ਫ਼ਿਲਮ ਐਨੀਮਲ ’ਚ ਦਿਖਾਇਆ ਹਿੰਸਕ ਮਰਦ ਸਿਰਫ਼ ਮਨੋਰੰਜਨ ਹੈ ਜਾਂ ਔਰਤ ਲਈ ਖ਼ਤਰਨਾਕ ਸੋਚ ਹੈ? - ਨਜ਼ਰੀਆ

    • ਲੇਖਕ, ਨਸੀਰੂਦੀਨ
    • ਰੋਲ, ਬੀਬੀਸੀ ਸਹਿਯੋਗੀ

ਸਪੋਇਲਰ ਅਲਰਟ- ਇਸ ਬਲਾਗ਼ ਵਿੱਚ ਫਿਲਮ ਐਨੀਮਲ ਦੇ ਕਈ ਦ੍ਰਿਸ਼ਾਂ ਅਤੇ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।

ਅੱਜ ਕੱਲ੍ਹ ਚਾਰੇ ਪਾਸੇ ਫਿਲਮ ਐਨੀਮਲ ਦਾ ਰੌਲਾ ਪਇਆ ਹੋਇਆ ਹੈ। ਇਸ ਫਿਲਮ ਦੇ ਨਿਰਦੇਸ਼ਕ ਸੰਦੀਪ ਵੇਂਗਾ ਰੈੱਡੀ ਹਨ ਜਦਕਿ ਮੁੱਖ ਕਲਾਕਾਰ ਰਣਬੀਰ ਕਪੂਰ, ਰਸ਼ਮਿਕਾ ਮੰਦਾਨਾ, ਅਨਿਲ ਕਪੂਰ ਅਤੇ ਬੌਬੀ ਦਿਓਲ ਹਨ।

ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਮ ਹਿੱਟ ਹੈ ਅਤੇ ਕਾਫੀ ਕਮਾਈ ਕਰ ਰਹੀ ਹੈ। ਸਫ਼ਲਤਾ ਦਾ ਪੈਮਾਨਾ ਤਾਂ ਕਮਾਈ ਹੀ ਹੁੰਦਾ ਹੈ।

ਪਰ ਇਹ ਜਾਣਨਾ ਦਿਲਚਸਪ ਹੈ ਕਿ ਪੈਸਾ ਕਮਾਉਣ ਲਈ ਕਿਸ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਜਾ ਰਹੀਆਂ ਹਨ? ਫਿਲਮ ਖ਼ਾਮੋਸ਼ੀ ਨਾਲ ਕੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ?

ਫਿਲਮ ਕੀ ਦੱਸਣ ਵਿੱਚ ਕਾਮਯਾਬ ਹੈ? ਉਹ ਕਿਸ ਤਰ੍ਹਾਂ ਦੇ ਸਮਾਜ ਦੀ ਕਲਪਨਾ ਕਰਦੀ ਹੈ?

ਇਹ ਫ਼ਿਲਮ ਵਿਚਾਰ ਦੇ ਪੱਧਰ 'ਤੇ ਖ਼ਤਰਨਾਕ ਲੱਗਦੀ ਹੈ। ਇਹ ਕਿਸੇ ਵੀ ਤਰੀਕੇ ਨਾਲ ਸਿਰਫ਼ ਮਨੋਰੰਜਨ ਨਹੀਂ ਹੈ। ਇਹ ਸਮਾਜਿਕ ਪੱਧਰ 'ਤੇ ਖ਼ਤਰਨਾਕ ਹੈ। ਇਹ ਪੱਖਪਾਤ ਨੂੰ ਮਜ਼ਬੂਤ ਕਰਦਾ ਹੈ।

ਇਹ ਆਧੁਨਿਕ ਔਰਤਾਂ ਦੀ ਕਹਾਣੀ ਹੈ ਪਰ ਉਨ੍ਹਾਂ ਦਾ ਆਪਣੀ ਜ਼ਿੰਦਗੀ 'ਤੇ ਕੰਟਰੋਲ ਨਹੀਂ ਹੈ। ਮੁਸਲਮਾਨਾਂ ਦਾ ਖ਼ਾਸ ਬਣੀ-ਬਣਾਇਆ ਅਕਸ ਪੇਸ਼ ਕਰਦੀ ਹੈ। ਸਭ ਤੋਂ ਵੱਧ, ਇਹ ਹਿੰਸਕ, ਦਬਦਬਾ, ਡਰਾਉਣੀ ਮਰਦਾਨਗੀ ਨੂੰ ਉਤਸ਼ਾਹਿਤ ਕਰਦਾ ਹੈ।

ਹਿੰਸਾ ਅਤੇ ਖ਼ੂਨ ਦਾ ਖ਼ਤਰਨਾਕ ਮਾਇਆਜਾਲ

ਇਸ ਫਿਲਮ ਦੇ ਕੇਂਦਰ ਵਿੱਚ ਬਦਲਾ ਅਤੇ ਹਿੰਸਾ ਹੈ। ਛੋਟੀ-ਮੋਟੀ ਹਿੰਸਾ ਨਹੀਂ। ਇਹ ਇਸ ਦਾ ਪ੍ਰਭਾਵੀ ਸੁਰ ਹੈ। ਵੱਡੀ ਸਕਰੀਨ 'ਤੇ ਗੋਲੀਆਂ-ਗੋਲੀਆਂ ਅਤੇ ਚਾਰੇ ਪਾਸੇ ਖ਼ੂਨ ਹੀ ਖ਼ੂਨ ਹਿੰਸਾ ਦਾ ਮਾਇਆਜਾਲ ਰਚਦੀ ਹੈ।

ਹਿੰਸਾ ਦੇ ਸਭ ਤੋਂ ਭਿਆਨਕ ਰੂਪ ਦੇਖਣ ਨੂੰ ਮਿਲਦੇ ਹਨ। ਸਭ ਤੋਂ ਜ਼ਾਲਮ ਵਿਹਾਰ ਦਿਖਾਈ ਦਿੰਦਾ ਹੈ। ਕਤਲਾਂ ਦੇ ਭਿਆਨਕ ਤਰੀਕੇ ਦੇਖੇ ਜਾ ਸਕਦੇ ਹਨ। ਇਹ ਸਭ ਕੁਝ ਸਿਰਫ਼ ਕੋਈ ਖ਼ਲਨਾਇਕ ਹੀ ਨਹੀਂ ਕਰ ਰਿਹਾ ਹੁੰਦਾ ਹੈ। ਇਹ ਹੀਰੋ ਕਰਦਾ ਹੈ।

ਨਾਇਕ ਜੋ ਕੰਮ ਕਰਦਾ ਹੈ, ਉਹੀ ਉਸ ਦਾ ਗੁਣ ਜਾਂ ਖ਼ਾਸੀਅਤ ਹੈ। ਕਈ ਵਾਰ ਇਹ ਬਾਹਰੀ ਦੁਨੀਆਂ ਵਿੱਚ ਦੇ ਵਿਹਾਰ ਦਾ ਪੈਮਾਨਾ ਵੀ ਬਣਦਾ ਹੈ।

ਫਿਰ ਸਹਿਜੇ ਸਵਾਲ ਉੱਠਦਾ ਹੈ ਕਿ ਹਿੰਸਾ ਕਿਉਂ ਦਿਖਾਈ ਜਾ ਰਹੀ ਹੈ? ਕੀ ਫਿਲਮ ਵਿੱਚ ਹਿੰਸਾ ਦੀ ਵਡਿਆਈ ਹੈ ਜਾਂ ਇਸ ਤੋਂ ਕੋਈ ਸਬਕ ਸਿੱਖਣ ਦੀ ਕੋਸ਼ਿਸ਼ ਕੀਤੀ ਗਈ ਹੈ?

ਇਸ ਫਿਲਮ 'ਚ ਅਜਿਹਾ ਕੁਝ ਵੀ ਨਜ਼ਰ ਨਹੀਂ ਆਉਂਦਾ। ਇਸ ਦੀ ਬਜਾਇ, ਇਹ ਹਿੰਸਾ ਨੂੰ ਹੱਲ ਵਜੋਂ ਪੇਸ਼ ਕਰਦਾ ਹੈ। ਇਸ ਅਰਥ ਵਿਚ, ਇਹ ਹਿੰਸਾ ਕਿਸੇ ਵੀ ਹਾਲਤ ਵਿਚ ਅਸਹਿਣਯੋਗ ਹੋਣੀ ਚਾਹੀਦੀ ਹੈ।

ਪਰ ਦਰਸ਼ਕ ਉਸ ਹਿੰਸਾ ਅਤੇ ਖ਼ੂਨ ਵਿੱਚ ਸ਼ਾਮਿਲ ਹੋ ਜਾਂਦਾ ਹੈ। ਉਹ ਉਸ ਹਿੰਸਾ ਅਤੇ ਚਿਹਰੇ 'ਤੇ ਪਏ ਲਹੂ ਦੇ ਛਿੱਟਿਆਂ ਦਾ ਮਜ਼ਾ ਲੈਂਦਾ ਹੈ।

ਅਲਫ਼ਾ ਮਰਦ ਦੀ ਰਚਨਾ

ਫਿਲਮ ਦੀ ਬੁਨਿਆਦ ਇੱਕ ਸ਼ਬਦ ਹੈ - ਅਲਫ਼ਾ ਮਰਦ! ਇਹ ਅਲਫ਼ਾ ਮਰਦ ਕੀ ਹੁੰਦਾ ਹੈ?

ਫਿਲਮ ਵਿੱਚ, ਰਣਬੀਰ ਕਪੂਰ ਰਸ਼ਮਿਕਾ ਨੂੰ ਦੱਸਦੇ ਹਨ ਕਿ ਸਦੀਆਂ ਪਹਿਲਾਂ ਅਲਫ਼ਾ ਪੁਰਸ਼ ਕਿਵੇਂ ਦੇ ਹੁੰਦੇ ਸਨ- ਮਜ਼ਬੂਤ ਮੁੰਡੇ! ਮਰਦ ਬੰਦੇ! ਉਹ ਜੰਗਲਾਂ ਵਿੱਚ ਵੜ ਕੇ ਸ਼ਿਕਾਰ ਕਰ ਕੇ ਲੈ ਆਉਂਦੇ ਸਨ। ਉਹ ਸ਼ਿਕਾਰ ਬਾਕੀ ਸਾਰਿਆਂ ਵਿੱਚ ਵੰਡਿਆ ਜਾਂਦਾ ਸੀ।

ਹੀਰੋ ਹੀਰੋਇਨ ਨੂੰ ਦੱਸਦਾ ਹੈ, ਔਰਤਾਂ ਖਾਣਾ ਬਣਾਉਂਦੀਆਂ ਸਨ। ਉਹ ਬੱਚਿਆਂ ਅਤੇ ਬਾਕੀ ਸਾਰਿਆਂ ਨੂੰ ਖੁਆਉਂਦੀ ਸੀ।

ਉਹ ਸਿਰਫ਼ ਖਾਣਾ ਹੀ ਨਹੀਂ ਪਕਾਉਂਦੀਆਂ ਸਨ ਸਗੋਂ ਇਹ ਵੀ ਤੈਅ ਕਰਦੀਆਂ ਸਨ ਕਿ ਸ਼ਿਕਾਰੀਆਂ ਵਿੱਚੋਂ ਕਿਹੜਾ ਮਰਦ ਉਸ ਦੇ ਨਾਲ ਬੱਚੇ ਪੈਦਾ ਕਰੇਗਾ।

ਕਿਹੜਾ ਉਸ ਦੇ ਨਾਲ ਰਹੇਗਾ ਅਤੇ ਕੌਣ ਉਸ ਨੂੰ ਪ੍ਰੋਟੈਕਟ ਕਰੇਗਾ ਯਾਨਿ ਉਸ ਦੀ ਹਿਫ਼ਾਜ਼ਤ ਕਰੇਗਾ? ਭਾਈਚਾਰਾ ਇਸ ਤਰ੍ਹਾਂ ਦੀ ਚੱਲਦਾ ਸੀ।

ਹੀਰੋ ਜਾਣਕਾਰੀ ਦਿੰਦਾ ਹੈ ਕਿ ਇਸ ਦੇ ਉਲਟ ਹੁੰਦੇ ਸਨ ਕਮਜ਼ੋਰ ਆਦਮੀ। ਉਹ ਕੀ ਕਰਦੇ? ਔਰਤਾਂ ਉਨ੍ਹਾਂ ਕੋਲ ਕਿਵੇਂ ਆਉਂਦੀਆਂ ਸਨ?

ਤਾਂ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਉਹ ਔਰਤਾਂ ਨੂੰ ਰਿਝਾਉਣ ਲਈ ਕਵਿਤਾਵਾਂ ਵਿੱਚ ਚੰਦ-ਤਾਰੇ ਤੋੜ ਲਿਆਉਂਦੇ ਸਨ। ਸਮਾਜ ਲਈ ਜੋ ਕਰਦੇ ਹਨ, ਉਹ ਅਲਫ਼ਾ ਮਰਦ ਹੀ ਕਰਦੇ ਹਨ। ਕਮਜ਼ੋਰ ਮਰਦ ਕਵਿਤਾ ਲਿਖਦੇ ਹਨ।

ਇੰਨਾ ਹੀ ਨਹੀਂ, ਉਸ ਅਨੁਸਾਰ ਸਰੀਰਕ ਤੌਰ 'ਤੇ ਘੱਟ ਤਾਕਤਵਰ ਲੋਕ ਸਮਾਜ ਲਈ ਬੇਕਾਰ ਹਨ। ਉਨ੍ਹਾਂ ਦੀ ਕੋਈ ਵਰਤੋਂ ਨਹੀਂ ਹੈ।

ਇਸ ਲਈ ਸਮਾਜ ਵਿੱਚ ਅਜਿਹੇ ਲੋਕ ਹੀ ਪੈਦਾ ਹੋਣੇ ਚਾਹੀਦੇ ਹਨ ਜੋ ਤਾਕਤਵਰ ਹੋਣ। ਇਹ ਵਿਚਾਰ ਆਪਣੇ ਆਪ ਵਿਚ ਖ਼ਤਰਨਾਕ ਹੈ।

ਇੱਕ ਸਮੇਂ, ਹੀਰੋ ਹੀਰੋਇਨ ਨੂੰ ਦੇਖ ਕੇ ਅੰਗਰੇਜ਼ੀ ਵਿੱਚ ਬੋਲਦਾ ਹੈ, "ਤੁਹਾਡਾ ਪਿਛਲਾ ਹਿੱਸਾ ਵੱਡਾ ਹੈ। ਤੁਸੀਂ ਆਪਣੇ ਸਰੀਰ ਵਿੱਚ ਸਿਹਤਮੰਦ ਬੱਚੇ ਪਾਲ ਸਕਦੀ ਹੋ।"

ਹੀਰੋਇਨ ਦੀ ਮੰਗਣੀ ਇੱਕ ਨੌਜਵਾਨ ਨਾਲ ਤੈਅ ਹੋ ਗਈ ਹੁੰਦੀ ਹੈ। ਉਸ ਦਾ ਇਸ਼ਾਰਾ ਹੈ ਕਿ ਉਸ ਦਾ ਮੰਗੇਤਰ ਇੱਕ ਕਮਜ਼ੋਰ ਕਵਿਤਾ ਲਿਖਣ ਵਾਲਾ ਮਰਦ ਹੈ। ਦੂਜੇ ਪਾਸੇ, ਉਹ ਅਲਫ਼ਾ ਮਰਦ ਹੈ।

ਉਸ ਨੂੰ ਉਸ ਵੱਲ ਆਉਣਾ ਚਾਹੀਦਾ ਹੈ। ਬਾਅਦ ਵਿਚ ਉਹ ਉਸ ਕੋਲ ਆਉਂਦੀ ਵੀ ਹੈ ਅਤੇ ਉਸ ਨਾਲ ਵਿਆਹ ਵੀ ਕਰ ਲੈਂਦੀ ਹੈ।

ਇਹ ਅਲਫ਼ਾ ਮਰਦ ਔਰਤਾਂ ਨੂੰ ਕੀ ਦੱਸ ਰਿਹਾ ਹੈ?

ਅੱਜ ਦੀਆਂ ਔਰਤਾਂ ਨੂੰ ਸਦੀਆਂ ਪੁਰਾਣੀਆਂ ਗੱਲਾਂ ਕਿਉਂ ਦੱਸੀਆਂ ਜਾ ਰਹੀਆਂ ਹਨ? ਆਦਮੀ ਉਸ ਨੂੰ ਕਿਉਂ ਦੱਸ ਰਿਹਾ ਹੈ ਕਿ ਉਸ ਨੂੰ ਆਦਮੀ ਨਾਲ ਕਿਵੇਂ ਰਹਿਣਾ ਚਾਹੀਦਾ ਹੈ?

ਕਿਹੜਾ ਮਰਦ, ਮਰਦ ਹੈ ਤੇ ਕੌਣ ਨਹੀਂ ਇਹ ਗੱਲਾਂ ਉਹ ਅੱਜ ਦੀਆਂ ਕੁੜੀਆਂ ਨੂੰ ਕਿਉਂ ਦੱਸ ਰਿਹਾ ਹੈ?

ਇਹ ਗੱਲ ਫਿਲਮ ਵਿੱਚ ਸਪੱਸ਼ਟ ਹੈ। ਰਣਬੀਰ ਕਪੂਰ ਦੀ ਇੱਕ ਵੱਡੀ ਭੈਣ ਹੈ। ਵਿਦੇਸ਼ ਤੋਂ ਐੱਮਬੀਏ ਕੀਤੀ ਹੈ, ਉਹ ਵਿਆਹੀ ਹੋਈ ਹੈ ਅਤੇ ਘਰੇ ਰਹਿੰਦੀ ਹੈ। ਰਣਬੀਰ ਉਸ ਦੇ ਪਤੀ ਨੂੰ ਨਾਪਸੰਦ ਕਰਦਾ ਹੈ।

ਉਹ ਕਹਿੰਦਾ, 'ਮੈਂ ਛੋਟਾ ਸੀ। ਨਹੀਂ ਤਾਂ ਇਹ ਵਿਆਹ ਨਹੀਂ ਹੋਣ ਦਿੰਦਾ।" ਉਸ ਦਾ ਜੀਜਾ ਉਸ ਦੇ ਪਿਤਾ ਨੂੰ ਮਾਰਨ ਦੀ ਸਾਜ਼ਿਸ਼ ਵਿਚ ਸ਼ਾਮਲ ਰਹਿੰਦਾ ਹੈ।

ਇਸ ਤਰ੍ਹਾਂ ਫਿਲਮ ਭੈਣ ਦੇ ਫ਼ੈਸਲੇ ਨੂੰ ਵੀ ਗ਼ਲਤ ਸਾਬਤ ਕਰਦੀ ਹੈ। ਉਸ ਦੀ ਗੱਲ ਨੂੰ ਸਹੀ ਸਾਬਤ ਕਰਦੀ ਹੈ।

ਇਸੇ ਲਈ ਇਕ ਥਾਂ ਉਹ ਆਪਣੀ ਛੋਟੀ ਭੈਣ ਨੂੰ ਕਹਿੰਦਾ ਹੈ, "ਜਿਹੜਾ ਹੱਥ ਤੇਰੇ ਸਿੰਦੂਰ ਲਗਾਏ ਉਸ ਦੀ ਹਰ ਲਕੀਰ ਪਹਿਲਾਂ ਮੈਂ ਚੈੱਕ ਕਰਾਂਗਾ। ਮੈਂ ਤੇਰੇ ਲਈ ਸਵਯੰਵਰ ਕਰਵਾਵਾਂਗਾ।"

ਇੰਨਾ ਹੀ ਨਹੀਂ, ਉਹ ਆਪਣੀ ਭੈਣ ਨੂੰ ਇਹ ਵੀ ਦੱਸਦਾ ਹੈ ਕਿ ਬਤੌਰ ਕੁੜੀ ਹੋਣ ਦੇ ਨਾਤੇ ਉਸ ਨੂੰ ਕਿਹੜੀ ਸ਼ਰਾਬ ਪੀਣੀ ਚਾਹੀਦੀ ਹੈ। ਇਹ ਪਿੱਤਰਸੱਤਾ ਦਾ ਪਿਆਰਾ ਰੂਪ ਹੈ। ਜਿੱਥੇ ਉਹ ਪਿਆਰ ਦਿਖਾ ਕੇ ਲੋਕਾਂ ਦੀ ਜ਼ਿੰਦਗੀ ਨੂੰ ਕੰਟਰੋਲ ਕਰਦੀ ਹੈ।

ਅਲਫ਼ਾ ਯਾਨਿ ਦਬੰਗ, ਧੱਕੇਸ਼ਾਹੀ ਜ਼ਹਿਰੀਲੇ ਮਰਦਾਨਗੀ

ਅਜਿਹੇ ਬੰਦੇ ਦੰਬਗ ਹੁੰਦੇ ਹਨ। ਰੌਹਬ ਜਮਾਉਣ ਵਾਲੇ ਹੁੰਦੇ ਹਨ। ਉਹ ਲੋਕਾਂ ਨੂੰ ਕੰਟਰੋਲ ਵਿੱਚ ਰੱਖਦੇ ਹਨ। ਲੋਕ ਉਨ੍ਹਾਂ ਤੋਂ ਡਰਦੇ ਹਨ। ਡਰ ਕਾਰਨ ਹੀ ਸਤਿਕਾਰ ਕਰਦੇ ਹਨ।

ਦਰਅਸਲ ਇਸ ਫਿਲਮ ਦਾ ਹੀਰੋ ਹਰ ਕਿਸੇ ਦਾ ਰਖਵਾਲਾ ਬਣਨ ਦੀ ਕੋਸ਼ਿਸ਼ ਕਰਦਾ ਹੈ। ਉਸ ਕੋਲ ਹਰ ਸਮੱਸਿਆ ਦਾ ਹੱਲ ਹਿੰਸਾ ਹੈ।

ਅਜਿਹਾ ਹੱਲ ਇਹ ਇਦੋਂ ਕਰਦਾ ਹੈ ਜਦੋਂ ਉਹ ਸਕੂਲ ਵਿੱਚ ਹੀ ਪੜ੍ਹਦਾ ਹੈ। ਉਸ ਦੀ ਭੈਣ ਨੂੰ ਕਾਲਜ ਦੇ ਕੁਝ ਮੁੰਡੇ ਤੰਗ-ਪਰੇਸ਼ਾਨ ਕਰਦੇ ਹਨ।

ਜਦੋਂ ਰਣਬੀਰ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਭਰੀ ਕਲਾਸ ਵਿੱਚ ਵੱਡੀ ਭੈਣ ਨੂੰ ਲੈ ਕੇ ਪਹੁੰਚ ਜਾਂਦਾ। ਕਲਾਸ ਵਿੱਚ ਗੋਲੀਆਂ ਚਲਾਉਂਦਾ ਹੈ। ਬੜੇ ਮਾਣ ਨਾਲ ਕਹਿੰਦਾ ਹੈ, 'ਮੈਂ ਤੁਹਾਡੀ ਸੁਰੱਖਿਆ ਲਈ ਕੁਝ ਵੀ ਕਰ ਸਕਦਾ ਹਾਂ।'

ਵੱਡੀ ਭੈਣ ਦੀ ਹਿਫ਼ਾਜ਼ਤ ਛੋਟੇ ਭਰਾ ਦੇ ਹੱਥ ਵਿੱਚ ਹੈ। ਇਹ ਸਭ ਜਾਣ ਕੇ ਉਨ੍ਹਾਂ ਦੇ ਪਿਤਾ ਅਨਿਲ ਕਪੂਰ ਨੂੰ ਬਹੁਤ ਨਰਾਜ਼ ਹੁੰਦੇ ਹਨ।

ਫਿਰ ਉਹ ਆਪਣੇ ਪਿਤਾ ਨੂੰ ਕਹਿੰਦਾ ਹੈ, "ਅਜਿਹੀ ਜਾਇਦਾਦ ਦਾ ਕੀ ਫਾਇਦਾ ਜਦੋਂ ਮੈਂ ਆਪਣੀ ਭੈਣ ਦੀ ਹੀ ਰੱਖਿਆ ਨਹੀਂ ਕਰ ਸਕਦਾ। ਉਸ ਤੋਂ ਬਾਅਦ, ਉਸ ਨੇ ਹੀ ਪਰਿਵਾਰ ਦੀ ਰੱਖਿਆ ਕਰਨੀ ਹੈ। ਕਿਉਂ ? ਕਿਉਂਕਿ ਉਹ ਮਰਦ ਹੈ। ਬੇਸ਼ੱਕ ਹੀ ਉਮਰ ਵਿੱਚ ਛੋਟਾ ਹੈ।"

ਪਿੱਤਰਸੱਤਾ ਦੀ ਕਿਤਾਬ ਹੈ ਫਿਲਮ

ਜੇਕਰ ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਪਿੱਤਰਸੱਤਾ ਦੀਆਂ ਜੜ੍ਹਾਂ ਕਿਵੇਂ ਜੰਮੀਆਂ ਤਾਂ ਇਹ ਫ਼ਿਲਮ ਸਾਨੂੰ ਦੱਸਦੀ ਹੈ। ਪਿੱਤਰਸੱਤਾ ਕਿਵੇਂ ਕੰਮ ਕਰਦੀ ਹੈ, ਇਹ ਉਸ ਦਾ ਉਦਾਹਰਨ ਹੈ।

ਪਿਤਾ, ਪਿਤਾ ਅਤੇ ਪਿਤਾ… ਇਹ ਫਿਲਮ ਦੇ ਤਾਣੇ-ਬਾਣੇ ਵਿੱਚ ਸ਼ਾਮਲ ਹੈ।

ਫਿਲਮ ਦੇ ਸ਼ੁਰੂ ਤੋਂ ਹੀ ਬੇਟੇ ਦਾ ਆਪਣੇ ਪਿਤਾ ਲਈ ਪਿਆਰ ਨਜ਼ਰ ਆਉਂਦਾ ਹੈ। ਪਰ ਇਹ ਮੋਹ ਕਿਸੇ ਸਾਧਾਰਨ ਪਿਉ-ਪੁੱਤ ਦਾ ਪਿਆਰ ਨਹੀਂ ਹੈ।

ਉਹ ਆਪਣੇ ਪਿਤਾ ਵਰਗਾ ਬਣਨਾ ਚਾਹੁੰਦਾ ਹੈ। ਮਾਂ ਉਸ ਦੇ ਜੀਵਨ ਵਿੱਚ ਸੈਕੰਡਰੀ ਹੈ। ਉਹ ਆਪਣੇ ਪਿਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਉਹ ਆਪਣੇ ਪਿਤਾ ਦੀ ਬਰਸੀ 'ਤੇ ਤੋਹਫ਼ੇ ਵਜੋਂ ਆਪਣੇ ਲੰਬੇ ਵਾਲ ਕਟਵਾ ਲੈਂਦਾ ਹੈ।

ਉਹ ਬਗ਼ਾਵਤ ਕਰ ਘਰੋਂ ਨਿਕਲ ਜਾਂਦਾ ਹੈ, ਪਰ ਜਦੋਂ ਉਸ ਦੇ ਪਿਤਾ 'ਤੇ ਹਮਲਾ ਹੁੰਦਾ ਹੈ, ਤਾਂ ਉਹ ਬਦਲਾ ਲੈਣ ਲਈ ਵਿਦੇਸ਼ ਤੋਂ ਆ ਜਾਂਦਾ ਹੈ।

ਫਿਲਮ ਵਿਚ ਪਿਤਾ ਦੇ ਪਿਤਾ, ਉਸ ਦੇ ਭਰਾ, ਭਰਾਵਾਂ ਦੇ ਪੁੱਤਰ... ਯਾਨਿ ਕਿ ਪੁਰਸ਼ਾਂ ਦੀ ਸਰਗਰਮ ਦੁਨੀਆਂ ਹੈ। ਉਸ ਸੰਸਾਰ ਵਿੱਚ ਕਠਪੁਤਲੀਆਂ ਵਾਂਗ ਇਧਰ-ਉਧਰ ਔਰਤਾਂ ਹਨ।

ਇਸ ਬਰਾਬਰੀ ਨਾਲ ਔਰਤਾਂ ਦਾ ਕੁਝ ਨਹੀਂ ਹੋਣ ਵਾਲਾ

ਫਿਲਮ 'ਚ ਹੀਰੋਇਨ ਨੂੰ ਕਈ ਥਾਵਾਂ 'ਤੇ ਨਾਇਕ ਨਾਲ ਬਹਿਸ ਕਰਦਿਆਂ ਅਤੇ ਇਕ-ਦੋ ਥਾਵਾਂ 'ਤੇ ਥੱਪੜ ਮਾਰਦੇ ਵੀ ਦਿਖਾਇਆ ਗਿਆ ਹੈ। ਇਹ ਕਿਸ ਤਰ੍ਹਾਂ ਦੀ ਸਮਾਨਤਾ ਹੈ?

ਇਸ ਸਮਾਨਤਾ ਵਿਚ ਕੋਈ ਸਮਾਨਤਾ ਨਹੀਂ ਹੈ ਕਿਉਂਕਿ ਇਸ ਸਭ ਦੇ ਬਾਵਜੂਦ, ਉਹ ਆਖ਼ਰਕਾਰ ਉਸਦੇ ਕਾਬੂ ਵਿੱਚ ਹੀ ਰਹਿੰਦੀ ਹੈ।

ਇੱਕ ਥਾਂ ਹੀਰੋ ਕਹਿੰਦਾ ਹੈ, ਵਿਆਹ ਵਿੱਚ ਡਰ ਹੋਣਾ ਚਾਹੀਦਾ ਹੈ। ਪਕੜ ਰੱਖੋ। ਡਰ ਗਿਆ, ਸਭ ਗਿਆ।

ਇੱਕ ਵਾਰ ਜਦੋਂ ਹੀਰੋਇਨ ਆਪਣੀ ਮਰਜ਼ੀ ਦੇ ਗਾਊਨ ਵਰਗਾ ਪਹਿਰਾਵਾ ਪਹਿਨਦੀ ਹੈ, ਤਾਂ ਉਹ ਇਤਰਾਜ਼ ਕਰਦਾ ਹੈ।

ਪੂਰੀ ਫਿਲਮ ਵਿੱਚ ਹੀਰੋਇਨ ਜਾਂ ਤਾਂ ਸਲਵਾਰ ਸੂਟ ਜਾਂ ਸਾੜ੍ਹੀ ਵਿੱਚ ਹੈ। ਉਹ ਸੰਸਕਾਰੀ ਹੈ। ਧਾਰਮਿਕ ਰੀਤੀ ਰਿਵਾਜਾਂ ਦਾ ਪਾਲਣ ਕਰਦੀ ਹੈ।

ਅਲਫ਼ਾ ਮਰਦਾਨਗੀ ਅਤੇ ਸੈਕਸ

ਦਬੰਗ ਮਰਦਾਨਗੀ ਦਾ ਸੈਕਸ ਨਾਲ ਡੂੰਘਾ ਸਬੰਧ ਹੈ। ਉਹ ਸਰੀਰਕ ਸਬੰਧਾਂ ਨੂੰ ਲੈ ਕੇ ਬਹੁਤ ਚਿੰਤਤ ਰਹਿੰਦਾ ਹੈ। ਚਿੰਤਤ ਹੋਣ ਦੇ ਨਾਲ-ਨਾਲ ਉਹ ਇਹ ਵੀ ਦਿਖਾਉਣਾ ਚਾਹੁੰਦਾ ਹੈ ਕਿ ਉਹ ਜਿਨਸੀ ਸਬੰਧਾਂ ਵਿੱਚ ਕਿੰਨਾ ਸ਼ਕਤੀਸ਼ਾਲੀ ਹੈ।

ਉਸ ਦੀਆਂ ਜਿਨਸੀ ਇੱਛਾਵਾਂ ਕਿੰਨੀਆਂ ਮਜ਼ਬੂਤ ਹਨ ਅਤੇ ਉਹ ਇਸ ਕਿਰਿਆ ਵਿੱਚ ਕਿੰਨਾ ਮਜ਼ਬੂਤ ਹੈ।

ਇਹ ਗੱਲ ਇਸ ਫਿਲਮ 'ਚ ਕਈ ਪੱਧਰਾਂ 'ਤੇ ਵਾਰ-ਵਾਰ ਦੇਖਣ ਨੂੰ ਮਿਲਦੀ ਹੈ। ਜਿਨਸੀ ਸਬੰਧਾਂ ਵਿੱਚ ਪ੍ਰਦਰਸ਼ਨ ਦਾ ਵਿਸ਼ਾ ਵਾਰ-ਵਾਰ ਆਉਂਦਾ ਹੈ।

ਨਾਇਕ ਹੀ ਨਹੀਂ, ਸਗੋਂ ਖ਼ਲਨਾਇਕ ਵੀ ਜਦੋਂ ਮਨ ਕਰਦਾ ਹੈ ਅਤੇ ਜਿੱਥੇ ਮਨ ਕਰਦਾ ਹੈ ਜਿਨਸੀ ਸਬੰਧ ਬਣਾ ਲੈਂਦਾ ਹੈ। ਇੰਨਾ ਹੀ ਨਹੀਂ ਉਸ ਦੇ ਵਿਆਹ ਤੋਂ ਬਾਹਰ ਵੀ ਰਿਸ਼ਤੇ ਬਣਾਉਂਦਾ ਹੈ। ਉਹ ਉਨ੍ਹਾਂ ਦੇ ਸਰੀਰ 'ਤੇ ਦਿੱਤੇ ਗਏ ਨਿਸ਼ਾਨਾਂ ਨੂੰ ਮਾਣ ਨਾਲ ਦਿਖਾਉਂਦਾ ਹੈ।

ਉਸ ਲਈ, ਇਹ ਅਲਫ਼ਾ ਮਰਦ ਹੋਣ ਦੀ ਨਿਸ਼ਾਨੀ ਹੈ। ਇਸ ਦੇ ਉਲਟ, ਔਰਤਾਂ ਬੇਜਾਨ ਦਿਖਾਈ ਦਿੰਦੀਆਂ ਹਨ। ਉਹ ਵੱਸ ਵਿੱਚ ਹਨ, ਜੋ ਕਰਨਾ ਹੈ, ਮਰਦ ਨੇ ਹੀ ਕਰਨਾ ਹੈ। ਫਿਲਮ ਦਾ ਇੱਕ ਪ੍ਰਭਾਵਸ਼ਾਲੀ ਟੋਨ ਇਹ ਦਬੰਗ ਮਰਦਾਨਾ ਸੈਕਸ ਵੀ ਹੈ।

ਦੁਸ਼ਮਣ ਧਰਮ ਬਦਲ ਲੈਂਦਾ ਹੈ

ਜਿਸ ਪਰਿਵਾਰ ਵਿੱਚ ਰਣਬੀਰ ਕਪੂਰ ਦਾ ਜਨਮ ਹੋਇਆ ਸੀ। ਉਹ ਕਾਫੀ ਅਮੀਰ ਹੈ। ਪਿਤਾ ਅਨਿਲ ਕਪੂਰ ਦਾ ਸਟੀਲ ਦਾ ਕਾਰੋਬਾਰ ਹੈ। ਕੰਪਨੀ ਦਾ ਨਾਂ ਸਵਾਸਤਿਕ ਹੈ। ਤਾਕਤ, ਤਰੱਕੀ, ਜਿੱਤ ਇਸ ਦਾ ਫਾਰਮੂਲਾ ਹੈ।

ਇਹ ਇੱਕ ਵੱਡਾ ਸਾਂਝਾ ਪਰਿਵਾਰ ਹੈ। ਕਈ ਸਾਲ ਪਹਿਲਾਂ ਜਾਇਦਾਦ ਦੇ ਝਗੜੇ ਕਾਰਨ ਪਰਿਵਾਰ ਦਾ ਇੱਕ ਭਰਾ ਵੱਖ ਹੋ ਗਿਆ ਸੀ। ਜੇ ਉਹ ਸਿਰਫ਼ ਵੱਖਰਾ ਹੁੰਦਾ, ਤਾਂ ਇਹ ਕਹਾਣੀ ਆਮ ਹੋਣੀ ਸੀ।

ਉਹ ਵਿਦੇਸ਼ ਜਾ ਕੇ ਮੁਸਲਮਾਨ ਬਣ ਜਾਂਦਾ ਹੈ। ਦੁਸ਼ਮਣ ਧਰਮ ਬਦਲਦਾ ਹੈ ਜਾਂ ਦੂਜੇ ਧਰਮ ਵਾਲੇ ਦੁਸ਼ਮਣ ਹੁੰਦੇ ਹਨ!

ਹੁਣ ਜਦੋਂ ਉਹ ਮੁਸਲਮਾਨ ਬਣ ਗਿਆ ਹੈ ਤਾਂ ਫਿਲਮ ਦੱਸਦੀ ਹੈ ਕਿ ਉਸ ਦੀਆਂ ਕਈ ਪਤਨੀਆਂ ਅਤੇ ਕਈ ਬੱਚੇ ਹਨ।

ਇੰਨਾ ਹੀ ਨਹੀਂ ਉਸ ਦੇ ਬੇਟੇ ਦੀਆਂ ਵੀ ਤਿੰਨ ਪਤਨੀਆਂ ਹਨ। ਕੁਝ ਖ਼ਿਆਲ ਆਇਆ? ਕੁਝ ਨਫ਼ਰਤੀ ਨਾਅਰੇ ਯਾਦ ਆਏ?

ਜਿਵੇਂ- ਅਸੀਂ ਪੰਜ, ਸਾਡੇ ਪੰਜੀ! ਇਹ ਪਰਿਵਾਰ ਜੋ ਮੁਸਲਮਾਨ ਬਣ ਗਿਆ ਹੈ, ਉਹੀ ਸਵਾਸਤਿਕ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਹ ਦੂਜਿਆਂ ਲਈ ਖ਼ਤਰਾ ਹੈ। ਉਹ ਜ਼ਾਲਮ ਹੈ।

ਇਸ ਨੂੰ ਖਤਮ ਕਰਨ ਲਈ ਸਾਂਝੇ ਪਰਿਵਾਰ ਦੇ ਬਾਕੀ ਮੈਂਬਰ ਇਕੱਠੇ ਹੋ ਜਾਂਦੇ ਹਨ। ਉਹ ਪਰਿਵਾਰ ਦੇ ਇੱਕ ਵੱਡੇ ਮੁਸਲਮਾਨ ਦੁਸ਼ਮਣ ਨੂੰ ਖ਼ਤਮ ਕਰਦੇ ਹਨ।

ਪਰ ਇਸ ਦੁਸ਼ਮਣ ਦਾ ਖ਼ਤਰਾ ਕਾਇਮ ਰਹਿੰਦਾ ਹੈ। ਫਿਲਹਾਲ, ਸਵਾਸਤਿਕ ਨੂੰ ਇਸ ਤਰ੍ਹਾਂ ਬਚਾਇਆ ਗਿਆ ਹੈ। ਇਸ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਬਚਾਇਆ ਜਾ ਸਕਦਾ ਹੈ।

ਕੀ ਇਹ ਵੀ ਸਾਡੇ ਸਮਾਜ ਬਾਰੇ ਵੀ ਕੁਝ ਦੱਸ ਰਿਹਾ?

ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਜੋਕੇ ਸਮੇਂ ਵਿੱਚ ਇਹ ਫ਼ਿਲਮ ਇੰਨੀ ਮਸ਼ਹੂਰ ਕਿਵੇਂ ਹੋ ਰਹੀ ਹੈ? ਫਿਲਮ ਦੇ ਦਰਸ਼ਕਾਂ ਵਿੱਚ ਕੁੜੀਆਂ ਅਤੇ ਔਰਤਾਂ ਦਾ ਵੀ ਇੱਕ ਵੱਡਾ ਵਰਗ ਹੈ, ਉਹ ਅਜਿਹੀ ਮਰਦਾਨਗੀ ਕਿਵੇਂ ਦੇਖ ਰਹੀਆਂ ਹਨ?

ਫਿਲਮ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਇਹ ਲੋਕਾਂ ਦੇ ਦਿਲੋਂ-ਦਿਮਾਗ਼ 'ਤੇ ਅਸਰ ਪਾਉਂਦੀ ਹੈ। ਇਹ ਸਮਾਜ ਦਾ ਸ਼ੀਸ਼ਾ ਵੀ ਹੈ ਅਤੇ ਇਹ ਦੱਸਣ ਦਾ ਮਾਧਿਅਮ ਵੀ ਹੈ ਕਿ ਕਿਸ ਤਰ੍ਹਾਂ ਦਾ ਸਮਾਜ ਸਿਰਜਣਾ ਚਾਹੁੰਦੇ ਹਾਂ।

ਸਾਡਾ ਦੇਸ਼ ਅਤੇ ਸਮਾਜ ਇਸ ਸਮੇਂ ਦਬਦਬੇ ਵਾਲੀ ਮਰਦਾਨਗੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ।

ਇਸ ਦਬਦਬੇ ਅਤੇ ਡਰਾਉਣੀ ਮਰਦਾਨਗੀ ਦਾ ਪ੍ਰਭਾਵ ਕੌਮ, ਧਰਮ, ਸਮਾਜ, ਸੱਭਿਆਚਾਰ ਵਿੱਚ ਦੇਖਿਆ ਜਾ ਸਕਦਾ ਹੈ।

ਇਸ ਵਿੱਚ ਔਰਤਾਂ ਅਤੇ ਔਰਤਾਂ ਦੀ ਜ਼ਿੰਦਗੀ ਅਛੂਤੀ ਨਹੀਂ ਰਹਿੰਦੀ ਹੈ।

ਇਸ ਫਿਲਮ 'ਤੇ ਚਰਚਾ ਕਿਉਂ ਜ਼ਰੂਰੀ ਹੈ

ਦਰਅਸਲ, ਇਸ ਹਿੱਟ ਫਿਲਮ 'ਤੇ ਚਰਚਾ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਅਜਿਹੀਆਂ ਫਿਲਮਾਂ ਆਮ ਤੌਰ 'ਤੇ ਬਹਿਸ ਛੇੜ ਦਿੰਦੀਆਂ ਹਨ। ਇਹ ਬਹਿਸ ਇਸ ਗੱਲ 'ਤੇ ਹੈ ਕਿ ਔਰਤਾਂ ਨੂੰ ਕਿੰਨੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਮਰਦ ਕਿਹੋ ਜਿਹਾ ਹੋਣਾ ਚਾਹੀਦਾ ਹੈ।

ਇਸ ਨਾਲ ਜੁੜਿਆ ਮੁੱਦਾ ਇਹ ਹੈ ਕਿ ਅਜਿਹੀਆਂ ਫਿਲਮਾਂ ਕਿਸ ਤਰ੍ਹਾਂ ਦੇ ਸਮਾਜ ਦੀ ਕਲਪਨਾ ਕਰਦੀਆਂ ਹਨ।

ਐਨੀਮਲ ਨਾਮ ਦੀ ਇਹ ਫਿਲਮ ਜਿਸ ਤਰ੍ਹਾਂ ਦੇ ਅਲਫ਼ਾ ਮਰਦ ਦੀ ਵਕਾਲਤ ਕਰਦੀ ਹੈ, ਉਹ ਮਰਦਾਂ ਨੂੰ ਇੱਕ ਖ਼ਾਸ ਦਬੰਗੀ ਢਾਂਚੇ ਵਿੱਚ ਕੈਦ ਕਰਦਾ ਹੈ।

ਇਹੀ ਨਹੀਂ, ਅਲਫ਼ਾ ਮਰਦ ਔਰਤਾਂ ਨੂੰ ਵੀ ਇੱਕ ਖ਼ਾਸ ਭੂਮਿਕਾ ਵਿੱਚ ਕੈਦ ਕਰ ਕੇ ਰੱਖਦਾ ਹੈ। ਉਹ ਅਜ਼ਾਦੀ ਦਿੰਦਾ ਹੈ ਪਰ ਔਰਤ ਦੀ ਅਜ਼ਾਦੀ ਦੀ ਡੋਰ ਉਸੇ ਦੇ ਹੱਥ ਵਿੱਚ ਹੁੰਦੀ ਹੈ।

ਮੁੰਡਿਆਂ ਕੋਲੋਂ ਅਧੁਨਿਕ ਤਾਲੀਮ ਹੈ ਤਾਂ ਹੈ, ਪਰ ਉਨ੍ਹਾਂ ਦੀ ਪ੍ਰਾਥਮਿਕ ਜ਼ਿੰਮੇਵਾਰੀ ਕੀ ਹੈ, ਇਹ ਅਲਫ਼ਾ ਮਰਦ ਤੈਅ ਕਰ ਰਹੇ ਹਨ। ਬੇਸ਼ੱਕ ਮਾਂ ਹੋਵੇ ਜਾਂ ਭੈਣਾਂ, ਜਾਂ ਫਿਰ ਪਤਨੀ, ਉਹ ਪਾਲਣ-ਪੋਸ਼ਣ ਅਤੇ ਘਰ ਦੇ ਲੋਕਾਂ ਦੀ ਦੇਖਭਾਲ ਦਾ ਕੰਮ ਕਰਨਗੀਆਂ।

ਉਹ ਕੀ ਪਹਿਨਣਗੀਆਂ, ਕੀ ਪੀਣਗੀਆਂ, ਇਹ ਇਹ ਤੈਅ ਨਹੀਂ ਕਰਨਗੀਆਂ। ਉਨ੍ਹਾਂ ਦੀ ਹਿਫ਼ਾਜ਼ਤ ਦੀ ਜ਼ਿੰਮੇਵਾਰੀ ਸਦੀਆਂ ਪਹਿਲਾਂ ਵੀ ਮਰਦ ਦੇ ਹੱਥਾਂ ਵਿੱਚ ਸੀ ਤੇ ਅੱਜ ਵੀ ਹੈ। ਪਰ ਖ਼ਿਆਲ ਰਹੇ ਕਿ ਮਰਦ ਆਮ ਮਰਦ ਨਹੀਂ ਹੈ।

ਇਹ ਅਲਫ਼ਾ ਹੈ। ਦਬੰਗ ਹੈ। ਸਰੀਰਕ ਤੌਰ 'ਤੇ ਤਾਕਤਵਰ ਹੈ। ਬਦਲਾ ਲੈਣ ਵਾਲੇ। ਖ਼ੂਨ ਨਾਲ ਖੇਡਣ ਵਾਲੇ।

ਜੋ ਮਰਦ ਅਜਿਹੇ ਨਹੀਂ ਹਨ, ਫਿਲਮ ਮੁਤਾਬਕ ਉਹ ਕਮਜ਼ੋਰ ਹਨ ਅਤੇ ਕਵਿਤਾ ਕਰਨਾ ਵਾਲੇ ਲੋਕ ਹਨ। ਇਹੀ ਖ਼ਤਰਨਾਕ ਵਿਚਾਰ ਹੈ। ਸਮਾਜ ਵਿੱਚ ਜ਼ਿਆਦਾਤਰ ਮਰਦ ਅਜਿਹੇ ਨਹੀਂ ਹਨ।

ਅਲਫ਼ਾ ਪੈਦਾ ਨਹੀਂ ਹੁੰਦੇ, ਅਲਫ਼ਾ ਬਣਾਏ ਜਾਂਦੇ ਹਨ। ਅਲਫ਼ਾ ਦਾ ਬਣਨਾ ਔਰਤਾਂ ਅਤੇ ਸਮਾਜ ਲਈ ਨੁਕਸਾਨਦਾਇਕ ਤੇ ਖ਼ਤਰਨਾਕ ਹੈ।

ਇੱਕ ਫਿਲਮ ਕਈ ਪੱਧਰਾਂ 'ਤੇ ਗੱਲ ਕਹਿ ਰਹੀ ਹੁੰਦੀ ਹੈ। ਇਸ ਲਈ ਇਸ ਫਿਲਮ ਵਿੱਚ ਅਨੇਕਾਂ ਅਜਿਹੀਆਂ ਗੱਲਾਂ ਹਨ, ਜਿਨ੍ਹਾਂ 'ਤੇ ਵਿਸਥਾਰ ਨਾਲ ਚਰਚਾ ਸੰਭਵ ਹੈ।

ਇਸ ਤੋਂ ਇਲਾਵਾ ਅਖ਼ੀਰ ਵਿੱਚ ਇਨਸਾਨ ਨੂੰ 'ਐਨੀਮਲ' ਯਾਨਿ ਜਾਨਵਰ ਕਿਉਂ ਕਿਹਾ ਜਾਵੇ? ਵੈਸੇ, ਕਿਸ ਤਰ੍ਹਾਂ ਦੇ ਇਨਸਾਨਾਂ ਨੂੰ ਜਾਨਵਰ ਕਿਹਾ ਜਾਵੇਗਾ?

ਜੇਕਰ ਅਜਿਹੇ ਇਨਸਾਨਾਂ ਦੇ ਗੁਣਾਂ ਦੀ ਫਹਿਰਿਸਤ ਬਣਾਈ ਜਾਵੇ ਤਾਂ ਉਹ ਸੂਚੀ ਕਿਸ ਤਰ੍ਹਾਂ ਦੀ ਬਣੇਗੀ?

ਉਸੇ ਫਹਿਰਿਸਤ ਨੂੰ ਦੇਖ ਕੇ ਐਨੀਮਲ ਸਮੂਹ ਦਾ ਇੱਕ ਤਬਕਾ ਕਿਤੇ ਇਤਰਾਜ਼ ਕਰ ਦੇਵੇ ਤਾਂ ਕੀ ਹੋਵੇਗਾ?

ਕੀ ਇਹ ਤੁਲਨਾ ਵਾਕਈ ਪਸ਼ੂ ਅਧਿਕਾਰ ਦੇ ਦਾਇਰੇ ਵਿੱਚ ਸਹੀ ਹੋਵੇਗੀ?

ਇਹੀ ਨਹੀਂ, ਜਿਸ ਨੂੰ ਐਨੀਮਲ ਕਿਹਾ ਜਾ ਰਿਹਾ ਹੈ, ਇਹ ਫਿਲਮ ਉਸੇ ਐਨੀਮਲ ਪ੍ਰਤੀ ਆਕਰਸ਼ਕ ਪੈਦਾ ਕਰਨ ਲਈ ਹੈ। ਐਨੀਮਲ ਹੀ ਹੀਰੋ ਹੈ।

ਯਾਨਿ ਜੇਕਰ ਅਜਿਹੇ ਦਬੰਗ ਅਤੇ ਜ਼ਹਿਰੀਲੀ ਮਰਦਾਨਗ਼ੀ ਵਾਲੇ ਵਿਹਾਰ ਨੂੰ ਕੋਈ ਐਨੀਮਲ ਕਹੀਏ ਤਾਂ ਇਹ ਗੱਲ ਤਾਰੀਫ਼ ਦੀ ਮੰਨੀ ਜਾਵੇ ਨਾ ਕਿ ਆਲੋਚਨਾ ਦੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)