ਭਾਰਤ ਦੀ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਚੰਦਰਮਾ 'ਤੇ ਪਹੁੰਚਣ ਦੀ ਦੌੜ 'ਚ ਇੱਕ ਵਾਰ ਫਿਰ ਕਈ ਦੇਸ਼ਾਂ ਦੀ ਦਿਲਚਸਪੀ ਵਧ ਰਹੀ ਹੈ।

ਹਾਲ ਹੀ 'ਚ ਚੰਦਰਮਾ 'ਤੇ ਪਾਣੀ ਦੇ ਸੰਕੇਤ ਮਿਲੇ ਹਨ, ਜਿਸ ਤੋਂ ਬਾਅਦ ਵਿਗਿਆਨੀਆਂ 'ਚ ਖਾਸਾ ਉਤਸ਼ਾਹ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਭਵਿੱਖ 'ਚ ਚੰਦਰਮਾ 'ਤੇ ਬੇਸ ਬਣਾਉਣਾ ਹੋਵੇ ਤਾਂ ਇਸ ਜੰਮੇ ਹੋਏ ਪਾਣੀ ਦੇ ਹਾਈਡ੍ਰੋਜਨ ਤੋਂ ਈਂਧਨ ਤਿਆਰ ਕੀਤਾ ਜਾ ਸਕਦਾ ਹੈ।

ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਹ ਪਾਣੀ ਭਵਿੱਖ ਵਿੱਚ ਪੀਣ ਯੋਗ ਬਣਾਇਆ ਜਾ ਸਕੇਗਾ।

ਲੂਨਾ-25 ਬਨਾਮ ਚੰਦਰਯਾਨ-3

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੂਸ ਦੇ ਲੂਨਾ-25 ਅਤੇ ਭਾਰਤ ਦੇ ਚੰਦਰਯਾਨ-3 ਵਿਚਕਾਰ ਦੌੜ ਨੇ ਚੰਨ ਦੀ ਸਤ੍ਹਾ ਦੀ ਖੋਜ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰ ਦਿੱਤੀ ਹੈ।

ਇਸ ਵਿੱਚ ਭਾਰਤ ਅਤੇ ਰੂਸ ਤੋਂ ਇਲਾਵਾ ਅਮਰੀਕਾ, ਚੀਨ, ਇਜ਼ਰਾਈਲ, ਜਾਪਾਨ ਅਤੇ ਪ੍ਰਾਈਵੇਟ ਕੰਪਨੀਆਂ ਵੀ ਸ਼ਾਮਲ ਹਨ, ਜੋ ਚੰਦਰਮਾ ਲਈ ਮਾਨਵ ਰਹਿਤ ਅਤੇ ਮਨੁੱਖਾਂ ਨੂੰ ਲੈ ਕੇ ਜਾਣ ਵਾਲੇ ਪ੍ਰੋਗਰਾਮਾਂ ਦੀ ਯੋਜਨਾ ਬਣਾ ਰਹੀਆਂ ਹਨ।

ਕੁਝ ਦੇਸ਼ਾਂ ਲਈ ਇਹ ਦੋਸਤਾਨਾ ਮੁਕਾਬਲਾ ਹੈ, ਪਰ ਇਹ ਸੱਚ ਹੈ ਕਿ ਖੋਜ ਦਾ ਹਰ ਪ੍ਰੋਗਰਾਮ ਚੰਦਰਮਾ ਬਾਰੇ ਜਾਣਕਾਰੀ ਦੀ ਕਿਤਾਬ ਵਿੱਚ ਇੱਕ ਨਵਾਂ ਅਧਿਆਏ ਸਾਬਤ ਹੋਵੇਗਾ। ਚੰਦਰਮਾ 'ਤੇ ਲੈਂਡਰ ਨੂੰ ਉਤਾਰਨ ਦਾ ਹਰ ਦੇਸ਼ ਦਾ ਹਰੇਕ ਛੋਟਾ ਕਦਮ ਵੀ ਮਨੁੱਖਾਂ ਨੂੰ ਸੌਰ ਮੰਡਲ ਦੀ ਪ੍ਰਣਾਲੀ ਦੇ ਮੈਂਬਰਾਂ ਨੂੰ ਸਮਝਣ ਵਿੱਚ ਮਦਦ ਕਰੇਗਾ।

ਪਰ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਭ ਤੋਂ ਪਹਿਲਾਂ ਕੌਣ ਉਤਰੇਗਾ, ਇਹ ਬਹੁਤ ਮਹੱਤਵਪੂਰਨ ਹੈ।

ਭਾਰਤ ਰੂਸ ਤੋਂ ਇੱਕ ਕਦਮ ਅੱਗੇ

ਅਮਰੀਕਾ ਦੇ ਏਅਰ ਐਂਡ ਸਪੇਸ ਫੋਰਟ ਦੀ ਏਅਰ ਯੂਨੀਵਰਸਿਟੀ ਵਿੱਚ ਰਣਨੀਤੀ ਅਤੇ ਸੁਰੱਖਿਆ ਮਾਮਲਿਆਂ ਦੇ ਮਹਿਲਾ ਪ੍ਰੋਫੈਸਰ ਵੈਂਡੀ ਵਿਟਮੈਨ ਕੌਬ ਦਾ ਕਹਿਣਾ ਹੈ, ''ਅਜਿਹਾ ਲੱਗਦਾ ਹੈ ਕਿ ਇਹ ਮਹਿਜ਼ ਇਤਫ਼ਾਕ ਹੈ ਕਿ ਦੋਵੇਂ ਚੰਦਰਮਾ ਲੈਂਡਰ ਇੱਕੋ ਸਮੇਂ ਚੰਦ 'ਤੇ ਉਤਰ ਸਕਦੇ ਹਨ, ਪਰ ਇਹ ਬਹੁਤ ਦਿਲਚਸਪ ਹੈ।"

ਉਹ ਦੱਸਦੇ ਹਨ ਕਿ ਰੂਸ 2021 'ਚ ਲੂਨਾ-25 ਨੂੰ ਲਾਂਚ ਕਰਨਾ ਚਾਹੁੰਦਾ ਸੀ ਪਰ ਕੁਝ ਕਾਰਨਾਂ ਕਰਕੇ ਇਸ ਦੀ ਲਾਂਚਿੰਗ 'ਚ ਦੇਰੀ ਹੋ ਗਈ ਅਤੇ ਇਸ ਨੂੰ ਇਸ ਸਾਲ ਲਾਂਚ ਕੀਤਾ ਜਾ ਸਕਿਆ।

ਉਹ ਕਹਿੰਦੇ ਹਨ ਕਿ ਭਾਰਤ ਇਸ ਮਾਮਲੇ ਵਿਚ ਰੂਸ ਤੋਂ ਇਕ ਕਦਮ ਅੱਗੇ ਹੈ ਕਿਉਂਕਿ ਉਸ ਦਾ ਪੁਲਾੜ ਯਾਨ ਪਹਿਲਾਂ ਹੀ ਚੰਦਰਮਾ ਦੇ ਚੱਕਰ ਵਿਚ ਹੈ।

ਉਨ੍ਹਾਂ ਮੁਤਾਬਕ, "ਹੋ ਸਕਦਾ ਹੈ ਕਿ ਇਸ ਕਾਰਨ ਰੂਸ 'ਤੇ ਚੰਦਰਮਾ 'ਤੇ ਪਹਿਲਾਂ ਪਹੁੰਚਣ ਲਈ ਕੁਝ ਦਬਾਅ ਵੀ ਹੋਵੇ, ਕਿਉਂਕਿ ਉਨ੍ਹਾਂ ਨੇ ਇਸ ਲਈ ਸਿੱਧਾ ਰਸਤਾ ਚੁਣਿਆ ਹੈ।"

ਚੰਦਰਯਾਨ-3 ਦਾ ਵਜ਼ਨ ਲੂਨਾ-25 ਨਾਲੋਂ ਦੁੱਗਣਾ ਹੈ ਅਤੇ ਇਸ ਨੂੰ ਰੂਸੀ ਪੁਲਾੜ ਯਾਨ ਨਾਲੋਂ ਘੱਟ ਤਾਕਤਵਰ ਰਾਕੇਟ ਨਾਲ ਲਾਂਚ ਕੀਤਾ ਗਿਆ ਸੀ।

ਇਸ ਦਾ ਮਤਲਬ ਹੈ ਕਿ ਚੰਦਰਯਾਨ-3 ਧਰਤੀ ਦੇ ਦੁਆਲੇ ਅੰਡਾਕਾਰ ਚੱਕਰ ਲਗਾਏਗਾ ਅਤੇ ਇਸ ਤੋਂ ਬਾਅਦ ਇਹ ਚੰਦਰਮਾ ਵੱਲ ਆਪਣੇ ਆਪ ਨੂੰ ਉਛਾਲ ਦੇਵੇਗਾ।

ਦੋਵਾਂ ਪ੍ਰੋਗਰਾਮਾਂ 'ਚ ਸਭ ਤੋਂ ਵੱਧ ਦਬਾਅ ਆਪਰੇਟਰਾਂ 'ਤੇ ਹੋਵੇਗਾ, ਜਿਨ੍ਹਾਂ ਨੂੰ ਚੰਦਰਮਾ 'ਤੇ ਲੈਂਡਰ ਨੂੰ ਉਤਾਰਨ ਤੋਂ ਪਹਿਲਾਂ ਉਸ ਦਾ ਸਟੀਕ ਮੁਲਾਂਕਣ ਕਰਨਾ ਹੋਵੇਗਾ ਤਾਂ ਜੋ ਟੱਚਡਾਊਨ ਦੀ ਪ੍ਰਕਿਰਿਆ 'ਚ ਕੋਈ ਗੜਬੜ ਨਾ ਹੋਵੇ।

ਆਖਰੀ ਸਮੇਂ 'ਚ ਮਾਮੂਲੀ ਤਕਨੀਕੀ ਖਰਾਬੀ ਕਾਰਨ ਪੂਰੀ ਮੁਹਿੰਮ ਦੇ ਅਸਫਲ ਹੋਣ ਦਾ ਖਤਰਾ ਹੈ ਅਤੇ ਦੋਵੇਂ ਮੁਹਿੰਮਾਂ ਉਦੋਂ ਤੱਕ ਸਫਲ ਨਹੀਂ ਮੰਨੀਆਂ ਜਾਣਗੀਆਂ ਜਦੋਂ ਤੱਕ ਉਹ ਆਪਣੇ ਲੈਂਡਰ ਨੂੰ ਚੰਦਰਮਾ ਦੀ ਸਤ੍ਹਾ 'ਤੇ ਸਹੀ ਢੰਗ ਨਾਲ ਨਹੀਂ ਉਤਾਰ ਦਿੰਦੇ।

ਭਾਰਤ ਦੀਆਂ ਚੰਨ ’ਤੇ ਜਾਣ ਦੀਆਂ ਕੋਸ਼ਿਸ਼ਾਂ

  • ਭਾਰਤ ਦਾ ਪਹਿਲਾ ਚੰਦਰਮਾ ਅਭਿਆਨ ਚੰਦਰਯਾਨ-1, ਸਾਲ 2008 ਵਿੱਚ ਲਾਂਚ ਕੀਤਾ ਗਿਆ ਸੀ ਪਰ ਉਹ ਸ਼ੈਕਲੇਟਨ ਕਰੇਟਰ (ਜਿਸ ਨੂੰ ਬਾਅਦ ਵਿੱਚ ਜਵਾਹਰ ਪੁਆਇੰਟ ਕਿਹਾ ਗਿਆ), ’ਤੇ ਕਰੈਸ਼ ਹੋ ਗਿਆ ਸੀ।
  • ਚੰਦਰਯਾਨ-2 ਨੇ ਵੀ ਚੰਦਰਮਾ ਉੱਤੇ ਪਾਣੀ ਦੇ ਅਣੂਆਂ ਦੀ ਖੋਜ ਵਿੱਚ ਅਹਿਮ ਭੂਮਿਕਾ ਨਿਭਾਈ।
  • 22 ਜੁਲਾਈ 2019 ਨੂੰ ਵਿਕਰਮ ਲੈਂਡਰ ਅਤੇ ਪ੍ਰਾਗਯਾਨ ਰੋਵਰ ਨਾਲ ਚੰਦਰਯਾਨ-2 ਨੂੰ ਲਾਂਚ ਕੀਤਾ ਗਿਆ ਸੀ।
  • 6 ਸਤੰਬਰ 2019 ਨੂੰ ਚੰਦਰਮਾ ਦੀ ਸਤ੍ਹਾ ’ਤੇ ਸੌਫਟ ਲੈਂਡਿੰਗ ਦੀ ਕੋਸ਼ਿਸ਼ ਵਿੱਚ ਵਿਕਰਮ ਲੈਂਡਰ ਦਾ ਸੰਪਰਕ ਟੁੱਟ ਗਿਆ ਸੀ। ਇਸ ਦਾ ਮਲਬਾ ਤਿੰਨ ਮਹੀਨੇ ਬਾਅਦ ਨਾਸਾ ਨੂੰ ਮਿਲਿਆ ਸੀ।
  • ਚੰਦਰਯਾਨ-3 ਦਾ ਪਲੇਲੋਡ ਲੂਨਰ ਔਰਬਿਟ ਤੋਂ ਧਰਤੀ ਦੇ ਸਪੈਕਟ੍ਰਲ ਅਤੇ ਪੋਲੌਰੀਮੈਟ੍ਰਿਕ ਮਾਪਾਂ ਦਾ ਅਧਿਐਨ ਕਰੇਗਾ, ਜਿਸ ਨਾਲ ਵਿਗਿਆਨੀਆਂ ਨੂੰ ਸਾਡੇ ਗ੍ਰਹਿ ਬਾਰੇ ਲਾਭਦਾਇਕ ਜਾਣਕਾਰੀ ਹਾਸਿਲ ਹੋ ਸਕੇਗੀ।

ਰੂਸ ਦਾ ਲੂਨਾ-1 ਚੰਦਰਮਾ ਤੱਕ ਪਹੁੰਚਣ ਵਾਲਾ ਪਹਿਲਾ ਰੋਵਰ ਸੀ

ਹਾਲਾਂਕਿ ਇਹ ਵੀ ਸੱਚ ਹੈ ਕਿ ਦੋਵਾਂ ਦੇਸ਼ਾਂ ਲਈ ਇਹ ਮਾਮਲਾ ਰਾਸ਼ਟਰੀ ਸਵੈਮਾਣ ਨਾਲ ਵੀ ਜੁੜਿਆ ਹੋਇਆ ਹੈ।

ਯੂਕਰੇਨ ਖਿਲਾਫ 'ਵਿਸ਼ੇਸ਼ ਫੌਜੀ ਕਾਰਵਾਈ' ਸ਼ੁਰੂ ਕਰਨ ਤੋਂ ਬਾਅਦ ਰੂਸ ਨੂੰ ਕਈ ਪੱਧਰਾਂ 'ਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਉਹ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਪੁਲਾੜ ਦੇ ਖੇਤਰ 'ਚ ਉਸ ਦੀ ਯੋਗਤਾ ਕਿਸੇ ਵੀ ਕਾਰਨ ਪ੍ਰਭਾਵਿਤ ਨਹੀਂ ਹੋਈ ਹੈ।

ਵਿਟਮੈਨ ਕੌਬ ਦਾ ਕਹਿਣਾ ਹੈ ਕਿ "ਇਨ੍ਹਾਂ ਪਾਬੰਦੀਆਂ ਦਾ ਰੂਸ ਦੇ ਪੁਲਾੜ ਪ੍ਰੋਗਰਾਮ 'ਤੇ ਬੁਰਾ ਪ੍ਰਭਾਵ ਪਿਆ ਹੈ।"

ਬ੍ਰਿਟੇਨ ਦੀ ਕੁਈਨ ਮਾਰਗਰੇਟ ਯੂਨੀਵਰਸਿਟੀ 'ਚ ਸਪੇਸ ਇੰਡਸਟਰੀ ਦੀ ਪੜ੍ਹਾਈ ਕਰ ਰਹੇ ਸਟੀਫਾਨੀਆ ਪਾਲਾਦਿਨੀ ਕਹਿੰਦੇ ਹਨ ਕਿ ਜਦੋਂ ਰੂਸ ਹੋਂਦ ਵਿੱਚ ਨਹੀਂ ਸੀ, ਉਸ ਵੇਲੇ 50 ਸਾਲ ਪਹਿਲਾਂ ਸੋਵੀਅਤ ਸੰਘ ਚੰਦ 'ਤੇ ਲੈਂਡਰ ਅਤੇ ਰੋਵਰ ਉਤਾਰਨ ਦੇ ਯੋਗ ਰਿਹਾ ਸੀ, ਇਹ ਪੂਰੀ ਦੌੜ ਅਸਲ 'ਚ ਚੰਦ 'ਤੇ ਪਹੁੰਚਣ ਦੀ ਨਹੀਂ ਹੈ।

ਦੇਖਿਆ ਜਾਵੇ ਤਾਂ ਰੂਸ ਪਹਿਲਾਂ ਹੀ ਇਹ ਦੌੜ ਜਿੱਤ ਚੁੱਕਿਆ ਹੈ ਪਰ ਫਿਰ 1976 'ਚ ਲੂਨਾ-24 ਤੋਂ ਬਾਅਦ ਰੂਸ ਨੇ ਇਸ ਮਿਸ਼ਨ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ।

ਲੂਨਾ-25, ਸਾਲਾਂ ਬਾਅਦ ਰੂਸ ਦੇ ਚੰਦਰਮਾ ਮਿਸ਼ਨ ਨੂੰ ਮੁੜ ਪੱਟੜੀ 'ਤੇ ਲਿਆਉਣ ਦੀ ਕੋਸ਼ਿਸ਼ ਹੈ।

ਮੰਨਿਆ ਜਾਂਦਾ ਹੈ ਕਿ ਰੂਸ ਦਾ ਲੂਨਾ-1 ਚੰਦਰਮਾ ਤੱਕ ਪਹੁੰਚਣ ਵਾਲਾ ਪਹਿਲਾ ਰੋਵਰ ਸੀ।

ਜਾਣਕਾਰ ਕਹਿੰਦੇ ਹਨ ਕਿ ਇਸ ਦਾ ਡਿਜ਼ਾਈਨ ਕੁਝ ਇਸ ਤਰ੍ਹਾਂ ਦਾ ਸੀ ਕਿ ਇਹ ਚੰਦਰਮਾ ਤੱਕ ਪਹੁੰਚ ਕੇ ਉੱਥੇ ਉਤਰੇ, ਪਰ ਜਦੋਂ 1959 'ਚ ਇਹ ਚੰਦਰਮਾ ਕੋਲ ਪਹੁੰਚਿਆ ਤਾਂ ਉਸ ਦੀ ਸਤਹਿ ਤੋਂ 3,725 ਮੀਲ (5,995 ਕਿਲੋਮੀਟਰ) ਦੀ ਦੂਰੀ ਤੋਂ ਹੁੰਦਾ ਹੋਇਆ ਲੰਘ ਗਿਆ ਸੀ।

ਸਟੇਫਾਨੀਆ ਕਹਿੰਦੇ ਹਨ ਕਿ "ਜੇਕਰ ਭਾਰਤ ਦਾ ਚੰਦਰਯਾਨ-3 ਯੋਜਨਾ ਅਨੁਸਾਰ ਚੰਦਰਮਾ 'ਤੇ ਉਤਰਦਾ ਹੈ, ਤਾਂ ਇਹ ਭਾਰਤ ਲਈ ਸਾਫਟ ਲੈਂਡਿੰਗ ਦੀ ਪਹਿਲੀ ਵੱਡੀ ਪ੍ਰਾਪਤੀ ਹੋਵੇਗੀ।"

ਉਹ ਕਹਿੰਦੇ ਹਨ ਕਿ 2019 ਵਿੱਚ ਚੰਦਰਯਾਨ-2 ਦੇ ਨਾਲ ਵੀ ਭਾਰਤ ਨੇ ਇਹੀ ਕੋਸ਼ਿਸ਼ ਕੀਤੀ ਸੀ ਕਿ ਉਹ ਚੰਦਰਮਾ ਦੀ ਸਤਹਿ 'ਤੇ ਲੈਂਡਰ ਦੀ ਸਾਫਟ ਲੈਂਡਿੰਗ ਕਰਵਾ ਸਕੇ। ਪਰ ਇਹ ਲੈਂਡਰ ਚੰਦਰਮਾ ਦੀ ਸਤਹਿ ਨਾਲ ਟਕਰਾ ਗਿਆ, ਜਿਸ ਕਾਰਨ ਇਹ ਮਿਸ਼ਨ ਅਸਫਲ ਹੋ ਗਿਆ।

ਹਾਲਾਂਕਿ, ਚੰਨ ਦੇ ਦੱਖਣੀ ਧਰੁਵ ਤੱਕ ਪਹੁੰਚਣ ਦੀ ਕੋਸ਼ਿਸ਼ ਭਾਰਤ ਨੇ ਇਸ ਤੋਂ ਪਹਿਲਾਂ ਹੀ ਕੀਤੀ ਹੈ।

ਭਾਰਤ ਨੇ ਅਕਤੂਬਰ 2008 ਵਿੱਚ ਚੰਦਰਯਾਨ-1 ਨੂੰ ਚੰਦਰਮਾ ਦੇ ਆਰਬਿਟ ਵਿੱਚ ਸਥਾਪਿਤ ਕੀਤਾ ਸੀ, ਇਸ ਨੇ ਮੂਨ ਇਮਪੈਕਟ ਪ੍ਰਾਬ ਭੇਜਿਆ ਸੀ ਜੋ ਸ਼ੈਕਲਟਨ ਕ੍ਰੇਟਰ ਦੇ ਨੇੜੇ ਕਰੈਸ਼ ਹੋ ਗਿਆ ਸੀ। ਹਾਲਾਂਕਿ ਇਸ ਪ੍ਰਾਬ ਨੂੰ ਕਦੇ ਵੀ ਸਾਫਟ ਲੈਂਡਿੰਗ ਲਈ ਤਿਆਰ ਨਹੀਂ ਕੀਤਾ ਗਿਆ ਸੀ।

ਤਾਂ ਇਸ ਵਾਰ ਵੱਖਰਾ ਕੀ ਹੈ?

ਪਰ ਇਸ ਵਾਰ ਰੂਸ ਅਤੇ ਭਾਰਤ ਦਾ ਮਿਸ਼ਨ ਪਹਿਲਾਂ ਨਾਲੋਂ ਵੱਖਰਾ ਹੈ ਕਿਉਂਕਿ ਇਸ ਵਾਰ ਦੋਵਾਂ ਦੀ ਕੋਸ਼ਿਸ਼ ਹੈ ਕਿ ਉਹ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਲਈ ਸਹੀ ਜਗ੍ਹਾ ਲੱਭ ਸਕਣ।

ਚੰਦਰਮਾ 'ਤੇ ਹੁਣ ਤੱਕ ਜੋ ਵੀ ਮਿਸ਼ਨ ਭੇਜੇ ਗਏ ਹਨ, ਉਹ ਚੰਨ ਦੇ ਉੱਤਰ ਜਾਂ 'ਚ ਲੈਂਡ ਕਰਨ ਲਈ ਭੇਜੇ ਗਏ ਹਨ। ਇੱਥੇ ਉਤਰਨ ਲਈ ਜਗ੍ਹਾ ਸਮਤਲ ਹੈ ਅਤੇ ਸਹੀ ਧੁੱਪ ਵੀ ਆਉਂਦੀ ਹੈ।

ਪਰ ਦੱਖਣੀ ਧਰੁਵ ਚੰਦਰਮਾ ਦਾ ਉਹ ਖੇਤਰ ਹੈ ਜਿੱਥੇ ਰੌਸ਼ਨੀ ਨਹੀਂ ਪਹੁੰਚਦੀ। ਇਸ ਤੋਂ ਇਲਾਵਾ, ਇਸ ਸਥਾਨ 'ਤੇ ਚੰਦਰਮਾ ਦੀ ਸਤਹਿ ਪੱਥਰੀਲੀ, ਉੱਚੀ-ਨੀਵੀਂ ਅਤੇ ਟੋਇਆਂ ਨਾਲ ਭਰੀ ਹੋਈ ਹੈ।

ਕੋਲੋਰਾਡੋ ਬੋਲਡਰ ਯੂਨੀਵਰਸਿਟੀ ਵਿੱਚ ਐਸਟ੍ਰੋਫਿਜ਼ਿਕਸ ਅਤੇ ਪਲੇਨੇਟਰੀ ਸਾਇੰਸ (ਗ੍ਰਹਿ ਵਿਗਿਆਨ) ਦੇ ਪ੍ਰੋਫੈਸਰ ਜੈਕ ਬਰਨਜ਼ ਕਹਿੰਦੇ ਹਨ, "ਇੱਥੇ ਪਹੁੰਚਣ ਵਾਲੀਆਂ ਸੂਰਜ ਦੀਆਂ ਕਿਰਨਾਂ ਟੇਢੀਆਂ ਹੁੰਦੀਆਂ ਹਨ। ਚੰਦਰਮਾ ਦਾ ਵਧੇਰੇ ਹਿੱਸਾ ਮੁਕਾਬਲਤਨ ਪੱਧਰਾ ਹੈ, ਪਰ ਦੱਖਣੀ ਪਾਸੇ ਸੂਰਜ ਦੀ ਰੌਸ਼ਨੀ ਕਾਰਨ ਟੋਇਆਂ ਦੇ ਪਰਛਾਵੇਂ ਬਹੁਤ ਲੰਮੇ ਹੁੰਦੇ ਹਨ। ਇਸ ਕਾਰਨ ਇੱਥੇ ਟੋਇਆਂ ਅਤੇ ਉੱਚੀ-ਨੀਵੀਂ ਜ਼ਮੀਨ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੈ।''

ਆਰਟੇਮਿਸ-3 ਦੇ ਨਾਲ ਸਾਲ 2025 ਵਿੱਚ ਅਮਰੀਕਾ ਚੰਦਰਮਾ ਦੇ ਦੱਖਣੀ ਧਰੁਵ ਵੱਲ ਮਨੁੱਖ ਨੂੰ ਭੇਜਣਾ ਚਾਹੁੰਦਾ ਹੈ। ਅਜਿਹੇ 'ਚ ਭਾਰਤ ਅਤੇ ਰੂਸ ਦੇ ਲੈਂਡਰ ਤੋਂ ਜੋ ਜਾਣਕਾਰੀ ਮਿਲੇਗੀ, ਉਹ ਬਹੁਤ ਮਹੱਤਵਪੂਰਨ ਹੋਵੇਗੀ।

ਹਾਲਾਂਕਿ ਵਿਟਮੈਨ ਕੌਬ ਦਾ ਕਹਿਣਾ ਹੈ ਕਿ ਮਨੁੱਖਾਂ ਨੂੰ ਭੇਜਣਾ, ਮਨੁੱਖ ਰਹਿਤ ਪੁਲਾੜ ਯਾਨ ਭੇਜਣ ਨਾਲੋਂ ਕਿਤੇ ਜ਼ਿਆਦਾ ਚੁਣੌਤੀਪੂਰਨ ਹੁੰਦਾ ਹੈ।

ਉਹ ਕਹਿੰਦੇ ਹਨ ਕਿ "ਮੈਨੂੰ ਨਹੀਂ ਲੱਗਦਾ ਕਿ ਇਹ ਦੋਵੇਂ ਕਿਸੇ ਵੀ ਤਰ੍ਹਾਂ ਨਾਲ ਵੀ ਇੱਕੋ ਜਿਹੀਆਂ ਯੋਜਨਾਵਾਂ ਹਨ।''

ਅਸਲ ਦੌੜ ਸਮੇਂ ਦੀ...

ਐਰੀਜ਼ੋਨਾ ਯੂਨੀਵਰਸਿਟੀ ਵਿੱਚ ਪਲੇਨੇਟਰੀ ਸਾਇੰਸ ਦੇ ਪ੍ਰੋਫੈਸਰ ਵਿਸ਼ਨੂੰ ਰੈੱਡੀ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਮਹੱਤਵਪੂਰਨ ਨਹੀਂ ਰਹੇਗਾ ਕਿ ਕੌਣ ਪਹਿਲਾਂ ਗਿਆ ਅਤੇ ਕੌਣ ਬਾਅਦ ਵਿੱਚ।

ਉਹ ਕਹਿੰਦੇ ਹਨ ਕਿ "ਆਉਣ ਵਾਲੇ ਸਮੇਂ ਵਿੱਚ ਅਸੀਂ ਦੇਖਾਂਗੇ ਕਿ ਕੌਣ ਉੱਥੇ ਲੰਬੇ ਸਮੇਂ ਤੱਕ ਆਪਣੀ ਮੌਜੂਦਗੀ ਬਣਾਉਣ ਵਿੱਚ ਕਾਮਯਾਬ ਰਿਹਾ ਹੈ।''

''ਅਜੋਕੇ ਸਮੇਂ ਵਿੱਚ, ਪ੍ਰਾਈਵੇਟ ਕੰਪਨੀਆਂ ਅਤੇ ਸਰਕਾਰਾਂ ਵਿਚਕਾਰ ਇੱਕ ਮੁਕਾਬਲੇ ਦੀ ਜੋ ਚਰਚਾ ਹੋ ਰਹੀ ਹੈ, ਉਹ ਬੇਤੁਕੀ ਹੈ। ਮੁਕਾਬਲਾ ਸਿਰਫ ਤੁਹਾਨੂੰ ਇੱਕ ਥਾਂ ਤੱਕ ਪਹੁੰਚ ਸਕਦਾ ਹੈ ਪਰ ਇਹ ਲੰਮੇਂ ਸਮੇਂ ਤੱਕ ਉੱਥੇ ਤੁਹਾਡੀ ਮੌਜੂਦਗੀ ਨੂੰ ਯਕੀਨੀ ਨਹੀਂ ਬਣਾ ਸਕਦਾ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਰੂਸ ਦੋਵਾਂ ਦੇ ਲੈਂਡਰ ਲਗਭਗ ਇੱਕੋ ਜਿਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਨ੍ਹਾਂ ਦੋਵਾਂ ਤੋਂ ਵਿਗਿਆਨੀ ਚੰਦਰਮਾ 'ਤੇ ਮੌਜੂਦ ਪਾਣੀ, ਖਣਿਜ, ਉੱਥੋਂ ਦੇ ਵਾਯੂਮੰਡਲ ਅਤੇ ਹੋਰ ਚੀਜ਼ਾਂ ਬਾਰੇ ਹੋਰ ਜਾਣਕਾਰੀ ਹਾਸਲ ਕਰ ਸਕਣਗੇ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਦੱਖਣੀ ਧਰੁਵ ਤੋਂ ਚੰਦਰਮਾ ਦੀ ਸਪਸ਼ਟ ਤਸਵੀਰ ਮਿਲ ਸਕੀ ਤਾਂ ਇਹ ਵੀ ਇੱਕ ਵੱਡੀ ਪ੍ਰਾਪਤੀ ਹੋਵੇਗੀ, ਕਿਉਂਕਿ ਮੁੱਖ ਸੰਘਰਸ਼ ਲੈਂਡਰ ਨੂੰ ਸਫਲਤਾਪੂਰਵਕ ਉਸ ਹਿੱਸੇ ਵਿੱਚ ਉਤਾਰਨਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)