ਐਨੀਮਲ : ਅਰਜਨ ਵੈਲੀ ਕੌਣ ਸੀ, ਜਿਸ ਦੇ ਕਿੱਸੇ ਨੇ ਲੋਕ ਬੋਲੀਆਂ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਤੈਅ ਕੀਤਾ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਸਹਿਯੋਗੀ

'ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ', ਪੰਜਾਬੀ ਲੋਕ ਬੋਲੀ ਦੇ ਇਹ ਬੋਲ ਜਦੋਂ ਢੋਲ ਦੀ ਥਾਪ 'ਤੇ ਗੂੰਜਦੇ ਹਨ ਤਾਂ ਪੰਜਾਬੀਆਂ ਦੇ ਪੈਰ ਮੱਲੋ-ਜ਼ੋਰੀ ਥਿਰਕਣ ਲਗਦੇ ਹਨ।

ਪੰਜਾਬ ਨਾਲ ਸਬੰਧਤ ਅਰਜਨ ਵੈਲੀ ਦਾ ਨਾਮ ਅਦਾਕਾਰ ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ 1 ਦਸੰਬਰ ਨੂੰ ਰਿਲੀਜ਼ ਹੋਈ ਫ਼ਿਲਮ 'ਐਨੀਮਲ' ਦੇ ਇੱਕ ਗਾਣੇ ਕਾਰਨ ਚਰਚਾ ਵਿੱਚ ਆਇਆ ਹੈ।

ਗਾਇਕ ਭੁਪਿੰਦਰ ਬੱਬਲ ਦੇ ਗਾਏ ਇਸ ਗੀਤ ਨੇ ਅਰਜਨ ਵੈਲੀ ਨੂੰ ਲੋਕ ਚੇਤਿਆਂ ਵਿੱਚ ਮੁੜ ਲਿਆ ਦਿੱਤਾ ਅਤੇ ਨਾਲ ਹੀ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਇਹ ਅਰਜਨ ਵੈਲੀ ਕੌਣ ਸੀ ?

ਦਿਲਚਸਪ ਗੱਲ ਇਹ ਹੈ ਕਿ ਜਿਵੇਂ ਹੀ ਅਰਜਨ ਵੈਲੀ ਦਾ ਨਾਂ ਲੋਕਾਂ ਦੀ ਜੁਬਾਨ 'ਤੇ ਆਇਆ ਤਾਂ ਦੋ ਧਿਰਾਂ ਨੇ ਦਾਅਵਾ ਠੋਕ ਦਿੱਤਾ ਕਿ ਅਰਜਨ ਵੈਲੀ ਉਨ੍ਹਾਂ ਦੀ ਕੁਲ ਵਿੱਚੋਂ ਸਨ।

ਇਸ ਤੋਂ ਪਹਿਲਾਂ ਵੀ 1982 ਵਿੱਚ ਬਣੀ ਪੰਜਾਬੀ ਫ਼ਿਲਮ 'ਪੁੱਤ ਜੱਟਾਂ ਦੇ' ਵਿੱਚ ਇੱਕ ਗੀਤ ਵਿੱਚ ਅਰਜਨ ਵੈਲੀ ਦਾ ਜ਼ਿਕਰ ਹੋਇਆ ਸੀ।

ਬੀਬੀਸੀ ਨੇ ਅਰਜਨ ਵੈਲੀ ਬਾਰੇ ਮੌਜੂਦ ਤੱਥਾਂ ਦਾ ਸੱਚ ਜਾਣਨ ਦੀ ਕੋਸ਼ਿਸ਼ ਕੀਤੀ।

'ਬਾਗ਼ੀ' ਅਰਜਨ ਵੈਲੀ

ਅਰਜਨ ਵੈਲੀ ਬਾਰੇ ਕੀਤੇ ਜਾਂਦੇ ਪਹਿਲੇ ਦਾਅਵੇ ਮੁਤਬਾਕ ਅਰਜਨ ਜ਼ਿਲ੍ਹਾ ਮੋਗਾ ’ਚ ਪੈਂਦੇ ਪਿੰਡ ਦੌਧਰ ਨਾਲ ਸਬੰਧਤ ਸਨ।

ਅਰਜਨ ਵੈਲੀ ਆਪਣੇ ਵੱਡੇ ਭਰਾ ਬਚਨ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ ਬਾਗ਼ੀ ਹੋ ਗਏ ਸਨ।

ਪਿੰਡ ਦੌਧਰ ਦੇ ਲੰਮਾ ਸਮਾਂ ਸਰਪੰਚ ਰਹੇ ਜਗਰਾਜ ਸਿੰਘ ਦੌਧਰ ਨੇ ਦੱਸਿਆ ਕਿ ਭਾਰਤ ਵਿੱਚ ਅੰਗਰੇਜਾਂ ਦੇ ਰਾਜ ਸਮੇਂ ਇੱਕ ਕਥਿਤ ਪੁਲਿਸ ਮੁਕਾਬਲੇ ਵਿੱਚ ਅਰਜਨ ਵੈਲੀ ਨੂੰ ਉਸ ਦੇ ਇੱਕ ਸਾਥੀ ਰੂਪ ਸਿੰਘ ਨਾਲ ਮਾਰ ਦਿੱਤਾ ਗਿਆ ਸੀ।

ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਅਰਜਨ ਵੈਲੀ ਸਿੱਧੂ ਖਾਨਦਾਨ ਨਾਲ ਸਬੰਧਤ ਸ਼ੋਭਾ ਸਿੰਘ ਅਤੇ ਚੰਦਾ ਸਿੰਘ ਦੀ ਔਲਾਦ ਵਿੱਚੋਂ ਸਨ।

ਅਰਜਨ ਵੈਲੀ ਦੇ ਵਾਰਸਾਂ ਨੇ ਉਨ੍ਹਾਂ ਦੀ ਯਾਦ ਵਿੱਚ ਇੱਕ ਸਮਾਧ ਵੀ ਬਣਾਈ ਹੋਈ ਹੈ।

ਅਰਜਨ ਵੈਲੀ ਦਾ ਘਰ ਛੱਡਣਾ

ਪਿੰਡ ਦੇ ਨੰਬਰਦਾਰ ਜੈ ਸਿੰਘ 82 ਸਾਲਾਂ ਦੇ ਹਨ। ਉਹ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹਨ, ਜਦੋਂ ਉਨਾਂ ਦੇ ਪਿਤਾ ਤੇ ਦਾਦਾ ਘਰ ਵਿੱਚ ਅਰਜਨ ਵੈਲੀ ਦੀ ਗੱਲ ਕਰਦੇ ਹੁੰਦੇ ਸਨ।

ਉਹ ਕਹਿੰਦੇ ਹਨ, "ਪਿੰਡ ਵਿੱਚ ਬਰਾਤ ਆਈ ਹੋਈ ਸੀ। ਅਰਜਨ ਵੈਲੀ ਦੇ ਪਰਿਵਾਰ ਦੀ ਪਿੰਡ ਵਿੱਚ ਹੀ ਸ਼ਰੀਕਾਂ ਨਾਲ ਕਿਸੇ ਮਾਮਲੇ ਨੂੰ ਲੈ ਕੇ ਖਹਿਬਾਜ਼ੀ ਚੱਲ ਰਹੀ ਸੀ। ਇਹ ਖਹਿਬਾਜ਼ੀ ਕਾਰਨ ਵਿਆਹ ਵਿੱਚ ਲੜਾਈ ਹੋ ਗਈ ਅਤੇ ਅਰਜਨ ਵੈਲੀ ਦਾ ਵੱਡਾ ਭਰਾ ਬਚਨ ਸਿੰਘ ਪਿਸਤੌਲ ਦੀ ਗੋਲੀ ਲੱਗਣ ਨਾਲ ਮਾਰਿਆ ਗਿਆ ਸੀ।"

"ਬੱਸ ਇਸ ਘਟਨਾ ਤੋਂ ਬਾਅਦ ਹੀ ਅਰਜਨ ਵੈਲੀ ਨੇ ਘਰ ਛੱਡਣ ਦਾ ਫ਼ੈਸਲਾ ਲਿਆ। ਉਹ ਬਹੁਤ ਦਲੇਰ ਬੰਦਾ ਸੀ।"

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਅਰਜਨ ਵੈਲੀ ਭਗੌੜਾ ਹੋਏ ਸਨ ਤਾਂ ਉਸ ਵੇਲੇ ਪਿੰਡ ਵਿੱਚ ਪੁਲਿਸ ਦੀ ਚੌਂਕੀ ਬਿਠਾ ਦਿੱਤੀ ਗਈ ਸੀ।

ਸਾਬਕਾ ਸਰਪੰਚ ਜਗਰਾਜ ਸਿੰਘ ਦੌਧਰ ਦੱਸਦੇ ਹਨ, "ਅਰਜਨ ਵੈਲੀ ਉਨ੍ਹਾਂ ਦੇ ਖਾਨਦਾਨ ਵਿੱਚੋਂ ਸਨ। ਜਦੋਂ ਬਰਾਤ ਦੀ ਲੜਾਈ ਹੋਈ ਸੀ ਤਾਂ ਅਰਜਨ ਵੈਲੀ ਦਾ ਧੜਾ ਗੰਡਾਸਿਆਂ ਤੇ ਡਾਂਗਾਂ ਨਾਲ ਲੜਿਆ ਸੀ। ਬਾਬੇ ਅਰਜਨ ਬਾਰੇ ਮਸ਼ਹੂਰ ਸੀ ਕਿ ਉਹ ਧਰਤੀ 'ਤੇ ਪੈਰ ਗੱਡ ਕਿ ਪੂਰੇ ਜ਼ੋਰ ਨਾਲ ਗੰਡਾਸੀ ਦਾ ਵਾਰ ਕਰਦਾ ਸੀ।"

ਉਹ ਕਹਿੰਦੇ ਹਨ, "ਇੱਥੋਂ ਹੀ ਲੋਕ ਬੋਲੀ 'ਅਰਜਨ ਵੈਲੀ ਨੇ ਪੈਰ ਗੱਡ ਕੇ ਜਾਂ ਪੈਰ ਜੋੜ ਕੇ ਗੰਡਾਸੀ ਮਾਰੀ' ਦਾ ਮੁੱਢ ਬੱਝਾ ਸੀ।"

ਆਪਣੀ ਗੱਲ ਨੂੰ ਅੱਗੇ ਤੋਰਦੇ ਹੋਏ ਉਹ ਕਹਿੰਦੇ ਹਨ, "ਸਾਡਾ ਬਾਬਾ ਅਰਜਨ ਸਰੀਰਕ ਤੋਂ 'ਤੇ ਤਕੜਾ ਅਤੇ ਦਿਮਾਗੀ ਤੌਰ 'ਤੇ ਵੀ ਬਹੁਤ ਤੇਜ਼ ਸੀ।"

ਪਿੰਡ ਵਾਲੇ ਮਾਣ ਮਹਿਸੂਸ ਕਰਦੇ ਹਨ

ਉਂਝ, ਅਰਜਨ ਵੈਲੀ ਦੇ ਪਰਿਵਾਰ ਤੋਂ ਇਲਾਵਾ ਪਿੰਡ ਦੇ ਆਮ ਲੋਕ ਵੀ ਅਰਜਨ ਵੈਲੀ ਦਾ ਨਾਂ 'ਐਨੀਮਲ' ਫ਼ਿਲਮ ਵਿੱਚ ਆਉਣ ਤੋਂ ਖੁਸ਼ ਹਨ।

ਬਲਵਿੰਦਰ ਸਿੰਘ ਕਹਿੰਦੇ ਹਨ ਕਿ ਅਰਜਨ ਵੈਲੀ ਉਨ੍ਹਾਂ ਦੇ ਤਾਇਆ ਲੱਗਦੇ ਹਨ।

ਉਹ ਕਹਿੰਦੇ ਹਨ, "ਮੇਰੇ ਤਾਇਆ ਜੀ ਦਾ ਨਾਂ ਫ਼ਿਲਮ ਵਿੱਚ ਆਉਣ ਦੀ ਗੱਲ ਸੁਣ ਕੇ ਅਸੀਂ ਬਾਗੋ-ਬਾਗ ਹਾਂ। ਲੋਕ ਉਨ੍ਹਾਂ ਦੇ ਜੀਵਨ ਬਾਰੇ ਜਾਨਣ ਲਈ ਸਾਡੇ ਘਰ ਆ ਰਹੇ ਹਨ।"

"ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਸੀ ਕਿ ਅੰਗਰੇਜ਼ ਹਕੂਮਤ ਸਮੇਂ ਉਨਾਂ ਦੇ ਘਰ ਨੂੰ ਦੋ ਵਾਰ ਢਾਹ ਦਿੱਤਾ ਗਿਆ ਸੀ। ਹਾਂ, ਅਰਜਨ ਵੈਲੀ ਦੀ ਜਿਹੜੀ ਸਭ ਤੋਂ ਖ਼ਾਸ ਗੱਲ ਸੀ, ਉਹ ਇਲਾਕੇ ਦੀਆਂ ਧੀਆਂ-ਭੈਣਾਂ ਦੀ ਇੱਜਤ ਦੀ ਰਾਖੀ ਕਰਦੇ ਸਨ।"

ਅਰਜਨ ਵੈਲੀ ਬਾਰੇ ਇਹ ਵੀ ਪ੍ਰਸਿੱਧ ਹੋ ਗਿਆ ਸੀ ਕਿ ਉਹ ਗਰੀਬ ਲੋਕਾਂ ਦੀਆਂ ਧੀਆਂ ਦੇ ਵਿਆਹ ਸਮੇਂ ਪੈਸਿਆਂ ਦੀ ਮਦਦ ਕਰਦੇ ਸਨ।

ਬਲਵਿੰਦਰ ਸਿੰਘ ਮੁਤਾਬਕ ਅੰਗਰੇਜ ਹਕੂਮਤ ਉਨ੍ਹਾਂ ਦਿਨਾਂ ਵਿੱਚ ਡਾਕੂਆਂ ਤੇ ਵੈਲੀਆਂ ਨੂੰ ਮਾਰ-ਮੁਕਾਉਣ 'ਤੇ ਲੱਗੀ ਹੋਈ ਸੀ।

ਬਜ਼ੁਰਗਾਂ ਨੇ ਦੱਸਿਆ ਕਿ ਉਸ ਵੇਲੇ ਵੈਲੀ ਲੋਕਾਂ ਦਾ ਸਮਾਜ ਵਿੱਚ ਕਾਫ਼ੀ ਸਤਿਕਾਰ ਸੀ ਕਿਉਂਕਿ ਉਹ ਧਨਾਢ ਲੋਕਾਂ ਨੂੰ ਲੁੱਟਦੇ ਜ਼ਰੂਰ ਸਨ ਪਰ ਪੈਸੇ ਨੂੰ ਗਰੀਬ ਤੇ ਲੋੜਵੰਦ ਲੋਕਾਂ ਵਿੱਚ ਵੰਡ ਦਿੰਦੇ ਸਨ।

ਅਰਜਨ ਵੈਲੀ ਦੀ ਮੌਤ

ਪਿੰਡ ਦੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਉਹ ਅਰਜਨ ਵੈਲੀ ਦੇ ਕੁਨਬੇ ਵਿੱਚੋਂ ਹਨ।

ਉਨ੍ਹਾਂ ਦੱਸਿਆ ਕਿ ਅੰਗਰੇਜਾਂ ਦੀ ਪੁਲਿਸ ਨੇ ਥਾਂ-ਥਾਂ 'ਤੇ ਆਪਣੇ ਮੁਖਬਰ ਅਰਜਨ ਵੈਲੀ ਨੂੰ ਮਰਵਾਉਣ ਲਈ ਸਰਗਰਮ ਕਰ ਦਿੱਤੇ ਸਨ।

ਉਹ ਕਹਿੰਦੇ ਹਨ, "ਫਿਰ ਇੱਕ ਸਾਜਸ਼ ਘੜੀ ਗਈ। ਅਰਜਨ ਵੈਲੀ ਤੇ ਉਨ੍ਹਾਂ ਦਾ ਸਾਥੀ ਰੂਪ ਸਿੰਘ ਪਿੰਡ ਡੱਲਾ ਨੇੜੇ ਇੱਕ ਝਿੜੀ ਵਿੱਚ ਰਾਤ ਕੱਟਣ ਲਈ ਰੁਕੇ ਹੋਏ ਸਨ।”

“ਕਿਸੇ ਢੰਗ ਨਾਲ ਇੱਕ ਮੁਖਬਰ ਇਨ੍ਹਾਂ ਦੋਵਾਂ ਨੂੰ ਸ਼ਰਾਬ ਵਿੱਚ ਜ਼ਹਿਰ ਮਿਲਾਉਣ ਵਿੱਚ ਸਫਲ ਹੋ ਗਿਆ ਸੀ। ਆਪਣੀ ਮੌਤ ਨੂੰ ਦੇਖਦੇ ਹੋਏ ਦੋਵਾਂ ਨੇ ਇੱਕ ਦੂਜੇ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ ਸੀ।"

ਜਗਰਾਜ ਸਿੰਘ ਦੌਧਰ ਕਹਿੰਦੇ ਹਨ, "ਜਦੋਂ ਇਹ ਸੂਚਨਾ ਪੁਲਿਸ ਕੋਲ ਪਹੁੰਚੀ ਤਾਂ ਪੁਲਿਸ ਨੇ ਝਿੜੀ ਨੂੰ ਘੇਰ ਲਿਆ। ਫਿਰ ਗੋਲੀਆਂ ਚਲਾ ਕੇ ਇਸ ਨੂੰ ਅਰਜਨ ਵੈਲੀ ਤੇ ਉਨਾਂ ਦੇ ਸਾਥੀ ਦਾ ਪੁਲਿਸ ਨਾਲ ਮੁਕਾਬਲਾ ਦੱਸਣ ਦੀ ਕੋਸ਼ਿਸ਼ ਕੀਤੀ।"

"ਇਸ ਮਗਰੋਂ ਆਸ-ਪਾਸ ਦੇ ਪਿੰਡਾਂ ਵਿੱਚ ਡਾਉਂਡੀ ਪਿੱਟ ਕੇ ਲੋਕਾਂ ਨੂੰ ਇਕੱਠਾ ਕੀਤਾ ਗਿਆ। ਅਰਜਨ ਵੈਲੀ ਦੀ ਲਾਸ਼ 'ਤੇ ਭੰਗੜੇ ਪਾਏ ਗਏ ਸਨ। ਪੁਲਿਸ ਨੇ ਅਜਿਹਾ ਅੰਗਰੇਜ਼ ਸਰਕਾਰ ਵੱਲੋਂ ਅਰਜਨ ਵੈਲੀ ਦੇ ਸਿਰ 'ਤੇ ਰੱਖੇ ਇਨਾਮ ਨੂੰ ਹਾਸਲ ਕਰਨ ਲਈ ਕੀਤਾ ਗਿਆ ਸੀ।"

ਉਹ ਕਹਿੰਦੇ ਹਨ, "ਪਰ ਪੁਲਿਸ ਦੀ ਇਹ ਚਾਲ ਸਫਲ ਨਹੀਂ ਹੋ ਸਕੀ ਸੀ ਕਿਉਂਕਿ ਜਦੋਂ ਫਿਰੋਜ਼ਪੁਰ ਵਿੱਚ ਕੀਤੇ ਗਏ ਪੋਸਟਮਾਰਟਮ ਦੀ ਰਿਪੋਰਟ ਆਈ ਤਾਂ ਉਸ ਵਿੱਚ ਸਾ਼ਫ ਹੋ ਗਿਆ ਸੀ ਕਿ ਅਰਜਨ ਵੈਲੀ ਦੀ ਮੌਤ ਜ਼ਹਿਰ ਕਾਰਨ ਹੋਈ ਸੀ।"

ਜਿਹੜੇ ਨੌਜਵਾਨ ਅਰਜਨ ਵੈਲੀ ਬਾਰੇ ਨਹੀਂ ਜਾਣਦੇ ਸਨ, ਉਹ ਵੀ ਫ਼ਿਲਮ ਵਿੱਚ ਅਰਜਨ ਵੈਲੀ ਦਾ ਨਾਂ ਆਉਣ ਤੋਂ ਖੁਸ਼ ਹਨ।

ਪਿੰਡ ਦੇ ਨੌਜਵਾਨ ਬੂਟਾ ਸਿੰਘ ਮਕੈਨੀਕਲ ਇੰਜੀਨਿਅਰ ਹਨ। ਉਹ ਕਹਿੰਦੇ ਹਨ ਕਿ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦਾ ਪਿੰਡ ਅੱਜ ਅਰਜਨ ਵੈਲੀ ਕਰਕੇ ਚਰਚਾ ਵਿੱਚ ਹੈ।

ਅਰਜਨ ਵੈਲੀ ਨਾਲ ਜੁੜਿਆ ਇੱਕ ਹੋਰ ਦਾਅਵਾ

'ਐਨੀਮਲ' ਫ਼ਿਲਮ ਵਿੱਚ ਅਰਜਨ ਵੈਲੀ ਦੀ ਗੱਲ ਛਿੜਨ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਪਿੰਡ ਰੁੜਕਾ ਦੇ ਇੱਕ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਦਾਅਵਾ ਕੀਤਾ ਕਿ ਅਰਜਨ ਵੈਲੀ ਉਨ੍ਹਾਂ ਦੇ ਪੜਦਾਦਾ ਸਨ।

'ਬੀਬੀਸੀ' ਨੇ ਦਾਅਵਾ ਕਰਨ ਵਾਲੇ ਕੈਨੇਡਾ ਰਹਿੰਦੇ ਜੋਗਿੰਦਰਪਾਲ ਸਿੰਘ ਵਿਰਕ ਨਾਲ ਟੈਲੀਫੋਨ ਰਾਹੀਂ ਰਾਬਤਾ ਕਾਇਮ ਕੀਤਾ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਰੁੜਕਾ ਪਿੰਡ ਦੇ ਜੰਮਪਲ ਅਰਜਨ ਵੈਲੀ ਦੇ ਪੜਪੋਤੇ ਹਨ। ਜੋਗਿੰਦਰਪਾਲ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਦੇ ਸਕੇ ਪ੍ਰਿਤਪਾਲ ਸਿੰਘ ਵਿਰਕ ਰੁੜਕਾ ਪਿੰਡ ਵਿੱਚ ਹੀ ਰਹਿੰਦੇ ਹਨ।

ਵਿਰਕ ਮੁਤਾਬਕ ਅਰਜਨ ਵੈਲੀ ਸਵਾ ਛੇ ਫੁੱਟ ਦਾ ਜਵਾਨ ਗੱਭਰੂ ਸਨ ਤੇ ਉਹ ਕਿਸੇ ਦੀ ਈਨ ਨਹੀਂ ਮੰਨਦੇ ਸਨ।

ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਜੋਗਿੰਦਰਪਾਲ ਸਿੰਘ ਵਿਰਕ ਨੇ ਦੱਸਿਆ ਹੈ ਕਿ ਅਰਜਨ ਵੈਲੀ ਹੱਥ ਵਿੱਚ ਲੰਬੀ ਡਾਂਗ ਜਾਂ ਗੰਡਾਸਾ ਰੱਖਣ ਦੇ ਸ਼ੋਕੀਨ ਸਨ।

"ਇੱਕ ਗਰੀਬ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਰੋਕਣ ਸਮੇਂ ਉਨ੍ਹਾਂ ਨੇ ਥਾਣੇਦਾਰ ਦੀ ਬਾਂਹ ਤੋੜ ਦਿੱਤੀ ਸੀ। ਇਸ ਸੁਭਾਅ ਕਰਕੇ ਉਨ੍ਹਾਂ ਨੂੰ ਲੋਕ ਵੈਲੀ ਕਹਿਣ ਲੱਗ ਗਏ ਤੇ ਉਹ ਅਰਜਨ ਤੋਂ ਅਰਜਨ ਵੈਲੀ ਬਣ ਗਏ ਪਰ ਉਨ੍ਹਾਂ ਨੇ ਕਦੀ ਮਾੜੇ ਬੰਦੇ ਨਾਲ ਧੱਕਾ ਨਹੀਂ ਕੀਤਾ ਸੀ।"

ਪਿੰਡ ਰੁੜਕਾ ਦੇ ਅਰਜਨ ਵੈਲੀ ਦਾ 'ਵਾਰਸਾਂ' ਨੇ ਦੱਸਿਆ ਹੈ ਕਿ 1947 ਦੀ ਭਾਰਤ-ਪਾਕਿਸਤਾਨ ਵੰਡ ਵੇਲੇ ਹੋਈ ਕਤਲੋ-ਗਾਰਦ ਵਿੱਚ ਅਰਜਨ ਵੈਲੀ ਨੇ ਕਈ ਮੁਸਲਮਾਨਾਂ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਉਹ ਮਲੇਰਕੋਟਲਾ ਛੱਡ ਕੇ ਵੀ ਆਏ ਸਨ।

ਵਿਰਕ ਨੇ ਕਿਹਾ, "ਇਨ੍ਹਾਂ ਵਿਚੋਂ ਇੱਕ ਉਨ੍ਹਾਂ ਦਾ ਮੁਸਲਮਾਨ ਦੋਸਤ ਰੱਲਾ ਤੇਲੀ ਵੀ ਸੀ, ਜਿਸ ਨੂੰ ਪੂਰੀ ਸੁਰੱਖਿਆ ਨਾਲ ਮਲੇਰਕੋਟਲਾ ਪਹੁੰਚਾਇਆ ਗਿਆ ਸੀ। ਉਸ ਦਾ ਸੋਨਾ- ਚਾਂਦੀ ਤੇ ਗਹਿਣਾ-ਗੱਟਾ ਆਪਣੇ ਕੋਲ ਅਮਾਨਤ ਵਜੋਂ ਹਿਫ਼ਾਜਤ ਨਾਲ ਰੱਖ ਲਿਆ ਸੀ, ਜਿਸ ਨੂੰ ਬਾਅਦ ਵਿੱਚ ਉਸ ਦਾ ਮੁੰਡਾ ਸਰਦਾਰ ਖਾਨ ਆ ਕੇ ਲੈ ਗਿਆ ਸੀ।"

ਰੁੜਕਾ ਪਰਿਵਾਰ ਦਾ ਦਾਅਵਾ ਹੈ ਕਿ ਅਰਜਨ ਵੈਲੀ ਬਾਅਦ ਵਿੱਚ ਅੰਮ੍ਰਿਤਧਾਰੀ ਹੋ ਗਏ ਸਨ ਤੇ ਉਨ੍ਹਾਂ ਨੇ 'ਪੰਜਾਬੀ ਸੂਬਾ ਮੋਰਚੇ' ਵੇਲੇ ਫਿਰੋਜ਼ਪੁਰ ਵਿੱਚ ਜੇਲ੍ਹ ਵੀ ਕੱਟੀ ਸੀ।

ਜੋਗਿੰਦਰਪਾਲ ਸਿੰਘ ਵਿਰਕ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਅਰਜਨ ਵੈਲੀ ਦੀਆਂ ਸੇਵਾਵਾਂ ਲਈ ਤਾਮਰ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਸੀ।

ਪਿੰਡ ਰੁੜਕਾ ਦੇ ਅਰਜਨ ਵੈਲੀ ਦੇ ਵਾਰਸਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣਾ ਆਖਰੀ ਸਾਹ ਸਾਲ 1968 ਵਿੱਚ ਰਾਜਿੰਦਰਾ ਹਸਪਤਾਲ, ਪਟਿਆਲਾ ਵਿੱਚ ਲਿਆ ਸੀ। ਜਿੱਥੇ ਉਹ ਗਦੂਦਾਂ ਦੇ ਆਪ੍ਰੇਸ਼ਨ ਤੋਂ ਬਾਅਦ ਜ਼ੇਰੇ ਇਲਾਜ ਸਨ।

ਹਾਲਾਂਕਿ, ‘ਅਰਜਨ ਵੈਲੀ’ ਦੇ ਪਾਤਰ ਬਾਰੇ ਇਹ ਦਾਅਵੇ ਪਰਿਵਾਰਕ ਮੈਂਬਰਾਂ ਦੇ ਜਾਂ ਪਿੰਡਾਂ ਦੇ ਲੋਕਾਂ ਵੱਲੋਂ ਕੀਤੇ ਗਏ ਹਨ, ਇਸ ਬਾਰੇ ਕਿਸੇ ਕਿਤਾਬ ਜਾਂ ਲਿਖਤ ਵਿੱਚ ਦਸਤਾਵੇਜੀ ਸਬੂਤ ਨਹੀਂ ਮਿਲਿਆ।

ਅਰਜਨ ਵੈਲੀ ਦਾ ਜ਼ਿਕਰ ਮੂੰਹ ਜੁਬਾਨੀ ਪੀੜ੍ਹੀ ਦਰ ਪੀੜ੍ਹੀ ਬੋਲੀਆਂ ਜਾਂ ਗੀਤਾਂ ਰਾਹੀਂ ਅੱਗੇ ਸੁਣਿਆ ਸੁਣਾਇਆ ਜਾ ਰਿਹਾ ਹੈ।

ਇਸ ਗੀਤ ਨੂੰ ਗਾਉਣ ਵਾਲੇ ਭੁਪਿੰਦਰ ਬੱਬਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ, ‘‘ਅਰਜਨ ਵੈਲੀ ਕੋਈ ਇੱਕ ਬੰਦਾ ਨਹੀਂ ਸੀ, ਅਸਲ ਵਿੱਚ ਇਹ ਪੰਜਾਬ ਦੇ ਪਿੰਡਾਂ ਦੇ ਉਹ ਪਾਤਰ ਹਨ, ਜੋ ਕਿਸੇ ਵੀ ਜ਼ੁਲਮ ਖ਼ਿਲਾਫ਼ ਖੜ੍ਹੇ ਹੋ ਜਾਂਦੇ ਸਨ। ਇਹ ਪਿੰਡਾਂ ਦੀਆਂ ਆਪਸੀ ਲੜਾਈਆਂ ਵਿੱਚ ਵੀ ਹੁੰਦੇ ਸਨ। ਇਸ ਲਈ ਇਹ ਕਈ ਹੋ ਸਕਦੇ ਹਨ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)